.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਭਾਗ - 17

ਵੀਰ ਭੁਪਿੰਦਰ ਸਿੰਘ

15. ਪੰਦ੍ਹਰਵਾਂ ਸਲੋਕ -

ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥

ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥15॥

ਜੋ ਮਨੁੱਖ ਹਰ ਪਲ ਰੱਬੀ ਗੁਣਾਂ ਨੂੰ ਜਿਊਂਦਾ ਹੈ ਉਸ ਅੰਦਰੋਂ ਵੈਰ ਵਿਤਕਰੇ ਦੀ ਭਾਵਨਾ ਖਤਮ ਹੀ ਹੋ ਜਾਂਦੀ ਹੈ। ਉਸ ਲਈ ਸਾਰੇ ਮਿੱਤਰ ਹੁੰਦੇ ਹਨ। ਕਿਤਨੀ ਉੱਚੀ ਅਤੇ ਮਿੱਠੀ ਮਾਨਸਕ ਦਸ਼ਾ ਹੈ। ‘ਨਾ ਕੋ ਬੈਰੀ ਨਹੀ ਬਿਗਾਨਾ’ (1299) ਐਸੀ ਮਾਨਸਿਕਤਾ ਵਿਚ ਮੇਰੇ ਅੰਤਰ ਆਤਮੇ ਮੁਤਾਬਕ ਮੇਰਾ ਕੋਈ ਦੁਸ਼ਮਨ ਨਹੀਂ ਹੈ। ਮੇਰੇ ਨਾਲ ਕੋਈ ਦੁਸ਼ਮਨੀ ਕਰਦਾ ਹੈ ਬੇਸ਼ਕ ਕਰੇ। ਗੁਰੂ ਪਾਤਸ਼ਾਹ ਕੋਲੋਂ ਸਿੱਖਣਾ ਹੈ ਕਿ ‘ਨਿਰਵੈਰ’ ਰੱਬ ਜੀ ਦਾ ਗੁਣ ਹੈ। ਇਹ ਅਵਸਥਾ ਕਿਤਨੀ ਪਿਆਰੀ ਹੈ। ‘ਬੈਰੀ ਮੀਤ ਸਮਾਨਿ’ ਜਦੋਂ ਇਹ ਪਿਆਰ ਆ ਜਾਂਦਾ ਹੈ, ਸਵਾਦ ਆ ਜਾਂਦਾ ਹੈ ‘ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ’ ਉਹੀ ਮੁਕਤੀ ਪ੍ਰਾਪਤ ਕਰ ਸਕਿਆ ਹੈ।

16. ਸੋਲ਼੍ਹਵਾਂ ਸਲੋਕ -

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥

ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥16॥

ਜਿਹੜਾ ਨਾ ਕਿਸੇ ਨੂੰ ਡਰਾਉਂਦਾ ਹੈ ਤੇ ਨਾ ਕਿਸੇ ਤੋਂ ਡਰਦਾ ਹੈ ਮਾਨੋ ਉਸਨੇ ‘ਗਿਆਨੀ’ ਮੱਤ ਪ੍ਰਾਪਤ ਕਰ ਲਈ ਹੈ। ਪਰ ਸਾਨੂੰ ਤੇ ਹਰ ਕਿਸੇ ਤੋਂ ਡਰ ਹੈ। ਪਤੀ ਨੂੰ ਪਤਨੀ ਦਾ ਡਰ, ਪਤਨੀ ਨੂੰ ਪਤੀ ਦਾ ਡਰ, ਨੂੰਹ ਨੂੰ ਸੱਸ ਦਾ ਡਰ, ਸੱਸ ਨੂੰ ਨੂੰਹ ਦਾ ਡਰ, ਮਾਤਾ ਪਿਤਾ ਨੂੰ ਪੁੱਤਰ ਦਾ ਡਰ, ਬੱਚਿਆਂ ਨੂੰ ਮਾਪਿਆਂ ਦਾ ਡਰ ਆਦਿ। ਸਾਨੂੰ ਤੇ ਹਰ ਕਿਸੇ ਤੋਂ ਡਰ ਲਗਦਾ ਹੈ। ਹੁਣ ਜੇ ਅੱਜ ਸਾਨੂੰ ਸਤਿਗੁਰ ਦੀ ਮਤ ਲੈ ਕੇ ਜੀਵਨ ਸੰਵਾਰਨਾ ਆ ਗਿਆ ਤਾਂ ਸਾਨੂੰ ‘ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥’ (698) ਮੈਨੂੰ ਜਮਾਂ ਦਾ ਹੁਣ ਕੋਈ ਡਰ ਨਹੀਂ ਰਿਹਾ।

ਜਿਹੜਾ ਅੰਤਰ ਆਤਮੇ ਅਨੁਸਾਰ ਸੱਚ ਦਾ ਗਿਆਨ ਜਿਊਣ ਲਗ ਪਿਆ ਹੈ ਉਸਦੀ ਮੱਤ ‘ਗਿਆਨੀ’ ਹੈ। ਗਿਆਨ ਅੰਤਰ ਆਤਮੇ ਦੀ ਅਵਸਥਾ ਦੀ ਗਲ ਹੈ। ਜਦੋਂ ਇਹ ਗਲ ਸਮਝ ਆ ਜਾਂਦੀ ਹੈ ਤਾਂ ਪਤਾ ਲਗਦਾ ਹੈ ਕਿ ਬਾਹਰਲੇ ਸਰੀਰ ਨੂੰ ਗਿਆਨੀ ਨਹੀਂ ਕਹਿੰਦੇ ਹਨ। ਬਾਹਰਲੇ ਸਰੀਰ ਨੂੰ ਤੇ ਗੁਰੂ ਸਾਹਿਬ ਕਹਿੰਦੇ ਹਨ, ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥ (253) ਬਾਹਰੋਂ ਕੁਝ ਵੀ ਕੋਈ ਬਣਕੇ ਉੱਚੀ ਕੁਲ ਦਾ, ਸੁੰਦਰ ਹੋਵੇ, ਬਹੁਤ ਸੋਹਣੇ ਵਖਿਆਨ ਕਰ ਸਕਦਾ ਹੋਵੇ, ਬਹੁਤ ਕੁਝ ਯਾਦ ਹੋਵੇ ਪਰ ਜੇ ਉਹ ਸੱਚ ਨੂੰ ਜਿਊ ਨਹੀਂ ਰਿਹਾ ਤਾਂ ਸਭ ਬੇਕਾਰ ਹੈ। ਕਿਸੇ ਭੇਖ ਨੂੰ ਗਿਆਨੀ ਨਹੀਂ ਕਹਿੰਦੇ ਹਨ। ਭੇਖ ਬਾਰੇ ਗੁਰੂ ਸਾਹਿਬ ਸਤਾਰ੍ਹਵੇਂ ਸਲੋਕ ਵਿਚ ਕਹਿੰਦੇ ਹਨ:

17. ਸਤਾਰ੍ਹਵਾਂ ਸਲੋਕ -

ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥

ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ ॥17॥

‘ਜਿਹਿ’ ਦੇ ‘ਹ’ ਨੂੰ ਸਿਹਾਰੀ ਹੈ ਜਿਸਦਾ ਭਾਵ ਹੈ ਕਿ ਜਿਸ ਇਨਸਾਨ ਨੇ ਬਿਖਿਆ ਤਜ ਦਿੱਤੀ ਹੈ।

ਵੋਹਟੀ-ਬੱਚਿਆਂ ਨੂੰ ਛੱਡਕੇ ਕਿਸੇ ਖਾਸ ਭੇਖ ਦੀ ਗਲ ਨਹੀਂ ਕੀਤੀ ਗਈ। ਇਸ ਦਾ ਅਰਥ ਇਹ ਵੀ ਨਹੀਂ ਲੈਣਾ ਕਿ ਨੌਕਰੀਆਂ-ਕਾਰੋਬਾਰ ਛੱਡਕੇ ਲੋਕਾਂ ਦੀਆਂ ਰੋਟੀਆਂ ਤੇ ਪਲੋ। ਇਸਨੂੰ ਭੇਖ ਬੈਰਾਗ ਨਹੀਂ ਕਹਿੰਦੇ ਹਨ। ਇਸ ਲਈ ਬਾਹਰਲੇ ਭੇਖ ਦੀ ਵੀ ਗਲ ਨਹੀਂ ਚਲ ਰਹੀ। ਭੇਖ ਬੈਰਾਗ ਕਿਸੇ ਚਿੱਟੇ ਕੱਪੜਿਆਂ ਨੂੰ ਨਹੀਂ ਕਹਿੰਦੇ ਹਨ। ਇਹ ਅੰਦਰ ਦੇ ਭੇਖ ਦੀ ਗਲ ਹੈ। ਬੈਰਾਗੀ ਕੋਈ ਭੇਸ ਦਾ ਨਾਮ ਨਹੀਂ ਹੈ, ਇਹ ਤਾਂ ਮਨ ਦੀ ਅਵਸਥਾ ਹੈ। ਲੇਕਿਨ ਬੈਰਾਗ ਸਾਨੂੰ ਤਾਂ ਨਹੀਂ ਉਪਜਦਾ ਕਿਉਂਕਿ ਅਸੀਂ ਭਰਮ ਦੀ ਅਵਸਥਾ ਵਿਚ ਹਾਂ। ਅਸੀਂ ਆਪਣੀ ਮੱਤ ਤੇ ਭਰਮ ਦੀ ਓੜ੍ਹਨੀ ਓੜ੍ਹੀ ਹੋਈ ਹੈ। ਭਰਮ ਦੀ ਓੜ੍ਹਨੀ ਜੇ ਗਿਆਨ ਨਾਲ ਲੱਥ ਜਾਏ ਤਾਂ ਮਨ ਦੀ ਅਵਸਥਾ ਬੈਰਾਗੀ ਬਣ ਜਾਂਦੀ ਹੈ।

ਮੈਂ ਭਰਮ ਦੇ ਕਾਰਨ ਹੀ ਠਗਾਇਆ ਜਾ ਰਿਹਾ ਹਾਂ। ਜਦੋਂ ਮੈਂ ਬਿਖਿਆ ਨਹੀਂ ਤਜੀ ਤਾਂ ਭਰਮ ਪੈਦਾ ਹੋ ਗਿਆ।

ਬਿਖਵਾਤ: ਬਿਖ ਰੂਪੀ ਗਲ-ਬਾਤ ਜਾਂ ਉਹ ਗਲ ਬਾਤ ਜੋ ਅੰਦਰ ਦੀ ਆਤਮਾ ਸਾੜ੍ਹਕੇ ਰੱਖ ਦੇਵੇ। ਜਿਹੜੀ ਗਲ-ਬਾਤ ਜੀਵਨ ਬਰਬਾਦ ਕਰਕੇ ਰੱਖ ਦੇਵੇ ਉਸਨੂੰ ਬਿਖਵਾਤ ਕਹਿੰਦੇ ਹਨ। ਨਿੰਦਾ, ਚੁਗਲੀ, ਦੁਰਮਤ, ਵਿਗਾੜੂ ਬਿਰਤੀ, ਕਿਸੇ ਦੇ ਵਿਗਾੜ ਬਾਰੇ ਕਿਸੇ ਦੇ ਕੰਨ ਭਰਨੇ ਆਦਿ ਇਹ ਸਾਰੇ ਵਿਕਾਰ ਹੀ ਬਿਖਿਆ ਹਨ ਅਤੇ ਅੰਦਰ ਦੀ ਸ਼ਾਂਤੀ ਤਬਾਹ ਕਰਨ ਵਾਲੇ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਬਿਖਿਆ ਵਾਲੀ ਸੋਚਣੀ ਦਾ ਤਿਆਗ ਕਰ ਅਤੇ ਸੱਚ ਨਾਲ ਜੁੜ। ਐ ਮਨੁੱਖ ਤੂੰ ਆਪਣੀ ਸੁਚੱਜੀ ਜੀਵਨ ਜਾਚ ਬਣਾ।

ਭੇਖ ਬੈਰਾਗ: ਮਨੁੱਖ ਸਦੀਆਂ ਤੋਂ ਪ੍ਰਚਲਿਤ ਖਿਆਲ ਅਨੁਸਾਰ ਸਮਝਦਾ ਹੈ ਕਿ ਘਰ ਗ੍ਰਹਿਸਤੀ, ਕੰਮ ਕਾਜ ਛੱਡ ਕੇ ਗੇਰੂਏ ਕੱਪੜੇ ਪਾ ਲਵੋ ਤਾਂ ਬੈਰਾਗ ਹੋ ਗਿਆ। ਇਹ ਸੋਚ ਆਪਣੇ ਆਪ ਵਿਚ ਮਨੁੱਖ ਦਾ ਭਰਮ ਹੀ ਸਾਬਤ ਹੋਇਆ। ਕੰਮ ਕਾਜ ਛਡਿਆ ਸੀ ਬਿਖਿਆ ਰੂਪੀ ਵਿਕਾਰੀ ਖਿਆਲਾਂ ਦੇ ਸੁਭਾ ਤੋਂ ਮੁਕਤ ਹੋਣ ਲਈ ਪਰ ਗੁਰਬਾਣੀ ਦਾ ਫੁਰਮਾਣ ਹੈ, ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥ (855) ਬਿਖਿਆ ਰਸ ਛੁਟਿਆ ਨਹੀਂ ਅਤੇ ਮਨ ਦਾ ਸੁਭਾ ਸੋਧਣ ਲਈ ਕੋਈ ਮਿਹਨਤ ਨਾ ਕੀਤੀ।

ਮਨੱਖ ਦਾ ਮਨ ਜੈਸੀ ਸੋਚਣੀ ਸੋਚਦਾ ਹੈ ਉਸੀ ਨੂੰ ਮਨ ਦਾ ਭੇਖ ਪਹਿਰਨ (ਚੋਲਾ-ਖਿੰਥਾ) ਕਹਿੰਦੇ ਹਨ। ਉਸੀ ਸੋਚਣੀ ਮੁਤਾਬਕ ਮਨੁੱਖ ਦੀ ਸੁਰਤ, ਮਤ, ਬੁਧਿ ਬਣਦੀ। ਜਿਸ ਨਾਲ ਮਨੁੱਖ ਦਾ ਸੁਭਾ, ਆਦਤਾਂ ਬਣਦੀਆਂ ਹਨ ਅਤੇ ਇਹੋ ਮਨੁੱਖ ਦਾ ਭਾਗ, ਆਚਰਣ-ਸ਼ਖਸੀਅਤ ਬਣਦੀਆਂ ਹਨ, ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥ (755) ਸੋ ਮਨ ਨੇ ਜੋ ਵਿਕਾਰੀ ਭੇਖ ਚੋਲਾ ਓੜਿਆ ਹੋਇਆ ਹੈ ਤਾਂ ਉਸੀ ਮਨ ਨੂੰ ਧਾਰਮਕਤਾ ਦਾ ਭੇਖ (ਚੋਲਾ) ਪਹਿਨਾਉਣਾ ਹੈ। ਜਿਸਦਾ ਸਦਕਾ ਵਿਕਾਰੀ ਅਵਗੁਣੀ ਸੁਭਾ ਤੋਂ ਮਨ ਦਾ ਰਾਗ (ਨਿਰੰਤਰ ਧੁਨ) ਛੁੱਟ ਕੇ ਬੈਰਾਗ ਹੋ ਜਾਂਦਾ ਹੈ।

ਸਤਿਗੁਰ ਦੀ ਮੱਤ ਦਾ ਪਹਿਰਨ ਚੋਲਾ ਪਾਉਣਾ ਹੈ, ਤਾਕਿ ਬਿਖਿਆ ਰਸ ਦੇ ਸੁਭਾ ਕਾਰਨ ਜਮਾਂ ਤੋਂ ਸਾਡੀ ਪੱਤ ਬਚ ਸਕੇ।

ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥

ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ ॥17॥

ਭਾਵ ਉਸਨੇ ਸੱਚ ਦੀ ਗਲ ਸੁਣਕੇ ਆਪਣੇ ਮੱਥੇ ਦੇ ਭਾਗ ਲਿਖ ਲਏ ਹਨ। ਅਖੌਤੀ ਪਿਛਲੇ ਜਨਮ ਦੇ ਮੱਥੇ ਲਿਖੇ ਭਾਗਾਂ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ, ਸਾਨੂੰ ਨਹੀਂ ਪਤਾ। ਪਰ ਅੱਜ ਦੇ ਰੋਜ਼ਾਨਾ ਜੀਵਨ ਵਿਚ, ਜੋ ਕਿ ਭਵਿਖ ਵਿਚ ਪਿਛਲਾ ਜਨਮ ਬਣ ਜਾਏਗਾ, ਆਪਣੇ ਮੱਥੇ ਦੇ ਭਾਗ ਕਿਵੇਂ ਲਿਖ ਰਹੇ ਹਾਂ? ਇਨ੍ਹਾਂ ਮੱਥੇ ਲਿਖੇ ਭਾਗਾਂ ਦੇ ਬਾਰੇ ਜੇ ਅਸੀਂ ਸਮਝ ਲਈਏ ਤਾਂ ਸਾਡੀ ਬਿਖਵਾਤ ਵੀ ਠੀਕ ਹੋ ਜਾਏਗੀ।

ਜਦੋਂ ਅਸੀਂ ਕਿਸੇ ਮਨੁੱਖ ਦਾ ਅਉਗੁਣ ਅਤੇ ਉਸ ਨਾਲ ਹੋਏ ਨੁਕਸਾਨ ਨੂੰ ਵੇਖੀਏ ਤਾਂ ਉਸ ਦੀ ਗਲਤੀ ਤੋਂ ਸਿਖੀਏ ਅਤੇ ਉਸ ਅਉਗੁਣ ਤੋਂ ਛੁੱਟਣ ਦੀ ਮਿਹਨਤ ਕਰੀਏ। ਭੇਖ ਬੈਰਾਗ ਸਾਨੂੰ ਸਮਝ ਆ ਜਾਏਗਾ। ਇਹ ਤਰੀਕਾ ਅਪਣਾਉਂਦੇ ਹਾਂ ਤਾਂ ਇਸਨੂੰ ‘ਤਿਹ ਨਰ ਮਾਥੈ ਭਾਗੁ’ ਕਹਿੰਦੇ ਹਨ।

ਲੋਕੀ ਸਾਨੂੰ ਕਹਿ ਦੇਂਦੇ ਹਨ ਕਿ ਬਿਖਿਆ ਤਜ ਦਿਉੁ, ਘਰ ਵਹੁਟੀ ਬੱਚੇ ਛੱਡ ਦਿਉ, ਕਮਾਈਆਂ ਕਰਦੇ ਹੋ, ਅਸੀਂ ਆਪਣੇ ਆਪਨੂੰ ਪਾਪੀ ਸਮਝਦੇ ਰਹਿੰਦੇ ਹਾਂ। ਮਾਇਆ ਵਿਚ ਖਚਿਤ ਹੋ ਤੁਸੀਂ ਪਾਪੀ ਹੋ ਨਰਕਾਂ ਨੂੰ ਜਾਉਗੇ। ਪਰ ਮਾਇਆ ਗੁਜ਼ਰਾਨ ਹੈ ਮਾਇਆ ਕਮਾਉਣੀ ਪੈਂਦੀ ਹੈ, ਜਿਹੜਾ ਵੀ ਧਾਰਮਕ ਮਨੁੱਖ ਆਉਂਦਾ ਹੈ ਉਹ ਕਹਿ ਦੇਂਦਾ ਹੈ ਤੁਸੀਂ ਮਾਇਆ ਵਿਚ ਖਚਿਤ ਹੋ। ਫਿਰ ਕੀ ਕਰੀਏ? ਫਿਰ ਸਾਨੂੰ ਸਮਝਣਾ ਪਵੇਗਾ ਕਿ ਮਾਇਆ ਕੀ ਹੈ। ਅਸੀਂ ਇੱਕ ਲੇਖ ਲਿਖਿਆ ਹੈ ‘ਇਸ ਦੁਨੀਆ ਵਿਚ ਕੁਝ ਵੀ ਝੂਠ ਨਹੀਂ ਹੈ’। ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ (463) ਅਤੇ ਨਿੰਦਉ ਨਾਹੀ ਕਾਹੂ ਬਾਤੈ ਏਹੁ ਖਸਮ ਕਾ ਕੀਆ ॥ (611) ਭਾਵ ਇਹ ਸਭ ਕੁਝ ਤੇ ਰੱਬ ਦਾ ਬਣਾਇਆ ਹੋਇਆ ਹੈ ਇੱਥੇ ਕੁਝ ਵੀ ਝੂਠ ਨਹੀਂ ਹੈ। ਝੂਠ ਮੇਰੀ ਬਿਰਤੀ ਹੈ। ਇਹ ਝੂਠੀ ਬਿਰਤੀ ਮੈਂ ਬਣਾਈ ਹੋਈ ਹੈ। ਇਹ ਰੱਬ ਨੇ ਨਹੀਂ ਬਣਾਈ। ਸਾਡਾ ਭਰਮ, ਸਾਡਾ ਦੁਚਿੱਤਾਪਨ, ਸਾਡਾ ਅੰਦਰ ਤੌਖਲਾ, ਸਹਿਸਾ ਜੋ ਹੈ ਉਹ ਮਾਇਆ ਹੈ। ਉਹ ਝੂਠ ਹੈ।

ਆਪਣੀ ਮਨ ਦੀ ਮਤ ਅਨੁਸਾਰ ਜਿਸ ਵਿਚੋਂ ਅਸੀਂ ਸੁੱਖ ਲਭ ਰਹੇ ਹਾਂ ਉਸ ਵਿਚੋਂ ਸੁੱਖ ਨਿਕਲਦਾ ਨਹੀਂ ਹੈ ਇਸਨੂੰ ਮਾਇਆ ਕਹਿੰਦੇ ਹਨ ਅਤੇ ਇਹੀ ਭਰਮ ਹੈ। ਮਨੁੱਖੀ ਮਨ ਦੇ ਭਰਮ ਨੂੰ ਮਾਇਆ ਕਹਿੰਦੇ ਹਨ। ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥ (921) ਜਿਹੜਾ ਮਨੁੱਖੀ ਬਿਰਤੀ ਦਾ ਦੂਜਾ ਭਾਉ ਹੈ ਜਿਹੜੀ ਤੇਰੀ ਮਨੋਬਿਰਤੀ ਗਲਤ ਹੈ ਉਸਨੂੰ ਮਾਇਆ ਕਹਿੰਦੇ ਹਨ। ਜੇ ਮੈਂ ਗੁਰਦੁਆਰੇ ਵੀ ਆਉਂਦਾ ਹਾਂ ਅਤੇ ਪਤੀ, ਪਤਨੀ, ਵਹੁਟੀ, ਬੱਚੇ, ਪੈਸਾ, ਸੋਨਾ, ਕਾਰੋਬਾਰ, ਨੌਕਰੀ ਜਾਂ ਕੇਸ ਜਿੱਤਣ ਦੀ ਮੰਗ ਮੰਗ ਰਿਹਾ ਹਾਂ ਤਾਂ ਉਹ ਮਾਇਆ ਹੈ, ਦੂਜਾ ਭਾਉ ਹੈ। ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥ (331) ਗਿਆਨ ਦੀ ਹਨੇਰੀ ਆਈ ਤਾਂ ਭਰਮ ਦੀ ਟਾਟੀ ਉਡ ਗਈ। ਭਰਮ ਮਾਇਆ ਹੈ। ਜਦੋਂ ਇਹ ਗਲ ਸਮਝ ਆਈ ਤਾਂ ਪਤਾ ਲਗਿਆ ਕਿ ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥ ਸੋ ਬਾਹਰੋਂ ਕਿਸੇ ਪਹਿਰਾਵੇ ਨੂੰ ਬੈਰਾਗ ਨਹੀਂ ਕਹਿੰਦੇ ਹਨ ਅਤੇ ਬਾਹਰੋਂ ਕੁਝ ਤਿਆਗਣ ਨੂੰ ਵੀ ਬੈਰਾਗ ਨਹੀਂ ਕਹਿੰਦੇ ਹਨ। ਮਨ ਕਰਕੇ ਵਿਕਾਰਾਂ ਕਾਰਨ ਪਲ ਭਰ ਦੇ ਸ੍ਵਾਦ ਵਿਚ ਖਚਿਤ ਹੋਣ ਨੂੰ ਦੂਜਾ ਭਾਉ ਕਹਿੰਦੇ ਹਨ। ਭਾਂਵੇ ਉਹ ਕਾਮ ਹੋਵੇ ਜਾਂ ਕ੍ਰੋਧ, ਲੋਭ ਹੋਵੇ ਜਾਂ ਹੰਕਾਰ, ਤ੍ਰਿਸ਼ਨਾ ਹੋਵੇ। ਇਸ ਨਾਲ ਥੋੜੇ ਚਿਰ ਲਈ ਤਾਂ ਫਾਇਦਾ ਨਜ਼ਰ ਆਉਂਦਾ ਹੈ ਪਰ ਇਹ ਭੁਲੇਖਾ ਹੀ ਹੈ। ਇਸ ਭੁਲੇਖੇ ਤੋਂ ਜੇ ਅਸੀਂ ਛੁੱਟ ਜਾਈਏ, ਜੇ ਇਹ ਸਮਝ ਆ ਜਾਏ ਕਿ ਦੂਜਾ ਭਾਉ ਨਹੀਂ ਰੱਖਣਾ ਇਸਨੂੰ ਬੈਰਾਗ ਕਹਿੰਦੇ ਹਨ। ਜਿਹਿ ਬਿਖਿਆ ਸਗਲੀ ਤਜੀ ਹੀ ਬੈਰਾਗ ਹੋ ਗਿਆ। ਬਾਹਰੋਂ ਕਿਸੇ ਭੇਖ ਨੂੰ ਬੈਰਾਗ ਨਹੀਂ ਕਹਿੰਦੇ ਹਨ। ਬੈਰਾਗ ਅੰਤਰ ਆਤਮੇ ਉੱਤੇ ਸਤਿਗੁਰ ਦੀ ਮਤ ਦਾ ਪਹਿਰਣ ਪਾ ਲੈਣਾ। ‘ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥’ (520) ਇਸਨੂੰ ਬੈਰਾਗ ਕਹਿੰਦੇ ਹਨ। ਜਿਸ ਮਨੁੱਖ ਨੂੰ ਅੱਗ ਤੋਂ ਬਚਾਅ ਕਰਨ ਵਾਲੀ ਜੈਕਿਟ ਪਾਉਣੀ ਆ ਜਾਏ ਉਸਨੂੰ ਅੱਗ ਤੋਂ ਬਚਣਾ ਆ ਜਾਂਦਾ ਹੈ। ਮਨ ਉੱਤੇ ਬੈਰਾਗ ਦਾ ਇੱਕ ਕਪੜਾ ਪਾ ਲਿਆ। ਜੇ ਗੁਰੂ ਦੀ ਮਤ ਲੈਕੇ ਇਹ ਪਾਉਣ ਦੀ ਮਿਹਨਤ ਕਰੇ ਤਾਂ ਇਸਨੂੰ ‘ਤਿਹ ਨਰ ਮਾਥੈ ਭਾਗੁ’ ਕਹਿੰਦੇ ਹਨ। ਜੋ ਸੱਚ ਨੂੰ ਸੁਣਕੇ ਉਸ ਅਨੁਸਾਰ ਜਿਊਣ ਦਾ ਜਤਨ ਕਰਦਾ ਹੈ, ਉਸ ਮਿਹਨਤ ਨੂੰ, ਸ਼੍ਰਮ ਨੂੰ ਮੱਥੇ ਲਿਖੇ ਭਾਗ ਕਹਿੰਦੇ ਹਨ। ਮੱਥੇ ਤੇ ਭਾਗ ਲਿਖਣਾ ਕਹਿੰਦੇ ਹਨ। ਹਰ ਮਨੁੱਖ ਨੇ ਸਤਿਗੁਰ ਦੀ ਮਤ ਲੈਕੇ ਆਪਣੀ ਕਿਸਮਤ ਆਪ ਬਣਾਉਣੀ ਹੈ।




.