.

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਇਕਵੰਜ੍ਹਵਾਂ)

ਸਮੱਸਿਆ ਦਾ ਹੱਲ

(ਭਾਗ ੧):

ਸਮੱਸਿਆ ਆਪਣੇ ਆਪ ਵਿੱਚ ਇੱਕ ਰੋਗ ਹੁੰਦੀ ਹੈ। ਨਿਜੀ ਸਮੱਸਿਆ ਨਿਜ ਤੱਕ ਸੀਮਤ ਹੁੰਦੀ ਹੈ ਤਾਂ ਸਮਾਜਕ ਸਮੱਸਿਆ ਸਾਰੇ ਸਮਾਜ ਨੂੰ ਰੋਗੀ ਕਰ ਦੇਂਦੀ ਹੈ। ਕਿਸੇ ਵੀ ਰੋਗ ਦਾ ਇਲਾਜ ਲੱਭਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਰੋਗ ਦੀ ਪਹਿਚਾਣ ਕੀਤੀ ਜਾਏ ਅਤੇ ਇਸ ਦੇ ਵਾਸਤੇ ਇੱਕ ਯੋਗ ਡਾਕਟਰ ਕੋਲ ਜਾਣਾ ਜ਼ਰੁਰੀ ਹੈ। ਸਿਆਣਾ ਡਾਕਟਰ ਰੋਗ ਦੀ ਪਹਿਚਾਣ ਵੀ ਕਰ ਸਕਦਾ ਹੈ ਅਤੇ ਸਹੀ ਦਵਾਈ ਵੀ ਦਸ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਫੁਰਮਾਉਂਦੀ ਹੈ:

"ਮਃ ੨।। ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ।। ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ।।

ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ।। ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ।। ੨।। " (ਪੰਨਾ ੧੨੭੯)

(ਹੇ ਭਾਈ) ! ਪਹਿਲਾਂ (ਆਪਣਾ ਹੀ ਆਤਮਕ) ਰੋਗ ਲੱਭ (ਤੇ ਉਸ ਦੀ) ਅਜੇਹੀ ਦਵਾਈ ਭਾਲ ਲੈ ਜਿਸ ਨਾਲ ਸਾਰੇ (ਆਤਮਕ) ਰੋਗ ਦੂਰ ਹੋ ਜਾਣ ਜਿਸ ਦਵਾਈ ਨਾਲ (ਸਾਰੇ) ਰੋਗ ਉਠਾਏ ਜਾ ਸਕਣ ਤੇ ਸਰੀਰ ਵਿੱਚ ਸੁਖ ਆ ਵੱਸੇ। (ਹੇ ਭਾਈ! ਤਾਂ ਹੀ) ਤੂੰ ਹਕੀਮਾਂ ਦਾ ਹਕੀਮ ਹੈਂ (ਸਭ ਤੋਂ ਵਧੀਆ ਹਕੀਮ ਹੈਂ) (ਤਾਂ ਹੀ) ਤੂੰ ਸਿਆਣਾ ਵੈਦ (ਅਖਵਾ ਸਕਦਾ) ਹੈਂ।

ਹੇ ਨਾਨਕ! (ਆਖ—ਹੇ ਭਾਈ!) ਜੇ ਤੂੰ (ਪਹਿਲਾਂ) ਆਪਣਾ ਰੋਗ ਦੂਰ ਕਰ ਲਏਂ ਤਾਂ (ਆਪਣੇ ਆਪ ਨੂੰ) ਹਕੀਮ ਅਖਵਾ (ਅਖਵਾਣ ਦਾ ਹੱਕਦਾਰ ਹੈਂ)।

ਇਸ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਕਿ ਸਮਾਜ ਵਿੱਚ ਜਿਧਰ ਮਰਜ਼ੀ ਲਭ ਲਈਏ, ਕੋਈ ਮਨੁੱਖ ਐਸਾ ਨਹੀਂ ਲਭਦਾ ਜੋ ਪੂਰੀ ਤਰ੍ਹਾਂ ਰੋਗਾਂ ਤੋਂ ਮੁਕਤ ਹੋਵੇ। ਜੇ ਕੋਈ ਸਰੀਰਕ ਤੌਰ `ਤੇ ਅਰੋਗ ਹੋਵੇ ਤਾਂ ਆਤਮਕ ਤੌਰ `ਤੇ ਪੂਰੀ ਤਰ੍ਹਾਂ ਨਿਰੋਗ ਵਿਅਕਤੀ ਲਭਣਾ ਨਾਮੁਮਕਿਨ ਹੈ। ਸਤਿਗੁਰੂ ਉਹ ਸ਼ਖਸੀਅਤ ਹੈ, ਜੋ ਆਪ ਪੂਰੀ ਤਰ੍ਹਾਂ ਰੋਗ ਰਹਿਤ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਪਾਵਨ ਗੁਰਬਾਣੀ ਦਾ ਫੁਰਮਾਨ ਹੈ:

"ਜੋ ਜੋ ਦੀਸੈ ਸੋ ਸੋ ਰੋਗੀ।। ਰੋਗ ਰਹਿਤ ਮੇਰਾ ਸਤਿਗੁਰੁ ਜੋਗੀ।। " {ਭੈਰਉ ਮਹਲਾ ੫, ਪੰਨਾ ੧੧੪੦}

ਹੇ ਭਾਈ ! ਜਿਹੜਾ ਜਿਹੜਾ ਜੀਵ (ਜਗਤ ਵਿਚ) ਦਿੱਸ ਰਿਹਾ ਹੈ, ਹਰੇਕ ਕਿਸੇ ਨ ਕਿਸੇ ਰੋਗ ਵਿੱਚ ਫਸਿਆ ਹੋਇਆ ਹੈ । (ਅਸਲ) ਜੋਗੀ ਮੇਰਾ ਸਤਿਗੁਰੂ (ਸਭ) ਰੋਗਾਂ ਤੋਂ ਰਹਿਤ ਹੈ ।

ਉਂਝ ਵੀ ਦੁਨਿਆਵੀ ਸ਼ਰੀਰਕ ਰੋਗਾਂ ਦੇ ਵੈਦ ਤਾਂ ਸੰਸਾਰ ਵਿੱਚ ਬਥੇਰੇ ਮਿਲ ਜਾਣਗੇ ਪਰ ਜਿਸ ਸਮਾਜਿਕ ਮਾਨਸਿਕ ਰੋਗ ਦਾ ਇਲਾਜ ਅਸੀਂ ਭਾਲ ਰਹੇ ਹਾਂ, ਉਸ ਦੇ ਵਾਸਤੇ ਤਾਂ ਦੁਨੀਆਂ ਵਿੱਚ ਸਤਿਗੁਰੂ ਬਾਝਹੁ ਹੋਰ ਕੋਈ ਵੈਦ ਨਹੀਂ ਹੈ। ਗੁਰਬਾਣੀ ਨੇ ਸਾਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ:

"ਸਤਿਗੁਰ ਬਾਝਹੁ ਵੈਦੁ ਨ ਕੋਈ।। ਆਪੇ ਆਪਿ ਨਿਰੰਜਨੁ ਸੋਈ।।

ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ।। " {ਮਾਰੂ ਮਹਲਾ ੩, ਪੰਨਾ ੧੦੧੬}

ਹੇ ਭਾਈ ! (ਪ੍ਰੇਮ ਦੀ ਚੋਭ ਦਾ ਇਲਾਜ ਕਰਨ ਵਾਲਾ) ਹਕੀਮ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਹੈ (ਜਿਸ ਦਾ ਇਲਾਜ ਗੁਰੂ ਕਰ ਦੇਂਦਾ ਹੈ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਉਹ ਨਿਰਲੇਪ ਪਰਮਾਤਮਾ ਆਪ ਹੀ ਆਪ (ਹਰ ਥਾਂ ਮੌਜੂਦ ਹੈ)। ਹੇ ਭਾਈ ! ਜੇ ਗੁਰੂ ਮਿਲ ਪਏ ਤਾਂ (ਮਨੁੱਖ ਦੇ ਅੰਦਰੋਂ) ਭੈੜ ਮਿਟ ਜਾਂਦਾ ਹੈ, ਮਨੁੱਖ ਉੱਚੇ ਆਤਮਕ ਜੀਵਨ ਦੀ ਵਿਚਾਰ ਕਰਨ ਜੋਗਾ ਹੋ ਜਾਂਦਾ ਹੈ ।

ਅਸੀਂ ਉਪਰ ਇਸ ਡੇਰਾਵਾਦ ਦੀ ਸਮੱਸਿਆ ਨੂੰ ਨਿਰੋਲ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਅਧਾਰ `ਤੇ ਖੰਗੋਲਿਆ ਹੈ ਅਤੇ ਪੂਰਨ ਸਤਿਗੁਰੂ ਨੇ ਸਾਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ ਕਿ ਇਹ ਡੇਰਾਵਾਦ ਸਿੱਖ ਕੌਮ ਵਾਸਤੇ ਇੱਕ ਵੱਡੇ ਰੋਗ ਦਾ ਰੂਪ ਧਾਰਨ ਕਰ ਚੁੱਕਾ ਹੈ। ਇਹ ਰੋਗ ਇਤਨਾ ਖਤਰਨਾਕ ਹੈ ਕਿ ਇਸ ਨੇ ਖਾਲਸਾ ਪੰਥ ਦੀ ਨਿਰਮਲ ਅਤੇ ਵਿਲੱਖਣ ਹਸਤੀ ਨੂੰ ਹੀ ਚੁਣੌਤੀ ਦੇ ਦਿੱਤੀ ਹੈ। ਸਿੱਖ ਕੌਮ ਦੀ ਹਾਲਤ ਅੱਜ ਬਿਲਕੁਲ ਉਂਝ ਨਜ਼ਰ ਆਉਂਦੀ ਹੈ, ਜਿਵੇਂ ਕਿਸੇ ਕੈਂਸਰ ਦੇ ਰੋਗੀ ਦੀ।

ਪਹਿਲੀਆਂ ਕੁੱਝ ਸਟੇਜਾਂ ਤੱਕ ਤਾਂ ਕੈਂਸਰ ਦਾ ਰੋਗੀ ਨਾ ਆਪ ਕੋਈ ਖਾਸ ਤਕਲੀਫ ਮਹਿਸੂਸ ਕਰਦਾ ਹੈ, ਅਤੇ ਨਾ ਹੀ ਬਾਹਰੋਂ ਵੇਖਣ ਵਾਲੇ ਨੂੰ ਕੋਈ ਪਤਾ ਲੱਗਦਾ ਹੈ। ਬਾਹਰੋਂ ਵੇਖਣ ਨੂੰ ਸਰੀਰ ਤੰਦਰੁਸਤ ਨਜ਼ਰ ਆਉਂਦਾ ਹੈ, ਹਾਲਾਂਕਿ ਅੰਦਰੋ ਅੰਦਰ ਇਹ ਖੋਖਲਾ ਹੋਈ ਜਾਂਦਾ ਹੈ। ਕਈ ਸੂਝਵਾਨ ਜੋ ਆਪਣੇ ਸਰੀਰ ਪ੍ਰਤੀ ਸੁਚੇਤ ਰਹਿੰਦੇ ਹਨ, ਅਤੇ ਆਪਣੇ ਸਰੀਰ ਵਿੱਚ ਹੋ ਰਹੀਆਂ ਹਲਕੀਆਂ ਤਬਦੀਲੀਆਂ ਨੂੰ ਵੀ ਧਿਆਨ ਨਾਲ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਦੀ ਜਾਂਚ ਕਰਾ ਲੈਂਦੇ ਹਨ, ਸਮੇਂ `ਤੇ ਪਤਾ ਲੱਗਣ ਨਾਲ ਯੋਗ ਇਲਾਜ ਹੋਣ `ਤੇ, ਇਤਨਾ ਖਤਰਨਾਕ ਰੋਗ ਵੀ ਠੀਕ ਹੋ ਜਾਂਦਾ ਹੈ ਅਤੇ ਉਹ ਤੰਦਰੁਸਤ ਹੋ ਜਾਂਦੇ ਹਨ।

ਦੂਸਰੇ ਹਾਲਾਤ ਵਿੱਚ ਜਦੋਂ ਤੱਕ ਕੈਂਸਰ ਰੋਗ ਦਾ ਪਤਾ ਲਗਦਾ ਹੈ, ਹਾਲਾਤ ਵੱਸੋਂ ਬਾਹਰ ਹੋ ਚੁੱਕੇ ਹੁੰਦੇ ਹਨ। ਇਥੇ ਫਿਰ ਦੋ ਤਰ੍ਹਾਂ ਦੇ ਹਾਲਾਤ ਹੁੰਦੇ ਹਨ: ਪਹਿਲਾ ਜੇ ਰੋਗ ਸਰੀਰ ਦੇ ਕਿਸੇ ਇੱਕ ਅੰਗ ਤੱਕ ਸੀਮਤ ਹੋਵੇ ਤਾਂ ਉਹ ਅੰਗ ਫੌਰਨ ਕੱਟ ਦਿੱਤਾ ਜਾਂਦਾ ਹੈ, ਤਾਕਿ ਬਾਕੀ ਸਰੀਰ ਨੂੰ ਬਚਾਇਆ ਜਾ ਸਕੇ। ਹਾਲਾਂਕਿ ਆਪਣੇ ਸਰੀਰ ਦੇ ਕਿਸੇ ਅੰਗ ਨੂੰ ਆਪੇ ਕਟਾਉਣਾ ਜਿਥੇ ਬਹੁਤ ਕਸ਼ਟ ਦਾਇਕ ਹੈ, ਉਥੇ ਬਹੁਤ ਦੁੱਖਦਾਈ ਵੀ ਹੈ, ਪਰ ਬਾਕੀ ਸਰੀਰ ਨੂੰ ਬਚਾਉਣ ਲਈ ਇਹ ਦੁਖਦਾਈ ਫੈਸਲਾ ਵੀ ਕਰਨਾ ਹੀ ਪੈਂਦਾ ਹੈ। ਦੂਸਰਾ ਜੇ ਕੈਂਸਰ ਸਾਰੇ ਸਰੀਰ ਵਿੱਚ ਫੈਲ ਚੁੱਕਾ ਹੋਵੇ ਤਾਂ ਰੋਗੀ ਦੇ ਬੱਚਣ ਦੇ ਆਸਾਰ ਬਹੁਤ ਘੱਟ ਜਾਂਦੇ ਹਨ, ਹਾਲਾਂਕਿ ਇਲਾਜ ਇਸ ਅਵਸਥਾ ਵਿੱਚ ਵੀ ਕੀਤਾ ਜਾਂਦਾ ਹੈ। ਇਹ ਇਲਾਜ ਬਹੁਤ ਜ਼ਿਆਦਾ ਪੀੜਾ ਦੇਣ ਵਾਲਾ ਹੁੰਦਾ ਹੈ, ਪਰ ਜ਼ਿੰਦਗੀ ਲਈ ਜੂਝਣਾ ਮਨੁੱਖੀ ਇਖਲਾਕ ਵੀ ਹੈ ਅਤੇ ਜ਼ਰੂਰਤ ਵੀ। ਇਸ ਹਾਲਾਤ ਵਿੱਚ ਵੀ ਜੇ ਰੋਗੀ ਦਾ ਮਨੋਬਲ ਉੱਚਾ ਰਹੇ, ਵੈਦ ਅਤੇ ਇਲਾਜ ਸਹੀ ਹੋਣ ਤਾਂ ਕਈ ਵਾਰੀ ਰੋਗੀ ਬਚ ਜਾਂਦਾ ਹੈ।

ਜਿਸ ਸਿਆਣੇ ਵੈਦ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਰੋਗ ਦੀ ਪਹਿਚਾਣ ਕਰਾਈ ਹੈ, ਆਪਣੀ ਕੌਮ ਨੂੰ ਲੱਗੇ ਇਸ ਖਤਰਨਾਕ ਰੋਗ ਤੋਂ ਛੁਟਕਾਰਾ ਪਾਉਣ ਲਈ ਅਸੀਂ ਉਸੇ ਗੁਰਬਾਣੀ ਗੁਰੂ ਤੋਂ ਹੀ ਇਲਾਜ ਪੁਛਾਂਗੇ। ਸਭ ਤੋਂ ਪਹਿਲਾਂ ਰੋਗ ਦੇ ਕਾਰਨਾਂ ਨੂੰ ਦੂਰ ਕਰਨਾ ਪਵੇਗਾ। ਜੇ ਇਲਾਜ ਵੀ ਕਰੀ ਜਾਈਏ ਅਤੇ ਉਹ ਬਦ-ਪਰਹੇਜ਼ੀ ਖਤਮ ਨਾ ਕਰੀਏ ਜਿਸ ਕਾਰਨ ਰੋਗ ਲੱਗਾ ਹੈ, ਤਾਂ ਰੋਗ ਠੀਕ ਨਹੀਂ ਹੋ ਸਕਦਾ।

ਪਹਿਲਾਂ ਜੋ ਮਾਨਸਿਕ ਕਾਰਨ ਅਸੀਂ ਪਛਾਣੇ ਸਨ, ਉਨ੍ਹਾਂ ਵਿੱਚ ਸਭ ਤੋਂ ਪਹਿਲਾ ਡਰ ਸੀ। ਸਤਿਗੁਰੂ ਸਮਝਾਉਂਦੇ ਹਨ ਕਿ ਡਰ ਦਾ ਅਸਲ ਕਾਰਨ ਇਹ ਹੈ ਕਿ ਤੈਨੂੰ ਅਕਾਲ-ਪੁਰਖ `ਤੇ ਵਿਸਾਹ ਅਤੇ ਭਰੋਸਾ ਨਹੀਂ। ਤੂੰ ਅੱਜ ਵੀ ਆਪਣੀਆਂ ਸਿਆਣਪਾਂ ਚਤੁਰਾਈਆਂ ਵਿੱਚ ਵਿਸ਼ਵਾਸ ਰਖਦਾ ਹੈਂ। ਕਿਸੇ ਦੂਸਰੇ ਮਨੁੱਖ ਦੀ ਸਮਰੱਥਾ `ਤੇ ਭਰੋਸਾ ਕਰਦਾ ਹੈਂ। ਤੂੰ ਡਰਦਾ ਇਸ ਵਾਸਤੇ ਹੈਂ ਕਿਉਂਕਿ ਤੈਨੂੰ ਇਹ ਸਮਝ ਨਹੀਂ ਲੱਗ ਸਕੀ ਕਿ ਸੰਸਾਰ ਵਿੱਚ ਜੋ ਵਾਪਰ ਰਿਹਾ ਹੈ, ਉਹ ਸਭ ਅਕਾਲ ਪੁਰਖ ਦੇ ਭਾਣੇ ਵਿੱਚ ਵਾਪਰ ਰਿਹਾ ਹੈ। ਗੁਰਬਾਣੀ ਦਾ ਪਾਵਨ ਫੁਰਮਾਨ ਹੈ:

"ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ।। " {ਮ: ੪, ਪੰਨਾ ੩੦੮}

ਤਦ ਡਰੀਏ, ਜੇ ਅਸੀ ਕੁੱਝ ਆਪਣੇ ਵਲੋਂ ਕਰਦੇ ਹੋਵੀਏ, ਇਹ ਤਾਂ ਕਰਤਾਰ ਆਪਣੀ ਕਲਾ ਆਪ ਵਧਾ ਰਿਹਾ ਹੈ।

ਡਰ ਇਸ ਵਾਸਤੇ ਹੈ ਕਿਉਂਕਿ ਤੂੰ ਅਕਾਲ ਪੁਰਖ ਨੂੰ ਕਿਤੇ ਦੂਰ ਵਸਦਾ ਸਮਝਦਾ ਹੈਂ। ਸ਼ਾਇਦ ਤੈਨੂੰ ਇਹ ਭਰਮ ਹੋਵੇ ਕਿ ਪਤਾ ਨਹੀਂ ਤੇਰੀ ਔਕੜ ਦੇ ਸਮੇਂ ਉਹ ਪਹੁੰਚ ਵੀ ਸਕੇਗਾ ਕਿ ਨਹੀਂ? ਜਿਸ ਦਿਨ ਤੈਨੂੰ ਇਹ ਯਕੀਨ ਹੋ ਗਿਆ ਕਿ ਜਿਥੇ ਉਹ ਤੇਰਾ ਮਾਤਾ ਪਿਤਾ ਹੈ ਉਥੇ ਉਹ ਤਾਂ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ, ਤੇਰੇ ਸਾਰੇ ਡਰ ਦੁਰ ਹੋ ਜਾਣਗੇ। ਭਲਾ ਪਿਤਾ ਦੇ ਨਾਲ ਹੁੰਦਿਆਂ ਬੱਚੇ ਨੂੰ ਡਰ ਕੈਸਾ? ਸਤਿਗੁਰੂ ਦੇ ਪਾਵਨ ਬਚਨ ਹਨ:

"ਡਰਿ ਡਰਿ ਮਰਤੇ ਜਬ ਜਾਨੀਐ ਦੂਰਿ।। ਡਰੁ ਚੂਕਾ ਦੇਖਿਆ ਭਰਪੂਰਿ।। " {ਗਉੜੀ ਮਹਲਾ ੫, ਪੰਨਾ ੧੮੬}

ਜਿਤਨਾ ਚਿਰ ਅਸੀ ਇਹ ਸਮਝਦੇ ਹਾਂ ਕਿ ਪਰਮਾਤਮਾ ਕਿਤੇ ਦੂਰ ਵੱਸਦਾ ਹੈ, ਉਤਨਾ ਚਿਰ (ਦੁਨੀਆ ਦੇ ਦੁੱਖ ਰੋਗ ਫ਼ਿਕਰਾਂ ਤੋਂ) ਸਹਮ ਸਹਮ ਕੇ ਆਤਮਕ ਮੌਤੇ ਮਰਦੇ ਰਹਿੰਦੇ ਹਾਂ। ਜਦੋਂ ਉਸ ਨੂੰ (ਸਾਰੇ ਸੰਸਾਰ ਵਿੱਚ ਜ਼ੱਰੇ ਜ਼ੱਰੇ ਵਿਚ) ਵਿਆਪਕ ਵੇਖ ਲਿਆ, (ਉਸੇ ਵੇਲੇ ਦੁਨੀਆ ਦੇ ਦੁੱਖ ਆਦਿਕਾਂ ਦਾ) ਡਰ ਮੁੱਕ ਗਿਆ।

"ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ।। ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ।।

ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ।। " {ਮਾਝ ਮਹਲਾ ੫, ਪੰਨਾ ੧੦੩}

ਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ, ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ। (ਹੇ ਪ੍ਰਭੂ ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ।

ਅਸਲ ਵਿੱਚ ਡਰ ਹੈ ਸਾਡੇ ਆਪਣੇ ਕਰਮਾਂ ਕਾਰਨ, ਜੋ ਅਸੀਂ ਪਾਪ ਕਰਮ ਕਰਦੇ ਹਾਂ। ਧਰਮੀਂ ਵਿਅਕਤੀ ਨੂੰ ਤਾਂ ਪਤਾ ਹੈ ਕਿ ਅਕਾਲ ਪੁਰਖ ਆਪ ਸੱਚਾ ਹੈ, ਉਸ ਦਾ ਨਿਆਂ ਸੱਚਾ ਹੈ, ਇਸ ਲਈ ਉਹ ਸਦਾ ਖੁਸ਼ੀ-ਖੇੜੇ ਦੀ ਅਵੱਸਥਾ ਵਿੱਚ ਰਹਿੰਦਾ ਹੈ। ਪਾਵਨ ਗੁਰਵਾਕ ਹੈ:

"ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ।।

ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ।।

ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ।। ੫।। " {ਸਿਰੀ ਰਾਗ ਕੀ ਵਾਰ ਮਹਲਾ ੪, ਪੰਨਾ ੮੪}

ਪਾਪ ਕਰਨ ਵਾਲੇ ਨੂੰ (ਰੱਬ ਤੋਂ) ਡਰ ਲੱਗਦਾ ਹੈ, ਤੇ ਧਰਮੀ (ਵੇਖ ਕੇ) ਖਿੜਦਾ ਹੈ। ਹੇ ਹਰੀ! ਡਰੀਏ ਭੀ ਕਿਉਂ? (ਜਦੋਂ ਜਿਹਾ) ਤੂੰ ਆਪਿ ਸੱਚਾ ਹੈਂ (ਤਿਹਾ) ਤੇਰਾ ਨਿਆਉ ਭੀ ਸੱਚਾ ਹੈ। (ਡਰਨਾ ਤਾਂ ਕਿਤੇ ਰਿਹਾ), ਹੇ ਨਾਨਕ! ਜਿਨ੍ਹਾਂ ਨੂੰ ਸੱਚੇ ਹਰੀ ਦੀ ਸਮਝ ਪਈ ਹੈ, ਉਹ ਉਸ ਦੇ ਵਿੱਚ ਹੀ ਰਲ ਜਾਂਦੇ ਹਨ (ਭਾਵ, ਉਸ ਦੇ ਨਾਲ ਇਕ-ਮਿਕ ਹੋ ਜਾਂਦੇ ਹਨ)।

ਡਰਦੇ ਤਾਂ ਮਨਮੁਖ ਹਨ, ਜਿਨ੍ਹਾਂ ਨੂੰ ਅਕਾਲ ਪੁਰਖ ਦੀ ਹੋਂਦ ਅਤੇ ਸਮਰੱਥਾ `ਤੇ ਵਿਸ਼ਵਾਸ ਨਹੀਂ ਹੁੰਦਾ। ਜਿਹੜਾ ਵਿਅਕਤੀ ਅਕਾਲ-ਪੁਰਖ ਨੂੰ ਸਦਾ ਹਿਰਦੇ ਵਿੱਚ ਵਸਾ ਕੇ ਰਖਦਾ ਹੈ, ਡਰ ਉਸ ਦੇ ਨੇੜੇ ਵੀ ਨਹੀਂ ਆ ਸਕਦਾ। ਸਤਿਗੁਰੂ ਦਾ ਫੁਰਮਾਨ ਹੈ:

"ਸੋ ਕਤ ਡਰੈ ਜਿ ਖਸਮੁ ਸਮਾੑਰੈ।। ਡਰਿ ਡਰਿ ਪਚੇ ਮਨਮੁਖ ਵੇਚਾਰੇ।। " {ਧਨਾਸਰੀ ਮਃ ੫, ਪੰਨਾ ੬੭੭}

ਹੇ ਭਾਈ ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਿਮਾਣੇ (ਮੌਤ ਆਦਿਕ ਤੋਂ ਡਰ ਕੇ) ਡਰ ਡਰ ਕੇ ਖ਼ੁਆਰ ਹੁੰਦੇ ਰਹਿੰਦੇ ਹਨ, ਪਰ ਜੇਹੜਾ ਮਨੁੱਖ ਖਸਮ-ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ, ਉਹ ਕਿਤੇ ਭੀ ਨਹੀਂ ਡਰਦਾ।

ਸਤਿਗੁਰੂ ਨੇ ਸਾਨੂੰ ਇੱਕ ਸਿਰੇ ਦੀ ਗੱਲ ਸਮਝਾ ਦਿੱਤੀ ਹੈ ਕਿ ਜਦੋਂ ਤੱਕ ਜੀਵਨ ਅਕਾਲ ਪੁਰਖ ਦੇ ਭੈ ਵਿੱਚ ਹੈ, ਕੋਈ ਡਰ ਤੇਰੇ ਨੇੜੇ ਨਹੀਂ ਆ ਸਕਦਾ। ਪਰ ਨਾਲ ਹੀ ਚੇਤਾਵਨੀ ਵੀ ਦੇ ਦਿੱਤੀ ਹੈ ਕਿ ਜੇ ਸੰਸਾਰੀ ਬਿਖੇੜਿਆਂ ਵਿੱਚ ਉਲਝ ਕੇ ਤੈਨੂੰ ਵਾਹਿਗੁਰੂ ਵਿਸਰ ਗਿਆ ਤਾਂ ਇਹ ਡਰ ਤੈਨੂੰ ਫੇਰ ਆ ਕੇ ਘੇਰ ਲੈਣਗੇ। ਗੁਰਬਾਣੀ ਦਾ ਪਾਵਨ ਫੁਰਮਾਨ ਹੈ:

"ਡਡਾ ਡਰ ਉਪਜੇ ਡਰੁ ਜਾਈ।। ਤਾ ਡਰ ਮਹਿ ਡਰੁ ਰਹਿਆ ਸਮਾਈ।।

ਜਉ ਡਰ ਡਰੈ ਤ ਫਿਰਿ ਡਰੁ ਲਾਗੈ।। ਨਿਡਰੁ ਹੂਆ ਡਰੁ ਉਰ ਹੋਇ ਭਾਗੈ।। ੧੯।। "

{ਰਾਗੁ ਗਉੜੀ ਪੂਰਬੀ, ਬਾਵਨ ਅਖਰੀ ਕਬੀਰ ਜੀਉ ਕੀ, ਪੰਨਾ ੩੪੧}

ਜੋ ਪਰਮਾਤਮਾ ਦਾ ਡਰ (ਭਾਵ, ਅਦਬ-ਸਤਕਾਰ) ਮਨੁੱਖ ਦੇ ਹਿਰਦੇ ਵਿੱਚ ਪੈਦਾ ਹੋ ਜਾਏ ਤਾਂ (ਦੁਨੀਆ ਵਾਲਾ) ਡਰ (ਦਿਲੋਂ) ਦੂਰ ਹੋ ਜਾਂਦਾ ਹੈ ਤੇ ਉਸ ਡਰ ਵਿੱਚ ਦੁਨੀਆ ਵਾਲਾ ਡਰ ਮੁੱਕ ਜਾਂਦਾ ਹੈ; ਪਰ ਜੇ ਮਨੁੱਖ ਪ੍ਰਭੂ ਦਾ ਡਰ ਮਨ ਵਿੱਚ ਨਾਹ ਵਸਾਏ ਤਾਂ (ਦੁਨੀਆ ਵਾਲਾ) ਡਰ ਮੁੜ ਆ ਚੰਬੜਦਾ ਹੈ। (ਤੇ ਪ੍ਰਭੂ ਦਾ ਡਰ ਹਿਰਦੇ ਵਿੱਚ ਵਸਾ ਕੇ ਜੋ ਮਨੁੱਖ) ਨਿਰਭਉ ਹੋ ਗਿਆ, ਉਸ ਦੇ ਮਨ ਦਾ ਜੋ ਭੀ ਸਹਿਮ ਹੈ, ਸਭ ਨੱਸ ਜਾਂਦਾ ਹੈ।

ਸਿੱਖ ਅਕਾਲ ਪੁਰਖ ਦੇ ਨਿਰਮਲ ਭਉ ਵਿੱਚ ਐਸੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰਦਾ ਹੈ ਕਿ ਨਾ ਉਹ ਕਿਸੇ ਕੋਲੋਂ ਡਰਦਾ ਹੈ ਅਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ। ਨੌਵੇਂ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਅਵਸਥਾ ਨੂੰ ਇਨ੍ਹਾਂ ਅਨਮੋਲ ਸ਼ਬਦਾਂ ਵਿੱਚ ਬਿਆਨ ਕੀਤਾ ਹੈ:

"ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।।

ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ।। ੧੬।। " (ਸਲੋਕ ਮਹਲਾ ੯, ਪੰਨਾ ੧੪੨੭)

ਹੇ ਨਾਨਕ! ਆਖ—ਹੇ ਮਨ! ਸੁਣ, ਜਿਹੜਾ ਮਨੁੱਖ ਕਿਸੇ ਨੂੰ (ਕੋਈ) ਡਰਾਵੇ ਨਹੀਂ ਦੇਂਦਾ, ਅਤੇ ਕਿਸੇ ਦੇ ਡਰਾਵੇ ਨਹੀਂ ਮੰਨਦਾ (ਡਰਾਵਿਆਂ ਤੋਂ ਘਬਰਾਂਦਾ ਨਹੀਂ) ਉਸ ਨੂੰ ਆਤਮਕ ਜੀਵਨ ਦੀ ਸੂਝ ਵਾਲਾ ਸਮਝ।

ਜੇ ਸਚਾਈ ਵੇਖੀ ਜਾਵੇ ਤਾਂ ਬਿਲਕੁਲ ਇਹੀ ਅਵੱਸਥਾ ਤ੍ਰਿਸ਼ਨਾ ਬਾਰੇ ਹੈ। ਕੁੱਝ ਪਾਉਣ ਲਈ ਮਨੁੱਖਾਂ ਮਗਰ ਇਸ ਕਰ ਕੇ ਭਟਕਦੇ ਫਿਰਦੇ ਹਾਂ ਕਿਉਂ ਕਿ ਸਾਨੂੰ ਅੱਜ ਤੱਕ ਇਹ ਸਮਝ ਨਹੀਂ ਲੱਗ ਸਕੀ ਕਿ ਸਾਰੀਆਂ ਦਾਤਾਂ ਦੇਣ ਵਾਲਾ ਕੇਵਲ ਅਕਾਲ ਪੁਰਖ ਆਪ ਹੈ। ਨਾਲ ਹੀ ਸਤਿਗੁਰੂ ਨੇ ਇਹ ਸਮਝਾ ਦਿੱਤਾ ਹੈ ਕਿ ਅਕਾਲ ਪੁਰਖ ਕੋਲੋਂ ਦਾਤਾਂ ਕਿਸੇ ਜੋਰ, ਸਿਆਣਪ ਜਾਂ ਚਤੁਰਾਈ ਨਾਲ ਨਹੀਂ ਪ੍ਰਾਪਤ ਕੀਤੀਆਂ ਜਾ ਸਕਦੀਆਂ। ਉਹ ਜਿਸ ਉਤੇ ਤੁੱਠ ਪੈਂਦਾ ਹੈ, ਦਾਤਾਂ ਨਾਲ ਉਸ ਦੇ ਭੰਡਾਰ ਭਰ ਦੇਂਦਾ ਹੈ। ਪਾਵਨ ਗੁਰਬਾਣੀ ਸਮਝਾਉਂਦੀ ਹੈ:

"ਸਲੋਕ ਮ: ੧।। ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ।।

ਇਕਿ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ।। ੧।। " {ਪੰਨਾ ੮੩}

(ਸਾਰੀਆਂ) ਦਾਤਾਂ ਮਾਲਕ ਦੀਆਂ ਹਨ, ਉਸ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ। ਕਈ ਜਾਗਦੇ ਜੀਵਾਂ ਨੂੰ ਭੀ ਨਹੀਂ ਲੱਭੀਆਂ, `ਤੇ ਇਕਨਾ ਸੁੱਤਿਆਂ ਨੂੰ ਉਠਾ ਕੇ (ਦਾਤਾਂ) ਦੇ ਦੇਂਦਾ ਹੈ। ੧।

"ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ।।

ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ।। " {ਸੋਰਠਿ ਮਹਲਾ ੩, ਪੰਨਾ ੬੦੪}

ਹੇ ਭਾਈ ! ਦਾਤਾਰ ਨੇ ਦਾਤਿ ਆਪਣੇ ਹੱਥ ਵਿੱਚ ਰੱਖੀ ਹੋਈ ਹੈ, ਜਿਸ ਨੂੰ ਚਾਹੁੰਦਾ ਹੈ ਉਸ ਨੂੰ ਦੇ ਦੇਂਦਾ ਹੈ। ਹੇ ਨਾਨਕ ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿੱਚ ਰੰਗੇ ਜਾਂਦੇ ਹਨ, ਉਹ (ਇਥੇ) ਸੁਖ ਮਾਣਦੇ ਹਨ, ਪਰਮਾਤਮਾ ਦੀ ਹਜ਼ੂਰੀ ਵਿੱਚ ਭੀ ਉਹੀ ਮਨੁੱਖ ਆਦਰ-ਮਾਣ ਪਾਂਦੇ ਹਨ।

ਅਸੀਂ ਮਨੁੱਖਾਂ ਨੂੰ ਸੰਤ, ਮਹਾਪੁਰਖ ਤੇ ਬ੍ਰਹਮਗਿਆਨੀ ਸਮਝ ਕੇ ਉਨ੍ਹਾਂ ਅਗੇ ਝੋਲੀਆਂ ਫੈਲਾ ਰਹੇ ਹਾਂ, ਜਦਕਿ ਸਤਿਗੁਰੁ ਨੇ ਇਹ ਨਿਰਣਾ ਕਰ ਕੇ ਦੱਸ ਦਿੱਤਾ ਹੈ ਕਿ ਕੋਈ ਮਨੁੱਖ ਕਿਸੇ ਨੂੰ ਕੋਈ ਦਾਤ ਨਹੀਂ ਦੇ ਸਕਦਾ। ਗੁਰਬਾਣੀ ਦੇ ਪਾਵਨ ਬਚਨ ਹਨ:

"ਸਭਨਾ ਦਾਤਾ ਏਕੁ ਤੂ ਮਾਣਸ ਦਾਤਿ ਨ ਹੋਇ।।

ਜੋ ਤਿਸੁ ਭਾਵੈ ਸੋ ਥੀਐ ਰੰਨ ਕਿ ਰੁੰਨੈ ਹੋਇ।। " {ਸੋਰਠਿ ਮਹਲਾ ੧, ਪੰਨਾ ੫੯੫}

(ਹੇ ਭਾਈ ! ਆਖੋ—ਹੇ ਪ੍ਰਭੂ !) ਤੂੰ ਸਭ ਜੀਵਾਂ ਨੂੰ ਸਭ ਦਾਤਾਂ ਦੇਣ ਵਾਲਾ ਹੈਂ ਮਨੁੱਖ (ਵਿਚਾਰੇ ਕੀਹ ਹਨ ਕਿ ਉਹਨਾਂ) ਤੋਂ ਕੋਈ ਦਾਤਾਂ ਹੋ ਸਕਣ ? (ਹੇ ਭਾਈ !) ਜੋ ਕੁੱਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ (ਉਸ ਦੀ ਰਜ਼ਾ ਨੂੰ ਮਿੱਠਾ ਕਰ ਕੇ ਮੰਨੋ, ਕੋਈ ਦੁੱਖ ਕਲੇਸ਼ ਆਉਣ ਤੇ) ਰੰਨਾਂ ਵਾਂਗ ਰੋਣ ਤੋਂ ਕੋਈ ਲਾਭ ਨਹੀਂ ਹੋ ਸਕਦਾ।

ਸਾਡਾ ਰੋਲ ਤਾਂ ਸਿਰਫ ਇਤਨਾ ਹੈ ਕਿ ਸਤਿਗੁਰੂ ਕੋਲੋਂ ਅਕਾਲ ਪੁਰਖ ਦੀ ਬਖਸ਼ਿਸ਼ ਦੇ ਪਾਤਰ ਬਣਨ ਦੀ ਜਾਚ ਸਿੱਖ ਲਈਏ। ਆਪਣੇ ਸਭ ਕਰਮ ਸਤਿਗੁਰੂ ਦੇ ਉਪਦੇਸ਼ ਅਨੁਸਾਰ ਕਰੀਏ। ਆਪਣੇ ਜੀਵਨ ਨੂੰ ਗੁਰਮਤਿ ਦੇ ਸਾਂਚੇ ਵਿੱਚ ਢਾਲ ਲਈਏ। ਬਸ ਉਸ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਣ ਦਾ ਸੁਭਾਅ ਬਣਾ ਲਈਏ। ਗੁਰਬਾਣੀ ਦਾ ਪਾਵਨ ਫੁਰਮਾਨ ਹੈ:

"ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ।।

ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ।। " {ਸਿਰੀ ਰਾਗੁ ਮਹਲਾ ੩, ਪੰਨਾ ੩੩}

(ਨਾਮ ਦੀ ਦਾਤਿ) ਦੇਣ ਵਾਲੇ ਪਰਮਾਤਮਾ ਦੇ ਆਪਣੇ ਹੱਥ ਵਿੱਚ ਇਹ ਦਾਤਿ ਹੈ (ਉਸ ਦੀ ਰਜ਼ਾ ਅਨੁਸਾਰ) ਗੁਰੂ ਦੇ ਦਰ ਤੋਂ ਹੀ ਮਿਲਦੀ ਹੈ (ਪਰਮਾਤਮਾ ਨੇ ਜੀਵ ਨੂੰ) ਜਿਹੋ ਜਿਹਾ ਬਣਾਇਆ, ਜੀਵ ਉਹੋ ਜਿਹਾ ਬਣ ਗਿਆ, (ਫਿਰ) ਉਹੋ ਜਿਹੇ ਕਰਮ ਜੀਵ ਕਰਦਾ ਹੈ (ਉਸ ਦੀ ਰਜ਼ਾ ਅਨੁਸਾਰ ਹੀ ਜੀਵ ਗੁਰੂ ਦੇ ਦਰ `ਤੇ ਆਉਂਦਾ ਹੈ)।

ਸਤਿਗੁਰੂ ਸਮਝਾਉਂਦੇ ਹਨ ਕਿ ਮਨੱਖਾਂ ਦੀ ਆਸ ਛੱਡ ਕੇ, ਉਸ ਅਕਾਲ ਪੁਰਖ ਅੱਗੇ ਜੋਦੜੀ ਕਰ, ਜਿਸ ਦੇ ਦਰ ਤੋਂ ਹਰ ਇੱਕ ਜੀਵ ਮੰਗਦਾ ਅਤੇ ਦਾਤਾਂ ਪ੍ਰਾਪਤ ਕਰਦਾ ਹੈ। ਉਹੀ ਇੱਕ ਸਭ ਕੁੱਝ ਦੇਣ ਵਾਲਾ ਹੈ, ਹੋਰ ਕਿਸੇ ਦੁਸਰੇ ਦੇ ਵੱਸ ਕੁੱਝ ਵੀ ਨਹੀਂ। ਸਤਿਗੁਰੂ ਬਖਸ਼ਿਸ਼ ਕਰਦੇ ਸਮਝਾਉਂਦੇ ਹਨ:

"ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ।।

ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ।। " {ਰਾਗੁ ਆਸਾ ਮਹਲਾ ੧, ਪੰਨਾ ੪੩੩}

(ਹੇ ਮਨ ! ਆਪਣੇ ਪੰਡਿਤ ਹੋਣ ਦਾ ਮਾਣ ਛੱਡ ਕੇ) ਉਸ ਪ੍ਰਭੂ ਨਾਲ ਸਾਂਝ ਪਾ (ਜਿਸ ਦੇ ਦਰ ਤੋਂ) ਹਰੇਕ ਜੀਵ ਮੰਗਤਾ ਬਣ ਕੇ ਦਾਨ ਮੰਗਦਾ ਹੈ। ਉਹ ਪ੍ਰਭੂ ਚੌਰਾਸੀ ਲੱਖ ਜੂਨਾਂ ਵਿੱਚ ਆਪ ਹੀ ਮੌਜੂਦ ਹੈ, (ਸਭ ਜੀਵਾਂ ਵਿੱਚ ਵਿਆਪਕ ਹੋ ਕੇ) ਉਹ ਆਪ ਹੀ ਭਿਛਿਆ ਲੈਣ ਵਾਲਾ ਹੈ, `ਤੇ ਉਹ ਆਪ ਹੀ ਦੇਂਦਾ ਹੈ। ਮੈਂ ਅਜੇ ਤਕ ਨਹੀਂ ਸੁਣਿਆ ਕਿ ਉਸ ਤੋਂ ਬਿਨਾ ਕੋਈ ਹੋਰ ਭੀ ਦਾਤਾਂ ਦੇਣ ਜੋਗਾ ਹੈ।

ਸਾਡੀਆਂ ਭਟਕਣਾਂ ਦਾ ਮੂਲ ਕਾਰਨ ਇਹ ਹੈ ਕਿ ਅਕਾਲ ਪੁਰਖ ਦੀਆਂ ਦਿੱਤੀਆਂ ਦਾਤਾਂ ਵਿੱਚ ਮਨ ਇਤਨਾ ਉਲਝ ਗਿਆ ਹੈ ਕਿ ਉਹ ਦਾਤਾਂ ਦੇਣ ਵਾਲਾ ਹੀ ਭੁੱਲ ਗਿਆ ਹੈ। ਬਸ ਹੋਰ ਹੋਰ ਪਾ ਲੈਣ ਦੀ ਤ੍ਰਿਸ਼ਨਾ ਵਿੱਚ ਮਨੁੱਖਾਂ ਪਿੱਛੇ ਭਟਕਦੇ ਹੀ ਅਨਮੋਲ ਜੀਵਨ ਅਜਾਈ ਗੁਆ ਦੇਂਦੇ ਹਾਂ। ਇਹ ਯਾਦ ਹੀ ਨਹੀਂ ਕਿ ਨੀਯਤ ਸਮੇਂ `ਤੇ ਮੌਤ ਨੇ ਆ ਘੇਰਨਾ ਹੈ। ਸਾਡੀ ਇਸ ਅਵਸਥਾ ਬਾਰੇ ਸਤਿਤਗੁਰੂ ਸਾਨੂੰ ਇਸ ਸ਼ਬਦ ਰਾਹੀ ਚੇਤੰਨ ਕਰਦੇ ਹਨ:

"ਦਾਤਿ ਪਿਆਰੀ ਵਿਸਰਿਆ ਦਾਤਾਰਾ।। ਜਾਣੈ ਨਾਹੀ ਮਰਣੁ ਵਿਚਾਰਾ।। " {ਧਨਾਸਰੀ ਮਹਲਾ ੫, ਪੰਨਾ ੬੭੬}

ਦਾਤਾਰ-ਪ੍ਰਭੂ ਨੂੰ ਭੁਲਾਈ ਰੱਖਦਾ ਹੈ, ਉਸ ਦੀ ਦਿੱਤੀ ਹੋਈ ਦਾਤਿ ਇਸ ਨੂੰ ਪਿਆਰੀ ਲੱਗਦੀ ਹੈ। (ਮੋਹ ਵਿਚ) ਬੇਬਸ ਹੋਇਆ ਜੀਵ ਆਪਣੀ ਮੌਤ ਨੂੰ ਚੇਤੇ ਨਹੀਂ ਕਰਦਾ।

(ਚਲਦਾ ….)

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: [email protected]




.