.

ਅੰਮ੍ਰਿਤ

(2)

ਲੇਖ ਦੇ ਪਹਿਲੇ ਭਾਗ ਵਿੱਚ ਵਿਚਾਰ ਕੀਤੀ ਗਈ ਹੈ ਕਿ, ਮਨੁੱਖ ਨੇ ਆਪਣੇ ਮਾਨਵ-ਜੀਵਨ-ਮਨੋਰਥ ਦੀ ਪੂਰਤੀ ਵਾਸਤੇ ਸਚਿਆਰ ਬਣਨਾ ਹੈ। ਸਚਿਆਰ ਬਣਨ ਵਾਸਤੇ ਮਨ ਉੱਤੋਂ ਮਾਨਸਿਕ ਰੋਗਾਂ/ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਈਰਖਾ-ਨਿੰਦਾ ਆਦਿਕ) ਦੀ ਮੈਲ ਨੂੰ ਧੋ ਕੇ, ਮਨ ਨੂੰ ਨਿਰੋਗ ਤੇ ਨਿਰਮਲ ਕਰਨਾ ਅਤੇ ਸਦਗੁਣਾਂ (ਸਤੁ, ਸੰਤੋਖ, ਦਯਾ, ਧਰਮ ਤੇ ਧੀਰਜ ਆਦਿ) ਨੂੰ ਧਾਰਨ ਕਰਕੇ, ਵਿਕਾਰੀ ਮਨ ਦੀਆਂ ਕਾਲੀਆਂ ਕਰਤੂਤਾਂ ਕਾਰਣ ਮੁਰਝਾ ਚੁੱਕੀ ਆਤਮਾ ਨੂੰ ਪੁਨਰ ਸੁਰਜੀਤ ਕਰਨਾ ਹੈ। ਇਸ ਅਧਿਆਤਮਿਕ ਲਕਸ਼ ਦੀ ਪੂਰਤੀ ਵਾਸਤੇ ਗੁਰੂ (ਗ੍ਰੰਥ) ਦੇ ਸਿੱਖ ਨੇ ਜਿਸ ਅੰਮ੍ਰਿਤ ਦਾ ਸੇਵਨ ਕਰਨਾ ਹੈ, ਉਸ ਦਾ ਨਾਮ ਹੈ: "ਹਰਿ ਕਾ ਨਾਮ" ! ਗੁਰਬਾਣੀ ਵਿੱਚ, ਨਾਮ-ਜਲ ਦੇ ਅੰਮ੍ਰਿਤ ਅਤੇ ਇਸ ਤੋਂ ਪ੍ਰਾਪਤ ਹੋਣ ਵਾਲੇ ਆਤਮ-ਗਿਆਨ ਰੂਪੀ ਅੰਮ੍ਰਿਤ ਦੇ ਅਲੌਕਿਕ ਤੇ ਚਮਤਕਾਰੀ ਗੁਣਾਂ ਅਤੇ ਕੀਮੀਆਈ ਅਸਰਾਂ ਦਾ ਬਹੁਤ ਵਰਣਨ ਕੀਤਾ ਗਿਆ ਹੈ।

ਮਨੁੱਖ ਦਾ ਚੰਚਲ ਮਨ ਮਾਇਆ ਦੇ ਮਾਰੂ ਪ੍ਰਭਾਵ ਹੇਠ ਅਨੇਕ ਮਾਨਸਿਕ ਰੋਗਾਂ (ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਾ ਨਿਰਦਯਤਾ, ਪਦਾਰਥਕ ਤ੍ਰਿਸ਼ਨਾ, ਭੈਅ, ਭਰਮ ਤੇ ਭਟਕਣ ਆਦਿ) ਦਾ ਸ਼ਿਕਾਰ ਹੋ ਜਾਂਦਾ ਹੈ। ਸਿਰਫ਼ ਤੇ ਸਿਰਫ਼ ਨਾਮ ਰੂਪੀ ਅੰਮ੍ਰਿਤ ਹੀ ਇਨ੍ਹਾਂ ਸਾਰੇ ਮਾਰੂ ਰੋਗਾਂ ਦਾ ਇੱਕੋ ਇੱਕ ਦਾਰੂ ਹੈ ਜੋ ਮਨੁੱਖਾ ਮਨ ਨੂੰ ਇਨ੍ਹਾਂ ਰੋਗਾਂ ਤੋਂ ਮੁਕਤ ਕਰਕੇ ਸਹਿਜ ਅਵਸਥਾ ਵਿੱਚ ਲੈ ਜਾਂਦਾ ਹੈ।

…ਕਾਮ ਕ੍ਰੋਧੁ ਬਿਕਰਾਲੁ ਦੂਤ ਸਭਿ ਹਾਰਿਆ॥

ਅੰਮ੍ਰਿਤ ਨਾਮੁ ਨਿਧਾਨੁ ਕੰਠਿ ਉਰਿ ਧਾਰਿਆ॥

ਨਾਨਕ ਸਾਧੂ ਸੰਗਿ ਜਨਮੁ ਮਰਣੁ ਸਵਾਰਿਆ॥ ਬਿਲਾਵਲੁ ਕੀ ਵਾਰ ਮ: ੧

ਜਿਸ ਕੇ ਡਰਿ ਭੈ ਭਾਗੀਐ ਅੰਮ੍ਰਿਤੁ ਤਾ ਕੋ ਨਾਉ॥ ਮ: ੧

ਚਲਤਉ ਮਨੁ ਰਾਖੈ ਅੰਮ੍ਰਿਤ ਚਾਖੈ॥ ਮ: ੧

ਸਭ ਰੋਗ ਗਵਾਏ ਅੰਮ੍ਰਿਤ ਰਸੁ ਪਾਏ॥ ਮਾਰੂ ਸੋਲਹੇ ਮ: ੧

ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗ ਸਾਰਾ॥ ਸੋਰਠਿ ਭੀਖਣ ਜੀ

ਅਸਥਿਰੁ ਥੀਆ ਅੰਮ੍ਰਿਤੁ ਪੀਆ ਰਹਿਆ ਆਵਣ ਜਾਣੀ॥ ਵਡਹੰਸ ਛੰ: ਮ: ੫

ਆਤਮਾ ਨੂੰ ਅਮਰਤਾ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿੱਚ ਮਨ ਦਾ ਇਸ਼ਨਾਨ ਕਰਾਉਣ ਵਾਲੇ ਮਨੁੱਖ ਦੇ ਪਾਪ ਧੁਲ ਜਾਂਦੇ ਹਨ ਅਤੇ ਦੁਰਲੱਭ ਆਤਮ-ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਆਤਮਿਕ ਗਿਆਨ ਦੀ ਪ੍ਰਾਪਤੀ ਹੀ ਗੁਰੁ ਸਰੋਵਰ ਵਿੱਚ ਸੋਹਣਾ ਇਸ਼ਨਾਨ ਹੈ।

ਰਾਮ ਹਰਿ ਅੰਮ੍ਰਿਤਸਰਿ ਨਾਵਾਰੇ॥

ਸਤਿਗੁਰਿ ਗਿਆਨੁ ਮਜਨੁ ਹੈ ਨੀਕੋ ਮਿਲਿ ਕਲਮਲ ਪਾਪ ਉਤਾਰੇ॥ ਨਟ ਅ: ਮ: ੪

(ਅੰਮ੍ਰਿਤਸਰਿ: ਅਧਿਆਤਮਿਕ ਸੂਝ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿੱਚ। ਕਲਿਮਲ: ਪਾਪ, ਗੁਨਾਹ, ਮਨ ਦੇ ਰੋਗ।)

ਗੁਰਿ ਅੰਮ੍ਰਿਤਸਰਿ ਨਵਾਲਿਆ ਸਭਿ ਲਾਥੇ ਕਿਲਵਿਖ ਪੰਙ॥ ਸੂਹੀ ਮ: ੪

(ਕਿਲਵਿਖ: ਮਾਨਸਿਕ ਰੋਗ, ਪਾਪ। ਪੰਙ: ਚਿੱਕੜ।)

ਇਹ ਇੱਕ ਮਨੋਵਿਗਿਆਨਕ ਸੱਚ ਹੈ ਕਿ ਮਾਇਆ ਦਾ ਮੋਹ ਤੇ ਹਉਮੈਂ ਮਨੁੱਖਾ ਮਨ ਦੇ ਦੀਰਘ ਰੋਗ ਹਨ। ਇਨ੍ਹਾਂ ਦੀਰਘ ਰੋਗਾਂ ਤੋਂ ਛੁਟਕਾਰਾ ਪਾਉਣ ਵਾਸਤੇ ਹਰਿਨਾਮ ਰੂਪੀ ਅੰਮ੍ਰਿਤ ਹੀ ਇੱਕ ਕਾਰਗਰ ਦਾਰੂ ਹੈ।

ਆਤਮ ਮਹਿ ਰਾਮ ਰਾਮ ਮਹਿ ਆਤਮੁ ਚੀਨਸਿੑ ਗੁਰ ਬੀਚਾਰਾ॥

ਅੰਮ੍ਰਿਤ ਬਾਣੀ ਸਬਦਿ ਪਛਾਣੀ ਦੁਖ ਕਾਟੈ ਹਉ ਮਾਰਾ। ਭੈਰਉ ਅ: ਮ: ੧

ਹਉਮੈ ਮੈਲੁ ਬਿਖੁ ਉਤਰੈ ਹਰਿ ਅੰਮ੍ਰਿਤੁ ਹਰਿ ਉਰਧਾਰਿ॥ ਗਉੜੀ ਮ: ੪

ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ॥

ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਏ

ਰਾਮ॥ ਰਾਗੁ ਬਿਹਾਗੜਾ ਮ: ੪

ਆਵਹੁ ਮੀਤ ਇਕਤ੍ਰ ਹੋਇ ਰਸ ਕਸ ਸਭਿ ਭੁੰਚਹ॥

ਅੰਮ੍ਰਿਤ ਨਾਮੁ ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ॥ ਆਸਾ ਮ: ੫

(ਮੁੰਚਣਾ: ਤਿਆਗਣਾ।)

ਮਨ ਨੂੰ ਮੈਲਾ ਕਰਨ ਵਾਲੇ ਵਿਕਾਰਾਂ ਦੀ ਲਤ ਤੋਂ ਛੁਟਕਾਰਾ ਪਾਉਣ ਵਾਸਤੇ ਦੱਸੇ ਇੰਦ੍ਰੀਆਂ (ਪੰਜ ਕਰਮ ਤੇ ਪੰਜ ਗਿਆਨ ਇੰਦ੍ਰੀਆਂ) ਨੂੰ ਵੱਸ ਵਿੱਚ ਕਰਕੇ ਸਬਰ-ਸੰਤੋਖ ਆਦਿ ਸਦਗੁਣਾਂ ਨੂੰ ਧਾਰਣ ਕਰਨ ਦੀ ਲੋੜ ਹੈ। ਅਤੇ ਇਨ੍ਹਾਂ ਗੁਣਾਂ ਦੀ ਪ੍ਰਾਪਤੀ ਵਾਸਤੇ ਨਾਮ-ਜਲ ਰੂਪੀ ਅੰਮ੍ਰਿਤ ਦਾ ਸੇਵਨ ਹੀ ਇੱਕ ਸਫਲ ਵਸੀਲਾ ਹੈ। ਇਸ ਤੱਥ ਦੀ ਪੁਸ਼ਟੀ ਵਾਸਤੇ ਗੁਰਬਾਣੀ ਦੀਆਂ ਕੁੱਝ ਇੱਕ ਤੁਕਾਂ ਪੇਸ਼ ਹਨ:

ਦਸ ਬੈਰਾਗਨਿ ਮੋਹਿ ਬਸਿ ਕੀਨੀੑ ਪੰਚਹੁ ਕਾ ਮਿਟ ਨਾਵਉ॥

ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ॥ ੧॥

ਪਾਛੈ ਬਹੁਰਿ ਨ ਆਵਨੁ ਪਾਵਉ॥ ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ॥ ਧਨਾਸਰੀ ਨਾਮ ਦੇਵ ਜੀ

(ਦਸ ਬੈਰਾਗਨਿ: ਦਸ ਇੰਦ੍ਰੀਆਂ। ਪੰਚਹੁ: ਪੰਜ ਮੂਲ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਸਤਰਿ ਦੋਇ: ਇੱਕ ਵਿਸ਼ਵਾਸ ਅਨੁਸਾਰ, ਮਨੁੱਖਾ ਸਰੀਰ ਦੀਆਂ 72 ਮੁੱਖ ਨਾੜੀਆਂ।)

ਅੰਮ੍ਰਿਤ ਫਲੁ ਜਿਨੀ ਚਾਖਿਆ ਸਚਿ ਰਹੇ ਅਘਾਈ॥

ਤਿਨਾ ਭਰਮੁ ਨ ਭੇਦੁ ਹੈ ਹਰਿ ਰਸਨ ਰਸਾਈ॥ ਆਸਾ ਅ: ਮ: ੧ (ਅਘਾਉਣਾ: ਪੂਰੀ ਤਰ੍ਹਾਂ ਰੱਜਣਾ, ਸੰਤੁਸ਼ਟ ਹੋਣਾ।)

ਹਰਿ ਨਾਮੁ ਅੰਮ੍ਰਿਤੁ ਚਾਖਿ ਤ੍ਰਿਪਤੀ ਨਾਨਕਾ ਉਰਧਾਰਿਆ॥ ਬਿਲਾਵਲੁ ਛੰਤ ਮ: ੧

ਬਿਖਿਆ ਮਲੁ ਜਾਇ ਅੰਮ੍ਰਿਤਸਰਿ ਨਾਵਹੁ ਗੁਰਸਰ ਸੰਤੋਖੁ ਪਾਇਆ॥ ਮਾਰੂ ਸੋਲਹੇ ਮ: ੧

ਗਿਆਨੁ ਮਜਨੁ ਹੈ ਨੀਕੋ ਮਿਲਿ ਕਲਮਲ ਪਾਪ ਉਤਾਰੇ॥

ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤਸਰਿ ਨਾਤਾ॥ ਗੂਜਰੀ ਕੀ ਵਾਰ ਮ: ੩

ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਾਪੀਐ॥ ਮ: ੫

(ਧ੍ਰਾਪੀਐ: ਧ੍ਰਾਪਣਾ: ਤ੍ਰਿਪਤ ਹੋਣਾ, ਸੰਤੁਸ਼ਟ ਹੋਣਾ, ਰੱਜਣਾ।)

ਅੰਮ੍ਰਿਤੁ ਨਾਮੁ ਤੁਮਾੑਰਾ ਠਾਕੁਰ ਏਹੁ ਮਹਾ ਰਸੁ ਜਨਹਿ ਪੀਓ॥

ਜਨਮ ਜਨਮ ਚੂਕੇ ਭੈ ਭਾਰੇ ਦੁਰਤੁ ਬਿਨਾਸਿਓ ਭਰਮੁ ਬੀਓ॥ ਆਸਾ ਮ: ੫

ਗੁਰੂ ਨਾਨਕ ਦੇਵ ਜੀ ਨਸ਼ਿਆਂ ਦੇ ਮੁਦਈ ਜੋਗੀਆਂ ਨੂੰ ਨਾਮ ਸਿਮਰਨ ਦੀ ਅਦੁੱਤੀ ਬਰਕਤ ਦ੍ਰਿੜਾਉਂਦੇ ਹੋਏ ਸਿੱਖਿਆ ਦਿੰਦੇ ਹਨ ਕਿ ਨਾਮ-ਅੰਮ੍ਰਿਤ ਦਾ ਸੇਵਨ ਕਰਨ ਵਾਲੇ ਸੁਭਾਗੇ ਪ੍ਰਭੂ-ਸੇਵਕ ਨਿਰਾਰਥਕ ਪਦਾਰਥਕ ਅੰਮ੍ਰਿਤਾਂ, ਇੰਦ੍ਰੀਆਤਮਿਕ ਖ਼ੁਸ਼ੀ ਦੇਣ ਵਾਲੇ ਰਸਾਂ-ਕਸਾਂ ਅਤੇ ਸ਼ਰਾਬ ਆਦਿ ਘਟੀਆ ਤੇ ਘਾਤਿਕ ਨਸ਼ੀਲੇ ਪਦਾਰਥਾਂ ਨਾਲ ਨਾਤਾ ਨਹੀਂ ਰੱਖਦੇ:

ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ॥ ਆਸਾ ਮ: ੧

ਹਰਿ ਹਰਿ ਨਾਮੁ ਅੰਮ੍ਰਿਤ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ॥

ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨੑ ਬਿਸਰੇ ਸਭਿ ਬਿਖ ਰਸਹੁ॥ ਬਿਲਾਵਲੁ ਮ: ੪

ਅੰਮ੍ਰਿਤੁ ਨਾਮੁ ਤੁਮਾੑਰਾ ਠਾਕੁਰ ਏਹੁ ਮਹਾ ਰਸੁ ਜਨਹਿ ਪੀਓ॥

ਜਨਮ ਜਨਮ ਚੂਕੇ ਭੈ ਭਾਰੇ ਦੁਰਤੁ ਬਿਨਾਸਿਓ ਭਰਮੁ ਬੀਓ॥ ਆਸਾ ਮ: ੫

ਪਰਹਰਿ ਨਾਮੁ ਅੰਮ੍ਰਿਤੁ ਪੀਉ ਨਾਨਕ ਆਨ ਰਸ ਸਭਿ ਖਾਰ॥ ਮ: ੫

ਹਰਿਨਾਮ ਉਹ ਅੰਮ੍ਰਿਤ ਹੈ ਜਿਸ ਦਾ ਸੇਵਨ ਕਰਨ ਨਾਲ ਮਾਇਆ ਦੇ ਮੋਹ ਅਤੇ ਵਿਕਾਰਾਂ ਕਾਰਣ ਮਰੀ ਹੋਈ ਆਤਮਾ ਪੁਨਰ ਸਜੀਵ ਹੋ ਜਾਂਦੀ ਹੈ ਅਤੇ ਨਾਮ-ਅੰਮ੍ਰਿਤ ਪੀਣ ਵਾਲਾ ਮਨੁੱਖ ਫਿਰ ਬਾਰ ਬਾਰ ਆਤਮਿਕ ਮੌਤੇ ਨਹੀਂ ਮਰਦਾ:

ਹਰਿ ਅੰਮ੍ਰਿਤ ਰਸੁ ਪਾਇਆ ਮੂਆ ਜੀਵਾਇਆ ਫਿਰਿ ਬਹੁੜਿ ਮਰਣ ਨਾ ਹੋਈ॥ ਆਸਾ ਛੰਤ ਮ: ੪

ਕਰਮ ਧਰਮ ਤਤੁ ਗਿਆਨੁ ਸੰਤਾਂ ਸੰਗੁ ਹੋਇ॥

ਜਪੀਐ ਅੰਮ੍ਰਿਤ ਨਾਮੁ ਬਿਘਣੁ ਨ ਲਾਗੈ ਕੋਇ॥ ਗੂਜਰੀ ਕੀ ਵਾਰ ਮ: ੫

ਗੁਰਿ ਪੂਰੈ ਮੇਰੀ ਰਾਖਿ ਲਈ॥ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ॥ ਬਿਲਾਵਲੁ ਮ: ੫

ਸਤੁ ਸੰਤੋਖੁ ਦੀਆ ਗੁਰਿ ਪੂਰੈ ਨਾਮੁ ਅੰਮ੍ਰਿਤ ਪੀ ਪਾਨਾਂ ਹੇ॥ ਮਾਰੂ ਸੋਲਹੇ ਮ: ੫

ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ॥ ਮਾਰੂ ਮ: ੧

ਬਿਖਿਆ ਮਲੁ ਜਾਇ ਅੰਮ੍ਰਿਤਸਰਿ ਨਾਵਹੁ ਗੁਰ ਸਰ ਸੰਤੋਖ ਪਾਇਆ॥ ਮਾਰੂ ਸੋਲਹੇ ਮ: ੧

ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤਸਰਿ ਨਾਇ॥

ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ॥ ਸਤਿਗੁਰਿ ਸੇਵਿਐ ਰਿਦੈ ਸਮਾਣੀ॥

ਨਾਨਕ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ॥ ਮਾਝ ਅ: ਮ: ੩

ਸੰਸਾਰ ਦੇ ਸਾਰੇ ਸੰਕੀਰਣ ਧਰਮਾਂ ਵਿੱਚ ਤੀਰਥਾਂ ਅਤੇ ਇਨ੍ਹਾਂ ਤੀਰਥਾਂ ਦੇ ਅੰਮ੍ਰਿਤ ਕਹੇ/ਸਮਝੇ ਜਾਂਦੇ ਪਾਣੀਆਂ ਦਾ ਬਹੁਤ ਮਹੱਤਵ ਹੈ। ਗੁਰਮਤਿ ਅਨੁਸਾਰ, ਦੁਨੀਆ ਦੇ ਕਿਸੇ ਵੀ ਕਥਿਤ ਤੀਰਥ ਦਾ ਪਾਣੀ ਮਨ-ਆਤਮਾ ਵਾਸਤੇ ਸੰਜੀਵਨੀ ਅੰਮ੍ਰਿਤ ਨਹੀਂ ਹੈ! ਮਨ ਦੀ ਨਿਰਮਲਤਾ ਅਤੇ ਆਤਮਾ ਦੀ ਸ਼ੁੱਧਤਾ ਤੇ ਸਜੀਵਤਾ ਵਾਸੇ ਕੇਵਲ ਤੇ ਕੇਵਲ ਨਾਮ-ਜਲ ਦਾ ਅੰਮ੍ਰਿਤ ਹੀ ਲਾਹੇਵੰਦ ਹੈ। ਇਸੇ ਲਈ ਗੁਰਬਾਣੀ ਵਿੱਚ ਨਾਮ-ਜਲ ਦੁਆਰਾ ਪ੍ਰਾਪਤ ਆਤਮ-ਗਿਆਨ ਅਤੇ ਇਸ ਆਤਮਗਿਆਨ ਦੇ ਸ੍ਰੋਤ ਗੁਰੂ ਨੂੰ ਅਠਸਠ ਤੀਰਥਾਂ ਤੋਂ ਵੀ ਸ੍ਰੇਸ਼ਠ ਦਰਸਾਇਆ ਗਿਆ ਹੈ।

ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗ ਗਹੇ॥

ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸ+ ਖੋਜਿ ਲਹੈ॥ ੧॥

ਗੁਰ ਸਮਾਨਿ ਤੀਰਥੁ ਨਹੀ ਕੋਇ॥ ਸਰੁ ਸੰਤੋਖੁ ਤਾਸੁ ਗੁਰੁ ਹੋਇ॥ ਰਹਾਉ॥ ਪ੍ਰਭਾਤੀ ਮ: ੧

ਗੁਰਬਾਣੀ ਵਿੱਚ, ਨਾਮ ਅੰਮ੍ਰਿਤ ਤੋਂ ਬਿਨਾਂ, ਉਨ੍ਹਾਂ ਸਵਾਦੀ ਤੇ ਪੌਸ਼ਟਿਕ ਖਾਦ ਪਦਾਰਥਾਂ/ਭੋਜਨਾਂ ਦਾ ਜ਼ਿਕਰ ਵੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਗੁਣਾਂ ਕਰਕੇ ਅੰਮ੍ਰਿਤ ਕਿਹਾ ਜਾਂਦਾ ਸੀ/ਹੈ। ਪਰੰਤੂ ਧਿਆਨ ਵਿੱਚ ਰੱਖਣ ਵਾਲਾ ਤੱਥ ਇਹ ਵੀ ਹੈ ਕਿ ਇਨ੍ਹਾਂ ਦਾ ਸੰਬੰਧ ਸਰੀਰਕ ਜਾਂ ਸੰਸਾਰਕ ਜੀਵਨ ਨਾਲ ਹੈ, ਅਧਿਆਤਮਿਕ ਜੀਵਨ ਨਾਲ ਬਿਲਕੁਲ ਨਹੀਂ। ਇਸ ਤੱਥ ਦੀ ਪੁਸ਼ਟੀ ਗੁਰਬਾਣੀ ਦੀਆਂ ਕਈ ਤੁਕਾਂ/ਸ਼ਬਦਾਂ ਤੋਂ ਭਲੀਭਾਂਤ ਹੁੰਦੀ ਹੈ। ਉਦਾਹਰਣ ਵਜੋਂ ਕੁੱਝ ਇੱਕ ਪ੍ਰਮਾਣ ਹੇਠਾਂ ਦਿੱਤੇ ਗਏ ਹਨ:-

ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ॥ ਰਾਗੁ ਗੂਜਰੀ ਕਬੀਰ ਜੀ

(ਨੋਟ:- ਖੜੁ: ਤੂੜੀ, ਪਰਾਲੀ ਤੇ ਸੁੱਕਾ ਘਾਹ ਆਦਿ। ਅੰਮ੍ਰਿਤ: ਇੱਥੇ ਅੰਮ੍ਰਿਤ ਦਾ ਭਾਵ-ਅਰਥ ਦੁੱਧ ਹੈ।)

ਜਿਹ ਮੁਖਿ ਪਾਂਚਉ ਅੰਮ੍ਰਿਤ ਖਾਹਿ॥ ਤਿਹ ਮੁਖ ਦੇਖਤ ਲੂਕਟ ਲਾਏ॥ ਗਉੜੀ ਕਬੀਰ ਜੀ

(ਪਾਂਚਉ ਅੰਮ੍ਰਿਤ: ਦੁੱਧ, ਦਹੀਂ, ਘਿਉ, ਖੰਡ ਤੇ ਸ਼ਹਿਦ। ਲੂਕਟ: ਲਾਂਬੂ, ਅੱਗ।)

ਕੂਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ। ਗਉੜੀ ਮ: ੧

ਅੰਮ੍ਰਿਤ ਖੰਡ ਦੂਧਿ ਮਧਿ ਸੰਚਸਿ ਤੂ ਬਨ ਚਾਤੁਰ ਰੇ॥ ਮ: ੧

ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇ॥

ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ ਸਿਰੀ ਰਾਗੁ ਮ: ੧

ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ॥ ਤਿਸੁ ਠਾਕੁਰ ਕਉ ਰਖੁ ਮਨ ਮਾਹਿ॥ ਸੁਖਮਨੀ ਮ: ੫

ਛਤੀਹ ਅੰਮ੍ਰਿਤ ਜਿਨਿ ਭੋਜਨ ਦੀਏ॥ ਰਾਗੁ ਰਮਕਲੀ ਅ: ਮ: ੫

{ਛਤੀਹ ਅੰਮ੍ਰਿਤ: ਮੂਲ ਰੂਪ ਵਿੱਚ, ਭੋਜਨ ਛੇ ਰਸਾਂ/ਸਵਾਦਾਂ ਵਾਲੇ ਕਹੇ ਜਾਂਦੇ ਹਨ: ਖੱਟਾ, ਮਿੱਠਾ, ਨਮਕੀਨ/ਲੂਣ ਵਾਲਾ, ਚਟਪਟਾ, ਕਸੈਲਾ ਤੇ ਕੌੜਾ। ਇਨ੍ਹਾਂ ਛੇ ਰਸਾਂ ਦੀ ਆਪਸੀ ਮਿੱਸ ਤੋਂ ਬਣੇ (6x6) ਛੱਤੀ ਰਸ/ਸਵਾਦ।}

ਗੁਰਬਾਣੀ ਵਿੱਚ ਕਿਰਤੀਆਂ ਦੀ ਹੱਕ-ਹਲਾਲ ਦੀ ਕਮਾਈ ਨੂੰ ਵੀ ਅੰਮ੍ਰਿਤ ਕਿਹਾ ਗਿਆ ਹੈ। ਅਤੇ ਕਿਰਤੀਆਂ ਤੋਂ ਆਨੇ-ਬਹਾਨੇ ਧੱਕੇ ਨਾਲ ਖੋਹੇ ਹੋਏ ਧੰਨ-ਮਾਲ ਨੂੰ ਬਿਖ ਬਰਾਬਰ ਦਰਸਾਇਆ ਹੈ।

ਤੁਮਰੋ ਦੂਧੁ ਬਿਦਰ ਕੋ ਪਾਨੋ ਅੰਮ੍ਰਿਤੁ ਕਰਿ ਮੈ ਜਾਨਿਆ॥ ਮਾਰੂ ਕਬੀਰ ਜੀ

ਕਬੀਰ ਖੂਬ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ॥ ਕਬੀਰ ਜੀ

ਮੈਲਾਗਰ ਬੇਰੑੇ ਹੈ ਭੁਇੰਗਾ॥ ਬਿਖੁ ਅੰਮ੍ਰਿਤੁ ਬਸਹਿ ਇੱਕ ਸੰਗਾ॥ ਗੂਜਰੀ ਰਵਿਦਾਸ ਜੀ

(ਮੈਲਾਗਰ: ਮਲਯ ਨਾਮ ਦੇ ਪਹਾੜ ਉੱਤੇ ਉੱਗੇ ਚੰਦਨ ਦੇ ਦਰਖ਼ਤ। ਰੂਹ ਨੂੰ ਅਨੰਦਿਤ ਕਰਨ ਵਾਲੀ ਸੁਗੰਧੀ ਤੇ ਗੁਣਾਂ ਕਰਕੇ, ਚੰਦਨ ਨੂੰ ਅੰਮ੍ਰਿਤ ਕਿਹਾ ਜਾਂਦਾ ਹੈ। ਬੇਰੇ: ਲਿਪਟੇ ਹੋਏ। ਭੁਇੰਗਾ: ਸੱਪ।)

ਗੁਰਬਾਣੀ-ਵਿਚਾਰ ਤੋਂ ਇਹ ਤੱਥ ਭਲੀ ਭਾਂਤ ਸਪਸ਼ਟ ਹੋ ਜਾਂਦਾ ਹੈ ਕਿ ਆਤਮ- ਗਿਆਨ ਦੇਣ ਵਾਲੇ ਨਾਮ-ਅੰਮ੍ਰਿਤ ਦਾ ਸਥੂਲ ਤੇ ਥੋੜ ਚਿਰੇ ਅੰਮ੍ਰਿਤਾਂ ਨਾਲ ਕੋਈ ਜੋੜ-ਤੋੜ ਨਹੀਂ ਹੈ! ਇਨ੍ਹਾਂ ਪਦਾਰਥਕ ਅੰਮ੍ਰਿਤਾਂ ਦਾ ਰੂਹਾਨੀਅਤ ਜਾਂ ਅਧਿਆਤਮਿਕ ਜੀਵਨ ਨਾਲ ਕੋਈ ਵਾਸਤਾ ਨਾ ਹੋਣ ਕਰਕੇ, ਗੁਰਬਾਣੀ ਵਿੱਚ ਇਨ੍ਹਾਂ ਦਾ ਸਮਰਥਨ ਵੀ ਬਿਲਕੁਲ ਨਹੀਂ ਹੈ।

ਚਲਦਾ……

ਗੁਰਇੰਦਰ ਸਿੰਘ ਪਾਲ




.