ਖਾਲਸਾ ਪੰਥ ਬਨਾਮ ਡੇਰਾਵਾਦ
(ਭਾਗ ਬਵੰਜ੍ਹਵਾਂ, ਆਖਰੀ)
ਸਮੱਸਿਆ ਦਾ ਹੱਲ
(ਭਾਗ ੨):
ਇਕ ਗੱਲ ਬੜੀ ਵਿਚਾਰਨ ਵਾਲੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੁੰਦੇ
ਹੋਏ ਸਾਡੀ ਕੌਮ ਦੇ ਵੱਡੇ ਹਿੱਸੇ ਨੂੰ ਸਤਿਗੁਰੂ ਦੀ ਇਹ ਗੱਲ ਅੱਜ ਤੱਕ ਕਿਉਂ ਨਹੀਂ ਸਮਝ ਲੱਗੀ? ਕੀ
ਗੁਰਬਾਣੀ ਦੇ ਇਹ ਪਾਵਨ ਫੁਰਮਾਨ ਅੱਜ ਪਰਗੱਟ ਹੋਏ ਹਨ? ਗੁਰੂ ਸਾਹਿਬਾਨ ਨੇ ਆਪਣੇ ਆਪਣੇ ਜੀਵਨ ਕਾਲ
ਵਿੱਚ ਗੁਰਬਾਣੀ ਉਚਾਰਨ ਕੀਤੀ। ੧੬੦੪ ਵਿੱਚ ਗੁਰੂ ਅਰਜਨ ਸਾਹਿਬ ਨੇ ਗ੍ਰੰਥ ਸਾਹਿਬ ਦਾ ਪਾਵਨ ਸਰੂਪ
ਵੀ ਤਿਆਰ ਕਰਵਾ ਦਿੱਤਾ ਅਤੇ ਪਹਿਲੇ ਦਿਨ ਤੋਂ ਇਸ ਨੂੰ ਦਰਬਾਰ ਸਾਹਿਬ ਅੰਦਰ ਸਿੰਘਾਸਨ `ਤੇ ਸੁਸ਼ੋਭਤ
ਕਰ ਦਿੱਤਾ। ੧੭੦੮ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਨੁੱਖਤਾ `ਤੇ ਵੱਡਾ ਪਰਉਪਕਾਰ ਕਰਦੇ ਹੋਏ,
ਰਸਮੀ ਤੌਰ `ਤੇ ਗਰੂ ਗ੍ਰੰਥ ਸਾਹਿਬ ਨੂੰ ਸਦੈਵ ਕਾਲ ਲਈ ਸਿੱਖ ਦਾ ਗੁਰੂ ਥਾਪ ਦਿੱਤਾ। ਤਾਂ ਫਿਰ ਕੀ
ਇਹ ਸਮਝਿਆ ਜਾਵੇ ਕਿ ਸਿੱਖ ਗੁਰੂ ਤੋਂ ਬਾਗ਼ੀ ਹੋ ਗਿਆ ਹੈ? ਕੀ ਸਿੱਖ ਦਾ ਗੁਰੂ ਦੇ ਬਚਨਾਂ ਤੋਂ
ਵਿਸ਼ਵਾਸ ਖਤਮ ਹੋ ਗਿਆ ਹੈ?
ਐਸਾ ਤਾਂ ਸੋਚਿਆ ਹੀ ਨਹੀਂ ਜਾ ਸਕਦਾ। ਸਿੱਖ ਦੇ ਮਨ ਅੰਦਰ ਗੁਰੂ ਗ੍ਰੰਥ
ਸਾਹਿਬ ਦੇ ਸਤਿਕਾਰ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ
ਸਰੂਪ ਦੇ ਦਰਸ਼ਨਾਂ ਤੋਂ ਪਹਿਲਾਂ, ਮਨ ਵਿੱਚ ਸਤਿਗੁਰੂ ਦਾ ਖਿਆਲ ਆਉਣ ਨਾਲ ਹੀ ਸਿੱਖ ਦਾ ਸਿਰ ਸਤਿਕਾਰ
ਨਾਲ ਝੁਕ ਜਾਂਦਾ ਹੈ। ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਹੋ ਜਾਵੇ ਤਾਂ
ਸਿੱਖ ਦਾ ਹਿਰਦਾ ਵਲੂੰਧਰਿਆ ਜਾਂਦਾ ਹੈ, ਉਹ ਰੋਸ ਵਿੱਚ ਆ ਕੇ ਜਾਨ ਵਾਰਨ ਤੱਕ ਉਤਾਰੂ ਹੋ ਜਾਂਦਾ
ਹੈ। ਪਿਛਲੇ ਦਿਨੀ ਹੀ ਬਰਗਾੜੀ ਆਦਿ ਦੇ ਦੁਖਦਾਈ ਕਾਂਡ ਇਸ ਗੱਲ ਦੇ ਜ਼ਿੰਦਾ ਅਤੇ ਤਾਜ਼ਾ ਪ੍ਰਮਾਣ ਹਨ।
ਅਸਲ ਵਿੱਚ ਸਿੱਖ ਦੀ ਇਸ ਪਵਿੱਤਰ ਭਾਵਨਾ ਨੂੰ ਗੁੰਮਰਾਹ ਕਰਕੇ, ਉਸ ਨੂੰ
ਸਤਿਗੁਰੂ ਦੇ ਅਲੌਕਿਕ ਗਿਆਨ ਨਾਲ ਜੋੜਨ ਦੀ ਬਜਾਏ, ਉਸ ਦੇ ਬਾਹਰੀ ਸਰੂਪ ਦੀ ਪੂਜਾ ਵਿੱਚ ਉਲਝਾ
ਦਿੱਤਾ ਗਿਆ ਹੈ। ਉਹ ਇਸੇ ਨੂੰ ਸਤਿਗੁਰੂ ਦਾ ਪੂਰਨ ਸਤਿਕਾਰ ਸਮਝਣ ਲੱਗ ਪਿਆ ਹੈ। ਜਦਕਿ ਸਤਿਗੁਰੂ ਆਪ
ਫੁਰਮਾਉਂਦੇ ਹਨ ਕਿ ਸਿਰਫ ਬਾਹਰੀ ਸਰੂਪ ਨਾਲ ਜੁੜਨ ਨਾਲ ਕੁੱਝ ਪ੍ਰਾਪਤ ਨਹੀਂ ਹੋਣਾ। ਜੀਵਨ ਸਫਲਾ
ਕਰਨ ਲਈ ਤੈਨੂੰ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਪਵੇਗੀ। ਇਸ ਇਲਾਹੀ ਗਿਆਨ ਨੂੰ ਆਪਣੇ ਜੀਵਨ
ਵਿੱਚ ਢਾਲਣਾ ਪਵੇਗਾ। ਇਸੇ ਸੰਧਰਭ ਵਿੱਚ ਉਪਰ ਭਾਈ ਸੱਜਣ (ਸੱਜਣ ਠੱਗ) ਦੀ ਸਾਖੀ ਵੀ ਸਾਂਝੀ ਕੀਤੀ
ਜਾ ਚੁੱਕੀ ਹੈ। ਗੁਰਬਾਣੀ ਦਾ ਉਪਦੇਸ਼ ਹੈ:
"ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ।।
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ।। " {ਸਲੋਕੁ ਮਃ
੩, ਪੰਨਾ ੫੯੪}
ਜਿਤਨਾ ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ
ਹੈ (ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ
ਨਹੀਂ ਕਰਦਾ।
ਅਸੀਂ ਭਾਵੇਂ ਗੁਰਬਾਣੀ ਪੜ੍ਹਦੇ ਵੀ ਹੋਈਏ ਪਰ ਜੋ ਸਤਿਗੁਰੂ ਦੇ ਸ਼ਬਦ ਨੂੰ
ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਸਤਿਗੁਰੂ ਐਸੇ ਮਨੁੱਖ ਨੂੰ ਜਿੱਥੇ ਮਨਮੁਖ ਆਖਦੇ ਹਨ, ਉੱਥੇ ਉਸ ਨੂੰ
ਅੰਧੇ ਵਿਅਕਤੀ ਨਾਲ ਤੁਲਨਾ ਦੇਂਦੇ ਹਨ, ਜਿਸਦਾ ਜੀਵਨ ਭਰਮਾਂ ਵਿੱਚ ਭਟਕਦਾ ਰਹਿੰਦਾ ਹੈ। ਪਾਵਨ
ਗੁਰਵਾਕ ਹੈ:
"ਬਿਨੁ ਸਤਿਗੁਰ ਸਭੁ ਜਗੁ ਬਉਰਾਨਾ।।
ਮਨਮੁਖਿ ਅੰਧਾ ਸਬਦੁ ਨ ਜਾਣੈ ਝੂਠੈ ਭਰਮਿ ਭੁਲਾਨਾ।। " {ਸੋਰਠਿ ਮਹਲਾ
੩, ਪੰਨਾ ੬੦੪}
ਹੇ ਭਾਈ
!
ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰਾ ਜਗਤ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਫਿਰਦਾ ਹੈ। ਆਪਣੇ ਮਨ
ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਕੇ ਗੁਰੂ ਦੇ ਸ਼ਬਦ ਨਾਲ ਡੂੰਘੀ
ਸਾਂਝ ਨਹੀਂ ਪਾਂਦਾ। ਝੂਠੀ ਦੁਨੀਆ ਦੇ ਕਾਰਨ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ।
ਸਤਿਗੁਰੂ ਬਖਸ਼ਿਸ਼ ਕਰਦੇ ਸਮਝਾਉਂਦੇ ਹਨ ਕਿ ਜਿਸ ਨੇ ਸਤਿਗੁਰੂ ਦੀ ਮਤਿ ਲੈ
ਲਈ, ਉਹ ਫਿਰ ਗੁਰੂ ਉਪਦੇਸ਼ ਵਿੱਚ ਹੀ ਲੀਨ ਹੋ ਜਾਂਦਾ ਹੈ। ਉਸ ਦੀ ਸਾਰੀ ਭਟਕਣਾ ਖਤਮ ਹੋ ਜਾਂਦੀ ਹੈ।
ਜੋ ਗੁਰਬਾਣੀ ਨੂੰ ਮਨ ਕਰ ਕੇ ਜਾਣ ਲੈਂਦਾ ਹੈ, ਭਾਵ ਚੰਗੀ ਤਰ੍ਹਾਂ ਸਮਝ ਕੇ ਸਤਿਗੁਰੂ ਦੇ ਉਪਦੇਸ਼
ਨੂੰ ਜੀਵਨ ਵਿੱਚ ਟਿਕਾ ਲੈਂਦਾ ਹੈ, ਉਸਦੇ ਹਿਰਦੇ ਵਿੱਚ ਫਿਰ ਅਕਾਲ ਪੁਰਖ ਦਾ ਵਾਸਾ ਹੋ ਜਾਂਦਾ ਹੈ।
ਸਤਿਗੁਰੂ ਦੇ ਬਚਨ ਹਨ:
"ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ।।
ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ।। " {ਬਿਲਾਵਲੁ
ਮਹਲਾ ੩, ਪੰਨਾ ੭੯੭}
ਹੇ ਭਾਈ
!
ਜਿਸ ਮਨੁੱਖ ਨੂੰ ਗੁਰੂ ਦੀ ਸਿੱਖਿਆ ਉਤੇ ਯਕੀਨ ਆ ਜਾਂਦਾ ਹੈ, ਉਹ ਮਨੁੱਖ ਗੁਰੂ (ਦੇ ਉਪਦੇਸ਼) ਵਿੱਚ
ਲੀਨ ਰਹਿੰਦਾ ਹੈ। ਜੇਹੜਾ ਮਨੁੱਖ ਗੁਰੂ ਦੀ ਇਸ ਬਾਣੀ ਨਾਲ ਦਿਲੋਂ ਸਾਂਝ ਪਾ ਲੈਂਦਾ ਹੈ, ਉਸ ਦੇ
ਅੰਦਰ ਪਰਮਾਤਮਾ ਦਾ ਨਾਮ ਸਦਾ ਟਿਕਿਆ ਰਹਿੰਦਾ ਹੈ।
ਬਸ ਇਹੀ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਜਿਸ ਦਿਨ ਗੁਰਬਾਣੀ ਰਟਨ
ਜਾਂ ਪੂਜਣ ਦੀ ਜਗ੍ਹਾ `ਤੇ ਬਾਣੀ ਨੂੰ ਜੀਅ ਕਰ ਕੇ ਜਾਨਣਾ ਸ਼ੁਰੂ ਕਰ ਦਿੱਤਾ ਭਾਵ ਗੁਰਬਾਣੀ ਨੂੰ
ਸਮਝਣਾ ਵਿਚਾਰਨਾ ਸ਼ੁਰੂ ਕਰ ਦਿੱਤਾ, ਸਤਿਗੁਰੂ ਦੀ ਮਤ ਲੈਣੀ ਸ਼ੁਰੂ ਕਰ ਦਿੱਤੀ, ਸਾਰੀ ਭਟਕਣਾ ਮੁੱਕ
ਜਾਵੇਗੀ। ਜਿਵੇਂ ਹਨੇਰੇ ਵਿੱਚ ਦੀਵਾ ਬਾਲਣ ਨਾਲ ਹਨੇਰੇ ਦਾ ਨਾਸ ਹੋ ਜਾਂਦਾ ਹੈ, ਬਿਲਕੁਲ ਉਸੇ
ਤਰ੍ਹਾਂ ਗੁਰਬਾਣੀ ਦਾ ਅਲੌਕਿਕ ਗਿਆਨ ਸਾਡੇ ਜੀਵਨ ਵਿਚੋਂ ਅਗਿਆਨਤਾ ਦੇ ਹਨੇਰੇ ਦਾ ਨਾਸ ਕਰ ਦੇਂਦਾ
ਹੈ। ਗੁਰਬਾਣੀ ਦਾ ਫੁਰਮਾਨ ਹੈ:
"ਦੀਵਾ ਬਲੈ ਅੰਧੇਰਾ ਜਾਇ।। ਬੇਦ ਪਾਠ ਮਤਿ ਪਾਪਾ ਖਾਇ।।
ਉਗਵੈ ਸੂਰੁ ਨ ਜਾਪੈ ਚੰਦੁ।। ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ।। " {ਸਲੋਕ
ਮਃ ੧, ਪੰਨਾ ੭੯੧}
(ਜਿਵੇਂ ਜਦੋਂ) ਦੀਵਾ ਜਗਦਾ ਹੈ ਤਾਂ ਹਨੇਰਾ ਦੂਰ ਹੋ ਜਾਂਦਾ ਹੈ (ਏਸੇ
ਤਰ੍ਹਾਂ) ਵੇਦ (ਆਦਿਕ ਧਰਮ-ਪੁਸਤਕਾਂ ਦੀ) ਬਾਣੀ ਅਨੁਸਾਰ ਢਲੀ ਹੋਈ ਮਤਿ ਪਾਪਾਂ ਦਾ ਨਾਸ ਕਰ ਦੇਂਦੀ
ਹੈ; ਜਦੋਂ ਸੂਰਜ ਚੜ੍ਹ ਪੈਂਦਾ ਹੈ ਚੰਦ੍ਰਮਾ (ਚੜ੍ਹਿਆ ਹੋਇਆ) ਨਹੀਂ ਜਾਪਦਾ, (ਤਿਵੇਂ) ਜਿਥੇ ਮਤਿ
ਉੱਜਲੀ (ਗਿਆਨ ਦਾ ਪ੍ਰਕਾਸ਼) ਹੋ ਜਾਏ ਓਥੇ ਅਗਿਆਨਤਾ ਮਿਟ ਜਾਂਦੀ ਹੈ।
ਸਤਿਗੁਰੂ ਦਾ ਗਿਆਨ ਐਸਾ ਬਲਵਾਨ ਸ਼ਸਤ੍ਰ ਹੈ, ਜੋ ਮਨੁੱਖੀ ਜੀਵਨ ਵਿਚੋਂ ਹਰ
ਤਰ੍ਹਾਂ ਦੇ ਵਹਿਮਾਂ ਭਰਮਾਂ ਅਤੇ ਵਿਕਾਰਾਂ ਦਾ ਨਾਸ ਕਰ ਦੇਂਦਾ ਹੈ। ਜਿਵੇਂ ਜਿਵੇਂ ਮਨੁੱਖ ਗੁਰੂ
ਸ਼ਬਦ ਦੀ ਵਿਚਾਰ ਕਰਦਾ ਹੈ, ਮਨ ਪਵਿਤ੍ਰ ਹੋ ਕੇ ਇਸ ਵਿੱਚ ਅਕਾਲ ਪੁਰਖ ਦਾ ਵਾਸਾ ਹੋਈ ਜਾਂਦਾ ਹੈ।
ਹੁਣ ਜਿਸ ਹਿਰਦੇ ਵਿੱਚ ਅਕਾਲ ਪੁਰਖ ਦਾ ਆਪਣਾ ਵਾਸਾ ਹੋਵੇ, ਉਸ ਵਿੱਚ ਵਹਿਮਾਂ ਭਰਮਾਂ ਅਤੇ ਵਿਕਾਰਾਂ
ਵਾਸਤੇ ਕੋਈ ਜਗ੍ਹਾ ਕਿਵੇਂ ਹੋ ਸਕਦੀ ਹੈ? ਸਤਿਗੁਰੂ ਬਖਸ਼ਿਸ਼ ਕਰਦੇ ਸਮਝਾਉਂਦੇ ਹਨ:
"ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ।। ਦੂਜਾ ਭ੍ਰਮੁ ਗੜੁ ਕਟਿਆ
ਮੋਹੁ ਲੋਭੁ ਅਹੰਕਾਰਾ।।
ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ।। " {ਮਾਰੂ ਵਾਰ ਮਹਲਾ
੩, ਪੰਨਾ ੧੦੮੭}
(ਗਿਆਨ, ਮਾਨੋ) ਬੜਾ ਤੇਜ਼ ਖੰਡਾ ਹੈ, ਇਹ ਗਿਆਨ ਗੁਰੂ ਤੋਂ ਮਿਲਦਾ ਹੈ,
(ਜਿਸ ਨੂੰ ਮਿਲਿਆ ਹੈ ਉਸ ਦਾ) ਮਾਇਆ ਦੀ ਖ਼ਾਤਰ ਭਟਕਣਾ, ਮੋਹ, ਲੋਭ ਤੇ ਅਹੰਕਾਰ-ਰੂਪ ਕਿਲ੍ਹਾ (ਜਿਸ
ਵਿੱਚ ਉਹ ਘਿਰਿਆ ਪਿਆ ਸੀ, ਇਸ ਗਿਆਨ-ਖੜਗ ਨਾਲ) ਕੱਟਿਆ ਜਾਂਦਾ ਹੈ; ਗੁਰੂ ਦੇ ਸ਼ਬਦ ਵਿੱਚ ਸੁਰਤਿ
ਜੋੜਿਆਂ ਉਸ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ
।
ਬਸ ਇਹੀ ਸਾਡੀਆਂ ਸਾਰੀਆਂ ਮਾਨਸਿਕ ਸਮੱਸਿਆਵਾਂ ਦਾ ਹੱਲ ਹੈ ਅਤੇ ਇਹੀ
ਸਮਾਜਿਕ ਕਾਰਨਾਂ ਦਾ ਹੱਲ ਵੀ ਹੈ। ਗੁਰਬਾਣੀ ਦੇ ਅਲੌਕਿਕ ਗਿਆਨ ਨਾਲ ਸ਼ਿੰਗਾਰੇ ਮਨੁੱਖ ਦੀ ਮਾਨਸਿਕਤਾ
ਇਤਨੀ ਬਲਵਾਨ ਹੋ ਜਾਂਦੀ ਹੈ ਕਿ ਫਿਰ ਕੋਈ ਡਰ ਜਾਂ ਤ੍ਰਿਸ਼ਨਾ ਉਸ `ਤੇ ਭਾਰੂ ਨਹੀਂ ਹੋ ਸਕਦੇ। ਉਸ ਦੀ
ਅਗਿਆਨਤਾ ਨਾਸ ਹੋਣ ਨਾਲ ਅੰਧ ਵਿਸ਼ਵਾਸ ਤੋਂ ਵੀ ਮੁਕਤੀ ਮਿਲ ਜਾਂਦੀ ਹੈ। ਫਿਰ ਕਿਸੇ ਦੇ ਪਹਿਰਾਵੇ
ਤੋਂ ਪ੍ਰਭਾਵਤ ਹੋ ਕੇ ਉਸ ਨੂੰ ਸੰਤ, ਮਹਾਪੁਰਖ ਸਮਝਣ ਦੀ ਬਜਾਏ, ਉਹ ਉਸ ਪਹਿਰਾਵੇ ਦੇ ਪਿੱਛੇ ਛੁਪੇ
ਸ਼ੈਤਾਨ ਦੀ ਪਹਿਚਾਣ ਕਰ ਲੈਂਦਾ ਹੈ। ਨਾ ਕੇਵਲ ਆਪ ਸੁਚੇਤ ਹੁੰਦਾ ਹੈ ਬਲਕਿ ਸਮਾਜ ਨੂੰ ਵੀ ਚੇਤੰਨ
ਕਰਨ ਦੇ ਯਤਨ ਕਰਦਾ ਹੈ।
ਗੁਰਬਾਣੀ ਦੇ ਗਿਆਨ ਵਿੱਚ ਰਸਿਆ ਜੀਵਨ ਕਿਸੇ ਵਿਅਕਤੀ ਨਾਲ ਭੇਦਭਾਵ ਕਰਨ ਦਾ
ਸੋਚ ਵੀ ਨਹੀਂ ਸਕਦਾ। ਉਸ ਨੂੰ ਤਾਂ ਹਰ ਜੀਵ ਵਿੱਚ ਅਕਾਲ-ਪੁਰਖ ਦਾ ਵਾਸਾ ਨਜ਼ਰ ਆਉਂਦਾ ਹੈ। ਉਸ ਨੂੰ
ਊਚ-ਨੀਚ, ਜ਼ਾਤ-ਪਾਤ ਦੀਆਂ ਦੀਵਾਰਾਂ, ਪਾਪ ਦੀਆਂ ਕੰਧਾ ਨਜ਼ਰ ਆਉਂਦੀਆਂ ਹਨ। ਉਹ ਸਦਾ ਉਨ੍ਹਾਂ ਨੂੰ
ਤੋੜਨ ਲਈ ਯਤਨ ਸ਼ੀਲ ਰਹਿੰਦਾ ਹੈ। ਉਸ ਦੇ ਜੀਵਨ ਦਾ ਆਧਾਰ ਗੁਰਬਾਣੀ ਦੇ ਇਹ ਪਾਵਨ ਬਚਨ ਹੁੰਦੇ ਹਨ:
"ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।।
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।। ੧।।
ਲੋਗਾ ਭਰਮਿ ਨ ਭੂਲਹੁ ਭਾਈ।।
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ।। ੧।। ਰਹਾਉ।।
(ਬਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ, ਪੰਨਾ ੧੩੪੯)
ਹੇ ਲੋਕੋ! ਹੇ ਭਾਈ! (ਰੱਬ ਦੀ ਹਸਤੀ ਬਾਰੇ) ਕਿਸੇ ਭੁਲੇਖੇ ਵਿੱਚ ਪੈ ਕੇ
ਖ਼ੁਆਰ ਨਾਹ ਹੋਵੋ। ਉਹ ਰੱਬ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖ਼ਲਕਤ ਵਿੱਚ ਮੌਜੂਦ ਹੈ,
ਉਹ ਸਭ ਥਾਂ ਭਰਪੂਰ ਹੈ। ੧। ਰਹਾਉ।
ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ ਜਿਸ ਨੇ (ਜਗਤ) ਪੈਦਾ ਕੀਤਾ ਹੈ, ਇਹ
ਸਾਰੇ ਜੀਅ-ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ। ਇੱਕ ਪ੍ਰਭੂ ਦੀ ਹੀ ਜੋਤ ਤੋਂ ਸਾਰਾ ਜਗਤ
ਪੈਦਾ ਹੋਇਆ ਹੈ। (ਤਾਂ ਫਿਰ ਕਿਸੇ ਜਾਤ ਮਜ਼ਹਬ ਦੇ ਭੁਲੇਖੇ ਵਿੱਚ ਪੈ ਕੇ) ਕਿਸੇ ਨੂੰ ਚੰਗਾ ਤੇ ਕਿਸੇ
ਨੂੰ ਮੰਦਾ ਨਾਹ ਸਮਝੋ।
ਜਿਸ ਦੇ ਜੀਵਨ ਵਿੱਚ ਗੁਰਮਤਿ ਦੇ ਇਹ ਅਨਮੋਲ ਸਿਧਾਂਤ ਵਸ ਗਏ ਹੋਣ, ਉਹ ਕਿਸੇ
ਮਨੁੱਖ ਮਨੁੱਖ ਵਿੱਚ ਵਿਤਕਰਾ ਕਿਵੇਂ ਕਰ ਸਕਦਾ ਹੈ? ਹਾਂ ਵਿਤਕਰਾ ਕਰਨ ਵਾਲੇ ਅਸਮਾਜਿਕ,
ਗ਼ੈਰ-ਮਨੁੱਖੀ ਅਤੇ ਜ਼ਾਲਮ ਰਵੱਈਏ ਪ੍ਰਤੀ ਆਵਾਜ਼ ਜ਼ਰੂਰ ਬੁਲੰਦ ਕਰਦਾ ਹੈ।
ਗੱਲ ਦਾ ਤੱਤਸਾਰ ਇਹ ਹੈ ਕਿ ਜੇ ਹਰ ਸਿੱਖ ਗੁਰਬਾਣੀ ਨੂੰ ਸਮਝ ਵਿਚਾਰ ਕੇ
ਪੜਨਾ ਸ਼ੁਰੂ ਕਰ ਦੇਵੇ ਤਾਂ ਉਸ ਦਾ ਮਨ ਗੁਰਮਤਿ ਦੇ ਮਜੀਠੜੇ ਰੰਗ ਵਿੱਚ ਰੰਗਿਆ ਜਾਵੇਗਾ ਅਤੇ ਸਿੱਖ
ਕੌਮ ਪੁਜਾਰੀਵਾਦ ਅਤੇ ਡੇਰਾਵਾਦ ਦੇ ਮਾਨਸਿਕ ਅਤੇ ਸਮਾਜਿਕ ਬੰਧਨਾ ਤੋਂ ਮੁਕਤ ਹੋ ਕੇ ਅਧਿਆਤਮਕ ਜੀਵਨ
ਦੇ ਆਜ਼ਾਦ ਅੰਬਰਾਂ ਵਿੱਚ ਉਡਾਰੀਆਂ ਮਾਰਨ ਲੱਗ ਪਵੇਗੀ।
ਅੱਜ ਦੀ ਸੱਚਾਈ ਇਹ ਹੈ ਕਿ ਜਿਵੇਂ ਭਾਰਤ ਵਿੱਚ ਹਿੰਦੂ ਸਮਾਜ ਵਿੱਚ ਬ੍ਰਾਹਮਣ
ਅਤੇ ਮੁਸਲਮਾਨ ਭਾਈਚਾਰੇ ਵਿੱਚ ਕਾਜ਼ੀ ਅਤੇ ਕੁੱਝ ਹੋਰ ਸੰਪ੍ਰਦਾਈ ਪ੍ਰਨਾਲੀਆਂ, ਪੁਜਾਰੀ ਸ਼੍ਰੇਣੀ ਦੇ
ਰੂਪ ਵਿੱਚ ਸਥਾਪਤ ਹਨ, ਬਿਲਕੁਲ ਉਸੇ ਤਰਜ਼ `ਤੇ ਗੁਰਮਤਿ ਸਿਧਾਂਤਾਂ ਦੇ ਬਿਲਕੁਲ ਉਲਟ, ਸਿੱਖ ਕੌਮ
ਵਿੱਚ ਇਹ ਡੇਰੇਦਾਰ ਇੱਕ ਪ੍ਰਭਾਵਸ਼ਾਲੀ ਪੁਜਾਰੀ ਸ਼੍ਰੇਣੀ ਦੇ ਰੂਪ ਵਿੱਚ ਸਥਾਪਤ ਹੋ ਚੁੱਕੇ ਹਨ। ਹੁਣ
ਵੱਡਾ ਸੁਆਲ ਇਹ ਆਇਆ ਕਿ ਇਨ੍ਹਾਂ ਪ੍ਰਤੀ ਕੌਮ ਦਾ ਕੀ ਵਰਤਾਰਾ ਹੋਵੇ?
ਅਸੀਂ ਉਪਰ ਇਸ ਡੇਰਾਵਾਦ ਦੀ ਕੈਂਸਰ ਦੇ ਰੋਗ ਨਾਲ ਤੁਲਨਾ ਕੀਤੀ ਸੀ, ਇਲਾਜ
ਵੀ ਉਸੇ ਤਰੀਕੇ ਨਾਲ ਹੀ ਲਭਣਾ ਪਵੇਗਾ। ਜੇ ਕੈਂਸਰ ਸਰੀਰ ਦੇ ਕਿਸੇ ਇੱਕ ਅੰਗ ਤਕ ਸੀਮਤ ਹੋਵੇ ਤਾਂ
ਸਰੀਰ ਦੇ ਉਸ ਅੰਗ `ਚੋਂ ਰੋਗ ਦੇ ਕਿਟਾਣੂਆਂ ਨੂੰ ਮਾਰਨ ਲਈ ਇਲਾਜ ਕੀਤਾ ਜਾਂਦਾ ਹੈ। ਪਰ ਜੇ ਰੋਗ
ਇਤਨਾ ਵਧ ਚੁੱਕਾ ਹੋਵੇ ਕਿ ਠੀਕ ਹੋਣ ਦੀ ਬਜਾਏ ਸਾਰੇ ਸਰੀਰ ਵਿੱਚ ਫੈਲਣ ਦਾ ਖਤਰਾ ਹੋਵੇ, ਤਾਂ ਫੌਰੀ
ਉਸ ਅੰਗ ਨੂੰ ਕੱਟ ਦਿੱਤਾ ਜਾਂਦਾ ਹੈ, ਤਾਕਿ ਰੋਗ ਦੇ ਕਿਟਾਣੂ ਉਸ ਅੰਗ `ਚੋਂ ਬਾਕੀ ਸਰੀਰ ਵਿੱਚ ਨਾ
ਫੈਲ ਜਾਣ ਅਤੇ ਬਾਕੀ ਸਰੀਰ ਨੂੰ ਬਚਾਇਆ ਜਾ ਸਕੇ। ਵਧੇਰੇ ਮੁਸ਼ਕਲ ਤਾਂ ਉਦੋਂ ਹੁੰਦੀ ਹੈ ਜਦੋਂ ਰੋਗ
ਸਾਰੇ ਸਰੀਰ ਵਿੱਚ ਫੈਲ ਚੁੱਕਾ ਹੋਵੇ।
ਅੱਜ ਦੋ ਗੱਲਾਂ ਕੁੱਝ ਤਸੱਲੀ ਦੇਣ ਵਾਲੀਆਂ ਹਨ, ਪਹਿਲੀ ਇਹ ਕਿ ਬੇਸ਼ਕ ਕੌਮ
ਦਾ ਇੱਕ ਵੱਡਾ ਹਿੱਸਾ ਇਸ ਡੇਰਵਾਦ ਦੇ ਰੋਗ ਦਾ ਸ਼ਿਕਾਰ ਹੋ ਚੁੱਕਾ ਹੈ, ਪਰ ਇੱਕ ਬਰਾਬਰ ਦਾ ਵੱਡਾ
ਹਿੱਸਾ ਬੱਚਿਆ ਵੀ ਹੋਇਆ ਹੈ। ਉਸ ਤੋਂ ਵੀ ਵਧ ਖੁਸ਼ੀ ਦੀ ਗੱਲ ਇਹ ਹੈ ਕਿ ਕੌਮ ਦਾ ਉਹ ਵੱਡਾ ਹਿੱਸਾ
ਜੋ ਅਨਭੋਲ ਇਨ੍ਹਾਂ ਡੇਰੇਦਾਰਾਂ ਨੂੰ ਧਰਮੀ ਸਮਝ ਕੇ ਇਨ੍ਹਾਂ ਦੇ ਮਗਰ ਲਗਾ ਹੋਇਆ ਸੀ, ਉਨ੍ਹਾਂ
ਵਿਚੋਂ ਵਧੇਰੇ ਸੂਝਵਾਨ ਕੁੱਝ ਸਹੀ ਪ੍ਰਚਾਰ ਦਾ ਸਦਕਾ, ਗੁਰਮਤਿ ਦੀ ਸੋਝੀ ਆਉਣ ਨਾਲ, ਇਨ੍ਹਾਂ ਲੋਕਾਂ
ਦਾ ਪਾਖੰਡ ਪਛਾਣਨ ਲੱਗ ਪਏ ਹਨ ਅਤੇ ਉਨ੍ਹਾਂ ਵਿਚੋਂ ਬਹੁਤੇ ਹੌਲੀ ਹੌਲੀ ਸੁਚੇਤ ਹੋ ਕੇ ਵਾਪਸ ਪੰਥਕ
ਸਫਾਂ ਵਿੱਚ ਮੁੜ ਰਹੇ ਹਨ। ਭਾਵ ਇਲਾਜ ਆਪਣਾ ਸਹੀ ਅਸਰ ਦਿਖਾ ਰਿਹਾ ਹੈ।
ਇਸੇ ਕਰ ਕੇ ਇਨ੍ਹਾਂ ਡੇਰੇਦਾਰਾਂ ਦੀਆਂ
ਸਫਾਂ ਵਿੱਚ ਭਾਜੜਾਂ ਪਈਆਂ ਹੋਈਆਂ ਹਨ। ਇੱਕ ਪਾਸੇ ਪੁਰਾਤਨ ਇਤਿਹਾਸ, ਪਰੁਾਤਨ ਰਵਾਇਤਾਂ ਅਤੇ ਵੱਡੇ
ਮਹਾਪੁਰਖਾਂ (ਇਨ੍ਹਾਂ ਦੇ ਮਹਾਂਮੂਰਖਾਂ) ਦੇ ਬਚਨਾਂ ਦੀਆਂ ਦੁਹਾਈਆਂ ਦਿੱਤੀਆਂ ਜਾ ਰਹੀਆਂ ਹਨ,
ਦੂਸਰੇ ਪਾਸੇ ਆਪਣਾ ਸਹੀ ਰੂਪ ਦਿਖਾ ਕੇ ਗੁੰਡਾ ਗਰਦੀ, ਡਾਂਗਾਂ ਅਤੇ ਬੁਰਛਾਗਰਦੀ ਨਾਲ ਗੁਰਮਤਿ ਦੇ
ਪ੍ਰਚਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਰਨ ਵੀ ਕਿਉਂ ਨਾ? ਆਖਰ ਉਨ੍ਹਾਂ ਦੀ ਰੋਜ਼ੀ ਰੋਟੀ
ਦਾ ਸੁਆਲ ਹੈ।
ਅੱਜ ਸਭ ਤੋਂ ਯੋਗ ਤਰੀਕਾ ਇਹ ਹੈ ਕਿ ਇਹ ਡੇਰੇਦਾਰ ਕੰਧ `ਤੇ ਲਿਖਿਆ ਸੱਚ
ਪਹਿਚਾਨ ਲੈਣ, ਕਿ ਹੁਣ ਜਿਵੇਂ ਖਾਲਸਾ ਪੰਥ ਵਿੱਚ ਮੁੜ ਚੇਤਨਤਾ ਆ ਰਹੀ ਹੈ, ਉਨ੍ਹਾਂ ਦੀਆਂ ਇਹ ਕੂੜ,
ਪਾਖੰਡ ਦੀਆਂ ਦੁਕਾਨਾਂ ਬਹੁਤੀ ਦੇਰ ਨਹੀਂ ਚਲ ਸਕਣਗੀਆਂ। ਭਲਾ ਇਸੇ ਵਿੱਚ ਹੈ ਕਿ ਉਹ ਡੇਰੇਦਾਰੀ
ਦੀਆਂ ਆਪਣੀਆਂ ਦੁਕਾਨਾਂ ਬੰਦ ਕਰਕੇ, ਆਪ ਗੁਰਮਤਿ ਦੀ ਸੋਝੀ ਪ੍ਰਾਪਤ ਕਰ ਕੇ, ਇੱਕ ਚੰਗੇ ਪ੍ਰਚਾਰਕ
ਦਾ ਫਰਜ਼ ਅਦਾ ਕਰਨ। ਇਸ ਨਾਲ ਜਿਥੇ ਕੌਮ ਨੂੰ ਬਹੁਤ ਲਾਭ ਹੋਵੇਗਾ, ਨਾਲ ਹੀ ਇਨ੍ਹਾਂ ਦਾ ਆਪਣਾ ਜੀਵਨ
ਸਫਲਾ ਹੋ ਜਾਵੇਗਾ। ਕਹਿਣ ਨੂੰ ਅਤੇ ਲਿਖਣ ਨੂੰ ਇਹ ਗੱਲ ਜਿਤਨੀ ਸੌਖੀ ਹੈ, ਅਮਲੀ ਤੌਰ `ਤੇ ਕਰਨ
ਵਿੱਚ ਉਤਨੀ ਔਖੀ ਵੀ ਹੈ। ਮਾਇਆ ਦੇ ਮੋਹ ਰੂਪੀ ਚਿੱਕੜ ਵਿੱਚ ਡੁਬਿਆ ਜੀਵਨ ਗੁਰੂ ਬਖਸ਼ਿਸ਼ ਬਗੈਰ ਕਿਥੇ
ਮੁਕਤ ਹੋ ਸਕਦਾ ਹੈ। ਬੇਸ਼ਕ ਇਹ ਗੱਲ ਬਹੁਤ ਔਖੀ ਹੈ ਪਰ ਨਾਮੁਮਕਿਨ ਵੀ ਨਹੀਂ। ਪਿਛਲੇ ਦਿਨੀ ਭਾਈ
ਰਣਜੀਤ ਸਿੰਘ ਢੱਡਰੀਆਂ ਵਾਲੇ ਵਿੱਚ ਆਈ ਤਬਦੀਲੀ ਇਸ ਗੱਲ ਦਾ ਇੱਕ ਜ਼ਿੰਦਾ ਪ੍ਰਮਾਣ ਹੈ। ਭਾਵੇਂ ਵੇਖਣ
ਨੂੰ ਇੰਝ ਲਗਦਾ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਆਪਣਾ ਡੇਰਾ ਅਜੇ ਤੱਕ ਬਰਕਰਾਰ ਰਖਿਆ
ਹੋਇਆ ਹੈ, ਪਰ ਜਿਸ ਤਰ੍ਹਾਂ ਉਹ ਨਿਰੋਲ ਗੁਰਮਤਿ `ਤੇ ਅਧਾਰਤ ਵਿਚਾਰਧਾਰਾ ਮੁਤਾਬਕ ਪ੍ਰਚਾਰ ਕਰ ਰਹੇ
ਹਨ, ਉਸੇ ਤਰ੍ਹਾਂ ਉਸ ਦਾ ਰੰਗ ਉਨ੍ਹਾਂ ਦੇ ਮਨ ਤੇ ਚੜ੍ਹਿਆ ਵੀ ਸਪੱਸ਼ਟ ਨਜ਼ਰ ਆਉਂਦਾ ਹੈ। ਇਸੇ ਲਈ
ਤਾਂ ਉਨ੍ਹਾਂ ਆਪਣੇ ਡੇਰੇ ਨੂੰ ਗੁਰਦੁਆਰੇ ਦਾ ਰੂਪ ਦੇਣ ਵਾਸਤੇ, ਡੇਰੇ ਦੀ ਸਾਰੀ ਜਾਇਦਾਦ ਗੁਰੂ
ਗ੍ਰੰਥ ਸਾਹਿਬ ਦੇ ਨਾਂ ਕਰਵਾ ਦਿੱਤੀ ਹੈ ਅਤੇ ਆਸ ਹੈ, ਗੁਰਦੁਆਰੇ ਦੇ ਪ੍ਰਬੰਧ ਲਈ ਸੰਗਤੀ ਪ੍ਰਬੰਧਕੀ
ਕਮੇਟੀ ਵੀ ਸਥਾਪਤ ਕਰ ਦਿੱਤੀ ਹੋਵੇਗੀ ਜਾਂ ਕਰ ਦੇਣਗੇ। ਸਾਰੀ ਜਾਇਦਾਦ ਗੁਰੂ ਗ੍ਰੰਥ ਸਾਹਿਬ ਦੇ ਨਾਂ
ਲੁਆਉਣਾ ਉਨ੍ਹਾਂ ਲਈ ਅਸਲੀ ਇਮਤਿਹਾਨ ਸੀ, ਜੋ ਉਨ੍ਹਾਂ ਪੂਰੇ ਨੰਬਰਾਂ ਨਾਲ ਪਾਸ ਕਰ ਲਿਆ ਹੈ।
ਸਭ ਤੋਂ ਵੱਡੀ ਗੱਲ ਉਨ੍ਹਾਂ ਵਿੱਚ ਆਈ ਤਬਦੀਲੀ ਨਾਲ ਡੇਰੇਦਾਰੀ ਵਿੱਚ ਸੁਧਾਰ
ਦੀ ਇੱਕ ਆਸ ਦੀ ਕਿਰਨ ਨਜ਼ਰ ਆਈ ਹੈ। ਹਾਲਾਂਕਿ ਜਿਸ ਤਰ੍ਹਾਂ ਬਾਕੀ ਡੇਰੇਦਾਰਾਂ ਨੇ ਉਨ੍ਹਾਂ ਦਾ
ਵਿਰੋਧ ਕਰਨਾ ਸ਼ੁਰੂ ਕੀਤਾ ਹੈ, ਇਥੋਂ ਤੱਕ ਕਿ ਉਨ੍ਹਾਂ `ਤੇ ਜਾਨਲੇਵਾ ਹਮਲਾ ਵੀ ਕੀਤਾ ਗਿਆ, ਜਿਸ
ਵਿੱਚ ਉਨ੍ਹਾਂ ਦੇ ਇੱਕ ਨੇੜਲੇ ਸਾਥੀ ਭਾਈ ਭੁਪਿੰਦਰ ਸਿੰਘ ਦੀ ਮੌਤ ਹੋ ਗਈ, ਜਿਥੇ ਬਹੁਤ ਦੁੱਖਦਾਈ
ਹੈ, ਉਥੇ ਨਿਰਾਸਤਾ ਵਾਲਾ ਵੀ ਹੈ। ਜਿਵੇਂ ਤਬਦੀਲੀ ਆਉਣ `ਤੇ ਸੰਗਤਾਂ ਵਲੋਂ ਭਾਈ ਰਣਜੀਤ ਸਿੰਘ
ਢੱਡਰੀਆਂ ਵਾਲੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਬਾਕੀ ਡੇਰੇਦਾਰਾਂ ਨੂੰ ਉਸ ਤੋਂ ਪ੍ਰੇਰਨਾ ਲੈਣੀ
ਚਾਹੀਦੀ ਸੀ।
ਭਾਵੇਂ ਨਾਂ ਤਾਂ ਯਾਦ ਨਹੀਂ ਪਰ ਇੱਕ ਉੱਘੇ ਵਿਦਵਾਨ ਦੀ ਲਿੱਖੀ ਇੱਕ ਗੱਲ
ਯਾਦ ਆਈ ਹੈ। ਉਹ ਲਿਖਦਾ ਹੈ ਕਿ ਸਮਾਜ ਦੀ ਵੇਖਾ ਵੇਖੀ ਉਹ ਕੁੱਝ ਗਲਤ ਕੰਮ ਕਰਨ ਲੱਗ ਪਿਆ। ਕੁੱਝ
ਸਮੇਂ ਬਾਅਦ ਉਸ ਨੂੰ ਮਹਿਸੂਸ ਹੋਇਆ ਕਿ ਉਹ ਜੋ ਕਰਮ ਕਰ ਕਰ ਰਿਹਾ ਹੈ, ਉਹ ਗੈਰ-ਇਖ਼ਲਾਕੀ ਅਤੇ ਉਸ ਦੇ
ਧਰਮ ਦੇ ਸਿਧਾਤਾਂ ਦੇ ਉਲਟ ਹਨ। ਉਸ ਨੇ ਇਨ੍ਹਾਂ ਬੁਰਾਈਆਂ ਦੀ ਪਹਿਚਾਣ ਕਰ ਲਈ ਅਤੇ ਫੈਸਲਾ ਕੀਤਾ ਕਿ
ਉਹ ਹੌਲੀ ਹੌਲੀ ੳਨ੍ਹਾਂ ਨੂੰ ਛੱਡ ਦੇਵੇਗਾ। ਉਹ ਉਨ੍ਹਾਂ ਔਗੁਣਾਂ ਨੂੰ ਕੁੱਝ ਘੱਟ ਕਰਨ ਦੀ ਕੋਸ਼ਿਸ਼
ਕਰਦਾ, ਕੁੱਝ ਸਮੇਂ ਲਈ ਕੁੱਝ ਕਾਮਯਾਬੀ ਵੀ ਮਹਿਸੂਸ ਹੁੰਦੀ, ਪਰ ਫਿਰ ਪਤਾ ਨਹੀਂ ਮੁੜ ਕਿਵੇਂ ਵਾਪਸ
ਉਸੇ ਹਾਲਾਤ ਵਿੱਚ ਵਾਪਸ ਪਹੁੰਚ ਜਾਂਦਾ। ਇੱਕ ਦਿਨ ਉਸ ਨੇ ਸਾਰੇ ਹਾਲਾਤ ਬਾਰੇ ਗੰਭੀਰਤਾ ਨਾਲ ਸੋਚਿਆ
ਅਤੇ ਮਹਿਸੂਸ ਕੀਤਾ ਕਿ ਬੁਰਾਈ ਤਾਂ ਇੱਕ ਸ਼ੈਤਾਨ ਵਾਂਗ ਹੁੰਦੀ ਹੈ, ਅਤੇ ਸ਼ੈਤਾਨ ਨਾਲ ਕੁੱਝ ਸਮੇਂ ਲਈ
ਵੀ ਸਮਝੌਤਾ ਕਿਵੇਂ ਕੀਤਾ ਜਾ ਸਕਦਾ ਹੈ? ਜੋ ਕਿ ਉਹ ਕਰ ਰਿਹਾ ਸੀ। ਸ਼ੈਤਾਨ ਨਾਲ ਤਾਂ ਫੌਰੀ ਤੌਰ `ਤੇ
ਪੂਰਨ ਤੋੜ ਵਿਛੋੜਾ ਹੀ ਹੋਣਾ ਚਾਹੀਦਾ ਹੈ। ਉਸ ਨੇ ਉਸੇ ਦਿਨ, ਉਸੇ ਪੱਲ ਤੋਂ, ਉਨ੍ਹਾਂ ਬੁਰਾਈਆਂ
ਨੂੰ ਤਿਆਗਣ ਦਾ ਪ੍ਰਣ ਕਰ ਲਿਆ ਅਤੇ ਸਦਾ ਲਈ ਉਨ੍ਹਾਂ ਤੋਂ ਮੁਕਤ ਹੋ ਗਿਆ।
ਕੁਝ ਵੀ ਹੋਵੇ, ਹੁਣ ਇਸ ਡੇਰਾਵਾਦੀ ਰੋਗ ਨਾਲ ਹੋਰ ਸਮਝੌਤੇ ਕਰਕੇ ਇਸ ਨੂੰ
ਹੋਰ ਪ੍ਰਫੁਲਤ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਖਾਲਸਾ ਪੰਥ ਵਾਸਤੇ ਵੀ ਹੁਣ ਨਿਰਣਾ ਕਰਨ ਦਾ ਸਮਾਂ ਆ ਗਿਆ ਹੈ। ਇਨ੍ਹਾਂ ਰੋਗ
ਦੇ ਕਿਟਾਣੂਆਂ ਨੂੰ ਹੋਰ ਪਨਪਣ ਦਾ ਮੌਕਾ ਨਹੀਂ ਦਿੱਤਾ ਜਾ ਸਕਦਾ। ਇਨ੍ਹਾਂ ਨਾਲੋਂ ਪੱਕਾ ਤੋੜ
ਵਿਛੋੜਾ ਕਰਨਾ ਪਵੇਗਾ। ਜਦੋਂ ਵੀ ਇਹ ਨਿਰਣਾਇਕ ਫੈਸਲਾ ਲੈਣ ਦੀ ਵਿਚਾਰ ਆਉਂਦੀ ਹੈ, ਇਨ੍ਹਾਂ ਦੇ ਹੀ
ਹੱਥ ਠੋਕੇ ਰੌਲਾ ਪਾਉਣਾ ਸ਼ੁਰੂ ਕਰ ਦੇਂਦੇ ਹਨ, "ਦੇਖਹੁ ਜੀ! ਕੌਮ ਵਿੱਚ ਪਾੜ ਪਾਉਣਾ ਚਾਹੁੰਦੇ ਹਨ।
ਕੌਮ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। "
ਕੁਝ ਸੱਚੇ ਪੰਥ ਦਰਦੀ ਵੀ ਅਨਭੋਲ ਹੀ ਇਸ ਭਰਮ ਦਾ ਸ਼ਿਕਾਰ ਹੋ ਜਾਂਦੇ ਹਨ।
ਸ਼ਾਇਦ ਅਸੀਂ ਕੌਮ ਦੀ ਅਤੇ ਪੰਥ ਦੀ ਪਰਿਭਾਸ਼ਾ ਹੀ ਭੁੱਲ ਗਏ ਹਾਂ। ਕੌਮ ਲੋਕਾਂ ਦਾ ਉਹ ਸਮੂਹ ਹੁੰਦੀ
ਹੈ, ਜੋ ਆਪਣੇ ਧਾਰਮਿਕ ਆਗੂ ਦੇ ਦੱਸੇ ਸਿਧਾਂਤਾਂ `ਤੇ ਦਰਿੜਤਾ ਨਾਲ ਪਹਿਰਾ ਦੇਂਦੇ ਹੋਏ, ਉਸ
ਵਿਚਾਰਧਾਰ ਅਨੁਸਰ ਜੀਵਨ ਜੀਉਂਦੇ ਹਨ। ਪੰਥ ਦਾ ਆਧਾਰ ਗੁਰੂ ਨਾਨਕ ਸਾਹਿਬ ਵਲੋਂ ਪ੍ਰਗੱਟ ਕੀਤੀ
ਅਨਮੋਲ ਜੀਵਨ ਜੁਗਤਿ ਹੈ।
ਬੇਸ਼ਕ ਪੰਥਕ ਜਥੇਬੰਦੀਆਂ ਕੌਮ ਦਾ ਇੱਕ ਅਨਿਖੜਵਾਂ ਅੰਗ ਹਨ, ਪਰ ਪੰਥਕ
ਜਥੇਬੰਦੀ ਅਖਵਾਉਣ ਦੇ ਹੱਕਦਾਰ ਕੇਵਲ ਉਹੀ ਹਨ ਜੋ ਚਾਹੇ ਪ੍ਰਚਾਰ ਰਾਹੀਂ, ਚਾਹੇ ਸਮਾਜਿਕ ਵਿਹਾਰ
ਰਾਹੀਂ ਜਾਂ ਰਾਜਨੀਤਿਕ ਪੱਧਰ `ਤੇ ਗੁਰੂ ਗ੍ਰੰਥ ਸਾਹਿਬ ਦੇ ਅਮੋਲਕ ਸਿਧਾਂਤਾਂ ਦੇ ਅਲੰਬਰਦਾਰ ਅਤੇ
ਪਹਿਰੇਦਾਰ ਹੋਣ ਦਾ ਫਰਜ਼ ਨਿਭਾ ਰਹੇ ਹਨ।
ਜੋ ਹੋਂਦ ਵਿੱਚ ਹੀ ਗੁਰਮਤਿ ਸਿਧਾਤਾਂ ਦੇ ਉਲਟ ਆਏ ਹਨ, ਜਿਨ੍ਹਾਂ ਦੀ
ਵਿਚਾਰਧਾਰਾ ਹੀ ਗੁਰੂ ਗ੍ਰੰਥ ਸਾਹਿਬ ਦੇ ਅਮੋਲਕ ਫਲਸਫੇ ਦੇ ਉਲਟ ਹੈ, ਜਿਨ੍ਹਾਂ ਨੇ ਗੁਰੂ ਗ੍ਰੰਥ
ਸਾਹਿਬ ਦੇ ਅਮੋਲਕ ਸਿਧਾਂਤਾਂ ਨੂੰ ਅਪਨਾਉਣ ਦੀ ਬਜਾਏ, ਕੇਵਲ ਗੁਰੂ ਗ੍ਰੰਥ ਸਾਹਿਬ ਦੇ ਬਾਹਰੀ ਸਰੂਪ
ਦੀ ਪੂਜਾ ਨੂੰ ਹੀ ਆਪਣੀ ਦੁਕਾਨਦਾਰੀ ਦਾ ਅਧਾਰ ਬਣਾਇਆ ਹੋਇਆ ਹੈ, ਉਨ੍ਹਾਂ ਨੂੰ ਕਦੇ ਵੀ ਪੰਥਕ
ਜਥੇਬੰਦੀ ਦੇ ਤੌਰ `ਤੇ ਮਾਨਤਾ ਨਹੀਂ ਦਿੱਤੀ ਜਾ ਸਕਦੀ।
ਇਹ ਉਹ ਵੱਡੀ ਭੁੱਲ ਹੈ ਜੋ ਅਸੀਂ ਅੱਜ ਤੱਕ ਕਰਦੇ ਰਹੇ ਹਾਂ। ਅਸੀਂ ਰੋਗ ਦੇ
ਕਿਟਾਣੂਆਂ ਨੂੰ ਆਪ ਪਨਪਣ ਦਾ ਮੌਕਾ ਦਿੱਤਾ ਹੈ। ਇਹ ਸਮਝੇ ਬਗ਼ੈਰ ਕਿ ਇਹ ਵੱਡੇ ਰੋਗ ਦੇ ਕਿਟਾਣੂ ਹਨ,
ਉਨ੍ਹਾਂ ਨੂੰ ਸਰੀਰ ਦਾ ਹਿੱਸਾ ਸਮਝਣ ਦੀ ਵੱਡੀ ਭੁੱਲ ਕੀਤੀ ਹੈ। ਇਸੇ ਵੱਡੇ ਭੁਲੇਖੇ ਵਿਚ, ਉਨ੍ਹਾਂ
ਨੂੰ ਸਰੀਰ ਨਾਲ ਬੰਨੀ ਰੱਖਿਆ ਹੈ। ਇਤਨਾ ਹੀ ਨਹੀਂ ਰੋਗ ਦੇ ਕਿਟਾਣੂਆਂ ਨੂੰ ਖੁਰਾਕ ਸਮਝ ਕੇ,
ਉਨ੍ਹਾਂ ਨੂੰ ਮਾਨਤਾ ਅਤੇ ਸਨਮਾਨ ਦੇਂਦੇ ਰਹੇ ਹਾਂ। ਨਤੀਜਾ ਇਹ ਕਿ ਰੋਗ ਫੈਲਦਾ ਫੈਲਦਾ ਸਰੀਰ ਦੇ
ਵੱਡੇ ਹਿੱਸੇ ਨੂੰ ਗ੍ਰਸ ਗਿਆ ਹੈ।
ਫੇਰ ਗੱਲ ਕੌਮ ਵਿੱਚ ਵੰਡੀਆਂ ਪਾਉਣ ਦੀ ਨਹੀਂ ਹੋ ਰਹੀ। ਹਰ ਸਿੱਖ, ਕੌਮ ਦਾ
ਇੱਕ ਅਨਿਖੜਵਾਂ ਅੰਗ ਹੈ। ਕੌਮੀ ਤੌਰ `ਤੇ ਬਰਾਬਰ ਦੇ ਸਤਿਕਾਰ ਦਾ ਅਤੇ ਅਧਿਕਾਰ ਦਾ ਭਾਗੀ ਹੈ।
ਕੋਸ਼ਿਸ਼ ਤਾਂ ਉਨ੍ਹਾ ਨੂੰ ਡੇਰਾਵਾਦ ਦੇ ਰੋਗ ਤੋਂ ਮੁਕਤ ਕਰਾ ਕੇ ਖਾਲਸਾ ਪੰਥ ਦੇ ਸਰੀਰ ਦਾ ਇੱਕ
ਨਰੋਇਆ ਅੰਗ ਬਨਾਉਣ ਦੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਡੇਰੇਦਾਰ ਵਿਰੁਧ ਕੋਈ ਕਰੜਾ ਫੈਸਲਾ
ਲੈਣ ਨਾਲ ਕੁੱਝ ਸਿੱਖੀ ਸਰੂਪ ਵਾਲਿਆ ਦੇ ਵੀ ਉਨ੍ਹਾਂ ਨਾਲ ਚਲੇ ਜਾਣ ਦੀ ਵੱਡੀ ਸੰਭਾਵਨਾ ਹੈ। ਪਰ
ਪੁਰਾਨੇ ਤਜ਼ਰਬੇ ਕੋਈ ਇਤਨੇ ਮਾੜੇ ਵੀ ਨਹੀਂ ਹਨ।
੧੩ ਅਪ੍ਰੈਲ ੧੯੭੮ ਨੂੰ ਨਕਲੀ ਨਿਰੰਕਾਰੀਆਂ ਨਾਲ ਸਿੱਧਾ ਟਕਰਾ ਹੋਣ ਤੋਂ
ਪਹਿਲਾਂ ਉਨ੍ਹਾਂ ਦੇ ਪੈਰੋਕਾਰਾਂ ਵਿੱਚ ਸਿੱਖਾਂ ਦੀ ਗਿਣਤੀ ੫੦ ਪ੍ਰਤੀਸ਼ਤ ਤੋਂ ਕਿਤੇ ਵਧੇਰੇ ਸੀ। ੧੦
ਜੂਨ ੧੯੭੮ ਨੂੰ ਅਕਾਲ ਤਖ਼ਤ ਸਾਹਿਬ ਤੋਂ ਨਕਲੀ ਨਿਰੰਕਾਰੀਆਂ ਨਾਲੋਂ ਹਰ ਸਿੱਖ ਨੂੰ ਨਾਤੇ ਤੋੜ ਲੈਣ
ਸਬੰਧੀ ਗੁਰਮਤਾ ਜਾਰੀ ਹੋਣ ਤੋਂ ਬਾਅਦ, ਅੱਜ ਇਹ ਘੱਟ ਕੇ ੨ ਪ੍ਰਤੀਸ਼ਤ ਤੋਂ ਵੀ ਥੱਲੇ ਆ ਗਈ ਹੈ।
ਬੇਸ਼ਕ ਉਨ੍ਹਾਂ ਦੇ ਪੈਰੋਕਾਰਾਂ ਦੀ ਕੁਲ ਗਿਣਤੀ ਵਿੱਚ ਕੁੱਝ ਵਾਧਾ ਹੋਇਆ ਹੋਵੇ, ਪਰ ਉਸ ਨਾਲ ਸਾਨੂੰ
ਕੋਈ ਵਡਾ ਫਰਕ ਨਹੀਂ ਪੈਂਦਾ। ਸਾਡੀ ਚੇਤੰਨਤਾ ਦਾ ਵਿਸ਼ਾ ਤਾਂ ਇਹ ਹੈ ਕਿ ਉਹ ਸਿੱਖਾਂ ਨੂੰ ਗੁੰਮਰਾਹ
ਨਾ ਕਰ ਸਕਣ। ਇਸ ਸਬੰਧੀ ਸਾਨੂੰ ਅੱਗੋਂ ਵੀ ਚੇਤੰਨ ਰਹਿਣ ਦੀ ਲੋੜ ਹੈ।
ਬਿਲਕੁਲ ਇਸੇ ਤਰ੍ਹਾਂ ਸ਼੍ਰੋਮਣੀ ਖਾਲਸਾ ਪੰਚਾਇਤ ਅਤੇ ਹੋਰ ਪੰਥਕ ਜਥੇਬੰਦੀਆਂ
ਵੱਲੋਂ ਪਖੰਡੀ ਆਸ਼ੂਤੋਸ਼ ਦੀ ਦਿਵਿਆ ਜਯੋਤੀ ਜਾਗਰਨ ਸੰਸਥਾਨ ਵਿਰੁਧ ਸੰਘਰਸ਼ ਸ਼ੁਰੂ ਕਰਨ ਤੋਂ ਬਾਅਦ ਇੱਕ
ਵਾਰੀ ਤਾਂ ਆਸ਼ੂਤੋਸ਼ ਪੰਜਾਬ ਛੱਡ ਕੇ ਹੀ ਭਜ ਗਿਆ ਸੀ। ਬਾਦਲ ਪਰਿਵਾਰ ਵਲੋਂ ਪਿਛਲੇ ਦਰਵਾਜਿਓ ਉਸ ਦੀ
ਮਦਦ ਕਰ ਕੇ ਉਸ ਨੂੰ ਨਵੀਂ ਜ਼ਿੰਦਗੀ ਦੇਣ ਤੋਂ ਬਾਅਦ, ਭਾਵੇਂ ਉਹ ਪੰਜਾਬ ਵਾਪਸ ਆ ਵੀ ਗਿਆ ਸੀ, ਪਰ
ਸੰਘਰਸ਼ ਦਾ ਨਤੀਜਾ, ਸੂਝਵਾਨ ਸਿੱਖ ਕਾਫੀ ਸੁਚੇਤ ਹੋ ਚੁੱਕੇ ਸਨ ਅਤੇ ਉਸ ਦੇ ਪੈਰੋਕਾਰਾਂ ਵਿਚੋਂ ਵੀ
ਸਿੱਖਾਂ ਦੀ ਗਿਣਤੀ ਬਹੁਤ ਘੱਟ ਗਈ।
ਮੈਨੂੰ ਇਹ ਪੂਰਨ ਵਿਸ਼ਵਾਸ ਹੈ ਕਿ ਜਿਸ ਦਿਨ ਕੌਮ ਨੇ ਜੁਰਅਤ ਕਰ ਕੇ ਇਨ੍ਹਾਂ
ਡੇਰੇਦਾਰ ਵਿਰੁਧ ਕੋਈ ਵੱਡਾ ਸਮੂਹਿਕ ਪੰਥਕ ਫੈਸਲਾ ਲਿਆ, ਡੇਰੇਦਾਰਾਂ ਦੇ ਭਰਮਜਾਲ ਵਿੱਚ ਫਸੇ ਬਹੁਤੇ
ਸਿੱਖ ਇਨ੍ਹਾ ਨਾਲੋਂ ਨਾਤਾ ਤੋੜ ਕੇ ਆਪਣੇ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਮੁੜ
ਆਉਣਗੇ। ਪਰ ਜੇ ਕੁੱਝ ਭੁੱਲੜ ਇਨ੍ਹਾਂ ਦੇ ਨਾਲ ਚਲੇ ਵੀ ਜਾਣ, ਤਾਂ ਬਹੁਤੀ ਪਰਵਾਹ ਕਰਨ ਦੀ ਲੋੜ
ਨਹੀਂ। ਰੋਗ ਗ੍ਰਸਤ ਗਲਿਆ ਸੜਿਆਂ ਅੰਗ ਕੱਟ ਜਾਣ ਵਿੱਚ ਹੀ ਕੌਮੀ ਸਰੀਰ ਦਾ ਭਲਾ ਹੈ। ਸਤਿਗੁਰੂ ਨੇ
ਵੀ ਗੁਰਬਾਣੀ ਰਾਹੀਂ ਸਾਨੂੰ ਇਹੀ ਸਮਝਾਇਆ ਹੈ:
"ਦੇਵਗੰਧਾਰੀ ਮਹਲਾ ੫।। ਉਲਟੀ ਰੇ ਮਨ ਉਲਟੀ ਰੇ।। ਸਾਕਤ ਸਿਉ ਕਰਿ ਉਲਟੀ
ਰੇ।।
ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ
ਰੇ।। ੧।। ਰਹਾਉ।।
ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ।।
ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ।। ੧।।
ਮਾਗਉ ਦਾਨੁ ਕ੍ਰਿਪਾਲ ਕ੍ਰਿਪਾਨਿਧਿ ਮੇਰਾ ਮੁਖੁ ਸਾਕਤ ਸੰਗਿ ਨ ਜੁਟਸੀ ਰੇ।।
ਜਨ ਨਾਨਕ ਦਾਸ ਦਾਸ ਕੋ ਕਰੀਅਹੁ ਮੇਰਾ ਮੂੰਡੁ ਸਾਧ ਪਗਾ ਹੇਠਿ ਰੁਲਸੀ ਰੇ।।
੨।। ੪।। ੩੭।। " {ਪੰਨਾ ੫੩੫}
ਹੇ ਮੇਰੇ ਮਨ
!
ਜੇਹੜੇ ਮਨੁੱਖ ਪਰਮਾਤਮਾ ਨਾਲੋਂ ਸਦਾ ਟੁੱਟੇ ਰਹਿੰਦੇ ਹਨ, ਉਹਨਾਂ ਨਾਲੋਂ ਆਪਣੇ ਆਪ ਨੂੰ ਸਦਾ ਪਰੇ
ਰੱਖ, ਪਰੇ ਰੱਖ। ਹੇ ਮਨ !
ਸਾਕਤ ਝੂਠੇ ਮਨੁੱਖ ਦੀ ਪ੍ਰੀਤ ਨੂੰ ਭੀ ਝੂਠ ਹੀ ਸਮਝ, ਇਹ ਕਦੇ ਤੋੜ ਨਹੀਂ ਨਿਭਦੀ, ਇਹ ਜ਼ਰੂਰ ਟੁੱਟ
ਜਾਂਦੀ ਹੈ। ਫਿਰ, ਸਾਕਤ ਦੀ ਸੰਗਤਿ ਵਿੱਚ ਰਿਹਾਂ ਵਿਕਾਰਾਂ ਤੋਂ ਕਦੇ ਖ਼ਲਾਸੀ ਨਹੀਂ ਹੋ ਸਕਦੀ। ੧।
ਰਹਾਉ।
ਹੇ ਮਨ
!
ਜਿਵੇਂ ਕੋਈ ਘਰ ਕੱਜਲ ਨਾਲ ਭਰ ਲਿਆ ਜਾਏ, ਉਸ ਵਿੱਚ ਜੇਹੜਾ ਭੀ ਮਨੁੱਖ ਵੜੇਗਾ ਉਹ ਕਾਲਖ ਨਾਲ ਭਰ
ਜਾਏਗਾ (ਤਿਵੇਂ ਪਰਮਾਤਮਾ ਨਾਲੋਂ ਟੁੱਟੇ ਮਨੁੱਖ ਨਾਲ ਮੂੰਹ ਜੋੜਿਆਂ ਵਿਕਾਰਾਂ ਦੀ ਕਾਲਖ ਹੀ
ਮਿਲੇਗੀ)। ਗੁਰੂ ਨੂੰ ਮਿਲ ਕੇ ਜਿਸ ਮਨੁੱਖ ਦੀ ਮੱਥੇ ਦੀ ਤ੍ਰਿਊੜੀ ਮਿਟ ਜਾਂਦੀ ਹੈ (ਜਿਸ ਦੇ
ਅੰਦਰੋਂ ਵਿਕਾਰਾਂ ਦੀ ਖਿੱਚ ਦੂਰ ਹੋ ਜਾਂਦੀ ਹੈ) ਉਹ ਦੂਰ ਤੋਂ ਹੀ ਸਾਕਤ ਮਨੁੱਖ ਕੋਲੋਂ ਪਰੇ ਪਰੇ
ਰਹਿੰਦਾ ਹੈ। ੧।
ਹੇ ਕਿਰਪਾ ਦੇ ਘਰ ਪ੍ਰਭੂ
!
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ !
ਮੈਂ ਤੇਰੇ ਪਾਸੋਂ ਇੱਕ ਦਾਨ ਮੰਗਦਾ ਹਾਂ (ਮੇਹਰ ਕਰ) ਮੈਨੂੰ ਕਿਸੇ ਸਾਕਤ ਨਾਲ ਵਾਹ ਨਾਹ ਪਏ। ਹੇ
ਦਾਸ ਨਾਨਕ !
(ਆਖ—ਹੇ ਪ੍ਰਭੂ !)
ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਮੇਰਾ ਸਿਰ ਤੇਰੇ ਸੰਤ ਜਨਾਂ ਦੇ ਪੈਰਾਂ ਹੇਠ ਪਿਆ ਰਹੇ।
ਜੇ ਇੱਕ ਵਾਰੀ ਇੰਝ ਵੀ ਜਾਪੇ ਕਿ ਕੌਮ ਵਿੱਚ ਪਾੜ ਪੈ ਰਿਹਾ ਹੈ, ਤਾਂ ਇੱਕ
ਵਾਰੀ ਖਾਲਸਾ ਪੰਥ ਨੂੰ ਇਹ ਸੱਲ੍ਹ ਸਹਿਣਾ ਹੀ ਪਵੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਤਿਗੁਰੂ ਨੇ
ਸਿੱਖ ਨੂੰ ਇੱਕ ਅੱਡਰਾ ਸਰੂਪ, ਅਡਰੀ ਪਹਿਚਾਨ ਬਖਸ਼ੀ ਹੈ, ਪਰ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਇਹ
ਪਹਿਚਾਨ ਗੁਰੂ ਨਾਨਕ ਸਾਹਿਬ ਦੇ ਨਿਰਮਲ ਗੁਣਾਂ ਭਰਪੂਰ ਪੂਰਨ ਮਨੁੱਖ ਦੀ ਹੈ। ਗੁਰੂ ਦੇ ਪਾਵਨ
ਉਪਦੇਸ਼ਾਂ `ਤੇ ਅਮਲ ਕਰ ਕੇ ਨਿਰਮਲ ਜੀਵਨ ਜੀਣ ਵਲਾ ਗੁਰਸਿੱਖ ਹੀ ਗੁਰੂ ਦੇ ਬਖਸ਼ੇ ਪਾਵਨ ਸਰੂਪ ਦੀ
ਮਹੱਤਤਾ ਵੀ ਸਮਝਦਾ ਹੈ ਅਤੇ ਉਸ ਦੀ ਸੰਭਾਲ ਕਰਨ ਅਤੇ ਸਤਿਕਾਰ ਬਣਾ ਕੇ ਰਖਣ ਦੇ ਉਪਰਾਲੇ ਕਰਦਾ ਹੈ।
ਗੁਰਮਤਿ ਸਿਧਾਂਤਾਂ ਤੋਂ ਟੁੱਟ ਕੇ ਕੱਟੜਤਾ ਦੇ ਲਬਾਦੇ ਵਿੱਚ ਲਿਪਟੇ ਸਰੀਰ `ਤੇ ਖਾਲਸਾ ਸਰੂਪ ਵੀ
ਬਹੁਤੀ ਦੇਰ ਨਹੀਂ ਟਿੱਕ ਸਕਦਾ। ਇਸ ਲਈ ਜੇ ਕੋਰੀ ਭਾਵਨਾ ਦੇ ਵੇਗ ਵਿੱਚ ਵਗਦੇ ਰਹੇ, ਤਾਂ ਗੁਰੂ
ਨਾਨਕ ਪਾਤਿਸ਼ਾਹ ਦੇ ਨਿਰਮਲ ਪੰਥ ਦਾ ਨਿਰਮਲ ਅਤੇ ਨਿਆਰਾ ਸਰੂਪ ਬਚਾਉਣਾ ਮੁਸ਼ਕਲ ਹੋ ਜਾਵੇਗਾ। ਬਾਹਰੀ
ਭੇਖ ਭਾਵੇਂ ਬੱਚਿਆ ਰਹੇ, ਸਿੱਖ ਸਿਧਾਂਤ ਦੀਆਂ ਨੀਹਾਂ `ਤੇ ਖੜਾ ਸਿੱਖ ਕਿਰਦਾਰ ਗੁਆਚ ਜਾਵੇਗਾ।
ਇਸ ਨੂੰ ਬਚਾਉਣ ਵਾਸਤੇ ਇਨ੍ਹਾਂ ਡੇਰਦਾਰਾਂ ਨਾਲੋਂ ਤੋੜ-ਵਿਛੋੜਾ ਕਰਨ ਦਾ ਇਹ
ਦੁੱਖਦਾਈ ਕਰੜਾ ਫੈਸਲਾ ਕਰਨਾ ਹੀ ਪਵੇਗਾ। ਇਨ੍ਹਾਂ ਨਕਲੀ ਸੰਤਾਂ ਨਾਲੋ ਤੋੜ ਵਿਛੋਵਾ ਕਰ ਕੇ ਪੱਕੇ
‘ਗੁਰੂ ਸੰਤ` ਨਾਲ ਜੁੜਨਾ ਪਵੇਗਾ। ਗੁਰੂ ਛੋਹ ਪ੍ਰਾਪਤ ਅਰੋਗ ਸਰੀਰ ਛੇਤੀ ਹੀ ਗੁਰੂ ਗਿਆਨ ਦੀ ਖੜਗ
ਦੀ ਤਾਕਤ ਨਾਲ ਮੁੜ ਅਥਾਹ ਸ਼ਕਤੀ ਦਾ ਸੰਚਾਰ ਕਰਕੇ ਸੰਸਾਰ ਵਿੱਚ ਉਹੀ ਨਿਰਮਲ ਅਤੇ ਨਿਆਰੀ ਹੱਸਤੀ ਨਾਲ
ਵਿਚਰ ਸਕੇਗਾ। ਮੁੜ ਖਾਲਸਾ ਜੀ ਕੇ ਬੋਲਬਾਲੇ ਹੋਣਗੇ ਅਤੇ ਮੁੜ ਖਾਲਸਾਈ ਨਿਸ਼ਾਨ ਅੰਬਰਾਂ ਵਿੱਚ
ਝੂਲਣਗੇ।
ਸਲੋਕ ਡਖਣੇ ਮਃ ੫।।
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ।।
ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ।। ੧।। {ਪੰਨਾ ੧੧੦੨}
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
ਸਮਾਪਤੀ
(ਦਾਸ
ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)
ਰਾਜਿੰਦਰ ਸਿੰਘ
(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)
email: [email protected]