.

ਸਿੱਖ ਧਰਮ ਵਿੱਚ ਇਸਤ੍ਰੀ ਦਾ ਸਥਾਨ

ਸਿੱਖ ਧਰਮ ਦੇ ਵਜੂਦ ਵਿੱਚ ਆਉਣ ਤੋਂ ਪਹਿਲੇ ਭਾਰਤ ਵਿੱਚ ਇਸਤ੍ਰੀ ਜਾਤ ਦੀ ਹਾਲਤ ਤਰਸ ਯੋਗ ਸੀ। ਮਨੂ ਸਿਮ੍ਰਤੀ ਵਿੱਚ ਲਿਖੇ ਸਿਧਾਤਾਂ ਅਨੁਸਾਰ ਹਿੰਦੂ ਇਸਤ੍ਰੀ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਪਤੀ ਨੂੰ ਪ੍ਰਮੇਸ਼ਵਰ ਦਾ ਦਰਜਾ ਦੇਵੇ ਭਾਵੇਂ ਉਸ ਦੇ ਪਤੀ ਵਿੱਚ ਸਾਰੇ ਔਗੁਣ ਹੋਣ। ਪਤੀ ਦੀ ਮੌਤ ਤੇ ਇੱਕ ਇਸਤ੍ਰੀ ਲਈ ਇਹ ਜ਼ਰੂਰੀ ਸੀ ਕਿ ਉਹ ਉਸ ਦੇ ਨਾਲ ਸੜ ਮਰੇ ਤੇ ਸਤੀ ਦੀ ਰਸਮ ਪੂਰੀ ਕਰੇ, ਪਰ ਇਸਤ੍ਰੀ ਦੀ ਮੌਤ ਤੋਂ ਬਾਅਦ ਉਸ ਦਾ ਪਤੀ ਸ਼ਾਦੀ ਕਰ ਸਕਦਾ ਸੀ। ਇਸਤ੍ਰੀਆਂ ਨੂੰ ਵੇਦ ਉਚਾਰਨ ਤੇ ਯੱਗਾਂ ਵਿੱਚ ਭਾਗ ਲੈਣ ਦਾ ਵੀ ਅਧਿਕਾਰ ਨਹੀਂ ਸੀ। ਮਨੂ ਲਿਖਦਾ ਹੈ ਕਿ ਬਚਪਨ ਵਿੱਚ ਲੜਕੀ ਨੂੰ ਅਪਣੇ ਪਿਤਾ ਦੇ ਹੁਕਮ ਵਿੱਚ ਰਹਿਣਾ ਚਾਹੀਦਾ ਹੈ, ਸ਼ਾਦੀ ਤੋਂ ਬਾਅਦ ਪਤੀ ਦੀ ਆਗਿਆ ਦਾ ਪਾਲਨ ਕਰਨਾ ਚਾਹੀਦਾਹੈ ਤੇ ਬੁਢੇਪੇ ਵਿੱਚ ਪੁਤਰਾਂ ਦੇ ਹੁਕਮਾਂ ਅਨੁਸਾਰ ਜੀਵਨ ਬਿਤੀਤ ਕਰਨਾ ਚਾਹੀਦਾ ਹੈ। ਪ੍ਰਸਿਧ ਇਤਿਹਾਸਕਾਰ C Majumdar ਨੇ ਆਪਣੀ ਪੁਸਤਕ Ancient India (੧੯੬੦) ਦੇ ਪੰਨਾ ੪੭੪ ਤੇ ਵੀ ਇਸ ਗੱਲ ਦੀ ਤਸਦੀਕ ਕੀਤੀ ਹੈ। ਤੁਲਸੀ ਦਾਸ ਜੀ ਨੇ ਤਾਂ ਰਾਮ ਚਰਿਤ੍ਰ ਮਾਨਸ ਵਿੱਚ ਲਿਖਿਆ ਹੈ:- ਗਵਾਰ ਸ਼ੂਦਰ ਪਸ਼ੂ ਅਰ ਨਾਰੀ ਸਭ ਤਾੜਨ ਕੇ ਅਧਿਕਾਰੀ। ਮਸ਼ਹੂਰ ਕਿੱਸਾਕਾਰ ਕਵੀ ‘ਪੀਲੂ` ਨੇ ਤਾਂ ਇਹ ਵੀ ਲਿਖਿਆ ਹੈ:- ਭੱਠ ਰੰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮਤ। ਬੁਧ ਮਤ ਵਿੱਚ ਵੀ ਨਿਰਵਾਨ ਦੀ ਪ੍ਰਾਪਤੀ ਲਈ ਪਰਵਾਰ ਤੇ ਇਸਤ੍ਰੀ ਦਾ ਤਿਆਗ ਜ਼ਰੂਰੀ ਸੀ। ਯੋਗੀ ਵੀ ਇਸਤ੍ਰੀ ਨੂੰ ਰੂਹਾਨੀਅਤ ਦੇ ਰਾਹ ਵਿੱਚ ਰੁਕਾਵਟ ਸਮਝਦੇ ਸਨ ਤੇ ਸ਼ਾਦੀ ਨਹੀਂ ਕਰਦੇ ਸੀ। ਯੋਗੀ ਗੋਰਖ ਨਾਥ ਨੇ ਤਾਂ ਇਸਤ੍ਰੀ ਨੂੰ ਬਾਘਨੀ ਦਾ ਦਰਜਾ ਦਿੱਤਾ ਹੈ ਜੋ ਮੁਕਤੀ ਦੇ ਰਾਹ ਵਿੱਚ ਇੱਕ ਵਡੀ ਰੁਕਾਵਟ ਹੈ। ਇਸਤ੍ਰੀ ਨੂੰ ਮਨੁੱਖ ਦੇ ਪੈਰ ਦੀ ਜੁੱਤੀ, ਸਾਰੀ ਮੁਸੀਬਤਾਂ ਦੀ ਜੜ੍ਹ ਤੇ ਪੁਰਸ਼ ਦੀ ਕਾਮ ਵਾਸ਼ਨਾ ਨੂੰ ਉਤੇਜਤ ਕਰਨ ਵਾਲੀ ਸਮਝਿਆ ਜਾਂਦਾ ਸੀ। ਭਾਰਤ ਉੱਤੇ ਮੁਸਲਮਾਨਾਂ ਦੇ ਹਮਲਿਆਂ ਤੇ ਹਕੂਮਤ ਨਾਲ ਨਾਰੀ ਦੀ ਆਜ਼ਾਦੀ ਤੇ ਸਤਿਕਾਰ ਵਿੱਚ ਭਾਰੀ ਗਿਰਾਵਟ ਆਈ। ਜੇਤੂ ਮੁਸਲਮਾਨ ਇਸਤ੍ਰੀਆਂ ਨੂੰ ਕੈਦ ਕਰਕੇ ਭਾਰਤ ਤੋਂ ਬਾਹਰ ਲੈ ਜਾਂਦੇ, ਉਨ੍ਹਾਂ ਨਾਲ ਬਲਾਤਕਾਰ ਕਰਦੇ ਤੇ ਵੇਚ ਦਿੰਦੇ। ਪਰਦੇ, ਬਾਲ ਵਿਵਾਹ, ਦੇਵ ਦਾਸੀ ਤੇ ਸਤੀ ਦਾ ਰਿਵਾਜ ਜ਼ੋਰ ਫੜ ਗਿਆ। ਉਸ ਸਮੇਂ ਇਸਤ੍ਰੀ ਲਈ ਕਿਹਾ ਜਾਂਦਾ ਸੀ:- ਅੰਦਰ ਬੈਠੀ ਲੱਖ ਦੀ, ਬਾਹਰ ਗਈ ਕੱਖ ਦੀ।

ਮੁਸਲਮਾਨਾਂ ਵਿੱਚ ਵੀ ਨਾਰੀ ਦਾ ਦਰਜਾ ਬਹੁਤ ਨੀਵਾਂ ਸੀ। ਕੁਰਾਨ ਸ਼ਰੀਫ ਦੀ ਕਈ ਆਇਤਾਂ ਇਸ ਦੀ ਗਵਾਹੀ ਦਿੰਦੀਆਂ ਹਨ। ਕੁਰਾਨ ਸ਼ਰੀਫ ਵਿੱਚ ਲਿਖਿਆ ਹੈ ਕਿ ਇਸਤ੍ਰੀ ਪੁਰਸ਼ ਦੀ ਜਾਇਦਾਦ ਹੈ। ਇੱਕ ਮੁਸਲਮਾਨ ਮਰਦ ਆਪਣੀ ਜ਼ਨਾਨੀ ਨੂੰ ਜਦੋਂ ਉਸ ਦੀ ਮਰਜ਼ੀ ਹੋਵੇ ਤਲਾਕ ਦੇ ਸਕਦਾ ਹੈ, ਪਰ ਇਸਤ੍ਰੀ ਨੂੰ ਇਹ ਹਕ ਨਹੀਂ ਹੈ। ਮੁਸਲਮਾਨ ਇਸਤ੍ਰੀਆਂ ਆਪਣੇ ਮਰਦਾਂ ਨਾਲ ਮਸੀਤ ਵਿੱਚ ਨਿਮਾਜ਼ ਨਹੀਂ ਪੜ੍ਹ ਸਕਦੀਆਂ ਕਿਉਂਕਿ ਮੁਸਲਮਾਨ ਮਤ ਅਨੁਸਾਰ ਨਾਰੀ ਮਨੁੱਖ ਦੀ ਕਾਮ ਚੇਸ਼ਟਾ ਨੂੰ ਉਕਸਾਂਦੀ ਹੈ ਤੇ ਉਸ ਦੀ ਰੂਹਾਨੀ ਤਰੱਕੀ ਦੇ ਰਾਹ ਵਿੱਚ ਰੋੜਾ ਹੈ। ਪਰਦੇ ਦਾ ਰਿਵਾਜ ਮੁਸਲਮਾਨਾਂ ਦੀ ਦੇਣ ਹੈ। ਮੁਸਲਮਾਨ ਇਸਤ੍ਰੀ ਨੂੰ ਔਰਤ ਕਹਿੰਦੇ ਹਨ ਤੇ ਫਾਰਸੀ ਬੋਲੀ ਵਿੱਚ ਔਰਤ ਦਾ ਅਰਥ ਉਹ ਚੀਜ਼ ਹੈ ਜਿਸ ਨੂੰ ਪਰਦੇ ਵਿੱਚ ਰਖਿਆ ਜਾਵੇ। ਦੋ ਇਸਤ੍ਰੀਆਂ ਦੀ ਗਵਾਹੀ ਇੱਕ ਮਰਦ ਦੀ ਗਵਾਹੀ ਦੇ ਬਰਾਬਰ ਗਿਣੀ ਜਾਂਦੀ ਹੈ। ਇੱਕ ਮੁਸਲਮਾਨ ਮਰਦ ਪਹਿਲੀ ਪਤਨੀ/ਪਤਨੀਆਂ ਨੂੰ ਤਲਾਕ ਦਿਤੇ ਬਿਨਾਂ ਵੀ ਚਾਰ ਵੇਰੀ ਸ਼ਾਦੀ ਕਰ ਸਕਦਾ ਹੈ। ਗੁਰੁ ਨਾਨਕ ਦੇਵ ਜੀ ਦੇ ਇਸਤ੍ਰੀ ਦੇ ਹੱਕ ਵਿੱਚ ਆਵਾਜ਼ ਉਠਾਉਣ ਤੋਂ ਪਹਿਲੇ ਉਸ ਨੂੰ ਮਰਦ ਦੇ ਮਨ ਪਰਚਾਵੇ ਦਾ ਸਾਧਨ, ਘਰ ਦੇ ਕੰਮ ਕਾਜ ਕਰਣ ਵਾਲੀ ਦਾਸੀ ਤੇ ਔਲਾਦ ਪੈਦਾ ਕਰਨ ਦੇ ਲਈ ਵਰਤਿਆ ਜਾਂਦਾ ਸੀ।

ਸੰਸਾਰ ਦੇ ਇਤਿਹਾਸ ਵਿੱਚ ਸਿੱਖ ਧਰਮ ਦੇ ਮੋਢੀ, ਗੁਰੂ ਨਾਨਕ ਦੇਵ ਜੀ, ਹੀ ਪਹਿਲੇ ਆਗੂ ਹਨ ਜਿਸ ਨੇ ਇਸਤ੍ਰੀ ਦੀ ਦੁਰਦਸ਼ਾ ਨੂੰ ਵੇਖ ਕੇ ਉਸ ਦੇ ਹੱਕ ਵਿੱਚ ਆਵਾਜ਼ ਉਠਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇੱਕੋ ਧਾਰਮਕ ਗ੍ਰੰਥ ਹੈ ਜਿਸ ਵਿੱਚ ਇਸਤ੍ਰੀ ਜਾਤੀ ਦੇ ਸੁਧਾਰ ਲਈ ਬਹੁਤ ਕੁੱਝ ਲਿਖਿਆ ਗਿਆ ਹੈ। ਗੁਰੂ ਅਮਰ ਦਾਸ ਜੀ ਨੇ ਤਾਂ ਮਰਦਾਂ ਤੇ ਇਸਤ੍ਰੀਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ ਤੇ ਫਰਮਾਇਆ ਹੈ ਕਿ ਸਾਰੇ ਮਰਦ ਤੇ ਇਸਤ੍ਰੀਆਂ ਇੱਕ ਵਾਹਿਗੁਰੂ ਦੀ ਪਤਨੀਆਂ ਹਨ:- ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ।। ਪੰਨਾ ੫੯੧ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿੱਚ ਸਮਾਜ ਵਿੱਚ ਲਤਾੜੀ ਜਾਂਦੀ ਇਸਤ੍ਰੀ ਨੂੰ ਬੜਾ ਸਤਿਕਾਰਿਆ ਹੈ। ਆਪ ਲਿਖਦੇ ਹਨ ਕਿ ਇੱਕ ਅਕਾਲ ਪੁਰਖ ਤੋਂ ਬਿਨਾਂ ਅਸਾਨੂੰ ਸਾਰਿਆਂ ਨੂੰ ਇਸਤ੍ਰੀ ਨੇ ਹੀ ਜਨਮ ਦਿੱਤਾ ਹੈ ਤੇ ਨਾਰੀ ਤੋਂ ਬਿਨਾਂ ਮਨੁੱਖ ਦਾ ਗੁਜ਼ਾਰਾ ਨਹੀਂ ਹੋ ਸਕਦਾ। ਰਾਜੇ ਮਹਾਰਾਜੇ ਤੇ ਮਹਾਂਪੁਰਸ਼ ਵੀ ਨਾਰੀ ਦੀ ਹੀ ਸੰਤਾਨ ਹਨ:-

ਭੰਡਿ (ਇਸਤ੍ਰੀ) ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।। ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ।।

ਭੰਡੁ ਮੂਆ ਭੰਡੁ ਭਾਲੀਐ ਭੰਡਿ ਹੋਵੇ ਬੰਧਾਨੁ।। ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।

ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ।। ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ।। ਪੰਨਾ ੪੭੩

ਪ੍ਰਸੂਤ ਦੇ ਦਿਨਾਂ ਵਿੱਚ ਇਸਤ੍ਰੀ ਨੂੰ ਕਈ ਦਿਨਾਂ ਲਈ ਅਪਵਿਤਰ ਸਮਝਿਆ ਜਾਂਦਾ ਸੀ ਗੁਰੂ ਜੀ ਨੇ ਇਸ ਵਹਿਮ ਨੂੰ ਦੂਰ ਕਰਨ ਲਈ ਲੋਕਾਂ ਨੂੰ ਸਮਝਾਇਆ ਕਿ ਅਸਲ ਵਿੱਚ ਸੂਤਕ ਤਾਂ ਲੋਭ, ਝੂਠ ਬੋਲਣਾ ਤੇ ਪਾਪ ਕਮਾਉਣਾ ਹੈ:-

ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ।। ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ।। ਪੰਨਾ ੪੭੨

ਦਾਜ ਦਾ ਰਿਵਾਜ ਵੀ ਕਈ ਵੇਰ ਇਸਤ੍ਰੀ ਦੇ ਜੀਵਨ ਵਿੱਚ ਦੁਖਦਾਈ ਸਾਬਤ ਹੋਇਆ ਹੈ। ਗੁਰੂ ਜੀ ਅਨੁਸਾਰ ਨਾਮ ਹੀ ਅਸਲੀ ਦਾਜ ਹੈ:-

ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ।। ਪੰਨਾ ੭੯

ਗੁਰੂ ਜੀ ਅਨੁਸਾਰ ਲਿੰਗ ਕਾਰਣ ਕੋਈ ਵੱਡਾ ਜਾਂ ਛੋਟਾ ਨਹੀਂ ਕਿੳਂਕਿ ਨਾਰੀ ਤੇ ਪੁਰਸ਼ ਦੋਹਾਂ ਵਿੱਚ ਇੱਕੋ ਰੱਬ ਦੀ ਜੋਤ ਹੈ:-

ਨਾਰੀ ਪੁਰਖ ਸਬਾਈ ਲੋਇ (ਜੋਤ)।। ਪੰਨਾ ੨੨੩ ਆਪੇ ਪੁਰਖੁ ਆਪੇ ਹੀ ਨਾਰੀ।। ਪੰਨਾ੧੦੨

ਗੁਰੂ ਜੀ ਨੇ ਬਾਬਰ ਦੇ ਹਮਲੇ ਸਮੇਂ ਇਸਤ੍ਰੀਆਂ ਤੇ ਜ਼ੁਲਮ ਹੁੰਦੇ ਵੇਖ ਕੇ ਬੜਾ ਦੁਖ ਪ੍ਰਗਟ ਕੀਤਾ ਤੇ ਲਿਖਿਆ:-

ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ।। ਸੇ ਸਿਰ ਕਾਤੀ ਮੁੰਨੀਅਨਿੑ ਗਲ ਵਿਚਿ ਆਵੈ ਧੂੜਿ।।

ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿੑ ਹਦੂਰਿ (ਨਜ਼ਦੀਕ)।। ਪੰਨਾ ੪੧੭

ਆਪ ਨੇ ਸਾਧਾਰਨ ਸ਼ਬਦਾਂ ਵਿੱਚ ਕਿਹਾ ਹੈ ਕਿ ਮਨੁੱਖ ਦੇ ਵੀਰਜ ਤੋਂ ਇਸਤ੍ਰੀਆਂ ਪੈਦਾ ਹੁੰਦੀਆਂ ਹਨ ਤੇ ਇਸਤ੍ਰੀਆਂ ਤੋਂ ਮਨੁੱਖ ਜੰਮਦੇ ਹਨ:- ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ।। ਪੰਨਾ ੮੭੯

ਗੁਰੂ ਅਮਰ ਦਾਸ ਜੀ ਦੀ ਨਜ਼ਰ ਵਿੱਚ ਇੱਕ ਵਿਆਹੇ ਹੋਏ ਇਸਤ੍ਰੀ ਤੇ ਮਰਦ ਦੇ ਰਿਸ਼ਤਾ ਅਟੁੱਟ ਹੈ, ਉਹ ਤਾਂ ਦੋ ਸਰੀਰਾਂ ਵਿੱਚ ਇੱਕ ਜਾਨ ਹਨ। ਆਪ ਰਾਗ ਸੂਹੀ ਵਿੱਚ ਲਿਖਦੇ ਹਨ:-

ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ।। ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ।। ਪੰਨਾ ੭੮੮

ਸਿੱਖ ਗੁਰੂਆਂ ਨੇ ਇਸਤ੍ਰੀ ਨੂੰ ਸੰਗਤ ਤੇ ਪੰਗਤ ਵਿੱਚ ਮਰਦ ਦੇ ਸਮਾਨ ਸਮਝਿਆ ਹੈ। ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਮਾਤਾ ਖੀਵੀ ਜੀ ਵਲੋਂ ਲੰਗਰ ਵਿੱਚ ਕੀਤੀ ਸੇਵਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਲਾਹਿਆ ਗਿਆ ਹੈ:-

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ।।

ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ।। ਪੰਨਾ ੯੬੭

ਭਾਵ:- ਬਲਵੰਡ ਭੱਟ ਲਿਖਦਾ ਹੈ ਕਿ ਖੀਵੀ ਇੱਕ ਨੇਕ ਇਸਤ੍ਰੀ ਸੀ ਜੋ ਸਾਰਿਆਂ ਨੂੰ ਸੰਘਣੀ ਛਾਂ (ਪਿਆਰ) ਦਿੰਦੀ ਸੀ। ਲੰਗਰ ਵਿੱਚ ਜਿਥੇ ਨਾਮ ਰਸ ਮਿਲਦਾ ਹੈ ਉਹ ਘਿਉ ਵਾਲੀ ਖੀਰ ਵੰਡਦੀ ਸੀ।

ਗੁਰੂਆਂ ਦੇ ਸਮੇਂ ਇਸਤ੍ਰੀਆਂ ਨੇ ਸਿੱਖੀ ਦੇ ਪਰਚਾਰ ਵਿੱਚ ਮਰਦਾਂ ਦੇ ਬਰਾਬਰ ਹਿੱਸਾ ਪਾਇਆ ਹੈ। ਜਦੋਂ ਗੁਰੂ ਗੋਬਿੰਦ ਰਾਏ ਜੀ ਨੇ ਅਮ੍ਰਿਤ ਦਾ ਬਾਟਾ ਤਿਆਰ ਕੀਤਾ ਤਾਂ ਮਾਤਾ ਸਾਹਿਬ ਕੌਰ ਨੇ ਵੀ ਉਸ ਵਿੱਚ ਪਤਾਸੇ ਪਾ ਕੇ ਆਪਣਾ ਯੋਗਦਾਨ ਪਾਇਆ। ਗੁਰੂ ਅਮਰ ਦਾਸ ਜੀ ਵਲੋਂ ਪਰਚਾਰ ਲਈ ਸਥਾਪਤ ਕੀਤੀਆਂ ਮੰਜੀਆਂ ਵਿਚੋਂ ਦੋ ਮੰਜੀਆਂ (ਕਾਬਲ ਤੇ ਕਸ਼ਮੀਰ) ਦੋ ਇਸਤ੍ਰੀਆਂ ਦੇ ਜ਼ਿੰਮੇ ਸਨ।

ਸਿੱਖ ਗੁਰੂਆਂ ਨੇ ਨਾਰੀ ਨੂੰ ਸਮਾਜ ਵਿੱਚ ਉਸ ਦਾ ਯੋਗ ਥਾਂ ਦਿਵਾਣ ਲਈ ਕਈ ਸਮਾਜਕ ਸੁਧਾਰ ਕੀਤੇ। ਗੁਰੂ ਅਮਰ ਦਾਸ ਜੀ ਨੇ ਸਤੀ ਦੇ ਜ਼ਾਲਮ ਰਿਵਾਜ ਦੇ ਵਿਰੁਧ ਆਵਾਜ਼ ਉਠਾਈ। ਆਪ ਨੇ ਲਿਖਿਆ ਹੈ ਕਿ ਉਹ ਇਸਤ੍ਰੀਆਂ ਸਤੀਆਂ ਨਹੀਂ ਹਨ ਜੋ ਆਪਣੇ ਪਤੀਆਂ ਦੀ ਲਾਸ਼ਾਂ ਨਾਲ ਸੜ ਮਰਦੀਆਂ ਹਨ। ਅਸਲ ਸਤੀ ਤਾਂ ਉਹ ਹੈ ਜੋ ਪਤੀ ਦੀ ਮੌਤ ਦੇ ਵਿਛੋੜੇ ਦੇ ਸਦਮੇ ਨਾਲ ਮਰ ਜਾਵੇ। ਉਹਨਾਂ ਇਸਤ੍ਰੀਆਂ ਨੂੰ ਵੀ ਸਤੀ ਸਮਝਣਾ ਚਾਹੀਦਾ ਹੈ ਜੋ ਸੱਚੇ ਆਚਰਨ ਤੇ ਸੰਤੋਖ ਵਿੱਚ ਰਹਿੰਦੀਆਂ ਹਨ:-

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿੑ।। ਨਾਨਕ ਸਤੀਆ ਜਾਣੀਅਨਿੑ ਜਿ ਬਿਰਹੇ ਚੋਟ ਮਰੰਨ੍ਹਿ।।

ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿੑ।। ਸੇਵਨਿ ਸਾਈ ਆਪਣਾ ਨਿਤ ਉਠਿ ਸੰਮਾੑਲੰਨਿੑ।।

ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ।। ਜੇ ਜਾਣਹਿ ਪਿਰੁ ਆਪਣਾ ਤਾ ਤਨਿ ਦੁਖ ਸਹਾਹਿ।।

ਨਾਨਕ ਕੰਤ ਨ ਜਾਣਨੀ ਸੇ ਕਿਉ ਅਗਿ ਜਲਾਹਿ।। ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ।। ਪੰਨਾ ੭੮੭

ਗੁਰੂ ਅਰਜਨ ਦੇਵ ਜੀ ਨੇ ਵੀ ਕਿਹਾ ਹੈ ਕਿ ਉਹ ਇਸਤ੍ਰੀ ਅਸਲੀ ਸਤੀ ਹੈ ਜੋ ਆਪਣੇ ਪਤੀ ਦਾ ਸਤਕਾਰ ਕਰਦੀ ਹੈ:-

ਕਹੁ ਨਾਨਕ ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ।। ਧੰਨੁ ਸਤੀ ਦਰਗਹ ਪਰਵਾਨਿਆ।। ਪੰਨਾ ੧੮੫

ਗੁਰੂ ਅਮਰ ਦਾਸ ਜੀ ਨੇ ਵਿਧਵਾ ਵਿਆਹ ਦਾ ਰਿਵਾਜ ਪ੍ਰਚਲਤ ਕੀਤਾ ਅਤੇ ਨਾਰੀਆਂ ਲਈ ਪਰਦੇ (ਘੁੰਡ ਕਢਣਾ) ਦੇ ਰਿਵਾਜ ਦਾ ਵਿਰੋਧ ਕੀਤਾ। ਪਰਾਈ ਇਸਤ੍ਰੀ ਨਾਲ ਵਿਭਚਾਰ ਦੇ ਵਿਰੁਧ ਸਿੱਖ ਗੁਰੂਆਂ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਗੁਰੂ ਨਾਨਕ ਦੇਵ ਜੀ ਨੇ ਵਿਭਚਾਰੀ ਮਨੁੱਖ ਨੂੰ ਅਧਰਮੀ ਕਿਹਾ ਹੈ:- ਪਰ ਘਰਿ ਚੀਤੁ ਮਨਮੁਖਿ ਡੋਲਾਇ।। ਪੰਨਾ ੨੨੬ ਗੁਰੂ ਅਰਜਨ ਦੇਵ ਜੀ ਨੇ ਤਾਂ ਪਰਾਈ ਨਾਰੀ ਨਾਲ ਵਿਭਚਾਰ ਨੂੰ ਜ਼ਹਿਰੀਲੇ ਸੱਪ ਦਾ ਸਾਥ ਕਿਹਾ ਹੈ ਅਤੇ ਅਜਿਹੇ ਮਨੁੱਖ ਨੂੰ ਗੰਦਾ, ਨਿਰਦਈ ਤੇ ਵਿਸ਼ਈ ਗਧਾ ਕਿਹਾ ਹੈ:- ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ।। ਪੰਨਾ ੪੦੩

ਰੇ ਨਰ ਕਾਇ ਪਰ ਗ੍ਰਿਹਿ ਜਾਇ।। ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮ ਰਾਇ।। ਪੰਨਾ ੧੦੦੧

ਪਰ ਤ੍ਰਿਅ (ਨਾਰੀ) ਰਾਵਣਿ (ਵਿਭਚਾਰ ਕਰਨ) ਜਾਹਿ ਸੇਈ ਤਾ ਲਾਜੀਅਹਿ।। ੧੩੬੨

ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਗੁਰਸਿੱਖ ਨੂੰ ਚਾਹੀਦਾ ਹੈ ਕਿ ਦੂਜਿਆਂ ਦੀਆਂ ਇਸਤ੍ਰੀਆਂ ਨੂੰ ਆਪਣੀ ਮਾਵਾਂ, ਧੀਆਂ, ਤੇ ਭੈਣਾ ਸਮਾਨ ਸਮਝੇ:- ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾ ਜਾਣੇ।।

ਭਾਈ ਨੰਦ ਲਾਲ ਜੀ ਨੇ ਵੀ ਰਹਿਤ ਨਾਮੇ ਵਿੱਚ ਲ਼ਿਖਿਆ ਹੈ; - ਪਰ ਬੇਟੀ ਕੋ ਬੇਟੀ ਜਾਨੇ। ਪਰ ਇਸਤ੍ਰੀ ਕੋ ਮਾਤ ਬਖਾਨੇ।

ਸਾਰੇ ਸਿੱਖ ਗੁਰੂਆਂ ਨੇ ਸੱਚਾ ਸੁੱਚਾ ਗ੍ਰਹਿਸਥੀ ਜੀਵਨ ਬਿਤੀਤ ਕੀਤਾ ਹੈ ਤੇ ਗ੍ਰਹਿਸਥ ਵਿੱਚ ਰਹਿ ਕੇ ਮਾਇਆ ਤੇ ਕਾਮ ਦੇ ਮੋਹ ਤੋਂ ਦੂਰ ਰਹਿਣ ਦੀ ਸਿੱਖਿਆ ਦਿਤੀ ਹੈ। ਗੁਰੂ ਅਮਰ ਦਾਸ ਜੀ ਨੇ ਕਿਹਾ ਹੈ:- ਮਨ ਰੇ ਗ੍ਰਿਹ ਹੀ ਮਾਹਿ ਉਦਾਸੁ।। ਪੰਨਾ ੨੬

ਸਿੱਖ ਧਰਮ ਵਿੱਚ ਇਸਤ੍ਰੀ ਨੂੰ ਪੁਰਸ਼ ਦੇ ਬਰਾਬਰ ਦਰਜਾ ਦੇਣ ਲਈ ਕਈ ਉਪਰਾਲੇ ਕੀਤੇ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਾਪੀ ਸਿੱਖ ਰਹਿਤ ਮਰਯਾਦਾ (੨੦੦੧) ਪੰਨਾ ੨੪ ਤੇ ਵਿਧਵਾ ਨਾਰੀ ਨੂੰ ਪੁਨਰ ਵਿਆਹ ਕਰਨ ਦੀ ਆਗਿਆ ਹੈ, ਪਰ ਲੜਕੀ ਦਾ ਵਿਆਹ ਛੋਟੀ ਉਮਰ ਵਿੱਚ ਜਾਂ ਪੈਸੇ ਲੈ ਕੇ ਕਰਨ ਦੀ ਮਨਾਹੀ ਕੀਤੀ ਗਈ ਹੈ। ਇਸਤ੍ਰੀ ਵੀ ਪੁਰਸ਼ਾਂ ਨਾਲ ਅੰਮ੍ਰਿਤ ਪਾਨ ਕਰ ਸਕਦੀ ਹੈ ਅਤੇ ਪਾਠ ਤੇ ਕੀਰਤਨ ਵੀ ਕਰ ਸਕਦੀ ਹੈ। ਇਸਤ੍ਰੀਆ ਲਈ ਪਰਦਾ ਜਾਂ ਘੁੰਡ ਕਰਨਾ ਉੱਚਿਤ ਨਹੀਂ ਹੈ। ਗੁਰੂ ਦਾ ਸਿੱਖ ਕੰਨਿਆ ਨਾ ਮਾਰੇ, ਕੁੜੀ-ਮਾਰ ਨਾਲ ਨਾ ਵਰਤੇ (ਪੰਨਾ ੨੦)।

ਸਿੱਖ ਗੁਰੂਆਂ ਦੇ ਪਰਚਾਰ ਤੇ ਵਿਦਿਆ ਦੇ ਪਸਾਰ ਨੇ ਸਿੱਖ ਔਰਤਾਂ ਵਿੱਚ ਬਹੁਤ ਤਬਦੀਲੀ ਲਿਆਂਦੀ ਹੈ। ਇੱਕ ਪਛਮੀ ਵਿਦਵਾਨ Dorothy Field ਨੇ ਆਪਣੀ ਪੁਸਤਕ ਦੀ ਸਿੱਖ ਰਿਲੀਜਨ (੧੯੧੪) ਦੇ ਪੰਨਾ ੫੯ ਤੇ ਠੀਕ ਹੀ ਲਿਖਿਆ ਹੈ ਕਿ `ਬਹੁਤ ਸਾਰੀ ਇਸਤ੍ਰੀਆਂ ਨੇ ਸਿੱਖ ਗੁਰੂਆਂ ਦੀ ਸਿੱਖਿਆ ਦੇ ਕਾਰਨ ਸਮਾਜਕ ਬੰਧਨਾਂ ਤੋਂ ਆਜ਼ਾਦੀ ਪ੍ਰਾਪਤ ਕੀਤੀ ਹੈ ਅਤੇ ਨਾਰੀ ਦੀ ਆਜ਼ਾਦੀ ਗੁਰੂਆਂ ਦੇ ਸਮੇਂ ਦੀ ਇੱਕ ਵਿਸ਼ੇਸ਼ ਘਟਨਾ ਹੈ। ` ਭਾਰਤ ਦਾ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਅਬਦਾਲੀ ਵਰਗੇ ਧਾੜਵੀਆਂ ਤੋਂ ਬੰਦੀ ਬਣਾ ਕੇ ਕਾਬਲ ਲੈ ਜਾ ਰਹੀਆਂ ਇਸਤ੍ਰੀਆਂ ਨੂੰ ਛੁੜਾ ਕੇ ਉਨ੍ਹਾਂ ਨੂੰ ਮਾਣ ਸਤਿਕਾਰ ਨਾਲ ਉਨ੍ਹਾਂ ਦੇ ਘਰ ਪਹੁੰਚਾਇਆ। ਮਾਈ ਭਾਗੋ ਵਰਗੀਆਂ ਬਹਾਦਰ ਸਿੱਖ ਇਸਤ੍ਰੀਆ ਨੇ ਜ਼ੁਲਮ ਦੇ ਵਿਰੁਧ ਲੜਾਈ ਵਿੱਚ ਮਰਦਾਂ ਦੀ ਅਗਵਾਈ ਕੀਤੀ ਅਤੇ ਮੀਰ ਮਨੂੰ ਸਮੇਂ ਕੁਰਬਾਨੀਆਂ ਦਿੱਤੀਆਂ। ਬੀਬੀ ਅਮਰ ਕੌਰ, ਬੀਬੀ ਭਾਨੀ, ਮਾਤਾ ਗੁਜਰੀ ਤੇ ਮਾਤਾ ਸੁੰਦਰ ਕੌਰ ਇਸ ਤਬਦੀਲੀ ਦਾ ਸਬੂਤ ਹਨ। ਇਸ ਸਮੇਂ ਵੀ ਕਈ ਸਿੱਖ ਇਸਤ੍ਰੀਆਂ ਲੋਕ ਸਭਾ ਦੀ ਸਦੱਸ ਤੇ ਵਜ਼ੀਰ ਹਨ। ਇਸ ਵਿੱਚ ਕੋਈ ਸ਼ਕ ਨਹੀਂ ਕਿ ਇਸਤ੍ਰੀਆਂ ਦਾ ਜੀਵਨ ਪੱਧਰ ਉੱਚਾ ਹੋ ਗਿਆ ਹੈ। ਉਹ ਵਿਦਿਆ ਪਰਾਪਤ ਕਰਕੇ ਨੌਕਰੀਆਂ ਕਰਦੀਆਂ ਹਨ ਤੇ ਉਹ ਅਪਣੇ ਪੈਰਾਂ ਤੇ ਖੜੀਆਂ ਹੋ ਗਈਆਂ ਹਨ।

ਅਸੀਂ ਸਿੱਖਾਂ ਨੂੰ ਆਪਣੇ ਅੰਦਰ ਝਾਤੀ ਮਾਰਣ ਦੀ ਲੋੜ ਹੈ ਕਿ ਕੀ ਅਸੀਂ ਆਪਣੇ ਗੁਰੂਆਂ ਦੇ ਕਹੇ ਅਨੁਸਾਰ ਇਸਤ੍ਰੀ ਦਾ ਸਤਿਕਾਰ ਕਰਦੇ ਹਾਂ। ਅੱਜ ਵੀ ਕਈ ਵੀਰ ਇਸਤ੍ਰੀ ਨੂੰ ਆਪਣੇ ਤੋਂ ਨੀਵਾਂ ਸਮਝਦੇ ਹਨ ਤੇ ਉਨ੍ਹਾਂ ਤੇ ਹੁਕਮ ਚਲਾਉਣਾ ਆਪਣਾ ਹੱਕ ਸਮਝਦੇ ਹਨ। ਕਈ ਸਿੱਖ ਘਰਾਂ ਵਿੱਚ ਦਾਜ ਦੇ ਕਾਰਣ ਹੋਈ ਮੌਤ ਦੀ ਖਬਰਾਂ ਅਖਬਾਰਾਂ ਵਿੱਚ ਪੜ੍ਹਨ ਨੂੰ ਮਿਲਦੀਆਂ ਹਨ। ਕਈ ਲਾਲਚੀ ਤੇ ਅਨਪੜ੍ਹ ਪਿਤਾ ਆਪਣੀ ਲੜਕੀ ਦੀ ਸ਼ਾਦੀ ਕਿਸੇ ਲਾਲਚ ਕਾਰਨ ਉਸ ਦੀ ਮਰਜ਼ੀ ਦੇ ਉਲਟ ਕਰਦੇ ਹਨ ਤੇ ਉਸ ਲਈ ਵਰ ਲਭਣ ਵਿੱਚ ਆਪਣੀ ਮਨਮਰਜ਼ੀ ਕਰਦੇ ਹਨ। ਲ਼ੜਕੀ ਦੇ ਜਨਮ ਤੇ ਕੋਈ ਖੁਸ਼ੀ ਨਹੀਂ ਮਨਾਈ ਜਾਂਦੀ। ਕਈ ਘਰਾਂ ਵਿੱਚ ਲੜਕੇ ਦਾ ਜਨਮ ਦਿਨ ਜ਼ੋਰ ਸ਼ੋਰ ਨਾਲ ਮਨਾਇਆ ਜਾਂਦਾ ਹੈ, ਪਰ ਲੜਕੀ ਦੇ ਜਨਮ ਦਿਨ ਨੂੰ ਭੁਲਾ ਦਿਤਾ ਜਾਂਦਾ ਹੈ। ਮੇਰੀ ਅਰਦਾਸ ਹੈ ਕਿ ਵਾਹਿਗੁਰੂ ਅਸਾਨੂੰ ਗੁਰੂਆਂ ਵਲੋਂ ਦਰਸਾਏ ਰਾਹ ਤੇ ਚਲਣ ਦੀ ਸੁਮੱਤ ਦੇਵੇ।

ਸਾਵਣ ਸਿੰਘ




.