ਬੀਬੀ ਜ.
ਕੌਰ ਜੀ
''ਤੇ ਗੁਰ ਕੇ ਸਿਖ ਮੇਰੇ ਹਰਿ ਪ੍ਰਭਿ ਭਾਏ
ਜਿਨਾ ਹਰਿ ਪ੍ਰਭੁ ਜਾਨਿਓ ਮੇਰਾ ਨਾਲਿ॥
ਜਨ ਨਾਨਕ ਕਉ ਮਤਿ ਹਰਿ ਪ੍ਰਭਿ ਦੀਨੀ
ਹਰਿ ਦੇਖਿ ਨਿਕਟਿ ਹਦੂਰਿ
ਨਿਹਾਲ ਨਿਹਾਲ ਨਿਹਾਲ ਨਿਹਾਲ॥''
(ਨਟ ਮਹਲਾ ੪, ਪੰਨਾ ੯੭੭-੮)
ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ॥ ਹੰਭੀ ਵੰਞਾ ਡੁਮਣੀ ਰੋਵਾ ਝੀਣੀ
ਬਾਣਿ॥੨॥
(ਪੰਨਾ ੨੩, ਸ੍ਰੀ ਗੁਰੂ ਗ੍ਰੰਥ ਸਾਹਿਬ)
ਉਹ ਗੁਰੂ ਕੇ ਸਿਖ ਜਿਹੜੇ ਗੁਰੂ ਜੀ ਨੂੰ ਭਾਅ ਜਾਂਦੇ ਹਨ ਉਨ੍ਹਾਂ ਨੂੰ ਮਨ, ਬਚ (ਬਚਨ), ਕ੍ਰਮ
(ਸਰੀਰ) ਕਰਕੇ ਗੁਰੂ ਜੀ ਦੀ ਯਾਦ ਹਰ ਵੇਲੇ ਬਣੀ ਰਹਿੰਦੀ ਹੈ। ਅਜਿਹੇ ਗੁਰਸਿਖ ਸਾਡੇ ਮਾਤਾ ਜੀ ਸਨ।
ਉਨ੍ਹਾਂ ਦਾ ਜਨਮ ਅਕਾਲੀ ਮੋਰਚਿਆਂ ਦੇ ਵਕਤਾਂ ਵਿਚ ਸ਼ਿਮਲੇ ਲਾਗੇ ਸ਼ਹਿਰ 'ਸਪਾਟੂ' ਦੇ ਮਿਲਟਰੀ
ਹਸਪਤਾਲ ਵਿਖੇ ੧੭ ਨਵੰਬਰ ੧੯੨੪ ਈ. ਨੂੰ ਹੋਇਆ। ਆਪ ਜੀ ਦੀ ਮਾਤਾ ਦਾ ਨਾਮ ਬ. ਕੌਰ ਅਤੇ ਪਿਤਾ ਜੀ
ਦਾ ਨਾਮ ਕ. ਸਿੰਘ ਸੀ। ਆਪ ਜੀ ਦੇ ਮਾਤਾ ਪਿਤਾ ਜੀ ਇੱਕ ਸੁਭਾਗੀ ਜੋੜੀ ਸਨ, ਜਿਨ੍ਹਾਂ ਦੇ ਘਰ ਵਿਚ
ਇਸ ਧੁਰੋਂ ਬਖ਼ਸ਼ੀ ਰੂਹ ਦਾ ਜਨਮ ਹੋਇਆ।
ਬੀ ਜੀ ਦੇ ਚਾਰ ਵੱਡੇ ਭਰਾ ਆਪ ਜੀ ਦੇ ਜਨਮ ਤੋਂ ਪਹਿਲਾਂ ਗੁਜ਼ਰ ਚੁੱਕੇ ਸਨ। ਏਡੇ ਵੱਡੇ ਦੁਖਾਂਤ ਦਾ
ਉਨ੍ਹਾਂ ਦੀ ਮਾਤਾ ਜੀ ਦੀ ਸਿਹਤ ਉਪਰ ਬਹੁਤ ਬੁਰਾ ਅਸਰ ਪਿਆ। ਬੀ ਜੀ ਦੇ ਮਾਤਾ ਜੀ ਸਾਰੀ ਉਮਰ
ਬੀਮਾਰੀ ਦੀ ਹਾਲਤ ਵਿਚ ਬਿਰਧ ਉਮਰ ਭੋਗ ਕੇ, ਆਪਣਾ ਲੰਮਾ ਜੀਵਨ ਸਫਰ ਖਤਮ ਕਰ ਕੇ ਇਸ ਅਸਾਰ ਸੰਸਾਰ
ਦੀ ਚਲਣੀ ਸਰਾਂ ਤੋਂ ਕੂਚ ਕਰ ਗਏ। ਬੀ ਜੀ ਦੇ ਮਾਤਾ ਜੀ ਦੇ ਦਰਸ਼ਣ ਮੈਨੂੰ ਉਨ੍ਹਾਂ ਦੀ ਹਯਾਤੀ (ਜੀਵਨ
ਕਾਲ) ਦੌਰਾਨ ਉਦੋਂ ਹੋਏ ਜਦੋਂ ਬੀ ਜੀ ਆਪਣੇ ਮਾਤਾ ਪਿਤਾ ਨੂੰ ਮਿਲਣ ਜਾਇਆ ਕਰਦੇ ਸਨ ਅਤੇ ਮੈਨੂੰ ਵੀ
ਨਾਲ ਲੈ ਜਾਂਦੇ ਸਨ। ਬੀ ਜੀ ਦੇ ਪਿਤਾ ਜੀ ਫੌਜ ਵਿਚ ਡਾਕਟਰ ਰੈਂਕ ਦੇ ਉਚੇ ਰੁਤਬੇ ਉੱਤੇ ਨਿਯੁਕਤ
ਸਨ, ਜਿਨ੍ਹਾਂ ਦੀ ਪਲਟਨ ਉਸ ਵਕਤ 'ਸਪਾਟੂ' ਦੀ ਫੌਜੀ ਛਾਉਣੀ ਵਿਖੇ ਮੁਕੀਮ ਸੀ।
ਬੀ ਜੀ ਦੇ ਜਨਮ ਸਮੇਂ ਖੁਸ਼ੀ ਵਿਚ ਲੱਡੂ ਵੰਡੇ ਗਏ। ਇਹ ਪੰਜਾਬ ਵਿਚ ਉਸ ਵਕਤ ਇੱਕ ਬੜੀ ਵੱਡੀ ਘਟਨਾ
ਸੀ, ਕਿਉਂਕਿ ਕੁੜੀ ਦੇ ਜਨਮ ਸਮੇਂ ਘੱਟ ਹੀ ਲੱਡੂ ਵੰਡਣ ਦਾ ਰਿਵਾਜ ਸੀ। ਬੀ ਜੀ ਦਾ ਨਾਮ ਸਿੱਖ ਰਹੁ
ਰੀਤੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਜਾਂ ਵਾਕ ਲੈ ਕੇ ਰੱਖਿਆ ਗਿਆ। ਆਪ ਜੀ ਦੇ
ਜਨਮ ਸਮੇਂ ਘਰ ਵਿਚ ਜਿਥੇ ਇਕ ਪਾਸੇ ਖੁਸ਼ੀ ਦਾ ਪ੍ਰਗਟਾਵਾ ਸੀ, ਉਥੇ ਦੂਜੇ ਪਾਸੇ ਨਾਲੋ-ਨਾਲ ਰੱਬ ਦਾ
ਸ਼ੁਕਰਾਨਾ ਵੀ ਅਦਾ ਹੋ ਰਿਹਾ ਸੀ ਕਿ ਉਸ ਰੱਬ ਨੇ ਇਕ ਜੀਅ ਘਰ ਵਿਚ ਭੇਜਿਆ।
ਸਾਡੇ ਬੀਜੀ ਦਾ ਪਾਲਣ ਪੋਸਣ ਬੜੇ ਸ਼ਾਹਾਨਾ ਤਰਜ਼ੋ-ਤਰੀਕੇ ਨਾਲ ਹੋਇਆ। ਆਪ ਜੀ ਨੇ ਦਸਿਆ ਸੀ ਕਿ
''ਜਿਹੜਾ ਕੱਪੜਾ ਅੱਜ ਪਾਇਆ ਉਹ ਕਲ੍ਹ ਨੂੰ ਨਹੀਂ ਪਾਉਣਾ। ਅੰਗ਼ਰੇਜ਼ਾਂ ਦਾ ਸਮਾਂ ਸੀ। ਵਧੀਆ ਚੌਕਲੇਟ
ਖਾਣ ਨੂੰ ਮਿਲਦੀਆਂ ਸਨ। ਉਨ੍ਹਾਂ ਦਿਨਾਂ ਵਿਚ ਡਬਲ ਰੋਟੀ ਸੂਜੀ ਦੀ ਬਣੀ ਹੁੰਦੀ ਸੀ। ਪਰਵਾਰ ਦੇ
ਵਰਤੋਂ ਵਾਸਤੇ ਪਾਣੀ ਚੁਬਾਰੇ ਵਿਚ ਹੀ ਉਪੜਦਾ ਹੁੰਦਾ ਸੀ ''।
ਉਨ੍ਹਾਂ ਦੇ ਪਿਤਾ ਜੀ ਦੀ ਬਦਲੀ ਪਿਸ਼ੌਰ ਦੀ ਹੋ ਗਈ ਅਤੇ ਇਸ ਕਰਕੇ ਪਰਵਾਰ ਦੀ ਰਹਾਇਸ਼ ਵੀ ਉਥੇ ਹੋ ਗਈ
ਸੀ। ਛੇ ਸਾਲ ਦੀ ਉਮਰੇ, ਬੀ ਜੀ ਅਪਰੈਲ ੧੯੩੦ ਈ. ਨੂੰ ਪਿਸ਼ੌਰ ਦੇ ਗੁਰਦੁਆਰੇ ਦੇ ਖ਼ਾਲਸਾ ਸਕੂਲੇ
ਪੜ੍ਹਨੇ ਪਾਏ ਗਏ। ਪਹਿਲੀਆਂ ਪੰਜ ਜਮਾਤਾਂ ਉਨ੍ਹਾਂ ਪਸ਼ੌਰੋਂ ਹੀ ਪਾਸ ਕੀਤੀਆਂ ਸਨ। ਸਕੂਲੀ ਵਿਦਿਆ ਦੇ
ਸੰਗ ਸਾਥ ਸਿੱਖ ਇਤਿਹਾਸ ਨਾਲ ਸੰਬੰਧਿਤ ਸਥਾਨਾਂ ਦੀ ਯਾਤਰਾ ਵੀ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ
ਨੂੰ ਬਚਪਨ ਦੌਰਾਨ ਆਪ ਨਾਲ ਲਿਜਾ ਕੇ ਕਰੁਆਈ ਸੀ, ਜਿਵੇਂ ਲੰਡੀ ਕੋਤਲ, ਲੰਡੀ ਖਾਨਾਂ ਜਿਥੇ ਕਿਲ੍ਹੇ
ਵਿਚ ਸ. ਹਰੀ ਸਿੰਘ ਨਲੂਏ ਦੀ ਸਮਾਧ ਹੈ, ਜਿਸ ਉਪਰ ਰੋਜ਼ ਨਵਾਂ ਰੁਮਾਲਾ ਦਿੱਤਾ ਜਾਂਦਾ ਸੀ। ਮਾਤਾ ਜੀ
ਨੇ ਆਪਣੇ ਪਿਤਾ ਜੀ ਦੀ ਮਿਹਰ ਸਦਕਾ ਇਹ ਸਾਰੇ ਸਥਾਨ ਵੇਖੇ ਸਨ, ਅਤੇ ਉਨ੍ਹਾਂ ਦੇ ਪਿਤਾ ਜੀ ਆਪ ਜੀ
ਨੂੰ ਕਾਬਲ ਵੀ ਦਿਖਾ ਲਿਆਏ ਸਨ। ਇਲਾਵਾ, ਭਾ. ਜੋਗਾ ਸਿੰਘ ਦੇ ਗੁਰਦੁਆਰੇ ਪਸ਼ੌਰ ਹਰ ਅੱਠੀਂ ਦਿਨੀ
ਉਨ੍ਹਾਂ ਦੇ ਮਾਤਾ ਪਿਤਾ ਜੀ ਲਿਜਾਂਦੇ ਹੁੰਦੇ ਸਨ। ਮੈਨੂੰ ਦੱਸਿਆ ਕਰਦੇ ਸਨ ਕਿ ਆਪ ਜੀ ਨੇ ਬਚਪਨ
ਵਿਚ ਪੰਜਾ ਸਾਹਿਬ ਵੀ ਦੇਖਿਆ ਸੀ। ੧੯੩੫ ਈ. ਵਿਚ ਆਪ ਜੀ ਦੇ ਪਿਤਾ ਜੀ ਪਰਵਾਰ ਸਮੇਤ ਜਲੰਧਰ ਛਾਉਣੀ
ਆ ਗਏ। ਜਦ ਨੂੰ ਸਾਡੇ ਪੂਜਨੀਕ ਮਾਤਾ ਜੀ ਪੰਜਵੀਂ ਪਾਸ ਕਰ ਚੁੱਕੇ ਸਨ।
ਬੀ ਜੀ ਨੂੰ ਗੁਰੂ ਨਾਨਕ ਦੇ ਘਰ ਦੀਆਂ ਸਾਖੀਆਂ ਸੁਣਨ ਦਾ ਬਚਪਨ ਤੋਂ ਹੀ ਸ਼ੌਕ ਸੀ। ਆਪ ਜੀ ਕਿਹਾ
ਕਰਦੇ ਸਨ ਕਿ ''ਮੈਨੂੰ ਗੁਰੂ ਨਾਨਕ ਦੇ ਘਰ ਦੀਆਂ ਸਾਖੀਆਂ ਸੁਣਨ ਦਾ ਬਹੁਤ ਸ਼ੌਕ ਸੀ ਕਿ ਕੋਈ ਗੁਰੂ
ਦੀ ਸਾਖੀ ਸੁਣਾਵੇ।'' ਜਲੰਧਰ ਛਾਉਣੀ ਛੇਵੀਂ ਵਿਚ ਦਾਖਲ ਹੋਏ। ਉਦੋਂ ਅਜੋਕੇ ਭਾਰਤੀ ਪੰਜਾਬ ਵਿਚ
ਸਕੂਲ ਘੱਟ ਸਨ। ਆਪ ਜੀ ਦੇ ਪਿਤਾ ਜੀ ਦੀ ਪਲਟਣ ਤਿੰਨ ਸਾਲ ਜਲੰਧਰ ਹੀ ਟਿਕੀ ਰਹੀ ਜਿਸ ਕਰਕੇ ਬੀ ਜੀ
ਨੇ ਛੇਵੀਂ, ਸੱਤਵੀਂ ਅਤੇ ਅੱਠਵੀਂ ਜਲੰਧਰੋਂ ਪਾਸ ਕੀਤੀਆਂ ਸਨ। ਜਦ ਕਿ ਉਨ੍ਹਾਂ ਦੇ ਪਿਤਾ ਜੀ ਦੀ
ਬਦਲੀ ਲਾਹੌਰ ਦੀ ਹੋ ਗਈ ਅਤੇ ਪਰਵਾਰ ਨੂੰ ਰਹਾਇਸ਼ (੧੯੩੮ ਈ.) ਲਾਹੌਰ ਲਿਜਾਣੀ ਪੈ ਗਈ। ਆਪ ਜੀ ਦੇ
ਪਿਤਾ ਜੀ ਘਰ ਵਿਚ ਬਚਿਆਂ ਨੂੰ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਾਉਂਦੇ ਰਹਿੰਦੇ ਸਨ ਜਿਵੇਂ ਪੰਜਵੇਂ
ਪਾਤਸ਼ਾਹ ਦੀ ਸ਼ਹਾਦਤ ਅਤੇ ਹੋਰ ਸਾਖੀਆਂ ਆਦਿ।
ਬਚਪਨ ਵਿਚ ਸਾਡੇ ਮਾਤਾ ਜੀ ਪੜ੍ਹਾਈ ਵਿਚ ਬਹੁਤ ਹੋਸ਼ਿਆਰ ਸਨ। ਉਹ ਹੋਰ ਪੜ੍ਹਾਈ ਕਰਨ ਮਗਰੋਂ ਡਾਕਟਰ
ਬਣ ਕੇ ਦੁਨੀਆਂ ਦੀ ਮੁਫਤ ਸੇਵਾ ਕਰਨੀ ਚਾਹੁੰਦੇ ਸਨ। ਪਰ ਕੁਦਰਤ ਨੂੰ ਇਉਂ ਮੰਨਜ਼ੂਰ ਨਾ ਸੀ। ਰੱਬ ਨੇ
ਭਜਨ ਸਿਮਰਨ ਅਤੇ ਪਰਵਾਰਕ ਜੀਵਨ ਜੀਊਂਦਿਆਂ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਭਲਾਈ ਕਰਨ ਵਰਗੀ
ਉੱਚਕੋਟੀ ਦੀ ਪੰਥਕ ਸੇਵਾ ਆਪ ਜੀ ਤੋਂ ਲੈਣੀ ਸੀ।
ਬੀ ਜੀ ਨੇ ਅਗਾਂਹ ਅਜੇ ਹੋਰ ਪੜ੍ਹਾਈ ਕਰਨੀ ਸੀ, ਪਰ ਲੜਾਈ (ਦੂਜੀ ਸੰਸਾਰ ਜੰਗ) ਲੱਗਣ ਕਰਕੇ ਆਪ ਜੀ
ਦੀ ਪੜ੍ਹਾਈ ਵਿਚ ਰੁਕਾਵਟ ਪੈ ਗਈ। ਆਪ ਜੀ ਦੇ ਦੋ ਸਾਲ ਐਵੇਂ ਹੀ ਦੁਬਿਧਾ, ਉਡੀਕ, ਆਸ, ਨਿਰਾਸਤਾ,
ਅਨਿਸਚਿਤਤਾ ਦੇ ਅਸਚਰਜ ਆਲਮ ਵਿਚ ਵਿਚਰਦਿਆਂ ਅਵਾਜਾਰੀ ਵਿਚ ਲੰਘੇ ਕਿ ਅੱਜ ਲੜਾਈ ਹਟਦੀ ਹੈ, ਕਲ੍ਹ
ਹਟਦੀ ਹੈ ਤਾਂ ਅਗਾਂਹ ਦਾਖਲਾ ਮਿਲੇਗਾ, ਪਰ ਲੜਾਈ ਨਾ ਹਟੀ। ਆਪ ਜੀ ਦਾ ਮਨ ਉਚੇਰੀ ਪੜ੍ਹਾਈ ਵਿਚ
ਦਾਖਲ ਨਾ ਹੋਣ ਕਰਕੇ ਔਖਾ ਰਹਿੰਦਾ ਸੀ ਕਿ ਪੜ੍ਹਾਈ ਕਰਨ ਦਾ ਵਕਤ ਐਵੇਂ ਹੀ ਲੰਘ ਰਿਹਾ ਸੀ। ਉਂਞ,
ਮਿਲੇ ਵਿਹਲ ਨੂੰ ਨਿਤਨੇਮ ਅਤੇ ਸੁਖਮਨੀ ਸਾਹਿਬ ਆਦਿ ਬਾਣੀਆਂ ਦਾ ਪਾਠ ਕਰਕੇ, ਆਪ ਜੀ ਸਫਲਾ ਕਰਦੇ
ਰਹਿੰਦੇ ਸਨ। ਜਦ ਨੂੰ ਬੀ ਜੀ ਦੀ ਉਮਰ ੧੫ ਸਾਲ ਦੀ ਹੋ ਚੁੱਕੀ ਸੀ।
ਆਪ ਜੀ ਦੇ ਪੂਜਯ ਪਿਤਾ ਜੀ ਦਾ ਸੰਤ ਬਾਬਾ ਹਰਨਾਮ ਸਿੰਘ ਜੀ (ਗੁਰਦੁਆਰਾ ਰਾਮ ਪੁਰ ਖੇੜਾ) ਨਾਲ
ਗੁਰਸਿੱਖਾਂ ਵਾਲਾ ਗੂੜ੍ਹਾ ਸਨੇਹ ਸੀ। ਜਿਸ ਕਰਕੇ ਘਰ ਵਿਚ ਬਾਬਾ ਜੀ ਕਦੇ ਕਦੇ ਆਉਂਦੇ ਰਹਿੰਦੇ ਸਨ।
ਬਾਬਾ ਜੀ ਨੇ ਜਦ ਵੀ ਇਨ੍ਹਾਂ ਦੇ ਘਰ ਆਉਣਾ ਗੁਰਮਤਿ ਦੇ ਵਚਨ ਸੌਖੀ ਅਤੇ ਸਾਦੀ ਬੋਲੀ ਵਿਚ ਦੱਸਿਆ
ਕਰਨੇ, ਤਾਂ ਆਪ ਜੀ ਨੇ ਉਹ ਬੜੇ ਗਹੁ ਨਾਲ ਸੁਣਦੇ ਰਹਿਣਾਂ। ਮੇਰੀ (ਲਿਖਾਰੀ) ਪ੍ਰੌਢ ਉਮਰ ਵਿਚ, ਮਈ
੨੦੧੩ ਈ ਤੱਕ, ਆਪ ਜੀ ਨੇ ਕਹਿਣਾਂ ਕਿ ਜਿੰਨੇ ਵੀ ਵਚਨ ਬਾਬਾ ਜੀ ਨੇ ਉਦੋਂ ਕੀਤੇ ਸਨ, ਉਹ ਆਪ ਜੀ ਦੇ
ਹੀ ਮਤਲਬ ਦੇ ਸਨ ਅਤੇ ਉਹ ਰੂਹਾਨੀ ਵਚਨ ਮਗਰੋਂ ਬੀਜੀ ਦੇ ਹੀ ਕੰਮ ਆਏ।
ਬੀਜੀ ਦੇ ਵਿਆਹ ਦੇ ਪੱਕ ਠੱਕ ਲਈ 'ਬਾਬਾ' (ਚੇਤਾ ਰਹੇ, 'ਬਾਬਾ' ਜੀ ਸੰਤ ਹਰਨਾਮ ਸਿੰਘ ਜੀ
ਗੁਰਦੁਆਰਾ ਰਾਮ ਪੁਰ ਖੇੜਾ ਲਈ ਇੱਕ ਮੁਖ਼ਾਤਬੀ ਸੰਖਿਪਤ ਨਾਂ
(short addressing code)
ਵਰਤਿਆ ਜਾਂਦਾ ਸੀ) ਜੀ ਦੀ ਅਸ਼ੀਰਵਾਦ ਮਿਲੀ। ਉਨ੍ਹਾਂ ਆਪਣੇ ਦਸਤੂਰ ਮੂਜਬ ਸ੍ਰੀ ਗੁਰੂ ਗ੍ਰੰਥ ਸਾਹਿਬ
ਦਾ ਹੁਕਮਨਾਮਾ ਲਿਆ ਅਤੇ ਵਿਆਹ ਲਈ ''ਹਾਂ'' ਕੀਤੀ । ਬੀ ਜੀ ਦਾ ਨਣਦੋਈਆ (ਜਿਹੜਾ ਬਾਬਾ ਜੀ ਦੇ ਸਕੇ
ਮਾਸੜ ਦਾ ਪੋਤਾ ਸੀ) ਵਿਚੋਲਾ ਬਣਿਆ। ਬੀ ਜੀ ਦਾ ਵਿਆਹ ਪਰਵਾਰ ਨੇ ਬੜੀ ਧੂਮ ਧਾਮ ਨਾਲ ਕਰ ਦਿੱਤਾ।
ਆਪ ਜੀ ਦਾ ਸਹੁਰਾ ਪਰਵਾਰ ਇੱਕ ਕਿਸਾਨ ਪਰਵਾਰ ਸੀ। ਸਾਡੇ ਬੀ ਜੀ ਇਸ ਪਰਵਾਰ ਵਿਚ ਪਰਵਾਰਕ ਜਾਨ ਦੀ
ਇੱਕ ਜ਼ਿੰਦਾ ਧੜਕਣ ਬਣ ਕੇ ਪਰਵਾਰ ਵਿਚ ਰਚ ਮਿਚ ਗਏ। ਉਂਞ, ਕੁਦਰਤ ਦੇ ਰੰਗ ਦੇਖੋ ਕਿ ਕਿਥੇ ਬਚਪਨ ਦੀ
ਸ਼ਾਹਾਨਾ ਪਰਵਰਿਸ਼ ਅਤੇ ਕਿਥੇ ਪੰਜਾਬੀ ਪੇਂਡੂ ਜ਼ਿਮੀਦਾਰਾ। ਬੀ ਜੀ ਦੇ ਪਿਤਾ ਜੀ ਦੀ ਪਲਟਨ ਲੜਾਈ ਦੇ
ਮੈਦਾਨਿ-ਜੰਗ ਲਈ ਬੀ ਜੀ ਦੇ ਵਿਆਹ ਤੋਂ ਇਕ ਹਫਤਾ ਮਗਰੋਂ (ਸੰਨ ੧੯੪੦ ਈ ) ਮਿਸਰ ਨੂੰ ਰਵਾਨਾ ਹੋ ਗਈ
ਸੀ। ਇਕ ਕਿਸਮ ਨਾਲ ਇਹ ਵਿਆਹ 'ਬਾਬਾ' ਜੀ ਦੀ ਰਿਸ਼ਤੇਦਾਰੀ ਵਿਚ ਹੀ ਹੋਇਆ ਸੀ ਕਿਉਂਕਿ ਬਾਬਾ ਜੀ ਦੇ
ਸਕੇ ਮਾਸੀ ਮਾਸੜ ਜੀ ਦਾ ਪਰਵਾਰ ਵੀ ਵਿਚ ਸ਼ਾਮਿਲ ਸੀ। ਮੈਂ ਇਸ਼ਾਰਤਨ ਇਹ ਹਵਾਲਾ ਦੇਣਾ ਚੰਗਾ ਸਮਝਦਾ
ਹਾਂ ਕਿ ਬਾਬਾ ਜੀ ਦੇ ਨਾਨਕੇ ਗੜ੍ਹਦੀਵਾਲਾ ਦੇ ਖ਼ਾਲਸਾ ਕਾਲਿਜ ਵਿਖੇ ਹਿਸਾਬ ਦੇ ਪ੍ਰੋਫੈੱਸਰ ਰਹੇ,
ਸ. ਸਰੂਪ ਸਿੰਘ 'ਸਹੋਤਾ' ਦੇ ਪਰਵਾਰ ਵਿਚ ਸਨ।
ਸਾਡੇ ਬੀ ਜੀ ਨੇ ਉਨ੍ਹਾਂ ਦੇ ਜੀਵਨ ਵਿਚ ਘਟੀਆਂ ਰੂਹਾਨੀਅਤ ਨਾਲ ਸੰਬੰਧਿਤ ਕਾਫੀ ਸਾਖੀਆਂ ਸੁਣਾਈਆਂ
ਸਨ ਜਿਨ੍ਹਾਂ ਵਿਚੋਂ ਪਹਿਲੀ ਇਉਂ ਸ਼ੁਰੂ ਹੁੰਦੀ ਹੈ: ਸਾਡੇ ਮਾਤਾ ਜੀ ਨੂੰ ਕੋਈ ਇਕ ਰਾਧਾਸੁਆਮੀ
ਬਜ਼ੁਰਗ ਖੌਰੇ ਰਿਸ਼ਤੇਦਾਰ ਜਾਂ ਕੋਈ ਟੱਬਰ ਦਾ ਵਾਕਫਕਾਰ, ਇਕ ਵਾਰ ਕਹਿਣ ਲੱਗਾ, ਕਿ ਮੈਂ ਤੈਨੂੰ
'ਰਾਧਾਸੁਆਮੀ' ਬਣਾਉਣਾ ਹੈ। ਆਪ ਜੀ ਨੇ ਬੜੇ ਠਰ੍ਹੰਮੇ ਅਤੇ ਧੀਰਜ ਨਾਲ ਉੱਤਰ ਦਿੱਤਾ ਕਿ ''ਭਾਈਆ
ਜੀ, ਤੁਸੀਂ ਬਣਾ ਲਓ''। ਤਦ ਉਸ ਸ਼ਖ਼ਸ ਨੇ ਕਿਹਾ, ''ਤੂੰ ਮੈਨੂੂੰ ਆਪਣਾ ਤਨ, ਮਨ, ਧਨ ਦੇਹ।'' ਬੀਜੀ
ਬੋਲੇ: ਭਾਈਆ ਜੀ! 'ਧਨ' ਮਿਰ ਕੋਲ ਹੈ ਕੋਈ ਨਹੀਂ, 'ਤਨ' ਮੈਂ ਆਪਣੇ ਪਤੀ ਨੂੰ ਦਿੱਤਾ ਹੋਇਆ ਹੈ,
ਅਤੇ 'ਮਨ' ਹੈ ਉਹ ਤੁਸੀਂ ਲੈ ਲਓ, ਜੇ ਲੈ ਹੁੰਦਾ ਤਾਂ''। ਉਹ ਨਿਰੁੱਤਰ ਹੋ ਗਏ। ਉਸ ਬਜ਼ੁਰਗ
ਰਾਧਾਸੁਆਮੀ ਦਾ ਸਾਰੀ ਉਮਰ ਮੁੜ ਅਜੇਹੀ ਗੱਲ ਕਰਨ ਦਾ ਕਦੇ ਹੀਆ ਨਾ ਪਿਆ।
ਘਰ ਵਿਚ ਬਾਬਾ ਜੀ ਦਾ ਆਉਣ ਜਾਣ ਤਾਂ ਪਹਿਲਾਂ ਤੋਂ ਹੀ ਬਣਿਆ ਹੋਇਆ ਸੀ, ਜਿਵੇਂ ਕਿ ਉਪਰ ਕਿਹਾ ਹੈ।
ਬਾਬਾ ਜੀ ਨੂੰ ਅਤੇ ਆਪ ਜੀ ਦੇ ਪਿਤਾ ਜੀ ਦੋਹਾਂ ਨੂੰ ਨਿਤਨੇਮ ਦੀਆਂ ਬਾਣੀਆਂ ਤੋਂ ਇਲਾਵਾ, ਹੋਰ
ਸਮਗਰ ਗੁਰਬਾਣੀ ਸਹਿਤ ਸ੍ਰੀ ਸੁਖਮਨੀ ਸਾਹਿਬ ਅਤੇ ਆਸਾ ਦੀ ਵਾਰ ਦੇ ਪਾਠ ਜ਼ੁਬਾਨੀ ਯਾਦ ਸਨ।
ਸੰਤ ਬਾਬਾ ਹਰਨਾਮ ਸਿੰਘ ਜੀ ਨੇ ੧੯੪੭ ਈ. ਦੀ ਯੁਗ ਗਰਦੀ ਤੋਂ ਪਹਿਲਾਂ ਗੁ. ਰਾਮ ਪੁਰ ਖੇੜਾ ਦੇ
ਪੁਰਾਤਨ ਥੇਹ ਉਤੇ ੧੯੪੦ ਜਾਂ ੧੯੪੧ ਈ. ਵਿਚ ਅੱਠ ਦਸ ਮਹੀਨੇ ਇਸ ਨਿਰਜਨ ਪਰ ਸੁਭਾਗੀ ਉਜਾੜ ਵਿਚ
ਅਟੰਕ (ਅਟੁੱਟ, ਲਗਾਤਾਰ) ਸਿਮਰਨ ਭਜਨ ਕੀਤਾ ਸੀ। ਇਸ ਇਲਾਕੇ ਦੇ ਭਾਗ ਜਾਗੇ ਤਾਂ ਆਪ ਜੀ ਮੁੜ ੧੯੫੦
ਜਾਂ ੧੯੫੧ ਈ. ਵਿਚ ਉਥੇ ਹੀ ਪੱਕੇ ਟਿਕ ਗਏ ਸਨ, ਜਿਥੇ ਹੁਣ ਬੜਾ ਵੱਡਾ ਗੁਰਦੁਆਰਾ, ਰਾਮ ਪੁਰ ਖੇੜਾ
ਸ਼ਸ਼ੋਭਿਤ ਹੈ। ਇਥੇ ਆਉਣ ਅਤੇ ਪੱਕੇ ਟਿਕ ਜਾਣ ਤੋਂ ਪਹਿਲਾਂ, ਗੜ੍ਹਦੀਵਾਲਾ ਤੋਂ ਚੜ੍ਹਦੇ ਪਾਸੇ ਪੈਂਦੇ
ਪਿੰਡ ਕੁਢਾਲੀਆਂ ਅਤੇ ਪਿੰਡ ਕੇਸੂਪੁਰ ਦੇ ਵਿਚਕਾਰਲੇ ਬਾਗਾਂ ਵਿਚ ਵੀ ਬਾਬਾ ਜੀ ਦਸ ਕੁ ਮਹੀਨੇ ਭਜਨ
ਸਿਮਰਨ ਕਰਦੇ ਰਹੇ ਸਨ। ਸ਼ਾਇਦ ਸੰਤ ਅਮਰ ਸਿੰਘ 'ਬੋਰੀ ਵਾਲਿਆਂ' ਦੇ ਚਲਾਣੇ ਤੋਂ ਬਾਦ ਉਨ੍ਹਾਂ ਦੀ
ਗੁਫਾ ਵਿਚ ਕੁਝ ਅਰਸਾ ਟਿਕ ਕੇ ਭਜਨ ਸਿਮਰਨ ਕੀਤਾ ਸੀ। ਉਥੇ ਖੂਹ ਉੱਤੇ ਨਿੱਕੀ ਹਲ਼ਟੀ ਲੱਗੀ ਹੋਈ ਸੀ,
ਜਿਸ ਨੂੰ ਇੱਕੋ ਬੰਦਾ ਗੇੜ ਕੇ ਪਾਣੀ ਕੱਢ ਲੈਂਦਾ ਸੀ। ਚੇਤਾ ਰਹੇ, ਇਥੇ ਹੀ ਪਹਿਲਾਂ ਸਰਦਾਰ ਬਾਵਾ
ਸਿੰਘ ਜੀ, ਖੂਹ (ਗੁਰਦੁਆਰਾ ਰਾਮ ਪੁਰ ਖੇੜਾ ਦੇ ਨਾਲ ਲਗਦੇ) ਵਾਲਿਆਂ ਨਾਲ ਮਿਲਾਪ ਹੋਇਆ ਸੀ। ਬਾਬਾ
ਜੀ ਪਖੰਡੀ ਸਾਧਾਂ ਵਰਗੇ ਸਾਧ ਨਹੀਂ ਸਨ। ਉਨ੍ਹਾਂ ਕਦੇ ਮੱਥਾ ਨਹੀਂ ਸੀ ਟਿਕਾਇਆ। ਆਪ ਨੂੰ ਸਿੱਖ ਅਤੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਖਤ ਚਵਰ ਦੇ ਮਾਲਿਕ ਪਰਤੱਖ ਗੁਰੂ ਮੰਨਦੇ ਅਤੇ ਇਹੋ ਸੱਚ
ਹੋਰਨਾਂ ਨੂੰ ਉਮਰ ਭਰ ਦ੍ਰਿੜਾਉਂਦੇ ਰਹੇ ਸਨ।
ਬੀ ਜੀ ਦੇ ਜ਼ਿਹਨ ਵਿਚ ਇਨ੍ਹਾਂ ਦੋਹਾਂ ਸ਼ਖਸੀਅਤਾਂ ਦਾ ਉਚੇਚਾ ਪਰਭਾਵ ਜ਼ਾਹਰਾ ਯਾਦ ਵਜੋਂ ਸਾਂਭਿਆ
ਹੋਇਆ ਸੀ। ਬੀਜੀ ਨੇ ਆਪਣੇ ਪਰਵਾਰ ਵਿਚ ਘਰ ਦਾ ਸਾਰਾ ਕੰਮ ਕਾਰ ਕਰਦਿਆਂ ਜਦ ਵੀ ਵਕਤ ਲੱਗਣਾ ਭਾਈ
ਵੀਰ ਸਿੰਘ ਜੀ ਦੇ ਰਚਿਤ ਸਿੱਖ ਇਤਿਹਾਸ ਜਿਵੇਂ ਗੁਰੂ ਨਾਨਕ ਅਤੇ ਕਲਗੀਧਰ ਚਮਤਕਾਰ ਆਦਿ ਦਾ ਬੜਾ
ਦੀਰਘ ਅੀਧਐਨ ਕੀਤਾ। ਉਨ੍ਹਾਂ ਪੁਰਾਣੇ ਵਕਤਾਂ ਵਿਚ ਹੋਰ ਕਿਤਾਬਾਂ ਏਨੀਆਂ ਆਮ ਨਹੀਂ ਸੀ ਮਿਲਦੀਆਂ।
ਮੱਝਾਂ ਦੀਆਂ ਧਾਰਾਂ ਚੋਣੀਆਂ, ਸੁਵਖਤੇ ਉਠ ਕੇ ਦੁੱਧ ਰਿੜਕਣਾਂ, ਪਰਵਾਰ ਤੇ ਕਾਮਿਆਂ ਅਤੇ ਪੱਕੇ
ਨੌਕਰਾਂ ਦੀਆਂ ਰੋਟੀਆਂ ਪਕਾਉਣੀਆਂ, ਦਾਲਾਂ ਸਬਜ਼ੀਆਂ ਬਣਾਉਣੀਆਂ ਆਪ ਦਾ ਰੋਜ਼ਾਨਾ ਕੰਮ ਸੀ, ਭਾਵੇਂ
ੳਨ੍ਹਾਂ ਦਾ ਘਰੇਲੂ ਕੰਮ ਵਿਚ ਹੱਥ ਵਟਾਉਣ ਲਈ ਨੌਕਰਾਣੀਆਂ ਅਤੇ ਨੌਕਰ ਰੱਖੇ ਹੋਏ ਸਨ। ਖੇਤੀ ਦਾ ਕੰਮ
ਕਰਨ ਲਈ ਅਤੇ ਮੱਝਾਂ ਨੂੰ ਪੱਠੇ ਪਾਉਣ ਆਦਿ ਕੰਮਾਂ ਲਈ ਤਾਂ ਕਾਮੇ ਅਕਸਰ ਸਦਾ ਹੀ ਮੌਜੂਦ ਰਹੇ ਸਨ।
ਅੰਮ੍ਰਿਤ ਵੇਲੇ ਉੱਠ ਕੇ ਸਾਰੇ ਪਰਵਾਰ ਨੇ ਪਹਿਲਾਂ ਪੰਜਾਂ ਬਾਣੀਆਂ ਦਾ ਪਾਠ ਕਰਨਾ। ਇਸ ਤੋਂ ਪਹਿਲਾਂ
ਬੀਜੀ ਨੇ ਨੈਣ ਮੁੰਦ ਕੇ ਸਮਾਧ ਸਥਿਤ ਵੀ ਕਾਫੀ ਸਮਾਂ ਬੈਠਣਾਂ। ਪਰਵਾਰ ਦੇ ਮੈਂਬਰਾਂ ਨੇ ਜਿਉਂ ਜਿਉਂ
ਉਠਦੇ ਜਾਣਾਂ ਅਤੇ ਇਕੱਠੇ ਹੋ ਕੇ ਜਾਂ ਸ਼ਖਸੀ ਤੌਰ ਉੱਤੇ ਆਪਣਾ ਆਪਣਾ ਨਿਤਨੇਮ ਕਰਨਾ। ਦਿਨ ਚੜ੍ਹੇ
ਖੂਹ ਉੱਤੇ ਆਲੂ ਚੁਣਦੀਆਂ ਔਰਤ-ਕਾਮਿਆਂ ਦੀ ਹੌਸਲਾ-ਅਫ਼ਜ਼ਾਈ ਅਤੇ ਨਿਗਰਾਨੀ ਕਰਨ ਵੀ ਜਾਣਾਂ। ਵਕਤ
ਮਿਲੇ 'ਤੇ ਆਪ ਵੀ ਆਲੂ ਚੁਣਨੇ। ਫੇਰ ਗੁ. ਰਾਮ ਪੁਰ ਖੇੜੇ ਦੇ ਹਰ ਸੰਗਰਾਂਦੇ ਅਤੇ ਹੋਰ ਸਮਾਗਮਾਂ
ਵਿਚ ਦੁੱਧ ਲੈ ਕੇ ਪਹੁੰਚਣਾਂ। ਬੀਜੀ ਦਾ ਜੀਵਨ ਅਸਲ ਅਰਥਾਂ ਵਿਚ ਇੱਕ ਆਦਰਸ਼ਕ ਰੂਹਾਨੀ ਪਤੀ-ਬਰਤਾ
ਸਿੱਖ ਬੀਬੀ ਦਾ ਉੱਚਕੋਟੀ ਦਾ ਜੀਵਨ ਨਮੂਨਾ ਹੈ। ਕਿਉਂਕਿ ਆਪ ਜੀ ਨੇ ਜੀਵਨ ਦੇ ਹਰ ਕਾਰਜ ਵਿਚ ਆਪਣੇ
ਪਰਵਾਰ ਨਾਲ ਮੋਢੇ ਨਾਲ ਮੋਢਾ ਡਾਹ ਕੇ ਇਕ ਜਾਨ ਹੋ ਕੇ ਕਿਰਤ ਵਿਰਤ ੧ ਕਰਦਿਆਂ (ਭਾਈ ਗੁਰਦਾਸ) ਜੀਵਨ
ਜੀਵਿਆ ਅਤੇ ਹਰ ਜ਼ੁੰਮੇਵਾਰੀ ਨੂੰ ਰੱਬੀ ਸਿਦਕ ਵਿਚ, ਨਾਮ ਸਿਮਰਦਿਆਂ, ਉਦਮ ਕਰੇਂਦਿਆਂ, 'ਹਸੰਦਿਆਂ
ਖੇਲੰਦਿਆਂ ਵਿਚੇ ਹੋਵੈ ੨ ਮੁਕਤਿ' ਮਹਾਂਵਾਕ ਦੀ ਸਚਾਈ ਉੱਤੇ ਪੂਰੇ ਉਤਰਦਿਆਂ ਖਿੜੇ ਮੱਥੇ ਨਿਭਾਇਆ।
ਆਪ ਜੀ ਆਪਣੇ ਅਤੇ ਪਰਾਏ ਬੱਚਿਆਂ ਨਾਲ ਇਕੋ ਜਿਹਾ ਪ੍ਰੇਮ ਵਾਲਾ ਵਰਤਾਉ ਕਰਦੇ ਸਨ। ਮੈਨੂੰ ਉਨ੍ਹਾਂ
ਕਈ ਵਾਰ ਕਹਿਣਾਂ ''ਮੇਰਾ ਬਹੁਤ ਗਰਮ ਸੁਭਾਅ ਹੈ।'' ਮੈਂ ਜਦ ਨਾ ਮੰਨਣਾਂ ਤਾਂ ਉਨ੍ਹਾਂ ਆਪਣੇ ਇਕ
ਰਿਸ਼ਤੇਦਾਰਾਂ ਦੇ ਬੱਚੇ ਦੀ ਮਿਸਾਲ ਦੱਸੀ ਕਿ ਉਹ ਜਦ ਉਨ੍ਹਾਂ ਕੋਲ ਰਹਿ ਕੇ ਸਕੂਲੇ ਪੜ੍ਹਾਈ ਕਰਦਾ ਸੀ
ਤਾਂ ਉਹਦੀ ਸੁਧਾਈ ਉਨ੍ਹਾਂ ਆਪ ਕੀਤੀ ਸੀ। ਦੱਸਦੇ ਸਨ ਕਿ ਉਦੋਂ ''ਮੈਂ ਵੀ ਜੁਆਨ ਸਾਂ ਤੇ ਬੜੇ
ਕਰਾਰੇ ਥੱਪੜ ਲੱਗੇ ਉਸ ਬੱਚੇ ਦੇ''। ਮੈਨੂੰ ਫੇਰ ਵੀ ਉਨ੍ਹਾਂ ਦੇ ਗਰਮ ਸੁਭਾਅ ਕਹਿਣ ਉੱਤੇ ਯਕੀਨ ਨਾ
ਆਇਆ ਕਿਉਂਕਿ ਆਪ ਜੀ, ਮੇਰੇ ਲਈ, ਪਰਲੇ ਦਰਜੇ ਦੇ ਦਿਆਲੂ ਅਤੇ ਸਦਾ ਮਿਹਰਬਾਨ ਸਨ। ਮੇਰੀਆਂ ਭੁੱਲਾਂ
ਨਹੀਂ ਸੀ ਕਦੇ ਚਿਤਾਰਦੇ, ਭਾਵੇਂ ਮੈਂ ਸਦਾ ਹੀ ਉਨ੍ਹਾਂ ਦਾ ਭੁੱਲਣਹਾਰ ਅਤੇ ਖਿਨ ਖਿਨ ਡੋਲਣਹਾਰ
ਬੱਚਾ ਹੀ ਰਿਹਾ ਹਾਂ। ਹੋ ਸਕਦੈ, ਉਸ ਬੱਚੇ ਨੇ ਗ਼ਲਤੀ ਏਡੀ ਵੱਡੀ ਕੀਤੀ ਹੋਵੇ, ਜਿਸ ਕਰਕੇ ਬੀ ਜੀ
ਨੂੰ ਉਸਦੀ ਸੁਧਾਈ ਅਤੇ ਮੁਰੰਮਤ ਆਪ ਕਰਨੀ ਪਈ ਹੋਵੇ। ਆਪ ਜੀ ਦੇ ਦਿਆਲੂ ਹੋਣ ਦੀ ਦੂਜੀ ਮਿਸਾਲ ਵੀ
ਐਉਂ ਉਪਲਭਦ ਹੈ। ਆਪ ਜੀ ਦੇ ਟੱਬਰ ਵਿਚੋਂ ਹੀ ਕਿਸੇ ਇਕ ਹੋਰ ਬੱਚੇ ਦੀ ਮਾਤਾ, ਗੰਭੀਰ ਬੀਮਾਰੀ ਦੀ
ਹਾਲਤ ਵਿਚ, ਆਪਣੇ ਅਕਾਲ ਚਲਾਣੇ ਤੋਂ ਥੋੜ੍ਹਾ ਅਰਸਾ ਪਹਿਲਾਂ ਬੀ ਜੀ ਨੂੰ ਬੇਨਤੀ ਕਰ ਗਈ ਕਿ ਉਸ ਦੇ
ਸਰੀਰ ਛੁੱਟਣ ਤੋਂ ਬਾਦ ਆਪ ਜੀ ਉਸ ਦੇ ਬੱਚੇ ਦੀ ਪਰਵਰਿਸ਼ ਕਰਨ। ਉਸ ਦਾ ਮਤਲਬ ਬੜਾ ਸਾਫ ਸੀ ਕਿ ਕਈ
ਵਾਰੀ ਪਿਤਾ ਦੀਆਂ ਕਈ ਮਜਬੂਰੀਆਂ ਵਿਚ ਬੱਚਾ ਰੁਲ਼ ਵੀ ਜਾਂਦਾ ਹੈ। ਬੀ ਜੀ ਨੇ ਉਸ ਬੱਚੇ ਨੂੰ ਆਪਣੇ
ਬਚਿਆਂ ਵਾਂਗ ਹੀ ਪਾਲ਼ਿਆ, ਪੜ੍ਹਾਇਆ, ਅਤੇ ਜਦ ਉਹ ਨੌਕਰੀ ਲੱਗਾ ਤਾਂ ਫੇਰ ਆਪਣੇ ਬੱਚਿਆਂ ਵਾਂਗ ਹੀ
ਵਿਆਹਿਆ। ਇਵੇਂ ਹੀ (ਆਪ ਜੀ ਦੇ ਦਿਆਲੂ ਸੁਭਾਅ ਦੀ) ਤੀਜੀ ਮਿਸਾਲ ਹੈ, ਕਿ ਇਕ ਹੋਰ ਬੱਚੇ ਦੀ ਬਹੁਤ
ਲੰਮਾ ਸਮਾਂ ਆਪਣਾ ਪੁੱਤ੍ਰ ਬਣਾ ਕੇ ਪ੍ਰਵਰਿਸ਼ ਕਰਨ ਦੇ ਨਾਲ ਨਾਲ ਸੇਵਾ ਸੰਭਾਲ ਅਤੇ ਹਰ ਤਰ੍ਹਾਂ ਦੀ
ਹਿਫਾਜ਼ਤ ਕੀਤੀ। ਉਸ ਦੇ ਪਰਵਾਰ ਵਿਚ ਕਹਿਰਾਂ ਦਾ ਕਲੇਸ਼ ਅਤੇ ਅੰਤਾਂ ਦੀ ਗ਼ਰੀਬੀ ਸੀ, ਪਰਵਾਰ ਵੀ ਵੱਡਾ
ਸੀ। ਉਸ ਦੀ ਇਕ ਭੈਣ ਨੇ ਖ਼ੁਦਕੁਸ਼ੀ ਵੀ ਕਰ ਲਈ ਸੀ। ਉਸ ਨੂੰ ਪੜ੍ਹਾ ਲਿਖਾ ਕੇ ਬਾਹਰਲੇ ਮੁਲਕ ਭੇਜਿਆ,
ਜਿਥੇ ਉਹ ਐਸਾ ਬੀਮਾਰ ਪਿਆ ਕਿ ਉਸ ਦੇ ਬਚਣ ਦੀ ਕੋਈ ਆਸ ਨਾ ਸੀ। ਫੇਰ ਵੀ ਉਸਦਾ ਸਾਰੀ ਉਮਰ ਆਸਰਾ
ਬਣੇ ਰਹੇ। ਦੋਵੇਂ ਬੀਜੀ ਅਤੇ ਭਾਪਾ ਜੀ ਨੇ ਧਿਰ ਬਣ ਕੇ ਪੂਰੇ ਮਾਂ-ਬਾਪ ਵਾਲੇ ਫ਼ਰਜ਼ ਨਿਭਾਏ ਜਦ ਉਹ
ਵਿਦੇਸ਼ ਪਹੁੰਚ ਕੇ ਰੋਗ ਨਾਲ ਗ੍ਰਸਿਆ ਗਿਆ ਸੀ। ਹਰ ਸਾਲ ਉਹਨੂੰ ਸੱਦ ਕੇ ਆਪਣੇ ਕੋਲ ਰੱਖਣਾ। ਇਕ ਵਾਰ
(੨੦੦੨ ਈ ਵਿਚ) ਚਾਰ ਪੰਜ ਮਹੀਨੇ ਕੋਲ ਰੱਖ ਕੇ ਉਹਦਾ ਇਲਾਜ ਕਰਵਾਇਆ; ਉਹਨੂੰ ਥਾਂ ਥਾਂ ਲੈ ਕੇ
ਜਾਣਾ, ਪਹਿਲਾਂ ਹਕੀਮਾਂ ਦੇ, ਫੇਰ ਗੁਰਸਿੱਖ ਸੰਤਾਂ ਦੇ ਚਰਨਾਂ ਵਿਚ ਵਾਰ ਵਾਰ, ਅਨੇਕਾਂ ਵਾਰ ਲੈ ਕੇ
ਜਾਂਦੇ ਰਹੇ। ਮਿਸਾਲ ਵਜੋਂ ਦੋ ਸਿੱਖ ਸੰਤ, ਜਿਹਨਾਂ ਕੋਲ ਉਸ ਨੂੰ ਮਾਤਾ ਜੀ ਉਸ ਦੇ ਰੋਗ ਦੀ ਨਵਿਰਤੀ
ਵਾਸਤੇ ੧੯੮੯ ਈ ਅਤੇ ੨੦੦੨ ਈ ਨੂੰ ਲੈ ਕੇ ਗਏ ਸਨ, ਉਨ੍ਹਾਂ ਦੇ ਨਾਉਂ ਹਨ: ਸੰਤ ਬਾਬਾ ਮਹਿੰਦਰ ਸਿੰਘ
ਖੰਨੇ ਵਾਲੇ ਜੋ ਸਾਬਕਾ IAS
ਅਫਸਰ ਸਨ। ਦੂਜੇ, ਸੰਤ ਰਣਜੀਤ ਸਿੰਘ ਬ੍ਰਹਮਗਿਆਨੀ, ਭੋਗ
ਪੁਰ (ਫਗਵਾੜੇ ਨੇੜੇ) ਵਾਲੇ। ਅਖੀਰ, ਗੁਰੂ ਸਾਹਿਬ ਨੇ ਉਸ ਉਪਰ ਕਿਰਪਾ ਕੀਤੀ ਤਾਂ ਕਿਤੇ ਜਾ ਕੇ ਉਹ
ਜੀਣ ਜੋਗਾ ਹੋਇਆ।
ਮੁਕਦੀ ਗੱਲ, ਸਾਡੇ ਬੀ ਜੀ, ਆਪਣੇ ਗਰੀਬ ਨਿਵਾਜ਼ ਗੁਰੂ ਦੇ ਗ਼ਰੀਬ ਨਿਵਾਜ਼ ਸਿੱਖ ਸਨ। ਇਸ ਤੱਥ ਵਿਚ
ਕੋਈ ਅਤਿਕਥਨੀ ਨਹੀਂ ਹੈ। ਇਕ ਵਾਰ ਇਕ ਉਹ ਬੱਚਾ ਬੀਮਾਰ ਹੋ ਗਿਆ, ਜਿਸ ਦੀ ਮਾਂ ਮਰਨ ਤੋਂ ਪਹਿਲਾਂ,
ਆਪਣੇ ਬੱਚੇ ਦੀ ਬਾਂਹ ਸਾਡੇ ਬੀ ਜੀ ਦੇ ਹੱਥ ਫੜਾ ਗਏ ਸਨ। ਬੀ ਜੀ ਨੇ ਉਸਦੇ ਨਮਿੱਤ ਅਰਦਾਸ ਕਰਨੀ
ਸ਼ੁਰੂ ਕਰ ਦਿੱਤੀ ਅਤੇ ਉਹ ਬੱਚਾ ਰਾਜ਼ੀ ਹੋ ਗਿਆ। ਪਰ ਆਪ ਕਾਫੀ ਚਿਰ ਬਿਮਾਰ ਰਹੇ। ਇਵੇਂ ਹੀ, ਚੌਥੀ
ਮਿਸਾਲ, ਇਕ ੧੪-੧੫ ਸਾਲਾ ਬੱਚੀ ਦੀ ਹੈ ਜਿਸ ਨੂੰ ਕਿਸੇ ਨੇ ਕੜਾਹ ਵਿਚ ਪਾ ਕੇ ਕੁਝ ਖੁਆ ਦਿੱਤਾ ਤਾਂ
ਕੁੜੀ ਗੂੰਗੀ ਹੋ ਗਈ ਸੀ। ਉਸ ਦੀ ਮਾਂ ਨੇ ਬੀਜੀ ਨੂੰ ਦੁੱਖ ਦਸਿਆ ਤਾਂ ਆਪ ਜੀ ਨੇ ਉਸ ਮਾਤਾ ਅਤੇ
ਬੱਚੀ ਦੀ ਮਦਦ ਕੀਤੀ। ਤਾਂ ਕਿਤੇ ਜਾ ਕੇ ਕਾਕੀ ਬੋਲਣ ਲੱਗੀ। ਅਜਿਹੇ ਬਚਿਆਂ ਦੀਆਂ ਹੋਰ ਬਹੁਤ
ਮਿਸਾਲਾਂ ਹਨ। ਕਈ ਵਾਰ ਕਈ ਬਚਿਆਂ ਨੇ ਆਪਣੀ ਗ਼ਲਤੀ ਨਾਲ ਅਜਿਹੇ ਔਖੇ ਕਸ਼ਟਾਂ ਵਿਚ ਫਸ ਜਾਣਾਂ, ਜਿਥੋਂ
ਉਨ੍ਹਾਂ ਨੂੰ ਬਚ ਕੇ ਨਿਕਲਣਾ ਬਹੁਤ ਮੁਸ਼ਕਲ ਹੁੰਦਾ ਤਾਂ ਬੀਜੀ ਨੇ ਆਪਣੇ ਪਰਮ ਦਿਆਲੂ ਸੁਭਾਅ ਅਤੇ
ਪੁਰਖ਼ਲੂਸ ਤਬੀਅਤ ਸਦਕਾ ਉਨ੍ਹਾਂ ਦੀ ਮਦਦ ਕਰਕੇ ਪਹਿਲਾਂ ਉਨ੍ਹਾਂ ਨੂੰ ਮੁਸੀਬਤ ਦੇ ਘੋਰ ਸੰਕਟ ਵਿਚੋਂ
ਕੱਢਣਾ, ਫੇਰ ਠੀਕ ਰਾਹਿ-ਰਾਸਤ ਉਤੇ ਲਿਆਉਣਾ। ਪੰਜਵੀਂ ਮਿਸਾਲ ਇੱਕ ਉਸ ਬੱਚੇ ਦੀ ਹੈ, ਜਿਹੜਾ
ਅਣਜਾਣਪੁਣੇ ਵਿਚ ਆਪਣੀ ਗ਼ਲਤੀ ਅਤੇ ਅਣਗਹਿਲੀ ਸਦਕਾ ਕਿਸੇ ਅਣਚਾਹੀ ਅਤੇ ਅਣਦਿਸਦੀ ਮੁਸੀਬਤ ਵਿਚ ਫਸ
ਗਿਆ ਸੀ । ਸਾਾਡੇ ਬੀ ਜੀ ਨੇ ਆਪਣੇ ਪਰਵਾਰ ਦੀ ਵੇਲੇ ਸਿਰ ਦੀ ਸਹਾਇਤਾ ਸਮੇਤ ਉਸ ਦੇ ਮਾਪਿਆਂ ਰਾਹੀਂ
ਉਸ ਦੀ ਮਦਦ ਕਰਕੇ ਪਹਿਲਾਂ ਉਸ ਨੂੰ ਉਸ ਆ ਰਹੀ ਘੋਰ ਮੁਸੀਬਤ ਅਤੇ ਦੁੱਖ ਵਿਚੋਂ ਕਢਿਆ। ਫਿਰ ਉਸ
ਪਰਵਾਰ ਦੀ ਹੋਰ ਹਰ ਤਰ੍ਹਾਂ ਦੀ ਅਤੇ ਪੈਸੇ ਧੇਲੇ ਦੀ ਮਦਦ ਕਰਕੇ ਉਸ ਬੱਚੇ ਨੂੰ ਠੀਕ ਰਾਹੇ ਉੱਤੇ
ਤੋਰਿਆ ਅਤੇ ਕਿਰਤ ਕਰਨ ਲਾਇਆ। ਅਖੀਰ ਉਸ ਦੇ ਮਾਪਿਆਂ ਨੇ ਉਸ ਨੂੰ ਵਿਆਹ ਕੇ ਗ੍ਰਿਹਸਤ ਮਾਰਗ ਦੀ
ਗਾਡੀ ਲੀਹੇ ਜੀਵਨ ਬਸਰ ਕਰਨ ਲਾਇਆ। ਉਹ ਹੁਣ ਸੁਖੀ ਆਪਣੇ ਘਰ ਵਸਦਾ ਕਿਰਤ ਕਰਕੇ ਆਪਣਾ ਪਰਵਾਰ ਪਾਲਦਾ
ਹੈ। ਇਵੇਂ ਹੀ ਕਈ ਬੱਚੀਆਂ ਦੇ ਪਰਵਾਰਾਂ ਦੀ ਵੀ ਲੋੜ ਵੇਲੇ ਯਥਾਯੋਗ ਸਹਾਇਤਾ ਕਰਕੇ ਕੁਝ ਬੱਚੀਆਂ ਦੇ
ਵੀ ਜੀਵਨ ਸੰਵਾਰੇ। ਉਹ ਬਚੀਆਂ ਜਿਥੇ ਆਪ ਕਿਰਤਾਰਥ ਜੀਵਨ ਬਸਰ ਕਰ ਰਹੀਆਂ ਹਨ ਉਥੇ ਉਹ ਅੱਜ ਤੱਕ
ਮਾਤਾ ਜੀ ਦੀਆਂ ਕਿਰਤੱਗਯ ਵੀ ਹਨ। ਇਉਂ, ਆਪ ਜੀ ਸਾਰੀ ਉਮਰ ਭੁੱਲੇ ਭਟਕੇ ਅਨੇਕਾਂ ਜੀਵਾਂ ਨੂੰ ਰਾਹੇ
ਪਾਉਂਦੇ ਰਹੇ। ਇਨ੍ਹਾਂ ਮਿਸਾਲਾਂ ਤੋਂ ਪਰਤੱਖ ਸਾਬਿਤ ਹੁੰਦਾ ਹੈ ਕਿ ਸੱਚ ਮੁੱਚ ਹੀ ਬੀਜੀ 'ਗ਼ਰੀਬ
ਨਿਵਾਜ਼ ਗੁਰੂ ਦੇ ਗ਼ਰੀਬ ਨਿਵਾਜ਼ ਸਿਖ' ਸਨ।
ਇੱਕ ਵਾਰ ਬੀ ਜੀ ਮੈਨੂੰ ਕੋਈ ਉਪਦੇਸ਼ ਦ੍ਰਿੜਾਉਂਦੇ ਸਨ ਕਿ ਇੱਕ ਬੀਬੀ ਕੋਲ ਬੈਠੀ ਸੰਗਤ ਵਿਚੋਂ ਬੋਲ
ਪਈ। ਉਸ ਨੇ ਬੀ ਜੀ ਨੂੰ ਪੁਛਿਆ ਕਿ ''ਮੈਨੂੰ ਫਿਰ ਕਿਉਂ ਮੇਰੇ ਆਦਮੀ ਨੇ ਛਡਿਆ ਸੀ?'' ਬੀ ਜੀ ਨੇ
ਦਸਿਆ ਕਿ ਬੀਬੀ ਜੀ! ਤੇਰੇ ਆਦਮੀ ਨੇ ਤੈਨੂੰ ਤਾਂ ਛਡਿਆ ਕਿ ਤੇਰੇ ਅੰਦਰ ਦੀ ਤੇਰੀ ਟੇਕ ਤੇਰੇ ਆਦਮੀ
ਉਪਰ ਕੇਂਦਰਿਤ ਸੀ। ਭਾਵ ਤੇਰੇ ਮਨ ਨੇ ਇਹ ਪੱਕਾ ਨਿਸਚਾ ਧਾਰਿਆ ਹੋਇਆ ਸੀ ਕਿ ਤੈਨੂੰ ਰੋਟੀ ਤੇਰਾ
ਆਦਮੀ ਦਿੰਦਾ ਹੈ। ਜੇ ਤੇਰੀ ਟੇਕ ਗੁਰੂ ਉੱਤੇ ਹੁੰਦੀ ਤਾਂ ਉਹ ਆਦਮੀ ਤੇਰੇ ਵਲ ਨੂੰ ਉਂਗਲ ਕਰਦਾ ਤਾਂ
ਉਸਦੀ ਉਂਗਲ ਝੜ ਜਾਂਦੀ। ਮੈਨੂੰ ਲੱਗਾ ਕਿ ਉਸ ਮਾਈ ਦੀ, ਬੀ ਜੀ ਵਲੋਂ ਦਿੱਤੇ ਜਵਾਬ ਨਾਲ, ਨਿਸ਼ਾ ਅਤੇ
ਤਸੱਲੀ ਹੋ ਗਈ ਸੀ।
ਮੈਨੂੰ ਆਪਣੀ ਜ਼ਿੰਦਗੀ ਵਿਚ ਇਕ ਵਾਰ ਵਿਚੋਲੇ ਵਜੋਂ ਵੀ ਸੇਵਾ ਨਿਭਾਉਣ ਦਾ ਇਤਫਾਕ ਹੋਇਆ। ਕਿਸੇ ਇਕ
ਗੁਰਸਿਖ ਵਾਸਤੇ ਕੁੜੀ ਭਾਲਣੀ ਬੜਾ ਔਖਾ ਅਤੇ ਕਠਨ ਕੰਮ ਸੀ। ਪਰ ਨੇਤ ਰੱਬ ਦੀ ਮੈਨੂੰ ਕਿਸੇ ਨੇ ਕੁੜੀ
ਦੀ ਦਸ ਪਾਈ। ਮੇਰੇ ਸਿਰ ਉੱਤੇ ਮੇਰੀ ਮਾਤਾ ਨੇ ਹੱਥ ਧਰਿਆ। ਮੈਂ ਰਿਸ਼ਤਾ ਕਰਾਉਣ ਵਿਚ ਕਾਮਯਾਬ ਹੋ
ਗਿਆ। ਮੈਨੂੰ ਸਭ ਪਾਸਿਓਂ ਸ਼ਾਬਾਸ਼ੇ ਮਿਲ ਰਹੀ ਸੀ। ਮੈਂ ਇਸ ਸਫਲਤਾ ਨੂੰ ਆਪਣੀ ਵਡਿਆਈ ਨਹੀਂ ਸਾਂ
ਸਮਝਦਾ, ਕਿਉਂਕਿ ਮੇਰਾ ਕੀਤਾ ਕੁਝ ਨਹੀਂ ਸੀ ਹੋਣਾਂ ਜੇ ਮੇਰੇ ਬੀ ਜੀ ਮੈਨੂੰ ਪੂਰੀ ਜੁਗਤ ਨਾ
ਸਮਝਾਉਂਦੇ। ਨਵਾਂ ਬਣਿਆ ਜੋੜਾ ਆਪਣੇ ਘਰ ਵਸਣ ਰਸਣ ਲੱਗ ਪਿਆ। ਕੁਝ ਅਰਸਾ ਮਗਰੋਂ ਉਹ ਜੋੜਾ ਰੋਜ਼ੀ
ਕਮਾਉਣ ਵਾਸਤੇ ਅਫਰੀਕਾ ਦੇ ਕਿਸੇ ਮੁਲਕ ਚਲਿਆ ਗਿਆ। ਮੇਰੇ ਭਾਅ ਦਾ ਉਹ ਜੋੜਾ ਬੜਾ ਸੁਖੀ ਗ੍ਰਿਹਸਤੀ
ਜੀਵਨ ਬਸਰ ਕਰ ਰਿਹਾ ਸੀ। ਪਰ ਜਦ ਅਸਲੀਅਤ ਮੇਰੇ ਤੱਕ ਅੱਪੜੀ ਤਾਂ ਮੈਂ ਹੈਰਾਨ ਅਤੇ ਪਰੇਸ਼ਾਨ ਹੋ
ਗਿਆ। ਉਸ ਦੰਪਤੀ ਨੂੰ ਦੋ ਨਿਆਣਿਆਂ ਤੋਂ ਬਾਦ ਘਰ ਵਿਚ ਇਕ ਪਈ ਦੁਫੇੜ ਦਾ ਸਾਹਮਣਾ ਕਰਨਾ ਪੈ ਗਿਆ।
ਉਸ ਵਕਤ ਉਨ੍ਹਾਂ ਦੇ ਵਿਆਹ ਹੋਏ ਨੂੰ ਇੱਕੀ (੨੧) ਸਾਲ ਗੁਜ਼ਰ ਚੁੱਕੇ ਸਨ। ਉਹ ਪਰਵਾਰ ਅਜੇ ਵੀ
ਵਿਦੇਸ਼ਾਂ ਵਿਚ ਹੀ ਵਸਦਾ ਸੀ। ਇਕ ਮੁਲਕ ਛੱਡ ਕਿਸੇ ਦੂਰ ਦੁਰੇਡੇ ਮੁਲਕ ਉਦੋਂ ਉਹ ਦੰਪਤੀ ਰੁਜ਼ਗਾਰ
ਖਾਤਰ ਰਹਿ ਰਿਹਾ ਸੀ। ਉਨ੍ਹਾਂ ਵਿਚੋਂ ਇਕ ਧਿਰ ਨੇ ਮੈਨੂੰ ਤਲਬ ਕੀਤਾ ਕਿ ਮੈਂ ਉਨ੍ਹਾਂ ਵਿਚ ਪਈ
ਦੁਫੇੜ ਦੀ ਨਵਿਰਤੀ ਵਾਸਤੇ ਉਨ੍ਹਾਂ ਦੇ ਮੁਲਕ ਪਰਦੇਸ ਵਿਚ ਜਾ ਕੇ ਉਨ੍ਹਾਂ ਦੇ ਕਲੇਸ਼ ਦਾ ਸਮਾਧਾਨ
ਕਰਕੇ ਆਵਾਂ। ਮੇਰੇ ਪੁੱਛਣ ਉਤੇ ਕਿ ਉਹਨਾਂ ਉਚੇਚਾ ਮੈਨੂੰ ਕਿਉਂ ਆਪਣੇ ਕਲੇਸ਼ ਦੇ ਹੱਲ ਲਈ ਚੁਣਿਆਂ
ਤਾਂ ਕਹਿੰਦੇ ''ਤੂੰ ਸਾਡਾ ਵਿਚੋਲਾ ਜੁੰ ਹੋਇਆ''। ਮੈਂ ਬੇਨਤੀ ਕੀਤੀ ਕਿ ਮੇਰੀ ਵਿਚੋਲਗੀਰੀ ਤੁਹਾਡੇ
ਵਿਆਹ ਤੱਕ ਹੀ ਮਹਿਦੂਦ ਸੀ, ਵਿਆਹ ਤੋਂ ਮਗਰਲੇ ਗ੍ਰਿਹਸਤੀ ਜੀਵਨ ਦੇ ਸਾਰੀ ਉਮਰ ਭਰ ਦੇ ਉਤਰਾਵਾਂ
ਚੜ੍ਹਾਵਾਂ ਦੀ ਨਹੀਂ।
ਸਾਡੇ ਬੀ ਜੀ ਉਸ ਦੰਪਤੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ। ਮੈਂ ਜਦ ਬੀ ਜੀ ਨੂੰ ਉਸ ਦੁਖੀ
ਦੰਪਤੀ ਦੀ ਸਮਸਿਆ ਵਾਰੇ ਪੁਛਿਆ ਤਾਂ ਮੈਂ ਪਹਿਲਾ ਸਵਾਲ ਇਹੋ ਹੀ ਕੀਤਾ ਕਿ ''ਬੀ ਜੀ ਇਹ ਦਸੋ ਕਿ
ਉਨ੍ਹਾਂ ਨੂੰ ਇਹ ਮੁਸ਼ਕਲ ਕਿਉਂ ਦਰ ਪੇਸ਼ ਹੋਈ ਹੈ?'' ਆਪ ਜੀ ਨੇ ਇਹ ਜਵਾਬ ਦਿੱਤਾ ਕਿ ਉਹ ਸਿੰਘ ਗਰੀਬ
ਘਰ ਵਿਚ ਜੰਮਿਆ ਪਲਿਆ ਸੀ। ਉਸ ਨੂੰ ਆਪਣੇ ਸਾਰੇ ਜੀਵਨ ਵਿਚ ਪੈਸੇ ਧੇਲੇ ਜਾਂ ਮਾਇਆ ਦੀ ਬੜੀ ਘਾਟ
ਰਹੀ ਹੈ। ਸਕੂਲ ਕਾਲਜ ਦੀ ਪੜ੍ਹਾਈ ਵੇਲੇ ਵੀ ਉਹ ਗੱਡੀਆਂ, ਮੋਟਰ ਕਾਰਾਂ, ਸਕੂਟਰ, ਮੋਟਰ ਸਾਈਕਲਾਂ
ਦੀ ਮੁਰੰਮਤ ਕਰਕੇ ਗੁਜ਼ਾਰਾ ਕਰਦਾ ਰਿਹਾ ਸੀ। ਜਿਸ ਵਜਾਹ ਕਰਕੇ ਉਹ ਹਰ ਰੋਜ਼ ਜਦ ਵੀ ਅਰਦਾਸ ਵੇਲੇ
ਅਰਦਾਸ ਕਰਦਾ ਸੀ ਤਾਂ ਗੁਰੂ ਸਾਹਿਬ ਕੋਲੋਂ ਮਾਇਆ ਹੀ ਮੰਗੀ ਗਿਆ। ਗੁਰੂ ਸਾਹਿਬ ਦਿਆਲੂ ਹਨ। ਉਨ੍ਹਾਂ
ਇਸ ਨੂੰ ਮਾਇਆ ਦੇ ਵੱਡੇ ਗੱਫੇ ਦੇ ਦਿੱਤੇ। ਹੁਣ ਮਾਇਆ ਇਸ ਨੂੰ ਆਪਣੇ ਕੌਤਕ ਅਤੇ ਚਮਤਕਾਰੇ ਦਿਖਾਲ
ਰਹੀ ਹੈ। ਗੂਜਰੀ ਕੀ ਵਾਰ ਮ: ੩ ਪੜ੍ਹੀਏ ਤਾਂ ਮਾਇਆ ਦੇ ਇਸ ਸੁਭਾਅ ਵਾਰੇ ਸਾਡੇ ਗੁਰੂ ਜੀ ਦੁਆਰਾ
ਲਿਖਿਆ ਮਿਲਦਾ ਹੈ ਕਿ ਮਾਇਆ ਆਪਣੇ ਸੇਵਕਾਂ ਦੇ ਕਿਵੇਂ ਆਹੂ ਲਾਹੁੰਦੀ ਹੈ। ਮਾਇਆ ਖੋਟੀ ਰਾਸ਼ੀ ਹੈ
(ਮਾਇਆ ਖੋਟੀ ਰਾਸਿ ਹੈ॥)। ਇਸ ਨੂੰ ਗੁਰੂ ਅਮਰਦਾਸ ਜੀ ਨੇ ਨਾਗਨੀ ਨਾਲ ਤਸ਼ਬੀਹ ਦਿੱਤੀ ਹੈ ਕਿ ਇਹ
ਸਾਰੇ ਜਗਤ ਨੂੰ ਕਿਵੇਂ ਲਿਪਟ ਰਹੀ ਹੈ। ਜੋ ਇਸ ਦੀ ਸੇਵਾ, ਪੂਜਾ ਕਰਦਾ ਹੈ ਇਹ ਫਿਰ ਉਸ ਨੂੰ ਹੀ
ਖਾਂਦੀ ਹੈ। ਕੋਈ ਗੁਰਮੁਖ ਹੀ ਸੱਚੇ ਰੱਬ ਨਾਲ ਲਿਵ ਲਾ ਕੇ ਇਸ ਤੋਂ ਬਚਦਾ ਹੈ ਕਿਉਂਕਿ ਉਸ (ਗਾਰੜੂ,
ਸਪੇਰਾ) ਕੋਲ ੩ ਮਾਇਆ ਨੂੰ ਕੀਲ ਕੇ ਆਪਣੇ ਪੈਰੀਂ ਪਾਉਣ ਦਾ ਬਲ, ਬੁਧੀ, ਭਜਨ ਬੰਦਗੀ ਅਤੇ ਧੁਰ
ਦਰਗਾਹੋਂ ਬਖ਼ਸ਼ਿਸ਼ (ਇਸ ਨੂੰ ਕੁਚਲਣ ਦਾ ਮੰਤ੍ਰ) ਹੁੰਦੀ ਹੈ। ਮੈ ਆਪਣੀ ਵਡੇਰੀ ਉਮਰ ਵਿਚ, ਉਸ ਸ਼ਖ਼ਸ
ਨੂੰ ਖੱਜਲ ਖੁਆਰ ਹੁੰਦੇ, ਹੁਣ ਵੀ ਦੇਖਿਆ ਹੈ। ਉਸਦਾ ਪਰਵਾਰ ਵੀ ਰੁਲ਼ ਗਿਆ ਹੈ।ਮਾਇਆ ਦੀ ਜਿਲ੍ਹਣ
ਵਿਚੋਂ ਹੁਣ ਨਿਕਲਣ ਲਈ ਉਸ ਕੋਲ ਕੋਈ ਤਾਣ ਨਹੀਂ ਰਿਹਾ। ਵਾਰ ਵਾਰ ਪਤਿਤ ਹੋ ਹੋ ਕੇ ਵਾਰ ਵਾਰ
ਅੰਮ੍ਰਿਤ ਛਕਦਾ ਹੈ। ਘਟੋ ਘੱਟ ਛੇ ਸੱਤ ਵਾਰ ਇਹੋ ਕਰਨੀ ਕਰਤੂਤ ਕਰ ਚੁੱਕਾ ਹੈ। ਜਿਹੜੀ ਇਕ ਵੱਡੀ
ਭਾਰੀ ਢਹਿੰਦੀ ਕਲਾ ਦੀ ਨਿਸ਼ਾਨੀ ਹੈ।
ਇਕ ਵਾਰ ਉਸ ਮੈਨੂੰ ਕਿਹਾ ਕਿ ਉਹ ਪਤਿਤ ਹੋਣ ਜਦ ਜਾਂਦਾ ਹੈ ਤਾਂ ਘਰੋਂ ਅਰਦਾਸ ਕਰਕੇ ਜਾਂਦਾ ਹੈ।
ਮੈਂ ਆਪਣੇ ਬੀ ਜੀ ਨੂੰ ਜਦ ਪੁਛਿਆ ਕਿ ਉਹ ਸ਼ਖ਼ਸ ਐਉਂ ਕਹਿੰਦਾ ਹੈ। ਆਪ ਜੀ ਨੇ ਕਿਹਾ ਕਿ ''ਤੂੰ ਆਪ
ਹੀ ਦੱਸ ਇਹ ਸਿੱਖੀ ਹੈ, ਕਿ ਘਰੋਂ ਕੋਈ ਅਰਦਾਸ ਕਰਕੇ ਜਾਵੇ ਬਿਕਾਰ ਕਰਨ।'' ਉਨ੍ਹਾਂ ਮੈਨੂੰ ਕਿਹਾ
ਕਿ ''ਤੈਨੂੰ ਭਾਈ ਜੋਗਾ ਸਿੰਘ ਦੀ ੪ ਸਾਖੀ ਨਹੀਂ ਚੇਤੇ?'' ਆਪ ਜੀ ਨੇ ਹੋਰ ਡੂੰਘਾ ਵਿਸ਼ਲੇਸ਼ਣ ਇਉਂ
ਦਸਿਆ ਕਿ ''ਇਹ ਸਿੱਖੀ ਨਹੀਂ, ਇਹ ਤਾਂ ਰੋਗ ਹਨ'' ਅਤੇ ''ਇਹ ਰੋਗ ਉਹ ਦੀਰਘ ਰੋਗ ਹਨ ਜਿਹੜੇ ੫
ਪਰਮੇਸ਼ਰ ਤੋਂ ੬ ਭੁਲਿਆਂ ਨੂੰ ਆ ਚੰਬੜਦੇ ਹਨ।''
ਦੂਜੀ ਵਾਰ ਉਪਰੋਕਤ ਸ਼ਖ਼ਸ ਜਦ ਮਿਲਿਆ ਤਾਂ ਪਤਾ ਲੱਗਾ ਕਿ ਉਸ ਨੇ ਪਹਿਲੀ ਵਿਆਂਦੜ ਔਰਤ ਦੇ ਹੁੰਦਿਆਂ
ਸੁੰਦਿਆਂ ਇਕ ਹੋਰ ਸ਼ਾਦੀ ਕਰ ਰਖੀ ਸੀ। ਉਸ ਦੀ ਨਵੀਂ ਵਿਆਹੀ ਔਰਤ ਉਸ ਨਾਲ ਪਰਦੇਸੀ ਮੁਲਕ ਦੇ ਘੁੱਗ
ਵਸਦੇ ਸ਼ਹਿਰ ਵਿਚ ਆਪਣੇ ਦੋਂਹ ਬਚਿਆਂ ਸਮੇਤ ਉਸ ਕੋਲ ਜਾ ਰਹੇਗੀ। ਨਵਾਂ ਪਰਵਾਰ ਪੁਰਾਣੇ ਪਰਵਾਰ ਦੇ
ਨਜ਼ਦੀਕ ਹੀ ਉਸ ਮਰਦ ਦੇ ਘਰ ਦੇ ਲਾਗਲੇ ਦੂਜੇ ਘਰ ਵਿਚ ਰਹੇਗਾ। ਮੈਂ ਆਪਣੇ ਬੀ ਜੀ ਨੂੰ ਉਸ ਸਿੰਘ ਦੇ
ਜੀਵਨ ਵਿਚ ਵਾਪਰੀ ਇਸ ਨਵੀਂ ਵਾਰਦਾਤ ਵਜੋਂ ਹੋਈ ਤਰੱਕੀ ਬਾਰੇ ਦਸਿਆ ਤਾਂ ਉਨ੍ਹਾਂ ਨੇ ਬਚਨ ਕੀਤਾ ਕਿ
ਉਹ ਰਾਜਾ ਮਹਾਰਾਜਾ ਹੈ ਜਿਹੜਾ ਉਸ ਨੇ ਇਕ ਹੋਰ ਵਿਆਹ ਕਰਵਾ ਲਿਆ ਹੈ? ਮੈ ਆਪਣੇ ਬੀ ਜੀ ਦਾ ਤਾਤਪਰਜ
ਸਮਝ ਗਿਆ। ਇਹ ਅਜੋਕੇ ਮਨੁੱਖ ਦੁਆਰਾ ਗ੍ਰਿਹਸਤੀ ਜੀਵਨ ਬਾਰੇ ਮਨ ਦੀ ਮਤ ਦੇ ਉਸਾਰੇ ਮਹੱਲ ਹਨ ਕਿ
ਮਨੁਖ ਮਾਇਆ ਦੀ ਬਹੁਲਤਾ ਵਿਚੋਂ ਆਪਣੇ ਲਈ ਹੋਰ ਦੁਨਿਆਵੀ ਸੁਖ ਇਕੱਠੇ ਕਰਨ ਵਾਸਤੇ ਕੀ ਕੀ ਕੁਝ ਕਰ
ਲੈਂਦਾ ਹੈ।
ਸਾਡੇ ਬੀ ਜੀ ਹਰ ਵਕਤ ਸਿਮਰਨ ਭਜਨ ਕਰਦੇ ਰਹਿੰਦੇ ਸਨ। ਉਨ੍ਹਾਂ ਸਾਰੀ ਉਮਰ ਪ੍ਰਯੰਤ ਸਾਦਗੀ ਭਰਪੂਰ
ਜੀਵਨ ਜੀਵਿਆ। ਆਪ ਸਾਦਾ ਪਹਿਨਦੇ ਸਨ। ਪਰ ਜਦ ਕਿਸੇ ਰਿਸ਼ਤੇਦਾਰ ਜਾਂ ਲੋੜਕੂ ਆਦਿ ਨੂੰ ਕੱਪੜਾ ਦੇਣਾ
ਤਾਂ ਬਹੁਤ ਵਧੀਆ ਚੰਗਾ ਕੱਪੜਾ ਦੇਣਾ ਤਾਂ ਜੋ ਉਹ ਪਹਿਨਣ ਵੇਲੇ ਮਾਣ ਨਾਲ ਪਹਿਨ ਕੇ ਖ਼ੁਸ਼ੀ ਹਾਸਿਲ
ਕਰੇ। ਲੋੜਵੰਦਾਂ ਦੀ ਤਨ ਮਨ ਧਨ ਦੁਆਰਾ ਹਰ ਸੰਭਵ ਮਦਦ ਕੀਤਾ ਕਰਦੇ ਸਨ। ਇਕ ਮੁੰਡਾ ਜਿਸਦੇ ਦੋਵੇਂ
ਮਾਂ ਬਾਪ ਉਸਦੇ ਬਚਪਨ ਵਿਚ ਹੀ ਗੁਜ਼ਰ ਗਏ ਸਨ, ਉਹਨੂੰ ਸਾਰੀ ਉਮਰ ਆਸਰਾ ਦਿੱਤਾ। ਉਹ ਬੀਜੀ ਦੇ ਚਲਾਣੇ
ਉਤੇ ਰੋਈ ਜਾਵੇ, ਕਹੇ: 'ਜੇ ਮਾਤਾ (ਬੀਜੀ) ਜੀ ਨਾ ਹੁੰਦੇ ਤਾਂ ਮੈਨੂੰ ਕਿਨ ਸਾਂਭਣਾਂ ਸੀ?' ਇਨ੍ਹਾਂ
ਮਿਸਾਲਾਂ ਤੋਂ ਜ਼ਾਹਰ ਹੈ ਕਿ ਬੀ ਜੀ ਰੱਬੀ ਨਾਮ ਨਾਲ ਆਪ ਧੁਰ ਅੰਦਰੋਂ ਉਤਸ਼ਾਹਿਤ ਸਨ, ਨਾਮ ਵਿਚ ਪੂਰੇ
ਗੜੂੰਦ ਅਤੇ 'ਨਾਮ ਖ਼ੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ' ਜ਼ਰੀਏ ਆਪ ਜੀ ਨਾਮ ਵਿਚ ਸਦਾ ਮਖ਼ਮੂਰ
ਰਹਿੰਦੇ ਸਨ। ਨਾ ਆਪ ਡੋਲਦੇ ਸਨ ਅਤੇ ਨਾ ਹੀ ਨਿਕਟਵਰਤੀਆਂ ਨੂੰ ਡੋਲਣ ਦਿੰਦੇ ਸਨ। ਆਪ ਜੀ ਸਦਾ
ਦਿਆਲੂ, ਸਦਾ ਖ਼ਿਮਾਵਾਨ, ਮਿਹਰਵਾਨ ਅਤੇ ਰਹਿਮ-ਦਿਲ ਵਿਚਰਦੇ ਸਨ। ਉਹ ਅੱਜ ਦੇ ਯੁਗ (ਵੀਹਵੀਂ,
ਇਕੀਵੀਂ ਸਦੀ) ਵਿਚ ਪਰਉਪਕਾਰ ਅਤੇ ਭਲੇ ਦੀ ਸਿਖਰ ਸਨ, ਭਾਈ ਲੱਧੇ ਵਾਂਗ ਪੜਦੇ-ਢੱਕ ਅਤੇ ਭਾਈ ਘਨੱਈਏ
ਵਾਂਗ ਪਰਉਪਕਾਰੀ ਸਨ। ਉਹ ਅਕਸਰ ਰੂਹਾਨੀ ਰਹਿਬਰ ਸਨ ਅਤੇ ਜਗਿਆਸੂ ਨੂੰ ਠੀਕ ਰਾਹ ਦੀ ਸਦਾ ਦੱਸ
ਪਾਉਂਦੇ ਸਨ। ਸਾਡੇ ਬੀ ਜੀ ''ਸੋ ਸੰਤੁ ੭ ਸੁਹੇਲਾ ਨਹੀ ਡੁਲਾਵੈ॥'' ਗੁਰੂ ਬਚਨਾਂ ਦਾ ਰੂਪ, ਸਦਾ
ਪੂਰਨ ਮੁਜੱਸਮਾ ਸਨ, ਕਿਉਂਕਿ ਉਨ੍ਹਾਂ ਨੂੰ ਹਰ ਵਕਤ ਪ੍ਰਭੂ ਚਿੱਤ ਆਉਂਦਾ ਸੀ ਜਿਸ ਕਰਕੇ ਉਹ ਕਦੇ ਵੀ
ਡੋਲਦੇ ਨਹੀਂ ਸਨ।''ਡਿਗੈ ਨ ਡੋਲੈ ਦ੍ਰਿੜੁ ਕਰਿ ੮ ਰਹਿਓ॥''
ਇਵੇਂ ਹੀ ਉਨ੍ਹਾਂ ਮੈਨੂੰ ਇਕ ਵਾਰ ਸਿਖਿਆ ਦਿੰਦਿਆਂ ਕਿਸੇ ਸਾਧਾਂ ਦੇ ਡੇਰੇ ਰਹਿੰਦੇ ਇੱਕ ਉਸ ਸਿੱਖ
ਦੀ ਮਿਸਾਲ ਦੱਸੀ, ਜਿਸ ਨੇ ਵਿਆਹ ਵੀ ਨਹੀਂ ਸੀ ਕਰਾਇਆ ਭਾਵ ਗ੍ਰਿਹਸਤ ਵਿਚ ਨਹੀਂ ਸੀ ਪਿਆ। ਉਸ ਦੀ
ਮਨੋਬਿਰਤੀ ਦਾ ਤਬਸਰਾ ਬਤੌਰ ਇਕ ਮਿਸਾਲ ਅਤੇ ਸਾਧਾਰਣ ਵਿਸ਼ਲੇਸ਼ਣ ਦੇ, ਇੱਕ ਵਾਰ ਮੈਨੂੰ ਕੋਈ ਉਪਦੇਸ਼
ਦ੍ਰਿੜ੍ਹ ਕਰਾਉਣ ਹਿੱਤ ਗੱਲ ਬਾਤ ਦੌਰਾਨ ਇਉਂ ਸੁਣਾਇਆ ਕਿ ''ਤਖਤਾ ਸਿਉਂ ਤਾਂ ਇਉਂ ਹੈ ਜਿਵੇਂ ਕੋਈ
ਰੁੱਖ ਵਿਚ ਅੜਿਆ ਹੋਇਆ ਪਤੰਗ ਹੋਵੇ, ਜਿਸ ਨੂੰ ਉਡਾਉਣ ਵਾਲੇ ਬੱਚੇ ਰੁੱਖ ਦੀਆਂ ਨਾਜ਼ਕ ਟਾਹਣੀਆਂ ਤੱਕ
ਪਹੁੰਚ ਕੇ ਕੱਢਣੋਂ ਅਸਮਰੱਥ ਰਹਿੰਦਿਆਂ, ਅਵਾਜ਼ਾਰ ਹੋ ਕੇ ਛੱਡ ਗਏ ਹੋਣ''। ਜਾਂ ਇਉਂ ਕਹੋ, ''ਤਖਤਾ
ਸਿਉਂ ਤਾਂ ਇੱਕ ਉਸ ਮੁਸਾਫਰ ਦੀ ਨਿਆਈਂ ਹੈ ਜਿਹੜਾ ਰੇਲਵੇ ਸਟੇਸ਼ਨ ਜਾਂ ਜਲ਼ੰਧਰ ਵਰਗੇ ਵੱਡੇ ਬੱਸ
ਅੱਡੇ ਉਤੇ ਖੜਾ ਪੁੱਛੀ ਜਾਂਦਾ ਹੈ ਕਿ ਆਹ ਗੱਡੀ ਜਾਂ ਬੱਸ ਕਿਥੇ ਜਾਣੀ ਹੈ, ਔਹ ਗੱਡੀ ਜਾਂ ਬੱਸ
ਕਿਥੇ ਜਾਣੀ ਹੈ, ਪਰ ਚੜ੍ਹਦਾ ਕਿਸੇ ਗੱਡੀ/ਬੱਸ ਉੱਤੇ ਵੀ ਨਹੀਂ''। ਹੋਰ ਕਈਆਂ ਦੇ ਜ਼ਿੰਦਾ
ਵਿਸ਼ਲੇਸ਼ਣਾਂ ਦਾ ਤਬਸਰਾ ਵੀ ਕਈ ਵਾਰ ਉਹ ਅਕਸਰ ਦੱਸ ਦਿਆ ਕਰਦੇ ਸਨ, ਜਿਨ੍ਹਾਂ ਦੇ ਅੰਦਰ ਦੀ ਭਟਕਣ
ਅੱਜ ਤੱਕ ਨਾ ਮੁੱਕੀ, ਅਤੇ ਉਹ ਸਦਾ ਤਮਾਸ਼ਬੀਨਾਂ ਦੇ ਹੱਥੀਂ ਵਿਕਦੇ ਰਹੇ। ਜਾਂ, ਉਨ੍ਹਾਂ ਨੇ ਆਪਣੇ
ਜੀਵਨ ਮਨੋਰਥ ਦਾ ਨਿਸ਼ਾਨਾ ਹੀ ਐਸਾ ਤ੍ਰਿਸ਼ਨਾਲੂ ਵਾਲਾ ਵਿੱਢ ਲਿਆ ਹੋਇਆ ਹੋਵੇ ਕਿ ਉਹ ਲੋਕ, ਗੁਰਮੁਖ
ਦੇ ਓਪਰੇ ਓਪਰੇ 'ਮੋਹ' ਨੂੰ ਹੀ ਗੁਰਮੁਖ ਨਾਲ 'ਸੱਚਾ' ਪਿਆਰ ਗਰਦਾਨਦੇ ਰਹੇ। ਰੂਹਾਨੀ ਰਾਹ ਦੇ
ਰੋੜਿਆਂ ਵਿਚ ਅਟਕ ਕੇ ਸਾਰੀ ਸਾਰੀ ਉਮਰ ਠੋਹਕਰਾਂ ਖਾਂਦੇ ਰਹੇ। ਹਾਸਿਲ ਕੁਝ ਨਾ ਹੋਇਆ। ਦੁਨੀਆਂ ਹੀ
ਸਿੱਧ ਕੀਤੀ, ਦੁਨਿਆਵੀ ਮਲਕੀਤਾਂ ਬਣਾ ਬਣਾ ਕੇ। ਰੂਹ ਦੇ ਰਾਹ ਦੇ ਪਾਂਧੀ ਨਾ ਬਣ ਸਕੇ, ਉਂਞ, ਦੇਖਣ
ਨੂੰ ਪੂਰੇ ਸੂਰੇ ਦਰਸ਼ਣੀ ਗੁਰਸਿੱਖ। ਬੀਜੀ ਤਾਂ ਮੈਨੂੰ ਸਾਰੀ ਉਮਰ ਇਹੋ ਹੀ ਆਮ ਤੌਰ 'ਤੇ ਕਹਿੰਦੇ
ਰਹੇ ਕਿ ਬਾਬਾ ਜੀ ਦੇ ਸਿੱਖੀ ਦੇ ਉਤਕ੍ਰਿਸ਼ਟ ਰੂਹਾਨੀ ਰਾਹ ਨੂੰ, ਆਪਣੀ ਬੇਸਮਝੀ ਦੀ ਬਦੌਲਤ ਠੀਕ
ਤਰ੍ਹਾਂ ਨਾ ਸਮਝ ਕੇ, ਨਿਰਾ ਭੇਖੀ ਬਣ ਕੇ ਨਾ ਆਪਣੇ ਆਪ ਨੂੰ ਧੋਖਾ ਦਵੋ। ਬਾਬਾ ਜੀ ਬਹੁਤ ਉਚੇ ਸਿੱਖ
ਸਨ, ਉਨ੍ਹਾਂ ਵਰਗਾ ਕਹਿਣੀ ਅਤੇ ਕਰਨੀ ਦਾ ਪੂਰਾ ਸੂਰਾ, ਉਚਕੋਟੀ ਦਾ ਸਿੱਖ, ਰਹਿਮ-ਪਰੁੱਚਾ ਮਰਦ
ਦੂਲਾ ਲੱਭਣਾ ਅੱਜ ਬਹੁਤ ਕਠਨ ਕੰਮ ਹੈ। 'ਸਾਧ' ਅਖਵਾਉਂਦੀਆਂ ਭੇਖੀਆਂ ਦੀਆਂ ਹੇੜ੍ਹਾਂ ਦੀਆਂ
ਹੇੜ੍ਹਾਂ ਦੇਸ ਪਰਦੇਸ ਤੁਰੀਆਂ ਫਿਰਦੀਆਂ ਅੱਜ ਜਗਤ ਉੱਤੇ ਕੰਡੇ ਖਿਲਾਰ ਰਹੀਆਂ ਹਨ, ਜਿਨ੍ਹਾਂ
ਕੰਡਿਆਂ ਨੂੰ ਸਾਧਾਰਨ ਸੰਸਾਰੀ ਲੋਕਾਂ ਦੁਆਰਾ ਚੁਗਣਾਂ ਔਖਾ ਹੋਇਆ ਪਿਆ ਹੈ।
ਆਪ ਜੀ ਦੇ ਘਰ ਵਿਚ ਆਏ ਗਏ ਦੀ ਆਓ ਭਗਤ ਅਤੇ ਪਰਸ਼ਾਦਾ ਪਾਣੀ ਦੀ ਸੇਵਾ ਹੁੰਦੀ ਸੀ। ਪਰਸ਼ਾਦਾ ਛਕਣ
ਮਗਰੋਂ ਗੁੜ ਨਾਲ ਮੂੰਹ ਮਿੱਠਾ ਕਰਾਇਆ ਜਾਂਦਾ ਸੀ। ਇੱਕ ਵਾਰ ਇੱਕ ਰਿਸ਼ਤੇਦਾਰ ਗੁਰਸਿੱਖ ਮੈਨੂੰ
(ਲਿਖਾਰੀ) ਕਹਿੰਦਾ ਜਦ ਉਨ੍ਹਾਂ ਦੇ ਪਰਸ਼ਾਦਾ ਛਕਣ ਉਪਰੰਤ ਮੈਂ ਗੁੜ ਉਨ੍ਹਾਂ ਦੀ ਥਾਲੀ ਵਿਚ ਰੱਖਿਆ
''ਤੁਸੀਂ ਤਾਂ ਅੰਤਰਜਾਮੀ ਲਗਦੇ ਆਂ''। ਮੈਂ ਬੇਨਤੀ ਕੀਤੀ ਮੈਨੂੰ ਕੁਝ ਨਹੀਂ ਪਤਾ ਅੰਤਰਜਾਮਤਾ ਦਾ,
ਮੈਂ ਤਾਂ ਜੋ ਸਾਡੇ ਬੀ ਜੀ ਕਹਿੰਦੇ ਹਨ ਪਰਸ਼ਾਦਾ ਛਕਣ ਵਾਲਿਆਂ ਨੂੰ ਦੇ ਆ, ਉਹੀ ਮੈਂ ਦਈ ਜਾਂਦਾ
ਹਾਂ।
ਬੀਜੀ ਦੀ ਰੂਹ ਦੇ ਬੁਰਜ ਬਹੁਤ ਉੱਚੇ ਹਨ। ਮੈਂ ੧੯੬੯ ਈ. ਵਿਚ, ਮੇਰੀ ੧੬/੧੭ ਸਾਲ ਦੀ ਉਮਰੇ, ਇਕ
ਕਿਸਮ ਨਾਲ ਬੀ ਜੀ ਦੀ ਰੂਹਾਨੀ ਉੱਚਤਾ ਦੀ ਕੰਨਸੋਅ ਗੁ. ਰਾਮ ਪੁਰ ਖੇੜੇ ਦੀ ਸੰਗਤ ਕੋਲੋਂ ਸਹਿਜੇ ਹੀ
ਸੁਣ ਚੁੱਕਾ ਸੀ। ਇਹ ਦਾਸਤਾਂ ਇਉਂ ਹੋਈ ਕਿ ਮੈਂ ਅੰਮ੍ਰਿਤ ਛਕ ਕੇ (੨੯ ਜੁਲਾਈ ੧੯੬੯ ਈ.) ਨੂੰ ਗੁ.
ਰਾਮ ਪੁਰ ਖੇੜਾ ਦੇ ਮੁਖ ਦਰਵਾਜ਼ੇ ਤੋਂ ਨਿਸ਼ਾਨ ਸਾਹਿਬ ਵਲ ਨੂੰ, ਉਪਰ ਨੂੰ ਚੜ੍ਹਦੀ ਫਿਰਨੀ ਦੇ ਖੱਬੇ
ਪਾਸੇ (ਜਿਥੇ ਕੁ ਅੱਜ ਕਲ੍ਹ ਰਾਗ ਵਿਦਿਆਲੇ ਦਾ ਮੁਖ ਦਰਵਾਜ਼ਾ ਹੈ) ਇਕ ੧੦ ਕੁ ਫੁਟ ਉਚੇ ਤੂਤ ਦੇ
ਹੇਠਾਂ, ਆਪਣੇ ਬਚਪਨ ਦੀ ਬੱਚਿਆਂ ਵਾਲ਼ੀ ਮਾਸੂਮੀਅਤ ਥੀਂ ਹੋਰ ਬਚਿਆਂ ਦੇ ਸੰਗ ਸਾਥ, ਇਕ ਮੰਜੇ ਉਤੇ
ਬੈਠੇ ਗੱਲਾਂ ਬਾਤਾਂ ਰਾਹੀਂ ਸਮਾਂ ਬਸਰ ਕਰ ਰਹੇ ਸਾਂ, ਕਿ ਬੀਜੀ ਦੇ ਕਿਸੇ ਰਿਸ਼ਤੇਦਾਰਾਂ ਦੇ ਛੋਟੇ
ਕਾਕੇ ਨੇ ਬਚਿਆਂ ਦੇ ਮਾਸੂਮ ਅੰਦਾਜ਼ ਵਿਚ ਇਹ ਕਹਿ ਦਿੱਤਾ ਕਿ ''ਸਾਡੇ ਮਾਮੀ ਜੀ ਨੂੰ ਸ੍ਰੀ ਦਰਬਾਰ
ਸਾਹਿਬ, ਅੰਮ੍ਰਿਤਸਰ ਸਾਹਿਬ ਦੇ ਮੁਖਵਾਕ ਦਾ ਪਤਾ ਲੱਗ ਜਾਂਦਾ ਹੈ।'' ਉਹ ਬੱਚੇ ਮੈਥੋਂ ਵੀ ਉਮਰ ਵਿਚ
ਛੋਟੇ ਸਨ। ਇਸ ਲਈ ਮੇਰੇ ਉੱਤੇ ਉਸ ਵਚਨ ਦਾ ਅਚੱਲ ਅਤੇ ਅਮਿੱਟ ਪ੍ਰਭਾਵ ਪਿਆ। ਮੈਂ ਇਹ ਬਚਨ ਨਿਰਯਤਨ
ਹੀ ਭੁੱਲ ਨਾ ਸਕਿਆ।
ਏਸੇ ਤਰ੍ਹਾਂ ਦਾ ਇੱਕ ਵਚਨ ਬੀ ਜੀ ਆਮ ਸੁਣਾਇਆ ਕਰਦੇ ਸਨ ਕਿ ਉਨ੍ਹਾਂ ਦੇ ਇੱਕ ਬੱਚੇ ਦੀ ਉਮਰ ਪੌਣੇ
ਕੁ ਤਿੰਨ ਸਾਲ ਦੀ ਸੀ ਕਿ ਨਿਆਣਿਆਂ ਦੇ ਬਾਬਾ ਜੀ ਬੀਮਾਰ ਹੋ ਗਏ। ਉਹ ਰਾਜ਼ੀ ਹੋਣ ਨਾ। ਬੀਮਾਰੀ
ਦੌਰਾਨ ਉਹ ਆਪਣੀ ਛੋਟੀ ਲੜਕੀ ਦੇ ਵਿਆਹੁਣ ਦਾ ਫਿਕਰ ਜ਼ਾਹਰ ਕਰਦੇ ਰਹਿੰਦੇ ਸਨ। ਜਿਸ ਕਰਕੇ ਬੀ ਜੀ ਨੇ
ਉਨ੍ਹਾਂ ਦੇ ਰਾਜ਼ੀ ਹੋਣ ਨਮਿੱਤ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਡੇਢ ਮਹੀਨਾ ਲਗਾਤਾਰ ਅਰਦਾਸ ਕਰੀ
ਗਏ। ਉਹ ਬਜ਼ੁਰਗ ਰਾਜ਼ੀ ਹੋ ਗਏ, ਪਰ ਬੀ ਜੀ ਆਪ ਸਖਤ ਬੀਮਾਰ ਹੋ ਗਏ। ਬੀ ਜੀ ਨੂੰ ਆਪਣੇ ਸਰੀਰ ਦੀ ਵੀ
ਸੁੱਧ ਬੁੱਧ ਨਾ ਰਹੀ, ਅਤੇ ਨਾ ਆਪਣੇ ਬੱਚੇ ਨੂੰ ਹੀ ਸਾਂਭਣ ਦੀ ਕੋਈ ਸੁਰਤ ਰਹੀ। ਬੀ ਜੀ ਨੇ ਦੱਸਿਆ
ਕਿ ਉਨ੍ਹਾਂ ਨੂੰ ਐਉਂ ਲੱਗਾ ਕਿ ''ਮੈਂ ਨਹੀਂ ਹੁਣ ਬਚਣਾ।'' ਆਪ ਜੀ ਦਾ ਮਨ ਸੰਸਾਰ ਤੋਂ ਉਪਰਾਮ ਹੋ
ਚੁੱਕਾ ਸੀ। ਕਿਉਂਕਿ ਉਹਨਾਂ ਵਿਚ ਆਪਣੇ ਲਈ ਅਰਦਾਸ ਕਰਨ ਜੋਗੀ ਵੀ ਹਿੰਮਤ ਨਹੀਂ ਸੀ ਬਾਕੀ ਰਹੀ। ਇਸ
ਲਈ ਦੁਨਿਆਵੀ ਓਟ ਆਸਰਿਆਂ ਦੀ ਉਨ੍ਹਾਂ ਦੇ ਮਨ ਵਿਚ ਕੋਈ ਆਸ ਨਾ ਸੀ ਰਹੀ। ਇਕ ਸੱਚੇ ਰੱਬ ਦਾ ਆਸਰਾ
ਹੀ ਦਿਲ ਵਿਚ ਕਾਇਮ ਰਿਹਾ ਕਿ ਜੇ ਬਚਾਉਣਗੇ ਤਾਂ ''ਗੁਰੂ ਜੀ ਮੈਨੂੰ ਬਚਾਉਣਗੇ।'' ਆਪ ਜੀ ਦੀ
ਬੀਮਾਰੀ ਵਾਰੇ ਆਪ ਜੀ ਦੇ ਮਾਤਾ ਪਿਤਾ ਨੂੰ ਵੀ ਪਤਾ ਲੱਗ ਚੁਕਾ ਸੀ।
ਬੀ ਜੀ ਦੇ ਸਤਿਕਾਰਯੋਗ ਮਾਤਾ ਪਿਤਾ ਦੇ ਸੁਨੇਹੇ 'ਤੇ, ਕਿ ਬੀ ਜੀ ਨੂੰ ਸਹੁਰਾ ਪਰਵਾਰ ਵਿਚੋਂ ਕੋਈ
ਮੈਂਬਰ, ਜਲੰਧਰ ਉਨ੍ਹਾਂ ਦੇ ਪਿਤਾ ਜੀ ਕੋਲ ਛੱਡ ਜਾਣ। ਬੀ ਜੀ ਨੂੰ ਜਲੰਧਰ ਛਾਉਣੀ ਦੇ ਸਟੇਸ਼ਨ ਉੱਤੇ
ਪਰਵਾਰ ਦੇ ਕਿਸੇ ਮੈਂਬਰ ਨੇ ਲਾਹ ਦਿੱਤਾ। ਉਥੇ ਬੀ ਜੀ ਨੂੰ ਪੌਣੇ ਤਿੰਨ ਸਾਲ ਦੇ ਬੱਚੇ ਨਾਲ,
ਬੀਮਾਰੀ ਦੀ ਹਾਲਤ ਵਿਚ ਘਰ ਤੱਕ ਪਹੁੰਚਣ ਲਈ, ਇਕ ਬਿੱਲ਼ੀਆਂ ਅੱਖਾਂ ਵਾਲੀ ਕਿਸੇ ਦਿਆਲੂ ਅਤੇ ਗ਼ੈਬੀ
ਪਰ ਅਜੀਬੋ-ਗ਼ਰੀਬ ਅਤੇ ਅਜਨਬੀ ਔਰਤ ਨੇ ਮਦਦ ਕਰਕੇ ਘਰ ਤੱਕ ਅਪੜਾਇਆ। ਕਿਊਂਕਿ ਬੀ ਜੀ ਵਿਚ ਤੁਰਨ ਦੀ
ਵੀ ਹਿੰਮਤ ਹੌਸਲਾ ਨਾ ਸੀ, ਅਤੇ ਬੱਚਾ ਕਿਨ ਚੁੱਕਣਾਂ ਸੀ? ਉਸ ਨੇਕ-ਸੀਰਤ ਬੀਬੀ ਦੀਆਂ ਅੱਖਾਂ, ਬੀਜੀ
ਦੱਸਦੇ ਸਨ, ਨੀਲੇ ਰੰਗ ਦੀਆਂ ਸਨ। ਉਹ ਨੇਕ ਔਰਤ, ਬੀ ਜੀ ਨੂੰ ਸਟੇਸ਼ਨ ਉੱਤੇ ਰੋਂਦਿਆਂ ਦੇਖ ਕੇ
ਕਿਤਿਓਂ ਅਚਾਨਕ ਮਦਦ ਲਈ ਆ ਬਹੁੜੀ ਸੀ। ਉਸ ਨੇ ਇਹ ਵੀ ਕਿਹਾ ਕਿ ''ਬੀਬੀ ਤੂੰ ਰੋ ਨਾ, ਆਪਾਂ ਤੁਰ
ਕੇ ਚਲਦੇ ਆਂ, ਝੋਲ਼ਾ (ਕਾਕੇ ਦੇ ਕੱਪੜਿਆਂ ਅਤੇ ਬੀ ਜੀ ਦੇ ਸੂਟ ਵਾਲਾ) ਅਤੇ ਕਾਕਾ ਮਿਰ ਕੋ ਫੜਾ ਦੇ,
ਜਿਥੇ ਤੱਕ ਤੁਰ ਹੋਊ ਤੁਰ ਲਈਂ, ਨਹੀਂ ਤਾਂ ਬੈਠ ਬੈਠ ਕੇ ਚਲੇ ਚਲਾਂਗੇ।'' ਜਦ ਘਰ ਪਹੁੰਚ ਗਏ ਤਾਂ
ਉਸ ਨੇਕ ਔਰਤ ਨੇ ਕਿਹਾ ''ਹੁਣ ਘਰ ਆ ਗਿਆ, ਆਹ ਲੈ ਕਾਕਾ 'ਤੇ ਆਹ ਲੈ ਝੋਲ਼ਾ''। ਬੀ ਜੀ ਨੇ ਦੱਸਿਆ
ਕਿ ਆਪ ਜੀ ਨੂੰ ਉਸ ਭਲੀ ਪਰ ਅਜਨਬੀ ਔਰਤ ਤੋਂ ''ਨਾ ਕੋਈ ਉਪਰਾਂਦ ਹੀ ਹੋਈ ਨਾ ਡਰ ਭੈਅ ਲੱਗਾ, ਉਹ
ਸਗੋਂ ਆਪਣੀ ਆਪਣੀ ਲੱਗੇ'' । ਬੀ ਜੀ ਮੈਨੂੰ ਦੱਸਦੇ ਸਨ ਕਿ ਉਹ ਉਸ ਨੇਕ-ਸੀਰਤ, ਅਤੇ ਸੁਹਣੀ ਸੂਰਤ
ਵਾਲੀ, ਨੀਲੀਆਂ ਅੱਖਾਂ ਵਾਲੀ ਮਿੱਠਬੋਲੜੀ ਬੀਬੀ ਦਾ ਬੀਮਾਰੀ ਦੀ ਹਾਲਤ ਵਿਚ ਧੰਨਵਾਦ ਕਰਨਾ ਵੀ ਭੁੱਲ
ਗਏ ਸਨ। ਅਤੇ ਰਹਿ ਰਹਿ ਕੇ ਉਮਰ ਭਰ ਇਸ ਗੱਲੇ ਪਛਤਾਉਂਦੇ ਰਹੇ ਸਨ।
ਪੰਜਾਬੋਂ ਬਾਹਰਲੀ ਕਿਸੇ ਦੇਸੀ ਰਿਆਸਤ ਵਲ ਨੂੰ ਅਤੇ ਉਥੋਂ ਮੁੜ ਪੰਜਾਬ ਨੂੰ ਮੁਸਾਫਰੀ ਕਰਨ ਦੇ
ਦੌਰਾਨ ਆਪ ਜੀ ਨੂੰ ਹੋਏ ਤਜਰਬੇ ਵਾਰੇ ਵੀ ਬੀਜੀ ਕੋਲੋਂ ਸੁਣਿਆਂ ਸੀ। ਜਿਨ੍ਹਾਂ ਵਿਚ ਪੁਰਾਣੇ ਵਕਤਾਂ
ਦੀਆਂ ਪੈਂਡੇ ਤੁਰਨ ਜਾਂ ਸਵਾਰੀ ਕਰਨ ਦੀਆਂ ਦੁਸ਼ਵਾਰੀਆਂ ਵਾਰੇ ਵੀ ਅਕਸਰ ਦਸਦੇ ਸਨ ਕਿ ਜੇ ਰੇਲ ਗੱਡੀ
ਦੁਆਰਾ ਜਾਣਾਂ ਤਾਂ ਮੁਸਾਫਰੀ ਵਿਚ ਹੀ ਦੋ ਦਿਨ ਲੱਗ ਜਾਂਦੇ ਸਨ। ਫੇਰ ਵੀ, ਉਸ ਰਿਆਸਤ ਦੇ ਮੁੱਖ
ਸਟੇਸ਼ਨ ਤੋਂ ਉਤਰ ਕੇ, ਉਥੋਂ ਅਗਾਂਹ ਨੂੰ ਕਾਫੀ ਮੀਲ ਦੂਰ ਆਪਣੇ ਨਿਸ਼ਾਨੇ (ਉਸ ਰਿਆਸਤ ਵਿਚਲੇ ਆਪਣੇ
ਪਿੰਡ) ਵਲ ਨੂੰ ਪਰਤਣ ਲਈ ਪਿੰਡਾਂ ਵਿਚੀਂ ਊਠਾਂ ਦੀ ਸਵਾਰੀ ਕਰਨੀ ਪੈਂਦੀ ਸੀ। ਇਕ ਵਾਰ ਇੰਜ
ਮੁਸਾਫਰੀ ਕਰਦਿਆਂ ਪੱਚੀ ਛੱਬੀ ਜਾਂ ਤੀਹ ਘੰਟੇ ਤੋਂ ਵੀ ਵੱਧ ਸਮਾਂ ਲੱਗ ਗਿਆ ਹੋਵੇਗਾ। ਇਸ ਮਾਈਆਂ
ਬੀਬੀਆਂ ਦੇ ਜਥੇ ਨਾਲ਼ ਇਕ ਛੋਟਾ ਬੱਚਾ ਅਤੇ ਦੋਹਾਂ ਘਰਾਂ ਦੇ ਦੋ ਸੰਬੰਧਿਤ ਜ਼ੁਮੇਵਾਰ ਮਰਦ ਵੀ ਨਾਲ
ਹੀ ਇਸ ਮੁਸਾਫਰੀ ਵਿਚ ਸ਼ਰੀਕ ਸਨ, ਜਿਨ੍ਹਾਂ ਸਭਨਾਂ ਨੂੰ ਭੁਖਿਆਂ ਹੀ ਸਾਰੀ ਵਾਟ ਊਠਾਂ ਦੀ ਸਵਾਰੀ ਕਈ
ਘੰਟੇ ਕਰਨੀ ਪਈ। ਦੋਵੇਂ ਮਰਦ ਸ਼ਾਇਦ ਕਿਤੇ ਹੋਟਲ ਆਦਿ ਉੱਤੇ ਰੋਟੀ ਖਾ ਹੀ ਆਏ ਹੋਣ, ਇਹ ਪੱਕਾ ਪਤਾ
ਨਹੀਂ। ਬੀਜੀ ਕਹਿੰਦੇ, ਪੁਰਾਣੇ ਵਕਤਾਂ ਵਿਚ ਇਉਂ ਸਫਰ ਕਰਦਿਆਂ ਕੜਾਕੇ ਫਾਕੇ ਵੀ ਕੱਟਣੇ ਪੈਂਦੇ ਸਨ।
ਅਜਿਹੇ ਔਖੇ ਸਮੇਂ ਦੌਰਾਨ ਇੱਕ ਵਾਰ ਊਠਾਂ ਦੇ ਰਾਜਸਥਾਨੀ ਮਹਾਵਤ (ਚਾਲਕ) ਕਹਿਣ ਕਿ ''ਅਸੀਂ ਮੰਗ ਕੇ
ਤੁਹਾਡੇ ਖਾਣ ਨੂੰ ਕੁਝ ਲਿਆ ਦਿੰਦੇ ਹਾਂ।'' ਤਾਂ ਬੀਜੀ ਕਹਿੰਦੇ ''ਮੈਂ ਉਨ੍ਹਾਂ ਨੂੰ ਮਨ੍ਹਾਂ ਕਰ
ਦਿੱਤਾ ਕਿ ਅਸੀਂ ਮੰਗ ਕੇ ਲਿਆਂਦਾ ਨਹੀਂ ਖਾਣਾਂ।'' ਸਾਡੇ ਬੀ ਜੀ ਬੜੇ ਸਬਰ ਸ਼ੁਕਰ ਵਿਚ ਰਹਿਣ ਵਾਲੇ
ਪੁਰਾਣੇ ਸਿੰਘਾਂ ਵਾਗ ਦ੍ਰਿੜ੍ਹ ਨਿਸਚੇ ਵਾਲੇ, ਚੜ੍ਹਦੀ ਕਲਾ ਵਾਲੇ ਗੁਰਸਿੱਖ ਜੀਊੜੇ ਸਨ।''ਸਬਰ
ਅੰਦਰਿ ਸਾਬਰੀ ਤਨੁ ਏਵੈ ੯ ਜਾਲੇਨਿ'' ਮਹਾਂਵਾਕ ਦੀ ਸਚਾਈ ਕਮਾਉਣ ਹੰਢਾਉਣ ਵਾਲੇ ਸਿਦਕੀ ਗੁਰਸਿੱਖ
ਸਨ; ਭੁੱਖੇ ਰਹਿ ਲਿਆ, ਮੰਗ ਕੇ ਨਹੀਂ ਖਾਧਾ। ਸਾਡੇ ਬੀ ਜੀ ਪੁਰਾਤਨ ਸਿੱਖਾਂ ਵਾਂਗ, ਸਿੱਖੀ ਦੀ
ਉੱਚੀ ਸੁੱਚੀ ਕਰਨੀ ਵਾਲੇ ਸਨ। ਪਾਣੀ ਆਏ ਤੋਂ ਪਹਿਲਾਂ ਹੀ ਮੌਜੇ ਨਹੀਂ ਸਨ ਲਾਹੁੰਦੇ।
ਇਕ ਵਾਰ ਉਸ ਪੰਜਾਬੋਂ ਬਾਹਰਲੀ ਰਿਆਸਤ ਵਿਚੋਂ ਪੰਜਾਬ ਨੂੰ ਆਉਂਦਿਆਂ 'ਘਮੂੰਡ ਬਾਈ' ਪਿੰਡ ਲਾਗੇ ਸੜਕ
ਹਾਦਸੇ ਵਿਚੋਂ ਗੁਰੂ ਮਹਾਰਾਜ ਨੇ ਆਪ ਜੀ ਨੂੰ ਅਤੇ ਨਿੱਕੇ ਨਿੱਕੇ ਬਚਿਆਂ ਨੂੰ ਹੱਥ ਦੇ ਕੇ ਬਚਾਇਆ।
ਵਾਕਿਆ ਇਉਂ ਹੋਇਆ ਕਿ ਇਕੱਠੇ ਦੋ ਟੱਬਰ ਮੁਸਾਫਰੀ ਕਰਦੇ ਉਸ ਸੜਕ ਰਾਹੀਂ ਆ ਰਹੇ ਸਨ ਕਿ ਚਲਦੇ
ਟਰੈੱਕਟਰ ਪਿੱਛੋਂ ਟਰਾਲੀ, ਕੁੰਡਾ ਟੁੱਟਣ ਨਾਲ ਭੁੰਜੇ ਡਿਗ ਪਈ ਸੀ। ਟਰੈੱਕਟਰ ਮੀਲ ਕੁ ਦੇ ਫਾਸਲੇ
ਤੱਕ ਅਗਾਂਹ ਲੰਘ ਗਿਆ ਸੀ ਕਿ ਜਦ ਨੂੰ ਕਿਸੇ ਤਿੱਖੇ ਅਤੇ ਤੇਜ ਤਰਾਰ ਸਾਈਕਲ ਸਵਾਰ ਨੇ ਇਸ ਹਾਦਸੇ
ਵਾਰੇ ਡਰਾਈਵਰ ਨੂੰ ਜਾ ਪਤਾ ਦਿੱਤਾ। ਜਿਸ ਕਰਕੇ ਵੇਲੇ ਸਿਰ ਦੋਨਾਂ ਪਰਵਾਰਾਂ ਅਤੇ ਨਿੱਕੇ ਨਿੱਕੇ
ਬਚਿਆਂ ਨੂੰ ਰਾਤ ਕੱਟਣ ਲਈ ਸੁਰਖਿਅਤ ਜਗ੍ਹਾ ਵੀ ਮੁਹੱਈਆ ਹੋਈ । ਸਾਰਿਆਂ ਵਾਸਤੇ ਪਰਸ਼ਾਦੇ ਪਾਣੀ ਦਾ
ਵੀ ਬੰਦੋਬਸਤ ਹੋਇਆ। ਫਿਰ ਦੂਸਰੇ ਦਿਨ ਟਰਾਲੀ ਦੀ ਮੁਰੰਮਤ ਵੀ ਸਹੀ ਸਲਾਮਤ ਹੋ ਗਈ ਅਤੇ ਮੁੜ ਸੜਕੇ
ਸ਼ੜਕ ਬਲ਼ਿਖਾਂ ਚੀਰਦੇ ਆਪਣੇ ਜੱਦੀ ਪਿੰਡਾਂ ਵਿਚ ਪਹੁੰਚੇ।
ਅਜਿਹੀ ਹੀ ਖੇਤੀਬਾੜੀ ਕਾਰੋਬਾਰ ਨਾਲ਼ ਸੰਬੰਧਿਤ ਇਕ ਹੋਰ ਦੁਸ਼ਵਾਰੀ ਦੀ ਦਾਸਤਾਂ ਵੀ ਸੁਣਨ ਵਿਚ ਆਈ ਹੈ
ਕਿ ਬੰਬੀ ਦਾ ਬੋਰ ਕਰਨ ਵਾਲ਼ੇ ਕਾਮੇ ਬੋਰ ਕਰ ਰਹੇ ਸਨ ਕਿ ਪਾਣੀ ਅਉਣ ਦਾ ਕੋਈ ਲਲ੍ਹ ਨਜ਼ਰ ਨਾ ਆਵੇ।
ਹਾਰ ਹੁੱਟ ਕੇ, ਥੱਕ ਟੁੱਟ ਕੇ, ਉਨ੍ਹਾਂ ਕਾਮਿਆਂ ਨੇ ਦਿਲ ਛੱਡ ਦਿੱਤਾ 'ਅਖੇ, ਇਥੇ ਪਾਣੀ ਨਹੀਂ
ਆਉਣਾ'। ਬਾਕੀ ਵੀ ਸਾਰੇ ਦਿਲ ਛੱਡ ਗਏ ਸਨ। ਤਦ ਗੁ. ਰਾਮ ਪੁਰ ਖੇੜੇ (ਜ਼ਿਲਾ ਹੋਸ਼ਿਆਰ ਪੁਰ) ਤੋਂ
'ਬਾਬਾ ਜੀ' ਨੂੰ ਲਿਆਂਦਾ ਗਿਆ। 'ਬਾਬਾ ਜੀ' ਨੇ ਬੀ ਜੀ ਨੂੰ ਕਿਹਾ ਕਿ ''ਬੀਬੀ ਜੀ, ਤੁਸੀਂ ਗੁਰੂ
ਸਾਹਿਬ ਨੂੰ ਪੁੱਛੋ ਕਿ ਕੀ ਉਪਚਾਰ ਕੀਤਾ ਜਾਵੇ''। ਬੀਜੀ ਹਰ ਰੋਜ਼ ਦੀ ਤਰ੍ਹਾਂ ਸਮਾਧ ਸਥਿਤ ਹੋਏ ਤਾਂ
ਉਨ੍ਹਾਂ ਨੂੰ ਜੋ ਗੁਰੂ ਸਾਹਿਬ ਜੀ ਦਾ ਵਚਨ ਮਰਾਕਬੇ (ਸਮਾਧੀ) ਵਿਚੋਂ ਮੁਹੱਈਆ ਹੋਇਆ ਸੀ, ਦੱਸਿਆ ਕਿ
ਗੁਰੂ ਜੀ ਨੇ ਕਿਹਾ ਹੈ ਕਿ ''ਪਾਣੀ ਇਥੋਂ ਹੀ ਨਿਕਲ ਆਵੇਗਾ ਜੇ ਦਸ ਫੁੱਟ ਬੋਰ ਹੋਰ ਪੁੱਟੋ ਤਾਂ।''
ਕਾਮਿਆਂ ਸਮੇਤ ਸਾਰੇ ਇਕ ਵਾਰ ਫਿਰ ਦ੍ਰਿੜ੍ਹ-ਚਿੱਤ ਹੋ ਕੇ, ਕਾਇਮ ਹੋ ਕੇ ਜੁੱਟ ਗਏ ਅਤੇ ਸਾਰੇ ਘਰ
ਦੇ 'ਤੇ ਕਾਮੇ ਫਿਰ ਦ੍ਰਿੜਤ੍ਹਾ ਨਾਲ ਇਕ ਜਾਨ ਹੋ ਕੇ ਲੱਗ ਪਏ। ਦਸ ਫੁੱਟ ਹੋਰ ਪੁੱਟਣ ਨਾਲ ਬੰਬੀ ਦਾ
ਬਹੁਤ ਜ਼ਿਆਦਾ ਪਾਣੀ ਉਸੇ ਬੋਰ ਵਿਚੋਂ ਨਿਕਲ ਪਿਆ।
ਇਵੇਂ ਹੀ, ਇਕ ਉਸ ਬੰਦੇ ਦੀ ਵੀ ਗਲ ਬੀ ਜੀ ਨੇ ਸੁਣਾਈ ਸੀ ਕਿ ਜਿਹੜਾ ਬੰਦਾ 'ਬਾਬਾ ਜੀ' ਦੇ ਦਰਸ਼ਣ
ਕਰਨੇ ਨਹੀਂ ਸੀ ਚਾਹੁੰਦਾ। ਉਸ ਨੇ ਆਪਣੇ ਮਰਨ ਬਿਸਤਰ ਉੱਤੇ ਪਏ ਨੇ ਆਪਣਾ ਮੂੰਹ ਢੱਕ ਲਿਆ ਸੀ ਜਦ
ਬਾਬਾ ਜੀ ਉਸਨੂੰ ਮਿਲਣ ਗਏ ਤਾਂ। ਮੈਨੂੰ ਚੇਤਾ ਭੁੱਲ ਗਿਆ ਉਹ ਕੌਣ ਸੀ। ਦੂਜੇ ਪਾਸੇ ਘਰ ਦੇ ਪਾਲਤੂ
ਕੁੱਤੇ ਦੀ ਕਥਾ ਬੜੀ ਨਿਰਾਲੀ ਦਸੀਦੀ ਹੈ। ਕਹਾਣੀ ਇਉਂ ਸੀ ਕਿ ਲਿਆਦੇ ਤਾਂ ਦੋ ਕੁੱਤੇ ਸਨ ਪਰ ਇੱਕ
ਕੁੱਤਾ ਕੁਝ ਸਮੇਂ ਬਾਦ ਮਰ ਗਿਆ ਸੀ ਜਦ ਕਿ ਦੂਜਾ ਕੁੱਤਾ ਮਗਰੋਂ ਕਾਫੀ ਚਿਰ ਜ਼ਿੰਦਾ ਰਿਹਾ। ਕੁੱਤਾ
ਬੜਾ ਖ਼ਬਰਦਾਰ ਅਤੇ ਤਕੜਾ ਰਾਖਾ ਸੀ। ਹਰੇਕ ਆਏ ਗਏ ਦੀ ਨਿਗਰਾਨੀ ਰਖਦਾ ਸੀ ਅਤੇ ਹਰ ਇਕ ਨੂੰ ਵੱਢਣ
ਪੈਂਦਾ ਸੀ ਪਰ 'ਬਾਬਾ ਜੀ' ਨੇ ਜਦੋਂ ਘਰ ਆ ਜਾਣਾਂ ਤਾਂ ਉਸ ਨੇ ਸਾਊ ਬਣ ਜਾਣਾਂ। ਉਨ੍ਹਾਂ ਦੇ ਮੰਜੇ
ਹੇਠਾਂ ਬੈਠੇ ਰਹਿਣਾਂ। ਜਦ ਕਦੇ 'ਬਾਬਾ ਜੀ' ਨੇ ਖੂਹ ਵਲ ਨੂੰ ਫਿਰਨ ਤੁਰਨ ਨਿਕਲਣਾਂ ਤਾਂ ਉਸ ਨੇ
ਨਾਲ ਹੋ ਤੁਰਨਾ। ਨੇਤ ਰੱਬ ਦੀ, ਜਦੋਂ ਉਸ ਭਾਗਾਂ ਵਾਲੇ ਕੁੱਤੇ ਦੀ ਮੌਤ ਆਈ ਤਾਂ 'ਬਾਬਾ ਜੀ' ਵੀ
ਕੁਦਰਤੀ ਘਰ ਆਏ ਹੋਏ ਸਨ। 'ਬਾਬਾ ਜੀ' ਦੇ ਉਥੇ ਹੁੰਦਿਆਂ ਉਸ ਕੁੱਤੇ ਦੇ ਸਵਾਸ ਨਿਕਲੇ ਤਾਂ 'ਬਾਬਾ
ਜੀ' ਨੇ ਉਸ ਨਮਿਤ 'ਸੋਹਿਲੇ' ਦਾ ਪਾਠ ਕੀਤਾ। ਉਪਰੰਤ, ਕੱਪੜਾ ਉਪਰ ਪਾ ਕੇ ਉਹ ਕੁੱਤਾ ਦਫਨਾਇਆ ਗਿਆ।
ਘਰੇਲੂ ਅਤੇ ਗ੍ਰਿਹਸਤੀ ਜ਼ਿੰਦਗੀ ਵਿਚ ਕੌੜੇ ਕੁਸੈਲੇ ਵਕਤਾਂ ਵਿਚ ਵੀ, ਸਾਡੇ ਬੀਜੀ ਦੱਸਦੇ ਸਨ, ਕਿ
ਉਨ੍ਹਾਂ ਨੇ ਕਿਸੇ, ਨਾ ਘਰ ਦੇ ਨਾ ਬਾਹਰ ਦੇ, ਨੂੰ ਕੌੜਾ ਜਾਂ ਮੰਦਾ ਵਚਨ ਕਦੇ ਬੋਲਿਆ, ਭਾਵੇਂ
ਜ਼ਿੰਦਗੀ ਵਿਚ ਬਤੇਰੀ ਵਾਰ ਕਸ਼ੀਦਗੀ ਅਤੇ ਕੁੜੱਤਣ ਦਾ ਸਾਹਮਣਾ ਕਰਨਾ ਪਿਆ। ਜੇ ਕਿਸੇ ਨੇ ਮੰਦਾ ਵਚਨ
ਕਹਿ ਦਿੱਤਾ ਤਾਂ ਆਪ ਜੀ ਸਾਫ਼ ਕਹਿ ਦਿਆ ਕਰਦੇ ਸਨ ਕਿ '' . ਜੀ, ਮੰਦਾ ਵਚਨ ਤੂੰ ਭਾਵੇਂ ਕਹਿ
ਲੈ, ਮੈਂ ਨਹੀਂ ਕਹਿਣਾ।'' ਹੁਣ ਜਦ ਸਿਆਣੇ ਹੋਇਆਂ ਆਪ ਜੀ ਨੂੰ ਪੁਛਿਆ ਤਾਂ ਉਨ੍ਹਾਂ ਹੁਣੇ ਕਥੇ
ਆਪਣੇ ਅਸੂਲ ਨੂੰ ਰੂਹਾਨੀ ਰੰਗ ਵਿਚ ਇਉਂ ਕਿਹਾ ਕਿ ''ਮੈਂ ਕਿਸੇ ਨੂੰ ਸਤਾਇਆ ਨਹੀਂ।'' ਇਵੇਂ ਹੀ,
ਕਰਮਾਂ-ਹੀਣੇ ਜੀਵਾਂ ਦੇ ਨਿਤਾਣੇਪਣ ਦੇ ਸੰਬੰਧ ਵਿਚ ਇਕ ਹੋਰ ਵਚਨ ਆਪ ਜੀ ਆਮ ਕਿਹਾ ਕਰਦੇ ਸਨ ਕਿ
'ਹੁੰਦੀਆਂ ਨਾ ਦਿਲ-ਲਗੀਆਂ, ਲਗਦੇ ਨਾ ਭਾਗ ਪਰਾਏ'।
ਸਾਡੇ ਬੀ ਜੀ ਨੇ ੧੯੭੩ ਈ. ਤੋਂ ੧੯੭੮ ਈ. ਤੱਕ ਲਗਾਤਾਰ ਪੰਜ ਸਾਲ ਪਰਸ਼ਾਦੇ ਦਾ ਆਹਾਰ ਨਹੀਂ ਸੀ
ਕੀਤਾ। ਉਂਞ, ਉਹੀ ਆਹਾਰ ਕਰਦੇ ਸਨ ਜੋ ਗੁਰੂ ਹੁਕਮ ਵਿਚ ਛਕਣ ਲਈ ਹੁੰਦਾ ਸੀ। ਆਪ ਜੀ ਇਲਾਹੀ ਹੁਕਮ
ਵਿਚ ਕੋਈ ਪਾਠ ਕਰਦੇ ਸਨ। ਮੈਂ ਬਾਹਰੋਂ ਪਿੰਡ ਗਿਆ ਹੋਇਆ ਸਾਂ ਤਾਂ ਸਿਆਲ ਦੇ ਦਿਨ ਸਨ। ਜਦ ਪੰਜ ਕੁ
ਵੱਜਣ ਲੱਗੇ ਤਾ ਆਪ ਜੀ ਨੇ ਪਿੰਡ ਦੀ ਦੁਕਾਨ ਤੋਂ ਨੌਕਰ ਤੋਂ ਸੌਗੀ ਮੰਗਵਾਈ ਅਤੇ 'ਬਾਬਾ' ਜੀ ਵਾਂਗ
ਗੁਰੂ ਮਹਾਰਾਜ ਤੋਂ ਭੋਗ ਲੁਆਉਣ ਦੀ ਅਰਦਾਸ ਕਰਕੇ ਕੁਝ ਸੌਗੀ ਦਾਣੇ ਮੈਨੂੰ ਵੀ ਛਕਣ ਨੂੰ ਦਿੱਤੇ।
ਮੈਂ ਕਿਹਾ ਆਪ ਜੀ ਛਕੋ, ਤੁਸੀਂ ਪਰਸ਼ਾਦਾ ਨਹੀਂ ਛਕਣਾ, ਮੈਂ ਤਾਂ ਪਰਸ਼ਾਦੇ ਵੀ ਛਕ ਲੈਣੇ ਹਨ। ਆਪ ਜੀ
ਦਾ ਹੁਕਮ ਮੰਨ ਕੇ ਮੈਂ ਵੀ ਸੌਗੀ ਛਕ ਲਈ। ਆਪ ਜੀ ਦਿਆਲੂ ਹੋਣ ਕਰਕੇ ਮੈਨੂੰ ਕਹਿਣ ਕਿ ''ਮੈਂ ਤੈਨੂੰ
ਦੱਸ ਦਿਆਂ ਕਿ ਮੈਂ ਕਿਉਂ ਅਜਿਹਾ ਕਠਨ ਤਪ ਵਰਗਾ ਪਾਠ ਕਰਦੀ ਹਾਂ ਅਤੇ ਪਰਸ਼ਾਦਾ ਵੀ ਨਹੀਂ ਛਕਦੀ ? ਪਰ
ਗੁਰੂ ਸਾਹਿਬ ਨੇ ਕਿਸੇ ਪ੍ਰਾਣੀ ਮਾਤਰ ਨੂੰ ਨਾ ਦੱਸਣ ਦੀ ਹਦਾਇਤ ਮੈਨੂੰ ਕੀਤੀ ਹੋਈ ਹੈ।'' ਮੈਂ ਝੱਟ
ਮਾਤਾ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ ਕਿ ਬੀ ਜੀ ਆਪ ਜੀ ਮੈਨੂੰ ਨਾ ਦੱਸੋ, ਜੇ ਆਪ ਜੀ ਨੂੰ ਨਾ
ਦੱਸਣ ਦਾ ਇਲਾਹੀ ਹੁਕਮ ਹਾਸਿਲ ਹੈ। ਮੈਂ ਆਪ ਜੀ ਦੀ ਚੜ੍ਹਦੀ ਕਲਾ ਦਾ ਇੱਛੁਕ ਹਾਂ। ਮੈਂ ਨਹੀਂ
ਚਾਹੁੰਦਾ ਆਪ ਜੀ ਨੂੰ ਕੋਈ ਰੂਹਾਨੀ ਘਾਟਾ ਪਵੇ ਮੈਨੂੰ ਦੱਸਣ ਨਾਲ। ਆਪ ਜੀ ਨੇ ਫਿਰ ਇੱਕ ਹੋਰ ਅਜਿਹੀ
ਘਟਨਾ ਦੀ ਦਾਸਤਾਂ ਵੀ ਸੁਣਾਈ ਜਦੋਂ ਕਿਸੇ ਨੇ ਚਾਹ ਦਾ ਕੱਪ ਆਪ ਜੀ ਨੂੰ ਪੀਣ ਨੂੰ ਫੜਾ ਦਿੱਤਾ ਸੀ।
ਪਰ ਕੁਝ ਮਿੰਟ ਆਪ ਜੀ ਨੇ ਚਾਹ ਦਾ ਕੱਪ ਫੜੀ ਰਖਿਆ ਪਰ ਚਾਹ ਪੀਤੀ ਨਹੀਂ, ਤਦ ਅਚਾਨਕ ਉਸ ਚਾਹ ਫੜਾਉਣ
ਵਾਲੇ ਸ਼ਖ਼ਸ ਨੂੰ ਹੀ ਉੱਥੂ ਆਉਣ ਉੱਤੇ ਉਹੀ ਚਾਹ ਦਾ ਕੱਪ ਬੀ ਜੀ ਨੇ ਉਸ ਬਜ਼ੁਰਗ ਅੱਗੇ ਕਰ ਦਿੱਤਾ ਤਾਂ
ਉਨ੍ਹਾਂ ਉਹ ਚਾਹ ਪੀਤੀ ਅਤੇ ਉਸ ਸਤਿਕਾਰਤ ਬਜ਼ੁਰਗ ਨੂੰ ਉੱਥੂ ਤੋਂ ਚੈਨ ਆ ਗਿਆ। ਉਹ ਬਜ਼ੁਰਗ ਬੀ ਜੀ
ਦੇ ਸ਼ੁਕਰਗੁਜ਼ਾਰ ਹੋਏ। ਕਿਉਂਕਿ ਉਸ ਵਕਤ ਤੱਕ ਚਾਹ ਵਰਤ ਹਟੀ ਸੀ ਅਤੇ ਹੋਰ ਚਾਹ ਬਚੀ ਨਹੀਂ ਸੀ। ਇਹ
ਚੇਤਾ ਨਾ ਭੁੱਲੇ ਕਿ ਇਸ ਪੰਜ ਸਾਲ ਦੇ ਲੰਮੇ ਅਰਸੇ ਦੌਰਾਨ ਇਕ ਵਾਰ ਬੀ ਜੀ ਕੰਮਜ਼ੋਰੀ ਦੀ ਦਸ਼ਾ ਵਿਚ
ਸ੍ਰੀ ਦਰਬਾਰ, ਅੰਮ੍ਰਿਤਸਰ ਸਾਹਿਬ ਦਰਸ਼ਣ ਇਸ਼ਨਾਨ ਕਰਨ ਗਏ ਹੋਏ ਦਰਸ਼ਣੀ ਡਿਓਢੀ ਤੋਂ ਦਰਬਾਰ ਸਾਹਿਬ ਵਲ
ਨੂੰ ਜਾਂਦਿਆਂ ਡਿਗ ਵੀ ਪਏ ਸਨ। ਪਰ ਸੱਟ ਚੋਟ ਤੋਂ ਬੱਚ ਗਏ ਸਨ। ਚਿਤਾਵਨੀ ਦਿੰਦਿਆਂ ਆਪ ਜੀ ਨੇ
ਮੈਨੂੰ ਵਾਰ ਵਾਰ ਇਹੋ ਕਿਹਾ ਕਿ ''ਦੇਖੀਂ! ਤੂੰ ਨਾ ਮੇਰੇ ਵਲਾਂ ਦੇਖ ਕੇ ਕਿਤੇ ਰੋਟੀ ਖਾਣੀ ਛੱਡ
ਦਈਂ।''
ਇਹ ਦੱਸਣਾਂ ਕੁਥਾਂ ਨਹੀਂ ਹੋਵੇਗਾ ਕਿ ਇਕ ਵਾਰ ਜਦ ਬੀਜੀ ਹਸਪਤਾਲ ਵਿਖੇ ਬੇਹੋਸ਼ੀ ਦੀ ਹਾਲਤ ਵਿਚ
ਜ਼ੇਰੇ-ਇਲਾਜ ਪਏ ਸਨ ਤਾਂ ਡਾਕਟਰਾਂ ਨੇ ਉਨ੍ਹਾਂ ਦੀਆਂ ਸੱਜੇ ਹੱਥ ਦੀਆਂ ਉਂਗਲਾਂ ਇਉਂ ਹਿਲਦੀਆਂ ਸਦੀਵ
ਹਰਕਤ ਵਿਚ ਦੇਖੀਆਂ ਜਿਵੇਂ ਆਪ ਜੀ ਮਾਲਾ ਫੇਰ ਰਹੇ ਹੋਣ। ਉਨ੍ਹਾਂ ਭਾਪਾ ਜੀ ਨੂੰ ਪੁਛਿਆ ਕਿ ਮਾਤਾ
ਜੀ ਦੀਆਂ ਉਂਗਲਾਂ ਇਸ ਤਰ੍ਹਾਂ ਕਿਉਂ ਹਿਲਦੀਆਂ ਅਤੇ ਲਗਾਤਾਰ ਹਰਕਤ ਵਿਚ ਹਨ? ਤਾਂ ਭਾਪਾ ਜੀ ਨੇ
ਉਨ੍ਹਾਂ ਨੂੰ ਦਸਿਆ ਕਿ ਇਹ (ਬੀਜੀ ਵਲ ਨੂੰ ਇਸ਼ਾਰਾ ਕਰਦਿਆਂ) ਸਾਰੀ ਉਮਰ ਇਨ੍ਹਾਂ ਉਂਗਲਾਂ ਨਾਲ ਮਾਲ਼ਾ
ਫੇਰਦੀ ਰਹੀ ਹੈ। ਇਸ ਲਈ ਇਹ ਬੇਹੋਸ਼ੀ ਦੀ ਹਾਲਤ ਵਿਚ ਵੀ, ਜਾਣੋ, ਮਾਲਾ ਹੀ ਫੇਰੀ ਜਾਂਦੀ ਹੈ।
ਬੀ ਜੀ ਨੇ ੨੦੦੨ ਵਿਚ ਮੈਨੂੰ ਇੱਕ ਸੱਪ ਦੀ ਉਨ੍ਹਾਂ ਨਾਲ ਵਾਪਰੀ ਘਟਨਾ ਦੀ ਅਸਲੀਅਤ ਸੁਣਾਈ ਜਿਹੜੀ
ਭਾਵੇਂ ਸਾਰੇ ਪਰਵਾਰ ਦੇ ਮੈਂਬਰਾਂ ਲਈ ਇੱਕ ਸੁਖਾਂਤ ਹੀ ਹੋ ਨਿਬੜੀ ਸੀ ਪਰ ਹੈ ਬੜੀ ਰੌਂਗਟੇ ਖੜੇ
ਕਰਨ ਵਾਲੀ। ਬੀ ਜੀ ਆਪਣੇ ਮੰਜੇ (ਨਵੀਂ ਕਿਸਮ ਦੇ ਬੈੱਡ) ਉਪਰ ਰਾਤ ਸੁੱਤੇ ਪਏ ਸਨ। ਰਾਤ ਦੇ ਹਨੇਰੇ
ਵਿਚ ਇੱਕ ਬਹੁਤ ਵੱਡਾ ਸੱਪ, ਕੰਧ ਦੇ ਪੈਰਾਂ ਵਿਚ ਫ਼ਰਸ਼ ਨੂੰ ਧੋ ਕੇ ਪਾਣੀ ਬਾਹਰ ਕੱਢਣ ਲਈ ਰੱਖੀ ਹੋਈ
ਮੋਰੀ ਵਿਚੀਂ, ਆਪ ਜੀ ਦੇ ਮੰਜੇ ਦੇ ਸਿਰ੍ਹਾਣੇ ਵਲੋਂ ਅੰਦਰ ਆ ਵੜਿਆ। ਉਸ ਮੋਰੀ ਦੇ ਸੌਂਹੇ ਆਪ ਜੀ
ਦਾ ਮੰਜਾ ਸੀ। ਸੱਪ ਉਸ ਮੰਜੇ ਦੇ ਸੱਜੇ ਪਾਵੇ ਉਪਰ ਆ ਚੜ੍ਹਿਆ। ਫੇਰ ਮੰਜੇ ਦੇ ਉਪਰ ਬੀਜੀ ਦੇ ਸੱਜੇ
ਪਾਸਿਓਂ ਦੀ ਬਿਸਤਰੇ ਉਪਰ ਦੀ ਪੌਂਦ ਵਲ ਨੂੰ ਰੀਂਘਦਾ ਗਿਆ। ਇਸ ਕਿਰਿਆ ਦੌਰਾਨ ਉਹ ਬੀਜੀ ਦੀ ਸੱਜੀ
ਲੱਤ ਨਾਲ ਘਿਸਰਦਾ ਲੰਘਿਆ ਤਾਂ ਆਪ ਜੀ ਨੂੰ ਜਾਗ ਆ ਗਈ। ਅਤੇ ਇਹ ਭਾਂਪ ਕੇ ਕਿ ਇਹ ਸੱਪ ਹੈ, ਆਪ ਜੀ
ਆਪਣੇ ਰੱਬ ਦੇ ਧਿਆਨ ਮਗਨ ਹੋ ਗਏ, ਕਿ ਸ਼ਾਇਦ ਉਹ ਆਪ ਜੀ ਦਾ ਅੰਤ ਕਰਨ ਆਇਆ ਹੈ। ਨਾਲ ਸੱਪ ਦੀ ਹਰਕਤ
ਵਲ ਵੀ ਨਜ਼ਰ ਰੱਖੀ ਛੱਡੀ। ਸੱਪ ਪੌਂਦ ਵਾਲੇ ਪਾਵੇ ਉਪਰ ਜਾ ਕੇ, ਇੱਕ ਹੱਥ ਉੱਚਾ ਖੜਾ ਹੋ ਕੇ, ਕੁਝ
ਸੈਕੰਡ ਕੁਝ ਦੇਖਦਾ ਰਿਹਾ। ਬੀਜੀ ਆਪਣੇ ਰੱਬ ਨਾਲ ਆਪਣੇ ਬਚਾੱ ਦੇ ਸੰਵਾਦ ਵਿਚ ਮਸਰੂਫ਼ ਰਹੇ। ਸੱਪ
ਏਨੇ ਨੂੰ ਉਤਰ ਕੇ ਫਰਸ਼ ਉੱਤੇ ਰੀਂਘਦਾ ਅਗਾਂਹ ਵਰਾਂਡੇ ਵਿਚੀਂ ਨਿਕਲ ਕੇ ਗੁਆਂਢੀਆਂ ਦੇ ਵੀਰਾਨ ਪਏ
ਮਕਾਨ ਵਲ ਨੁੰ ਚਲਾ ਗਿਆ। ਜਦ ਸਵੇਰ ਹੋਈ ਤਾਂ ਆਪ ਜੀ ਨੇ ਸਾਰੇ ਪਰਵਾਰ ਨਾਲ ਇਹ ਘਟਨਾ ਸਾਂਝੀ ਕੀਤੀ
ਕਿ ਕਿਵੇਂ ਰਾਤੀਂ ਸੱਪ ਤੋਂ ਆਪ ਜੀ ਦਾ ਰੱਬ ਨੇ ਬਚਾੱ ਕੀਤਾ ਸੀ। ਸਾਰਿਆਂ ਨੇ ਸੁਖ ਮਨਾਇਆ ਕਿ ਬੀਜੀ
ਬਚ ਗਏ ਸਨ।
ਆਪ ਜੀ ਦੀ ਕੁਖੋਂ ਤਿੰਨ ਬੱਚੇ, ਦੋ ਪੁੱਤਰ ਅਤੇ ਇੱਕ ਲੜਕੀ ਪੈਦਾ ਹੋਏ। ਉਨ੍ਹਾਂ ਨੇ ਆਪਣੀ ਲੜਕੀ
ਨੂੰ ਅਰਥ ਸ਼ਾਸਤਰ ਦੀ ਐੱਮ ਏ ਕਰੁਆਈ। ਬਚਿਆਂ ਦੇ ਅਗਾਂਹ ਆਪਣੇ ਪਰਵਾਰ ਹਨ। ਉਨ੍ਹਾਂ ਦਾ ਇੱਕ ਜੁਆਨ
ਪੁੱਤਰ ੧੯੭੮ ਈ. ਨੂੰ ਭਾਣੇ ਵਿਚ ਕੰਮ ਉੱਤੇ ਹਾਦਸੇ ਵਿਚ ਅਕਾਲ ਚਲਾਣਾ ਕਰ ਗਿਆ ਸੀ। ਆਪਣੀ ਸੰਸਾਰ
ਯਾਤਰਾ ਦੇ ਅੰਤ ਦੇ ਸਮੇਂ, ਜੁਲਾਈ ੨੦੧੩ ਵਿਚ ਸਰੀਰ ਦੀ ਕਲਾ ਸਮੇਟਣ ਵੇਲੇ ਸਾਡੇ ਬੀ ਜੀ
ਵੱਡ-ਪਰਵਾਰੇ ਸਨ। ਉਨ੍ਹਾਂ ਦੇ ਪਿੰਡ ਪਰਵਾਰ ਦੀ ਆਲੀਸ਼ਾਨ ਕੋਠੀ ਵਿਖੇ ਸਾਰੇ ਪਰਵਾਰ ਦੇ ਮੈਂਬਰਾਂ
ਸਮੇਤ ਵੱਡੀ ਫੋਟੋ ਲੱਗੀ ਹੋਈ ਹੈ।
ਸਾਡੇ ਬੀਜੀ ਦੇ ਪੰਜ ਭੌਤਿਕ ਜਿਸਮ ਦਾ ਅੰਤ ਜੁਲਾਈ ੨੦੧੩ ਨੂੰ ਇਉਂ ਹੋਇਆ ਕਿ ਅਖੀਰ ਵੇਲੇ ਆਪ ਜੀ
ਬੋਲਣੋਂ ਵੀ ਅਸਮਰਥ ਅਤੇ ਅਵਾਜ਼ਾਰ ਹੋ ਗਏ ਸਨ। ਐਸਾ ਵੀ ਵਕਤ ਆਇਆ ਕਿ ਨਾ ਕਿਸੇ ਨੂੰ ਪਛਾਨਣ ਨਾ
ਬੁਲਾਉਣ। ਮੁਕਦੀ ਗੱਲ, ਜੀ! ਆਪ ਜੀ ਦਾ ਇਸ ਮਿੱਟੀ ਦੀ ਮੜੋਲੀ ਨੂੰ ਛੱਡ ਅਕਾਲ ਦੇ ਦੇਸ਼, ਸੱਚਖੰਡ,
ਨੂੰ ਜਾਣ ਦਾ ਵਕਤ ਆਣ ਪਹੁੰਚਾ ਸੀ। ਭੈਣ ਜੀ ਅਤੇ ਭਾਜੀ ਦੀ ਦਿਨ ਰਾਤ ਦੀ ਅਣਥੱਕ ਸੇਵਾ ਥਾਏਂ ਪਈ
ਅਤੇ ਬੀ ਜੀ ਇਕ ਵਾਰ ਤੰਦਰੁਸਤ ਵੀ ਹੋ ਗਏ ਸਨ, ਚਿਹਰਾ ਵੀ ਟਹਿਕ ਪਿਆ ਸੀ, ਗੱਲਾਂ ਵੀ ਕਰਨ ਲੱਗ ਪਏ।
ਪਰ ਦੂਏ ਦਿਨ, ਐਸੇ ਢਿਲੇ ਹੋਏ ਕਿ ਮੁੜ ਰਾਤ ਸੁੱਤਿਆਂ ਉਠੇ ਨਹੀਂ। ਇਹ ਗੱਲ ੨੨ ਜੁਲਾਈ ੨੦੧੩ ਈ. ਦੀ
ਸਵੇਰ ਸਾਰ ਦੀ ਸੀ। ਹਸਪਤਾਲ ਵਾਲਿਆਂ, ਸੁਵਖਤੇ ਪਹੁੰਚੇ ਭੈਣ ਜੀ ਅਤੇ ਭਾਜੀ ਨੂੰ, ਰਾਤ ਮਾਤਾ ਜੀ ਦੇ
ਉੱਚੇ ਰੂਹਾਨੀ ਮੰਡਲਾਂ ਦੇ ਸਾਰੀ ਉਮਰ ਭਰ ਦੇ ਸਫਲ ਉਡਾਰੂ ਪਰ ਨਿਰਮਲ ਭੌਰ, ਦੇ ਸਦਾ ਲਈ ਲੰਮੀ
ਉਡਾਰੀ ਮਾਰ ਜਾਣ ਵਾਰੇ ਆਗਾਹ (ਜਾਣੂੰ ਕਰਾ) ਕਰ ਦਿੱਤਾ ਕਿ ਤੁਹਾਡੇ ਮਾਤਾ ਜੀ ਤਾਂ ਅਗਲੇ ਸੰਸਾਰ
ਨੂੰ ਰਾਤੀਂ ਕੂਚ ਕਰ ਚੁੱਕੇ ਸਨ।
ਆਹ! ਅਲਾਹ ਮਗ਼ਫ਼ਰਤ (ਬਖ਼ਸ਼ ਲਵੇ) ਕਰੇ! ਜਾਂ ਰੱਬ ਉਨ੍ਹਾਂ ਦੀ ਪਵਿੱਤਰ ਰੂਹ ਨੂੰ ਸ਼ਾਂਤੀ ਬਖ਼ਸ਼ੇ, ਆਪਣੇ
ਚਰਨਾਂ ਵਿਚ ਨਿਵਾਸ ਦੇਵੇ! ਸਾਡੀ ਮਾਤਾ ਇਕ ਉੱਚੀ ਅਜਬ ਅਜਾਬ ਰੂਹ ਸਨ, ਜਿਨ੍ਹਾਂ ਦੀ ਮਹਾਨ ਆਤਮਾ ਦੀ
ਅਸੀਂ ਪਛਾਣ ਨਾ ਕਰ ਸਕੇ। ਅਸੀਂ ਸਾਰੇ ਉਸੇ ਸਵਾਰਥੀ ਜਗਤ ਦਾ ਅਨਿੱਖੜ ਹਿੱਸਾ ਹਾਂ, ਜਿਸ ਵਾਰੇ
ਦਾਨਿਆਂ ਨੇ ਕਿਹਾ ਹੈ ਕਿ, ਹੇ ਜਗਤ! ਤੂੰ ਰੱਬੀ ਜੀਊੜਿਆਂ ਦੀ ਕਦੇ ਕਦਰ ਨਾ ਕੀਤੀ। ਕਦੇ ਤੂੰ
ਅਜਿਹੀਆਂ ਰੂਹਾਨੀ ਔਜ ਵਾਲੀਆਂ ਰੂਹਾਂ ਨੂੰ ਤੱਤੀ ਤਵੀ ਉਤੇ ਬਿਠਾ ਕੇ ਤਸੀਹੇ ਦਿੱਤੇ, ਕਦੇ ਤੂੰ
ਉਨ੍ਹਾਂ ਦੀਆਂ ਰੰਬੀਆਂ ਨਾਲ ਖੋਪਰੀਆਂ ਲਾਹੀਆਂ। ਕਦੇ ਦੇਗਾਂ ਵਿਚ ਉਬਾਲਿਆ ਅਤੇ ਕਦੇ ਫੱਟਿਆਂ ਨਾਲ
ਬੰਨ੍ਹ ਬੰਨ੍ਹ ਚੀਰਿਆ। ਪਰ ਆਪ ਹਰਗਿਜ਼ ਨਾ ਪਤੀਜਿਆ ਅਤੇ ਨਾ ਕੁਝ ਸਿਖਿਆ। ਜੇ ਉਹ ਰੂਹਾਂ ਤੇਰੇ ਘਰ
ਵਿਚ ਤੇਰੇ ਵਰਗੀਆਂ ਬਣ ਕੇ ਵੀ ਆ ਗਈਆਂ, ਜਿਹੜੀ ਤੇਰੀ ਆਪਣੀ ਹੀ ਮੰਗ ਅਤੇ ਅਰਦਾਸ ਦਾ ਫਲ ਸੀ, ਤਾਂ
ਤੈਨੂੰ ਰੱਬ ਨੇ ਉਹਨਾਂ ਨੂੰ ਦੇਖਣ ਅਤੇ ਪਛਾਨਣ ਲਈ ਅੱਖ ਨਾ ਦਿੱਤੀ। ਤੇਰੇ ਹਨ੍ਹੇਰ ਦੇ ਛਉੜ ਉਵੇਂ
ਦੇ ਉਵੇਂ ਹੀ ਰਹੇ, ਤੈਥੋਂ ਕੱਟੇ ਨਾ ਗਏ। ਬਾਬੇ ਮਹਿਤੇ ਕਾਲੂ ਦੇ ਪਿਛਲੇ ਜਨਮ ਵਿਚ ਤਪ ਕਰਨ ਅਤੇ ਵਰ
ਪ੍ਰਾਪਤ ਹੋਣ ਉੱਤੇ ਉਹਦੇ ਸਿਖਿਆ ਦਾਤੇ ਵਲੋਂ ਦਿੱਤੀ ਚਿਤਾਵਨੀ ਕਿ 'ਜਦ ਤੈਨੂੰ ਮਿਲਾਪ ਹੋਵੇਗਾ ਤਾਂ
ਤੂੰ ੧੦, ੧੧, ੧੨, ੧੩ ਹਨੇਰੇ ਵਿਚ ਹੋਵੇਂਗਾ' ਨੂੰ ਯਾਦ ਕਰੀਏ! ਆਪਾਂ ਖਬਰਦਾਰ ਹੋਈਏ ਅਤੇ ਆਪਣੇ
ਗਿਰੀਵਾਨ ਵਿਚ ਨਿਗਾਹ ਮਾਰ ਕੇ ਦੇਖੀਏ! ਕਿਤੇ ਸਾਡੇ ਨਾਲ ਤਾਂ ਨਹੀਂ ਉਹੋ ਕੁਝ ਬਾਬਾ ਮਹਿਤੇ ਕਾਲੂ
ਜੀ ਵਾਲਾ ਵਰਤਾਰਾ ਵਰਤ ਰਿਹਾ!
ਵੱਡੇ ਭੈਣ ਜੀ, ਭਾਜੀ ਅਤੇ ਭਾਪਾ ਜੀ, ਜਿਨ੍ਹਾਂ ਨੇ ਸਾਡੇ ਬੀਜੀ ਨੂੰ, ਸਾਡੇ ਸਾਰਿਆਂ ਨਾਲੋਂ ਸਭ
ਤੋਂ ਵੱਧ ਸਮੇਂ ਲਈ ਬਹੁਤ ਹੀ ਨੇੜਿਓਂ ਹੋ ਕੇ ਤੱਕਿਆ, ਦੱਸਦੇ ਸਨ ਕਿ ਆਪ ਜੀ ਦਿਆਲੂ ਸਨ ਅਤੇ
ਉਚਕੋਟੀ ਦੇ ਗੁਰਸਿੱਖ ਸਨ। ਪੰਜਾਂ ਬਾਣੀਆਂ ਅਤੇ ਸੁਖਮਨੀ ਸਾਹਿਬ ਦੇ ਪਾਠ ਤੋਂ ਵਾਧੂ, ਹਰ ਵੇਲੇ ਸਦਾ
ਹੀ ਨਾਮ ਸਿਮਰਦੇ ਰਹਿੰਦੇ ਸਨ। ਅਸੀਂ ਸਾਰੇ ਬੱਚੇ ਉਨ੍ਹਾਂ ਕੋਲੋਂ ਸਦਾ ਹੀ ਸਿਖਿਆ ਅਤੇ ਰਾਹਨੁਮਾਈ
ਹਾਸਿਲ ਕਰਦੇ ਰਹੇ ਸਾਂ। ਆਪ ਜੀ ਨੇ ਸਿੱਖੀ ਦੀ ਗੁੜ੍ਹਤੀ ਆਪਣੇ ਪੂਜਯ ਪਿਤਾ ਜੀ ਤੋਂ ਵਿਰਸੇ ਵਿਚ,
ਜਦ ਕਿ ਸਿੱਖੀ ਰਹਿਤ ਰਹਿਣੀ ਅਤੇ ਅੰਮ੍ਰਿਤ ਦੀ ਦਾਤ, ਸੰਤ ਬਾਬਾ ਹਰਨਾਮ ਸਿੰਘ ਜੀ ਤੋਂ ਪੰਜਾਂ
ਪਿਆਰਿਆਂ ਦੇ ਰਾਹੀਂ ਗੁ. ਰਾਮ ਪੁਰ ਖੇੜਾ ਤੋਂ ਮੁਹੱਈਆ ਕੀਤੀ ਸੀ। ਸਦਕਾ ਜਿਸ ਦਾ, ਬੀਜੀ ਨੇ ਆਪ ਵੀ
ਉਮਰ ਭਰ ਉੱਚਾ ਗੁਰਸਿੱਖੀ ਵਾਲਾ ਰਹਿਮ-ਪਰੁੱਚਾ ਰੂਹਾਨੀ ਜੀਵਨ ਅੱਜ ਦੇ ਯੁਗ ਵਿਚ ਜੀਊ ਕੇ ਇੱਕ
ਮਿਸਾਲ ਕਾਇਮ ਕੀਤੀ ਹੈ। ਮੇਰੀ ਜਾਚੇ ਸਾਡੇ ਬੀ ਜੀ ਉਪਰ ਗੁਰਬਾਣੀ ਦੀ ਇਹ ਟੂਕ ਇੰਨ ਬਿੰਨ ਢੁੱਕਦੀ
ਹੈ:
ਜਨਮ ਮਰਣ ਦੁਹਹੂ ਮਹਿ ਨਾਹੀ ਜਨ ੧੪ ਪਰਉਪਕਾਰੀ ਆਏ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ॥
ਅਜਿਹਾ ਉਪਰੋਕਤ ਓਜਮਈ ਰਹਿਮ ਵਾਲਾ ਰੂਹਾਨੀ ਸਿੱਖੀ ਜੀਵਨ ਆਉਣ ਵਾਲੀਆਂ ਨਸਲਾਂ ਲਈ ਇਕ ਨਮੂਨਾ ਬਣ
ਗਿਆ ਹੈ। (ਭਾਵੇਂ, ਉਨ੍ਹਾਂ ਦੇ ਰੂਹਾਨੀ ਜੀਵਨ ਦਾ ਬਹੁਤ ਵੱਡਾ ਹਿੱਸਾ ਅਜੇ ਅਣਲਿਖਿਆ ਅਤੇ ਅਣਛੋਹਿਆ
ਰਹਿ ਗਿਆ ਹੈ।)
ਨੋਟ:- ਜਦ ਮੈਨੂੰ ਸਾਡੇ ਮਾਤਾ ਜੀ ਦੇ ਅਕਾਲ ਚਲਾਣੇ ਦਾ ਪਤਾ ਲੱਗਾ ਤਾਂ ਮੇਰੇ ਬਹੁਤਾ ਰੁਦਨ ਕਰਨ
ਉੱਤੇ ਭੈਣ ਜੀ ਨੇ ਦਸਿਆ ਕਿ ਜਦ ਸਾਡੇ ਪੂਜਯ ਬੀਜੀ ਹਸਪਤਾਲ ਵਿਖੇ ਜ਼ੇਰੇ-ਇਲਾਜ ਸਨ ਤਾਂ ਉਨ੍ਹਾਂ ਇਕ
ਦਿਨ ਗੱਲੀਂ ਗੱਲੀਂ ਇਸ਼ਾਰਾ ਇਹ ਕਹਿ ਕੇ ਕਰ ਦਿੱਤਾ ਸੀ ਕਿ ''ਹੁਣ, ਆਪਣੇ ਘਰ ਨੂੰ ਚਲੀਏ''! ਇਹ ਸੁਣ
ਕੇ ਭੈਣ ਜੀ ਨੇ ਪੁਛਿਆ ਕਿ ''ਉਨ੍ਹਾਂ ਆਪਣੇ ਘਰਦਿਆਂ ਨਾਲ ਵੀ ਸਲਾਹ ਕਰ ਲਈ ਹੈ ?'' ਤਾਂ ਉਨ੍ਹਾਂ
ਨੈਣ ਮੁੰਦ ਲਏ ਸਨ, ਬੋਲੇ ਕੁਝ ਨਹੀਂ। ਜਿਸ ਗੱਲ ਤੋਂ ਭੈਣ ਜੀ ਸਮਝ ਗਏ ਸਨ ਕਿ ਹੁਣ ਮਾਤਾ ਜੀ ਨੇ
ਆਪਣੀ ਪੰਜ ਭੌਤਿਕ ਮਿੱਟੀ ਦੀ ਮੜੌਲੀ ਨੂੰ ਛੱਡਣ ਦਾ ਭਾਣਾਂ ਵਰਤਾ ਜਾਣਾ ਹੈ। ਰੂਹਾਨੀ ਮੰਡਲਾਂ ਦੀਆਂ
ਉਚੇਰੀਆਂ ਬੁਲੰਦੀਆਂ ਦੀਆਂ ਸਫਲ ਉਡਾਰੂ ਰੂਹਾਂ ਦੇ ਅਜਿਹੇ ਗੂੜ੍ਹ ਰੂਹਾਨੀ ਸੰਵਾਦ ਨੂੰ ਕੋਈ
ਦੁਨੀਆਂਦਾਰ ਕੀ ਸਮਝੇ!?
ਹਵਾਲੇ:-
ਵਾਰਾਂ ਭਾ. ਗੁਰਦਾਸ ਜੀ: ਅਮਰ ਸਿੰਘ ਚਾਕਰ (੧੯੯੮), ਸ਼੍ਰੋ. ਗੁ. ਪ੍ਰ. ਕਮੇਟੀ, ਸਫਾ ੨, ਵਾਰ ੧,
ਪੌੜੀ ੩
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੫੨੨
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੫੧੦; ''ਮ:੩॥ ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥''
ਸਹਿਜੇ ਰਚਿਓ ਖ਼ਾਲਸਾ (੧੯੮੮), ਪ੍ਰੋ ਹਰਿੰਦਰ ਸਿੰਘ ਮਹਿਬੂਬ, ਸਫਾ ੩੮੮-੯
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੩੫; ''ਪਰਮੇਸਰ ਤੇ ਭੁਲਿਆ ਵਿਆਪਨ ਸਭੇ ਰੋਗ॥''
ਕਬਿੱਤ ਸਵੱਯੇ, ਭਾਈ ਗੁਰਦਾਸ ਜੀ ਸਟੀਕ, ਕ੍ਰਿਤ ਭਾਈ ਸੇਵਾ ਸਿੰਘ ਜੀ (੧੯੯੬), ਪੰਨਾ ੩੦੭, ੩੧੪,
੩੭੫ (ਕਬਿੱਤ ੫੦੬, ੫੨੧, ੫੨੨, ੬੪੧)):
ਜੈਸੇ ਬਿਖੁ ਤਨਕ ਹੀ ਖਾਤ ਮਰਿ ਜਾਤਿ ਤਾਤ, ਗਾਤਿ ਮੁਰਝਾਤ ਪ੍ਰਤਿਪਾਲੀ ਬਰਖਨ ਕੀ।
ਮਹਿਖੀ ਦੁਹਾਇ ਦੂਧ ਰਾਖੀਐ ਭਾਂਜਨ ਭਰਿ, ਪਰਤਿ ਕਾਂਜੀ ਕੀ ਬੂੰਦ ਬਾਦਿ ਨ ਰਖਨ ਕੀ।
ਜੈਸੇ ਕੋਟਿ ਭਾਰਿ ਤੂਲਿ ਰੰਚਕ ਚਿਨਗ ਪਰੇ, ਹੋਤ ਭਸਮਾਤ ਛਿਨ ਮੈ ਅਕਰਖਨ ਕੀ।
ਤੈਸੇ ਪਰ-ਤਨ ਪਰ-ਧਨ ਦੂਖਨਾ ਬਿਕਾਰ ਕੀਏ, ਹਰੈ ਨਿਧਿ ਸੁਕ੍ਰਿਤ ਸਹਜ ਹਰਖਨ ਕੀ ॥੫੦੬॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੨੮੧,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੬੭੧
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੩੮੪
ਸ੍ਰੀ ਗੁਰੂ ਨਾਨਕ ਚਮਤਕਾਰ, ਭਾਗ ੧, ਖ਼ਾਲਸਾ ਸਮਾਚਾਰ, (੨੦੦੩), ਸਫਾ ੬੦
ਸਹਿਜੇ ਰਚਿਓ ਖ਼ਾਲਸਾ (੧੯੮੮): ਪ੍ਰੋ. ਹਰਿੰਦਰ ਸਿੰਘ ਮਹਿਬੂਬ, ਸਫਾ ੨੩: ਕੋਟ ਜਨਮਾਂ ਦਾ ਹਨੇਰਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਵਯੇ ਸ੍ਰੀ ਮੁਖਬਾਕ ਮਹਲਾ ੫, ਪੰਨਾ ੧੩੮੭-੮੯: ਕ੍ਰੋੜਾਂ ਜਨਮਾਂ
ਵਿਚੀਂ ਠਗੀਂਦੀ ਰੂਹ ਦੁੱਖਾਂ ਅਤੇ ਭਰਮਾਂ ਦੇ ਹਨੇਰੇ ਵਿਚ ਭਟਕਦੀ ਬੱਧੀ ਤੁਰੀ ਰਹਿੰਦੀ ਹੈ।
ਭਾ. ਵੀਰ ਸਿੰਘ (੧੯੯੬): ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੈਂਚੀ ਤੀਜੀ, ਪੰਨਾ ੬੯੦-੭੦੩,
ਸਾਹਿਤ ਸਦਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੂਹੀ ਮਹਲਾ ੫, ਪੰਨਾ ੭੪੯