.

ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਭਾਗ - 19

ਵੀਰ ਭੁਪਿੰਦਰ ਸਿੰਘ


19. ਉੱਨ੍ਹੀਵਾਂ ਸਲੋਕ -
ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥
ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥19॥

ਭਾਵ ਉਹੀ ਬੈਰਾਗੀ ਤੇ ਉਦਾਸੀ ਹੈ ਜਿਸਨੇ ਹਉਮੈ ਤੱਜ ਦਿੱਤੀ ਹੈ। ਸੋ, ਬ੍ਰਹਮ ਪਛਾਣਨਾ ਭਾਵ ਆਪਣੇ ਆਪੇ ਦੀ ਪਛਾਣ ਕਰ ਲੈਣਾ। ਜਦੋਂ ਵੀ ਦੂਜਿਆਂ ਬਾਰੇ ਗੱਲਾਂ ਕਰਦੇ ਹਾਂ ਤਾਂ ਦੂਰੀ ਵੱਧਦੀ ਹੈ, ਗਲਤ ਫਹਿਮੀ ਵੱਧਦੀ ਹੈ। ਸਾਨੂੰ ਦੂਜੇ ਦੇ ਮਨ ਦੀ ਨਹੀਂ ਪਤਾ। ਤਾਂ ਹੀ ਗੁਰੂ ਸਾਹਿਬ ਕਹਿੰਦੇ ਹਨ ਕਿ ਮੇਰੇ ਮਨ ਤੇ ਜੋ ਵਾਪਰਦੀ ਹੈ ਰੱਬ ਜੀ ਉਹ ਤੁਸੀਂ ਜਾਣਦੇ ਹੋ। ਮੈਂ ਕਿਸੇ ਦੇ ਅੰਦਰ ਦੀ ਨਹੀਂ ਜਾਣ ਸਕਦਾ ਹਾਂ, ਕਿਉਂਕਿ ਮੈਂ ਅੰਤਰਜਾਮੀ ਨਹੀਂ ਹਾਂ, ਰੱਬ ਨਹੀਂ ਹਾਂ। ਸਾਨੂੰ ਆਪਣੇ ਮਨ ਦੀ ਤੇ ਪਤਾ ਨਹੀਂ ਹੈ ਦੂਜੇ ਦੇ ਮਨ ਦੀ ਕੀ ਜਾਣਾਗੇ। ‘ਅੰਤਰ ਕੀ ਬਿਧਿ ਤੁਮ ਹੀ ਜਾਨੀ ਤੁਮ ਹੀ ਸਜਨ ਸੁਹੇਲੇ ॥’ (206) ਇਸ ਲਈ ਅਸੀਂ ਇੱਕ ਲੇਖ ਲਿਖਿਆ ‘ਮਨੁੱਖਾਂ ਦੀ ਆਪਸੀ ਦੂਰੀ ਕਿਉਂ?’
ਮਨੁੱਖਾਂ ਦੀ ਆਪਸੀ ਦੂਰੀ ਇਸ ਲਈ ਹੁੰਦੀ ਹੈ ਕਿਉਂਕਿ ਆਪਣੇ ਬਾਰੇ ਪਤਾ ਨਹੀਂ ਹੈ ਅਤੇ ਦੂਜਿਆਂ ਬਾਰੇ ਕਿਆਸ ਲਗਾਈ ਜਾ ਰਹੇ ਹਾਂ। ਇਸ ਭਰਮ ਨੂੰ ਗੁਰੂ ਸਾਹਿਬ ਕੱਟ ਦੇਂਦੇ ਹਨ। ‘ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ ॥’ (51) ਜਦੋਂ ਭਰਮ ਕਟਿਆ ਜਾਏ ਤਾਂ ਇਹ ਹੀ ਬ੍ਰਹਮ ਵਿਚਾਰ ਹੈ। ‘ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥’ (441) ਦੂਜਾ ਭਾਉ ਨਾ ਹੋਵੇ ਤਾਂ ਮਾਨੋ ਮਾਇਆ ਗਈ। ਦੂਜਾ ਭਾਉ ਨਾ ਰਹੇ ਤਾਂ ਬਿਖਿਆ ਗਈ, ਭਰਮ ਗਿਆ। ਮਾਇਆ, ਹਉਮੈ, ਬਿਖਿਆ, ਆਪਣੇ ਮੰਦੇ ਖਿਆਲਾਂ ਨਾਲੋਂ ਮੋਹ ਛੋੜਕੇ ਜੋ ਮਨ ਆਪਣੇ ਅਤੇ ਦੂਜਿਆਂ ਦੇ ਹਿਰਦੇ ਵਿਚ ਵਸਦੇ ਰੱਬ ਨੂੰ ਮਹਿਸੂਸ ਕਰਦਾ ਹੈ ਉਸ ਨੂੰ ਹੀ ਮੁਕਤ ਨਰ ਕਿਹਾ ਹੈ।




.