ਅਮ੍ਰਿਤ
(3)
ਲੇਖ ਦੇ ਪਹਿਲੇ ਦੋ ਭਾਗਾਂ ਵਿੱਚ, ਗੁਰਬਾਣੀ ਦੇ ਆਧਾਰ `ਤੇ, ਕੀਤੀ ਗਈ
ਗੁਰਮਤਿ-ਵਿਚਾਰ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ, ਗੁਰਸਿੱਖ ਦੇ ਜੀਵਨ ਵਿੱਚ ਨਾਮ ਅੰਮ੍ਰਿਤ
ਤੋਂ ਬਿਨਾਂ ਹੋਰ ਕਿਸੇ ਵੀ ਅਖਾਉਤੀ ਅੰਮ੍ਰਿਤ ਦਾ ਕੋਈ ਮਹੱਤਵ ਨਹੀਂ ਹੈ! ਇਸ ਲਈ, ਗੁਰੂ (ਗ੍ਰੰਥ)
ਦੇ ਸਿੱਖ ਨੇ ਸੰਸਾਰ ਦੇ ਸਾਰੇ ਕਥਿਤ ਅੰਮ੍ਰਿਤਾਂ, ਜੋ ਮਨੁੱਖ ਦੇ ਆਤਮਿਕ ਜੀਵਨ ਲਈ ਸੁਆਹ ਦੀ
ਤਰ੍ਹਾਂ ਤੁੱਛ ਤੇ ਨਿਰਾਰਥਕ ਹਨ, ਦਾ ਪਰਿਤਿਆਗ ਕਰਕੇ ਸਿਰਫ਼ ਤੇ ਸਿਰਫ਼ ਨਾਮ-ਅੰਮ੍ਰਿਤ ਦਾ
ਸੇਵਨ ਹੀ ਕਰਨਾ ਹੈ।
ਪਾਣੀ ਆਦਿਕ ਪਦਾਰਥਕ ਅੰਮ੍ਰਿਤ ਭੌਤਿਕ ਤੇ ਸਥੂਲ ਸਰੀਰ ਵਾਸਤੇ ਤਾਂ ਲਾਭਕਾਰੀ
ਹੋ ਸਕਦੇ ਹਨ ਪਰੰਤੂ ਪਰਮਾਤਮਾ ਦੀ ਅੰਸ਼ ਅਪ੍ਰਤੱਖ, ਅਦ੍ਰਿਸ਼ਟ ਤੇ ਸੂਖਮ ਆਤਮਾ ਵਾਸਤੇ ਕਤਈ ਨਹੀਂ!
ਅਸਥੂਲ ਤੇ ਸੂਖਮ ਆਤਮਾ ਵਾਸਤੇ ਸਿਰਫ਼ ਤੇ ਸਿਰਫ਼ ਨਾਮ-ਸਿਮਰਨ ਦਾ ਸਿੱਧਾਂਤ ਹੀ ਕਲਿਆਣਕਾਰੀ ਅੰਮ੍ਰਿਤ
ਹੈ। ਨਾਮ ਅਤੇ ਆਤਮ-ਗਿਆਨ ਦੇ ਇਲਾਹੀ ਅੰਮ੍ਰਿਤ ਦਾ ਠਿਕਾਣਾ ਮਨੁੱਖ ਦੇ ਹਿਰਦੇ ਘਰ ਵਿੱਚ ਹੈ,
ਬਾਹਰ ਨਹੀਂ! ਹਰਿ ਅੰਮ੍ਰਿਤ ਨਾਮ ਦਾ ਕੀਮੀਆਈ ਤੇ ਚਮਤਕਾਰੀ ਭੋਜਨ ਕਿਸੇ ਦੰਭੀ ਸੰਸਾਰੀ ਦੀ ਦੇਣ ਵੀ
ਨਹੀਂ ਹੈ! ਸਗੋਂ, ਮਨ ਨੂੰ ਨਿਰਮੈਲ ਕਰਕੇ ਆਤਮਾ ਨੂੰ ਸਜੀਵਤਾ ਦੇਣ ਵਾਲਾ ਨਾਮ ਅੰਮ੍ਰਿਤ ਰੂਪੀ
ਦੁਰਲੱਭ ਭੋਜਨ ਤਾਂ ਗੁਰਸਿੱਖ ਨੂੰ ਗੁਰੂ (ਗ੍ਰੰਥ) ਦੇ ਦੱਸੇ ਮਾਰਗ `ਤੇ ਚਲਦਿਆਂ, ਸਖ਼ਤ ਘਾਲਣਾ ਘਾਲ
ਕੇ ਪ੍ਰਭੂ ਦੀ ਕ੍ਰਿਪਾ ਦ੍ਰਿਸ਼ਟੀ ਨਾਲ ਹੀ ਪ੍ਰਾਪਤ ਹੁੰਦਾ ਹੈ। ਗੁਰੁ ਫ਼ਰਮਾਨ ਹੈ:
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪ੍ਰਸਾਦਿ॥
ਤਿਨੀੑ ਪੀਤਾ ਰੰਗ ਸਿਉ ਜਿਨ ਕਉ ਲਿਖਿਆ ਆਦਿ॥ ਸਲੋਕ ਮ: ੨
ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ॥
ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ॥
ਏਹ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ॥
ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿਧਾਰਿ॥
ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ॥
ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ॥ ਸਲੋਕ ਮ: ੩
ਲੇਖ ਦੇ ਪਿਛਲੇ ਪੰਨਿਆਂ ਉੱਤੇ ਕੀਤੀ ਗਈ ਵਿਸਤ੍ਰਿਤ ਵਿਚਾਰ ਤੋਂ ਇਹ ਸੱਚ ਵੀ
ਸਪਸ਼ਟ ਹੁੰਦਾ ਹੈ ਕਿ ਗੁਰਬਾਣੀ ਮਨੁੱਖ ਨੂੰ ਪਦਾਰਥਕ, ਸਥੂਲ ਤੇ ਸੰਸਾਰਕ ਅੰਮ੍ਰਿਤਾਂ ਅਤੇ ਪੁਜਾਰੀਆਂ
ਦੁਆਰਾ ਇਨ੍ਹਾਂ ਅੰਮ੍ਰਿਤਾਂ ਨਾਲ ਜੋੜੇ ਗਏ ਕਰਮਕਾਂਡਾਂ ਵੱਲੋਂ ਹੋੜ ਕੇ ਨਾਮ-ਅੰਮ੍ਰਿਤ ਨਾਲ ਮੈਲੇ
ਮਨ ਦਾ ਇਸ਼ਨਾਨ ਕਰਨ ਵਾਸਤੇ ਪ੍ਰੇਰਿਤ ਕਰਦੀ ਹੈ। ਪਰੰਤੂ ‘ਸਿੱਖਾਂ’ ਦੀ ਕਿਸਮਤ ਦਾ ਖੇਲ ਦੇਖੋ,
ਗੁਰਮਤਿ ਦੇ ਆਪੂੰ ਬਣੇ ਮਾਇਆਧਾਰੀ ਮਨਮੱਤੀਏ ‘ਮਾਲਿਕਾਂ’, ਜੁੰਡੀਦਾਰ ਠੇਕੇਦਾਰਾਂ ਅਤੇ ਪਦਾਰਥਵਾਦੀ
ਤੇ ਪਾਖੰਡੀ ਪੁਜਾਰੀਆਂ ਨੇ, ਗੁਰਬਾਣੀ-ਸਿੱਖਿਆ ਦੇ ਬਿਲਕੁਲ ਉਲਟ, ਮਨੁੱਖ ਨੂੰ
ਨਾਮ-ਅੰਮ੍ਰਿਤ ਨਾਲੋਂ ਵੱਖ ਕਰਕੇ ਨਿਰਾਰਥਕ ਸੰਸਾਰਕ ਅੰਮ੍ਰਿਤਾਂ ਨਾਲ ਜੋੜ ਲਿਆ ਹੈ; ਐਨ ਉਸੇ
ਤਰ੍ਹਾਂ ਜਿਵੇਂ ਵੱਛੇ-ਵੱਛੀ ਨੂੰ ਗਾਂ-ਮਾਂ ਦਾ ਅੰਮ੍ਰਿਤ ਦੁੱਧ ਛੁਡਾ ਕੇ ਘਾਸ-ਫੂਸ ਖਾਣ ਲਾ ਦਿੱਤਾ
ਜਾਂਦਾ ਹੈ। ਇਸ ਕਥਨ ਦੀ ਪੁਸ਼ਟੀ ਵਾਸਤੇ ਕੁੱਝ ਇੱਕ ਪੁਖ਼ਤਾ ਪ੍ਰਮਾਣ ਹੇਠਾਂ ਪੇਸ਼ ਹਨ:-
ਪੁਰਾਣੇ ਸਮਿਆਂ ਤੋਂ ਹੀ ਸਾਰੇ ਸੰਸਾਰਕ ਧਰਮਾਂ ਵਿੱਚ ਤੀਰਥਾਂ ਅਤੇ ਤੀਰਥਾਂ
ਲਾਗਲੇ ਪਾਣੀਆਂ ਨੂੰ ਅਲੌਕਿਕ ਤੇ ਕਰਾਮਾਤੀ ਅੰਮ੍ਰਿਤ ਕਹਿ ਕੇ ਉਸ ਪਾਣੀ ਦਾ ਵਪਾਰ ਕੀਤਾ ਜਾ ਰਿਹਾ
ਹੈ। ਬਾਣੀਕਾਰਾਂ ਨੇ ਗੁਰਬਾਣੀ ਵਿੱਚ ਸੱਭ ਤੋਂ ਜ਼ਿਆਦਾ ਖੰਡਨ ਤੀਰਥਾਂ ਤੇ ਤੀਰਥਾਂ ਦੇ ਅੰਮ੍ਰਿਤ
ਕਹੇ ਜਾਂਦੇ ਪਾਣੀਆਂ ਤੇ ਉਨ੍ਹਾਂ ਪਾਣੀਆਂ ਨਾਲ ਜੋੜੇ ਗਏ ਅੰਧਵਿਸ਼ਵਾਸਾਂ ਤੇ ਕਰਮਕਾਂਡਾਂ ਦਾ
ਕੀਤਾ ਹੈ। ਪਾਣੀ ਅਤੇ ਹੋਰ ਭੋਜਨ-ਪਦਾਰਥਾਂ ਦੀ ਦੈਵੀ ਦਾਤ ਜੀਵ ਦੇ ਭੌਤਿਕ ਸਰੀਰ ਵਾਸਤੇ ਤਾਂ
ਲ਼ਾਭਕਾਰੀ ਹੈ, ਪਰੰਤੂ ਸੂਖਮ ਤੇ ਅਸਥੂਲ ਮਨ/ਆਤਮਾ ਵਾਸਤੇ ਕਤਈ ਨਹੀਂ। ਮਨ ਦੀ ਨਿਰਮਲਤਾ ਅਤੇ ਆਤਮਾ
ਦੀ ਪਵਿੱਤਰਤਾ ਤੇ ਸਜੀਵਤਾ ਵਾਸਤੇ ਸਿਰਫ਼ ਤੇ ਸਿਰਫ਼ ਨਾਮ-ਜਲ ਅਤੇ ਇਸ ਤੋਂ ਪ੍ਰਾਪਤ ਆਤਮ-ਗਿਆਨ ਰੂਪੀ
ਅੰਮ੍ਰਿਤ ਹੀ ਕਾਰਗਰ ਸਾਧਨ ਹੈ।
ਭਰੀਐ ਹਥੁ ਪੈਰੁ ਤਨੁ ਦੇਹ॥ ਪਾਣੀ ਥੋਤੈ ਉਤਰਸੁ ਖੇਹ॥
ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ॥
ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ ਜਪੁ ਮ: ੧
ਜਲਿ ਮਲਿ ਕਾਇਆ ਮਾਜੀਐ ਭਾਈ ਭੀ ਤਨੁ ਮੈਲਾ ਹੋਇ॥
ਗਿਆਨ ਮਹਾਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ॥ ਸੋਰਠਿ ਅ: ਮ: ੧
ਅਠਸਠਿ ਤੀਰਥ ਭਰਮਿ ਵਿਗੂਚਹਿ ਕਿਉ ਮਲੁ ਧੋਪੈ ਪਾਪੈ॥ ਮਾਰੂ ਅ: ਮ: ੧
ਤੀਰਥ ਨਾਇ ਨ ਉਤਰਸਿ ਮੈਲੁ॥ ਰਾਮਕਲੀ ਮ: ੫
ਸੰਤ ਸਰੋਵਰਿ ਨਾਵੈ॥ ਸੋ ਜਨੁ ਪਰਮ ਗਤਿ ਪਾਵੈ॥ …ਸੋਰਠਿ ਮ: ੫
ਮਿਲਿ ਸਾਧੂ ਦੁਰਮਤਿ ਖੋਏ॥ ਪਤਿਤ ਪੁਨੀਤ ਸਭ ਹੋਏ॥
ਰਾਮਦਾਸ ਸਰੋਵਰਿ ਨਾਤੇ॥ ਸਭ ਲਾਥੇ ਪਾਪ ਕਮਾਤੇ॥ …ਸੋਰਠਿ ਮ: ੫
ਰਾਮਦਾਸ ਸਰੋਵਰਿ ਨਾਤੇ॥ ਸਭ ਉਤਰੇ ਪਾਪ ਕਮਾਤੇ॥
ਨਿਰਮਲ ਹੋਏ ਕਰਿ ਇਸਨਾਨਾ॥ ਗੁਰਿ ਪੂਰੈ ਕੀਨੇ ਦਾਨਾ॥ …
ਸਾਧਸੰਗਿ ਮਲੁ ਲਾਥੀ॥ ਪਾਰਬ੍ਰਹਮੁ ਭਇਓ ਸਾਥੀ॥ …ਸੋਰਠਿ ਮ: ੫
{
ਰਾਮਦਾਸਿ
ਸਰੋਵਰ: ਰਾਮ ਦੇ
ਦਾਸਾਂ (ਪ੍ਰਭੂ-ਭਗਤਾਂ) ਦੀ ਸੰਗਤ।}
ਉਕਤ ਗੁਰੁਸਿੱਖਿਆ ਦੇ ਬਿਲਕੁਲ ਉਲਟ, ਧਰਮ ਦੇ ਧੰਦਲੀ ਪ੍ਰਬੰਧਕਾਂ, ‘ਗੁਰਮਤਿ
ਵਿਚਾਰਾਂ’ ਕਰਕੇ ‘ਸੰਗਤਾਂ’ ਨੂੰ ‘ਨਿਹਾਲ’ ਕਰਨ (ਦਰਅਸਲ ਠੱਗਣ) ਵਾਲੇ ਭੇਖੀ ਪ੍ਰਚਾਰਕਾਂ ਅਤੇ
ਪੁਜਾਰੀਆਂ ਨੇ ਭਾਰਤ ਦੇ ਹਰ ਗੁਰੂਦਵਾਰੇ ਨੂੰ ਤੀਰਥ ਬਣਾ ਲਿਆ ਹੈ; ਅਤੇ ਇਨ੍ਹਾਂ ਕਥਿਤ ਤੀਰਥਾਂ ਦੇ
ਪਾਣੀ ਨੂੰ ਅੰਮ੍ਰਿਤ ਦੱਸ ਕੇ ਇਸ ਪਾਣੀ ਦਾ ਵਪਾਰ ਉਹ ਨਿਰਲੱਜ ਹੋ ਕੇ ਕਰ ਰਹੇ ਹਨ। ਅਖਾਉਤੀ
ਅੰਮ੍ਰਿਤਾਂ ਦਾ ਵਪਾਰ ਕਰਨ ਵਿੱਚ ਗੁਰਮਤਿ ਦੇ ਆਪੂੰ ਬਣੇ ‘ਅੰਮ੍ਰਿਤਧਾਰੀ’ ਠੇਕੇਦਾਰਾਂ ਨੇ ਹੋਰ
ਸਾਰੇ ਸੰਸਾਰਕ ਧਰਮਾਂ ਨੂੰ ਪਛਾੜ ਦਿੱਤਾ ਹੈ। ਧਰਮ ਦੇ ਧਾਂਦਲੀ ਨਾਮ-ਜਲ ਦੇ ਅੰਮ੍ਰਿਤ ਦੀ ਬਜਾਏ
ਤਾਲਾਬ, ਚੁਬੱਚੇ, ਝਰਨੇ, ਬਉਲੀਆਂ, ਖੂਹੀਆਂ, ਛੰਭਾਂ, ਵੇਂਈਆਂ ਤੇ ਨਦੀਆਂ ਦੇ ਪਾਣੀਆਂ ਨੂੰ ਪਵਿਤ੍ਰ
ਤੇ ਕਰਾਮਾਤੀ ਅੰਮ੍ਰਿਤ ਦੱਸ ਕੇ ਕਥਿਤ ਜਲ-ਅੰਮ੍ਰਿਤ ਦਾ ਵਪਾਰ ਨਿਸੰਗ ਹੋ ਕੇ ਕਰ ਰਹੇ ਹਨ।
ਹੋਰ ਤਾਂ ਹੋਰ, ਗੁਰਬਾਣੀ ਦੀ ਮੁਹਾਵਰੇਦਾਰ ਇੱਕ ਤੁਕ:
ਚਰਨ ਸਾਧ ਕੇ ਧੋਇ ਧੋਇ ਪੀਉ॥ ਅਰਪਿ
ਸਾਧ ਕਉ ਅਪਨਾ ਜੀਉ॥ … ਦੇ ਅਨਰਥ
ਕਰਕੇ ਗੁਰਸਿੱਖੀ ਦੇ ਪਵਿੱਤਰ ਵਿਹੜੇ ਵਿੱਚ, ਹਿੰਦੂਆਂ ਵਾਲੇ ਚਰਣਾਮ੍ਰਿਤ/ਚਰਣੋਦਕ ਨੂੰ ਵੀ
ਮਾਨਤਾ ਦਿੱਤੀ ਗਈ ਹੈ। ਦੰਭੀ ਸੰਤੜੇ/ਸਾਧੜੇ ਅਗਿਆਨੀ ਤੇ ਅੰਧਵਿਸ਼ਵਾਸੀ ਦੁਖਿਆਰਿਆਂ ਤੋਂ ਆਪਣੇ
ਗੰਦੇ, ਗ਼ਲੀਜ਼ ਇੱਥੋਂ ਤਕ ਕਿ ਕੋਹੜੀ ਪੈਰ ਧੁਆ ਧੁਆ ਕੇ ਉਨ੍ਹਾਂ ਨੂੰ ਬਿਮਾਰੀਆਂ ਫ਼ੈਲਾਉਣ ਵਾਲੇ ਅਤਿ
ਗੰਦੇ ਪਾਣੀ ਦੀਆਂ ਚੂਲੀਆਂ ਭਰਵਾਉਂਦੇ ਹਨ! !
ਪੁਰਾਣੇ ਜ਼ਮਾਨੇ ਵਿੱਚ ਨਵੀਂ ਬਸਤੀ ਵਸਾਉਣ ਵਾਲੇ ਮੁਅਤਬਰ ਮਨੁੱਖ ਦੇ ਨਾਮ
`ਤੇ ਹੀ ਉਸ ਬਸਤੀ ਦਾ ਨਾਮ ਰੱਖਿਆ ਜਾਂਦਾ ਸੀ। "ਗੁਰੂ ਕਾ ਚੱਕ" ਵੀ ਗੁਰੂ ਜੀ ਦੁਆਰਾ
ਵਸਾਇਆ ਗਿਆ ਇੱਕ ਨਗਰ ਸੀ। ਇਸ ਨਗਰ ਨੂੰ "ਗੁਰੂ ਕਾ ਚੱਕ", "ਚੱਕ ਰਾਮਦਾਸ", "ਰਾਮਦਾਸ
ਪੁਰ" ਜਾਂ "ਰਾਮ ਦਾਸ ਨਗਰ" ਕਿਹਾ ਜਾਂਦਾ ਸੀ। ਗੁਰਮਤਿ ਦੇ ਉਲਟ, ਗੁਰੂ ਜੀ ਦੁਆਰਾ ਵਸਾਏ ਗਏ
"ਗੁਰੂ ਕਾ ਚੱਕ" ਨੂੰ ਤੀਰਥ ਸਿੱਧ ਕਰਨ ਲਈ ਪਹਿਲਾਂ ਇਸ ਨਗਰ ਨੂੰ "ਅੰਮ੍ਰਿਤਸਰ" ਅਤੇ ਹੁਣ
ਸਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਨਾਮ ਦੇ ਦਿੱਤਾ ਗਿਆ ਹੈ! (ਚੱਕ: ਵੱਸੋਂ,
ਪਿੰਡ।)
ਰਾਮ ਦਾਸ ਦੇ ਅਰਥ: ਰਾਮ ਦਾ ਦਾਸ ਅਰਥਾਤ ਪ੍ਰਭੂ-ਭਗਤ ਵੀ ਕੀਤੇ ਜਾਂਦੇ
ਹਨ। ਇਨ੍ਹਾਂ ਅਰਥਾਂ ਅਨੁਸਾਰ, ਰਾਮ ਦਾਸ ਪੁਰ ਤੋਂ ਭਾਵ: ਪ੍ਰਭੂ-ਭਗਤਾਂ ਦੇ ਮਿਲ ਬੈਠਣ
ਦਾ ਸਥਾਨ; ਸਤਿਸੰਗ ਦਾ ਸਥਾਨ। ਬਾਣੀ ਦੀਆਂ ਬਹੁਤੀਆਂ ਤੁਕਾਂ ਵਿੱਚ ਇਹ ਅਰਥ-ਭਾਵ ਪੂਰੀ ਤਰ੍ਹਾਂ
ਢੁਕਦੇ ਹਨ। "ਚੱਕ ਰਾਮਦਾਸ" ਵੀ ਸਤਿਸੰਗੀਆਂ ਦੇ ਵੱਸਣ ਅਤੇ ਮਿਲ-ਬੈਠ ਕੇ ਨਾਮ-ਚਰਚਾ ਕਰਨ
ਵਾਸਤੇ ਹੀ ਵਸਾਇਆ ਗਿਆ ਇੱਕ ਨਗਰ ਸੀ।
ਇਹ ਇੱਕ ਇਤਿਹਾਸਿਕ ਸੱਚ ਹੈ ਕਿ ਨਵੀਂ ਬਸਤੀ ਉੱਥੇ ਹੀ ਵਸਾਈ ਜਾਂਦੀ ਸੀ
ਜਿੱਥੇ ਬਸਤੀ ਦੇ ਵਾਸੀਆਂ ਵਾਸਤੇ ਪਾਣੀ ਦਾ ਕੋਈ ਨਾ ਕੋਈ ਕੁਦਰਤੀ ਸਾਧਨ ਹੋਵੇ। ਨਦੀਆਂ ਤੇ ਦਰਿਆਵਾਂ
ਤੋਂ ਬਿਨਾਂ ਪਾਣੀ ਦੇ ਕੁਦਰਤੀ ਸਾਧਨ ਸਨ: ਟੋਭਾ, ਢਾਬ, ਛੱਪੜ, ਛੰਭ ਜਾਂ ਜੋਹੜ ਆਦਿ। ਟੋਭਾ, ਢਾਬ,
ਛੱਪੜ ਜਾਂ ਜੋਹੜ ਆਦਿ ਸਾਰੇ ਪਦਾਂ ਦਾ ਲਗ ਪਗ ਇੱਕੋ ਹੀ ਅਰਥ ਹੈ: ਨੀਵੇਂ ਥਾਂ `ਤੇ ‘ਕੱਠਾ ਹੋਇਆ
ਪਾਣੀ ਜੋ ਕਿਸੇ ਪਿੰਡ ਜਾਂ ਬਸਤੀ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਸੀ/ਹੈ। ਟੋਭੇ, ਢਾਬ
ਜਾਂ ਛੱਪੜ ਵਿੱਚ, ਆਮਤੌਰ `ਤੇ, ਮੀਂਹ ਦਾ ਪਾਣੀ ‘ਕੱਠਾ ਹੋਇਆ ਕਰਦਾ ਸੀ। ਜਦੋਂ ਕਿਸੇ ਢਾਬ ਜਾਂ
ਟੋਭੇ ਦੁਆਲੇ, ਬਸਤੀ ਦੇ ਵਾਸੀਆਂ ਦੀ ਸਹੂਲਤ ਵਾਸਤੇ, ਵਿਉਂਤਬੱਧ ਢੰਗ ਨਾਲ ਪੱਕੀਆਂ ਇੱਟਾਂ ਨਾਲ
ਪਉੜੀਆਂ ਬਣਾ ਦਿੱਤੀਆਂ ਜਾਂਦੀਆਂ ਸਨ ਤਾਂ ਉਸ ਢਾਬ ਨੂੰ ਤਲਾ, ਤਲਾਉ ਜਾਂ ਤਾਲਾਬ ਕਿਹਾ ਜਾਂਦਾ
ਸੀ/ਹੈ। ਧਰਮ-ਸਥਾਨਾਂ (ਕਥਿਤ ਤੀਰਥਾਂ) ਨਾਲ ਬਣਾਏ ਗਏ ਪੱਕੀਆਂ ਪੌੜੀਆਂ ਵਾਲੇ ਤਲਾਵਾਂ ਨੂੰ
‘ਅੰਮ੍ਰਿਤ ਸਰ’ ਜਾਂ ‘ਅੰਮ੍ਰਿਤ ਸਰੋਵਰ’ ਕਿਹਾ ਜਾਣ ਲੱਗਾ। (ਸਰ/ਸਰੋਵਰ: ਤਲਾ,
ਤਾਲਾਬ।) ਇਨ੍ਹਾਂ ‘ਅੰਮ੍ਰਿਤ ਸੋਰਵਰਾਂ’ ਵਿੱਚ ਪਾਣੀ ਰਜਵਾਹੇ ਜਾਂ ਕੱਸੀਆਂ ਦੁਆਰਾ ਭਰਿਆ ਜਾਂਦਾ
ਸੀ/ਹੈ। ਕਪੜੇ ਧੋਣ, ਜੰਗਲ-ਪਾਣੀ ਜਾਣ ਤੋਂ ਬਾਅਦ ਸਰੀਰਕ ਸੁੱਚ ਲਈ ਅਤੇ ਪਸ਼ੂਆਂ ਦੇ ਪੀਣ ਤੇ
ਨਹਾਉਣ ਆਦਿ ਵਾਸਤੇ ਵਰਤਿਆ ਜਾਂਦਾ ਰਜਵਾਹੇ ਦਾ ਪਾਣੀ ਤਲਾ ਵਿੱਚ ਪੈਣ ਤੋਂ ਬਾਅਦ ਕਰਾਮਾਤੀ
ਅੰਮ੍ਰਿਤ ਬਣ ਜਾਂਦਾ ਹੈ! ! ! ! ! ਕਹਿਤ ਕਮਲੇ, ਸੁਣਤ ਬਾਵਲੇ! ਅੱਜ ਕੱਲ਼, ਤਲਾ ਭਰਨ ਲਈ
ਜਿੱਥੇ ਨਹਿਰ ਦਾ ਪਾਣੀ ਉਪਲਬਧ ਨਹੀਂ ਹੈ, ਉੱਥੇ ਟਿਯੂਬਵੈੱਲ ਦਾ ਪਾਣੀ ਭਰਿਆ ਜਾਂਦਾ ਹੈ! ਕਈ
ਬਸਤੀਆਂ ਦੇ ਬਾਸ਼ਿੰਦਿਆਂ ਵਾਸਤੇ ਬਉਲੀਆਂ, ਖੂਹੀਆਂ ਤੇ ਝਰਨੇ ਆਦਿ ਵੀ ਪਾਣੀ-ਪ੍ਰਾਪਤੀ ਦੇ ਸਾਧਨ ਸਨ।
‘ਅੰਮ੍ਰਿਤ’ ਦੇ ਵਪਾਰ ਨੂੰ ਵਧੇਰੇ ਲਾਹੇਵੰਦ ਬਣਾਉਣ ਲਈ ਪਾਣੀ ਦੇ ਇਨ੍ਹਾਂ ਪੁਰਣੇ ਸਾਧਨਾਂ ਦੇ ਪਾਣੀ
ਨੂੰ ਵੀ ਕਰਮਾਤੀ ਅੰਮ੍ਰਿਿਤ ਗਰਦਾਨਿਆਂ ਜਾਂਦਾ ਹੈ!
ਇਹ ਇੱਕ ਵਿਸ਼ਵ-ਵਿਆਪੀ
ਨਿਯਮ ਹੈ ਕਿ ਕਿਸੇ ਵੀ ਫ਼ੌਜ ਵਿੱਚ ਭਰਤੀ ਹੋਣ ਵਾਲੇ ਉਮੀਦਵਾਰ ਨੂੰ,
ਉਸ ਦੀ ਮਾਨਸਿਕ ਤੇ ਸਰੀਰਿਕ ਯੋਗਤਾ ਪਰਖ ਕੇ,
ਇੱਕ ਵਿਸ਼ੇਸ਼ ਰਸਮ
(initiation
ceremony)
ਨਾਲ ਭਰਤੀ ਕੀਤਾ ਜਾਂਦਾ ਸੀ/ਹੈ। ੧੬੯੯ ਦੀ ਵੈਸਾਖੀ ਵਾਲੇ ਦਿਨ ਮੁਸਲਮਾਨ ਧਾੜਵੀਆਂ ਦੇ ਜ਼ੁਲਮ ਨਾਲ
ਟੱਕਰ ਲੈਣ ਵਾਲੇ ਸਿਰਲੱਥ ਤੇ ਨਿਸ਼ਕਾਮ ਗੁਰਸਿੱਖ ਸ਼੍ਰੱਧਾਲੂਆਂ ਦੀ ਫ਼ੌਜ ਦੀ ਸਥਾਪਨਾ ਕਰਨ ਸਮੇਂ ਗੁਰੂ
ਗੋਬਿੰਦ ਸਿੰਘ ਜੀ ਨੇ ਜੋ ਰਸਮ ਅਪਣਾਈ, ਉਸ ਨੂੰ ਖੰਡੇ ਦੀ ਪਾਹੁਲ ਲੈਣਾ/ਦੇਣਾ ਕਿਹਾ ਜਾਂਦਾ
ਸੀ; ਅਤੇ "ਖੰਡੇ ਦੀ ਪਾਹੁਲ" ਲੈਣ ਵਾਲੇ ਰੰਗਰੂਟ
(recruit)
ਨੂੰ ਪਾਹੁਲੀਆ ਜਾਂ ਪਾਹੁਲ ਧਾਰੀ ਕਹਿੰਦੇ ਸਨ। ‘ਅੰਮ੍ਰਿਤ’ ਦੇ ਸ਼ਾਤਿਰ ਵਪਾਰੀਆਂ
ਨੇ ਖੰਡੇ ਦੀ ਪਾਹੁਲ ਲੈਣ/ਦੇਣ ਦੀ ਦੁਨਿਆਵੀ ਰਸਮ ਨੂੰ ਅੰਮ੍ਰਿਤ ਪਾਨ ਕਰਨ/ਕਰਾਉਣ
ਜਾਂ ਅੰਮ੍ਰਿਤ ਸੰਚਾਰ ਕਰਨ/ਕਰਾਉਣ, ਅਤੇ ਪਾਹੁਲ ਧਾਰੀ ਨੂੰ ਅੰਮ੍ਰਿਤਧਾਰੀ
ਦਾ ਨਾਮ ਦੇ ਕੇ ਲੋਕਾਂ ਨੂੰ ਗੁਰਮਤਿ ਵਾਲੇ ਇਲਾਹੀ "ਅੰਮ੍ਰਿਤ ਨਾਮ" ਨਾਲੋਂ ਵੱਖ ਕਰਨ ਦੀ
ਸਾਜ਼ਿਸ਼ ਰਚੀ ਹੋਈ ਹੈ। ਗੁਰੁਹੁਕਮ ਹੈ:
ਹਰਿ ਅੰਮ੍ਰਿਤ ਪਾਨ ਕਰਹੁ
ਸਾਧ ਸੰਗਿ॥ ਮਨੁ ਤ੍ਰਿਪਤਾਸੈ ਕੀਰਤਨ ਪ੍ਰਭ ਰੰਗਿ॥ ਥਿਤੀ ਗਉੜੀ ਮ: ੫
ਧਰਮ ਦੇ ਧਾਂਦਲੀਆਂ ਨੇ
"ਹਰਿ"
ਅਤੇ
"ਸਾਧ ਸੰਗਿ"
ਨੂੰ ਲਾਂਭੇ ਕਰਕੇ
"ਅੰਮ੍ਰਿਤ ਪਾਨ ਕਰਹੁ"
ਨੂੰ ਹੀ ਗੁਰੁ-ਹੁਕਮ ਦੱਸਦਿਆਂ ‘ਅੰਮ੍ਰਿਤ ਪਾਨ’
ਕਰਾਉਣ ਦਾ ਧੰਦਾ ਕਾਇਮ ਕੀਤਾ ਹੋਇਆ ਹੈ। ਗੁਰਮਤਿ ਨੂੰ ਅਣਗੌਲਿਆ ਕਰਕੇ, ਹਰ ਜਥੇਦਾਰ, ਰਾਗੀ,
ਪ੍ਰਚਾਰਕ, ਸੰਤੜਾ-ਸਾਧੜਾ ਤੇ ਡੇਰੇਦਾਰ ਵਗੈਰਾ,
ਬਿਨਾ ਵੇਖੇ-ਪਰਖੇ,
ਹਰ ਐਰਾ ਗੈਰਾ ਨੱਥੂ ਖੈਰਾ ਨੂੰ ਥੋਕ ਵਿੱਚ ‘ਅੰਮ੍ਰਿਤ’
ਛਕਾ ਕੇ ‘ਅੰਮ੍ਰਿਤ ਛਕਾਉਣ’ ਦੇ ਇਸ ਧੰਦੇ ਨੂੰ ਪ੍ਰਫ਼ੁੱਲਤ ਕਰਕੇ ‘ਨਾਮਨਾ ਖੱਟ’ ਰਿਹਾ ਹੈ! !
ਅੱਜ ਦੇ ਘੋਰ ਕਲਯੁਗ ਵਿੱਚ ਪਾਹੁਲ ( ‘ਅੰਮ੍ਰਿਤ’ ) ਪਿਆਉਣ ਵਾਲੀ ਗੁਰੂ ਜੀ ਜਿਹੀ ਕੋਈ ਮਹਾਨ
ਸ਼ਖ਼ਸੀਅਤ ਕਿਤੇ ਵੀ ਨਜ਼ਰ ਨਹੀਂ ਆਉਂਦੀ ਅਤੇ ਨਾ ਹੀ ਪਾਹੁਲ ਲੈਣ ( ‘ਅੰਮ੍ਰਿਤ ਪਾਨ’ ) ਕਰਨ ਵਾਲਾ ਕੋਈ
ਦੇਖਿਆ-ਪਰਖਿਆ ਯੋਗ ਵਿਅਕਤੀ! ! ! ਅੰਮ੍ਰਿਤ ਦੇ ਕਰਮਕਾਂਡ ਨੂੰ ਬਢਾਵਾ ਦੇਣ ਵਾਸਤੇ ਆਮ ਸੁਣਨ
ਵਿੱਚ ਆਉਂਦਾ ਹੈ ਕਿ, "ਖੰਡੇ
ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ" ! !
ਦਰਅਸਲ, ਮਨਮਤੀਏ ਪੁਜਾਰੀਆਂ ਦੁਆਰਾ ਕੀਤਾ ਜਾ ਰਿਹਾ
‘ਅੰਮ੍ਰਿਤ’ ਦਾ ਇਹ ਕੂੜ ਪ੍ਰਚਾਰ ਅੰਧਵਿਸ਼ਵਾਸੀ ਸ਼੍ਰੱਧਾਲੂਆਂ ਨੂੰ ਗੁਰੂ (ਗ੍ਰੰਥ) ਨਾਲੋਂ ਤੋੜ ਕੇ
ਕਰਮ-ਕਾਂਡਾਂ ਵੱਲ ਪ੍ਰੇਰਣ ਦਾ ਅਧਾਰਮਿਕ ਯਤਨ ਹੈ।
ਗੱਦੀਆਂ ਦੇ ਸੈਦਾਈ ਸਿੱਖ ਸਿਆਸਤਦਾਨਾਂ ਨੇ ਆਪਣੇ ਸਿਆਸੀ ਫ਼ਾਇਦੇ ਲਈ
ਅੰਮ੍ਰਿਤਸਰ ਨਗਰ ਤੋਂ ਚੱਲਣ ਵਾਲੀ ਗੱਡੀ ਦਾ ਨਾਮ ਵੀ "ਅੰਮ੍ਰਿਤਸਰ ਐਕਸਪ੍ਰੈਸ" ਰੱਖਵਾ ਲਿਆ
ਹੈ! ਹਮਾਤੜ ਸਿੱਖ ਇਸ ਗੱਡੀ ਵਿੱਚ ਸਫ਼ਰ ਕਰ ਕੇ ਆਪਣਾ ਜੀਵਨ ਸਫ਼ਲ ਹੋਇਆ ਸਮਝੀ ਜਾ ਰਹੇ ਹਨ!
ਨਿਹੰਗ ਭੰਗ ਦੇ ਨਸ਼ੇ ਨੂੰ ਜਾਇਜ਼ ਸਿੱਧ ਕਰਨ ਵਾਸਤੇ, ਭੰਗ ਦੇ ਛਾਂਦੇ ਨੂੰ ਵੀ
ਗੁਰੂ ਦਾ ਬਖ਼ਸ਼ਿਆ ਹੋਇਆ ਅੰਮ੍ਰਿਤ ਕਹਿੰਦੇ ਹਨ! ‘ਸਿੱਖ’ ਨਸ਼ੇੜੀ ਸ਼ਰਾਬ ਅਤੇ ਨਸ਼ੇ ਦੀਆਂ ਹੋਰ
ਜ਼ਹਿਰੀਲੀਆਂ ਵਸਤਾਂ ਨੂੰ ਵੀ ਬੜੇ ਫ਼ਖ਼ਰ ਨਾਲ ‘ਅੰਮ੍ਰਿਤ’ ਗਰਦਾਨਦੇ ਹਨ। ……
ਪਾਠਕ ਸੱਜਨੋਂ! ਗੁਰੂ (ਗ੍ਰੰਥ) ਦਾ ਸੱਚਾ ਸਿੱਖ ਉਹ ਹੀ ਹੈ ਜਿਹੜਾ ਗੁਰਬਾਣੀ
ਦੀ ਬਿਬੇਕ ਪੂਰਣ ਵਿਚਾਰ ਕਰਕੇ ਗੁਰਮਤਿ ਦੇ ਅਨਮੋਲ ਸਿੱਧਾਂਤਾਂ ਨੂੰ ਸੱਚੀ ਸ਼੍ਰੱਧਾ ਤੇ ਸੂਝ ਨਾਲ
ਸਮਝਦਾ ਤੇ ਉਨ੍ਹਾਂ ਸਿੱਧਾਂਤਾਂ ਉੱਤੇ ਅਮਲ ਕਰਦਾ ਹੋਇਆ ਜੀਵਨ ਗੁਜ਼ਾਰਦਾ ਹੈ। ਆਤਮਗਿਆਨੀ ਬਾਣੀਕਾਰਾਂ
ਦੁਆਰਾ ਸੁਝਾਏ ਗਏ ਅੰਮ੍ਰਿਤ ਨਾਮ ਦੇ ਰੂਹਾਨੀ ਜਲ ਤੋਂ ਜਾਣੂ ਹੋਣ ਵਾਸਤੇ ਗੁਰੂ (ਗ੍ਰੰਥ)
ਦੇ ਸਿੱਖਾਂ-ਸੇਵਕਾਂ ਨੂੰ ਚਾਹੀਦਾ ਹੈ ਕਿ ਉਹ ਗੁਰਮਤਿ ਦੀ ਅਦੁੱਤੀ ਬਖ਼ਸ਼ਿਸ਼ "ਨਾਮ-ਅੰਮ੍ਰਿਤ"
ਦਾ ਸੱਚ ਸਮਝਣ ਵਾਸਤੇ, ਠਗਵਾੜੇ ਚੁੰਚ-ਗਿਆਨੀਆਂ ਦੇ ਮਗਰ ਲੱਗ ਕੇ ਕੁਰਾਹੇ ਪੈਣ ਦੀ ਬਜਾਏ, ਗੁਰਬਾਣੀ
ਦੀਆਂ ਨਿਮਨ ਲਿਖਿਤ ਗੁਰਬਾਣੀ ਦੀਆਂ ਕੁੱਝ ਇੱਕ ਹੋਰ ਤੁਕਾਂ ਨੂੰ ਵੀ ਸੱਚੀ ਸ਼੍ਰੱਧਾ ਤੇ ਬਿਬੇਕ ਨਾਲ
ਬਿਚਾਰ ਲੈਣ:
ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ॥ ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ॥
ਰਾਗੁ ਆਸਾ ਕਬੀਰ ਜੀ
ਲਾਹਾ ਨਾਮੁ ਸੰਸਾਰਿ ਅੰਮ੍ਰਿਤੁ ਪੀਜੀਈ॥ ਮ: ੧
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪ੍ਰਸਾਦਿ॥
ਤਿਨੀੑ ਪੀਤਾ ਰੰਗ ਸਿਉ ਜਿਨ ਕਉ ਲਿਖਿਆ ਆਦਿ॥ ਸਲੋਕ ਮ: ੨
ਅੰਮ੍ਰਿਤੁ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ॥ ਮ: ੩
ਦੂਜੈ ਭਾਇ ਭਰੰਮਿਆ ਅੰਮ੍ਰਿਤ ਜਲੁ ਪਲੈ ਨ ਪਾਇ॥ ਮ: ੩
ਨਉ ਨਿਧਿ ਅੰਮ੍ਰਿਤ ਪ੍ਰਭ ਕਾ ਨਾਮੁ॥ ਸੁਖਮਨੀ ਮ: ੫
ਗੁਰਬਾਣੀ ਗ੍ਰੰਥ ਦੇ ਅੰਤਿਮ ਸ਼ਬਦ
ਮੁੰਦਾਵਣੀ ਮ: ੫
ਨੂੰ ਅਸੀਂ ‘ਸਿੱਖਾਂ’ ਨੇ ਅਣਗਿਣਤ ਵਾਰ
ਪੜ੍ਹਿਆ/ਸੁਣਿਆ ਤਾਂ ਹੈ ਪਰੰਤੂ ਸਮਝਿਆ ਬਿਚਾਰਿਆ ਕਦੀ ਨਹੀਂ! ਜੇ ਹੋ ਸਕੇ ਤਾਂ, ਸਾਨੂੰ ਇਸ ਅਣਮੋਲ
ਸ਼ਬਦ ਨੂੰ ਵਿਚਾਰਣ ਦਾ ਕਸ਼ਟ ਕਰ ਲੈਣਾ ਚਾਹੀਦਾ ਹੈ!
ਮੁੰਦਾਵਣੀ ਮ: ੫
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ॥
ਤਮ ਸੰਸਾਰੁ ਚਰਣ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ॥
ਪਾਠਕ ਸੱਜਨੋਂ! ਅੰਮ੍ਰਿਤ ਨਾਲ ਸੰਬੰਧਿਤ ਉਕਤ ਸ਼ਬਦ ਅਤੇ ਗੁਰਬਾਣੀ
ਦੀਆਂ ਸੈਂਕੜੇ ਹੋਰ ਤੁਕਾਂ/ਸ਼ਬਦਾਂ ਦੀ, ਗੁਰਮਤਿ ਪ੍ਰਤੀ ਸੱਚੀ ਸ਼੍ਰੱਧਾ, ਨਿਸ਼ਕਪਟ ਮਨ ਅਤੇ ਬਿਬੇਕ
ਬੁੱਧਿ ਨਾਲ ਬਿਚਾਰ ਕਰਨ ਨਾਲ ਸਾਨੂੰ ਗੁਰੂ ਦੇ ਬਖ਼ਸ਼ੇ ਹੋਏ ਨਾਮ ਰੂਪੀ ਸੱਚੇ ਤੇ ਸਾਰਥਿਕ ਇੱਕੋ
ਇੱਕ ਅੰਮ੍ਰਿਤ ਅਤੇ ਮਨਮਤੀਆਂ ਦੁਆਰਾ ਪ੍ਰਚਾਰੇ ਜਾ ਰਹੇ ਝੂਠੇ ਸੰਸਾਰਕ ਅੰਮ੍ਰਿਤਾਂ ਵਿਚਲਾ
ਅੰਤਰ ਸਮਝਣ ਵਿੱਚ ਕੋਈ ਔਖ ਨਹੀਂ ਆਵੇਗੀ! ਸਾਨੂੰ ਇਹ ਵੀ ਗਿਆਨ ਹੋ ਜਾਵੇ ਗਾ ਕਿ ਸੰਸਾਰਕ ਅੰਮ੍ਰਿਤ
ਮਨੁੱਖ ਦੇ ਅਧਿਆਤਮਿਕ ਜੀਵਨ ਵਿੱਚ ਖ਼ਲਲ ਪਾਉਂਦੇ ਹਨ ਤੇ ਉਸ ਨੂੰ ਰੱਬ ਨਾਲੋਂ ਤੋੜ ਕੇ ਅੰਧਵਿਸ਼ਵਾਸ
ਤੇ ਅਗਿਆਨਤਾ ਦੀ ਦਲਦਲ ਵਿੱਚ ਧਕੇਲਦੇ ਹਨ।
ਗੁਰਇੰਦਰ ਸਿੰਘ ਪਾਲ
ਮਈ 27, 2018.