.

ਧਰਮ ਦੇ ਨਾਂ ਤੇ (ਸੰਪਰਦਾਈ) ਗੁੰਡਾਗਰਦੀ ਬਨਾਮ ਬੋਲਣ ਦੀ ਆਜ਼ਾਦੀ


ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਇਕ ਮੁੱਢਲਾ ਮਨੁੱਖੀ ਹੱਕ ਹੈ, ਜਿਸ ਦਾ ਸਮਰੱਥਨ ਅੱਜ ਕੁਲ ਜਹਾਨ ਵਿਚ ਕੀਤਾ ਜਾਂਦਾ ਹੈ। ਕਹਿਣ ਲਈ ਭਾਰਤੀ ਸੰਵਿਧਾਨ ਵਿਚ ਵੀ ਬੋਲਣ ਦੀ ਆਜ਼ਾਦੀ ਨੂੰ ‘ਮੂਲ ਅਧਿਕਾਰਾਂ’ ਵਿਚ ਸ਼ਾਮਿਲ ਕੀਤਾ ਗਿਆ ਹੈ ਪਰ ਵਿਵਹਾਰਿਕ ਤੌਰ ਤੇ ਇਸ ਦੇ ਵਿਰੋਧ ਵਿਚ ਸੰਵਿਧਾਨ ਦੀਆਂ ਕੁਝ ਧਾਰਾਵਾਂ (ਜਾਣੇ/ਅੰਜਾਣੇ) ਖੜੀਆਂ ਹਨ। ਐਸੀ ਹੀ ਇਕ ਧਾਰਾ ਹੈ ‘295-ਏ’। ਧਾਰਾ 295-ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਨਾ) ਨੂੰ ਆਮ ਹੀ ਬੋਲਣ ਦੀ ਆਜ਼ਾਦੀ ਦੇ ਵਿਰੋਧ ਵਿਚ ਵਰਤਿਆ ਜਾਂਦਾ ਰਿਹਾ ਹੈ। ਇਸ ਵਿਚ ਵੀ ਕੋਈ ਦੋ-ਰਾਇ ਨਹੀਂ ਕਿ ਪੁਰਾਤਨ ਸਮੇਂ ਤੋਂ ਹੀ ਇਨਕਲਾਬੀ ਸੁਧਾਰਕ ਸਮਾਜ ਵਿਚ ਪ੍ਰਚਲਿਤ ਗਲਤ ਮਨੌਤਾਂ ਦਾ ਖੰਡਨ ਅਤੇ ਵਿਰੋਧ ਕਰਦੇ ਆਏ ਹਨ। ਇਹ ਵੀ ਸੱਚਾਈ ਹੈ ਕਿ ਐਸੀਆਂ ਮਨੌਤਾਂ ਬਹੁਤਾਤ ਵਿਚ ਧਰਮ ਦੇ ਨਾਮ ਤੇ ਹੀ ਫੈਲਾਈਆਂ ਗਈਆਂ ਹਨ। ਜਦੋਂ ਐਸੀਆਂ ਮਨੌਤਾਂ ਦਾ ਖੰਡਨ ਜਾਂ ਵਿਰੋਧ ਵਿਚਾਰਾਂ ਆਦਿ ਰਾਹੀਂ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਨੂੰ ਮੰਨਣ ਵਾਲੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਨਾ ਕੁਦਰਤੀ ਹੈ। ਰਹਿੰਦੀ ਸਹਿੰਦੀ ਕਸਰ ਪੁਜਾਰੀ ਸ਼ੇ੍ਰਣੀ ਸੁਧਾਰਕਾਂ ਖਿਲਾਫ ਆਮ ਲੋਕਾਂ ਨੂੰ ਭੜਕਾ ਕੇ ਪੂਰੀ ਕਰ ਲੈਂਦੀ ਹੈ। ਉਹ ਭਾਂਵੇ ਬੁਧ ਹੋਣ, ਨਾਨਕ, ਕਬੀਰ ਜਾਂ ਕੋਈ ਹੋਰ। ਪ੍ਰਚਲਿਤ ਮਨੌਤਾਂ ਦੇ ਖੰਡਨ ਕਰਨ ਵਾਲੇ ਇਨਕਲਾਬੀਆਂ ਦਾ ‘ਭਾਵਨਾਵਾਂ ਨੂੰ ਠੇਸ ਪਹੁੰਚਾਨ’ ਦੀ ਆੜ੍ਹ ਹੇਠ ਵਿਰੋਧ ਹੁੰਦਾ ਹੀ ਰਿਹਾ ਹੈ।

ਆਧੁਨਿਕ ਸਮਾਜ ਵਿਚ ਮਨੁੱਖੀ ਹੱਕਾਂ (ਸਮੇਤ ਬੋਲਣ ਦੀ ਆਜ਼ਾਦੀ) ਦੀ ਪ੍ਰੋੜਤਾ ਆਮ ਗੱਲ ਹੈ ਜਿਸ ਦਾ ਮੁੱਢ ਪੱਛਮ ਵਿਚਲੀਆਂ ਸਮਾਜਕ ਕ੍ਰਾਂਤੀਆਂ ਨੂੰ ਮੰਨਿਆ ਜਾਂਦਾ ਹੈ। ਪਰ ਇਸ ਵਿਚ ਵੀ ਕੋਈ ਦੋ-ਰਾਇ ਨਹੀਂ ਕਿ ਪੱਛਮ ਦੇ ਇਸ ਹਾਂ-ਪੱਖੀ ਰੁਝਾਣ ਤੋਂ ਕਾਫੀ ਸਮਾਂ ਪਹਿਲਾਂ ਬਾਬਾ ਨਾਨਕ ਜੀ ਨੇ ਮੁੱਢਲੇ ਮਨੁੱਖੀ ਹੱਕਾਂ ਲਈ ਠੋਸ ਲਹਿਰ ਕਾਮਯਾਬੀ ਨਾਲ ਚਲਾਈ। ਇਸ ਵਿਚ ਜਿਥੇ ‘ਬੋਲਣ ਦੀ ਆਜ਼ਾਦੀ’ ਦੇ ਹੱਕ ਵਿਚੋਂ ਜਨੇਉ ਜਿਹੇ ਫੋਕੇ ‘ਧਾਰਮਿਕ ਕਰਮਕਾਂਡਾਂ’ ਦਾ ਖੰਡਨ ਕੀਤਾ ਗਿਆ, ਦੁਜੀ ਤਰਫ ‘ਕਿਸੇ ਵੀ ਮੱਤ ਨੂੰ ਇੱਛਾ ਅਨੁਸਾਰ ਅਪਨਾਉਣ’ ਦੇ ਮੁੱਢਲੇ ਮਨੁੱਖੀ ਹੱਕਾਂ ਦੀ ਪ੍ਰੋੜਤਾ ਕਰਦੇ ਹੋਏ, ਦੇ ਔਰੰਗਜ਼ੇਬ ਵਲੌਂ ਦਮਨ ਦੇ ਵਿਰੋਧ ਵਿਚ (ਵਿਚਾਰਕ ਅਤੇ ਵਿਵਹਰਿਕ ਅਸਹਿਮਤੀ ਹੋਂਦੇ ਹੋਏ ਵੀ) ਨੌਵੇਂ ਰਹਿਬਰ ਨੇ ਸ਼ਹੀਦੀ ਤੱਕ ਪ੍ਰਾਪਤ ਕੀਤੀ।

ਅਫਸੋਸ ਦੀ ਗੱਲ ਹੈ ਕਿ ਐਸੇ ਯੁਗ-ਪੁਰਸ਼ ਬਾਬਾ ਨਾਨਕ ਦੇ ਪੈਰੋਕਾਰ ਕਹਿਲਾਉਣ ਦਾ ਦਾਅਵਾ ਕਰਨ ਵਾਲੇ ਸਿੱਖ ਫਿਰਕੇ ਵਿਚ ਹੀ ‘ਬੋਲਣ ਦੀ ਆਜ਼ਾਦੀ’ ਦੇ ਹੱਕ ਨੂੰ ਪੈਰਾਂ ਹੇਠ ਰੋਲਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇਸ ਹੱਕ ਨੂੰ ਦਬਾਉਣ ਲਈ ਜਿਥੇ ਅਕਾਲ ਤਖਤ ਦੇ ਨਾਂ ਹੇਠ ਸਥਾਪਿਤ ਕਰ ਦਿਤੀ ਗਈ ਪੁਜਾਰੀ ਵਿਵਸਥਾ ਦਾ ਸਹਾਰਾ ਲਿਆ ਜਾਂਦਾ ਹੈ, ਉਥੇ ਸੁਧਾਰ ਦੀ ਗੱਲ ਕਰਨ ਵਾਲਿਆਂ ਨੂੰ ਧਮਕੀਆਂ ਤੋਂ ਲੈ ਕੇ ਕਾਤਲਾਨਾਂ ਹਮਲਿਆਂ ਤੱਕ ਦਾ ਸਾਹਮਣਾ ਕਰਨਾ ਪੈਂਦਾ ਹੈ। ਦਰਬਾਰਾ ਸਿੰਘ ਸਿਉਣਾ ਤੋਂ ਲੈ ਕੇ ਰਣਜੀਤ ਸਿੰਘ ਢੱਢਰੀਆਂਵਾਲੇ ਦੇ ਜਥੇ ਦੇ ਮੈਂਬਰ ਭੁਪਿੰਦਰ ਸਿੰਘ ਦਾ ਕਤਲ ਇਸ ਗੱਲ ਦਾ ਸਬੂਤ ਹਨ ਕਿ ਸੁਧਾਰ ਦੇ ਵਿਰੋਧ ਵਿਚ ਪੁਜਾਰੀ ਸੋਚ ਦੇ ਗੁਲਾਮ ਕਿਥੋਂ ਤੱਕ ਜਾ ਸਕਦੇ ਹਨ। ਬਾਕੀ ਜਾਗਰੂਕ ਮੰਨੇ ਜਾਂਦੇ ਪ੍ਰਚਾਰਕਾਂ ਤੇ ਸ਼ਰੀਰਕ ਹਮਲੇ (ਘੱਗਾ ਜੀ, ਪ੍ਰੋ. ਦਰਸ਼ਨ ਸਿੰਘ, ਅਮਰੀਕ ਸਿੰਘ ਚੰਡੀਗੜ੍ਹ) ਅਤੇ ਚਲਦੇ ਦੀਵਾਨਾਂ ਵਿਚ ‘ਸਿਮਰਨ’ ਦੇ ਨਾਂ ਹੇਠ ਰੁਕਾਵਟਾਂ ਪੈਦਾ ਕਰਨੀਆਂ ਆਮ ਗੱਲ ਹੈ। ਸੋਸ਼ਲ ਮੀਡੀਆ ਤੇ ਵਿਚਾਰਕ ਵਿਰੋਧੀਆਂ ਦੀ ‘ਮਾਂ-ਭੈਣ’ ਇਕ ਕਰਨਾ ਵੀ ਆਮ ਗੱਲ ਹੈ। ਤਾਜ਼ਾ ਉਦਾਰਹਨ ਇਕ ਟਕਸਾਲੀ ਕਹਾਉਂਦੇ ਸੱਜਣ ਵਲੋਂ ਸਟੇਜ ਤੋਂ ਸੁਧਾਰਕਾਂ ਨੂੰ ਗੋਲੀਆਂ ਨਾਲ ਕਤਲ ਕਰਨ ਦੀ ਸ਼ਰੇਆਮ ਧਮਕੀਆਂ ਤਾਂ ਇਸ ਮੰਦ ਵਰਤਾਰੇ ਦੀ ਹੱਦ ਹਨ। ‘ਸੰਵਿਧਾਨ ਦੀ ਰਾਖੇ’ ਕਹਾਉਂਦੀਆਂ ਸਰਕਾਰਾਂ ਵਲੋਂ ਸ਼ਰੇਆਮ ਐਸੀ ਗੁੰਡਾਗਰਦੀ ਕਰਨ ਵਾਲੇ ਲੋਕਾਂ ਖਿਲਾਫ ਹੁਣ ਤੱਕ ਕੋਈ ਕਾਰਵਾਈ ਨਾ ਕਰਨਾ ਵੀ ਨੀਅਤ ਤੇ ਸਵਾਲ ਖੜ੍ਹੇ ਕਰਦਾ ਹੈ।

ਇਸੇ ਵਰਤਾਰੇ ਵਿਚ ਦੋ ਦਿਲਚਸਪ ਘਟਨਾਵਾਂ ਐਸੀਆਂ ਵੀ ਹੋਈਆਂ ਜਿੰਨ੍ਹਾਂ ਨੇ ਜਾਗਰੂਕ ਕਹਾਉਂਦੇ ਸੱਜਣਾਂ ਦੀ ‘ਜਾਗਰੂਕਤਾ’ ਤੇ ਹੀ ਸਵਾਲ ਖੜ੍ਹਾ ਕਰ ਦਿਤਾ ਹੈ। ਉਨਾਂ ਦੇ ਵਿਵਹਾਰ ਨੇ ਇਹ ਸਾਬਿਤ ਕਰ ਦਿਤਾ ਹੈ ਕਿ ਆਪਣੀਆਂ ਮਨੌਤਾਂ ਦੇ ਖੰਡਨ ਵੇਲੇ ਉਹ ਵੀ ਮਾਨਸਿਕ ਤੌਰ ਨੇ ਟਕਸਾਲੀਆਂ/ਸੰਪਰਦਈਆਂ ਤੋਂ ਬਹੁਤੇ ਵੱਖਰੇ ਨਹੀਂ। ਪਹਿਲੀ ਘਟਨਾ ਰੇਡਿਉ ਵਿਰਸਾ ਨਾਲ ਜੁੜੀ ਹੈ। ਅਸੀਂ ਇਹ ਸਪਸ਼ਟ ਕਰ ਦੇਈਏ ਕਿ ਅਸੀਂ ਰੇਡਿੁੳ ਵਿਰਸਾ ਦੀ ਟੀਮ ਦੇ ਕਈਂ ਵਿਚਾਰਾਂ ਨਾਲ ਸਹਿਮਤ ਨਹੀਂ, ਖਾਸਕਰ ਪਿੱਛਲੇ ਕੁਝ ਸਮੇਂ ਤੋਂ ਉਠਾਏ ਨੁਕਤਿਆਂ ਬਾਰੇ (ਅਸੀਂ ਇਹ ਅਸਿਹਮਤੀ ਲਿਖਤਾਂ ਰਾਹੀਂ ਸਾਂਝੀ ਵੀ ਕਰਦੇ ਰਹੇ ਹਾਂ)। ਬੋਲ-ਬਾਣੀ ਪੱਖੌਂ ਉਨ੍ਹਾਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ‘ਟਕਸਾਲੀ ਲਹਿਜ਼ਾ’ ਸੋਸ਼ਲ ਮੀਡੀਆ ਤੇ ਆਮ ਵੇਖਿਆ ਜਾ ਸਕਦਾ ਹੈ। ਪਰ ਸਾਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਉਨ੍ਹਾਂ ਨੇ ਰੇਡਿੁੳ ਆਦਿ ਰਾਹੀਂ ਆਪਣੇ ਵਿਚਾਰ ਹੀ ਪੇਸ਼ ਕੀਤੇ ਹਨ, ਕਿਸੇ ਤੇ ਧੱਕੇ ਨਾਲ ਕੋਈ ਗੱਲ ਥੋਪੀ ਨਹੀਂ। ਉਨ੍ਹਾਂ ਦੇ ਵਿਚਾਰਾਂ ਨੂੰ ਵਿਚਾਰਾਂ/ਦਲੀਲ ਨਾਲ ਹੀ ਕੱਟਿਆ ਜਾ ਸਕਦਾ ਹੈ। ਪਿੱਛਲੇ ਸਮੇਂ ਵਿਚ ਕੁੱਝ ਜਾਗਰੂਕ ਕਹਾਉਂਦੇ ਸੱਜਣਾਂ/ਧਿਰਾਂ ਵਲੋਂ ਪੁਜਾਰੀਆਂ ਦੇ ਕਹੇ ਤੇ ਉਨ੍ਹਾਂ ਖਿਲਾਫ ਕੀਤੀ ਕਾਰਵਾਈ ਦਾ ਸਮਰਥਨ ਅਤੇ ਨਿਉਜ਼ੀਲੈਂਡ ਵਿਚ ਉਨ੍ਹਾਂ ਦਾ ਘੇਰਾਵ ਆਦਿ ਕਰਨਾ ਬਹੁਤ ਗਲਤ ਹੈ।

ਦੂਜ਼ੀ ਘਟਨਾ, ਮਹੰਤ ਨਰਾਇਣ ਦਾਸ ਦੀ ਤਾਜ਼ਾ ਵਾਇਰਲ ਹੋਈ ਵੀਡੀਉ ਨਾਲ ਜੁੜੀ ਹੈ। ਇਸ ਵੀਡਿਉ ਵਿਚ ਮਹੰਤ ਅਰਜਨ ਪਾਤਸ਼ਾਹ ਵਲੋਂ ‘ਸ਼ਬਦ ਗੁਰੂ ਗ੍ਰੰਥ’ ਜੀ ਦੇ ਸਰੂਪ ਵਿਚ ਸ਼ਾਮਿਲ ਕੀਤੀ ਭਗਤ ਬਾਣੀ ਵਿਚ ਆਪਣੀ ਮਰਜ਼ੀ ਨਾਲ ਬਦਲਾਅ ਕਰਨ ਦਾ ਦੋਸ਼ ਲਾ ਰਿਹਾ ਹੈ। ਉਸ ਨੇ ਸਿਰਫ ਆਪਣਾ ਵਿਚਾਰ ਪੇਸ਼ ਕੀਤਾ ਹੈ। ਪਰ ਉਸ ਦੇ ਇਸ ਵਿਚਾਰ ਪੇਸ਼ ਕਰਨ ਮਾਤਰ ਨਾਲ ਹੀ ‘ਬੋਲਣ ਦੀ ਆਜ਼ਾਦੀ’ ਦੇ ਅਲੰਬਰਦਾਰ ਬਾਬਾ ਨਾਨਕ ਜੀ ਦੀ ਪੈਰੋਕਾਰ ਕਹਾਉਂਦੀ ਕੌਮ ਦੀ ‘ਭਾਵਨਾਵਾਂ ਨੂੰ ਠੇਸ’ ਪੁੱਜ ਗਈ। ਸੰਪਰਦਾਈਆਂ ਵਲੋਂ ਤਾਂ ਮਹੰਤ ਦਾ ਘਟੀਆ ਵਿਰੋਧ ਹੋਣਾ ਹੀ ਸੀ ਕਿਉਂ ਕਿ ਉਨ੍ਹਾਂ ਦੀ ਫਿਤਰਤ ਹੀ ਐਸੀ ਹੈ। ਪਰ ਜਾਗਰੂਕ ਕਹਾਉਂਦੇ ਸੱਜਣ ਵੀ ਜਦੋਂ ‘ਨਰੈਣੂ ਮਹੰਤ’ ਦਾ ਨਵਾਂ ਰੂਪ (ਪ੍ਰੋ. ਦਰਸ਼ਨ ਸਿੰਘ) ਅਤੇ ਹੋਰ ਊਲ-ਜਲੂਲ ਬੋਲਦੇ ‘ਹਾ-ਹਾ ਕਾਰ’ ਮਚਾਉਣ ਲਗ ਪਏ ਤਾਂ ਬਹੁਤ ਅਫਸੋਸ ਹੋਇਆ। ਕਈਂ ਜਾਗਰੂਕ ਤਾਂ ਪੁਜਾਰੀਆਂ ਵਲੋਂ ਉਸ ਖਿਲ਼ਾਫ ਕਾਨੂੰਨੀ ਕੇਸ ਦਰਜ਼ ਕਰਾਉਣ (ਧਾਰਾ 295-ਏ) ਦੇ ਦਿਤੇ ਹੋਕੇ ਨੂੰ ਹੀ ਸਹੀ ਮੰਨਣ ਲਗ ਪਏ। ਧੰਨ ਹੈ ਐਸੀ ਜਾਗਰੂਕਤਾ! 4 ਕੁ ਦਿਨਾਂ ਵਿਚ ਹੀ ਨਰਾਇਣ ਦਾਸ ਨੂੰ ਮਾਨਸਿਕ ਤੌਰ ਤੇ ਇਤਨਾ ਪਰੇਸ਼ਾਨ ਕਰ ਦਿਤਾ ਗਿਆ ਕਿ ਉਹ ਨੱਕ ਰਗੜਣ ਅਤੇ ਮਾਫੀ ਮੰਗਣ ਲਈ ਤਿਆਰ ਹੋ ਗਿਆ। ਹੋਰ ਕਰੇ ਵੀ ਕੀ ? ਤਾਲਿਬਾਨੀ ਸੋਚ ਆਮ ਬੰਦੇ ਨੂੰ ਝੁਕਣ ਲਈ ਮਜ਼ਬੂਰ ਕਰ ਹੀ ਦਿੰਦੀ ਹੈ।

ਅਸੀਂ ਪਹਿਲਾਂ ਵੀ ਕਹਿ ਚੁਕੇ ਹਾਂ ਕਿ ਸਾਡੀ ਸਮਝ ਅਨੁਸਾਰ ਧਾਰਾ 295-ਏ ‘ਬੋਲਣ ਦੀ ਆਜ਼ਾਦੀ’ ਦੇ ਹੱਕ ਦਾ ਸਿੱਧਾ ਉਲੰਘਣ ਹੈ ਅਤੇ ਸਿੱਖ ਫਿਰਕੇ ਵਲੋਂ ਇਸਦਾ ਸਮਰਥਨ ਅਤੇ ਵਰਤੋਂ ਵੱਡੀ ਮੂਰਖਤਾ ਹੈ। ਜੇ ਕਿਸੇ ਨੇ ਇਸੇ ਧਾਰਾ ਦਾ ਸਹਾਰਾ ਲੈ ਕੇ ‘ਸ਼ਬਦ ਗੁਰੂ ਗ੍ਰੰਥ ਜੀ’ ਤੇ ਸਵਾਲ ਖੜੇ ਕਰ ਦਿਤੇ ਤਾਂ ਸਿੱਖਾਂ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮਹੰਤ ਨਰਾਇਣ ਦੇ ਮਸਲੇ ਵਿਚ ਬਹੁਤ ਆਸਾਨ ਰਾਹ ਸੀ ਕਿ ਕਿਸੇ ਸਾਂਝੇ ਮੰਚ ਤੇ ਉਸ ਨੂੰ ਬੁਲਾ ਕੇ ਉਸ ਵਲੋਂ ਲਾਏ ਦੋਸ਼ਾਂ ਬਾਰੇ ਕੁੱਝ ਚੌਨਵੇਂ ਸਿੱਖ ਵਿਦਵਾਨ ਉਸ ਨਾਲ ਖੁੱਲੀ ਚਰਚਾ ਕਰਦੇ ਅਤੇ ਉਸ ਦੀਆਂ ਕੱਚੀਆਂ ਗੱਲਾਂ ਨੂੰ ਗਲਤ ਸਾਬਿਤ ਕਰ ਦਿੰਦੇ। ਉਸ ਨੂੰ ਦਲੀਲ ਨਾਲ ਨਿਰੁੱਤਰ ਕਰ ਦਿੰਦੇ। ਇਸ ਨਾਲ ਸਾਰੀ ਦੁਨੀਆ ਵਿਚ ‘ਸਹਿਣਸ਼ੀਲਤਾ’ ਦਾ ਇਕ ਸੁਨੇਹਾ ਵੀ ਜਾਣਾ ਸੀ।

ਦਮਦਮੀ ਟਕਸਾਲ ਦੀ ਧਮਕੀਆਂ ਭਰੀ ਤਾਜ਼ਾ ਗੁੰਡਾਗਰਦੀ ਤੋਂ ਬਾਅਦ ਇਸ ਬਾਰੇ ਕਈਂ ਜਾਗਰੂਕ ਮੰਨੇ ਜਾਂਦੇ ਪ੍ਰਚਾਰਕਾਂ ਦੇ ਬਿਆਨ ਸਾਹਮਣੇ ਆਏ ਹਨ। ਕਈਆਂ ਨੇ ਚੁੱਪ ਧਾਰਨ ਕਰ ਰੱਖੀ ਹੈ। ਸਭ ਤੋਂ ਵੱਧ ਜ਼ਿਕਰਯੋਗ ਹੈ ਭਾਈ ਰਣਜੀਤ ਸਿੰਘ ਢੱਡਰੀਆਵਾਲੇ ਦੀ ਵੀਡੀਉ। ਕੁਝ ਕਮੀਆਂ ਦੇ ਬਾਵਜੂਦ, ਇਸ ਵੀਡੀਉ ਵਿਚ ਜਿਸ ਬੇਬਾਕੀ ਅਤੇ ਦਲੇਰੀ ਨਾਲ ਉਨ੍ਹਾਂ ਨੇ ਦਮਦਮੀ ਟਕਸਾਲ ਦੀ ਗੁੰਡਾਗਰਦੀ ਅਤੇ ਅਕਾਲ ਤਖਤ ਤੇ ਨਾਂ ਤੇ ਪੈਦਾ ਹੋਈ ਪੁਜਾਰੀ ਜਥੇਦਾਰੀ ਵਿਵਸਥਾ ਦਾ ਪਾਜ ਉਘਾੜਿਆ ਹੈ, ਉਹ ਬੇਸ਼ਕ ਸਲਾਹੁਣਯੋਗ ਹੈ। ਜੋਗਿੰਦਰ ਸਿੰਘ ਜੀ ਸਪੋਕਸਮੈਨ ਤੋਂ ਇਲਾਵਾ ਕੋਈ ਹੋਰ ਮੁੱਖ ਪ੍ਰਚਾਰਕ ਇਤਨੀ ਮਜ਼ਬੂਤੀ ਨਾਲ ਇਨ੍ਹਾਂ ਅਖੌਤੀ ਜਥੇਦਾਰਾਂ ਬਾਰੇ ਗੱਲ ਨਹੀਂ ਕਰ ਪਾਇਆ ਸੀ ਅੱਜ ਤੱਕ। ਸਾਨੂੰ ਉਮੀਦ ਹੈ ਕਿ ਭਵਿੱਖ ਵਿਚ ਜੇ ਪੁਜਾਰੀਆਂ ਨੇ ਉਨ੍ਹਾਂ ਨੂੰ ਆਪਣੀ ਕਚਿਹਰੀ ਵਿਚ ਸੱਦ ਲਿਆ ਤਾਂ ਉਸ ਇਸ ਸਟੈਂਡ ਤੇ ਕਾਇਮ ਰਹਿਣਗੇ ਅਤੇ ਪ੍ਰੋ. ਧੂੰਦਾ ਵਾਂਗ ਨੀਤੀ ਦੀ ਦੁਹਾਈ ਦਿੰਦਿਆਂ ਗੋਡੇ ਨਹੀਂ ਟੇਕਣਗੇ।

ਪੰਥ ਦੇ ਜਾਗਰੂਕ ਕਹਾਉਂਦੇ ਤਬਕੇ ਵਿਚ ਅਨੇਕਾਂ ਮੁੱਦਿਆਂ ਤੇ ਅਸਹਿਮਤੀ ਹੋਣ ਦੇ ਬਾਵਜੂਦ ‘ਬੋਲਣ ਦੀ ਆਜ਼ਾਦੀ ਦੇ ਹੱਕ ਵਿਚ ਸਹਿਮਤੀ ਹੈ ਹੀ। ਸੋ ਸੰਪਰਦਾਈਂ ਧਿਰਾਂ ਦੀ ਗੁੰਡਾਗਰਦੀ ਨੂੰ ਟੱਕਰ ਦੇਣ ਲਈ ਸਾਰੀਆਂ ਜਾਗਰੂਕ/ਅਪਗ੍ਰੇਡ ਕਹਾਉਂਦੀਆਂ ਸਫਾਂ ਨੂੰ ਇਸ ਮੁੱਦੇ ਤੇ ਇਕ ਸਾਂਝਾ ਸੰਦੇਸ਼ ਦੇਣਾ ਜ਼ਰੂਰੀ ਬਣ ਜਾਂਦਾ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਅੱਜ ਦੇ ਸਮੇਂ ਵਿਚ ਇਸ ਸਾਂਝੇ ਮੰਚ ਲਈ ਸਭ ਤੋਂ ਯੋਗ ਆਗੂ ਰਣਜੀਤ ਸਿੰਘ ਢੱਢਰੀਆਂਵਾਲੇ ਹੀ ਹਨ। ਆਸ ਹੈ ਇਸ ਬਹੁਤ ਜ਼ਰੂਰੀ ਮੁੱਦੇ ਤੇ ਉਹ ਜਲਦੀ ਹੀ ਕੋਈ ਸਾਂਝੀ ਅਵਾਜ਼ ਉਠਾਉਣ ਲਈ ਅਗਲਾ ਪ੍ਰੋਗਰਾਮ ਦੇਣਗੇ।

ਅੰਤ ਵਿਚ ਅਸੀਂ ਇਕ ਵਾਰ ਸਪਸ਼ਟ ਕਰ ਦੇਈਏ ਕਿ ਸਿੱਖ ਫਿਰਕੇ/ਕੌੰਮ ਦੇ ਰੂਪ ਵਿਚ ਸਥਾਪਤੀ ਨੂੰ ਗੁਰਮਤਿ ਇਨਕਲਾਬ ਤੋਂ ਭਟਕਾਅ ਮੰਨਦੇ ਹਾਂ ਅਤੇ ਆਪਣੇ ਆਪ ਨੂੰ ਇਸ ਦਾ ਹਿੱਸਾ ਨਹੀਂ ਮੰਨਦੇ, ਪਰ ਮੁੱਢਲੇ ਮਨੁੱਖੀ ਹੱਕਾਂ ਦੀ ਰਾਖੀ ਲਈ ਕਿਸੇ ਵੀ ਜਾਇਜ਼ ਉਪਰਾਲੇ ਵਿਚ ਨਾਲ ਤੁਰਣ ਲਈ ਵਚਨਬੱਧ ਹਾਂ।

ਨਿਸ਼ਕਾਮ ਨਿਮਰਤਾ ਸਾਹਿਤ
ਤੱਤ ਗੁਰਮਤਿ ਪਰਿਵਾਰ
24 ਮਈ 2018




.