ਜੀਵਨ ਮੁਕਤਿ ਗੁਰ ਸਬਦੁ ਕਮਾਏ
ਦਸਾਂ ਪਾਤਿਸ਼ਾਹੀਆਂ ਦੀ ਅਣਥੱਕ ਮਿਹਨਤ ਦੀ ਕਮਾਈ ਗੁਰਬਾਣੀ ਗ੍ਰੰਥ ਦੇ ਰੂਪ
ਵਿੱਚ ਸਾਡੇ ਕੋਲ ਹੈ। ਇਸ ਦੀ ਸਿੱਖਿਆ ਸਾਨੂੰ ਸੱਚੇ ਧਰਮੀ ਬਣਾਉਣ ਦੇ ਸਮਰੱਥ ਹੈ ਜੇਕਰ ਅਸੀਂ ਉਸ ਤੇ
ਅਮਲ ਕਰੀਏ। ਸਿੱਖਿਆ ਨੂੰ ਸਮਝ ਕੇ ਉਸ ਤੇ ਅਮਲ ਕੀਤੇ ਬਿਨਾਂ ਕੁੱਝ ਭੀ ਹੱਥ ਪੱਲੇ ਨਹੀਂ ਪੈਣਾ।
ਮੁਕਤੀ ਪ੍ਰਾਪਤ ਕਰਨਾ ਪਹਿਲਾਂ ਤੋਂ ਹੀ ਧਰਮ ਦੀ ਮੰਜ਼ਿਲ ਰਹੀ ਹੈ। ਇਸ ਦਾ
ਭਾਵ ਹਰ ਤਰਾਂ ਦੇ ਦੁੱਖ ਕਲੇਸ਼ ਤੋਂ ਛੁਟਕਾਰਾ ਪਾ ਕੇ ਸਦੀਵੀ ਅਨੰਦਮਈ ਜੀਵਨ ਜੀਣਾ ਹੈ। ਸਿਰਲੇਖ
ਵਾਲੀ ਤੁਕ ਰਾਹੀਂ ਬਾਣੀ ਇਹ ਭਰੋਸਾ ਦਿੰਦੀ ਹੈ ਕਿ ਗੁਰੂ ਦੀ ਸਿੱਖਿਆ ਅਨੁਸਾਰ ਜ਼ਿੰਦਗੀ ਜੀਣ ਨਾਲ
ਮੁਕਤੀ ਹਾਸਲ ਕੀਤੀ ਜਾ ਸਕਦੀ ਹੈ। ਇਹ ਗੱਲ ਬਹੁਤ ਵਾਰੀ ਦੁਹਰਾਈ ਗਈ ਹੈ ਕਿ ਸਾਰੀ ਸੋਝੀ ਸਿੱਖਿਆ ਤੇ
ਚੱਲ ਕੇ ਹੀ ਹੋਣੀ ਹੈ-
ਗੁਰਮੁਖਿ ਹੋਵੈ ਸੁ ਸੋਝੀ ਪਾਏ … ਗੁਰਮੁਖਿ ਪਾਏ ਮੋਖ ਦੁਆਰੁ-1059
ਗੁਰਮੁਖਿ ਹੋਣ ਤੋਂ ਭਾਵ ਪੂਰਨ ਤੌਰ ਤੇ ਗੁਰੂ ਦੀ ਸਿੱਖਿਆ ਤੇ ਚੱਲਣਾ ਹੈ।
ਇਸਦਾ ਹੋਰ ਕੋਈ ਦੂਜਾ ਰਾਹ ਨਹੀਂ ਹੈ। ਧਰਮ ਦੇ ਨਾਂਅ ਤੇ ਕੀਤੇ ਸਾਰੇ ਕੰਮਾਂ ਦਾ ਮਕਸਦ ਗੁਰਮੁਖਿ
ਹੋਣਾ ਹੀ ਹੈ। ਸੰਸਾਰ ਵਿੱਚ ਜਿੱਥੇ ਹੋਰ ਕੰਮਾਂ ਵਿੱਚ ਠੱਗੀ ਚੱਲਦੀ ਹੈ ਉੱਥੇ ਧਰਮ ਦਾ ਖੇਤਰ ਭੀ ਇਸ
ਤੋਂ ਮੁਕਤ ਨਹੀਂ ਹੈ। ਅਸਲ ਵਿੱਚ ਧਰਮ ਦੀ ਦੁਨੀਆਂ ਉਨਾਂ ਨਾਲ ਭਰਪੂਰ ਹੈ ਜਿਹੜੇ ਗੁਰਮੁਖਿ ਹੋਣ ਦਾ
ਦਾਅਵਾ ਤਾਂ ਡੰਕੇ ਦੀ ਚੋਟ ਤੇ ਕਰਦੇ ਹਨ ਪਰ ਉਨਾਂ ਦੇ ਹਿਰਦਿਆਂ ਵਿੱਚ ਗੁਰੂ ਦੀ ਸਿੱਖਿਆ ਦਾ ਅਸਰ
ਸ਼ਾਇਦ ਹੀ ਕੋਈ ਹੋਇਆ ਹੋਵੇ। ਉਹ ਧਰਮ ਦੇ ਨਾਂਅ ਦੇ ਚੱਲਦੇ ਕਰਮ ਕਾਂਡਾਂ, ਰਹੁ ਰੀਤਾਂ, ਜਾਂ ਵੇਸਾਂ
ਜਾਂ ਦਿੱਖਾਂ ਨਾਲ ਜੁੜਕੇ ਹੀ ਆਪਣੇ ਧਰਮੀ ਹੋਣ ਦੇ ਐਲਾਨ ਕਰਦੇ ਰਹਿੰਦੇ ਹਨ। ਜੇ ਅੰਦਰ ਸਿੱਖਿਆ ਦੀ
ਕੋਈ ਕਮਾਈ ਨਹੀਂ ਹੈ ਤਾਂ ਬਾਹਰਲੀ ਕਿਸੇ ਵੀ ਚੀਜ਼ ਨਾਲ ਧਰਮੀ ਨਹੀਂ ਹੋਇਆ ਜਾ ਸਕਦਾ, ਇਹ ਬਾਣੀ ਦਾ
ਪੱਕਾ ਅਸੂਲ ਹੈ। ਧਾਰਮਿਕ ਵੇਸ ਤੇ ਦਿੱਖ ਹਰ ਫਿਰਕੇ ਦੇ ਵੱਖ ਵੱਖ ਹਨ। ਇਹ ਚੀਜ਼ ਹੀ ਕਾਫੀ ਸੀ ਇਹ
ਦੱਸਣ ਲਈ ਕਿ ਕਿਸੇ ਵੇਸ ਤੇ ਦਿੱਖ ਦੇ ਆਧਾਰ ਤੇ ਧਰਮੀ ਨਹੀਂ ਬਣਿਆ ਜਾ ਸਕਦਾ। ਇਸ ਨੁਕਤੇ ਤੇ ਬਾਣੀ
ਬਾਰ ਬਾਰ ਸਾਨੂੰ ਚੇਤੰਨ ਕਰਦੀ ਹੈ-
ਭੇਖ ਕਰੈ ਗੁਰ ਸਬਦੁ ਨ ਕਮਾਏ
ਅੰਤਰਿ ਰੋਗੁ ਮਹਾ ਦੁਖੁ ਭਾਰੀ ਬਿਸਟਾ ਮਾਹਿ ਸਮਾਹਾ ਹੇ-1058
ਜਿਹੜਾ ਸਿਰਫ ਭੇਖ ਦੇ ਆਧਾਰ ਤੇ ਹੀ ਮੁਕਤੀ ਚਾਹੁੰਦਾ ਹੈ ਉਹ ਪੂਰਨ ਤੌਰ ਤੇ
ਗ਼ਲਤ ਹੈ। ਗੁਰੂ ਦੀ ਸੁਮੱਤਿ ਲੈ ਕੇ ਅੰਦਰਲੇ ਭੈੜਾਂ, ਗ਼ਲਤ ਰੁਚੀਆਂ ਤੇ ਗ਼ਲਤ ਵਿਚਾਰਾਂ ਤੋਂ ਮੁਕਤੀ
ਪਾਉਣੀ ਸੀ। ਪਰ ਜੇ ਸਿੱਖਿਆ ਹੀ ਨਹੀਂ ਲਈ ਤਾਂ ਦੁਰਮਤਿ ਵਿੱਚ ਫਸੇ ਰਹਿਣਾ ਤਾਂ ਲਾਜ਼ਮੀ ਹੈ। ਇਹ
ਦੁਰਮਤਿ ਕਦੇ ਵੀ ਸਾਨੂੰ ਮੁਕਤੀ ਪ੍ਰਾਪਤ ਕਰਨ ਯੋਗ ਨਹੀਂ ਬਣਨ ਦੇਵੇਗੀ। ਫਿਰ ਸਦੀਵੀ ਅਨੰਦ ਦੀ ਥਾਂ
ਨਿੱਤ ਦੀ ਖੁਆਰੀ ਹੀ ਹਿੱਸੇ ਆਵੇਗੀ। ਸਦੀਵੀ ਅਨੰਦ ਤਾਂ ਦੂਰ, ਕਦੇ ਭੀ ਸੁੱਖ ਦੇ ਪਾਤਰ ਨਹੀਂ ਬਣ
ਸਕਾਂਗੇ-
ਦੁਰਮਤਿ ਮਰੈ ਨਿਤ ਹੋਇ ਖੁਆਰੋ।
ਕਾਮਿ ਕ੍ਰੋਧਿ ਮਨੁ ਦੂਜੈ ਲਾਇਆ
ਸੁਪਨੈ ਸੁਖੁ ਨ ਤਾਹਾ ਹੇ-1058
ਦਿਸਣ ਵਾਲੀ ਹਰ ਚੀਜ਼ ਭੇਖ ਦਾ ਹਿੱਸਾ ਹੈ। ਧਰਮ ਦੀ ਕਮਾਈ ਹਿਰਦੇ ਵਿੱਚ ਹੋਣੀ
ਹੈ। ਬਾਣੀ ਦਾ ਫ਼ੈਸਲਾ ਹੈ ਕਿ ਭੇਖ ਤੇ ਨਿਰਭਰ ਹੋਣ ਵਾਲਾ, ਆਪਣੇ ਰੱਬੀ ਮਹਿਲ ਵਿੱਚ ਪਹੁੰਚਣ ਦੇ
ਜਿੰਨੇ ਮਰਜ਼ੀ ਐਲਾਨ ਕਰੀ ਜਾਵੇ ਇਹ ਸੱਭ ਝੂਠੇ ਹੀ ਰਹਿਣਗੇ-
ਭੇਖ ਦਿਖਾਵੈ ਸਚੁ ਨ ਕਮਾਵੈ। ਕਹਤੋ ਮਹਲੀ ਨਿਕਟਿ ਨ ਆਵੈ-738
ਭੇਖ ਦੇ ਆਧਾਰ ਤੇ ਕੋਈ ਭੀ ਪਦਵੀ ਸੱਚੇ ਧਰਮੀ ਹੋਣ ਦੀ ਪ੍ਰਾਪਤ ਨਹੀਂ ਕੀਤੀ
ਜਾ ਸਕਦੀ। ਮੂੰਹ ਨਾਲ ਆਪਣੇ ਧਰਮੀ ਹੋਣ ਦੇ ਐਲਾਨ ਪੂਰਨ ਤੌਰ ਤੇ ਝੂਠੇ ਹੋਣਗੇ ਜੇ ਅੰਦਰ ਕੋਈ ਬਦਲੀ
ਨਹੀਂ ਹੋਈ-
ਅਤੀਤੁ ਸਦਾਏ ਮਾਇਆ ਕਾ ਮਾਤਾ
ਮਨ ਨਹੀਂ ਪ੍ਰੀਤ ਕਹੈ ਮੁਖਿ ਰਾਤਾ-738
ਆਪਣੇ ਧਰਮੀ ਹੋਣ ਦਾ ਨਾਂਅ ਕੋਈ ਜਿਹੜਾ ਮਰਜ਼ੀ ਰੱਖ ਲਵੇ ਇਸ ਨਾਲ ਕੋਈ ਫ਼ਰਕ
ਨਹੀਂ ਪੈਂਦਾ। ਜੇ ਇਹ ਸਿਰਫ ਬਾਹਰਲੇ ਭੇਖ ਤੇ ਨਿਰਭਰ ਹੈ ਤਾਂ ਇਹ ਝੂਠਾ ਹੈ।
ਧਾਰਮਿਕ ਫਿਰਕੇ ਆਪਣੇ ਲਈ ਨਜ਼ਰ ਆਉਣ ਵਾਲੀਆਂ ਚੀਜ਼ਾਂ ਦੇ ਵਖਰੇਵਿਆਂ ਦੇ ਨਾਲ
ਨਾਲ ਹੋਰ ਬਹੁਤ ਸਾਰੀਆਂ ਰਸਮਾਂ ਜਾਂ ਕਰਮ ਕਾਂਡਾਂ ਦੀਆਂ ਰਹਿਤਾਂ ਦੇ ਮਹਾਂ ਜਾਲ ਵੀ ਬਣਾ ਦਿੰਦੇ
ਹਨ। ਉਸ ਫਿਰਕੇ ਵਾਲੇ ਫਿਰ ਗੁਰੂ ਦੀ ਸਿੱਖਿਆ ਦੀ ਕਮਾਈ ਛੱਡ ਕੇ ਉਨਾਂ ਨੂੰ ਹੀ ਕਰਨ ਵਿੱਚ ਜੁਟ
ਜਾਂਦੇ ਹਨ। ਇਨਾਂ ਕੰਮਾਂ ਨੂੰ ਬਾਣੀ ਪੂਰਨ ਤੌਰ ਤੇ ਨਿਸਫਲ ਦੱਸਦੀ ਹੈ-
ਮੁਖਿ ਸੰਜਮ ਹਛਾ ਨ ਹੋਵਈ ਕਰਿ ਭੇਖ ਭਵੈ ਸਭ ਕੋਈ-1416
ਸੱਚੇ ਧਰਮੀ ਹੋਣ ਦੀ ਵਡਿਆਈ ਤਾਂ ਹੀ ਮਿਲੇਗੀ ਜੇਕਰ ਗੁਰੂ ਦੀ ਸਿੱਖਿਆ ਦੇ
ਅਨੁਸਾਰ ਆਪਣੇ ਮਨ ਨੂੰ ਘੜ ਅਤੇ ਸੁਆਰ ਲਿਆ।
ਸ਼ਬਦ ਦੀ ਕਮਾਈ, ਭਾਵ ਸਿੱਖਿਆ ਤੇ ਚੱਲਣ, ਤੋਂ ਬਿਨਾਂ ਜਿੰਨੇ ਮਰਜ਼ੀ ਭੇਖ ਜਾਂ
ਹੋਰ ਕਰਮ ਕਾਂਡ ਕਰ ਲਈਏ ਉਹ ਸਾਰੇ ਹੀ ਨਿਸਫਲ ਹੋਣਗੇ। ਇਸ ਕਰਕੇ ਸਾਡੇ ਹਿੱਸੇ ਖੁਆਰੀ ਹੀ ਆਵੇਗੀ-
ਸਬਦਿ ਮਰੈ ਸੋਈ ਜਨੁ ਸਿਝੈ ਬਿਨੁ ਸਬਦੈ ਮੁਕਤਿ ਨ ਹੋਈ
ਭੇਖ ਕਰਹਿ ਬਹੁ ਕਰਮ ਵਿਗੁਤੇ ਭਾਇ ਦੂਜੈ ਪਰਜ ਵਿਗੋਈ-1416
ਇਨਾਂ ਤੁਕਾਂ ਦੇ ਅਰਥ ਕਰਦੇ ਪ੍ਰੋ: ਸਾਹਿਬ ਸਿੰਘ ਲਿਖਦੇ ਹਨ, " ਜਿਹੜੇ
ਮਨੁੱਖ ਨਿਰੇ ਦਿਖਾਵੇ ਦੇ ਧਾਰਮਿਕ ਪਹਿਰਾਵੇ ਪਹਿਨਦੇ ਹਨ ਅਤੇ ਦਿਖਾਵੇ ਦੇ ਹੀ ਕਰਮ ਕਰਦੇ ਹਨ ਉਹ
ਖੁਆਰ ਹੁੰਦੇ ਰਹਿੰਦੇ ਹਨ।
ਬਾਹਰਲਾ ਭੇਖ ਕਿਸ ਤਰਾਂ ਦਾ ਹੈ ਇਸਦੀ ਕੋਈ ਭੀ ਵਿਸ਼ੇਸ਼ਤਾ ਨਹੀਂ ਕਿਉਂਕਿ ਇਹ
ਸਿਰਫ ਵਿਖਾਵਾ ਹੈ, ਲੋਕਾਚਾਰੀ ਹੈ, ਦੁਨੀਆਂ ਦੀ ਨਿਗਾਅ ਵਿੱਚ ਧਰਮੀ ਹੋਣ ਦਾ ਨਾਟਕ ਹੈ। ਸਿਰਫ
ਬਾਹਰਲਾ ਹੋਣ ਕਰਕੇ ਅੰਦਰਲੀ ਅੱਗ ਅਤੇ ਚਿੰਤਾ ਤੋਂ ਮੁਕਤ ਨਹੀਂ ਕਰਦਾ-
ਭੇਖ ਕਰਹਿ ਖਿੰਥਾ ਬਹੁ ਥਟੂਆ। ਝੂਠੋ ਖੇਲੁ ਖੇਲੈ ਬਹੁ ਨਟੂਆ।
ਅੰਤਰਿ ਅਗਨਿ ਚਿੰਤਾ ਬਹੁ ਜਾਰੇ। ਵਿਣੁ ਕਰਮਾ ਕੈਸੇ ਉਤਰਸਿ ਪਾਰੇ-903
ਭਾਈ ਲਹਿਣਾ ਜੀ ਬਾਬੇ ਨਾਨਕ ਨੂੰ ਤਾਂ ਹੀ ਨਹੀਂ ਪਛਾਣ ਸਕੇ ਸੀ ਕਿਉਂਕਿ
ਉਨਾਂ ਨੇ ਕੋਈ ਨਾਟਕੀ ਵੇਸ ਨਹੀਂ ਸੀ ਧਾਰਨ ਕੀਤੇ ਹੋਏ। ਉਨਾਂ ਦੇ ਧਰਮੀ ਹੋਣ ਦੀ ਸਾਰੀ ਕਾਰਵਾਈ
ਉਨਾਂ ਦੇ ਹਿਰਦੇ ਅੰਦਰ ਹੋਣ ਕਰਕੇ ਅਦਿੱਖ ਸੀ। ਇਹ ਕਹਾਣੀ ਕੀ ਸਾਡੇ ਲਈ ਚਾਨਣ ਮੁਨਾਰਾ ਨਹੀਂ ਹੋਣੀ
ਚਾਹੀਦੀ?
ਉਨਾਂ ਦੀ ਮਿਲਣੀ ਤੋਂ ਜੇ ਅਸੂਲ ਪੱਕਾ ਨਹੀਂ ਬਣਿਆਂ ਤਾਂ ਆਉ ਬਾਣੀ ਦੇ ਅੰਦਰ
ਝਾਤ ਮਾਰਦੇ ਹਾਂ ਜਿੱਥੇ ਕਿ ਉਨਾਂ ਨੂੰ ਕੋਈ ਨਜ਼ਰ ਆਉਣ ਵਾਲਾ ਵੇਸ ਧਾਰਨ ਕਰਨ ਨੂੰ ਕਿਹਾ ਸੀ। ਬਾਣੀ
ਸਿਧ ਗੋਸਟਿ ਦੀ ਨੌਵੀਂ ਪੌੜੀ ਵਿੱਚ ਇਸ ਦਾ ਜ਼ਿਕਰ ਹੈ-
ਦਰਸਨੁ ਭੇਖੁ ਕਰਹੁ ਜੋਗਿੰਦ੍ਰਾ ਮੁੰਦਰਾ ਝੋਲੀ ਖਿੰਥਾ-939
ਤੁਕ ਵਿੱਚ ਤਿੰਨ ਨਜ਼ਰ ਆਉਣ ਵਾਲੀਆਂ ਚੀਜ਼ਾਂ ਧਾਰਨ ਕਰਨ ਦੀ ਗੱਲ ਹੈ। ਦੇਖਦੇ
ਹਾਂ ਕਿ ਬਾਬੇ ਨੇ ਕੀ ਜਵਾਬ ਦਿੱਤਾ-
ਅੰਤਰਿ ਸਬਦੁ ਨਿਰੰਤਰਿ ਮੁਦ੍ਰਾ ਹਉਮੈ ਮਮਤਾ ਦੂਰਿ ਕਰੀ
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ ਗੁਰ ਕੈ ਸਬਦਿ ਸੁ ਸਮਝ ਪਰੀ
ਖਿੰਥਾ ਝੋਲੀ ਭਰਿਪੁਰਿ ਰਹਿਆ ਨਾਨਕੁ ਤਾਰੈ ਏਕੁ ਹਰੀ-939
ਗੁਰੂ ਦੀ ਸਿੱਖਿਆ ਨੂੰ ਅੰਦਰ ਵਸਾਉਣਾ ਅਤੇ ਉਸ ਦੇ ਰਾਹੀਂ ਹਉਮੈ ਅਤੇ ਮਮਤਾ
ਨੂੰ ਦੂਰ ਕਰਨਾ ਮੁੰਦ੍ਰਾਂ ਦਾ ਪਹਿਨਣਾ ਹੈ। ਉਸ ਰੱਬ ਨੂੰ ਸਭ ਥਾਈਂ ਵਿਆਪਕ ਸਮਝਣ ਦੀ ਅਦਿੱਖ ਭਾਵਨਾ
ਹੀ ਖਿੰਥਾ ਅਤੇ ਝੋਲੀ ਧਾਰਨ ਕਰਨਾ ਹੈ। ਸੰਖੇਪ ਵਿੱਚ ਗੁਰੂ ਜੀ ਕਹਿ ਰਹੇ ਹਨ ਕਿ ਸਿੱਖਿਆ ਦੀ ਕਮਾਈ
ਕਰਕੇ ਅੰਦਰਲੇ ਔਗਣਾਂ ਤੋਂ ਮੁਕਤੀ ਪਾਉਣਾ ਹੀ ਸੱਚੇ ਧਰਮੀ ਦਾ ਅਸਲੀ ਵੇਸ ਹੈ। ਉਨਾਂ ਨੇ ਨਜ਼ਰ ਆਉਣ
ਵਾਲੇ ਹਰ ਵੇਸ ਅਤੇ ਹਰ ਚਿੰਨ ਨੂੰ ਨਿਸਫਲ ਕਰਾਰ ਦੇ ਦਿੱਤਾ ਹੈ। ਇਹ ਕੁੱਝ ਹੰਦੇ ਹੋਇਆਂ ਜੇ ਅਸੀਂ
ਕਿਸੇ ਨਜ਼ਰ ਆਉਣ ਵਾਲੇ ਵੇਸ ਜਾਂ ਚਿੰਨ ਨੂੰ ਧਰਮੀ ਹੋਣ ਦੀ ਸ਼ਰਤ ਬਣਾਉਂਦੇ ਹਾਂ ਤਾਂ ਇਹ ਪੂਰਨ ਤੌਰ
ਤੇ ਸਰਾਸਰ ਗ਼ਲਤ ਹੋਵੇਗਾ। ਬਾਬੇ ਦੀ ਜ਼ਿੰਦਗੀ ਦੀ ਉਦਾਹਰਣ ਅਤੇ ਉਨਾਂ ਦੀ ਦਿੱਤੀ ਸਾਫ ਸਿੱਖਿਆ ਦਾ
ਪੂਰਨ ਤੌਰ ਤੇ ਉਲੰਘਣ ਹੋਵੇਗਾ।
ਨਜ਼ਰ ਆਉਣ ਵਾਲੇ ਕਿਸੇ ਭੀ ਵੇਸ ਜਾਂ ਚਿੰਨ ਨਾਲ ਜੁੜਿਆਂ ਨਿਰਾਕਾਰ ਰੱਬ ਦੀ
ਸਰਬ ਵਿਆਪਕਤਾ ਤੋਂ ਮੁਨਕਰ ਹੋਣ ਦੇ ਰਾਹ ਜ਼ਰੂਰ ਹੀ ਖੁਲ ਜਾਂਦੇ ਹਨ ਕਿਉਂਕਿ ਆਪਣੇ ਮੰਨੇ ਹੋਏ ਵੇਸ
ਅਤੇ ਚਿੰਨਾਂ ਤੋਂ ਬਿਨਾਂ ਹੋਣ ਵਾਲੇ ਸਾਰੇ ਹੀ ਪਤਿਤ, ਨੀਚ, ਕਾਫ਼ਰ, ਸ਼ੂਦਰ ਅਤੇ ਪਾਪੀ ਨਜ਼ਰ ਆਉਣ ਲੱਗ
ਪੈਂਦੇ ਹਨ। ਇਸ ਦੇ ਨਾਲ ਹੀ ਆਪਣੇ ਅੰਦਰ ਕ੍ਰੋਧ, ਘਿਰਨਾ ਅਤੇ ਹੰਕਾਰ ਦੇ ਵੱਡੇ ਰਾਕਸ਼ਾਂ ਦੇ ਪਲਣ
ਕਰਕੇ ਹਿਰਦਾ ਹੋਰ ਮੈਲਾ ਹੋ ਜਾਂਦਾ ਹੈ। ਨਿਰਾਕਾਰ ਰੱਬ ਵਰਗਾ ਨਿਰਾਕਾਰ ਸੇਵਕ (ਜਿਹੜਾ ਕਿਸੇ ਭੀ
ਆਕਾਰ ਵਾਲੀ ਚੀਜ਼ ਦੀ ਮਹੱਤਾ ਨਾ ਸਵੀਕਾਰਦਾ ਹੋਵੇ) ਬਣਨ ਦੀ ਥਾਂ ਨਜ਼ਰ ਆਉਣ ਵਾਲੀਆਂ ਪਰ ਨਾਸ਼ਮਾਨ
ਚੀਜ਼ਾਂ ਧਰਮੀ ਜਿੰਦਗੀ ਵਿੱਚ ਸਿਰਮੌਰ ਹੋ ਜਾਂਦੀਆਂ ਹਨ। ਆਕਾਰ ਵਾਲੀਆਂ ਚੀਜ਼ਾਂ ਨਾਲ ਜੁੜਕੇ ਨਿਰਾਕਾਰ
ਰੱਬ ਦਾ ਮਿਲਾਪ ਕਦੇ ਭੀ ਨਹੀਂ ਹੁੰਦਾ।
ਗੁਰਬਾਣੀ ਦੀ ਸਿੱਖਿਆ ਪੂਰਨ ਤੌਰ ਤੇ ਸੰਪੂਰਨ ਹੈ ਜੇਕਰ ਇਸ ਵਿੱਚ ਅਸੀਂ ਹੋਰ
ਕਿਸੇ ਭੀ ਥਾਂ ਤੋਂ ਮਿਲਾਵਟ ਨਾ ਕਰੀਏ। ਇਹ ਮਿਲਾਵਟ ਦਾ ਕੰਮ ਬਾਣੀ ਦੇ ਨਾਲ ਨਾਲ ਕਿਸੇ ਹੋਰ ਗ੍ਰੰਥ
ਤੇ ਟੇਕ ਰੱਖਿਆਂ ਜਾਂ ਬਾਣੀ ਦੀ ਕਸਵੱਟੀ ਤੇ ਲਾਏ ਬਿਨਾਂ ਕਿਸੇ ਭੀ ਹੋਰ ਥਾਂ ਤੋਂ ਮੰਨੀਆਂ ਗੱਲਾਂ
ਨਾਲ ਜ਼ਰੂਰ ਹੋ ਜਾਂਦਾ ਹੈ।
ਗੁਰਬਾਣੀ ਦੀ ਸੁਮਤਿ ਤੋਂ ਜਿੰਨਾਂ ਭੀ ਦੂਰ ਜਾਵਾਂਗੇ ਉਨਾਂ ਹੀ ਦੁਰਮਤਿ
ਵਿੱਚ ਫਸਾਂਗੇ-
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ-399
ਤੁਕ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ, " ਖੋਟੀ ਮਤਿ ਸ਼ਰਾਬ ਹੈ। ਜੋ ਮਨੁੱਖ
ਇਹ ਸ਼ਰਾਬ ਪੀਣ ਲੱਗ ਪੈਂਦੇ ਹਨ ਉਹ ਦੁਰਾਚਾਰੀ ਹੋ ਜਾਂਦੇ ਹਨ, ਝੱਲੇ ਹੋ ਜਾਂਦੇ ਹਨ" ਕਰਦੇ ਹਨ।
ਜੇ ਅਸੀਂ ਸਿਰਫ ਤੇ ਕੇਵਲ ਨਿਰੋਲ ਬਾਣੀ ਦੇ ਦਾਇਰੇ ਵਿੱਚ ਨਾ ਰਹੇ ਤਾਂ ਪੱਕੀ
ਗੱਲ ਹੈ ਕਿ ਦੁਰਮਤਿ ਦੀ ਸ਼ਰਾਬ ਨੇ ਕਿਸੇ ਨਾ ਕਿਸੇ ਤਰਾਂ ਸਾਡੇ ਦਿਮਾਗ ਅਤੇ ਹਿਰਦੇ ਤੇ ਅਸਰ ਜ਼ਰੂਰ
ਕਰ ਦੇਣਾ ਹੈ। ਇਸ ਤੋਂ ਬਚਣ ਲਈ ਹੋਰ ਸਾਰੇ ਵਾਅਦਿਆਂ ਨੂੰ ਛੱਡ ਕੇ ਇਹ ਪ੍ਰਣ ਲੈਣਾ ਅਤਿਅੰਤ ਜ਼ਰੂਰੀ
ਹੈ ਕਿ ਧਰਮੀ ਹੋਣ ਲਈ ਅਸੀਂ ਬਾਣੀ ਤੋਂ ਬਿਨਾਂ ਕਿਸੇ ਭੀ ਹੋਰ ਚੀਜ਼ ਨੂੰ ਆਧਾਰ ਨਹੀਂ ਬਣਾਵਾਂਗੇ।
ਫਿਰ ਹੀ ਗਿਆਨ ਦੇ ਚਾਨਣ ਵਿੱਚ ਤੁਰਕੇ ਰੱਬੀ ਮਿਲਾਪ ਵੱਲ ਯਾਤਰਾ ਹੋ ਸਕੇਗੀ। ਫਿਰ ਹੀ ਬਾਣੀ ਦਾ
ਨੀਯਤ ਕੀਤਾ ਮਕਸਦ ਪ੍ਰਾਪਤ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲ ਕਰ ਸਕਣ ਦੀ ਸੰਭਾਵਨਾ ਬਣੇਗੀ।
ਨਿਮਰਤਾ ਸਹਿਤ---ਮਨੋਹਰ ਸਿੰਘ ਪੁਰੇਵਾਲ