. |
|
ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਭਾਗ – 20
ਵੀਰ ਭੁਪਿੰਦਰ ਸਿੰਘ
20. ਵੀਹਵਾਂ ਸਲੋਕ -
ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥
ਨਿਸਿ ਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ॥20॥
17, 18, 19 ਸਲੋਕਾਂ ਵਿਚ ਬਿਖਿਆ ਤਜੀ ਦੀ ਗਲ ਕੀਤੀ ਹੈ, ਹਉਮੈ ਅਤੇ ਬਿਖਿਆ
ਰੂਪੀ ਸੋਚ ਨੂੰ ਤਿਆਗ ਕੇ ਕਰਤਾ ਰਾਮੁ ਪਛਾਨਿ ਨੂੰ ਹੀ ਮੁਕਤਿ ਨਰੁ ਕਹਿੰਦੇ ਹਨ। ਇਸੇ ‘ਮੁਕਤਿ ਨਰੁ’
ਦੇ ਲੱਛਣ ਹੋਰ ਦੱਸਦੇ ਹਨ -
ਉਸ ਮਨੁੱਖ ਦੀ ਦੁਰਮਤ ਦੂਰ ਹੋ ਜਾਂਦੀ ਹੈ, ਡਰ ਮੁਕ ਜਾਂਦਾ ਹੈ। ਇਹ ਕੰਮ ਹੈ
ਅਸਲ ਕਰਨ ਵਾਲਾ। ਕੰਮ ਸਫਲ ਹੋ ਗਿਆ। ਕਿਵੇਂ? ਇਸ ਕਲਜੁਗੀ ਅਵਸਥਾ ਤੋਂ ਛੁਟਣ ਲਈ ਸੱਚ ਦਾ ਗਿਆਨ ਲੈ।
ਐਸੀ ਸਮਝ ਮੇਰੇ ਮਨ ਲੈ ਤਾਂ ਤੇਰਾ ਕਾਰਜ ਸਫਲ ਹੋ ਜਾਏਗਾ। ਕਾਰਜ ਤੋਂ ਭਾਵ ਹੈ ਕਿ ਮਨ ਦਾ ਕੋਈ ਕਾਰਜ
ਰਾਸ ਕਰਨਾ। ਜੋ ਮਨੁੱਖ ਆਪਣੇ ਜੀਵਨ ਵਿਚ ਰੱਬੀ ਗੁਣਾਂ ਦੇ ਨਾਲ ਜਿਊਂਦਾ ਹੈ, ਉਸ ਮਨੁੱਖ ਦੇ ਜੀਵਨ
ਦਾ ਕੰਮ ਸਫਲ ਹੋ ਜਾਂਦਾ ਹੈ, ਕਾਰਜ ਰਾਸ ਹੋ ਜਾਂਦਾ ਹੈ।
‘ਸਫਲ ਹੋਹਿ ਤਿਹ ਕਾਮ’।
ਜਦੋਂ ਅਸੀਂ ਬਚਪਨ ਵਿਚ ਕੀਰਤਨ ਕਰਦੇ ਸਾਂ ਤਾਂ ਲੋਕੀ ਸਾਨੂੰ ਆਪਣੇ ਘਰਾਂ
ਵਿਚ ਬੁਲਾਉਂਦੇ ਸਨ। ਮਕਾਨ ਬਣਾਉਣਾ ਹੈ। ਮਕਾਨ ਦੀ ਚੱਠ ਹੈ। ਜਾਂ ਘਰ ਬੇਟੇ ਜਾਂ ਬੇਟੀ ਦਾ ਵਿਆਹ ਹੈ
ਤਾਂ ਅਸੀਂ ਸ਼ਬਦ ਪੜ੍ਹਦੇ ਸੀ,
‘ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ ॥ ਕਾਜ ਤੁਮਾਰੇ ਦੇਇ ਨਿਬਾਹਿ ॥’
(182) ਇਹ ਸ਼ਬਦ ਪੜ੍ਹਨ ਪਿੱਛੇ ਮਨੋਤ ਹੁੰਦੀ ਸੀ ਕਿ ਵਿਆਹ ਚੰਗੀ ਤਰ੍ਹਾਂ ਹੋ ਜਾਏ। ਚੰਗੇ ਸੀਮੇਂਟ
ਨਾਲ ਘਰ ਬਣ ਜਾਏ। ਇਸ ਨਾਲ ਜੋੜਕੇ ਅਸੀਂ ਕਹਿੰਦੇ ਸੀ -
‘ਕਾਜ ਤੁਮਾਰੇ ਦੇਇ ਨਿਬਾਹਿ ॥’
ਪਰ ਹੁਣ ਸਮਝ ਆ ਰਹੀ ਹੈ ਕਿ ਇਹ ਕਾਜ ਕਿਹੜਾ ਹੈ। ਸੋ ਇਸ ਕਾਜ ਨੂੰ ਸਮਝਣ ਲਈ
ਸਾਨੂੰ ਸਮਝਣਾ ਪਵੇਗਾ ਕਿ ਇਹ ਕਾਜ ਬਾਹਰਲਾ ਨਹੀਂ ਹੈ। ਬਾਰ-ਬਾਰ ਇਨ੍ਹਾਂ 57 ਸਲੋਕਾਂ ਵਿਚ ਗੁਰੂ
ਸਾਹਿਬ ਦੋਹਰਾ ਰਹੇ ਹਨ ‘ਕਹੁ ਨਾਨਕ ਸੁਨਿ ਰੇ ਮਨਾ’। ਮਨ ਨੂੰ ਸੰਬੋਧਨ ਕਰ ਰਹੇ ਹਨ, ਮਨ ਦੇ ਕਾਜ
ਨੂੰ ਜੇਕਰ ਸੰਵਾਰ ਲਿਆ, ਇਹ ਕਾਜ ਕੋਈ ਵੀ ਮਨੁੱਖ ਸੰਵਾਰ ਸਕਦਾ ਹੈ ਮੁੰਡਾ, ਕੁੜੀ, ਖੁਸਰਾ, ਬੁਢਾ,
ਬੁਢੀ, ਨੌਜਵਾਨ, ਬੱਚਾ, ਰੱਬ ਨੂੰ ਮੰਨਣ ਵਾਲਾ ਜਾਂ ਨਾ ਮੰਨਣ ਵਾਲਾ ਆਦਿ ਆਪਣੇ ਮਨ ਦਾ ਕਾਰਜ ਕੋਈ
ਵੀ ਰਾਸ ਕਰ ਸਕਦਾ ਹੈ। ਮਨ ਦਾ ਕਾਰਜ ਰਾਸ ਕਰਨ ਲਈ ਅੱਜ ਅਸੀਂ ਸਮਝਾਂਗੇ।
ਭਵਜਲੁ ਬਿਨੁ ਸਬਦੈ ਕਿਉ ਤਰੀਐ ॥
ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥ (1125)
ਕਲ ਅਸੀਂ ਸਮਝਿਆ ਸੀ ‘ਭਉ ਨਿਧਿ’ ਭਾਵ ਡਰ ਦੇ ਖਜ਼ਾਨੇ ਤੋਂ ਪਾਰ ਹੋ ਜਾਈਏ।
ਇਸਨੂੰ ਕਹਿੰਦੇ ਹਨ ਭਵਜਲ, ਡਰ ਦਾ ਜਲ, ਡਰ ਦਾ ਸਮੁੰਦਰ, ਭਉਨਿਧ, ਡਰ ਦਾ ਖਜ਼ਾਨਾ, ਉਸਤੋਂ ਪਾਰ
ਕਿਵੇਂ ਹੋਈਏ। ਜੇ ਪਾਰ ਨਹੀਂ ਹੁੰਦੇ ਹਾਂ ਤਾਂ ਇਸਦਾ ਮਤਲਬ ਹੈ ਕਿ ਦੁਬਿਧਾ ਵਿਚ ਫਸੇ ਹੋਏ ਹਾਂ,
ਦੁਬਿਧਾ ਵਿਚ ਫਸੇ ਡੁਬਦੇ ਰਹਿੰਦੇ ਹਾਂ।
ਭਉਨਿਧ ਤੋਂ ਪਾਰ ਉਤਰਨ ਲਈ ਕਲ ਅਸੀਂ ਸਮਝਿਆ ਸੀ ਕਿ ਇੱਕੋ ਹੀ ਤਰੀਕਾ ਹੈ ਕਿ
ਆਪਣਾ ਭਰਮ ਦੂਰ ਕਰ ਲੈ। ਜੇ ਭਰਮ ਦੂਰ ਨਹੀਂ ਕਰੇਂਗਾ ਤੈਨੂੰ ਹੰਕਾਰ ਵੀ ਸਤਾਏਗਾ, ਮਨ ਮੈਲਾ ਹੋ
ਜਾਏਗਾ, ਮਾਇਆ ਵੀ ਤੈਨੂੰ ਚਮੜ ਜਾਏਗੀ। ਜੇ ਤੂੰ ਸੱਚ ਨਾਲ ਜੁੜ ਜਾਏ ਤਾਂ ਤੇਰੀ ਭੈੜੀ ਮਤ ਜਾ ਸਕਦੀ
ਹੈ ਜਿਸ ਨਾਲ ਭੈ ਦੂਰ ਹੋ ਜਾਂਦਾ ਹੈ।
‘ਕਲਿ ਮੈ ਹਰਿ ਕੋ ਨਾਮੁ’ ਕਲਿ ਦਾ ਅਰਥ
ਅਖੌਤੀ ਕਲਜੁਗ ਨਹੀਂ ਹੈ। ਮਨ ਦੀ ਅਵਸਥਾ ਜੇ ਚੰਗੀ ਹੋਵੇ ਤਾਂ ਸਤਿਜੁਗ ਕਹਿੰਦੇ ਹਨ ਅਤੇ ਜੇ ਮਾੜੀ
ਹੋਵੇ ਤਾਂ ਕਲਿਜੁਗ ਕਹਿੰਦੇ ਹਨ। ਜੇ ਮਨ ਦੀ ਅਵਸਥਾ ਕਲਜੁਗ ਵਾਲੀ ਹੈ ਤਾਂ ਇਸਦੀ ਨਿਸ਼ਾਂਨੀ ਹੁੰਦੀ
ਹੈ, ਕਲਜੁਗਿ ਰਥੁ ਅਗਨਿ
ਕਾ ਕੂੜੁ ਅਗੈ ਰਥਵਾਹੁ ॥ (470) ਇਹ ਹੰਕਾਰ
ਦੀ ਅਗਨਿ ਹੈ। ‘ਆਪਣੈ
ਅਹੰਕਾਰਿ ਜਗਤੁ ਜਲਿਆ’ ਇਸ ਹੰਕਾਰ ਦੀ ਅਗਨਿ
ਦੇ ਕਾਰਨ ਹੀ ਬਾਕੀ ਸਾਰੀਆਂ ਅਗਨੀਆਂ ਪੈਦਾ ਹੁੰਦੀਆਂ ਹਨ। ਜਦੋਂ ਤੈਨੂੰ ਹੰਕਾਰ ਸਤਾਏ, ਤੇਰੇ ਜੀਵਨ
ਅੰਦਰ ਜੇ ਕਲਜੁਗ ਵਾਪਰੇ ਤਾਂ ‘ਹਰਿ ਕੋ ਨਾਮੁ’ ਭਾਵ ਸੱਚ ਦਾ ਗਿਆਨ ਸਤਿਗੁਰ ਦੀ ਮਤ, ਇਸ ਵਿੱਚੋਂ
ਕੱਢ ਸਕਦੀ ਹੈ। ਜੇਕਰ ਕੰਡਾ ਚੁੱਭ ਜਾਏ ਤਾਂ ਸੁਈ ਲੈਕੇ ਅਸੀਂ ਉਸ ਕੰਡੇ ਨੂੰ ਕੱਢਦੇ ਹਾਂ ਇਸ ਵਿਚ
ਸੁਈ ਹੈ ‘ਹਰਿ ਕੋ ਨਾਮੁ’।
‘ਹਰਿ ਕੋ ਨਾਮੁ’ ਹੈ ਗਿਆਨ ਜਿਸ ਰਾਹੀਂ
ਕੰਡਾ ਕਢ ਲਈਦਾ ਹੈ। ਪਰ ਜੇ ਬਾਹਰੋਂ-ਬਾਹਰੋਂ ਕਿਸੇ ਰੱਬੀ ਨਾਮ ਦਾ ਲਫਜ਼ੀ ਰਟਨ ਕਰਦੇ ਰਹੀਏ ਤਾਂ ਇਸ
ਤਰ੍ਹਾਂ ਕੰਡਾ ਨਹੀਂ ਨਿਕਲੇਗਾ। ਉਹ ਬਾਹਰਲਾ ਲਫਜ਼ੀ ਰਟਨ ਹੀ ਰਹਿ ਜਾਏਗਾ। ਕੰਡਾ ਕੱਢਣ ਲਈ ਸਤਿਗੁਰ
ਦੀ ਮਤ ਲੈਣੀ ਪਏਗੀ। ਸਤਿਗੁਰੁ ਦੀ ਮਤ ਲੈਕੇ ਜੀਵਨ ਦਾ ਕਾਰਜ ਸਫਲ ਹੋ ਜਾਂਦਾ ਹੈ
‘ਸਫਲ ਹੋਹਿ ਤਿਹ ਕਾਮ’।
|
. |