ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਆਰ ਐਸ ਐਸ ਅਤੇ ਸਿੱਖ ਸਿਧਾਂਤ
ਆਰ ਐਸ ਐਸ ਦਾ ਪਿਛੋਕੜ:-
ਆਰ. ਐਸ. ਐਸ. ਦਾ ਪੂਰਾ ਨਾਮ ਰਾਸ਼ਟਰੀ ਸੋਇਮ ਸੇਵਕ ਸੰਘ ਹੈ। ੧੯੨੫ ਈਸਵੀ ਨੂੰ ਕੇਸ਼ਵ ਬਾਲੀਰਾਮ
ਹੈਡਗੇਵਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਮਾਜ ਸੇਵੀ ਸੰਸਥਾ ਦੇ ਰੂਪ ਵਿੱਚ ਇਹ ਸੰਸਥਾ ਖੜੀ ਕੀਤੀ
ਸੀ। ਇਸ ਦੇ ਆਗੂਆਂ ਦਾ ਮੁੱਖ ਮੰਤਵ ਸੀ ਕਿ ਅੰਦਰ ਖਾਤੇ ਨਿਰੋਲ ਹਿੰਦੂਰਾਸ਼ਟਰ ਦੀ ਸਥਾਪਨ ਕਰਨੀ ਹੈ।
ਹਿੰਦੂਰਾਸ਼ਟਰ ਤੋਂ ਭਾਵ ਅਰਥ ਹੈ ਕਿ ਪੁਰਾਤਨ ਵੇਦਾਂ, ਸਿਮ੍ਰਤੀਆਂ, ਪੁਰਾਣਾਂ ਅਤੇ ਹਿੰਦੂ ਸਭਿਆਚਾਰ
ਦੇ ਅਧਾਰਤ ਰਹਿਣ ਦਾ ਲੋਕਾਂ ਨੂੰ ਹੱਕ ਪ੍ਰਦਾਨ ਕਰਨਾ ਹੈ। ਸਭ ਤੋਂ ਵੱਡਾ ਮੁੱਖ ਉਦੇਸ਼ ਇਹ ਹੀ ਸੀ ਕਿ
ਘੱਟ ਗਿਣਤੀ ਕੌਮਾਂ ਨੂੰ ਹਿੰਦੂਆਂ ਦਾ ਹੀ ਇੱਕ ਅੰਗ ਬਣ ਕੇ ਰਹਿਣਾ ਪਏਗਾ। ਅਜੇਹੀ ਸੁੰਗੜਵੀਂ ਸੋਚ
ਨਾਲ ਘੱਟ ਗਿਣਤੀ ਕੌਮਾਂ ਦੀ ਹੋਂਦ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ। ਇਸ ਖ਼ਿਆਲ ਨੇ ਹਿੰਦੂ ਧਰਮ
ਵਿੱਚ ਇੱਕ ਨਵੀਂ ਕਟੜਤਾ ਤੇ ਫਿਰਕਾ ਪ੍ਰਸਤੀ ਨੂੰ ਜਨਮ ਦਿੱਤਾ। ਸੁਚੇਤ ਤੇ ਉਦਾਰਵਾਦੀ ਹਿੰਦੂ ਵੀਰਾਂ
ਨੇ ਇਸ ਜ਼ਹਿਰ ਉਗਲ਼ਣਵਾਲੀ ਨੀਤੀ ਨੂੰ ਕੋਈ ਬਹੁਤਾ ਪ੍ਰਵਾਨ ਵੀ ਨਹੀਂ ਕੀਤਾ। ਇਤਿਹਾਸਕਾਰਾਂ ਦੀ ਆਪਣੀ
ਰਾਏ ਹੈ ੧੯੨੦ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੇ ਦੰਗਿਆਂ ਵਿਚੋਂ ਇਸ ਸੋਚ ਦਾ ਜਨਮ ਹੋਇਆ ਹੈ।
ਪੰਡਤ ਜਹਾਵਰ ਲਾਲ ਤੇ ਮੋਹਨਦਾਸ ਕਰਮ ਚੰਦ (ਮਹਾਤਮਾ ਗਾਂਧੀ) ਵਰਗੇ ਨੇਤਾ ਭਾਂਵੇਂ ਉਦਾਰਵਾਦੀ ਗਿਣੇ
ਜਾਂਦੇ ਹਨ ਪਰ ਮੰਨੂਵਾਦੀ ਸੋਚ ਤੋਂ ਇਹ ਵੀ ਮੁਕਤ ਨਹੀਂ ਹੋ ਸਕੇ। ਮੋਟੇ ਤੌਰ `ਤੇ ਕਹਿ ਸਕਦੇ ਹਾਂ
ਕਿ ਇਸ ਜੱਥੇਬੰਦੀ ਦਾ ਮੁੱਖ ਉਦੇਸ਼ ਜਿੱਥੇ ਹਿੰਦੂਰਾਸ਼ਟਰ ਦੇ ਨਿਰਮਾਣ ਦੀ ਵਿਚਾਰਧਾਰਾ ਨੂੰ ਉਭਾਰ ਕੇ
ਸਾਹਮਣੇ ਲਿਆਉਣ ਤੋਂ ਹੈ, ਓਥੇ ਨਾਲ ਹੀ ਘੱਟ ਗਿਣਤੀ ਕੌਮਾਂ ਦੀ ਨਿਵੇਕਲੀ ਹੋਂਦ ਨੂੰ ਰਲ਼-ਗਡ ਕਰਕੇ,
ਆਪਣੀ ਦੁਬੇਲ ਬਣਾ ਕੇ ਰਖਣ ਤੋਂ ਵੀ ਹੈ। ਇਸ ਘਿਨੌਣੇ ਆਸ਼ੇ ਅਨੁਸਾਰ ਘਟ ਗਿਣਤੀਆਂ ਆਰ ਐਸ ਐਸ ਦੇ ਹੀ
ਰਹਿਮੋ ਕਰਮ ਤੇ ਰਹਿ ਸਕਦੀਆਂ ਹਨ। ਅਜੇਹੀ ਸੋਚ ਨਾਲ ਸਮੁੱਚੇ ਦੇਸ਼ ਵਿੱਚ ਕੱਟੜਤਾ, ਫਿਰਕਾ ਪ੍ਰਸਤੀ
ਤੇ ਨਫਰਤ ਦੀ ਖਤਰਨਾਕ ਭਾਵਨਾ ਦਾ ਜਨਮ ਹੋਇਆ ਹੈ ਜਿਸ ਦਾ ਫਲ਼ ਸਭ ਤੇ ਸਾਹਮਣੇ ਹੈ।
ਇਸ ਦੇ ਆਗੂਆਂ ਦਾ ਸਮਾਂ—
ਬੇ ਸ਼ੱਕ ਇਸ ਜੱਥੇਬੰਦੀ ਦੀ ਨੀਂਹ ਕੇਸ਼ਵ ਬਾਲੀਰਾਮ ਹੈਡਗੇਵਾਰ ਨੇ ਰੱਖੀ ਹੈ ਪਰ ਇਸ ਦਾ ਵਿਸਥਾਰ ਐਸ
ਐਸ ਗੋਲਵਾਰਕਰ ਨੇ ਕੀਤਾ ਹੈ।
੧੯੨੫ ਤੋਂ ੧੯੪੦ ਕੇਸ਼ਵ ਬਾਲੀਰਾਮ ਹੈਡਗੇਵਾਰ
੧੯੪੦ ਤੋਂ ੧੯੭੩ ਗੋਲਵਾਰਕਰ
੧੯੭੩ ਤੋਂ ੧੯੯੩ ਬਾਲਾ ਸਾਹਿਬ ਦੇਉਰਸ
੧੯੯੩ ਤੋਂ ੨੦੦੦ ਰਜਿੰਦਰ ਸਿੰਹੁ
੨੦੦੦ ਤੋਂ ੨੦੦੯ ਕੇ ਸੁਦਰਸ਼ਨ
੨੦੦੯ ਤੋਂ ਮੋਹਨ ਭਗਵਤ
ਆਰ ਐਸ ਐਸ ਬਹੁਤ ਡੂੰਘੀਆਂ ਜੜ੍ਹਾਂ ਵਾਲੀ ਜੱਥੇਬੰਦੀ ਹੈ ਤੇ ਇਸ ਦਾ ਮੁੱਖ ਮਕਸਦ ਵੀ ਬੜਾ ਡੂੰਘਾ
ਹੈ। ਇਹ ਜੱਥੇਬੰਦੀ ਆਪਣੀ ਕਾਰਜ ਸ਼ੈਲੀ ਨੂੰ ਪੜਾਅ ਵਾਰ ਅੰਜਾਮ ਦੇਂਦੀ ਆ ਰਹੀ ਹੈ। ਭਾਰਤ ਦੇ ਵੱਖ
ਵੱਖ ਸੂਬਿਆਂ ਵਿੱਚ ਇਸ ਪ੍ਰਚਾਰ ਦੀਆਂ ਸ਼ਾਖਾਵਾਂ ਲਗਦੀਆਂ ਹਨ।
ਪੰਜਾਬ ਵਿੱਚ ੮੦੦ ਦੇ ਕਰੀਬ, ਅਸਾਮ ਵਿੱਚ ੯੦੦, ਆਂਧਰਾ ਵਿੱਚ ੧੩੬੦, ਬਿਹਾਰ ਵਿੱਚ ੨੩੦੦, ਦਿੱਲੀ
ਵਿੱਚ ੧੫੦੦ ਹਰਿਆਣਾ ਵਿੱਚ ੬੦੦, ਜੰਮੂ ਕਸ਼ਮੀਰ ਵਿੱਚ ੪੫੦, ਗੁਜਰਾਤ ਵਿੱਚ ੯੦੦, ਕੇਰਲਾ ਵਿੱਚ
੧੩੦੦, ਕਟਨਾਟਕਾ ਵਿੱਚ ੨੩੦੦, ਮੱਧ ਪ੍ਰਦੇਸ਼ ਵਿੱਚ ੩੨੦੦, ਮਹਾਂਰਾਸ਼ਟਰਾ ਵਿੱਚ ੪੦੦੦, ਰਾਜਸਥਾਨ
ਵਿੱਚ ੩੫੦੦, ਉੱਤਰ ਪ੍ਰਦੇਸ਼ ਵਿੱਚ ੯੦੦੦, ਪੱਛਮੀ ਬੰਗਾਲ਼ ਵਿੱਚ ੧੫੦੦
ਇਹਨਾਂ ਸ਼ਾਖਾਵਾਂ ਵਿੱਚ ਮਾਰਸ਼ਲ ਆਰਟ ਦੇ ਨਾਲ ਹਿੰਦੂ ਧਰਮ ਦੀ ਕੱਟੜਤਾ ਬੜੀ ਪ੍ਰਪੱਕਤਾ ਨਾਲ ਸਿਖਾਲਈ
ਜਾਂਦੀ ਹੈ। ਡਾ. ਸੁਖਪ੍ਰੀਤ ਸਿੰਘ ਓਦੋਕੇ ਦੀ ਲਿਖਤ ਅਨੁਸਾਰ ਇਹਨਾਂ ਸੰਘੀਆਂ ਦੀ ਟ੍ਰੇਨਿੰਗ ਸਾਬਕਾ
ਫੌਜੀਆਂ ਤੇ ਆਲਾਂ ਅਫ਼ਸਰਾਂ ਦੁਆਰਾ ਕਰਾਈ ਜਾਂਦੀ ਹੈ। ਇਸ ਜੱਥੇਬੰਦੀ ਦੇ ਕਾਰਕੁੰਨ ਨੱਥੂਰਾਮ ਗੋਡਸੇ
ਨੇ ਮੋਹਨਦਾਸ ਕਰਮ ਚੰਦ ਦਾ ਕਤਲ ਕੀਤਾ ਸੀ ਤੇ ਓਦੋਂ ਇਸ ਜੱਥੇਬੰਦੀ `ਤੇ ਪਾਬੰਦੀ ਲਗਾਈ ਗਈ ਸੀ ਤੇ
ਦੂਜੀ ਵਾਰੀ ਐਮਰਜੈਂਸੀ ਸਮੇਂ ਕੇਂਦਰੀ ਸਰਕਾਰ ਵਲੋਂ ਪਾਬੰਦੀ ਲਗਾਈ ਗਈ ਸੀ।
ਲੰਬੇ ਸਮੇਂ ਤੋਂ ਯੋਜਨਾਬਦ ਤਰੀਕੇ ਨਾਲ ਕੰਮ ਕਰ ਰਹੀ ਇਸ ਫਿਰਕੂ ਜੱਥੇਬੰਦੀ ਦੇ ਕਾਰਕੁੰਨ ਸਰਕਾਰੇ
ਦਰਬਾਰੇ ਸਹਿਜੇ ਹੀ ਮਿਲ ਜਾਂਦੇ ਹਨ। ਇਹਨਾਂ ਦਾ ਮੁੱਖ ਉਦੇਸ਼ ਹਿੰਦੂਤਵ ਦੇ ਰਾਜ ਭਾਗ ਦੀ ਸਥਾਪਤ ਕਰਨ
ਤੋਂ ਹੈ। ਘੱਟ ਗਿਣਤੀਆਂ ਨੂੰ ਦਬਾਉਣ ਲਈ ਇੱਕ ਨੁਕਾਤੀ ਪ੍ਰੋਗਰਾਮ ਹੁੰਦਾ ਹੈ ਕਿ ਦੇਸ਼ ਨੂੰ ਖਤਰਾ ਹੈ
ਉਗਰਵਾਦੀ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਹਨ, ਬਾਹਰਲੀਆਂ ਤਾਕਤਾਂ ਦੇ ਮਨਸੇ ਅਸੀਂ ਕਦੇ ਵੀ ਪੂਰੇ
ਨਹੀਂ ਹੋਣ ਦਿਆਂਗੇ। ਅਜੇਹੇ ਤੇਜ਼ ਤਰਾਰ ਨਾਹਰਿਆਂ ਨਾਲ ਹਿੰਦੂਆਂ ਦੀਆਂ ਵੋਟਾਂ ਬਟੋਰਨ ਲਈ ਬੜੇ ਸਫਲ
ਰਹੇ ਹਨ।
ਇਸ ਦੀ ਕਾਰਜ ਕਾਰਨੀ ਦੇ ਗਿਆਰਾਂ ਮੈਂਬਰ ਤੇ ਇੱਕ ਸੰਘ ਦਾ ਮੁੱਖੀਆ ਮੁੱਖ ਤੋਰ ਤੇ ਕੰਮ ਕਰਦੇ ਹਨ।
ਭਾਰਤ ਤੋਂ ਇਲਾਵਾ ਬਾਹਰਲੇ ਮੁਲਕਾਂ ਵਿੱਚ ਵੀ ਇਸ ਨੇ ਆਪਣੇ ਪੱਕੇ ਤਰੀਕੇ ਨਾਲ ਪੈਰ ਜਮਾਏ ਹੋਏ ਹਨ।
ਆਰ ਐਸ ਐਸ ਦੀਆਂ ਹੋਰ ਜੱਥੇਬੰਦੀਆਂ ਹਿੰਦੂਤਵ ਦੇ ਉਦੇਸ਼ `ਤੇ ਕੰਮ ਕਰ ਰਹੀਆਂ ਹਨ
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਭਾਰਤੀ ਮਜ਼ਦੁਰ ਸੰਘ, ਭਾਰਤੀ ਵਿਕਾਸ਼ ਪ੍ਰੀਸ਼ਦ, ਵਿਸ਼ਵ ਹਿੰਦੂ
ਪ੍ਰੀਸ਼ਦ, ਵਿਸ਼ਵ ਵਿਭਾਗ, ਅਖਿੱਲ ਭਾਰਤੀ ਸਾਹਿਤ ਪ੍ਰੀਸ਼ਦ, ਦੀਨ ਦਿਆਲ ਸ਼ੋਧ ਸੰਸਤਾਨ, ਭਾਰਤੀ ਸਿੱਖਿਆ
ਮੰਡਲ, ਅਖਿਲ ਭਾਰਤੀ ਗ੍ਰਾਹਕ ਪੰਚਾਇਤ, ਅਖਿਲ ਭਾਰਤੀ ਸਿੱਖਿਆ ਸੰਸਥਾ, ਅਖਿਲ ਭਾਰਤੀ ਵਨਵਾਸੀ ਕਲਿਆਣ
ਆਸ਼ਰਮ, ਸਹਿਕਾਰ ਭਾਰਤੀ, ਭਾਰਤੀ ਕਿਸਾਨ ਸੰਘ, ਜਨ ਸੰਘ, ਸੇਵਾ ਭਾਰਤੀ ਅਤੇ ਤਤਸਮ, ਸੰਸਕਾਰ ਭਾਰਤੀ,
ਸਵਦੇਸੀ ਜਾਗਰਣ ਮੰਚ, ਵਿਗਿਆਨ ਭਾਰਤੀ, ਸੰਸਕ੍ਰਿਤ ਭਾਰਤੀ, ਪੂਰਵ ਸੈਨਿਕ ਸੇਵਾ ਪ੍ਰੀਸ਼ਦ, ਹਿੰਦੂ
ਜਾਗਰਣ ਮੰਚ ਅਤੇ ਬਹੁਤ ਸਾਰੇ ਸੰਘ ਹਿੰਦੁਤਵ ਦੇ ਉਦੇਸ਼ `ਤੇ ਕੰਮ ਕਰ ਰਹੇ ਹਨ।
ਆਰ ਐਸ ਐਸ ਆਪਣੇ ਉਦੇਸ਼ ਦੀ ਮਜ਼ਬੂਤ ਪੂਰਤੀ ਲਈ ਵੱਖ ਵੱਖ ਸ਼ਹਿਰਾਂ ਵਿੱਚ ਵਿਧੀਪੂਰਵਕ ਕੈਂਪ ਲਗਾਉਂਦੀ
ਹੈ। ਇਹਨਾਂ ਕੈਂਪਾਂ ਵਿੱਚ ਬਹੁਤ ਸਾਰੇ ਭੋਲੇ-ਭਾਲ਼ੇ ਵਿਦਿਆਰਥੀ ਵੀ ਸ਼ਾਮਲ ਹੁੰਦੇ ਹਨ। ਇਹਨਾਂ
ਕੈਂਪਾਂ ਵਿੱਚ ਹਿੰਦੂਤਵ, ਕੱਟੜਤਾ, ਲਾਠੀ ਚਲਾਉਣੀ ਜਾਂ ਹੋਰ ਹਥਿਆਰ ਚਲਾਉਣ ਦੀ ਥੋੜ ਚਿਰੀ ਸਿੱਖਿਆ
ਦਿੱਤੀ ਜਾਂਦੀ ਹੈ। ਏਸੇ ਨੀਤੀ ਤਹਿਤ ਪੰਜਾਬ ਵਿੱਚ ਵੀ ਆਰ ਐਸ ਐਸ ਵਲੋਂ ੧ ਜੂਨ ਤੋਂ ੨੦ ਜੂਨ ੧੯੯੪
ਵਿੱਚ ਪਠਾਨਕੋਟ ਦੇ ਆਦਰਸ਼ ਭਾਰਤੀ ਕਾਲਜ ਵਿੱਚ ਕੈਂਪ ਲੱਗਿਆ। ਇਸ ਕੈਂਪ ਦਾ ਆਗੂ ਬ੍ਰਿਜਭੁਸ਼ਨ ਸਿੰਘ
ਬੇਦੀ ਸੀ। ਏਸੇ ਕਾਲਜ ਦਾ ਪ੍ਰਿੰਸੀਪਲ ਇਸ ਕੈਂਪ ਦਾ ਸਕੱਤਰ ਸੀ। ੪੧੬ ਦੇ ਕਰੀਬ ਹਿੰਦੂ ਅਤੇ ਹੋਰ ਵੀ
ਵਿਦਿਆਰਥੀ ਸ਼ਾਮਲ ਹੋਏ ਸਨ। ਇਹਨਾਂ ਵਿਦਿਆਰਥੀਆਂ ਵਿੱਚ ਹਿੰਦੁਤਵ ਦੀ ਕੱਟੜਤਾ ਭਰਨ ਲਈ ਸੌ ਦੇ ਕਰੀਬ
ਅਧਿਆਪਕਾਂ ਨੇ ਕੰਮ ਕੀਤਾ।
੩੧ ਅਕਤੁਬਰ ੧੯੯੭ ਨੂੰ ਰਾਸ਼ਟਰੀ ਸਿੱਖ ਸੰਗਤ ਦੇ ਮੁਖੀਆ ਚਿੰਰਜੀਵ ਸਿੰਹੁ ਦੀ ਅਗਵਾਈ ਹੇਠ ਫਤਹਿਗੜ੍ਹ
ਚੂੜੀਆਂ ਸ਼ਹਿਰ ਵਿੱਚ ਇੱਕ ਵੱਡੀ ਪੱਧਰ `ਤੇ ਸਮਾਗਮ ਹੋਇਆ। ਇਸ ਸਮਾਗਮ ਦੀ ਪ੍ਰਾਧਨਗੀ ਸ਼੍ਰੋਮਣੀ
ਗੁਰਦੁਆਰਾ ਪ੍ਰੰਬੰਧਕ ਕਮੇਟੀ ਦੇ ਇੱਕ ਮੈਂਬਰ ਨੇ ਕੀਤੀ। ਇੰਜ ਹੀ ਗੁਰੂ ਦੀਕਸ਼ਾ ਸਮਾਗਮ ਬਠਿੰਡੇ
ਵਿੱਚ ਹੋਇਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਚੋਣਵੇਂ ਮੈਂਬਰ ਸ਼ਾਮਿਲ ਹੋਏ ਸਨ। ਇਸ ਸਮਾਗਮ ਵਿੱਚ
ਕੁੱਝ ਮੁੱਦਿਆਂ `ਤੇ ਖੁਲ੍ਹ ਕੇ ਵਿਚਾਰਾਂ ਹੋਈਆਂ ਕਿ ਘੱਟ ਗਿਣਤੀ ਵਾਲੀਆਂ ਕੌਮਾਂ ਨੂੰ ਹੋਰ ਕਿਹੜੇ
ਸੌਖੇ ਤਰੀਕੇ ਨਾਲ ਭਗਵੇ ਰੰਗ ਵਿੱਚ ਰੰਗਿਆ ਜਾ ਸਕਦਾ ਹੈ। ਉਨ੍ਹਾਂ ਵਿਚਾਰਾਂ ਦਾ ਤੱਤਸਾਰ ਹੇਠਾਂ
ਅੰਕਤ ਹੈ--
ਹਿੰਦੂ ਧਰਮ ਹੀ ਸਭ ਤੋਂ ਪੁਰਾਤਨ ਧਰਮ ਅਤੇ ਸਰਬ ਉਤਮ ਧਰਮ ਹੈ।
ਹਿੰਦੂ ਧਰਮ ਦੀ ਸਥਾਪਨਾ ਲਈ ਭਾਰਤੀ ਸੰਵਿਧਾਨ ਨੂੰ ਸੋਧਣਾ ਜ਼ਰੂਰੀ ਹੈ।
ਦੇਸ਼ ਦੀ ਸਿਆਸਤ ਉਪਰ ਹਿੰਦੂ ਧਰਮ ਹੀ ਕਾਬਜ਼ ਹੋਏ।
ਕੇਸਰੀ (ਭਗਵਾ) ਝੰਡਾ ਹੀ ਸਰਬ ਉਚਤਾ ਦਾ ਚਿੰਨ੍ਹ ਹੈ।
ਗਊ ਨੂੰ ਰਾਸ਼ਟਰੀ ਚਿੰਨ੍ਹ ਐਲਾਨਿਆ ਜਾਏ।
ਹਾਈ ਕੋਰਟ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਜਾਣ।
ਭਾਰਤੀ ਇਤਿਹਾਸ ਨੂੰ ਹਿੰਦੂ-ਸੰਸਕ੍ਰਿਤੀ ਅਨੁਸਾਰ ਲਿਖਿਆ ਜਾਏ।
ਦੂਸਰੇ ਧਰਮ ਆਪਣੇ ਆਪ ਨੂੰ ਹਿੰਦੂ ਧਰਮ ਦਾ ਅੰਗ ਕਬੂਲਣ।
ਹਿੰਦੂ ਤਿਉਹਾਰਾਂ (ਦਿਵਾਲੀ, ਦੁਸਹਿਰਾ, ਜਨਮ ਅਸਟਮੀ, ਰਾਮਨੌਮੀ) ਨੂੰ ਰਾਸ਼ਟਰੀ ਤਿਉਹਾਰ ਐਲਾਨਿਆ
ਜਾਏ।
ਸੰਸਕ੍ਰਿਤ ਭਾਸ਼ਾ ਨੂੰ ਸਕੂਲਾਂ ਵਿੱਚ ਲਾਜ਼ਮੀ ਕਰਾਰ ਦਿੱਤਾ ਜਾਏ।
ਕਾਮਰੇਡਾਂ, ਤਰਕਸ਼ੀਲਾਂ ਨੂੰ ਹਿੰਦੂ ਰਾਸ਼ਟਰ ਵਿੱਚ ਕੋਈ ਜਗ੍ਹਾ ਨਹੀਂ ਹੈ।
ਡਾ. ਸੁਖਪ੍ਰੀਤ ਸਿੰਘ ਓਦੋਕੇ “ਤਬੈ ਰੋਸ ਜਾਗਿਓ” ਪੁਸਤਕ ਵਿੱਚ ਲਿਖਦੇ ਹਨ ਕਿ ਉਸ ਦਿਨ ਕੌਮ ਲਈ ਇੱਕ
ਕਾਲ਼ੇ ਅਧਿਆਏ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਅਕਾਲ ਤੱਖਤ ਦੇ ਉਸ ਸਮੇਂ ਦੇ
ਮੌਜੂਦਾ ਜੱਥੇਦਾਰ ਪੂਰਨ ਸਿੰਘ ਨੇ ਰਣਜੀਤ ਐਵੇਨਿਉ ਅੰਮ੍ਰਿਤਸਰ ਦੇ ਮਾਧਵ ਵਿਦਿਆ ਨਿਕੇਤਨ ਸਕੂਲ
ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦਿਆਂ
ਇਹ ਕਿਹਾ ਕਿ ਸਿੱਖ ਕੌਮ ਲਵ ਕੁਸ਼ ਦੀ ਔਲਾਦ ਹੈ।
ਸ਼੍ਰੋਮਣੀ ਅਕਾਲੀ ਦਲ ਵਲੋਂ ਗੁਝਾ ਤੇ ਪ੍ਰਤੱਖ ਸਮਰੱਥਣ ਦੇਣਾ।
ਸ਼ਹੀਦਾਂ ਦੀ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਸੁਆਰਥੀ ਨੇਤਾਵਾਂ ਨੇ ਇਹ ਸਮਝ ਲਿਆ ਕਿ ਜੇ
ਅਸੀਂ ਪੰਜਾਬ ਵਿੱਚ ਰਾਜ ਕਾਇਮ ਕਰਨਾ ਹੈ ਤਾਂ ਅੰਦਰ ਖਾਤੇ ਸਿੱਖ ਸਿਧਾਂਤ ਦੀ ਵਿਰੋਧਤਾ ਕਰਨ ਵਾਲੀ
ਜੱਥੇਬੰਦੀ ਜਨ ਸੰਘ ਨਾਲ ਸਮਝੋਤਾ ਕੀਤਾ ਜਾਏ, ਹਿੰਦੂ ਰੰਗ ਵਿੱਚ ਰੰਗੀ ਜੱਥੇਬੰਦੀ ਨਾਲ ਸ਼੍ਰੋਮਣੀ
ਅਕਾਲੀ ਦਲ ਦਾ ਸਮਝੌਤਾ ਗੈਰ ਇਖ਼ਲਾਕੀ ਤੇ ਗੈਰ ਕੁਦਰਤੀ ਹੋਇਆ ਹੈ। ਸ਼੍ਰਮੋਣੀ ਅਕਾਲੀ ਦਲ ਦੇ ਇਸ ਗੱਠ
ਜੋੜ ਸਮਝੌਤੇ ਨੇ ਸਿੱਖ ਸਿਧਾਂਤ ਨਾਲ ਖਿਲਵਾੜ ਕੀਤਾ ਹੈ। ਸ਼ਾਇਦ ਅਕਾਲੀ ਦਲ ਨੇ ਆਪਣੇ ਆਪ ਨੂੰ
ਕੰਮਜ਼ੋਰ ਸਮਝ ਲਿਆ ਕਿ ਜਨਸੰਘ ਦੇ ਸਮਝੌਤੇ ਤੋਂ ਬਿਨਾਂ ਅਸੀਂ ਰਾਜ ਭਾਗ ਦੇ ਮਾਲਕ ਨਹੀਂ ਬਣ ਸਕਦੇ।
ਸਤਾ ਦੇ ਲਾਲਚ ਵਿੱਚ ਆ ਕਿ ਸਾਡੇ ਮੌਜੂਦਾ ਸਿੱਖ ਨੇਤਾਵਾਂ ਨੇ ਸਿੱਖ ਸਿਧਾਂਤ `ਤੇ ਪੋਚਾ ਫੇਰਦਿਆਂ
ਪੰਜਾਬੀ ਪਾਰਟੀ ਬਣਾ ਕੇ ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨੀ ਸ਼ੁਰੂ ਕਰ ਦਿੱਤੀ।
੧੬ ਨਵੰਬਰ ੧੯੯੭ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਸ੍ਰ. ਪ੍ਰਕਾਸ਼
ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੇ
ਸੰਘ ਵਲੋਂ ਮਨਾਈ ਜਾ ਰਹੀ ਸਵਰਣ ਜੈਯੰਤੀ `ਤੇ ਹਾਜ਼ਰੀ ਭਰੀ।
ਸੰਘ ਦੀਆਂ ਪ੍ਰਕਸ਼ਾਨਾਵਾਂ ਦੇ ਵਿਸਥਾਰ ਵਿੱਚ ਜਾਂਦਿਆਂ ਇੱਕ ਵੱਡਅਕਾਰੀ ਲੇਖ ਬਣ ਜਾਣਾ ਹੈ ਸੰਖੇਪ
ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਇਹਨਾਂ ਪ੍ਰਕਾਸ਼ਨਾਵਾਂ ਵਿੱਚ ਸਿੱਖਾਂ ਦੀ ਨਿਆਰੀ ਹਸਤੀ ਨੂੰ
ਹਿੰਦੂ ਮਿਥਹਾਸ ਨਾਲ ਜੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਘੱਟ ਗਿਣਤੀ ਕੌਮਾਂ ਨੂੰ ਆਪਣੇ ਵਿੱਚ ਹਜ਼ਮ
ਕਰਨ ਲਈ ਵਿਸ਼ੇਸ਼ ਤੌਰ `ਤੇ ਉਹਨਾਂ ਵਿਚੋਂ ਹੀ ਜੱਥੇਬੰਦੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਅਜੇਹੀਆਂ
ਜੱਥੇਬੰਦੀਆਂ ਦੇਖਣ ਨੂੰ ਤਾਂ ਵੱਖਰੀਆਂ ਲਗਦੀਆਂ ਹਨ ਪਰ ਕਰਮ ਸਾਰੇ ਬਿੱਪਰਵਾਦੀ ਹੀ ਹੁੰਦੇ ਹਨ।
ਰਾਸਟਰੀ ਸਿੱਖ ਸੰਗਤ- ੨੨ ਨਵੰਬਰ ੧੯੮੬ ਨੂੰ ਰਾਸ਼ਟਰੀ ਸਿੱਖ ਸੰਗਤ ਦੀ ਅੰਮ੍ਰਿਤਸਰ ਵਿਖੇ ਇਸ
ਦੀ ਸਥਾਪਨਾ ਹੋਈ ਸੀ ਤੇ ਇਸ ਦਾ ਪਹਿਲਾ ਪ੍ਰਧਾਨ ਸ਼ਮਸ਼ੇਰ ਸਿੰਹੁ ਸੀ। ਇਸ ਜੱਥੇਬੰਦੀ ਦਾ ਮੁੱਖ ਉਦੇਸ਼
ਹੌਲ਼ੀ ਹੌਲ਼ੀ ਸਿੱਖੀ ਜਜ਼ਬੇ ਨੂੰ ਹਿੰਦੂ ਪ੍ਰੰਪਰਾ ਅਨੁਸਾਰ ਢਾਲਣਾ ਹੈ। ਇਹ ਜੱਥੇਬੰਦੀ ਬਾਹਰੋਂ ਸਿੱਖੀ
ਸਰੂਪ ਵਿੱਚ ਦਿਸਦੀ ਹੈ ਪਰ ਅੰਦਰੂਨੀ ਤੌਰ ਤੇ ਸਿੱਖ ਇਤਿਹਾਸ ਅਤੇ ਗੁਰਬਾਣੀ ਵਿਚਾਰ ਨੂੰ ਵੇਦਾਂ
ਪੁਰਾਣਾਂ ਦੀ ਲੀਹ `ਤੇ ਪੇਸ਼ ਕਰਨਾ ਚਾਹੁੰਦੀ ਹੈ। ਇਹ ਜੱਥੇਬੰਦੀ ਉਹਨਾਂ ਗ੍ਰੰਥਾਂ ਨੂੰ ਸਭ ਤੋਂ ਵੱਧ
ਤਰਜੀਹ ਦੇਂਦੀ ਹੈ ਜਿੰਨ੍ਹਾਂ ਵਿੱਚ ਹਿੰਦੂ ਮਿਥਿਹਾਸ ਅਨੁਸਾਰ ਸਿੱਖੀ ਸਿਧਾਂਤ ਦੀ ਵਿਆਖਿਆ ਹੁੰਦੀ
ਹੈ। ਮੋਟੇ ਤੌਰ `ਤੇ ਕਿਹਾ ਜਾ ਸਕਦਾ ਹੈ ਕਿ ਇਹ ਜੱਥੇਬੰਦੀ ਸਿੱਖੀ ਦਾ ਪੂਰੀ ਤਰ੍ਹਾਂ ਭਗਵਾਕਰਨ
ਵਿੱਚ ਲੱਗੀ ਹੋਈ ਹੈ ਤੇ ਸਿੱਖ ਸਿਧਾਂਤ ਨੂੰ ਹਿੰਦੂ ਵਿਚਾਰਧਾਰਾ ਅਧੀਨ ਲਿਆਉਣ `ਤੇ ਗੁਝੇ ਰੂਪ ਵਿੱਚ
ਕੰਮ ਕਰ ਰਹੀ ਹੈ। ਇਹ ਜੱਥੇਬੰਦੀ ਤਥਾਂ ਨੂੰ ਤੋੜਨ ਮਰੋੜਨ ਵਿੱਚ ਲੱਗੀ ਹੋਈ ਹੈ—ਜੇਹਾ ਕਿ ਸਿੱਖ
ਹਿੰਦੂ ਧਰਮ ਦੀ ਇਕਾਈ ਹਨ—ਹਿੰਦੂ ਕਲਪ ਬ੍ਰਿਛ ਹੈ ਤੇ ਖਾਲਸਾ ਉਸ ਦਾ ਅੰਮ੍ਰਿਤ ਫਲ਼ ਹੈ—ਗੁਰਬਾਣੀ ਐਸਾ
ਗਿਆਨ ਹੈ ਜਿਹੜਾ ਗੰਗੋਤਰੀ ਵਿਚੋਂ ਨਿਕਲਦਾ ਹੈ—ਜਪੁਜੀ ਗੀਤਾ ਦਾ ਸਾਰ ਹੈ—ਖਾਲਸਾ ਪੰਥ ਦੀ ਸਥਾਪਨਾ
ਹਿੱਦੂ ਧਰਮ ਦੀ ਰੱਖਿਆ ਲਈ ਹੋਈ ਹੈ—ਬਾਬਾ ਬੰਦਾ ਸਿੰਘ ਬਹਾਦਰ ਬੈਰਾਗੀ ਸੀ—ਗੁਰੂ ਗੋਬਿੰਦ ਸਿੰਘ ਜੀ
ਦੇਵੀ ਪੂਜਕ ਸਨ—ਸਿੱਖ ਲਵ ਕੁਸ਼ ਦੀ ਸੰਤਾਨ ਹਨ—ਭਾਈ ਮਤੀ ਦਾਸ ਜੀ ਨੂੰ ਹਿੰਦੂ ਸਾਬਤ ਕਰਨ ਲਈ ‘ਸ਼ਰਮਾ`
ਲਿਖਣਾ ਆਦਿ ਹੋਰ ਬਹੁਤ ਸਾਰੀਆਂ ਵਿਚਾਰਾਂ ਹਨ ਜਿਹੜੀਆਂ ਸਿੱਖ ਸਿਧਾਂਤ ਨੂੰ ਬ੍ਰਾਹਮਣੀ ਸੋਚ ਵਿੱਚ
ਦਿਨ ਦਿਹਾੜੇ ਡੋਬਦੀਆਂ ਹਨ। ਇਹਨਾਂ ਦੀ ਸੋਚ ਹੈ ਕਿ ਸਿੱਖ ਬਾਹਰੋਂ ਸਿੱਖੀ ਸਰੂਪ ਵਾਲੇ ਬੇ ਸ਼ੱਕ
ਦਿਸਦੇ ਰਹਿਣ ਪਰ ਇਹਨਾਂ ਦੇ ਸਾਰੇ ਸੰਸਕਾਰ ਬਿੱਪਰਵਾਦੀ ਹੋਣੇ ਚਾਹੀਦੇ ਹਨ। ਰਾਸ਼ਟਰੀ ਸਿੱਖ ਸੰਗਤ ਦੇ
ਕਾਰਕੁੰਨ ਸਿੱਖੀ ਪਹਿਰਾਵੇ ਵਿੱਚ ਹਰੇਕ ਜਗ੍ਹਾ ਘੁਸਪੈਠ ਕਰ ਚੁੱਕੇ ਹਨ ਜਿਹੜੇ ‘ਨਾਮ` ਦੇ ਦੈਵੀ
ਸਰੂਪ ਨੂੰ ਸਮਝਣ ਦੀ ਥਾਂ `ਤੇ ਰੱਟੇ ਲਗਵਾ ਰਹੇ ਹਨ। ਗੁਰਬਾਣੀ ਦੀ ਵਿਚਾਰ ਨੂੰ ਸਮਝਣ ਦੀ ਥਾਂ `ਤੇ
ਸੰਪਟ ਪਾਠ ਨੂੰ ਤਰਜੀਹ ਦੇ ਰਹੇ ਹਨ। ਗੁਰਦੁਆਰਿਆਂ ਵਿੱਚ ਯੋਗਾ ਕਰਾਉਣ ਦੀਆਂ ਜਮਾਤਾਂ ਲਗਣੀਆਂ ਆਦਿ
ਸਾਰਾ ਕੁੱਝ ਸਿੱਖੀ ਦਾ ਭਗਵਾਕਰਨ ਲਈ ਹੀ ਕੀਤਾ ਜਾ ਰਿਹਾ ਹੈ।
ਸਾਨੂੰ ਕੀ ਕਰਨਾ ਚਾਹੀਦਾ ਹੈ- ਸਿੱਖ ਸਿਧਾਂਤ ਜਿਹੜਾ ਮਨੁੱਖੀ ਭਾਈਚਾਰੇ ਨੂੰ ਕਰਮਕਾਂਡੀ
ਬੰਧਨਾਂ ਤੋਂ ਮੁਕਤੀ ਦਿਵਾਉਦਾ ਹੈ ਉਸ ਫਲਸਫੇ ਨੂੰ ਗੁਰਬਾਣੀ ਦੁਆਰਾ ਸਮਝਣ ਦਾ ਯਤਨ ਕੀਤਾ ਜਾਏ। ਉਹ
ਹਰ ਪ੍ਰੰਪਰਾ ਰੱਦ ਹੋਣੀ ਚਾਹੀਦੀ ਹੈ ਜਿਹੜੀ ਸਮਾਜਕ ਬੁਰਾਈਆਂ ਤੇ ਧਾਰਮਕ ਕਰਮਕਾਂਡ ਨੂੰ ਜਨਮ ਦੇਂਦੀ
ਹੈ।
ਸਿੱਖ ਨੇਤਾਵਾਂ ਦੀ ਵੱਡੀ ਤਰਾਸਦੀ ਹੈ ਕਿ ਇਹ ਵੋਟਾਂ ਦੇ ਲਾਲਚ ਵੱਸ ਹੋ ਕੇ ਸਿੱਖ ਸਿਧਾਂਤ ਨਾਲ
ਸਮਝੌਤਾ ਕਰ ਚੁੱਕੇ ਹਨ। ਵੋਟਾਂ ਦੀ ਪ੍ਰਾਪਤੀ ਲਈ ਇਹ ਨੇਤਾ ਕਿਸੇ ਹੱਦ ਤੱਕ ਵੀ ਚਲੇ ਜਾਂਦੇ ਹਨ।
ਸਿੱਖ ਜ਼ਜ਼ਬਾਤ ਭੜਕਾਉਂਦਿਆਂ ਸੰਵਿਧਾਨ ਦੀ ੨੫ ਧਾਰਾ ਸਾੜਨ ਲਈ ਪੂਰੀ ਤਿਆਰੀ ਕਰਦੇ ਹਨ ਕਿ ਇਹ ਮਦ
ਸਿੱਖਾਂ ਨੂੰ ਹਿੰਦੂ ਸਾਬਤ ਕਰਦੀ ਹੈ। ਸਾਡਾ ਮੱਤ ਹੈ ਕਿ ਸੰਵਿਧਾਨ ਦੀ ਅਜੇਹੀ ਧਾਰਾ ਖਤਮ ਹੋਣੀ
ਚਾਹੀਦੀ ਹੈ ਜਿਹੜੀ ਘੱਟ ਗਿਣਤੀ ਕੌਮਾਂ ਦੇ ਹੱਕਾਂ ਨੂੰ ਹੜੱਪਦੀ ਹੋਵੇ। ਪਰ ਕੀ ਕੌਮ ਦੇ ਨੇਤਾ,
ਜੱਥੇਦਾਰ, ਸਿੱਖ ਸਾਹਿੱਤਕਾਰ, ਸਿੰਘ ਸਾਹਿਬਾਨ, ਗ੍ਰੰਥੀ, ਰਾਗੀ-ਢਾਡੀ-ਪ੍ਰਚਾਰਕ ਅਤੇ ਹੋਰ
ਬੁੱਧੀਜੀਵੀਏ ਇਸ ਪਾਸੇ ਧਿਆਨ ਕਦੋਂ ਦਿਵਾਉਣਗੇ ਕਿ ੨੫ ਧਾਰਾ ਤਾਂ ਅਸੀਂ ਸਾੜ ਲਈ ਹੈ ਪਰ ਕੀ ਅਨਮਤੀ
ਗ੍ਰੰਥਾਂ ਦੀ ਜਿਹੜੀ ਵਿਆਖਿਆ ਗੁਰਦੁਆਰਿਆਂ ਵਿੱਚ ਹੋ ਰਹੀ ਹੈ, ਉਸ ਨੂੰ ਅਸੀਂ ਕਦੋਂ ਸਾੜਾਂਗੇ?
ਸੰਵਿਧਾਨ ਦੀ ਧਾਰਾ ੨੫ ਸਾੜਨੀ ਸਿੱਖ ਕੌਮ ਦੇ ਧਾਰਮਕ ਤੇ ਰਾਜਨੀਤਕ ਆਗੂਆਂ ਦੇ ਦੋਹਰੇ ਕਿਰਦਾਰ ਦੀ
ਝਲਕ ਪੇਸ਼ ਕਰਦੀ ਹੈ। ਧਾਰਾ ੨੫ ਇਸ ਲਈ ਸਾੜੀ ਜਾ ਰਹੀ ਹੈ ਕਿ ਕੇਵਲ ਅਸੀਂ ਹੀ ਸਿੱਖ ਕੌਮ ਦੇ ਸਿਧਾਂਤ
ਦੀ ਰਾਖੀ ਕਰ ਰਹੇ ਹਾਂ ਤੇ ਆਮ ਸਿੱਖਾਂ ਦੀ ਹਮਦਰਦੀ ਲਈ ਜਾ ਰਹੀ ਹੈ। ਦੂਜੇ ਪਾਸੇ ਇਤਿਹਾਸਕ ਤੇ
ਲੋਕਲ ਗੁਰਦੁਆਰਿਆਂ ਵਿੱਚ ਇਹਨਾਂ ਆਗੂਆਂ ਦੇ ਨੱਕ ਹੇਠ ਸਾਰਾ ਉਹ ਕੁੱਝ ਸੁਣਾਇਆ ਤੇ ਵੇਚਿਆ ਜਾ ਰਿਹਾ
ਹੈ ਜਿਹੜਾ ਆਪਣੇ ਆਪ ਹੀ ਭਗਵੇ ਰੰਗ ਵਿੱਚ ਡੋਬ ਰਿਹਾ ਹੈ। ਅਜੇ ਤੱਕ ਸਾਡੀ ਨੁਮਾਇੰਦਾ ਜਮਾਤ ਨੇ
ਸਿਧਾਂਤਕ ਵਿਆਖਿਆ ਪ੍ਰਣਾਲੀ ਹੀ ਨਹੀਂ ਦੇ ਸਕੀ। ਆਰ ਐਸ ਐਸ ਦਾ ਪਿੱਟ ਸਿਆਪਾ ਤਾਂ ਅਸੀਂ ਬਹੁਤ ਕਰ
ਰਹੇ ਹਾਂ ਪਰ ਸਿੱਖ ਸਿਧਾਂਤ ਨੂੰ ਸਮਝਣ ਸਮਝੌਣ ਦਾ ਯੋਗ ਉਪਰਾਲਾ ਕਦੋਂ ਕਰਾਂਗੇ?
ਬਚਿੱਤ੍ਰ ਨਾਟਕ ਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤਾ ਜਾ
ਰਿਹਾ ਹੈ। ਪਰ ਸਿੱਖਾਂ ਦੇ ਧਾਰਮਕ ਤੇ ਰਾਜਨੀਤਕ ਆਗੂ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਨ। ਸਿੱਖੀ ਵਿੱਚ
ਹਿੰਦੁਤਵ ਲਿਆਉਣ ਲਈ ਇਕੱਲਾ ਗੁਰਪ੍ਰਤਾਪ ਸੂਰਜ ਗ੍ਰੰਥ ਹੀ ਬਹੁਤ ਹੈ ਜਿਸ ਦੀ ਹਰੇਕ ਗੁਰਦੁਆਰੇ ਵਿੱਚ
ਕਥਾ ਹੋ ਰਹੀ ਹੈ। ਕੌਮ ਵਾਸਤੇ ਹੈਰਾਨਗੀ ਹੈ ਕਿ ਭਗਤ ਮਾਲਾ ਦੀਆਂ ਕਥਾਵਾਂ ਹੋ ਰਹੀਆਂ ਹਨ ਜਿਹੜੀਆਂ
ਸਿੱਧੀਆਂ ਸਿੱਧੀਆਂ ਹੀ ਗੁਰੂ ਸਾਹਿਬਾਨ ਦੇ ਜੀਵਨ ਨੂੰ ਭਗਵਾ ਕਰਕੇ ਪੇਸ਼ ਕਰਦੀਆਂ ਹਨ ਤੇ ਆਮ ਉਹੀ
ਪ੍ਰੰਪਰਾਗਤ ਇਤਿਹਾਸ ਸੁਣਾਇਆ ਜਾ ਰਿਹਾ ਹੈ। ਗੁਰੂਆਂ ਦੇ ਜੀਵਨ ਨੂੰ ਦੇਵਤਿਆਂ ਦੇ ਅਵਤਾਰ ਦੱਸਿਆ ਜਾ
ਰਿਹਾ ਹੈ ਤੇ ਦੂਜੇ ਪਾਸੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਸੰਵਿਧਾਨ ਦੀ ੨੫ ਧਾਰਾ ਸਾੜਨ
ਦਾ ਡਰਾਮਾ ਵੀ ਪੂਰਾ ਕੀਤ ਜਾ ਰਿਹਾ ਹੈ। ਹੈ ਨਾ ਜੱਗ੍ਹੋਂ ਤੇਰ੍ਹਵੀਂ--
ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕੇਵਲ ਆਪਣਿਆਂ ਨੂੰ ਨੌਕਰੀਆਂ
ਦੇਣ ਲਈ ਨਹੀਂ ਬਣੀ ਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੂੰ ਝੂਟੇ ਦੇਣ ਲਈ ਬਣੀ ਹੈ। ਇਸ
ਦਾ ਕਾਰਜ ਸੀ ਕਿ ਸਿੱਖੀ ਦੇ ਆਲਮੀ ਫਲਸਫੇ ਨੂੰ ਦੁਨੀਆਂ ਤੱਕ ਪਹੁੰਚਾਉਂਦੀ। ਇਹ ਵਿਚਾਰੇ ਤਾਂ ਨਾਨਕ
ਸ਼ਾਹੀ ਕੈਲੰਡਰ ਦਾ ਨਾਂ ਲੈਣ ਲਈ ਵੀ ਤਿਆਰ ਨਹੀਂ ਹਨ ਕਿ ਕਿਤੇ ਕੋਈ ਕੁਰਹਿਤ ਨਾ ਹੋ ਜਾਏ ਕਿਤੇ
ਰਾਸ਼ਟਰੀ ਸੰਗਤ ਨਾ ਨਰਾਜ਼ ਹੋ ਜਾਏ। ਬਿੱਪਰ ਨੂੰ ਖੁਸ਼ ਕਰਨ ਲਈ ਅਸਾਂ `ਤੇ ਨਾਨਕਸ਼ਾਹੀ ਕੈਲੰਡਰ ਦਾ ਦਿਨ
ਦੀਵੀਂ ਕਤਲ ਕਰਨ ਤੋਂ ਭੋਰਾ ਸੰਕੋਚ ਨਹੀਂ ਕੀਤਾ। ਮੁੱਕਦੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਤੇ ਹੋਰ ਪੰਥਕ ਹਤੈਸ਼ੀ ਜੱਥੇਬੰਦੀਆਂ ਨੂੰ ਉਹ ਸਭ ਮਾਨਤਾਵਾਂ, ਪ੍ਰੰਪਰਾਵਾਂ, ਤਿਉਹਾਰ, ਰੀਤੀ
ਰਿਵਾਜ ਇਕਵੱਢਿਓਂ ਰਦ ਕਰ ਦੇਣੇ ਚਾਹੀਦੇ ਹਨ ਜਿਹੜੇ ਸਾਨੂੰ ਭਗਵਾਕਰਨ ਦੇ ਖਾਰੇ ਸਮੁੰਦਰ ਵਿੱਚ
ਡੋਬਦੇ ਹਨ। ਆਓ ਪੰਜਾਬੀ ਬੋਲੀ, ਗੁਰੂ ਸਾਹਿਬਾਨ ਵਲੋਂ ਮਨੁੱਖਤਾ ਲਈ ਕੀਤੇ ਪਰਉਪਕਾਰ ਤੇ ਆਲਮੀ
ਫਲਸਫੇ ਨਾਲ ਪਿਆਰ ਕਰੀਏ ਭਗਵਾਕਰਨ ਤੇ ਨਾਨਕਈ ਫਲਸਫੇ ਦੇ ਫਰਕ ਨੂੰ ਸਮਝਣ ਦਾ ਯਤਨ ਕਰੀਏ।
ਖਾਲਸਾ ਸਕੁਲਾਂ ਨੇ ਕਿਸੇ ਸਮੇਂ ਸਿੱਖੀ ਦੇ ਪਰਚਾਰ ਪਾਸਾਰ ਲਈ ਬਹੁਤ ਵੱਡੀ ਪੱਧਰ `ਤੇ ਕੰਮ ਕੀਤਾ ਸੀ
ਅੱਜ ਬਹੁਤੇ ਸਕੂਲ ਕਾਲਜ ਸਿੱਖੀ ਸਿਧਾਂਤ ਦੀ ਲੀਹ ਤੋਂ ਲੱਥ ਹੀ ਨਹੀਂ ਗਏ ਹਨ ਸਗੋਂ ਭਗਵੇਪਨ ਦਾ
ਪੂਰਾ ਸ਼ਿਕਾਰ ਹੋ ਚੁੱਕੇ ਹਨ।
ਸਭ ਤੋਂ ਵੱਡੀ ਲੋੜ ਉਹਨਾਂ ਨੇਤਾਵਾਂ ਸਹਿਤਕਾਰਾਂ ਤੇ ਹੋਰ ਆਗੂਆਂ `ਤੇ ਨਜ਼ਰ ਰੱਖਣ ਦੀ ਹੈ ਜਿਹੜੇ
ਬਿੱਪਰਵਾਦ ਦੇ ਕੁਹਾੜੇ ਦੇ ਦਸਤੇ ਬਣ ਚੁੱਕੇ ਹਨ।
ਸਿੱਖੀ ਭੇਸ ਵਿੱਚ ਸਾਰੇ ਡੇਰੇ ਹੀ ਸੁਤੇ ਸਿੱਧ ਆਰ ਐਸ ਐਸ ਦੇ ਉਦੇਸ਼ ਦੀ ਹੀ ਪੂਰਤੀ ਕਰ ਰਹੇ ਹਨ।
ਅਫਸੋਸ ਕਿ ਇਨ੍ਹਾਂ ਡੇਰਿਆਂ ਨੂੰ ਮਾਨਤਾ ਸਾਡੇ ਸਿੰਘ ਸਾਹਿਬ ਦੇ ਰਹੇ ਹਨ।
ਸੰਵਿਧਾਨ ਦੀ ੨੫ ਧਾਰਾ ਸਾੜਣ ਵਾਲਿਓ ਨਾਲ ਹੀ ਉਹਨਾਂ ਗ੍ਰੰਥਾਂ ਵਿਚਲੇ ਬਿੱਪਰੀ ਇਤਿਹਾਸ,
ਰੀਤਾਂ-ਰਿਵਾਜਾਂ, ਪ੍ਰੰਪਰਾਵਾਂ ਨੂੰ ਵੀ ਸਾੜੋ ਜਿਹੜੀਆਂ ਤੂਹਾਨੂੰ ਬਿੱਪਰ ਹੋਣ ਦੀ ਮਾਨਤਾ ਦੇ
ਰਹੀਆਂ ਹਨ।
ਨੌਜਵਾਨਾਂ ਨੂੰ ਸੰਭਾਲਣ ਲਈ ਕਾਗ਼ਜ਼ਾਂ ਵਿੱਚ ਨਹੀਂ ਸਗੋਂ ਅਮਲੀ ਰੁਪ ਦੇਣ ਦਾ ਸਾਰਥਕ ਯਤਨ ਕਰਨਾ
ਚਾਹੀਦਾ ਹੈ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਰਗੀ ਨੌਜਵਾਨ ਜੱਥੇਬੰਦੀ ਦੇ ਉਭਾਰ ਨੂੰ ਮੁੜ ਕੇ
ਤਿਆਰ ਕਰਨਾ ਚਾਹੀਦਾ ਹੈ ਤੇ ਸਕੂਲਾਂ ਕਾਲਜਾਂ ਵਿੱਚ ਸਿੱਖੀ ਸਿਧਾਂਤ ਦੇ ਕੈਂਪ ਲਗਾਉਣ ਦਾ ਯਤਨ ਹੋਣਾ
ਚਾਹੀਦਾ ਹੈ।
ਕਹਿਣ ਨੂੰ ਅਸੀਂ ਗੁਰੂ ਸਾਹਿਬਾਨ ਦੇ ਪੁਰਬ ਮਨਾਉਂਦੇ ਹਾਂ ਪਰ ਗੁਰੂ ਸਾਹਿਬਾਨ ਜੀ ਕੀਤੀ ਘਾਲਣਾ ਨੂੰ
ਹਿੰਦੂਤਵ ਦੇ ਸਿਧਾਤ ਅਨੁਸਾਰ ਹੀ ਪੇਸ਼ ਕਰਦੇ ਹਾਂ।
ਇਕ ਹੋਰ ਦੁਖਾਂਤ:- ਆਹ ਏਸੇ ਮਹੀਨੇ ਹੀ ਸਾਡੀ ਕੌਮ ਦੇ ਧਾਰਮਕ ਅਗੂਆਂ ਦਾ ਇੱਕ ਹੋਰ ਦੁਖਦਾਈ
ਫੈਸਲਾ ਸਾਹਮਣੇ ਆਇਆ ਹੈ ਕਿ ਅਸੀਂ ਬਿੱਪਰੀ ਕੈਲੰਡਰ ਨੂੰ ਪਹਿਲ ਦੇਂਦਿਆਂ ਗੁਰੂ ਗੋਬਿੰਦ ਸਿੰਘ ਜੀ
ਦਾ ਆਗਮਨ ਪੁਰਬ ੨੫ ਦਸਂਬਰ ਨੂੰ ਮਨਾਉਣ ਦਾ ਫੈਸਲਾ ਕੀਤਾ ਹੈ। ਕਿੱਡਾ ਹਾਸੋਹੀਣਾ ਫੈਸਲਾ ਹੈ ਕਿ ਇਹ
ਸਾਰੀ ਕੌਮ ਸਾਰਾ ਹਫਤਾ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾ ਰਹੀ ਹੋਵੇਗੀ ਨਾਲ ਹੀ
ਗੁਰੂ ਗੋਬਿੰਦ ਸਿੰਘ ਜੀ ਦਾ ਅਗਮਨ ਦਿਹਾੜਾ ਵੀ ਮਨਾਏਗੀ। ਹੁਣ ਇਹ ਸਮਝ ਨਹੀਂ ਆ ਰਹੀ ਕਿ ਅਜੇਹੇ
ਤੁਗਲਕੀ ਫੈਸਲਿਆਂ ਨਾਲ ਅਸੀਂ ਨਿਆਰੇ ਖਾਲਸਾ ਕਿਦਾਂ ਰਹਿ ਸਕਦੇ ਹਾਂ? ੨੫ ਦਸੰਬਰ ਨੂੰ ਗੁਰੂ ਸਾਹਿਬ
ਦਾ ਆਗਮਨ ਦਿਹਾੜਾ ਮਨਾਉਣ ਨਾਲ ੨੦੧੮ ਵਿੱਚ ਗੁਰੂ ਸਾਹਿਬ ਜੀ ਦਾ ਕੋਈ ਆਗਮਨ ਦਿਨ ਨਹੀਂ ਆਏਗਾ। ਕੀ
ਸਾਡੇ ਧਾਰਮਕ ਆਗੂਆਂ ਵਲੋਂ ਆਪਣੇ ਆਪ ਹੀ ਆਰ, ਐਸ ਐਸ ਦੇ ਜੂਲ਼ੇ ਥੱਲੇ ਕੌਮ ਨੂੰ ਨਹੀਂ ਦਿੱਤਾ ਜਾ
ਰਿਹਾ ਹੈ? ਅਸੀਂ ਤਾਂ ਆਰ ਐਸ ਨੂੰ ਕੋਸਦੇ ਹਾਂ ਏਥੇ ਤਾਂ ਸਾਡੇ ਆਗੂਆਂ ਵਲੋਂ ਫੈਸਲੇ ਹੀ ਉਹ ਲਏ ਜਾ
ਰਹੇ ਹਨ ਜਿਹੜੇ ਆਰ ਐਸ ਐਸ ਅਨੁਸਾਰੀ ਹਨ।
ਐ ਪੰਥ ਖਾਲਸਾ! ਹੋਸ਼ ਮੇਂ ਆ, ਔਰ ਨਬਜ਼ ਪਹਿਚਾਨ ਜ਼ਮਾਨੇ ਕੀ,
ਯਾਂ ਹਰ ਕੋਈ ਅਪਨੇ ਦਾਉ ਪੇ ਹੈ, ਸੱਚ ਬਾਤ ਕਹੂੰ ਸਮਝਾਨੇ ਕੀ।
ਅਬ ਜੋਸ਼ਿ ਪੰਥ ਖ਼ਾਮਪਸ਼ ਨ ਰਹ, ਗ਼ੈਰੋਂ ਨੇ ਤੇਰਾ ਘਰ ਲੂਟ ਲੀਆ,
ਇਨ ਲੰਪਟ, ਚੋਰ ਲੁਟੇਰੋਂ ਕੋ, ਤੁਝੇ ਗ਼ਰਜ਼ ਹੈ ਸਬਕ ਸਿਖਾਨੇ ਕੀ।
ਪ੍ਰਿੰਸੀਪਲ ਹਰਭਜਨ ਸਿੰਘ ਜੀ ਚੰਡੀਗੜ੍ਹ ਵਾਲੇ