** ਮਾਧਵੇ ਜਾਨਤ ਹਹੁ ਜੈਸੀ ਤੈਸੀ **
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਮਾਧਵ:
ਸਨਾਤਨ ਮੱਤ ਦਾ
ਇੱਕ ਕਿਰਤਮ ਨਾਮ ‘ਰੱਬ’ ਦੇ ਲਈ। ਮਾਇਆ ਦਾ ਪਤੀ, ਪ੍ਰਭੂ,
ਜਾਨਤ:
ਜਾਣਦਾ ਹੈਂ।
ਬੁੱਝਦਾ ਹੈਂ। ਸਮਝਦਾ ਹੈਂ।
ਹਹੁ :
ਹੈਂ।
ਜੈਸੀ :
ਜੇਹੀ। ਜਿਸ
ਪ੍ਰਕਾਰ ਦੀ। ਜਿਸ ਤਰਾਂ ਦੀ।
ਤੈਸੀ :
ਉਸੇ ਤਰਾਂ ਦੀ।
ਤੇਹੀ। ਤਿਸੇ ਤਰਾਂ ਦੀ।
*** ਸ਼ਬਦ ਗੁਰੂ ਗਰੰਥ ਸਾਹਿਬ ਜੀ ਅੰਦਰ ਦਰਜ਼ ਗੁਰਬਾਣੀ, ਦਾ ਜੋ ਵੀ ਫਲਸ਼ਫਾ
ਹੈ, ਉਹ ਅਕਾਲ-ਪੁਰਖ ਨਾਲ ਨੇੜਤਾ ਬਨਾਉਣ ਦਾ ਹੀ ਗਿਆਨ-ਵਿਚਾਰ ਹੈ, ਅਤੇ ਮਨੁੱਖਾ ਜੀਵਨ ਨੂੰ ਰੱਬੀ
ਗੁਣਾਂ ਦੇ ਅਨੁਸਾਰੀ ਹੋ ਕੇ, ਜਿਉਂਣ ਦੇ ਢੰਗ, ਤਰੀਕੇ, ਵੇਰਵੇ ਅਤੇ ਹਵਾਲੇ ਹਨ, ਕਿ ਕਿਵੇਂ ਰੱਬੀ
ਗੁਣਾਂ ਨੂੰ ਧਾਰਨ ਕਰਕੇ, ਕਿਸ ਤਰਾਂ ਰੱਬੀ ਹੁਕਮ/ਰਜ਼ਾ/ਭਾਣੇ ਦੇ ਅਨੁਸਾਰ ਮਨੁੱਖਾ ਜੀਵਨ ਜੀਵਿਆ ਜਾ
ਸਕਦਾ ਹੈ।
** ਕਿਸੇ ਗੁਰਮੁੱਖ ਪਿਆਰੇ ਵੀਰ ਜੀਉ ਵਲੋਂ ਵਿਚਾਰ ਲਈ ਲਈਆਂ ਪੰਕਤੀਆਂ, ਜੋ
ਰਾਗ ਸੋਰਠ ਵਿਚ, ਸ਼ਬਦ ਗੁਰੁ ਗਰੰਥ ਸਾਹਿਬ ਜੀ ਦੇ ਪੰਨਾ ਨੰਬਰ 658 ਉਪਰ ਦਰਜ਼ ਹਨ।
ਬਾਬਾ ਰਵਿਦਾਸ ਜੀਉ ਦੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ।
ਪੂਰਾ ਸ਼ਬਦ ਹੇਠਾਂ ਹਾਜ਼ਰ ਹੈ।
ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥
ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥1॥
ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥1॥ ਰਹਾਉ ॥
ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥
ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥2॥
ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥
ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥3॥
ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥
ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥4॥2॥ ਰਵੀਦਾਸ ਜੀਉ॥ਪੰਨਾ
658॥
ਸ਼ਬਦ ਗੁਰੁੂ ਗੁਰਬਾਣੀ ਦੇ ਸ਼ਬਦ ਅਰਥ/ਭਾਵ ਅਰਥ ਸਮਝਣ ਲਈ ਗੁਰਬਾਣੀ ਵਿਚੋਂ ਹੀ
ਹਵਾਲੇ ਮਿਲ ਜਾਂਦੇ ਹਨ। ‘ਗੁਰਬਾਣੀ’ ਆਪ ਹੀ ਸਮਝਣ ਸਮਝਾਉਣ ਲਈ ਚਾਬੀ ਹੈ।
** ਹਾਂ! ! ਸਮਝਣ ਲਈ ਅੰਤਰਮੁਖੀ ਹੋਣਾ ਜਰੂਰੀ ਹੈ, ਨਾਲ ਨਾਲ ਥੋੜਾ
ਡੂੰਗਿਆਈ ਵਿਚ ਜਾਣ ਦੀ ਲੋੜ ਹੈ, ਤਾਂ ਹੀ ਗੁਰਬਾਣੀ ਸਬਦਾਂ ਦੇ ਭਾਵ ਅਰਥਾਂ ਨੂੰ ਸਮਝਿਆ ਜਾ ਸਕਦਾ
ਹੈ।
## ਕਿਸੇ ਵੀ ਸ਼ਬਦ ਵਿਚ "ਰਹਾਉ" ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਬਾਕੀ
ਦੀਆਂ ਪੰਕਤੀਆਂ ਇਸੇ ਕੇਂਦਰੀ ਭਾਵ ਨੂੰ ਹੋਰ ਨਿਖਾਰਨ ਲਈ ਵੇਰਵੇ ਹਵਾਲੇ ਜਾਂ ਮਨੋ-ਭਾਵ ਉਸ
ਕੇਂਦਰੀ-ਭਾਵ ਦੀ ਪ੍ਰੌੜਤਾ ਕਰਦੇ ਹੋ ਸਕਦੇ ਹਨ।
## ਬਾਬਾ ਰਵਿਦਾਸ ਜੀਉ ਦੇ ਸ਼ਬਦ ਦਾ ਕੇਂਦਰੀ ਭਾਵ ਹੈ:
ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥1॥ ਰਹਾਉ ॥
ਇਸ ਸ਼ਬਦ ਵਿਚ ਬਾਬਾ ਰਵਿਦਾਸ ਜੀ ਆਪਨੇ ਮਨ ਦੀ ਵੇਦਨਾ, ਪੀੜਾ, ਵਿਆਕੁਲਤਾ
ਬਾਰੇ, ਆਪਨੇ ਮਨ ਦੇ ਭਾਵਾਂ ਨੂੰ ਅਕਾਲ-ਪੁਰਖ ਜੀ ਨਾਲ ਸਾਝਾਂ ਕਰ ਰਹੇ ਹਨ, ਗੱਲਾਂ ਬਾਤਾਂ ਕਰ ਰਹੇ
ਹਨ।
ਪ੍ਰਮਾਣ ਹੈ: ###
ਮਹਲਾ 4
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ
॥4॥5॥11॥49॥
ਪ੍ਰਮਾਣ: ## ਇਸੇ ਤਰਾਂ ਪੰਜਵੇਂ ਸਤਿਗੁਰੂ ਗੁਰੁ ਅਰਜਨ ਸਾਹਿਬ ਜੀ ਦਾ ਇੱਕ
ਸ਼ਬਦ ਹੈ:
ਮਾਝ ਮਹਲਾ 5 ਚਉਪਦੇ ਘਰੁ 1 ॥
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥ਤ੍ਰਿਖਾ
ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥1॥
ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥1॥ ਰਹਾਉ ॥
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥ਚਿਰੁ ਹੋਆ ਦੇਖੇ ਸਾਰਿੰਗਪਾਣੀ
॥ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥2॥
ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥1॥ ਰਹਾਉ ॥
ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥ਹੁਣਿ ਕਦਿ ਮਿਲੀਐ ਪ੍ਰਿਅ ਤੁਧੁ
ਭਗਵੰਤਾ ॥ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥3॥
ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥1॥ ਰਹਾਉ ॥
ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥ ਸੇਵ
ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥4॥
ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥1॥8॥
ਉਪਰਲਿਆਂ ਸ਼ਬਦਾਂ ਵਿਚ ਮਨ ਦੀ ਵੇਦਨਾ/ਵਿਆਕੁਲਤਾ ਸਾਫ਼ ਸਾਫ਼ ਮਹਿਸੂਸ ਕੀਤੀ ਜਾ
ਸਕਦੀ ਹੈ। ਇਹ ਹੈ ਅਕਾਲ-ਪੁਰਖ ਨਾਲ ਇੱਕ ਮਿੱਕਤਾ/ਅਭੇਦਤਾ ਦੇ ਪਿਆਰ ਦਾ ਦਰਸ਼ਨ।
** ਠੀਕ ਇਸੇ ਹੀ ਤਰਾਂ ਬਾਬਾ ਰਵਿਦਾਸ ਜੀਉ ਦੇ ਸ਼ਬਦ ਵਿਚ ਇਹ ਮਨ ਦੇ ਭਾਵਾਂ
ਦੀ ਆਪਣੇ ‘ਮਾਧਵ’ ਨਾਲ ਪਿਆਰ ਵਿਚ ਨੋਂਕ-ਝੋਂਕ ਜ਼ਰੀਏ ਆਪਣੇ ਮਨ ਦੀ ਅਵਸਥਾ ਬਿਆਨ ਕਰ ਰਹੇ ਹਨ।
### ‘ਮਾਧਵ’ ਲਫ਼ਜ ਅਕਾਲ-ਪੁਰਖ ਲਈ ਵਰਤਿਆ ਗਿਆ ਹੈ, ਬਾਬਾ ਰਵਿਦਾਸ ਜੀ ਵਲੋਂ
ਉਚਾਰਨ ਸਬਦਾਂ ਵਿਚ ਇਹ ਲਫ਼ਜ ‘ਮਾਧਵ’ ਆਮ ਹੀ ਵਰਤਿਆ ਗਿਆ ਮਿਲਦਾ ਹੈ ਇਸ ਤਰਾਂ ਲੱਗਦਾ ਹੈ ਕਿ ਬਾਬਾ
ਰਵਿਦਾਸ ਜੀ ਨੂੰ ਇਹ ਲਫ਼ਜ ਬਹੁਤ ਪਿਆਰਾ ਹੈ।
ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥1॥ ਰਹਾਉ ॥
* ਹੇ ਮਾਧੋ, ਰੱਬ ਜੀ! ! ਮੈਂ ਤੁਹਾਡੀ ਸਾਰੀ ਪ੍ਰੇਮ ਲੀਲਾ ਦੀ ਖੇਡ ਨੂੰ
ਜਾਣਦਾ ਹਾਂ, ਤੁਸੀਂ ਸਾਨੂੰ ਜੀਵਾਂ ਨੂੰ ਕਿਸ ਤਰਾਂ ਲੋਭ ਮੋਹ ਦੀਆਂ ਪ੍ਰੇਮ ਖੇਡਾਂ ਵਿਚ ਪਾਇਆ ਹੋਇਆ
ਹੈ, ਇਸ ਤੋਂ ਜਿਆਦਾ ਹੁਣ ਤੁਸੀਂ ਸਾਡੇ ਨਾਲ ਕੀ ਕਰੋਗੇ? ਰਹਾਉ।
ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥
ਜੇਕਰ ਅਸੀਂ ਮੋਹ ਦੀ ਰਸੀ ਦੁਆਰਾ ਬੱਝੇ ਹੋਏ ਹਾਂ ਤਾਂ ਅਸੀਂ ਤੈਨੂੰ ਆਪਣੇ
ਪਿਆਰ ਦੀ ਬੰਧਨ ਵਿਚ ਬੰਨਿਆ ਹੋਇਆ ਹੈ।
ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥1॥
** ਹੁਣ ਤੁਸੀਂ ਆਪਣੇ ਛੁੱਟਣ ਦੀ ਤਰਕੀਬ ਸੋਚੋ, ਅਸੀਂ ਤਾਂ ਤੈਨੂੰ ਅਰਾਧ ਕੇ
ਇਹਨਾਂ ਦੁਨੀਆਵੀ ਬੰਧਨਾਂ ਵਿਚੋਂ ਛੁੱਟ ਗਏ ਹਾਂ।
ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ ਖੰਡ ਖੰਡ ਕਰਿ
ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥2॥
** ਜਿਸ ਮੱਛੀ ਨੂੰ ਫੜਕੇ ਕੱਟਕੇ ਕਈ ਤਰਾਂ ਨਾਲ ਟੁਕੜੇ ਟੁਕੜੇ ਕਰ ਦਿੱਤਾ
ਜਾਂਦਾ ਹੈ। ਫਿਰ ਅੱਗ ਉੱਤੇ ਰਿੰਨ੍ਹਕੇ, ਭੋਜਨ ਰੂਪ ਵਿਚ ਖਾ ਲਿਆ ਜਾਂਦਾ ਹੈ, ਤਾਂ ਵੀ ਉਸਨੂੰ ਪਾਣੀ
ਨਹੀਂ ਵਿਸਰਦਾ। ਭਾਵ ਪੇਟ ਦੇ ਅੰਦਰ ਜਾ, ਆਪਣਾ ਆਸਤਵ ਖਤਮ ਹੋਣ ਦੇ ਬਾਵਯੂਦ ਵੀ (ਮੱਛੀ) ਪਾਣੀ ਨੂੰ
ਨਹੀਂ ਵਿਸਾਰਦੀ। ਰੱਬ ਜੀ ਸਾਡਾ ਪਿਆਰ ਵੀ ਠੀਕ ਇਸ ਤਰਾਂ ਦਾ ਹੈ।
ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਮੋਹ ਪਟਲ ਸਭੁ ਜਗਤੁ
ਬਿਆਪਿਓ ਭਗਤ ਨਹੀ ਸੰਤਾਪਾ ॥3॥
** ਰੱਬ ਜੀ ਤੁਸੀਂ ਮੇਰੇ ਬਾਪ ਹੋ, ਮੈਨੂੰ ਹੋਰ ਕਿਸੇ ਨਾਲ ਕੀ। ਦੁਨੀਆਂ ਦੇ
ਲਈ ਤੁਸੀਂ ਰਾਜਾ ਹੋ ਸਕਦੇ ਹੋ। ਬੇਟਾ ਬਾਪੂ ਨੂੰ ਬਾਪੂ ਹੀ ਕਹੇਗਾ। ਇਹ ਸਾਰੀ ਦੁਨੀਆਂ ਤਾਂ ਮੋਹ ਦੇ
ਪਰਦੇ ਵਿਚ ਫੱਸੀ ਪਈ ਹੈ, ਪਰ ਭਗਤਾਂ ਨੂੰ ਇਹਨਾਂ ਮੋਹ ਮਾਇਆ ਦੇ ਝਮੇਲਿਆਂ ਨਾਲ ਕੋਈ ਫਰਕ ਨਹੀਂ
ਪੈਂਦਾ। ਭਾਵ ਭਗਤ ਮੋਹ ਮਾਇਆ ਦੇ ਚਕਰਾਂ ਵਿਚ ਨਹੀਂ ਫੱਸਦੇ।
ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ ਜਾ ਕਾਰਨਿ ਹਮ ਤੁਮ
ਆਰਾਧੇ ਸੋ ਦੁਖੁ ਅਜਹੂ ਸਹੀਐ ॥4॥2॥
** ਭਗਤ ਰਵਿਦਾਸ ਜੀ ਕਹਿ ਰਹੇ ਹਨ ਕਿ ਹੇ ਮਾਧੋ ਅਸੀਂ ਤਾਂ ਤੇਰੀ ਭਗਤੀ/
ਆਰਾਧਨਾ ਕਰਕੇ ਤੇਰੇ ਨਾਲ ਏਨਾ ਪਿਆਰ ਪਾ ਲਿਆ ਹੈ, ਇਹ ਹੁਣ ਕੀਹਨੂੰ ਕੀਹਨੂੰ ਦੱਸਦੇ ਫਿਰੀਏ ਕਿਸੇ
ਨਾਲ ਇਹ ਗੱਲ ਸਾਂਝੀ ਕਰਨ ਦੀ ਕੋਈ ਲੋੜ ਹੀ ਨਹੀਂ। ਤੇਰੀ ਜਿਹੜੀ ਪ੍ਰੀਤ ਦੀ ਖਾਤਰ/ਪਿਆਰ ਦੀ ਖਾਤਰ,
ਜਿਹੜੀ ਮੋਹ-ਮਾਇਆ ਤੋਂ ਬਚਣ ਦੀ ਖਾਤਰ, ਮੈਂ ਤੇਰੀ ਆਰਾਧਨਾ ਕੀਤੀ/ਭਗਤੀ ਕੀਤੀ, ਉਹ ਦੁੱਖ/ ਤਕਲੀਫ਼
ਮੈਨੂੰ ਅੱਜੇ ਵੀ ਤੱਕ ਸਹਿਣਾ ਪੈ ਰਿਹਾ ਹੈ।
### ਭਾਵ ਬਾਬਾ ਰਵਿਦਾਸ ਜੀ ਆਪਣੇ ਇਸ ਸ਼ਬਦ ਵਿਚ ਆਪਣੇ ਮਨ ਦੀ ਅਵਸਥਾ ਦਾ ਹੀ
ਬਿਆਨ ਕਰ ਰਹੇ ਹਨ, ਕਿ ਹੇ ਪ੍ਰਭੂ/ ਮਾਧੋ ਤੇਰੇ ਨਾਲੋਂ ਦੂਰੀ ਦਾ ਦੁੱਖ ਮਨ ਨੂੰ ਤਕਲੀਫ ਦੇ ਰਿਹਾ
ਹੈ।
ਪ੍ਰਭੂ ਨਾਲ ਇੱਕ-ਮਿੱਕਤਾ ਦੀ ਵਿੱਥ ਦੀ ਦੂਰੀ ਘਟਾਉਣ ਦੀ ਜਾਚਨਾ ਹੈ।
#### ਮੋਹ-ਮਾਇਆ ਦੇ ਬੰਧਨਾਂ ਤੋਂ ਉਪਰ ਉੱਠ ਕੇ ਪ੍ਰਭੂ ਭਗਤੀ ਹੀ ੳੇੁਸ ਨਾਲ
ਪਿਆਰ ਕਰਨ ਦਾ ਤਰੀਕਾ ਸਲੀਕਾ ਹੈ।
#### ‘ਗੁਰਬਾਣੀ’ ਗਿਆਨ-ਵਿਚਾਰ ਹੀ, ਉਹ ਰੱਬੀ-ਕਿਰਪਾ ਹੈ, ਰੱਬੀ-ਕਿਰਪਾ ਦਾ
ਮਤਲਭ ਹੈ, ਰੱਬੀ-ਗੁਣਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਕੇ ਮਨੁੱਖਾ ਜੀਵਨ ਜਿਉਂਣਾ ਕਰਨਾ:
ਰੱਬੀ-ਗੁਣ ਹਨ:
(ਸੱਚ, ਪਿਆਰ, ਸ਼ਾਂਤੀ, ਪਵਿਤੱਰਤਾ, ਨਿੱਮਰਤਾ, ਕੋਮਲਤਾ, ਦਇਆਲਤਾ, ਸਬਰ,
ਸੰਤੋਖ, ਹਲੀਮੀ, ਨਿਰਭਉਤਾ, ਨਿਰਵੈਰਤਾ, ਸਾਂਝੀਵਾਲਤਾ, ਪਰਉਪਕਾਰਤਾ ……………) ਹੋਰ ਅਨੇਕਾਂ ਗੁਣ ਹਨ।
ਤੇਰੇ ਕਵਣੁ ਕਵਣੁ ਗੁਣੁ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ …
ਸੋ ਗੁਰਬਾਣੀ-ਗਿਆਨ ਮਨੁੱਖ ਨੂੰ ਜਾਗਰਤ ਕਰਦਾ ਹੈ, ਉੇਹ ਹੈ ਅਕਾਲ-ਪੁਰਖ ਦੇ
ਰੱਬੀ ਗੁਣਾਂ ਨੂੰ ਮਨੁੱਖਾ ਜੀਵਨ ਵਿਚ ਧਾਰਨ ਕਰਨਾ।
## ਰੱਬੀ ਗੁਣਾਂ ਨੂੰ ਧਾਰਨ ਕਰਕੇ ਪਰੈਕਟੀਕਲੀ ਮਨੁੱਖਾ ਜੀਵਨ ਜਿਉਂਣਾ
ਕਰਨਾ। ਆਪਣੇ ਨਿੱਤ ਦੇ ਕੰਮਾਂਕਾਰਾਂ ਵਿਚ ਇਹਨਾਂ ਰੱਬੀ ਗੁਣਾਂ ਦੀ ਸੁਵਰਤੋਂ ਕਰਨੀ।
** ਖਾਣ-ਪੀਣ, ਬੋਲ-ਚਾਲ, ਵਰਤ-ਵਰਤਾਰਾ, ਲੈਣ-ਦੇਣ,
ਰਹਿਣ-ਬਹਿਣ-ਸਹਿਣ-ਕਹਿਣ, ਭਾਵ ਕੀ ਹਰ ਵਕਤ, ਹਰ ਪਲ ਇਹਨਾਂ ਰੱਬੀ ਗੁਣਾਂ ਨੂੰ ਆਪਣੇ ਚੇਤੇ ਵਿਚ
ਰੱਖਣਾ ਹੀ ਸਿਮਰਨ ਹੈ।
ਇਹੀ ਪਰੈਕਟੀਕਲੀ ਜੀਵਨ ਗੁਰਬਾਣੀ ਜਪਣਾ ਹੈ, ਗੁਰਬਾਣੀ ਗਾਉਂਣਾ ਹੈ, ਧਿਆਉਣਾ
ਹੈ, ਸਿਮਰਨਾ ਹੈ, ਇਹੀ ਭਗਤੀ ਹੈ, ਇਹੀ ਸਾਧਨਾ ਹੈ, ……………
### ਹੱਥ ਕਾਰ ਵੱਲ……ਚਿੱਤ ਯਾਰ ਵੱਲ (ਅਕਾਲ-ਪੁਰਖ ਵਲ) ।
ਭੁੱਲ ਚੁੱਲ ਲਈ ਖਿਮਾ ਕਰਨਾ।
ਧੰਨਵਾਧ।
ਇੰਜ ਦਰਸ਼ਨ ਸਿੰਘ ਖਾਲਸਾ
ਸਿੱਡਨੀ (ਅਸਟਰੇਲੀਆ)
1 ਜੂਨ 2018