ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ
ਅਸੀਂ ਗੁਰਬਾਣੀ ਦੀਆਂ ਤੁਕਾਂ ਦੇ ਸਹੀ ਅਤੇ ਡੂੰਘੇ ਅਰਥ ਸਮਝੇ ਬਿਨਾਂ ਉਨਾਂ
ਨੂੰ ਉਨਾਂ ਕੰਮਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ ਜਿਨਾਂ ਨਾਲ ਕਿ ਉਨਾਂ ਦਾ ਕੋਈ ਨਾਤਾ ਨਹੀਂ ਹੈ।
ਬਾਣੀ ਵਾਰ ਵਾਰ ਇਹ ਕਹਿੰਦੀ ਹੈ ਕਿ ਡੂੰਘੇ ਭੇਤ ਸਮਝੇ ਬਿਨਾਂ ਅਸੀਂ ਪਸੂ ਅਤੇ ਬੇਤਾਲੇ ਹੀ ਰਹਾਂਗੇ।
ਕਹਿਣ ਦਾ ਭਾਵ ਹੈ ਕਿ ਅਗਿਆਨਤਾ ਵਿੱਚ ਰਹਿ ਕੇ ਬਾਣੀ ਦੇ ਦੱਸੇ ਹੋਏ ਕੰਮਾਂ ਤੋਂ ਉਲਟ ਅਤੇ ਪੁੱਠੇ
ਕੰਮ ਹੀ ਕਰੀ ਜਾਵਾਂਗੇ।
ਸਿਰਲੇਖ ਵਾਲੀ ਤੁਕ ਵਿੱਚ ਕਿਹਾ ਹੈ ਕਿ ਜੇ ਕੰਮ ਕਰਨਾ ਚਾਹੁੰਦੇ ਹੋ ਤਾਂ
ਹਰੀ ਦੇ ਅੱਗੇ ਬੇਨਤੀ ਕਰੋ। ਇਸ ਤੋਂ ਅਗਲੀ ਤੁਕ ਕਹਿੰਦੀ ਹੈ ਕਿ ਉਹ ਹਰੀ, ਗੁਰੂ ਦੀ ਸਿੱਖਿਆ ਰਾਹੀਂ
ਕੰਮ ਸਿਰੇ ਚਾੜ ਦੇਵੇਗਾ-
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ-91
ਆਪਣੀ ਪੱਕੀ ਆਦਤ ਅਨੁਸਾਰ, ਕਾਰਜੁ ਅਤੇ ਕੰਮ ਕਿਹੜਾ ਹੈ ਇਹ ਸਮਝੇ ਬਿਨਾਂ
ਅਸੀਂ ਇਨਾਂ ਤੁਕਾਂ ਦਾ ਇਸਤੇਮਾਲ ਆਪਣੇ ਹਰ ਇੱਕ ਨਿੱਕੇ ਵੱਡੇ ਦੁਨਿਆਵੀ ਕੰਮ ਲਈ ਕਰਨਾ ਸ਼ੁਰੂ ਕਰ
ਦਿੱਤਾ ਹੈ। ਦੁਨਿਆਵੀ ਸੁਖਾਂ ਸਹੂਲਤਾਂ ਦੇ ਵਾਧੇ ਅਤੇ ਦੁਖਾਂ ਤੋਂ ਬਚਣ ਲਈ ਕਰਾਏ ਜਾਂਦੇ ਪਾਠਾਂ ਦੇ
ਅੰਤ ਵਿੱਚ ਇਹ ਪੰਜ ਤੁਕਾਂ ਵਾਲਾ ਸ਼ਬਦ ਜ਼ਰੂਰ ਪੜ੍ਹਿਆ ਜਾਂਦਾ ਹੈ ਤਾਂ ਕਿ ਕਰਾਉਣ ਵਾਲੇ ਨੂੰ ਭਰੋਸਾ
ਹੋ ਜਾਵੇ ਕਿ ਉਸ ਦੇ ਚਿਤਵੇ ਹੋਏ ਕੰਮ ਦੀ ਪੂਰਤੀ ਲਈ ਆਹਰੇ ਲੱਗਣ ਲਈ ਹਰੀ ਨੂੰ ਸੁਨੇਹਾ ਭੇਜ ਦਿੱਤਾ
ਹੈ। ਭਰੋਸੇ ਨੂੰ ਹੋਰ ਪੱਕਾ ਕਰਨ ਲਈ ਬਹੁਤੀ ਵਾਰ ਲਫਜ਼ 'ਦੇਇ' ਦਾ ਰੂਪ 'ਦੇਹ'ੁ ਜਾਂ 'ਦੇਵਹੁ
ਜੀ' ਭੀ ਕਰ ਦਿੱਤਾ ਜਾਂਦਾ ਹੈ। ਬਾਣੀ ਦੇ ਲਫਜ਼ ਦਾ ਰੂਪ ਬਦਲਣ ਦੇ ਗੁਨਾਹ ਦੀ ਭੀ ਕੋਈ ਚਿੰਤਾ
ਨਹੀਂ ਹੁੰਦੀ।
ਕਿਹੜੇ ਕੰਮੁ ਅਤੇ ਕਾਰਜੁ ਦੀ ਗੱਲ ਹੋ ਰਹੀ ਹੈ ਉਸ ਬਾਰੇ ਵਿਚਾਰ ਕਰਨ ਤੋਂ
ਪਹਿਲਾਂ ਸ਼ਬਦ ਦੀ ਤੀਸਰੀ ਅਤੇ ਆਖਰੀ ਤੁਕ ਤੇ ਧਿਆਨ ਦਿੰਦੇ ਹਾਂ। ਉੱਥੇ "ਅੰਮ੍ਰਿਤੁ ਚਾਖੀਐ"
ਅਤੇ "ਅਲਖੁ ਪ੍ਰਭੁ ਲਾਖੀਐ" ਦੀ ਗੱਲ ਹੋ ਰਹੀ ਹੈ। ਇਸ ਤੋਂ ਸਾਫ ਜਾਹਰ ਹੈ ਕਿ ਰੱਬ ਨਾਲ
ਮਿਲਾਪ ਵਾਲੇ ਕੰਮ ਦੀ ਗੱਲ ਹੈ ਕਿਉਂਕਿ ਗੁਰੂ ਦੀ ਸੱਚੀ ਸਿੱਖਿਆ ਰਾਹੀਂ ਸਿਰੇ ਚੜ੍ਹਨ ਵਾਲਾ ਕੰਮ
ਧਾਰਮਿਕ ਹੀ ਹੋ ਸਕਦਾ ਹੈ ਸੰਸਾਰਿਕ ਨਹੀਂ।
ਮਨੁੱਖਾ ਜ਼ਿੰਦਗੀ ਵਿੱਚ ਕਰਨ ਵਾਲਾ ਕੰਮ ਕਿਹੜਾ ਹੈ ਉਸ ਬਾਰੇ ਬਾਣੀ ਕੋਈ
ਭੁਲੇਖਾ ਨਹੀਂ ਰਹਿਣ ਦਿੰਦੀ-
ਭਈ ਪਰਾਪਤਿ ਮਾਨੁਖ ਦੇਹੁਰੀਆ
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ
ਅਵਰਿ ਕਾਜ ਤੇਰੈ ਕਿਤੈ ਨ ਕਾਮ
ਮਿਲੁ ਸਾਧ ਸੰਗਤਿ ਭਜੁ ਕੇਵਲ ਨਾਮ-378
ਕੋਈ ਗੁੰਝਲ ਵਾਲਾ ਸ਼ਬਦ ਨਹੀਂ। ਸਾਫ ਕਿਹਾ ਕਿ ਇਸ ਜਨਮ ਦਾ ਅਸਲ ਕੰਮੁ,
ਕਾਰਜੁ, ਮਨੋਰਥ ਰੱਬ ਦਾ ਮਿਲਾਪ ਹੀ ਹੈ। ਇਸ ਤੋਂ ਬਿਨਾਂ ਹੋਰ ਸਾਰੇ ਕੰਮ ਨਿਗੂਣੇ ਹਨ। ਬਾਣੀ ਦੀ
ਸਿੱਖਿਆ ਲੈ ਕੇ ਕੇਵਲ ਉਸ ਹਸਤੀ ਨਾਲ ਜੁੜਨਾ ਹੈ ਜਿਹੜੀ ਕਿ ਕਣ ਕਣ ਵਿੱਚ ਵਿਆਪਕ ਹੈ-
ਯਾ ਜੁਗ ਮਹਿ ਏਕਹਿ ਕਉ ਆਇਆ
ਜਨਮਤ ਮੋਹਿਓ ਮੋਹਨੀ ਮਾਇਆ-251
ਜਨਮ ਤਾਂ ਇੱਕ ਦੇ ਮਿਲਾਪ ਲਈ ਸੀ ਪਰ ਜੰਮਦੇ ਸਾਰ ਹੀ ਮੋਹਣੀ ਮਾਇਆ ਦੇ
ਗੁਲਾਮ ਬਣ ਗਏ। ਮੋਹਣੀ ਮਾਇਆ ਦੀ ਪਕੜ ਵਿੱਚ ਹੋਣ ਕਰਕੇ ਹੀ ਹਰੀ ਮਿਲਾਪ ਦੇ ਕੰਮੁ ਲਈ ਉਤਸਾਹਿਤ
ਕਰਦੇ ਅਤੇ ਉਸ ਦਾ ਤਰੀਕਾ ਦੱਸਦੇ ਸ਼ਬਦ ਦਾ ਇਸਤੇਮਾਲ ਸੰਸਾਰਿਕ ਮੰਗਾਂ ਲਈ ਬੇਝਿਜਕ ਕਰਨਾ ਸ਼ੁਰੂ ਕਰ
ਦਿੱਤਾ।
ਬਾਣੀ ਵਲੋਂ ਨੀਯਤ ਕੀਤੇ ਜੀਵਨ ਮਨੋਰਥ, ਕੰਮ ਅਤੇ ਕਾਰਜ ਦੀ ਸੋਝੀ ਦਿੰਦੀਆਂ
ਬਹੁਤ ਤੁਕਾਂ ਵਿੱਚੋਂ ਕੁੱਝ ਹੋਰ ਦਾ ਜ਼ਿਕਰ ਕਰਦੇ ਹਾਂ-
ਬਿਨੁ ਸਤਿਗੁਰ ਨਾਉ ਨ ਪਾਈਐ ਬਿਨ ਨਾਵੈ ਕਿਆ ਸੁਆਉ-58
ਮਨੁ ਵਿਛੁੜਿਆ ਹਰਿ ਮੇਲੀਐ ਨਾਨਕ ਏਹੁ ਸੁਆਉ-137
ਅਉਧ ਘਟੈ ਦਿਨਸੁ ਰੈਨਾਰੇ। ਮਨ ਗੁਰ ਮਿਲਿ ਕਾਜ ਸਵਾਰੇ
… ਜਾ ਕਉ ਆਏ ਸੋਈ ਵਿਹਾਝਹੁ ਹਰਿ ਗਰੁ ਤੇ ਮਨਹਿ ਬਸੇਰਾ-205
ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ
ਸੰਤ ਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ-257
ਨਾਮੁ ਹਮਾਰੈ ਭੋਜਨ ਭਾਉ। ਨਾਮੁ ਹਮਾਰੈ ਮਨ ਕਾ ਸੁਆਉ-1144
ਤ੍ਰਿਬਿਧਿ ਮਾਇਆ ਰਹੀ ਬਿਆਪਿ। ਜੋ ਲਪਟਾਨੋ ਤਿਸੁ ਦੂਖ ਸੰਤਾਪ।
…. ਏਕ ਵਸਤੁ ਜੇ ਪਾਵੈ ਕੋਇ। ਪੂਰਨ ਕਾਜੁ ਤਾਹੀ ਕਾ ਹੋਇ-1145
ਕਰਮ ਭੂਮਿ ਮਹਿ ਬੋਅਹੁ ਨਾਮੁ। ਪੂਰਨ ਹੋਇ ਤੁਮਾਰਾ ਕਾਮੁ।
… ਹਰਿ ਹਰਿ ਨਾਮੁ ਅੰਤਰਿ ਉਰਿਧਾਰਿ। ਸੀਘਰ ਕਾਰਜੁ ਲੇਹੁ ਸਵਾਰਿ-176
ਬਾਣੀ ਮਾਇਆ ਦੀ ਪਕੜ ਵਿੱਚ ਹੋਣ ਨੂੰ ਸਭ ਤੋਂ ਵੱਡਾ ਦੁੱਖ ਮੰਨਦੀ ਹੈ।
ਸੰਸਾਰਿਕ ਪਦਾਰਥਾਂ ਦੀ ਮੰਗ ਕਰਨਾ ਹੀ ਪਕੜ ਹੈ। ਇਸ ਦੁੱਖ ਤੋਂ ਬਚਾਅ ਹਰੀ ਦੀ ਹਸਤੀ ਨੂੰ ਹਿਰਦੇ
ਵਿੱਚ ਵਸਾ ਕੇ ਹੀ ਹੋਣਾ ਹੈ-
ਮਾਇਆ ਜੇਵਡੁ ਦੁਖੁ ਨਹੀ ਸਭਿ ਭਵਿ ਥਕੇ ਸੰਸਾਰੁ
ਗੁਰਮਤੀ ਸੁਖੁ ਪਾਈਐ ਸਚੁ ਨਾਮੁ ਉਰਧਾਰਿ-39
ਜਦੋਂ ਬਾਣੀ ਸਭੇ ਕਾਜ ਸਵਾਰਨ ਦੀ ਗੱਲ ਕਰਦੀ ਹੈ ਤਾਂ ਉਹ ਮਨ ਦੀਆਂ ਸਾਰੀਆਂ
ਭੁੱਖਾਂ ਖ਼ਤਮ ਕਰਨ ਦੀ ਗੱਲ ਹੈ ਨਾ ਕਿ ਸਾਡੀ ਬਣਾਈ ਸੰਸਾਰਿਕ ਮੰਗਾਂ ਦੀ ਲਿਸਟ ਦੀ ਪੂਰਤੀ-
ਸਭੇ ਕਾਜਿ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ-73
ਸੰਸਾਰਿਕ ਪਦਾਰਥਾਂ ਦੀਆਂ ਆਸਾਂ ਲਾਉਣ ਨੂੰ ਬਾਣੀ ਘਣੇ ਦੁੱਖਾਂ ਦੀ ਜੜ੍ਹ
ਦੱਸਦੀ ਹੈ। ਇਨਾਂ ਵਿੱਚ ਚਿੱਤ ਉਹ ਹੀ ਲਾਉਂਦੇ ਹਨ ਜਿਨਾਂ ਨੇ ਬਾਣੀ ਦੀ ਸਿੱਖਿਆ ਸੁਣੀ ਹੀ ਨਹੀਂ।
ਆਸਾਂ ਲਾਉਣ ਦੀ ਬਿਰਤੀ ਦਾ ਤਿਆਗ ਹੀ ਅਸਲੀ ਅਤੇ ਪਰਮ ਸੁੱਖ ਦਾ ਸਾਧਨ ਹੈ-
ਆਸਾ ਵਿਚਿ ਅਤਿ ਦੁਖੁ ਘਣਾ ਮਨਮੁਖਿ ਚਿਤੁ ਲਾਇਆ।
ਗੁਰਮੁਖਿ ਭਏ ਨਿਰਾਸ ਪਰਮ ਸੁਖੁ ਪਾਇਆ-1249
ਆਸਾ ਆਸ ਕਰੈ ਨਹੀ ਬੂਝੈ
ਗੁਰ ਕੈ ਸਬਦਿ ਨਿਰਾਸ ਸੁਖੁ ਲਹੀਆ-835
ਸਾਰੀ ਦੁਨੀਆਂ ਸੰਸਾਰਿਕ ਵਸਤਾਂ ਅਤੇ ਰਸਾਂ ਦੀ ਬਹੁਲਤਾ ਲਈ ਤਾਂ ਪਾਗਲ ਹੋਈ
ਰਹਿੰਦੀ ਹੈ ਪਰ ਇਸ ਪਾਗਲਪਣ ਵਿੱਚ ਉਹ ਇੱਕ ਕੰਮ ਬਿਲਕੁਲ ਹੀ ਭੁੱਲ ਜਾਂਦਾ ਹੈ ਜਿਹੜਾ ਬਾਣੀ ਨੇ
ਜੀਵਨ ਦਾ ਮਨੋਰਥ ਥਾਪਿਆ ਸੀ-
ਮਾਇਆ ਮੋਹਿ ਸਗਲ ਜਗੁ ਛਾਇਆ।
ਕਾਮਣਿ ਦੇਖਿ ਕਾਮਿ ਲੋਭਾਇਆ।
ਸੁਤ ਕੰਚਨ ਸਿਉ ਹੇਤੁ ਵਧਾਇਆ।
ਸਭ ਕਿਛੁ ਅਪਨਾ ਇਕੁ ਰਾਮੁ ਪਰਾਇਆ-1342
ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ-75
ਇਹ ਇਸ ਝੱਲ ਦੀ ਹੱਦ ਹੀ ਹੈ ਜਿਹੜੀ ਸਾਨੂੰ ਬਾਣੀ ਦੀਆਂ ਤੁਕਾਂ ਦਾ ਬੇਝਿਜਕ
ਗ਼ਲਤ ਇਸਤੇਮਾਲ ਕਰਨਾ ਸਿਖਾਉਂਦੀ ਹੈ। ਬਿਖਮ ਮਾਇਆ ਦੀ ਪਕੜ ਵਿੱਚੋਂ ਨਿਕਲਣ ਦੀ ਸਹੀ ਮੰਗ ਕਰਨੀ ਤਾਂ
ਜ਼ਰੂਰੀ ਹੈ ਕਿਉਂਕਿ ਇਹ ਬਹੁਤ ਦੁਖਦਾਈ ਹੈ। ਹੋਰ ਮੰਗਾਂ ਮੰਗਣਾਂ ਤਾਂ ਪਕੜ ਨੂੰ ਹੋਰ ਪੱਕੀ ਕਰੇਗਾ-
ਏ ਸਾਜਨ ਕਛੁ ਕਰਹੁ ਉਪਾਇਆ। ਜਾ ਤੇ ਤਰਹੁ ਬਿਖਮ ਇਹ ਮਾਇਆ-251
ਇਸੇ ਕਰਕੇ ਗੁਰੂ, ਸਿੱਖ ਦੀ ਜਿੰਦਗੀ ਵਿੱਚੋਂ ਮਾਇਆ ਦੇ ਸਭ ਬੰਧਨ ਕੱਟ
ਦਿੰਦਾ ਹੈ ਕਿਉਂਕਿ ਉਸ ਦੇ ਅੰਦਰੋਂ ਸੰਸਾਰ ਦੇ ਮੋਹ ਵਿੱਚ ਪੈਣ ਦੀ ਦੁਰਮਤਿ ਪਹਿਲਾਂ ਦੂਰ ਕਰਦਾ ਹੈ।
ਦੁਰਮਤਿ ਵਿੱਚ ਫਸਿਆ ਜੀਵ ਹੀ ਉਹ ਮੰਗਾਂ ਖੜੀਆਂ ਕਰਦਾ ਹੈ ਜਿਹੜੀਆਂ ਉਸ ਦੇ ਬੇਅੰਤ ਦੁੱਖਾਂ ਦਾ
ਕਾਰਨ ਹਨ। ਸਦਾ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਰਹਿਣ ਵਾਲੇ ਜੀਵ ਨੇ ਤਾਂ ਗੁਰੂ ਦੀ ਸਿੱਖਿਆ
ਲੈ ਕੇ ਜਾਗਣਾ ਸੀ ਤਾਂ ਕਿ ਉਸ ਨੂੰ ਦੁੱਖ ਦੇ ਕਾਰਨ ਦੀ ਸੋਝੀ ਹੋ ਜਾਂਦੀ-
ਗੁਰ ਪੂਰੇ ਕੀ ਚਰਣੀ ਲਾਗੁ। ਜਨਮ ਜਨਮ ਕਾ ਸੋਇਆ ਜਾਗੁ-891
ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ।
… … ਸਤਿਗੁਰੁ ਸਿਖ ਕੇ ਬੰਧਨ ਕਾਟੈ।
ਗੁਰ ਕਾ ਸਿਖੁ ਬਿਕਾਰ ਤੇ ਹਾਟੇ-286
ਬਿਕਾਰ ਤੋਂ ਭਾਵ ਬਾਣੀ ਦੇ ਨੀਯਤ ਕੀਤੇ ਮਨੁੱਖਾ ਜਨਮ ਦੇ ਮਨੋਰਥ ਤੋਂ ਉਲਟ
ਕੰਮ ਕਰਨਾ ਹੈ। ਕੰਮ ਇੱਕ ਹੀ ਸੱਚਾ ਹੈ ਅਤੇ ਉਹ ਹੈ ਰੱਬੀ ਮਿਲਾਪ। ਇਸ ਦੀ ਪ੍ਰਾਪਤੀ ਲਈ ਹੀ ਬਾਣੀ
ਨਜ਼ਰ ਆਉਣ ਵਾਲੀਆਂ ਚੀਜ਼ਾਂ ਦੀ ਬਿਨਸਣਹਾਰਤਾ ਦੀ ਸੋਝੀ ਦੇ ਕੇ ਉਨਾਂ ਨਾਲ ਜੋੜਨ ਵਾਲੀ ਕੁਮਤਿ ਨੂੰ
ਛੱਡਣ ਲਈ ਕਹਿੰਦੀ ਹੈ। ਇਹ ਕੰਮ ਕਰਨ ਨੂੰ ਬਾਣੀ ਸਤਿਗੁਰੂ ਦੀ ਸੱਚੀ ਸੇਵਾ ਕਹਿੰਦੀ ਹੈ-
ਮੇਰੇ ਮਨ ਸਤਗੁਰ ਕੀ ਸੇਵਾ ਲਾਗੁ
ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ-50
ਇਹ ਕੰਮ ਕਰਨਾ ਤਾਂ ਜ਼ਰੂਰੀ ਹੈ ਕਿਉਂਕਿ ਇਨਾਂ ਦੀ ਤ੍ਰਿਸਨਾ ਹੀ ਜੀਵ ਨੂੰ
ਦੁਖੀ ਕਰਦੀ ਹੈ। ਜਿਹੜੇ ਰੱਬੀ ਮਿਲਾਪ ਦੇ ਰਸ ਦੀ ਪ੍ਰਾਪਤੀ ਵਿੱਚ ਲੱਗ ਜਾਂਦੇ ਹਨ ਉਨਾਂ ਲਈ
ਸੰਸਾਰਿਕ ਰਸਾਂ ਦੀ ਕੋਈ ਖਿੱਚ ਨਹੀਂ ਰਹਿ ਜਾਂਦੀ। ਰੱਬੀ ਮਿਲਾਪ ਦੇ ਨਾਲ ਸਭ ਆਸਾਂ ਅਤੇ ਮਨਸਾਵਾਂ
ਦਾ ਖ਼ਾਤਮਾ ਹੋ ਜਾਂਦਾ ਹੈ। ਖਾਤਮਾ ਹੋਣਾ ਹੀ ਪੂਰਾ ਹੋਣਾ ਹੈ। ਜੇ ਫਿਰ ਫਿਰ ਉਠਦੀਆਂ ਰਹਿਣ ਤਾਂ
ਪੂਰਤੀ ਹੋਈ ਨਹੀਂ ਕਹਿ ਸਕਦੇ।
ਆਸਾ ਮਨਸਾ ਸਗਲ ਪੂਰੀ ਪ੍ਰਿਅ ਅੰਕਿ ਅੰਕੁ ਮਿਲਾਈ-704
ਤਿਸ ਕੀ ਤ੍ਰਿਸਨਾ ਭੂਖ ਸਭ ਉਤਰੀ
ਜੋ ਗੁਰਮਤਿ ਰਾਮ ਰਸੁ ਖਾਤਿ-1264
ਜਿਸ ਕਾ ਪਿਤਾ ਤੂ ਹੈ ਮੇਰੇ ਸਵਾਮੀ
ਤਿਸ ਬਾਰਿਕ ਭੂਖ ਕੈਸੀ-1266
ਬਾਣੀ ਸਾਨੂੰ ਰੱਬੀ ਮਿਲਾਪ ਦੇ ਅਨੰਤ, ਅਨੂਪ ਅਤੇ ਸਦੀਵੀ ਰਸ ਦੀ ਪ੍ਰਾਪਤੀ
ਦੇ ਰਾਹ ਦਿਖਾਉਂਦੀ ਹੈ। ਇੱਕ ਵਾਰ ਜਿਸ ਨੂੰ ਇਹ ਰਸ ਆ ਗਿਆ ਤਾਂ ਉਸ ਲਈ ਹੋਰ ਕਿਸੇ ਭੀ ਰਸ ਦੀ ਚਾਹ
ਨਹੀਂ ਰਹਿੰਦੀ। ਉਸ ਦੀ ਇੱਕ ਹੀ ਚਾਹ ਬਚਦੀ ਹੈ ਤੇ ਇਹ ਹਰ ਵੇਲੇ ਹਰੀ ਦੇ ਮਿਲਾਪ ਦੀ ਹੀ ਹੁੰਦੀ ਹੈ-
ਜਾ ਕਉ ਰਸੁ ਹਰਿ ਰਸੁ ਹੈ ਆਇਓ
ਸੋ ਅਨ ਰਸ ਨਹੀ ਲਪਟਾਇਓ-186
ਨਾਨਕ ਬਾਰਿਕੁ ਦਰਸੁ ਪ੍ਰਭ ਚਾਹੈ ਮੋਹਿ ਹਿਰਦੈ ਬਸਹਿ ਨਿਤ ਚਰਨਾ-1266
ਧਿਆਨ ਵਿੱਚ ਰਹੇ ਕਿ ਜੀਵ ਇੱਕ ਹੀ ਰਸ ਲੈ ਸਕਦਾ ਹੈ। ਦੁਨੀਆਂ ਦੇ ਰਸਾਂ
ਵਿੱਚ ਜੇ ਲੱਗੇ ਰਹਾਂਗੇ ਤਾਂ ਇਨਾਂ ਦੀ ਭੁੱਖ ਕਦੇ ਭੀ ਨਹੀਂ ਮਿਟਣੀ ਅਤੇ ਇਸੇ ਕਰਕੇ ਹੀ ਦੁੱਖ ਦੇ
ਰਾਹ ਸਦਾ ਹੀ ਖੁੱਲੇ ਰਹਿਣਗੇ। ਇਨਾਂ ਦੀ ਪਕੜ ਵਿੱਚ ਰਹਿੰਦਿਆਂ ਰੱਬੀ ਮਿਲਾਪ ਕਦੇ ਭੀ ਨਸੀਬ ਨਹੀਂ
ਹੋਵੇਗਾ। ਪਰ ਜਿਸਨੂੰ ਰੱਬੀ ਮਿਲਾਪ ਦਾ ਰਸ ਆ ਗਿਆ ਉਸ ਲਈ ਸੰਸਾਰੀ ਰਸਾਂ ਦੀ ਕੋਈ ਮਹੱਤਾ ਨਹੀਂ ਰਹਿ
ਜਾਂਦੀ ਅਤੇ ਇਸੇ ਕਰਕੇ ਉਸ ਦੇ ਲਈ ਦੁੱਖ ਦੇਣ ਵਾਲਾ ਕੋਈ ਰਾਹ ਹੀ ਨਹੀਂ ਬਚਦਾ। ਸੰਖੇਪ ਅਤੇ ਸਾਫ
ਤੌਰ ਤੇ ਬਾਣੀ ਦੱਸਦੀ ਹੈ-
ਰਾਰਾ ਰਸੁ ਨਿਰਸ ਕਰਿ ਜਾਨਿਆ।
ਹੋਇ ਨਿਰਸ ਸੁ ਰਸੁ ਪਹਿਚਾਨਿਆ।
ਇਹ ਰਸ ਛਾਡੇ ਉਹ ਰਸ ਆਵਾ।
ਉਹੁ ਰਸੁ ਪੀਆ ਇਹੁ ਰਸੁ ਨਹੀ ਭਾਵਾ-342
ਬਾਣੀ ਹਰੇਕ ਜੀਵ ਨੂੰ ਹਰੀ ਮਿਲਾਪ ਦੇ ਸਹੀ ਕੰਮ ਦੀ ਯਾਦ ਕਰਾਉਣ ਦੇ ਨਾਲ
ਨਾਲ ਚੇਤੰਨ ਭੀ ਕਰਦੀ ਹੈ ਕਿ ਜੇ ਤੂੰ ਇਸ ਕੰਮ ਨੂੰ ਛੱਡਕੇ ਹੋਰ ਕੰਮਾਂ ਵਿੱਚ ਲੱਗਾ ਰਹਿਆ ਤਾਂ
ਤੇਰੀ ਜ਼ਿੰਦਗੀ ਨਿਸਫਲ ਹੋ ਰਹੀ ਹੈ-
ਪ੍ਰਾਣੀ ਤੂੰ ਆਇਆ ਲਾਹਾ ਲੈਣਿ
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ-43
ਜੇ ਹਰੀ ਦੇ ਮਿਲਾਪ ਵਿੱਚ ਸਾਡੀ ਰੁਚੀ ਨਹੀਂ ਹੈ ਤਾਂ ਇਹ ਆਪੋ ਆਪਣੀ ਚੋਣ
ਹੈ। ਪਰ ਇਸ ਰਸ ਦੀ ਪ੍ਰਾਪਤੀ ਦੇ ਰਾਹ ਦਿਖਾਉਣ ਵਾਲੀਆਂ ਬਾਣੀ ਦੀਆਂ ਤੁਕਾਂ ਦਾ ਇਸਤੇਮਾਲ ਨਿਗੂਣੇ
ਅਤੇ ਥੋੜ ਚਿਰੇ ਸੰਸਾਰਿਕ ਰਸਾਂ ਦੀਆਂ ਆਪਣੀਆਂ ਮੰਗਾਂ ਲਈ ਨਹੀਂ ਕਰਨਾ ਚਾਹੀਦਾ। ਉਨਾਂ ਦੀ ਇਸ ਤਰਾਂ
ਵਰਤੋਂ ਕਰਨਾ ਉਨਾਂ ਦਾ ਠੀਕ ਇਸਤੇਮਾਲ ਨਹੀਂ ਹੈ।
ਨਿਮਰਤਾ ਸਹਿਤ-ਮਨੋਹਰ ਸਿੰਘ ਪੁਰੇਵਾਲ