ਸਰਬ-ਸਾਂਝੀ ਗੁਰਬਾਣੀ
Sawan Singh Principal (Retired), 10561 Brier Lane, Santa Ana92705, CA (USA)
[email protected]
ਸਰਬ -ਸਾਂਝੀ ਹੋਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਇੱਕ ਮੁੱਖ ਵਿਸ਼ੇਸ਼ਤਾ
ਹੈ। ਸਾਰੇ ਸੰਸਾਰ ਵਿੱਚ ਇਹ ਇਕੋ ਧਾਰਮਕ ਗ੍ਰੰਥ ਹੈ ਜਿਸ ਵਿੱਚ ਉਨਹਾਂ ਧਾਰਮਕ ਪੁਰਸ਼ਾਂ
ਦੀਆਂ ਰਚਨਾਵਾਂ ਵੀ ਦਰਜ ਹਨ ਜੋ ਇਸ ਦੇ ਸੰਚਾਲਕ ਦੇ ਧਰਮ ਦੀ ਥਾਂ ਕਿਸੇ ਹੋਰ ਧਰਮ ਵਿੱਚ ਵਿਸ਼ਵਾਸ਼
ਰਖਦੇ ਸਨ ਅਤੇ ਉਨਹਾਂ ਵਿਚੋਂ ਕੁੱਝ ਨੀਵੀਂ ਤੇ ਅਛੂਤ ਜਾਤਾਂ ਦੇ ਵੀ ਸਨ।
ਇਸ ਵਿੱਚ ਛੇਹ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਤੋਂ ਛੁਟ ਭਗਤ ਰਵੀ ਦਾਸ ਜੋ
ਨੀਵੀਂ ਸ਼੍ਰੈਣੀ ਦਾ ਮੋਚੀ ਸੀ, ਭਗਤ ਕਬੀਰ ਜੁਲਾਹਾ, ਸੈਨ ਨਾਈ; ਸ਼ੇਖ ਫਰੀਦ ਵਰਗੇ ਮੁਸਲਮਾਨ ਸੂਫੀ
ਕਵੀਆਂ ਤੇ ਹੋਰ ਕਈ ਭਗਤਾਂ ਦੀ ਬਾਣੀ ਵੀ ਦਰਜ ਹੈ। ਇਹ ਸਾਰੇ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਵਸਦੇ
ਸਨ। ਧਰਮ ਨਿਰਪੇਖਤਾ ਤੇ ਸਹਿਣਸ਼ੀਲਤਾ ਦੀ ਇਹ ਇੱਕ ਜਿਊਂਦੀ- ਜਾਗਦੀ ਉਦਾਹਰਣ ਹੈ। ਇਹ ਉਸ ਸਮੇਂ
ਵਾਪਰਿਆ ਜਦੋਂ ਹਿੰਦੂਆਂ ਵਿੱਚ ਜ਼ਾਤ-ਪਾਤ ਦਾ ਬੋਲਬਾਲਾ ਸੀ ਤੇ ਹਿੰਦੂ ਸਮਾਜ ਵੱਖ ਵੱਖ ਜਾਤਾਂ ਚਿ
ਵੰਡਿਆ ਹੋਇਆ ਸੀ। ਹਿੰਦੂਆਂ ਤੇ ਮੁਸਲਮਾਨਾਂ ਨੇ ਸਮਾਜ ਨੂੰ ਦੋ ਭਾਗਾਂ ਵਿੱਚ ਵੰਡ ਰਖਿਆ ਸੀ ਜੋ ਆਪਸ
ਵਿੱਚ ਲੜਦੇ ਝਗੜਦੇ ਰਹਿੰਦੇ ਸਨ। ਇਹ ਸਾਰੇ ਧਰਮਾਂ ਵਿੱਚ ਸਾਂਝ ਦਾ ਸਬੂਤ ਹੈ।
ਹੇਠ ਦਿਤੀਆਂ ਉਦਾਹਰਣਾਂ ਇਹ ਸਿਧ ਕਰਦੀਆਂ ਹਨ ਕਿ ਗੁਰਬਾਣੀ ਵਿੱਚ ਸ੍ਰਬੱਤ
ਦੇ ਭੱਲੇ ਲਈ ਜਾਚਨਾ ਕੀਤੀ ਗਈ ਹੈ ਨਾ ਕਿ ਸਮਾਜ ਦੇ ਕਿਸੇ ਇੱਕ ਵਰਗ ਜਾਂ ਸੰਸਾਰ ਦੇ ਕਿਸੇ ਇੱਕ ਭਾਗ
ਦੇ ਲੋਕਾਂ ਲਈ। ਗੁਰਬਾਣੀ ਵਿੱਚ ਕਿਸੇ ਧਰਮ ਦੇ ਵਿਰੁਧ ਕੁੱਝ ਨਹੀਂ ਲਿਖਿਆ:
ਜਗਤ ਜਲੰਦਾ ਰਖਿ ਲੈ ਆਪਣੀ
ਕਿਰਪਾ ਧਾਰਿ।। ਪੰਨਾ ੮੫੩ ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ।। ਪੰਨਾ ੧੨੫ ਹੁਣਿ ਹੁਕਮੁ ਹੋਆ
ਮਿਹਰਵਾਣ ਦਾ।। ਪੈ ਕੋਇ ਨ ਕਿਸੈ ਰਞਾਣਦਾ।। ਪੰਨਾ ੭੪
ਹੇਠ ਲਿਖੀਆਂ ਤੁਕਾਂ ਤੋਂ ਇਹ ਪਤਾ ਲਗਦਾ ਹੈ ਕਿ ਗੁਰਬਾਣੀ ਅਨਸਾਰ ਅਸੀਂ ਸਾਰੇ ਇੱਕ ਪਰਮਾਤਮਾ ਦੀ
ਔਲਾਦ ਹਾਂ ਤੇ ਸਾਨੂੰ ਕਿਸੇ ਨਾਲ ਭੇਦ ਭਾਵ ਨਹੀਂ ਕਰਨਾ ਚਾਹੀਦਾ:
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ।। ਪੰਨਾ ੬੧੧
ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ।। ਪੰਨਾ ੬੭੧
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ।। ਪੰਨਾ ੬੭੧
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।। ਪੰਨਾ੧੨੯੯
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।। ਪੰਨਾ ੧੩੪੯
ਸਭ ਮਹਿ ਜੋਤਿ ਜੋਤਿ ਹੈ ਸੋਇ।। ਤਿਸ ਦੇ ਚਾਨਣਿ ਸਭ ਮਹਿ ਚਾਨਣੁ ਹੋਇ।। ਪੰਨਾ੧੩
ਹਿੰਦੂ ਤੁਰਕ ਕਾ ਸਾਹਿਬੁ ਏਕ।। ਪੰਨਾ ੧੧੫੮
ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸਾਰਿਆਂ ਲਈ ਸਾਂਝੀ ਹੈ। ਇਹ ਮਨੁੱਖਤਾ ਲਈ
ਇੱਕ ਚਾਨਣ ਮੁਨਾਰਾ ਹੈ।
ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਸਮਾਜ ਦੇ ਸਾਰੇ ਵਰਗਾਂ ਲਈ ਲਾਭਦਾਇਕ
ਹੈ ਤੇ ਬਿਨਾਂ ਧਰਮ, ਨਸਲ, ਜਾਤ ਜਾਂ ਰੰਗ ਦਾ ਖਿਆਲ ਕੀਤੇ ਹਰ ਇੱਕ ਨੂੰ ਜੀਵਨ ਸੇਧ ਦਿੰਦੀ ਹੈ:
ਪਰ ਕਾ ਬੁਰਾ ਨ ਰਾਖਹੁ ਚੀਤ।। ਤੁਮ ਕਉ ਦੁਖੁ ਨਹੀ ਭਾਈ ਮੀਤ।। ਪੰਨਾ ੩੮੬
ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। ਪੰਨਾ ੧੨੪੫
ਸੇਵਾ ਕਰਤ ਹੋਇ ਨਿਹਕਾਮੀ।। ਤਿਸ ਕਉ ਹੋਤ ਪਰਾਪਤਿ ਸੁਆਮੀ।। ਪੰਨਾ੨੮੬
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ।। ਪੰਨਾ ੭੪੭
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।। ਫਿਕੋ ਫਿਕਾ ਸਦੀਐ ਫਿਕੇ ਫਿਕੀ
ਸੋਇ।। ਪੰਨਾ ੪੭੩ ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। ਪੰਨਾ ੧੨੪੫ ਸੇਵਾ
ਕਰਤ ਹੋਇ ਨਿਹਕਾਮੀ।। ਤਿਸ ਕਉ ਹੋਤ ਪਰਾਪਤਿ ਸੁਆਮੀ।। ਪੰਨਾ ੨੮੬ ਆਗਾਹਾ ਕੂ ਤ੍ਰਾਂਘਿ ਪਿਛਾ ਫੇਰਿ
ਨ ਮੁਹਡੜਾ।। ਪੰਨਾ ੧੦੯੬
ਗੁਰਬਾਣੀ ਉੱਚੇ ਤੇ
ਸੁੱਚੇ ਆਚਰਣ ਲਈ ਪ੍ਰੁਰਦੀ ਹੈ ਤੇ ਇਸ ਨੂੰ ਸੱਚ ਤੋਂ ਵੀ ਉੱਚਾ ਦਰਸਾਇਆ ਹੈ:
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ।। ਪੰਨਾ ੬੨ ਹਕੁ ਪਰਾਇਆ ਨਾਨਕਾ ਉਸੁ
ਸੂਅਰ ਉਸੁ ਗਾਇ।। ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ।। ਪੰਨਾ ੧੪੧ ਸੀਸਿ (ਸਿਰ)
ਨਿਵਾਇਐ ਕਿਆ ਥੀਐ ਜਾ ਰਿਦੈ (ਮਨ) ਕੁਸੁਧੇ (ਖੋਟ) ਜਾਹਿ।। ਪੰਨਾ ੪੭੦
ਗੁਰਬਾਣੀ ਹਰ ਇੱਕ ਨੂੰ ਹਮੇਸ਼ਾ ਨਾਮ ਸਿਮਰਨ ਭਾਵ ਰੱਬ ਨੂੰ ਯਾਦ ਰਖਣ ਦੀ
ਸਿੱਖਿਆ ਦੇਂਦੀ ਹੈ:
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।। ਪੰਨਾ ੨ ਆਠ ਪਹਰ ਪ੍ਰਭ ਪੇਖਹੁ
(ਵੇਖੋ) ਨੇਰਾ।। ਮਿਟੈ ਅਗਿਆਨੁ ਬਿਨਸੈ (ਦੂਰ ਹੋ ਜਾਵੇ) ਅੰਧੇਰਾ।। ਪੰਨਾ ੨੯੩
ਗੁਰਬਾਣੀ ਸਮਾਜ ਨੂੰ ਚਿਤਾਵਨੀ ਦਿੰਦੀ ਹੈ ਕਿ ਵਿਭਚਾਰ ਇੱਕ ਬੁਰੀ ਆਦਤ ਹੈ
ਤੇ ਪਰਾਈ ਇਸਤ੍ਰੀ ਜਾਂ ਮਰਦ ਨਾਲ ਭੋਗ ਬਿਲਾਸ ਇਉਂ ਹੈ ਜਿਵੇਂ ਜ਼ਹਰੀਲੇ ਸੱਪ ਦਾ ਸਾਥ। ਗੁਰਬਾਣੀ
ਵਿੱਚ ਲਿਖਿਆ ਹੈ:-
ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ।। ਪੰਨਾ ੪੦੩
ਰੇ ਨਰ ਕਾਇ ਪਰ ਗ੍ਰਿਹਿ (ਘਰ-ਇਸਤ੍ਰੀ) ਜਾਇ।।
ਕੁਚਲ ਕਠੋਰ ਕਾਮਿ ਗਰਧਭ (ਕਾਮੀ ਗੱਧੇ) ਤੁਮ ਨਹੀ ਸੁਨਿਓ ਧਰਮ ਰਾਇ।।
ਇਸਤ੍ਰੀ ਜਾਤੀ ਦੀ ਦੁਰਦਸ਼ਾ ਦੇਖ ਕੇ ਗੂਰੂ ਨਾਨਕ ਜੀ ਨੂੰ ਬਹੁਤ ਦੁਖ
ਹੋਇਆ। ਉਨ੍ਹਾਂ ਨੇ ਮਰਦ ਜਾਤੀ ਨੂੰ ਸਮਝਾਣ ਲਈ ਜ਼ੋਰਦਾਰ ਆਵਾਜ਼ ੳਠਾਈ ਤੇ ਬਹੁਤ ਕੁੱਝ ਲਿਖਿਆ। ਸਾਰੇ
ਸੰਸਾਰ ਵਿੱਚ ਗੁਰੂ ਜੀ ਹੀ ਪਹਿਲੇ ਧਾਰਮਕ ਆਗੂ ਹਨ ਜਿਨ੍ਹਾਂ ਇਸਤ੍ਰੀ ਦੀ ਹੋਂਦ ਨੂੰ ਹੀ ਇਸ ਸੰਸਾਰ
ਦਾ ਮੂਲ ਦੱਸ ਕੇ ਲੋਕਾਂ ਨੂੰ ਸਮਝਾਇਆ ਕੇ ਸਿਵਾਏ ਵਾਹਿਗੁਰੂ ਦੇ ਅਸੀਂ ਸਾਰੇ ਇਸਤ੍ਰੀ ਤੋਂ ਹੀ ਜਨਮੇ
ਹਾਂ ਤੇ ਇਸਤ੍ਰੀ (ਭੰਡ) ਨੂੰ ਰਾਜਿਆਂ ਤੇ ਮਹਾਂਪੁਰਸ਼ਾਂ ਦੀ ਜਨਣੀ ਹੋਣ ਦਾ ਮਾਣ ਦਿਤਾ। ਆਪਜੀ ਨੇ
ਲਿਖਿਆ ਹੈ:-
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ।।
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ।। ਪੰਨਾ ੪੭੩
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। ਪੰਨਾ ੪੭੩
ਉਸ ਸਮੇਂ ਲੋਕ ਜ਼ਾਤ-ਪਾਤ ਦੇ ਬੰਧਨਾਂ ਵਿੱਚ ਜਕੜੇ ਹੋਏ ਸਨ। ਨੀਵਂੀਂ
ਜਾਤੀ ਦੇ ਲੋਕਾਂ ਨਾਲ ਘਿਰਣਾ ਕੀਤੀ ਜਾਂਦੀ ਸੀ। ਉਨ੍ਹਾਂ ਦੀ ਹਾਲਤ ਤਰਸ ਯੋਗ ਸੀ। ਗੁਰੂ ਨਾਨਕ
ਜੀ ਨੇ ਆਪਣੀ ਬਾਣੀ ਵਿੱਚ ਆਪਣੇ ਆਪ ਨੂੰ ਨੀਚ ਕਿਹਾ ਹੈ ਤੇ ਜ਼ਾਤ-ਪਾਤ ਦੇ ਫਰਕ ਦੀ ਵਿਰੋਧਤਾ ਕੀਤੀ
ਹੈ:-
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।। ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ।। ਪੰਨਾ ੧੫ ਫਕੜ (ਵਿਅਰਥ) ਜਾਤੀ ਫਕੜੁ ਨਾਉ।। ਸਭਨਾ ਜੀਆ ਇਕਾ (ਪ੍ਰਭੂ)
ਛਾਉ।। ਪੰਨਾ ੮੩
ਗੁਰਬਾਣੀ ਨੇ ਪੰਜ ਵਿਕਾਰਾਂ ਨੂੰ ਮਾਰਣ ਦੀ ਥਾਂ ੳਨ੍ਹਾਂ ਨੂੰ ਵਸ ਵਿੱਚ ਕਰਣ
ਦੀ ਤੇ ਮਨ ਨੂੰ ਕਾਬੂ ਕਰਣ ਦੀ ਸਿੱਖਿਆ ਦਿਤੀ ਹੈ। ਗੁਰੂ ਨਾਨਕ ਦੇਵ ਲਿਖਦੇ ਹਨ:-
ਜਾਂ ਪੰਚ ਰਾਸੀ (ਜਿਤਣਾ) ਤਾਂ ਤੀਰਥ ਵਾਸੀ।। ਪੰਨਾ ੩੫੬
ਵਸਗਤਿ (ਕਾਬੂ) ਪੰਚ ਕਰੇ ਨਹ ਡੋਲੈ।। ਪੰਨਾ ੮੭੭
ਉਸ ਸਮੇਂ ਮਾਸਾਹਾਰੀ ਤੇ ਸਾਕਾਹਾਰੀ ਲੋਕਾਂ ਵਿੱਚ ਤਕਰਾਰ ਚਲ ਰਿਹਾ ਸੀ।
ਗੁਰਬਾਣੀ ਕਹਿੰਦੀ ਹੈ:-
ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ।। ਪੰਨਾ ੧੨੮੯
ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ।। ਪੰਨਾ ੧੨੯੦
ਸਦੀਆਂ ਤੋਂ ਗ਼ੁਲਾਮੀ ਵਿੱਚ ਜਕੜੇ ਲੋਕਾਂ ਦੀ ਜ਼ਮੀਰ ਮਰ ਚੁਕੀ ਸੀ ਅਤੇ ਬਹੁਤ
ਦੁਖੀ ਸਨ। ਗੁਰਬਾਣੀ ਨੇ ੳਹਨਾਂ ਨੂੰ ਜਗਾਇਆ ਤੇ ਵਕਤ ਦੇ ਜ਼ਾਲਮ ਰਾਜਿਆਂ ਨੂੰ ਖਰੀਆਂ ਖਰੀਆਂ
ਸੁਣਾਈਆਂ। ਉਹਨਾਂ ਨੂੰ ਸੀਂਹ (ਜ਼ਾਲਮ ਸ਼ੇਰ) ਤੇ ਕਸਾਈ ਅਤੇ ਉਹਨਾਂ ਦੇ ਵਜ਼ੀਰਾਂ ਨੂੰ ਕੁੱਤੇ ਆਖਿਆ।
ੳਹਨਾਂ ਦੀ ਫੌਜਾਂ ਨੂੰ ਪਾਪ ਦੀ ਜੰਞ ਕਿਹਾ। ਲਿਖਿਆ ਹੈ:-
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।। ਪੰਨਾ ੭੨੨
ਰਾਜੇ ਸੀਹ ਮੁਕਦਮ ਕੁਤੇ।। ਪੰਨਾ ੧੨੮੮ ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ।। ਪੰਨਾ
੧੪੫ ਰਾਜਾ ਨਿਆਉ ਕਰੇ ਹਥਿ ਹੋਇ।। ਕਹੈ ਖੁਦਾਇ ਨ ਮਾਨੈ ਕੋਇ।। ਪੰਨਾ ੩੫੦
ਗੁਰਬਾਣੀ ਨੇ ਝੂਠੇ ਤੇ ਰਿਸ਼ਵਤਖੋਰ ਕਾਜ਼ੀਆਂ, ਲਾਲਚੀ ਪੰਡਤਾਂ ਤੇ ਪਖੰਡੀ
ਜੋਗੀਆਂ ਨੂੰ ਵੀ ਆੜੇ ਹੱਥੀਂ ਲਿਆ ਅਤੇ ਉਨ੍ਹਾਂ ਬਾਰੇ ਲਿਖਿਆ ਹੈ:-
ਕਾਦੀ ਕੂੜੁ ਬੋਲਿ ਮਲੁ ਖਾਇ।। ਬ੍ਰਾਹਮਣੁ ਨਾਵੈ ਜੀਆ ਘਾਇ।। ਜੋਗੀ ਜੁਗਤਿ ਨ
ਜਾਣੈ ਅੰਧੁ।। ਤੀਨੇ ਓਜਾੜੇ ਕਾ ਬੰਧੁ।। ਪੰਨਾ ੬੬੨
ਸੰਸਾਰ ਦੀ ਉਤਪਤੀ ਬਾਰੇ ਧਰਮ ਦੇ ਠੇਕੇਦਾਰਾਂ ਨੇ ਕਈ ਝੂਠੀਆਂ ਗਲਾਂ
ਫੈਲਾਈਆਂ ਹੋਈਆਂ ਸਨ। ਗੁਰਬਾਣੀ ਨੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਤੇ ਦਸਿਆ ਕਿ ਸੰਸਾਰ ਨੂੰ ਕਿਸੇ
ਦੇਵਤੇ ਨੇ ਨਹੀਂ ਬਣਾਇਆ ਸਗੋਂ ਪ੍ਰਭੂ ਨੇ ਜਿਸ ਦਾ ਨੂਰ ਹਰ ਜੀਵ ਵਿੱਚ ਵਸਦਾ ਹੈ ਸਾਜਿਆ ਹੈ। ਉਸ ਨੇ
ਪਹਿਲੇ ਹਵਾ ਬਣਾਈ, ਹਵਾ ਤੋਂ ਜਲ ਬਣਿਆ ਜਿਸ ਨੇ ਤਿੰਨ ਜਹਾਨ ਬਣਾਏ:
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।। ਜਲ ਤੇ ਤ੍ਰਿਭਵਣੁ ਸਾਜਿਆ ਘਟਿ
ਘਟਿ ਜੋਤਿ ਸਮੋਇ।। ਪੰਨਾ ੧੯
ਇਤਹਾਸ ਦਸਦਾ ਹੈ ਕਿ ੧੬੦੫ ਵਿੱਚ ਜਦੋਂ ਮੁਗ਼ਲ ਸਮਰਾਟ ਅਕਬਰ ਬਟਾਲੇ (ਪੰਜਾਬ)
ਪੁਜਾ ਤਾਂ ਪ੍ਰਿਥੀ ਚੰਦ, ਕਾਜ਼ੀਆਂ ਤਾਂ ਪੰਡਤਾਂ ਨੇ ਉਸ ਪਾਸ ਸ਼ਿਕਾਇਤ ਕੀਤੀ ਕਿ ਆਦਿ ਗ੍ਰੰਥ ਵਿੱਚ
ਮੁਸਲਮਾਨਾਂ ਤੇ ਹਿੰਦੂਆਂ ਦੇ ਵਿਰੁਧ ਬਹੁਤ ਕੁੱਝ ਦਰਜ ਹੈ ਤੇ ਇਸ ਕਰਕੇ ਫਸਾਦ ਹੋਣ ਦਾ ਖਤਰਾ ਹੈ।
ਅਕਬਰ ਨੇ ਸਚਾਈ ਤਕ ਪਹੁੰਚਣ ਲਈ ਆਦਿ ਗ੍ਰੰਥ ਨੂੰ ਆਪਣੇ ਪਾਸ ਮੰਗਵਾਇਆ। ਗੁਰੂ ਅਰਜਨ ਦੇਵ ਜੀ ਨੇ
ਬਾਬਾ ਬੁੱਢਾ ਤੇ ਭਾਈ ਗੁਰਦਾਸ ਨੂੰ ਆਦਿ ਗ੍ਰੰਥ ਦੇ ਨਾਲ ਅਕਬਰ ਪਾਸ ਭੇਜ ਦਿਤਾ। ਭਾਇ ਗੁਰਦਾਸ ਜੀ
ਜਿਨ੍ਹਾਂ ਨੇ ਆਦਿ ਗ੍ਰੰਥ ਨੂੰ ਲਿਖਿਆ ਸੀ ਨੇ ਅਕਬਰ ਨੂੰ ਵਿਸ਼ਵਾਸ਼ ਦਿਵਾਇਆ ਕਿ ਗੁਰਬਾਣੀ ਵਿੱਚ ਕਿਸੇ
ਧਰਮ ਦੇ ਵਿਰੁਧ ਕੁੱਝ ਨਹੀਂ ਲਿਖਿਆ ਗਿਆ ਹੈ। ਇਸ ਵਿੱਚ ਤਾਂ ਕੇਵਲ ਮਹਾਂਪੁਰਸ਼ਾਂ ਦੀ ਬਾਣੀ ਹੀ ਦਰਜ
ਹੈ ਪਰ ਅਕਬਰ ਨੇ ਹੁਕਮ ਦਿਤਾ ਕਿ ਵਿਦਵਾਨ ਕਾਜ਼ੀਆਂ ਤੇ ਪੰਡਤਾਂ ਦੇ ਸਾਹਮਣੇ ਪੋਥੀ ਨੂੰ ਕਿਸੇ ਥਾਂ
ਤੋਂ ਖੋਲ੍ਹ ਕੇ ਪੜ੍ਹਿਆ ਜਾਵੇ।
ਭਾਈ ਮੰਗਲ ਸਿੰਘ ਨੇ ੧੯੧੬ਵਿੱਚ ਆਪਣੀ ਪੁਸਤਕ` ਬਾਬਾ ਬੁੱਢਾ ਸਾਹਿਬ` ਦੇ
ਪੰਨਾ ੨੦੨ ਤੇ ਲਿਖਿਆ ਹੈ ਕਿ ਜਦੋਂ ਆਦਿ ਗ੍ਰੰਥ ਤੋਂ ਵਾਕ ਲਿਆ ਗਿਆ ਤਾਂ ਪੰਨਾ ੭੨੩ ਤੇ
ਗੁਰੂ ਅਰਜਨ ਦੇਵ ਦਾ ਉਚਾਰਿਆ ਇੱਕ ਸ਼ਬਦ ਸੀ ਜਿਸ ਦੀ ਪਹਿਲੀਆਂ ਲਾਇਨਾਂ ਇਸ ਪ੍ਰਕਾਰ ਹਨ:-
ਖਾਕ ਨੂਰ ਕਰਦੰ ਆਲਮ ਦੁਨੀਆਇ।।
ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ।।
ਭਾਵ ਇਹ ਕਿ ਰੱਬ ਨੇ ਮਿੱਟੀ ਵਿੱਚ ਆਪਣਾ ਨੂਰ ਮਿਲਾ ਕੇ ਸੰਸਾਰ ਬਣਾਇਆ ਤੇ
ਅਸਮਾਨ, ਜ਼ਮੀਨ, ਦਰਖਤ, ਤੇ ਪਾਣੀ ਸਾਰੇ ਉਸ ਦੀ ਪੈਦਾਇਸ਼ ਹਨ। ਅਕਬਰ ਸੰਤੁਸ਼ਟ ਹੋ ਗਿਆ ਪਰ ਕਾਜ਼ੀਆਂ ਤੇ
ਪੰਡਤਾਂ ਨੇ ਕਿਹਾ ਕਿ ਬਾਦਸ਼ਾਹ ਨੂੰ ਖੁਸ਼ ਕਰਣ ਲਈ ਜਾਣ ਬੁਝ ਕੇ ਇਸ ਸ਼ਬਦ ਦੀ ਚੋਣ ਕੀਤੀ ਗਈ ਹੈ ਤੇ
ਕਹਿਣ ਲਗੇ ਕਿ ਕਿਸੇ ਹੋਰ ਸ਼ਬਦ ਨੂੰ ਪੜ੍ਹਿਆ ਜਾਵੇ। ਅਕਬਰ ਵੀ ਉਨ੍ਹਾਂ ਦੇ ਨਾਲ ਸਹਿਮਤ ਹੋ ਗਿਆ। ਇਸ
ਵਾਰੀ ਜਿਹੜਾ ਸ਼ਬਦ ਪੜ੍ਹਿਆ ਗਿਆ ਉਸ ਦੀ ਪਹਿਲੀ ਪੰਗਤੀ ਇਹ ਸੀ:-
ਅਲਹ ਅਗਮ ਖੁਦਾਈ ਬੰਦੇ।। ਛੋਡਿ ਖਿਆਲ ਦੁਨੀਆ ਕੇ ਧੰਧੇ।। ਹੋਇ ਪੈ ਖਾਕ
ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ।। ਪੰਨਾ੧੦੮੩
ਇਸ ਦਾ ਅਰਥ ਸਪਸ਼ਟ ਸੀ ਕਿ ਹੇ ਰੱਬ ਦੇ ਬੰਦੇ! ਦੁਨੀਆ ਦੇ ਵਾਧੂ ਧੰਧੇ ਤਿਆਗ ਦੇ। ਸੰਤਾਂ ਦੇ ਪੈਰਾਂ
ਦੀ ਖਾਕ ਬਣ ਤੇ ਆਪਣੇ ਆਪ ਨੂੰ ਇੱਕ ਮੁਸਾਫਰ ਸਮਝ। ਇਹੋ ਜਿਹਾ ਫਕੀਰ ਹੀ ਰੱਬ ਦੀ ਦਰਗਾਹ ਤੇ ਕਬੂਲ
ਹੁੰਦਾ ਹੈ। ਇਹ ਸੁਣ ਕੇ ਅਕਬਰ ਬਹੁਤ ਖੁਸ਼ ਹੋਇਆ ਪਰ ਵਿਰੋਧੀ ਕਹਿਣ ਲਗੇ ਕਿ ਭਾਈ ਗੁਰਦਾਸ ਨੇ ਇਹ
ਸ਼ਬਦ ਮੂੰਹ ਜ਼ਬਾਨੀ ਉਚਾਰਣ ਕੀਤਾ ਹੈ ਤੇ ਕਿਸੇ ਗੁਰਮੁਖੀ ਲਿਪੀ ਜਾਨਣ ਵਾਲੇ ਨੂੰ ਬੁਲਾ ਕੇ ਕਿਸੇ ਹੋਰ
ਪੰਨੇ ਤੋਂ ਪੜ੍ਹਾਇਆ ਜਾਵੇ। ਅਕਬਰ ਨੇ ਆਪ ਪੰਨੇ ਪਲਟਾਏ ਤੇ ਸ਼ਿਵ ਦਿਆਲ ਨੂੰ ਜੋ ਗੁਰਮੁਖੀ ਲਿਪੀ
ਜਾਣਦਾ ਸੀ ਇੱਕ ਵਿਸ਼ੇਸ਼ ਸ਼ਬਦ ਪੜ੍ਹਨ ਲਈ ਕਿਹਾ। ਇਸ ਵਾਰੀ ਇਹ ਸ਼ਬਦ ਉਚਾਰਣ ਕੀਤਾ ਗਿਆ:-
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ
ਸਭ ਬੰਦੇ।। ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।। ਪੰਨਾ੧੩੪੯
ਜਦੋਂ ਅਕਬਰ ਨੂੰ ਇਸ ਦੇ ਅਰਥ ਸਮਝਾਏ ਗਏ ਤਾਂ ਉਹ ਪ੍ਰਸਨ ਹੋ ਗਿਆ ਤੇ ਉਸ ਨੇ
ਕਿਹਾ ਇਹ ਗ੍ਰੰਥ ਤਾਂ ਸਤਕਾਰ ਯੋਗ ਹੈ। ਇਸ ਵਿੱਚ ਤਾਂ ਇੱਕ ਰੱਬ ਦੀ ਤਾਰੀਫ ਹੈ ਤੇ ਇਸ ਦੀ ਸਿੱਖਿਆ
ਤਾਂ ਹਰ ਇੱਕ ਲਈ ਲਾਭਦਾਇਕ ਹੈ। ਇਸ ਦੀ ਬਾਣੀ ਤਾਂ ਸਰਬ-ਸਾਂਝੀ ਹੈ। ਇਸ ਵਿੱਚ ਕਿਸੇ ਧਰਮ ਦੇ ਵਿਰੁਧ
ਕੁੱਝ ਨਹੀਂ ਲਿਖਿਆ ਗਿਆ। ਉਹ ਸ਼ਿਕਾਇਤ ਕਰਣ ਵਾਲਿਆਂ ਨਾਲ ਨਿਰਾਜ਼ ਹੋ ਗਿਆ। ਉਸ ਨੇ ਆਦਿ- ਗ੍ਰੰਥ
ਸਾਹਿਬ ਅਗੇ ਪੰਜਾਹ ਅਸ਼ਰਫੀਆਂ ਮੱਥਾ ਟੇਕਿਆ ਅਤੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਨੂੰ ਸ਼ਾਲਾਂ ਭੇਟ
ਕੀਤੀਆਂ। ਕਾਜ਼ੀ ਤੇ ਪੰਡਤ ਸ਼ਰਮਸਾਰ ਹੋ ਕੇ ਚਲਦੇ ਬਣੇ।
ਪੰਜਾਬ ਦੇ ਇੱਕ ਅੰਗਰੇਜ਼ ਅਫਸਰ, ਮੈਕਾਲਫ, ਜੋ ਸਕਾਲਰ ਵੀ ਸੀ ਨੇ
ਆਪਣੀ ਪੁਸਤਕ
The Sikh Religion Vol.1
ਜਿਸ ਨੂੰ ਛਪਿਆਂ ਸੌ ਸਾਲ ਤੋਂ ਉਪਰ ਹੋ ਗਏ ਹਨ ਪੰਨਾ
x11 ਤੇ ਲਿਖਿਆ ਹੈ:-
They ( Sikh scriptures) teach the highest and the
purest principles that serve to bind mankind with the ambition to serve his
fellow men, to sacrifice and die for their sake.(
ਸਿਖਾਂ ਦਾ ਧਾਰਮਕ ਗ੍ਰੰਥ ਇਹੋ ਜਿਹੀ ਉੱਚੀ ਤੇ ਸੁੱਚੀ ਸਿੱਖਿਆ ਦਿੰਦਾ ਹੈ ਜਿਹੜੀ ਮੱਨੁਖਤਾ ਨੁੰ
ਮੱਨੁਖ ਜਾਤੀ ਦੀ ਸੇਵਾ ਕਰਣ ਅਤੇ ਉਸ ਲਈ ਕੁਰਬਾਨ ਹੋਣ ਤੇ ਮਰ ਮਿਟਣ ਲਈ ਪ੍ਰੇਰਦੀ ਹੈ।)
Unesco
ਜੋ ਕਿ
UNO ਦਾ ਇੱਕ ਭਾਗ ਹੈ ਨੇ ਵੀ ਗੁਰਬਾਣੀ ਦੀ
ਸਾਂਝੀਵਾਲਤਾ ਨੂੰ ਸਵੀਕਾਰ ਕੀਤਾ ਹੈ ਤੇ
Sacred Writings of the Sikhs ਨਾਂ ਦੀ
ਪੁਸਤਕ ਛਪਵਾਈ ਹੈ ਜਿਸ ਵਿੱਚ ਗੁਰਬਾਣੀ ਦੇ ਚੋਣਵੇਂ ਸ਼ਬਦਾਂ ਦਾ ਅੰਗਰੇਜ਼ੀ ਵਿੱਚ ਉਲਥਾ ਕੀਤਾ ਗਿਆ
ਹੈ।