.

ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ

ਪਿਛਲੇ ਲੇਖ ਵਿੱਚ "ਕੀਤਾ ਲੋੜੀਐ ਕੰਮੁ … " ਵਾਲੀ ਤੁਕ ਦੇ ਗ਼ਲਤ ਇਸਤੇਮਾਲ ਹੋਣ ਬਾਰੇ ਗੱਲ ਕੀਤੀ ਸੀ। ਉਸ ਰਾਹੀਂ ਦਿੱਤੇ ਅਸਲ ਉਪਦੇਸ਼ ਤੋਂ ਦੂਰ ਜਾ ਕੇ, ਆਪਣੇ ਹਰ ਇੱਕ ਨਿੱਕੇ ਮੋਟੇ ਕੰਮ ਲਈ ਵਰਤ ਕੇ ਉਸਦੇ ਕੀਤੇ ਦੁਰਉਪਯੋਗ ਦਾ ਮਸਲਾ ਛੋਹਿਆ ਸੀ।

ਇੱਥੇ ਦਿੱਤੀ ਸਿਰਲੇਖ ਵਾਲੀ ਤੁਕ ਦਾ ਭੀ ਵਧ ਚੜ੍ਹ ਕੇ ਗ਼ਲਤ ਉਪਯੋਗ ਕੀਤਾ ਜਾਂਦਾ ਹੈ। ਤਕਰੀਬਨ ਸਾਰੇ ਹੀ ਗੁਰਬਾਣੀ ਗਾਇਨ ਕਰਨ ਵਾਲੇ, ਸਹੀ ਤਰੀਕੇ ਨੂੰ ਤਿਆਗ ਕੇ, ਇਸ ਤੁਕ ਉੱਤੇ ਹੀ ਕੇਂਦਰਿਤ ਹੋਏ ਰਹਿੰਦੇ ਹਨ। ਇਸ ਨੂੰ ਵਾਰ ਵਾਰ ਦੁਹਰਾਇਆ ਜਾਂਦਾ ਹੈ। ਕਾਰਨ ਇਹ ਹੈ ਕਿ ਅਸੀਂ ਬਾਣੀ ਦੀ ਸਿੱਖਿਆ ਨਾਲ ਮਨ ਨੂੰ ਰੁਸ਼ਨਾਉਣ ਦੀ ਥਾਂ ਇਸਨੂੰ ਆਪਣੇ ਚਿਤਵੇ ਹੋਏ ਸੰਸਾਰੀ ਕੰਮ ਵਿੱਚ ਸਫਲਤਾ ਲੈਣ ਲਈ ਵਰਤਦੇ ਹਾਂ। ਜਿੱਥੇ ਭੀ ਸਾਨੂੰ ਕੋਈ ਤੁਕ ਇਸ ਤਰਾਂ ਦੀ ਲੱਗੇ ਉਸ ਰਾਹੀਂ ਮਨ ਮਰਜ਼ੀ ਦੇ ਅਰਥ ਕੱਢ ਕੇ ਵਰਤ ਲੈਂਦੇ ਹਾਂ।

ਜਿੱਥੇ ਭੀ ਗੁਰਬਾਣੀ ਗ੍ਰੰਥ ਸਥਾਪਿਤ ਹੈ ਉਸ ਥਾਂ ਹੀ ਲੋਕ, ਸਿੱਖਿਆ ਲੈ ਕੇ ਜੀਵਨ ਉੱਚਾ ਕਰਨ ਦੀ ਥਾਂ, ਆਪਣੀਆਂ ਸੰਸਾਰਿਕ ਮੰਗਾਂ ਦੀ ਪੂਰਤੀ ਲਈ ਪੂਜਾ ਪਾਠ ਅਤੇ ਹੋਰ ਰਸਮਾਂ ਕਰਾਉਂਦੇ ਹਨ। ਉਨਾਂ ਨੂੰ ਉਨਾਂ ਦੇ ਕੰਮ ਵਿੱਚ ਸਫਲਤਾ ਦੀ ਸ਼ਾਅਦੀ ਦੇਣ ਲਈ ਤੁਕਾਂ ਦਾ ਗ਼ਲਤ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕਿ ਪ੍ਰਭਾਵਿਤ ਹੋ ਕੇ ਲੋਕ ਹੋਰ ਰਸਮਾਂ ਕਰਾਉਣ ਜਿਸ ਨਾਲ ਕਿ ਮਾਇਆ ਦਾ ਧੰਧਾ ਚੜ੍ਹਤ ਵਿੱਚ ਰਹੇ। ਜੇ ਅਸੀਂ ਵਾਕਿਆ ਹੀ ਬਾਣੀ ਦੇ ਸੱਚੇ ਸ਼ਰਧਾਲੂ ਹੋਈਏ ਤਾਂ ਇਸਦੀ ਸਿੱਖਿਆ ਨੂੰ ਸਹੀ ਰੂਪ ਵਿੱਚ ਬੁੱਝਣ ਬੁਝਾਉਣ ਦਾ ਸਹੀ ਕੰਮ ਕਰੀਏ। ਇਸ ਤੁਕ ਵਾਲੇ ਸ਼ਬਦ ਦੀ ਰਹਾਉ ਦੀ ਤੁਕ ਤੇ ਜੇ ਧਿਆਨ ਚਲਾ ਜਾਂਦਾ ਤਾਂ ਕਦੇ ਭੀ ਸੰਸਾਰਿਕ ਮੰਗਾਂ ਲਈ ਸ਼ਬਦ ਨੂੰ ਨਾ ਵਰਤਦੇ।

ਸੰਸਾਰਿਕ ਪਾਤਿਸ਼ਾਹੀ ਤਾਂ ਇੱਕ ਹੀ ਮਸਾਂ ਕਿਸੇ ਨੂੰ ਲੱਭਦੀ ਹੈ। ਅੱਜ ਕੱਲ ਤਾਂ ਬਹੁਤੇ ਦੇਸ਼ਾਂ ਵਿੱਚ ਵੋਟਾਂ ਦਾ ਰਾਜ ਹੋਣ ਕਰਕੇ ਪਾਤਸ਼ਾਹ ਹੈ ਹੀ ਨਹੀਂ। ਜੇ ਇੱਕ ਹੀ ਪਾਤਿਸ਼ਾਹੀ ਕਿਸੇ ਵਿਰਲੇ ਨੂੰ ਮਿਲਦੀ ਹੈ ਤਾਂ ਜ਼ਰੂਰ ਹੀ ਤੁਕ ਵਿਚਲੀਆਂ ਪਾਤਿਸ਼ਾਹੀਆਂ ਸੰਸਾਰੀ ਨਹੀਂ ਹੋ ਸਕਦੀਆਂ। ਰਹਾਉ ਦੀ ਤੁਕ ਦੀ ਸ਼ਬਦ ਵਿੱਚ ਬਹੁਤ ਮਹੱਤਾ ਹੁੰਦੀ ਹੈ। ਉਥੋਂ ਸਮੁੱਚੇ ਸ਼ਬਦ ਦੇ ਭਾਵ ਦੀ ਝਲਕ ਮਿਲਦੀ ਹੈ। ਆਉ ਦੇਖ ਲਈਏ-

ਮੇਰੇ ਮਨ ਏਕਸ ਸਿਉ ਚਿਤੁ ਲਾਇ।

ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ-44

ਬੜਾ ਹੀ ਸਾਫ ਵਰਨਣ ਹੈ। ਇੱਕ ਨਾਲ ਚਿੱਤ ਲਾਉਣ ਲਈ ਕਿਹਾ ਹੈ ਅਤੇ ਇਹ ਭੀ ਸਾਫ ਕੀਤਾ ਹੈ ਕਿ ਇਸ ਕੰਮ ਤੋਂ ਬਿਨਾਂ ਕੀਤਾ ਕੋਈ ਭੀ ਹੋਰ ਕੰਮ ਮਾਇਆ ਦਾ ਮੋਹ ਹੀ ਹੈ ਅਤੇ ਉਹ ਫਾਹੀ ਅਤੇ ਜੰਜਾਲ ਵਿੱਚ ਫਸਾ ਕੇ ਦੁਖੀ ਹੀ ਕਰੇਗਾ। ਜਿਹੜੇ ਕੰਮ ਤੋਂ ਸ਼ਬਦ ਰੋਕਦਾ ਹੈ ਅਸੀਂ ਉਸ ਦੀ ਕਿਸੇ ਤੁਕ ਰਾਹੀਂ ਉਹ ਹੀ ਮੰਗਣ ਦਾ ਕੰਮ ਕਰਦੇ ਹਾਂ।

ਜੀਵਾਂ ਦੇ ਦਿਲਾਂ ਵਿੱਚ ਬਹੁਤ ਮੰਗਾਂ ਉਠਦੀਆਂ ਹਨ। ਹਰ ਮੰਗ ਦੀ ਪੂਰਤੀ ਲਈ ਬਹੁਤ ਜੋਖਮ ਉਠਾਉਣੇ ਪੈਂਦੇ ਹਨ। ਬਹੁਤ ਨੱਠ ਭੱਜ ਕਰਕੇ ਭੀ ਬਹੁਤੀ ਵਾਰੀ ਸਫਲਤਾ ਨਹੀਂ ਮਿਲਦੀ। ਇਸ ਕਰਕੇ ਫਿਰ ਨਿਰਾਸ਼ਾ ਅਤੇ ਕ੍ਰੋਧ ਜਨਮ ਲੈਂਦੇ ਹਨ ਅਤੇ ਹੋਰ ਦੁੱਖ ਮਿਲਦਾ ਹੈ। ਜੇ ਬਾਣੀ ਦੀ ਸਿੱਖਿਆ ਨਾਲ ਜੁੜਦੇ ਤਾਂ ਸਮਝ ਲੱਗ ਜਾਣੀ ਸੀ ਕਿ ਰੱਬ, ਜੋ ਠੀਕ ਸਮਝਦਾ ਹੈ ਉਹ ਦੇਈ ਜਾਂਦਾ ਹੈ। ਉਸ ਤੋਂ ਹੋਰ ਮੰਗਣਾ ਉਸਦੀ ਸਿਆਣਪ ਵਿੱਚ ਗ਼ਲਤੀ ਕੱਢਣਾ ਹੈ। ਉਸ ਦੇ ਦਿੱਤੇ ਜਾਂ ਉਸ ਰਾਹੀਂ ਖੋਹੇ ਨੂੰ ਖੁਸ਼ੀ ਨਾਲ ਸਵੀਕਾਰ ਕਰ ਲੈਣਾ ਹੀ ਮਨ ਨੂੰ ਸ਼ਾਂਤੀ ਦੇਵੇਗਾ। ਇਹ ਹੀ ਸੁਨੇਹਾ-

ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲ ਹੋਇ-44

ਤੁਕ ਰਾਹੀਂ ਦਿੱਤਾ ਹੈ। ਸੰਸਾਰਿਕ ਸੁਖਾਂ ਦੀ ਮੰਗਾਂ ਦੀ ਚਾਹ ਹਰ ਵੇਲੇ ਜੀਵ ਨੂੰ ਦੁਖੀ ਕਰਦੀ ਹੈ। ਇਹ ਅੱਗ ਦੀ ਤਰਾਂ ਉਸ ਨੂੰ ਸਾੜਦੀ ਹੈ। ਇਸ ਜਲਣ ਵਿੱਚ ਜੀਵ ਪਾਗਲ ਹੋ ਜਾਂਦਾ ਹੈ। ਇਸ ਝੱਲ ਵਿੱਚ ਉਹ ਹਰ ਥਾਂ ਭਟਕਦਾ ਹੈ-

ਤ੍ਰਿਸਨਾ ਜਾਲੇ ਸੁਧਿ ਨ ਕਾਈ-120

ਬਾਣੀ ਦੀ ਸਿੱਖਿਆ ਤੇ ਚੱਲਣ ਨਾਲ ਤ੍ਰਿਸਨਾ ਦੀ ਇਹ ਅੱਗ ਬੁਝ ਜਾਂਦੀ ਹੈ ਤਾਂ ਹੀ ਮਨੁ ਤਨੁ ਸੀਤਲ ਹੁੰਦਾ ਹੈ। ਇਹ ਸ਼ਾਂਤੀ ਅਤੇ ਅਡੋਲਤਾ ਹੀ ਉਹ ਖੁਸ਼ੀ ਅਤੇ ਪਾਤਿਸ਼ਾਹੀ ਹੈ ਜਿਹੜੀ ਖੋਹੀ ਨਹੀਂ ਜਾ ਸਕਦੀ। ਇਸ ਦਾ ਮੁੱਲ ਸੰਸਾਰ ਦੀ ਕੋਈ ਭੀ ਵਸਤੂ ਦੇਣ ਦੇ ਕਾਬਲ ਨਹੀਂ।

ਰੱਬੀ ਮਿਲਾਪ ਦੇ ਇੱਕ ਸਹੀ ਕੰਮ ਨੂੰ ਭੁਲਾ ਕੇ ਹੋਰ ਹੋਰ ਕੰਮਾਂ ਵਿੱਚ ਲੱਗੇ ਰਹਿਣਾ ਹੀ ਆਵਾਗਵਣ ਵਿੱਚ ਭਟਕਦੇ ਰਹਿਣਾ ਹੈ। ਇਸ ਭਟਕਣਾ ਵਿੱਚ ਪਿਆ ਜੀਵ ਕਦੀ ਖੁਸ਼ੀ ਅਤੇ ਕਦੀ ਦੁਖੀ ਹੁੰਦਾ ਹੈ-ਇਹ ਹੀ ਨਰਕ ਸੁਰਗ ਦਾ ਵਾਸੀ ਹੋਣਾ ਹੈ, ਇਹ ਹੀ ਕਦੇ ਉੱਚੇ ਅਤੇ ਕਦੇ ਨੀਵੇਂ ਹੋਣਾ ਹੈ। ਇਸ ਦੌੜ ਭੱਜ ਵਿੱਚ ਮਿਲਦੀ ਕਦੇ ਖੁਸ਼ੀ ਅਤੇ ਕਦੇ ਦੁੱਖ ਹੀ ਜੰਮਣਾ ਅਤੇ ਮਰਨਾ ਹੈ। ਕਿਉਂਕਿ ਜੀਵ ਸੰਸਾਰ ਦੇ ਰਸਾਂ ਦੇ ਮੋਹ ਵਿੱਚੋਂ ਕਦੇ ਭੀ ਨਹੀਂ ਨਿਕਲਦਾ ਇਸ ਕਰਕੇ ਇਹ ਦੁੱਖ ਸੁੱਖ (ਜੰਮਣ ਮਰਨ) ਦਾ ਚੱਕਰ ਚੱਲਦਾ ਰਹਿੰਦਾ ਹੈ। ਇਸ ਦੌੜ ਭੱਜ ਵਿੱਚ ਟਿਕਾਅ ਕਦੇ ਭੀ ਨਹੀਂ ਆਉਂਦਾ। ਇਹ ਡੋਲਣ ਵਾਲੀ ਹਾਲਤ ਹੀ ਹਰ ਵੇਲੇ ਦਾ ਦੁੱਖ ਹੈ। ਬਾਣੀ ਦੀ ਸਿੱਖਿਆ ਤੇ ਚੱਲਣ ਵਾਲੇ ਨੂੰ ਟਿਕਾਅ ਆ ਜਾਂਦਾ ਹੈ। ਇਹ ਹੀ- ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ-44 ਰਾਹੀਂ ਬਿਆਨ ਕੀਤਾ ਹੈ। ਇਹ ਮਹਿਲ ਕੋਈ ਨਜ਼ਰ ਆਉਣ ਵਾਲੀ ਚੀਜ਼ ਨਹੀਂ ਹੈ। ਇਹ ਮਨ ਦੀ ਅਡੋਲ ਅਤੇ ਸਥਿਰ ਅਵਸਥਾ ਦਾ ਜ਼ਿਕਰ ਹੈ। ਇਸ ਹਾਲਤ ਵਿੱਚ ਕਿਉਂਕਿ ਮਾਇਆ ਪਿੱਛੇ ਭੱਜਣ ਦੀ ਕੋਈ ਲੋੜ ਨਹੀਂ ਰਹਿੰਦੀ ਇਸ ਕਰਕੇ-

ਨਾਨਕ ਬਧਾ ਘਰੁ ਤਹਾ ਜਿਥੈ ਮਿਰਤੁ ਨ ਜਨਮੁ ਜਰਾ-44

ਕਿਹਾ ਹੈ।

ਸੁੱਖ ਦੁੱਖ ਦੇ ਚੱਕਰ ਦੀ ਘੁੰਮਣ ਘੇਰੀ ਵਿੱਚੋਂ ਨਿਕਲਣ ਦੀ ਅਵਸਥਾ ਹੀ ਮੁਕਤੀ ਹੈ। ਇਹ ਹੀ ਆਵਾਗਵਣ ਤੋਂ ਛੁਟਕਾਰਾ ਹੈ। ਇਹ ਬਾਣੀ ਦੀ ਮੰਜ਼ਿਲ ਹੈ। ਦੇਖੋ ਇੱਕ ਹੋਰ ਥਾਂ ਤੇ ਇਸਦਾ ਕਿੰਨਾ ਸੋਹਣਾ ਵਰਨਣ ਹੈ-

ਸੁਖੁ ਦੁਖੁ ਜਿਹ ਪਰਸੈ ਨਹੀ ਲੋਭ ਮੋਹ ਅਭਿਮਾਨੁ।

ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ-1426

ਸੁੱਖ ਦੁੱਖ ਤੋਂ ਉੱਪਰ ਉੱਠ ਜਾਣਾ ਰੱਬ ਦਾ ਰੂਪ ਹੋ ਜਾਣਾ ਹੈ। ਪਰ ਇੱਥੇ ਪਹੁੰਚਣ ਲਈ ਸੰਸਾਰਿਕ ਰਸਾਂ ਦੀ ਕਾਮਨਾ ਅਤੇ ਇਨਾਂ ਦਾ ਲੋਭ ਮੋਹ ਤਿਆਗਣਾ ਪੈਣਾ ਹੈ। ਹਿਰਦੇ ਵਿੱਚ ਸਿਰਫ ਇੱਕ ਰੱਬ ਦਾ ਹੀ ਪਿਆਰ ਹੋਵੇ। ਉਸ ਇੱਕ ਦੇ ਪਿਆਰ ਨਾਲ ਭਰਿਆ ਜੀਵ ਫਿਰ ਕਿਸੇ ਹੋਰ ਚੀਜ਼ ਦਾ ਭੁੱਖਾ ਨਹੀਂ ਹੋ ਸਕਦਾ। ਇਸ ਦਾ ਭਾਵ ਇਹ ਹੈ ਕਿ ਉਸ ਦੇ ਲਈ ਰੱਬ ਦੀ ਰਜ਼ਾ ਵਿੱਚ ਰਹਿਣਾ ਹੀ ਸਭ ਤੋਂ ਵੱਡੀ ਖੁਸ਼ੀ ਬਣ ਜਾਂਦੀ ਹੈ। ਇਹ ਵਰਨਣ ਵੀਚਾਰ ਅਧੀਨ ਸ਼ਬਦ ਤੋਂ ਪਹਿਲਾਂ ਵਾਲੇ ਸ਼ਬਦ ਵਿੱਚ ਕੀਤਾ ਹੈ-

ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ।

ਧੰਧਾ ਸਭੁ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ।

ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ।

ਜਿਨੀ ਸਤਿਗੁਰੁ ਸੇਵਿਆ ਤਿਨ ਅਗੈ ਮਿਲਿਆ ਥਾਉ।

ਮਿਲਿਆ ਥਾਉ ਕਹਿਣ ਦਾ ਭਾਵ ਹੈ ਕਿ ਉਹ ਜੀਵ ਪਰਵਾਨ ਹੋ ਜਾਂਦੇ ਹਨ।

ਬਾਣੀ ਸੰਸਾਰੀ ਰਸਾਂ ਨਾਲੋਂ ਮੋਹ ਤੋੜਕੇ ਰੱਬੀ ਪ੍ਰੇਮ ਦੇ ਰਾਹ ਤੋਰਦੀ ਹੈ। ਜੀਵ ਦੇ ਅੰਦਰੋਂ ਹੋਰ ਸਾਰੀਆਂ ਆਸਾਂ ਦੀ ਅੱਗ ਬੁਝਾ ਕੇ ਰੱਬ ਦੇ ਮਿਲਾਪ ਦੀ ਇੱਕ ਆਸ ਨਾਲ ਭਰਪੂਰ ਕਰ ਦਿੰਦੀ ਹੈ। ਇਸ ਕੰਮ ਦੇ ਰਾਹੀਂ ਅਡੋਲਤਾ ਮਿਲਦੀ ਹੈ ਜਿਹੜੀ ਕਿ ਸਦਾ ਰਹਿਣ ਵਾਲਾ ਸੁੱਖ ਅਤੇ ਸਦਾ ਲਈ ਪੱਕੀ ਪਾਤਿਸ਼ਾਹੀ ਹੈ।

ਸੋ ਵੀਚਾਰ ਅਧੀਨ ਸ਼ਬਦ-ਨੰਬਰ 76- ਵਿੱਚ ਕਿਸੇ ਸੰਸਾਰਿਕ ਪ੍ਰਾਪਤੀ ਦੀ ਗੱਲ ਨਹੀਂ ਹੋ ਰਹੀ ਇਹ ਸ਼ਬਦ ਨੰਬਰ 72 ਰਾਹੀਂ ਬਿਲਕੁਲ ਸਾਫ ਹੋ ਜਾਂਦਾ ਹੈ-

ਮਨਿ ਬਿਲਾਸੁ ਬਹੁ ਰੰਗੁ ਘਣਾ ਦ੍ਰਿਸਟਿ ਭੂਲਿ ਖੁਸੀਆ

ਛਤ੍ਰਧਾਰ ਬਾਦਿਸਾਹੀਆ ਵਿਚਿ ਸਹਸੇ ਪਰੀਆ-42

ਇੱਥੇ ਦੁਨੀਆਂ ਦੀਆਂ ਬੇਅੰਤ ਖੁਸ਼ੀਆਂ, ਚਾਅ ਮਲ੍ਹਾਰਾਂ ਅਤੇ ਛੱਤਰਧਾਰੀ ਪਾਤਿਸ਼ਾਹੀਆਂ ਦਾ ਵਰਨਣ ਹੈ ਪਰ ਨਾਲ ਹੀ ਇਹ ਭੀ ਸਾਫ ਕਰ ਦਿੱਤਾ ਹੈ ਕਿ ਇਨਾਂ ਦੇ ਹੁੰਦੇ ਹੋਏ ਭੀ ਜੀਵ ਸਹਿਮ ਅਤੇ ਫਿਕਰ ਵਿੱਚ ਰਹਿੰਦਾ ਹੈ। ਪਰ ਉਸ ਸ਼ਬਦ ਵਿੱਚ ਤਾਂ ਮਨ ਤਨ ਸੀਤਲ ਹੋਣ ਦੀ ਗੱਲ ਕੀਤੀ ਹੈ। ਇਸ ਤੋਂ ਸਾਫ ਜ਼ਾਹਰ ਹੈ ਕਿ ਉਹ ਖੁਸ਼ੀਆਂ ਅਤੇ ਪਾਤਿਸ਼ਾਹੀਆਂ ਦੁਨਿਆਵੀ ਨਹੀਂ ਹੋ ਸਕਦੀਆਂ। ਉਹ ਮਨ ਦੇ ਪ੍ਰਭੂ ਪ੍ਰੇਮ ਨਾਲ ਭਰ ਜਾਣ ਤੋਂ ਬਾਅਦ ਦੀ ਅਨੰਦ ਮਈ ਅਤੇ ਅਡੋਲਤਾ ਵਾਲੀ ਹਾਲਤ ਦਾ ਜ਼ਿਕਰ ਹੈ। ਕੀ ਬਾਣੀ ਸਾਨੂੰ ਸਹਿਮ ਵਿੱਚ ਪਾਉਣ ਵਾਲੀ ਸਿੱਖਿਆ ਦੇਵੇਗੀ? ਕਦੇ ਭੀ ਨਹੀਂ।

ਬਾਣੀ ਵਿੱਚ ਰੱਬ ਨੂੰ ਠਾਕੁਰ ਕਿਹਾ ਹੈ। ਬਾਣੀ ਸਦਾ ਹੀ ਉਸ ਦੀ ਸ਼ਰਨ ਵਿੱਚ ਰਹਿਣ ਦਾ ਹੁਕਮ ਕਰਦੀ ਹੈ-

ਸਦਾ ਸਦਾ ਕਰਿ ਚਾਕਰੀ ਪ੍ਰਭੁ ਸਾਹਿਬੁ ਸਚਾ ਸੋਇ-44

ਜਿਹੜਾ ਉਸਦੀ ਸ਼ਰਨ ਵਿੱਚ ਚਲੇ ਜਾਂਦਾ ਹੈ ਉਹ ਫਿਰ ਉਸ ਦਾ ਹੁਕਮ ਮੰਨੇਗਾ। ਉਹ ਉਸ ਦੀ ਦਿੱਤੀ ਹਰ ਚੀਜ਼ ਨੂੰ ਖੁਸ਼ੀ ਨਾਲ ਸਵੀਕਾਰੇਗਾ ਨਾ ਕਿ ਹੋਰ ਮੰਗਾਂ ਮੰਗ ਕੇ ਉਲਾਹਮੇ ਦੇਵੇਗਾ-

ਜੋ ਤੂੰ ਦੇਹਿ ਸੋਈ ਸੁਖੁ ਸਹਣਾ

ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ।

… ਆਠ ਪਹਰ ਤੇਰੇ ਗੁਣ ਗਾਇਆ।

ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ-106

ਇਸ ਅਵਸਥਾ ਵਿੱਚ ਪੁੱਜੇ ਹੋਏ ਲਈ ਫਿਰ ਕਦੇ ਭੀ ਦੁਖੀ ਹੋਣ ਦੀ ਹਾਲਤ ਨਹੀਂ ਬਣਦੀ ਕਿਉਂਕਿ ਉਹ ਹਰ ਵੇਲੇ ਦੀ ਦੁੱਖ ਭੁੱਖ ਅਤੇ ਸਦਾ ਦੀ ਮਾਰ ਨੂੰ ਭੀ ਉਸ ਦੀ ਦਾਤ ਸਮਝਦਾ ਹੈ। ਇਸ ਕਰਕੇ ਉਹ ਅਸਲੀ ਪਾਤਿਸ਼ਾਹ ਹੈ।

ਕੇਤਿਆ ਦੂਖ ਭੂਖ ਸਦ ਮਾਰ। ਏਹਿ ਭੀ ਦਾਤਿ ਤੇਰੀ ਦਾਤਾਰ।

…. ਬੰਦਿ ਖਲਾਸੀ ਭਾਣੈ ਹੋਇ। ਹੋਰੁ ਆਖਿ ਨ ਸਕੈ ਕੋਇ।

ਜਿਸਨੋ ਬਖਸੇ ਸਿਫਤਿ ਸਾਲਾਹ। ਨਾਨਕ ਪਾਤਿਸਾਹੀ ਪਾਤਿਸਾਹੁ-5

ਇਹ ਹਨ ਬਾਣੀ ਦੀਆਂ ਪਾਤਿਸ਼ਾਹੀਆਂ। ਰੱਬ ਦੀ ਹਰ ਰਜ਼ਾ ਨੂੰ ਮਿੱਠਾ ਕਰਕੇ ਮੰਨਣ ਵਾਲਾ ਹੀ ਅਸਲੀ ਛੱਤਰਧਾਰ ਬਾਦਸ਼ਾਹ ਹੈ ਕਿਉਂਕਿ ਉਹ ਪੂਰਨ ਤੌਰ ਤੇ ਮਾਲਕ ਦਾ ਬੱਚਾ, ਸੇਵਕ ਅਤੇ ਦਾਸ ਬਣ ਜਾਂਦਾ ਹੈ। ਆਉ ਬਾਣੀ ਨੂੰ ਸਵੀਕਾਰ ਸਾਰੀ ਦੁਨੀਆਂ ਦੇ ਬਾਦਸ਼ਾਹ ਦੀ ਦੰਗ ਕਰਨ ਵਾਲੀ ਤਸਵੀਰ ਦਿਖਾਈਏ-

ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ

ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ

ਮਿਤ੍ਰ ਨ ਇਠ ਧਨ ਰੂਪ ਹੀਣ ਕਿਛੁ ਸਾਕੁ ਨ ਸਿੰਨਾ

ਰਾਜਾ ਸਗਲੀ ਸ੍ਰਿਸਟਿ ਕਾ ਹਰਿਨਾਮਿ ਮਨੁ ਭਿੰਨਾ

ਤਿਸਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸੰਨਾ-707

ਇਸ ਰਾਜੇ ਦੇ ਪਾਟੇ ਹੋਏ ਕੱਪੜੇ ਹਨ, ਟੁੱਟਾ ਜਿਹਾ ਝੌਂਪੜੀ ਵਰਗਾ ਘਰ ਹੈ, ਦੁਨੀਆਂ `ਚ ਕੋਈ ਇੱਜਤ ਨਹੀਂ ਹੈ, ਨਾ ਧਨ ਹੈ ਤੇ ਨਾ ਹੀ ਸੁਹਣਾ ਰੂਪ ਹੈ। ਉਸ ਦੇ ਰਾਜਾ ਹੋਣ ਦਾ ਇੱਕ ਹੀ ਕਾਰਨ ਹੈ ਤੇ ਉਹ ਹੈ ਉਸਦਾ ਰੱਬ ਦੇ ਪ੍ਰੇਮ ਵਿੱਚ ਪੂਰੀ ਤਰਾਂ ਭਿੱਜੇ ਹੋਣਾ। ਕੀ ਜਿਸ ਤਰਾਂ ਦੇ ਰਾਜੇ ਅਸੀਂ ਬਣਨਾ ਚਾਹੁੰਦੇ ਇਹ ਉਸ ਤਰਾਂ ਦੀ ਤਸਵੀਰ ਹੈ?

ਸਾਡੀ ਅਤੇ ਬਾਣੀ ਦੀ ਤਸਵੀਰ ਕਦੇ ਨਹੀਂ ਮਿਲੇਗੀ ਕਿਉਂਕਿ ਅਸੀਂ ਰੱਬੀ ਬਾਣੀ ਤੋਂ ਸੰਸਾਰ ਦੀਆਂ ਵਸਤਾਂ ਮੰਗਦੇ ਹਾਂ ਜਦੋਂਕਿ ਬਾਣੀ ਸੱਚੇ ਆਚਾਰ, ਸਬਰ ਅਤੇ ਸੰਤੋਖ ਦੇ ਉਹ ਆਤਮਿਕ ਗੁਣ ਦੇਣਾ ਚਾਹੁੰਦੀ ਹੈ ਜਿਹੜੇ ਸਾਨੂੰ ਕਿਸੇ ਭੀ ਹਾਲਤ ਵਿੱਚ ਕਦੇ ਕੋਈ ਘਾਟ ਨਜ਼ਰ ਆਉਣ ਹੀ ਨਹੀਂ ਦੇਣਗੇ। ਉਹ ਦੰਗ ਕਰਨ ਵਾਲੀਆਂ ਹਾਲਤਾਂ ਤੇ ਭੀ ਧਿਆਨ ਮਾਰ ਲੈਂਦੇ ਹਾਂ-

ਜੇ ਦੇਹੈ ਦੁਖੁ ਲਾਈਐ, ਪਾਪ ਗਰਹ ਦੁਇ ਰਾਹੁ

ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ

ਭੀ ਤੂੰ ਹੈ ਸਾਲਾਹਣਾ, ਆਖਣ ਲਹੈ ਨ ਚਾਉ-142

ਜੇ ਦੇਹ ਨੂੰ ਦੁਖ ਲੱਗਾ ਹੋਵੇ, ਜ਼ੁਲਮੀ ਰਾਜਿਆਂ ਦੇ ਰਾਜ ਵਿੱਚ ਰਹਿਣਾ ਪੈ ਜਾਵੇ ਅਤੇ ਰਾਹੂ ਕੇਤੂ ਵਰਗੇ ਪਾਪੀ ਗਰਹ ਭੀ ਸਿਰ ਤੇ ਭਾਰੂ ਹੋਣ ਤਾਂ ਭੀ ਰੱਬ ਦੇ ਪ੍ਰੇਮ ਵਿੱਚ ਪਿਆ ਸੱਚਾ ਧਰਮੀ ਜੀਵ ਚਾਅ ਤੇ ਖੁਸ਼ੀ ਨਾਲ ਉਸਦੇ ਗੁਣ ਹੀ ਗਾਏਗਾ। ਗੱਲ ਨੂੰ ਹੋਰ ਸਾਫ ਕਰਨ ਲਈ ਦੱਸ ਦੇਈਏ ਕਿ ਰਾਹੂ ਅਤੇ ਕੇਤੂ ਦੋ, ਜੋਤਸ਼ੀਆਂ ਦੇ ਮੰਨੇ ਹੋਏ ਪਾਪੀ ਗਰਹ ਹਨ ਜਿਨਾਂ ਦਾ ਸਮਾਂ ਜਿਸ ਤੇ ਚੱਲਦਾ ਹੋਵੇ ਉਸ ਦੀ ਜ਼ਿੰਦਗੀ, ਉਹ ਕਹਿੰਦੇ ਹਨ, ਨਰਕ ਸਮਾਨ ਹੋ ਜਾਂਦੀ ਹੈ। ਰਾਹੂ ਦਾ 18 ਸਾਲ ਦਾ ਅਤੇ ਕੇਤੂ ਦਾ 7 ਸਾਲ ਦਾ ਸਮਾਂ ਮੰਨਿਆਂ ਹੋਇਆ ਹੈ। ਪਰ ਇਹ ਦੋਵੇਂ ਇਕੱਠੇ ਚੱਲਦੇ ਨਹੀਂ ਮੰਨੇ ਗਏ। ਗੁਰੂ ਜੀ ਦਾ ਦੋਹਾਂ ਦਾ ਚੱਲਦਾ ਹੋਇਆ ਕਹਿਣ ਦਾ ਭਾਵ ਹੈ ਕਿ ਜਿੰਨਾਂ ਭੀ ਮਰਜ਼ੀ ਦੁੱਖ ਭਰਿਆ ਸਮਾਂ ਆ ਜਾਵੇ, ਪ੍ਰਭੂ ਪ੍ਰੇਮੀ ਉਸਨੂੰ ਭੀ ਉਸ ਦੀ ਦਾਤ ਸਮਝ ਕੇ ਖੁਸ਼ੀ ਨਾਲ ਸਵੀਕਾਰ ਕਰਦੇ ਹਨ। ਪਰ ਅਸੀਂ ਉਸ ਹੀ ਬਾਣੀ ਗ੍ਰੰਥ ਦੇ ਸਾਹਮਣੇ ਖੜੇ ਹੋ ਕੇ ਦੇਹ ਅਰੋਗਤਾ, ਸੁੱਖਾਂ ਭਰਪੂਰ ਸਮਾਂ ਅਤੇ ਦੁਨਿਆਵੀ ਪਾਤਿਸ਼ਾਹੀਆਂ ਮੰਗਦੇ ਹਾਂ।

ਮਨ ਨੂੰ ਇਸ ਤਰਾਂ ਰੱਬੀ ਰਜ਼ਾ ਦੇ ਅਧੀਨ ਕਰਨ ਵਾਲਾ, ਕਿ ਪ੍ਰਭੂ ਦੇ ਪ੍ਰੇਮ ਤੋਂ ਬਿਨਾਂ ਹੋਰ ਕੋਈ ਮੰਗ ਕਦੇ ਉੱਠੇ ਹੀ ਨਾ, ਹੀ ਗੁਰਬਾਣੀ ਤੋਂ ਸਿੱਖਿਆ ਹੋਇਆ ਸੱਚਾ ਧਰਮੀ ਹੈ। ਜੇ ਉਸਦੀ ਹੀ ਚਾਹ ਅਤੇ ਮੰਗ ਹੋਵੇ, ਉਸ ਦੀ ਹਰ ਰਜ਼ਾ ਮਿੱਠੀ ਲੱਗੇ ਤਾਂ ਹੀ ਬਾਣੀ ਦੀਆਂ ਚਿਤਵੀਆਂ ਲੱਖ ਖੁਸ਼ੀਆਂ ਪਾਤਿਸ਼ਾਹੀਆਂ ਦੇ ਮਾਲਕ ਹਾਂ। ਜੇ ਸੰਸਾਰ ਹੀ ਮੰਗਦੇ ਰਹੇ ਤਾਂ ਸਾਡੀਆਂ ਮੰਗਾਂ ਝੂਠੀਆਂ ਹਨ। ਫਿਰ ਸਾਡੇ ਲਈ ਬਾਣੀ ਕੀ ਨਤੀਜਾ ਨੀਯਤ ਕਰਦੀ ਹੈ-

ਝੂਠਾ ਮੰਗਣ ਜੇ ਕੋਈ ਮਾਗੈ। ਤਿਸ ਕਉ ਮਰਤੇ ਘੜੀ ਨਾ ਲਾਗੈ-109

ਫੈਸਲਾ ਸਾਡੇ ਹੱਥ ਹੈ ਕਿ ਕੀ ਅਸੀਂ ਬਾਣੀ ਦੀ ਸਿੱਖਿਆ ਲੈ ਕੇ ਉਸਦੇ ਦੱਸੇ ਰਾਹ ਉੱਤੇ ਤੁਰ ਕੇ ਸੱਚੇ ਧਰਮੀ ਬਣਨਾ ਹੈ ਜਾਂ ਕਿ ਤੁਕਾਂ ਦਾ ਡੂੰਘਾ ਉਪਦੇਸ਼ ਭੁਲਾ ਕੇ ਉਨਾਂ ਦੇ ਆਪਣੀ ਮਨ ਮਰਜ਼ੀ ਦੇ ਅਰਥ ਕੱਢ ਕੇ ਝੂਠਾ ਸੰਸਾਰ ਮੰਗਣ ਦੇ ਕੰਮ ਹੀ ਕਰੀ ਜਾਣੇ ਹਨ। ਬਾਣੀ ਸਾਨੂੰ ਉਹ ਪਾਤਿਸ਼ਾਹੀ ਦੇਣ ਲਈ ਤਿਆਰ ਕਰਦੀ ਹੈ ਜਿਹੜੀ ਕਿ ਸਦੀਵੀ ਅਤੇ ਸਥਿਰ ਹੈ। ਸਦੀਵੀ ਅਤੇ ਸਦਾ ਥਿਰ ਨੂੰ ਛੱਡ ਕੇ ਹੋਰ ਨਿਗੂਣੀਆਂ ਚੀਜ਼ਾਂ ਦੀਆਂ ਮੰਗਾਂ ਨੂੰ ਉਹ ਕਦੇ ਉਤਸਾਹਿਤ ਨਹੀਂ ਕਰਦੀ। ਤੁਕਾਂ ਦੇ ਨਿਗੂਣੀਆਂ ਚੀਜ਼ਾਂ ਦੀ ਦੇਣ ਕਰਨ ਦੇ ਅਰਥ ਕੱਢਣੇ ਸਾਡੀ ਗ਼ਲਤੀ ਹੈ। ਜੇ ਇਹ ਕਰਾਂਗੇ ਤਾਂ ਬਾਣੀ ਤੋਂ ਸੱਚੀ ਅਤੇ ਅਮੋਲਕ ਦਾਤ ਲੈਣ ਤੋਂ ਬਾਂਝੇ ਰਹਿ ਜਾਵਾਂਗੇ।

ਨਿਮਰਤਾ ਸਹਿਤ---ਮਨੋਹਰ ਸਿੰਘ ਪੁਰੇਵਾਲ




.