.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਵੀਰ ਭੁਪਿੰਦਰ ਸਿੰਘ

ਇੱਕੀਵਾਂ ਸਲੋਕ

ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰਿ ਨਾਮੁ ॥

ਕਹੁ ਨਾਨਕ ਸੁਨਿ ਰੇ ਮਨਾ ਪਰਹਿ ਨ ਜਮ ਕੈ ਧਾਮ ॥21॥

ਇਹ ਸਰੀਰਕ ਜਿਹਬਾ ਦੀ ਗਲ ਨਹੀਂ ਹੈ। ਜੇ ਇਹ ਸਰੀਰਕ ਜਿਹਬਾ ਦੀ ਗਲ ਮੰਨੀਏ ਤਾਂ ਜੋ ਬੋਲ ਨਹੀਂ ਸਕਦੇ (ਗੂੰਗੇ), ਜਿਨ੍ਹਾਂ ਨੂੰ ਕੋਈ ਬੋਲੀ ਨਹੀਂ ਆਉਂਦੀ, ਉਹ ਕੀ ਕਰਦੇ ਹਨ ਫਿਰ?

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ (494) ਅਤੇ ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥ (797) ‘ਜੋ ਜੀਅਹੁ ਜਾਣੈ’ ਦਾ ਅਰਥ ਹੋ ਗਿਆ ਕਿ ਕੋਈ ਗੂੰਗਾ ਵੀ ਜਾਣ ਸਕਦਾ ਹੈ। ਅੰਤਰ ਆਤਮੇ ਦੀ ਜ਼ੁਬਾਨ ਦੀ ਗਲ ਚਲ ਰਹੀ ਹੈ। ਜਿਹੜਾ ਅਸੀਂ 11 ਨੰਬਰ ਸਲੋਕ ਵਿਚ ਅਸੀਂ ਸਮਝਿਆ ਸੀ ਕਿ, ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥ ਅਸੀਂ ਪੰਜਾਂ ਤੱਤਾਂ ਦਾ ਇੱਕ ਸਰੀਰ ਰੱਚਦੇ ਹਾਂ। ਪੰਜ ਤੱਤ ਹੁੰਦੇ ਹਨ ਅੱਗ, ਪਾਣੀ, ਹਵਾ, ਅਕਾਸ਼, ਧਰਤੀ। ਇੱਕ ਪੰਜ ਤੱਤ ਹੁੰਦੇ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਨ੍ਹਾਂ ਤੋਂ ਅਸੀਂ ਸਤਾਏ ਹੋਏ ਹਾਂ। ‘ਜਾਨਹੁ ਚਤੁਰ ਸੁਜਾਨ’ ਬਣਨ ਲਈ, ਰੁਹਾਨੀਅਤ ਭਰਪੂਰ ਕਾਮਯਾਬ ਜੀਵਨ ਜਿਊਣ ਲਈ ਪੰਚ ਤੱਤ ਹਨ - ਦਿਆ, ਧਰਮ, ਸੰਤੋਖ, ਸ਼ੀਤਲਤਾ, ਮਿਠਾਸ, ਪਿਆਰ, ਹਮਦਰਦੀ, ਬਰਾਬਰਤਾ, ਸਹਜ ਆਦਿ ਚੰਗੇ ਗੁਣ ਵੀ ਪੰਚ ਤੱਤ ਹੁੰਦੇ ਹਨ। ਵੱਡੇ-ਵੱਡੇ ਕੀਮਤੀ ਗੁਣਾਂ ਦੀ ਸਮਗਰੀ ਹੈ ਜਿਨ੍ਹਾਂ ਦੇ ਨਾਲ ਸਾਡੇ ਮਨ ਦਾ ਸਰੀਰ ਪੈਦਾ ਹੁੰਦਾ ਹੈ। ਤਾਂ ਹੀ ਰੱਬੀ ਇੱਕਮਿਕਤਾ ‘ਲੀਨ ਤਾਹਿ ਮੈ ਮਾਨੁ’ ਹਾਸਲ ਹੋ ਸਕਦੀ ਹੈ। ਉਸ ਰੱਬ ਨਾਲ ਇੱਕਮਿਕਤਾ ਮਹਿਸੂਸ ਕਰਨ ਲਈ ਸਾਨੂੰ ਚੰਗੇ-ਚੰਗੇ ਗੁਣਾਂ ਨਾਲ ਇੱਕ ਤਨ ਪ੍ਰਾਪਤ ਕਰਨਾ ਪੈਂਦਾ ਹੈ। ਸਤਿਗੁਰ ਦੇ ਘਰ ਜਨਮ ਲੈਣਾ ਪੈਂਦਾ ਹੈ। ‘ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥’ (940)

ਸਤਿਗੁਰ ਦੀ ਮਤ ਲਈ! ਤਾਂ ਕੀ ਹੋਇਆ? ਅੰਦਰ ਦੀ ਜਿਹਬਾ ਮਿਲ ਗਈ। ਜੋ ਹਮੇਸ਼ਾਂ ਹੀ ਗੁਨ ਗੋਬਿੰਦ ਗਾਉਂਦੀ ਹੈ ਭਾਵ ਰੱਬ ਨਾਲ ਇੱਕਮਿਕ ਰਹਿੰਦੀ ਹੈ, ਰੱਬੀ ਗੁਣ ਸਿਖਾਉਂਦੀ ਹੈ। ਅੰਦਰ ਦੀਆਂ ਅੱਖਾਂ ਮਿਲ ਜਾਂਦੀਆਂ ਹਨ, ਜਿਵੇਂ ਅਸੀਂ ਸ਼ਬਦ ਗਾਉਂਦੇ ਹਾਂ, ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥ ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥ (139) ਅੱਖਾਂ ਨਹੀਂ ਹਨ ਫਿਰ ਵੀ ਵੇਖ ਸਕਦੀਆਂ ਹਨ, ਕਿਉਂਕਿ ਗੁਰੂ ਸਾਹਿਬ ਕਹਿੰਦੇ ਹਨ, ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥ ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥ (954) ਜਿਨ੍ਹਾਂ ਕੋਲ ਸੱਚ ਵੇਖਣ ਦੀ ਅੱਖ ਨਹੀਂ ਹੈ ਉਹ ਅੰਧੇ ਹੁੰਦੇ ਹਨ। ਜਿਹੜੇ ਸੱਚ ਤੇ ਟੁਰਨਾ ਨਹੀਂ ਜਾਣਦੇ ਹਨ ਉਹ ਲੰਗੜੇ ਤੇ ਪਿੰਗਲੇ ਹੁੰਦੇ ਹਨ। ਜਿਹੜੇ ਸੱਚ ਸੁਣਨਾ ਹੀ ਨਹੀਂ ਚਾਹੁੰਦੇ ਹਨ ਉਸ ਬਾਰੇ ਗੁਰਬਾਣੀ ਵਿਚ ਆਇਆ ਹੈ, ਮਾਇਆਧਾਰੀ ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥ (313) ਜਦੋਂ ਇਹ ਗਲ ਸਮਝ ਆ ਜਾਂਦੀ ਹੈ ਤਾਂ ਇਸ ਗਲ ਬਾਰੇ ਕਹਿ ਰਹੇ ਹਨ - ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰਿ ਨਾਮੁ ॥

ਪਰਹਿ ਨ ਜਮ ਕੈ ਧਾਮ ਦਾ ਭਾਵ ਹੈ ਕਿ ਜੇ ਮਨ ਸਤਿਗੁਰ ਦੀ ਮੱਤ ਲੈ ਕੇ ਰੱਬੀ ਗੁਣ ਜੀਵੋ ਤਾਂ ਤੂੰ ਜਮਾਂ ਦੇ ਵਸ ਨਹੀਂ ਪਏਂਗਾ। ਵਿਕਾਰ ਰੂਪੀ ਜਮ ਤੈਨੂੰ ਨਹੀਂ ਸਤਾਉਣਗੇ। ਹਉਮੈ ਦੀ ਬਰਾਤ ਤੇਰੇ ਘਰ ਨਹੀਂ ਆਏਗੀ। ਮਰਣ ਮਗਰੋਂ ਜਮ ਹੈ ਕਿ ਨਹੀਂ ਪਤਾ ਨਹੀਂ। ਮਰਾਂਗੇ ਤਾਂ ਵੇਖਿਆ ਜਾਏਗਾ। ਪਰ ਅੱਜ ਵੀ ਜਮ ਹਨ ਉਨ੍ਹਾਂ ਜਮਾਂ ਦੇ ਵਸ ਨਾ ਪੈ ਜਾਈਏ। ਇਹ ਸਮਝਾ ਰਹੇ ਹਨ ਕਿ ਐ ਮੇਰੇ ਮਨ ਤੂੰ ਸਮਝ ਲੈ। ਭਜਹੁ ਦੇ ‘ਹ’ ਨੂੰ ਔਕੜ ਵੇਖਕੇ ਹੈਰਾਨੀ ਹੋਈ। ਇਸ ਦਾ ਭਾਵ ਹੁਕਮੀ ਭਵਿੱਖਤ ਵਿਚ ਹੁੰਦਾ ਹੈ।

ਮਨ ਨੂੰ ਕਹਿ ਰਹੇ ਹਨ ਕਿ ਤੂੰ ਰੱਬੀ ਗੁਣਾਂ ਨੂੰ ਜੀਵਿਆ ਕਰ। ਜੇ ਇਹ ਨਹੀਂ ਸਮਝਿਆ ਤਾਂ ਹੀ ਅਸੀਂ ਧਾਰਮਕ ਪੜ੍ਹਾਈ ਲੋਕਾਂ ਨੂੰ ਕਰਵਾਉਂਦੇ ਹਾਂ। ਦੂਜਿਆਂ ਨੂੰ ਪੜ੍ਹਾਉਂਦੇ ਹਾਂ, ਦੂਜਿਆਂ ਨੂੰ ਸਮਝਾਉਂਦੇ ਹਾਂ, ਦੂਜੇ ਸਮਝ ਜਾਣ, ਦੂਜੇ ਪੜ੍ਹ ਜਾਣ, ਦੂਜੇ ਧਾਰਮਕ ਹੋ ਜਾਣ, ਦੂਜਿਆਂ ਨੂੰ ਚੈੱਕ ਕਰਦੇ ਹਾਂ। ਆਸਤਕ, ਨਾਸਤਕ, ਪਾਪੀ, ਪੁੰਨੀ, ਪਹੁੰਚਿਆ ਹੋਇਆ ਹੈ, ਫਲਾਣੇ ਨੂੰ ਫਤਵਾ ਦੇ ਦਿਉ, ਬਰਾਦਰੀ ਤੋਂ ਕੱਢ ਦੇਉ। ਇਹ ਸਾਰਾ ਅਸੀਂ ਦੂਜਿਆਂ ਨੂੰ ਸਿਖਾਉਣਾ ਚਾਹੁੰਦੇ ਹਾਂ, ਪਰ ਸਮੁੱਚੀ ਗੁਰਬਾਣੀ ਵਿਚ ਅਤੇ ਇਸ ਸਲੋਕ ਵਿਚ ਕਹਿ ਰਹੇ ਹਨ ‘ਕਹੁ ਨਾਨਕ ਸੁਨਿ ਰੇ ਮਨਾ’ ਮਨ ਨੂੰ ਕਹਿ ਰਹੇ ਹਨ। ਕਿਸੇ ਦੂਜੇ ਨੂੰ ਨਹੀਂ। ਆਪਣੇ ਤੋਂ ਇਲਾਵਾ ਕਿਸੇ ਨੂੰ ਹੁਕਮ ਨਹੀਂ ਕਰ ਰਹੇ ਹਨ। ਕਹਿ ਰਹੇ ਹਨ ਕਿ ਮੇਰੇ ਮਨ! ਤੂੰ ਰੱਬੀ ਗੁਣਾਂ ਅਨੁਸਾਰ ਜੀਵਿਆ ਕਰ ਤਾਂ ਜਮਾਂ ਦੇ ਧਾਮ ਨਹੀਂ ਪਵੇਂਗਾ। ‘ਗੁਨ ਗੋਬਿੰਦ ਗਾਇਓ’ ਤੋਂ ਭਾਵ ਰੱਬੀ ਗੁਣਾਂ ਦੀ ਉਸਤਤ ਕਰਦੇ-ਕਰਦੇ ਉਨ੍ਹਾਂ ਨੂੰ ਦ੍ਰਿੜਤਾ ਨਾਲ ਜੀਵਿਆ ਕਰ।

ਸਤਿਗੁਰ ਦੀ ਮੱਤ ਲੈ ਕੇ ਰੱਬ ਵਰਗੇ ਕਰਮ, ‘ਜੈਸਾ ਹਰਿ ਹੀ ਹੋਇ’ ਵਾਲੇ ਕਰਮ ਕਰਿਆ ਕਰ। ਜਮ ਦੇ ਧਾਮ, ਜਮ ਮਗ, ਜਮ ਕੀ ਫਾਹੀ, ਜਮ ਕੀ ਫਾਸ, ਜਮ ਕਾ ਡੰਡਾ, ਜਮ ਦਾ ਡੰਡ ਮੂੰਡ ਮਹਿ ਲਾਗੇ, ਜਮ ਜੇਵਰੀ ਆਦਿ ਇਨ੍ਹਾਂ ਸਾਰਿਆਂ ਤੋਂ ਆਤਮਾ ਹੁਣੇ ਹੀ ਮੁਕਤ ਹੋ ਸਕਦੀ ਹੈ। ਵਿਕਾਰਾਂ ਦੇ ਵਸ ਨਾ ਪਈਏ ਇਸ ਲਈ ਸੋਚਣਾ ਪਵੇਗਾ, ਇਸ ਲਈ ਸਭ ਤੋਂ ਪਹਿਲਾਂ ਸਾਨੂੰ ਹੰਕਾਰ ਛੱਡਣਾ ਪਵੇਗਾ। ਇਸ ਗਰਬ ਨੂੰ ਛੱਡਣ ਲਈ ਹੀ ਸਾਰੇ ਸਲੋਕ ਹਨ। ਇਸ ਦੇ ਨਾਲ ਹੀ ਮਮਤਾ, ਲੋਭ, ਮੋਹ, ਕ੍ਰੋਧ ਆਦਿ ਸਾਰੇ ਵਿਕਾਰ ਆਉਂਦੇ ਹਨ। ਇਨ੍ਹਾਂ ਸਾਰਿਆਂ ਨੂੰ ਅਸੀਂ ਕਾਬੂ ਕਰ ਸਕਦੇ ਹਾਂ ਜੇ ਸਾਡਾ ਹੰਕਾਰ ਕਾਬੂ ਹੋ ਜਾਏ। ਕਿਵੇਂ ਹੋਏਗਾ?

ਇਸ ਬਾਬਤ ਗੁਰਬਾਣੀ ਵਿਚ ਇਕ ਸਲੋਕ ਹੈ, ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥ ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥ (1364) ਕੀ ਕਬੀਰ ਸਾਹਿਬ ਕਹਿ ਰਹੇ ਹਨ ਕਿ ਮੈਂ ਸਾਰਿਆਂ ਤੋਂ ਬੁਰਾ ਹਾਂ, ਭੈੜਾ ਹਾਂ? ‘ਹਮ ਤਜਿ’ ਮੈਨੂੰ ਛੱਡਕੇ ‘ਭਲੋ ਸਭੁ ਕੋਇ’ ਹਨ। ਅਸੀਂ ਜਦੋਂ ਕਬੀਰ ਜੀ ਦੇ ਇਸ ਸਲੋਕ ਬਾਰੇ ਵਿਚਾਰ ਕਰ ਰਹੇ ਸੀ ਤਾਂ ਇਹ ਸੋਚਦੇ ਰਹੇ ਜਦੋਂ ਮੈਂ ਵੀ ਰੱਬ ਦਾ ਬਣਾਇਆ ਹੋਇਆ ਹਾਂ ਤੇ ਮੈਂ ਕਿਉਂ ਬੁਰਾ ਹਾਂ। ਜ਼ਰੂਰ ਕੋਈ ਰਮਜ਼ ਹੈ। ਇਸ ਲਈ ਅਗਲੇ-ਪਿਛਲੇ ਸਲੋਕ ਪੜ੍ਹੇ ਜਿਨ੍ਹਾਂ ਵਿਚ ਹਉਮੈ ਬਾਰੇ ਗਲ ਚਲ ਰਹੀ ਹੈ। ਇਸੇ ਲੜੀ ਵਿਚ ਇਕ ਹੋਰ ਜੁੜਵਾਂ ਸਲੋਕ ਕਬੀਰ ਜੀ ਦਾ - ‘ਕਬੀਰ ਜਾ ਦਿਨ ਹਉ ਮੂਆ’ (954) ‘ਹਉ ਮੂਆ’ ਭਾਵ ਜਦੋਂ ਮੇਰੀ ਹਉਮੈ ਮੁਕੀ ਫਿਰ ਮੈਂਨੂੰ ਸ੍ਵਾਦ ਆ ਗਿਆ। ਇਸ ਦਾ ਫਾਇਦਾ ਇਹ ਹੋਇਆ ਕਿ - ‘ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੁੋਬਿੰਦੁ ॥’ (954)

ਮੈਨੂੰ ਰੱਬ ਮਿਲ ਗਿਆ, ਰੱਬੀ ਇਕਮਿਕਤਾ ਪ੍ਰਾਪਤ ਹੋ ਗਈ।

ਜੋ ਮਨੁੱਖ ਰੂਹਾਨੀਅਤ ਦੇ ਰਸਤੇ ਤੇ ਚਲ ਪਏ ਤਾਂ ਇਹ ਜ਼ਰੂਰੀ ਨਹੀਂ ਕਿ ਉਸ ਦਾ ਪਰਿਵਾਰ ਵੀ ਨਾਲ ਚਲੇਗਾ! ਇਸ ਗਲ ਦੀ ਕੋਈ ਸ਼ਰਤ ਨਹੀਂ ਹੈ। ਕਿਸੇ ਮਨੁੱਖ ਦੀ ਧਾਰਮਿਕਤਾ ਇਵੇਂ ਨਹੀਂ ਜਾਂਚ ਸਕਦੇ ਕਿ ਉਸਦੇ ਪਰਿਵਾਰ ਵਾਲੇ ਕਿਸ ਤਰ੍ਹਾਂ ਹਨ। ਸੋ ‘ਸੰਗੀ’ ਦਾ ਅਰਥ ਇਹ ਨਹੀਂ ਹੋਇਆ ਕਿ ਉਸਦੇ ਮਿਤਰ ਜਾਂ ਪਰਿਵਾਰ ਵਾਲੇ। ‘ਸੰਗੀ ਭਜਹਿ ਗੁੋਬਿੰਦੁ’ ਦਾ ਅਰਥ ਹੈ ਕਿ ਇਹ ਮੇਰੀਆਂ ਇੰਦ੍ਰੀਆਂ-ਗਿਆਨ ਇੰਦ੍ਰੀਆਂ ਮੇਰੇ ਸਾਰੇ ਸਰੀਰ ਦੇ ਅੰਗ ਸਾਥ ਦੇਂਦੇ ਹਨ। ਉਹ ਸਾਰੇ ਵੀ ਰੱਬੀ ਗੁਣਾਂ ਨੂੰ ਜਿਊਂਦੇ ਹਨ। ਸੋ ਪਤਾ ਲਗਿਆ ਕਿ ਹਉਮੈ ਬਾਰੇ ਗਲ ਚਲ ਰਹੀ ਹੈ। ਫਿਰ ਅਰਥ ਬਣ ਗਏ ਕਿ ਜਿਹੜੀ ਹਮ-ਹਮ ਜਾਂ ਮੈਂ-ਮੈਂ ਲਾਈ ਹੋਈ ਹੈ, ਇਹ ਵਾਲੇ ਖਿਆਲ ਬੁਰੇ ਹਨ। ਜੇ ਇਹ ਹਮ-ਹਮ ਵਾਲੇ ਖਿਆਲ ਤਜ ਦੇਵੇਂ ਭਾਵ ਛੱਡ ਦੇਵੇਂ ਤਾਂ ਫਾਇਦਾ ਇਹ ਹੋਏਗਾ ਕਿ ‘ਭਲੋ ਸਭੁ ਕੋਇ’ ਸਾਰੇ ਭਲੇ ਨਜ਼ਰ ਆਉਣਗੇ। ਤੂੰ ਆਪਣੇ ਆਪ ਨੂੰ ਵੀ ਪਿਆਰ ਕਰੇਂਗਾ। ਧਰਤੀ ਤੇ ਜੋ ਇਨਸਾਨ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ ਉਹ ਕਿਸੇ ਨੂੰ ਪਿਆਰ ਨਹੀਂ ਕਰ ਸਕਦਾ।

ਜੋ ਆਪਣੇ ਆਪ ਨੂੰ ਪਿਆਰ ਕਰਦਾ ਹੈ ਤਾਂ ਉਸਦਾ ਪਿਆਰ ਦੂਜਿਆਂ ਲਈ ਵੀ ਵਗ-ਵਗ ਪੈਂਦਾ ਹੈ, ਇਸ ਲਈ ਉਸਦੇ ਸਾਰੇ ਅੰਗ ਉਸਦੇ ਕਾਬੂ ਵਿਚ ਹੁੰਦੇ ਹਨ, ਭਾਵੇਂ ਕਾਮ ਹੋਵੇ ਜਾਂ ਕ੍ਰੋਧ ਹੋਵੇ। ਜਿਸ ਮਨੁੱਖ ਦੇ ਆਪਣੇ ਅੰਗ ਹੀ ਕਾਬੂ ਵਿਚ ਨਹੀਂ ਹਨ ਉਹ ਦੂਜਿਆਂ ਨੂੰ ਕੀ ਪਿਆਰ ਕਰੇਗਾ। ਉਹ ਤੇ ਨਿੱਕੀ ਜਿਹੀ ਗਲ ਤੇ ਛਿੱਥਾ ਪੈ ਜਾਏਗਾ, ਕ੍ਰੋਧਿਤ ਹੋ ਜਾਏਗਾ, ਜਿਹੜੇ ਲੋਕੀ ਆਪਣੇ ਆਪਨੂੰ ਪਿਆਰ ਨਹੀਂ ਕਰਦੇ ਉਹ ਪਹਿਲਾਂ ਆਪਣੇ ਆਪ ਨੂੰ ਸਤਾਉਂਦੇ ਹਨ। ਕਦੇ ਇੱਕ ਟੰਗ ਤੇ ਖੜ੍ਹੇ ਹੋ ਜਾਂਦੇ ਹਨ, ਕਦੀ ਠੰਡ ਵਿਚ ਕਪੜੇ ਨਹੀਂ ਪਾਂਦੇ ਹਨ, ਕਦੀ ਧੁੱਪ ਵਿਚ ਖੜ੍ਹੇ ਹੋ ਜਾਂਦੇ ਹਨ, ਕਦੀ ਨੰਗੇ ਪੈਰ ਟੁਰਦੇ ਹਨ, ਕਦੀ ਕੁਝ ਕਰਦੇ ਹਨ ਕਦੀ ਕੁਝ। ਇਸਨੂੰ ਹੱਠ ਜੋਗ ਕਹਿੰਦੇ ਹਨ, ਕਦੀ ਭੁੱਖਿਆਂ ਰਹਿਕੇ ਸਤਾਉਂਦੇ ਹਨ, ਇਸ ਦਾ ਮਤਲਬ ਇਹ ਹੋਇਆ ਕਿ ਉਹ ਆਪਣੇ ਆਪ ਨੂੰ ਪਿਆਰ ਨਹੀਂ ਕਰਦੇ ਹਨ। ਜਿਹੜਾ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ ਉਹ ਮਨੁੱਖ ਦੂਜੇ ਨੂੰ ਪਿਆਰ ਕਿਸ ਤਰ੍ਹਾਂ ਕਰੇਗਾ। ਉਹ ਦੂਜਿਆਂ ਨੂੰ ਸਤਾਏਗਾ ਕਿਉਂਕਿ ਆਪਣੇ ਆਪ ਨੂੰ ਸਤਾ ਰਿਹਾ ਹੈ। ਮੈਨੂੰ ਸਾਰਿਆਂ ਨਾਲ ਕਰੁਣਾ ਹੈ ਇਸ ਲਈ ਮੈਂ ਸਾਰਿਆਂ ਲਈ ਖੁਲ੍ਹੀ ਵਿਚਾਰ ਕਰ ਰਿਹਾ ਹਾਂ, ਬਿਨਾ ਕਿਸੇ ਦੇ ਡਰ ਤੋਂ। ‘ਸੰਗੀ ਭਜਹਿ ਗਬਿੰਦੁ’ ਦੇ ਨਾਲ ਇੱਕ ਅੰਦਰ ਦਾ ਤਨ ਤਿਆਰ ਹੋ ਜਾਂਦਾ ਹੈ।




.