ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਸਿੱਖੀ ਵਿਚਾਰਧਾਰਾ ਨੂੰ ਸਮਝਣਾ ਅਤੇ ਬਚਾਉਣਾ
ਗੁਰੂ ਨਾਨਕ ਸਾਹਿਬ ਜੀ ਨੇ ਬਿੱਪਰੀ ਮੱਤ ਨੂੰ ਬਹੁਤ ਹੀ ਬਰੀਕੀ ਵਿਚ ਜਾ ਕੇ ਦੇਖਿਆ ਕਿ ਇਸ ਦੀ ਸਾਰੀ
ਵਿਚਾਰਧਾਰਾ ਕਿਰਤੀ ਲੋਕਾਂ ਨੂੰ ਲੁੱਟਣ ਵਾਲੀ ਹੈ। ਗੁਰੂ ਸਾਹਿਬ ਜੀ ਨੇ ਇਹ ਵੀ ਦੇਖਿਆ ਕਿ ਇਹਨਾਂ
ਪੁਜਾਰੀ ਲੋਕਾਂ ਦਾ ਪੂਰਾ ਸਾਥ ਹਰ ਮੌਜੂਦਾ ਸਮੇਂ ਦੀ ਹਾਕਮ ਸ਼ਰੇਣੀ ਦੇਂਦੀ ਆ ਰਹੀ ਹੈ। ਧਰਮ ਦੇ ਨਾਂ
`ਤੇ ਮਨੁੱਖਤਾ ਨੂੰ ਲੁਟਿਆ ਹੀ ਨਹੀਂ ਜਾ ਰਿਹਾ ਸਗੋਂ ਪੂਰੀ ਤਰ੍ਹਾਂ ਗੁਮਰਾਹ ਵੀ ਕੀਤਾ ਜਾ ਰਿਹਾ
ਹੈ। ਹਾਕਮਾਂ ਤੇ ਪੁਜਾਰੀਆਂ ਕੋਲ ਐਸੀ ਸਾਂਝੀ ਵਿਦਿਆ ਹੈ ਜਿਹੜੀ ਲੋਕਾਂ ਨੂੰ ਲੁੱਟਣ ਲਈ ਇਕ ਦੂਜੇ
ਦੀ ਸਹਾਇਤਾ ਕਰਦੀ ਹੈ-- ਗੁਰੂ ਸਾਹਿਬ ਜੀ ਦਾ ਫਰਮਾਣ ਹੈ—
ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਹ੍ਹਾ ਪੜ੍ਹ੍ਹਿਆ ਨਾਉ॥
ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥
ਸੋ ਪੜਿਆ ਸੋ ਪੰਡਿਤੁ ਬੀਨਾ ਜਿਨ੍ਹ੍ਹੀ ਕਮਾਣਾ ਨਾਉ ॥
ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ ॥
ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍ਹ੍ਹਿ ਬੈਠੇ ਸੁਤੇ ॥
ਚਾਕਰ ਨਹਦਾ ਪਾਇਨ੍ਹ੍ਹਿ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥
ਜਿਥੈ ਜੀਆਂ ਹੋਸੀ ਸਾਰ ॥ ਨਕੀ ਵਢੀ ਲਾਇਤਬਾਰ
{ਪੰਨਾ 1288}
ਅਰਥ: ਹਰਨ, ਬਾਜ਼ ਤੇ ਅਹਲਕਾਰ = ਇਹਨਾਂ ਦਾ ਨਾਮ ਲੋਕ "ਪੜ੍ਹੇ ਹੋਏ" ਰੱਖਦੇ ਹਨ (ਪਰ ਇਹ
ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ ਜਿਸ ਵਿਚ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ
ਹਨ; ਪ੍ਰਭੂ ਦੀ ਹਜ਼ੂਰੀ ਵਿਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ।
ਜਿਸ ਜਿਸ ਨੇ 'ਨਾਮ' ਦੀ ਕਮਾਈ ਕੀਤੀ ਹੈ ਉਹੀ ਵਿਦਵਾਨ ਹੈ ਪੰਡਿਤ ਹੈ ਤੇ ਸਿਆਣਾ ਹੈ (ਕਿਉਂਕਿ ਰੁੱਖ
ਦੀ) ਜੜ੍ਹ ਸਭ ਤੋਂ ਪਹਿਲਾਂ (ਜ਼ਮੀਨ ਦੇ) ਅੰਦਰ ਜੰਮਦੀ ਹੈ ਤਾਂ ਹੀ (ਰੁੱਖ ਉੱਗ ਕੇ) ਬਾਹਰ ਛਾਂ
ਬਣਦੀ ਹੈ (ਸੋ, ਸੁਖਦਾਤੀ ਵਿੱਦਿਆ ਉਹੀ ਹੈ ਜੇ
ਪਹਿਲਾਂ ਮਨੁੱਖ ਆਪਣੇ ਮਨ ਵਿਚ 'ਨਾਮ' ਬੀਜੇ) ।
('ਨਾਮ' ਤੋਂ ਸੱਖਣੀ ਵਿੱਦਿਆ ਦਾ ਹਾਲ ਤੱਕੋ) , ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ)
ਅਹਲਕਾਰ (ਮਾਨੋ) ਕੁੱਤੇ ਹਨ, ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ
(ਭਾਵ, ਤੰਗ ਕਰਦੇ ਹਨ) । ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ)
ਘਾਤ ਕਰਦੀਆਂ ਹਨ, (ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ
ਹਨ।
ਪਰ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ, ਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ
ਨੱਕ-ਵੱਢੇ (ਸਮਝੇ ਜਾਂਦੇ ਹਨ)
ਇਨ੍ਹਾਂ ਪੁਜਾਰੀਆਂ ਨੇ ਗੁਮਰਾਹ ਕੁੰਨ ਪਰਚਾਰ ਕੀਤਾ ਹੋਇਆ ਸੀ ਕਿ ਜਿੰਨੇ ਵੀ ਰਾਜੇ ਹਨ ਇਹਨਾਂ ਨੇ
ਪਿੱਛਲੇ ਜਨਮ ਵਿੱਚ ਜਪ-ਤਪ ਕੀਤਾ ਹੋਇਆ ਸੀ ਤਾਂ ਇਹ ਹੁਣ ਰਾਜੇ ਹਨ। ਬਾਕੀ ਲੁਕਾਈ ਨੂੰ ਇਹਨਾਂ
ਪੁਜਾਰੀਆਂ ਨੇ ਨਰਕ ਦਾ ਡਰ ਤੇ ਸਵਰਗ ਦਾ ਲਾਲਚ ਦਸ ਕੇ ਆਪਣੀ ਕਮਾਈ ਦਾ ਮੁੱਖ ਸਾਧਨ ਬਣਾਇਆ ਹੋਇਆ
ਸੀ।
ਗੁਰੂ ਨਾਨਕ ਸਾਹਿਬ ਜੀ ਨੇ ਸਰਬ ਸਾਂਝਾ ਤੇ ਸਰਬ ਕਾਲੀ ਸਿਧਾਂਤ ਦਿੱਤਾ ਜਿਹੜਾ ਸਾਰੀਆਂ ਧਾਰਮਕ
ਰਸਮਾਂ ਦੇ ਕਰਮ ਕਾਂਡਾਂ ਤੋਂ ਮੁਕਤੀ ਦਿਵਾਉਂਦਾ ਹੈ। ਇਹ ਫਲਸਫਾ ਇੱਕ ਸੱਜਰੀ ਸਵੇਰ ਵਰਗਾ ਹੈ ਜਿਹੜਾ
ਸਾਨੂੰ ਜ਼ਿੰਦਗੀ ਜਿਉਣ ਦਾ ਵਲ਼ ਢੰਗ ਹੀ ਨਹੀਂ ਸਿਖਾਉਂਦਾ ਸਗੋਂ ਮਨੁੱਖੀ ਕਦਰਾਂ ਕੀਮਤਾਂ ਦੀ ਜਾਣਕਾਰੀ
ਦੇਂਦਾ ਹੋਇਆ ਸਮੁੱਚੇ ਭਾਈਚਾਰੇ ਨੂੰ ਏਕਤਾ ਵਿੱਚ ਪਰੋਂਦਾ ਹੈ।
ਅਸੀਂ ਇਤਿਹਾਸ ਦੇ ਪੰਨਿਆਂ ਤੋਂ ਚੰਗੀ ਤਰ੍ਹਾਂ ਜਾਣੂੰ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦੀ
ਵਿਚਾਰਧਾਰਾ ਦਾ ਵਿਰੋਧ ਬਿੱਪਰ ਵਲੋਂ ਉਹਨਾਂ ਦੇ ਸਮੇਂ ਤੋਂ ਹੀ ਹੋਣਾ ਸ਼ੂਰੂ ਹੋ ਗਿਆ ਸੀ। ਇਹ ਵਿਰੋਧ
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਚਲਦਾ ਤਾਂ ਰਿਹਾ ਪਰ ਇਸ ਸਮੇਂ ਇਹਨਾਂ ਦੀ ਕੋਈ ਬਹੁਤੀ ਦਾਲ
ਗਲ਼ੀ ਨਹੀਂ ਸੀ। ਕੱਟੜ ਮੁਸਲਮਾਨ ਧਾਰਮਕ ਆਗੂ ਤੇ ਕੱਟੜ ਹਿੰਦੂ ਪੁਜਾਰੀ ਇਹ ਦੋਵੇਂ ਹੀ ਸਿੱਖੀ ਦੇ
ਨਿਵੇਕਲੇ ਸਿਧਾਂਤ ਦੀ ਵਿਰੋਧਤਾ ਕਰਦੇ ਨਜ਼ਰ ਆਉਂਦੇ ਹਨ।
ਸ਼ਹੀਦੀਆਂ ਦੇ ਪਰਵਾਹ ਪਿੱਛੇ ਮਕਸਦ ਇਕੋ ਹੈ ਕਿ ਹਰ ਮਨੁੱਖ ਆਤਮਕ, ਸਮਾਜਕ ਤੇ ਧਾਰਮਕ ਅਜ਼ਾਦੀ ਦਾ
ਨਿੱਘ ਮਾਣ ਸਕੇ। ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੇ ਸਿੱਖ ਸਿਧਾਂਤ ਦੀ ਪ੍ਰਪੱਕਤਾ ਵਾਲੀ
ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ ਜਿਹੜੀ ਦੁਨੀਆਂ ਦੇ ਇਤਿਹਾਸ ਵਿਚੋਂ ਨਹੀਂ ਮਿਲਦੀ। ਬਾਬਾ ਬੰਦਾ
ਸਿੰਘ ਜੀ ਬਹਾਦਰ ਦੇ ਪੱਟਾਂ `ਤੇ ਪਏ ਚਾਰ ਸਾਲ ਦੇ ਬੇਟੇ ਨੂੰ ਜਦੋਂ ਸ਼ਹੀਦ ਕੀਤਾ ਜਾਂਦਾ ਹੈ ਤਾਂ
ਮਨੁੱਖੀ ਇਤਿਹਾਸ ਵਿੱਚ ਇੱਕ ਵੱਖਰੀ ਪੈੜ ਕਾਇਮ ਹੁੰਦੀ ਹੈ।
ਸਿੱਖੀ ਦਾ ਨਿਵੇਕਲਾਪਨ—
ਭਾਰਤੀ ਲੋਕ ਸਦੀਆਂ ਤੋਂ ਗੁਲਾਮੀ ਵਾਲੀ ਜ਼ਿੰਦਗੀ ਜੀਊ ਰਹੇ ਸਨ। ਇਹਨਾਂ ਨੇ ਕਦੇ ਵੀ ਆਪਣੀ
ਅਜ਼ਾਦੀ ਸਬੰਧੀ ਸੋਚਿਆ ਨਹੀਂ ਸੀ। ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੇ ਮਰੀਆਂ ਹੋਈਆਂ ਰੂਹਾਂ ਵਿੱਚ
ਜਾਨ ਪਾਈ, ਨਵੀ ਸੋਚ ਤੇ ਸਵੈਮਾਣ ਸਮਝਣ ਦਾ ਵਲ਼ ਸਮਝਾ ਦਿੱਤਾ। ਗੁਰਬਾਣੀ ਤੱਤ ਨੇ ਐਸੀ ਰੂਹ ਫੂਕੀ ਹੈ
ਕਿ ਬਾਣੀ ਪੜ੍ਹਨ ਸਮਝਣ ਵਾਲਿਆਂ ਨੇ ਖੰਡੇ ਦੀ ਧਾਰ `ਤੇ ਨੱਚ ਕਿ ਦਿਖਾ ਦਿੱਤਾ। ਦੁਨੀਆਂ ਦਾ ਕੋਈ
ਲਾਲਚ, ਲੋਭ ਇਸ ਦੀ ਵਿਚਾਰਧਾਰਾ ਨੂੰ ਥਿੜਕਾ ਨਾ ਸਕਿਆ।
ਹੋਲੇ ਮਹੱਲੇ ਵਰਗੇ ਤਿਉਹਾਰ ਨੂੰ ਮਾਨਸਕ ਤੇ ਸਰੀਰਕ ਤੌਰ `ਤੇ ਤਿਆਰੀ ਕਰਨ ਵਿੱਚ ਅਹਿਮ ਹਿੱਸਾ
ਪਉਂਦਾ ਨਜ਼ਰ ਆਉਂਦਾ ਹੈ। ਪ੍ਰੋ. ਮੋਹਨ ਸਿੰਘ ਦੀਆਂ ਇਹ ਸਤਰਾਂ ਬੜੀਆਂ ਭਾਵ ਪੂਰਤ ਹਨ
ਉਹ ਕਿਹੜਾ ਬੂਟਾ ਏ, ਹਰ ਥਾਂ ਜੋ ਪਲਦਾ ਏ।
ਜਿੱਥੇ ਵੀ ਲਾ ਦਈਏ ਓੱਥੇ ਹੀ ਫਲਦਾ ਏ।
ਇਹ ਸਿਰੜੀ ਸਿਧਾਂਤ ਹੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਇੱਕ ਨੌਜਵਾਨ ਕਹਿੰਦਾ ਹੈ, ਕਿ
“ਮੇਰੀ ਮਾਂ ਝੂਠ ਬੋਲਦੀ ਹੈ ਮੈਂ ਤਾਂ ਕਲਗੀਆਂ ਵਾਲ਼ੇ ਦਾ ਸਿੱਖ ਹਾਂ”। ਮਲੇਰ ਕੋਟਲੇ ਨੇੜੇ ਨਾਮਧਾਰੀ
ਨੋਜਵਾਨ ਇੱਟਾਂ ਥੱਲੇ ਰੱਖ ਕੇ ਆਪਣਾ ਕੱਦ ਤੋਪ ਦੇ ਬਰਾਬਰ ਕਰਦਾ ਹੋਇਆ ਇਤਿਹਾਸ ਵਿੱਚ ਚਮਕਦਾ ਹੈ।
ਨੌਜਵਾਨ ਭਾਈ ਹਕੀਕਤ ਸਿੰਘ ਨੂੰ ਮੌਲਵੀ ਵਲੋਂ ਮੌਤ ਦਾ ਡਰ ਖੜਾ ਕਰਨ `ਤੇ ਆਪਣੇ ਅਕੀਦੇ ਤੋਂ ਜ਼ਰਾ ਵੀ
ਟੇਢਾ ਨਹੀਂ ਹੋਣ ਦੇਂਦਾ। ਕਾਲ਼ੇ ਪਾਣੀਆਂ ਦੀਆਂ ਸਜਾਵਾਂ ਜੇਲ੍ਹਾਂ ਦੇ ਕਸ਼ਟ ਸਿੰਘਾਂ ਦੇ ਜਨੂੰਨ
ਸਾਹਮਣੇ ਹਾਰਦੇ ਪਰਤੱਖ ਦਿਸਦੇ ਹਨ।
ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਜਾਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘਾਂ ਆਦਿ ਮਹਾਨ ਸਿੰਘਾਂ
ਦੇ ਸਾਹਮਣੇ ਦੁਸ਼ਮਣ ਦਾ ਜਲਾਦਪੁਣਾ ਪੂਰੀ ਤਰ੍ਹਾਂ ਹਾਰਦਾ ਹੈ। ਇਸ ਸਾਰੀ ਭਾਵਨਾ ਪਿੱਛੇ ਗੁਰੂ ਨਾਨਕ
ਸਾਹਿਬ ਜੀ ਦਾ ਉਕਰਿਆ ਹੋਇਆਂ ਫਲਸਫਾ, ਸਿਧਾਂਤ ਤੇ ਸ਼ਹੀਦੀਆਂ ਵਾਲੀਆਂ ਪੈੜਾਂ ਹਨ ਜਿਹੜੀਆਂ ਸਿੱਖੀ
ਦਾ ਜਨੂਨ ਕਦੇ ਮਧਮ ਨਹੀਂ ਪੈਣ ਦੇਂਦੀਆਂ।
ਸਿੱਖੀ ਸਿਧਾਂਤ ਨੂੰ ਬਚਾਉਣ ਦਾ ਸਮਾਂ ਆਇਆ—
ਸਮੇਂ ਸਮੇਂ ਸਿੰਘਾਂ ਨੂੰ ਆਪਣੀ ਪੜਚੋਲ ਕਰਨ ਦਾ ਵੀ ਸਮਾਂ ਬਣਦਾ ਆਇਆ ਹੈ। ਜਦੋਂ ਖਾਲਸੇ ਨੂੰ
ਨਵਾਬੀ ਮਿਲਦੀ ਹੈ ਤਾਂ ਖਾਲਸਾ ਆਪਣੇ ਆਪ ਨੂੰ ਮਜਬੂਤ ਕਰਨ ਲਈ ਪੂਰੀ ਨੀਤੀ ਵਰਤਦਾ ਹੈ। ਜੇ
ਘੱਲੂਘਾਰਿਆਂ ਵਿੱਚ ਦੁਸ਼ਮਣ ਨਾਲ ਲੋਹਾ ਲਿਆ ਹੈ ਤਾਂ ਅੱਗੇ ਹੋ ਹੋ ਕੇ ਸ਼ਹਾਦਤਾਂ ਦਿੱਤੀਆਂ ਹਨ।
ਮਹਾਂਰਾਜਾ ਰਣਜੀਤ ਸਿੰਘ ਜੀ ਨੇ ਇਤਿਹਾਸਕ ਅਸਥਾਨਾਂ ਨੂੰ ਸੰਭਾਲਣ ਲਈ ਜਗੀਰਾਂ ਲਗਾਈਆਂ ਤਾਂ ਕਿ ਇਹ
ਸਾਡੇ ਕੌਮੀ ਅਦਾਰੇ ਬਣ ਕੇ ਕੌਮ ਦੀ ਨਿਗਰ ਸੇਵਾ ਕਰਨ ਦੇ ਸਮਰੱਥ ਹੋਣ। ਉਸ ਦੀ ਮਨਸਾ ਸੀ ਕਿ ਇਹਨਾਂ
ਅਦਾਰਿਆਂ ਨੂੰ ਕਿਸੇ ਦੇ ਮੁਥਾਜ ਨਾ ਹੋਣਾ ਪਵੇ। ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਚਲੇ ਜਾਣ
ਉਪਰੰਤ ਸਿੱਖ ਸਿਧਾਂਤ ਨੂੰ ਬਚਾਉਣ ਲਈ ਸਿੱਖ ਵਿਦਵਾਨਾਂ ਵਲੋਂ ਜ਼ੋਰ-ਸ਼ੋਰ ਨਾਲ ਉਪਰਾਲੇ ਸ਼ੁਰੂ ਕੀਤੇ।
ਗੁਰਦੁਆਰਿਆਂ ਵਿੱਚ ਵੀ ਕੁੱਝ ਅਜੇਹੇ ਪੁਜਾਰੀ ਪੈਦਾ ਹੋ ਗਏ ਜਿਹੜੇ ਸਿੱਖ ਸਿਧਾਂਤ ਨੂੰ ਬਿੱਪਰੀ
ਰੰਗਤ ਵਿੱਚ ਹੀ ਪੇਸ਼ ਕਰ ਰਹੇ ਸਨ। ਇਸ ਸਮੇਂ ਸਿੰਘ ਸਭਾ ਲਹਿਰ ਹੋਂਦ ਵਿੱਚ ਆਈ ਜਿਸ ਨੇ ਸਿੱਖੀ
ਸਿਧਾਂਤ `ਤੇ ਕੰਮ ਕੀਤਾ। ਇਹ ਉਹ ਸਮਾਂ ਸੀ ਜਦੋਂ ਭਾਰਤ ਦੀ ਅਜ਼ਾਦੀ ਲਈ ਇੱਕ ਲਹਿਰ ਚੱਲ ਰਹੀ ਸੀ।
ਮੁਲਕ ਦੀ ਅਜ਼ਾਦੀ ਦੀ ਲਹਿਰ ਦਾ ਜ਼ਿਆਦਾ ਬੀੜਾ ਪੰਜਾਬ ਦੇ ਸੂਰਬੀਰ ਬਹਾਦਰਾਂ ਦੇ ਹੀ ਹਿੱਸੇ ਆਉਂਦਾ
ਹੈ। ਅਸਲ ਵਿੱਚ ਇਹ ਆਪਣੇ ਖਾਲਸਾ ਰਾਜ ਭਾਗ ਦੀ ਤੜਪ ਤੇ ਉਸ ਦੀ ਪ੍ਰਾਪਤੀ ਲਈ ਹੀ ਸ਼ੰਘਰਸ਼ ਕਰ ਰਹੇ
ਸਨ। ਇਹਨਾਂ ਦੇ ਮਨ ਵਿੱਚ ਖਾਲਸਾ ਰਾਜ ਹੀ ਉਕਰਿਆ ਹੋਇਆ ਸੀ।
ਭਾਰਤੀ ਇਤਿਹਾਸ ਵਿੱਚ ਭਾਰਤੀ ਕਾਂਗਰਸ ਅਜ਼ਾਦੀ ਲਈ ਕੰਮ ਕਰਦੀ ਨਜ਼ਰ ਆਉਂਦੀ ਹੈ ਪਰ ਇਸ ਦੇ ਸੰਚਾਲਕਾਂ
ਦੇ ਹਿਰਦੇ ਦੀ ਤਹਿ ਵਿੱਚ ਹਿੰਦੂਤਵ ਭਰਿਆ ਹੋਇਆ ਸੀ। ਅੱਗੇ ਜਾ ਕੇ ਇਸ ਲਹਿਰ ਦੀਆਂ ਦੋ ਲਹਿਰਾਂ ਬਣ
ਗਈਆਂ। ਇਹਨਾਂ ਵਿਚੋਂ ਇੱਕ ਲਹਿਰ ਖੁਲ਼੍ਹ ਕੇ ਹਿੰਦੂਤਵ ਲਈ ਕੰਮ ਕਰ ਰਹੀ ਸੀ। ਅਸਲ ਦੋਹਾਂ
ਜੱਥੇਬੰਦੀਆਂ ਦੀ ਅੰਦਰ ਮਨਸਾ ਹਿੰਦੂਤਵ ਰਾਜ-ਭਾਗ ਦੀ ਪ੍ਰਮੁਖਤਾ ਹੀ ਛਾਈ ਹੋਈ ਸੀ। ਇਹਨਾਂ ਦੇ
ਸਾਹਮਣੇ ਜਦੋਂ ਘੱਟ ਗਿਣਤੀ ਕੌਮ ਆਪਣੇ ਕੌਮੀ ਹਿੱਤਾਂ ਦੀ ਗੱਲ ਕਰਦੀ ਸੀ ਤਾਂ ਉਸ ਨੂੰ ਦੇਸ਼ ਧਰੋਈ
ਸਮਝਿਆ ਜਾਂਦਾ ਸੀ ਕਿ ਹਾਂ ਹਾਂ ਇਹ ਮੁਲਕ ਦੀ ਅਜ਼ਾਦੀ ਦੀ ਗੱਲ ਨਹੀਂ ਕਰਦੇ।
ਸਿੰਘ ਸਭਾ ਲਹਿਰ ਨੇ ਜਦੋਂ ਸਿੱਖੀ ਸਿਧਾਂਤ ਦਾ ਬੀੜਾ ਚੁੱਕਿਆ ਤਾਂ ਇਸ ਪ੍ਰਤੀ ਵੀ ਇਹ ਕਹਿਣਾ ਸ਼ੁਰੂ
ਕਰ ਦਿੱਤਾ ਕਿ ਇਹ ਅੰਗਰੇਜ਼ਾਂ ਦੇ ਵਿਰੋਧ ਵਿੱਚ ਕਿਉਂ ਨਹੀਂ ਲੜ੍ਹ ਰਹੇ। ਅੱਜ ਤੀਕ ਵੀ ਅਜੇਹੇ ਬੋਲ
ਅਕਸਰ ਬੋਲੇ ਜਾਂਦੇ ਹਨ। ਅਸਲ ਵਿੱਚ ਸਿੰਘ ਸਭਾ ਦਾ ਇਕੋ ਮੁੱਦਾ ਸੀ ਕਿ ਅਸਾਂ ਸਿੱਖ ਵਿਚਾਰਧਾਰਾ
ਪ੍ਰਚਾਰਨ-ਪ੍ਰਸਾਰਨ ਲਈ ਹੀ ਕੰਮ ਕਰਨਾ ਹੈ। ਇਸ ਦਾ ਅਰਥ ਇਹ ਨਹੀਂ ਕਿ ਇਹਨਾਂ ਦੇ ਮਨ ਵਿੱਚ ਆਪਣੇ
ਸਿੱਖ ਰਾਜ ਦੀ ਪ੍ਰਾਪਤੀ ਦੀ ਚਾਹਨਾ ਨਹੀਂ ਸੀ। ਇਹਨਾਂ ਦਾ ਇਕੋ ਮਕਸਦ ਸੀ ਕਿ ਜੇ ਆਪਣਾ ਰਾਜ ਭਾਗ ਆ
ਵੀ ਜਾਂਦਾ ਹੈ ਤਾਂ ਸਾਡਾ ਸਿੱਖੀ ਦੇ ਨਿਰਮਲ ਪੰਥ ਦੀ ਸਿਧਾਂਤਕ ਪਕੜ ਜ਼ਰੂਰ ਹੋਣੀ ਚਾਹੀਦੀ ਹੈ। ਬਹੁਤ
ਵਾਰੀ ਅਸੀਂ ਕਈ ਅਜੇਹੇ ਵਿਦਵਾਨਾਂ ਪਾਸੋਂ ਇਹ ਵੀ ਸੁਣਦੇ ਹਾਂ ਕਿ ਸਿੰਘ ਸਭੀਏ ਅੰਗਰੇਜ਼ਾਂ ਦੇ
ਵਿਰੁੱਧ ਕਿਉਂ ਨਹੀਂ ਲਾਮਬੰਦ ਹੋਏ? ਅਸਲ ਵਿੱਚ ਸਿੰਘ ਸਭਾ ਲਹਿਰ ਦੇ ਇਹਨਾਂ ਵਿਦਵਾਨ ਲੋਕਾਂ ਨੇ
ਸਿੱਖ ਸਿਧਾਂਤ ਨੂੰ ਪੱਕਿਆਂ ਕਰਨ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਹੈ। ਚੀਫ਼ ਖਾਲਸਾ ਦੀਵਾਨ ਨੇ ਸਿੱਖ
ਵਿਦਿਆਕ ਕਾਨਫ੍ਰੰਸਾਂ ਕਰ ਕਰ ਕੇ ਸਿੱਖੀ ਵਿੱਚ ਨਵੀਂ ਚੇਤੰਤਾ ਪੈਦਾ ਕੀਤੀ। ਇਸ ਵਿੱਚ ਕੋਈ ਦੋ ਰਾਏ
ਨਹੀਂ ਹਨ ਚੀਫ਼ ਖਾਲਸਾ ਦੀਵਾਨ ਨੇ ਵਿਦਿਆ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।
ਹਾਂ ਮੌਜੂਦਾ ਦੌਰ ਵਿੱਚ ਉਹਨਾਂ ਜੱਥੇਬੰਦੀਆਂ ਦੀ ਸ਼ਨਾਖ਼ਤ ਜ਼ਰੂਰ ਹੋਣੀ ਚਾਹੀਦੀ ਹੈ ਜਿੰਨ੍ਹਾਂ ਨੇ
ਸਰਕਾਰ ਕੋਲੋਂ ਲਾਭ ਤਾਂ ਪ੍ਰਾਪਤ ਕੀਤੇ ਪਰ ਸਿੱਖ ਸਿਧਾਂਤ ਦੀ ਗੱਲ ਨਹੀਂ ਕੀਤੀ। ਅਜੇਹੀਆਂ
ਜੱਥੇਬੰਦੀਆਂ ਨੇ ਪ੍ਰਵਾਰਕ ਹਿੱਤ ਜ਼ਿਆਦਾ ਪਾਲ਼ੇ ਹਨ। ਅਜੇਹੀਆਂ ਕੱਚ-ਪਿੱਲੀਆਂ ਜੱਥੇਬੰਦੀਆਂ ਨੇ ਸਿੱਖ
ਸਿਧਾਂਤ ਨਾਲ ਦਿਨ ਦੀਵੀਂ ਧਰੋਅ ਕਮਾਇਆ ਹੈ। ਅਜੇਹੀਆਂ ਸੰਸਥਾਵਾਂ ਨੇ ਸਹਿਜੇ ਹੀ ਬਿੱਪਰੀ ਮਤ ਦੀ
ਬੁੱਕਲ਼ ਮਾਰ ਲਈ ਹੋਈ ਹੈ।
ਮੁਲਕ ਅਜ਼ਾਦਾ ਹੋਣ ਉਪਰੰਤ ਆਪਣੇ ਆਪ ਨੂੰ ਕਾਂਗਰਸ ਪਾਰਟੀ ਲੋਕ ਤੰਤਰੀ ਅਖਵਾਉਂਦੀ ਹੈ ਪਰ ਇਸ ਦਾ
ਮੁੱਖ ਉਦੇਸ਼ ਹਿੰਦੂਤਵ ਵਾਲਾ ਹੀ ਰਿਹਾ ਹੈ। ਸਿੱਖ ਕੌਮ ਨਾਲ ਕੀਤੇ ਵਾਅਦਿਆਂ ਤੋਂ ਸਾਫ਼ ਮੁਕਰਦਿਆਂ
ਹਿੰਦੂਤਵ ਦੇ ਮੰਤਵ ਨੂੰ ਮੁੱਖ ਰੱਖਦਿਆਂ ਸਿੱਖ ਕੌਮ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਣ ਲੱਗ
ਪਿਆ। ਸਰਕਾਰੀ ਅਤੇ ਗੈਰ ਸਰਕਾਰੀ ਮਾਧਿਆਮ ਵਲੋਂ ਸਿੱਖ ਭਾਈ ਚਾਰੇ ਨੂੰ ਦੇਸ਼ ਵਿਰੋਧੀ ਹੋਣ ਵਾਲਾ
ਮਹੌਲ ਪੈਦਾ ਕੀਤਾ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਨੁਮਾਇੰਦਾ ਜਮਾਤ ਵਜੋਂ ਉਗੜ ਕੇ ਸਾਹਮਣੇ ਆਉਂਦੀ ਹੈ।
ਇਸ ਦੇ ਮੈਂਬਰ ਅਕਸਰ ਸਿੱਖ ਸਿਧਾਂਤ ਦੀ ਗੱਲ ਕਰਿਆ ਕਰਦੇ ਸਨ। ਅੱਜ ਇਸ ਦੇ ਮੈਂਬਰਾਂ ਨੂੰ ਰਾਜਭਾਗ
ਦੀ ਅਜੇਹੀ ਪੁੱਠ ਚਾੜ੍ਹੀ ਗਈ ਕਿ ਇਹ ਆਪਣੇ ਅਸਲੀ ਸਿੱਖ ਸਿਧਾਂਤ ਸੰਭਾਲਣ ਦੀ ਥਾਂ `ਤੇ ਜੋੜ ਤੋੜ ਦੀ
ਰਾਜਨੀਤੀ ਵਿੱਚ ਫਸ ਕੇ ਰਹਿ ਗਏ ਹਨ। ਮੌਜੂਦਾ ਸ਼੍ਰੋਮਣੀ ਕਮੇਟੀ ਦੇ ਬਹੁਤੇ ਮੈਂਬਰਾਂ ਨੂੰ ਸਿੱਖ
ਸਿਧਾਂਤ ਤੇ ਬਿੱਪਰੀ ਮਤ ਵਿੱਚ ਕੋਈ ਫਰਕ ਹੀ ਨਜ਼ਰ ਨਹੀਂ ਆ ਰਿਹਾ ਹੈ। ਇਹ ਆਪਣੇ ਆਕਾ ਦੀ ਹੀ ਹਾਂ
ਵਿੱਚ ਹਾਂ ਮਿਲਾਉਂਣ ਵਿੱਚ ਭਲਾ ਸਮਝਦੇ ਹਨ
ਕੇਂਦਰੀ ਸਰਕਾਰ ਦੀ ਬੇ-ਵਫ਼ਾਈ ਕਰਕੇ ਸਿੱਖ ਕੌਮ ਨੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਮੋਰਚਾ
ਲਗਾਇਆ। ਜਦੋਂ ਕੇਂਦਰੀ ਸਰਕਾਰ ਨੇ ਕੋਈ ਹੱਥ ਪੱਲਾ ਨਾ ਫੜਾਇਆ ਤਾਂ ਇਹ ਮੋਰਚਾ ਆਪਣੇ ਹੱਕਾਂ ਲਈ
ਜਦੋ-ਜਹਿਦ ਕਰਦਾ ਹੋਇਆ ਤੱਤੇ ਸਘੰਰਸ਼ ਵਿੱਚ ਤਬਦੀਲ ਹੋ ਗਿਆ। ਜਿਸ ਦਾ ਨਤੀਜਾ ਸ਼ਹੀਦੀਆਂ ਵਿੱਚ ਬਦਲ
ਗਿਆ। ਸਮੇਂ ਦੀਆਂ ਸਰਕਾਰਾਂ ਨੇ ਸਿੱਖ ਨੌਜਵਾਨੀ ਨੂੰ ਕੋਹ ਕੋਹ ਕੇ ਮਾਰਿਆ ਹੈ ਪਰ ਇਹਨਾਂ ਸ਼ਹੀਦੀਆਂ
ਦਾ ਲਾਭ ਅਕਾਲੀ ਦਲ ਦੇ ਕੁੱਝ ਪਰਵਾਰਾਂ ਤੱਕ ਸੀਮਤ ਹੋ ਕਿ ਰਹਿ ਗਿਆ ਹੈ। ਕੌਮ ਦੇ ਪੱਲੇ ਇਨ੍ਹਾਂ
ਲੀਡਰਾਂ ਵਲੋਂ ਨਿਰਾਸ਼ਾ ਹੀ ਮਿਲੀ ਹੈ। ਸਾਰੇ ਭਾਰਤ ਵਿੱਚ ਸਿੱਖਾਂ `ਤੇ ਅਥਾਹ ਜ਼ੁਲਮ ਦੀ ਹਨੇਰੀ
ਝੁੱਲੀ ਇਸ ਦੀ ਮਾਰ ਹੇਠ ਬਹੁਤ ਪਰਵਾਰ ਆਏ ਪਰ ਪ੍ਰਾਪਤੀ ਕੁੱਝ ਵੀ ਨਹੀਂ ਹੋਈ। ਸਿੱਖਾਂ ਨੇ ਭਾਰਤ
ਵਿੱਚ ਰਹਿੰਦਿਆਂ ਆਪਣੀਆਂ ਹੱਕੀ ਮੰਗਾਂ ਮੰਗੀਆਂ ਤਾਂ ਸਰਕਾਰ ਵਲੋਂ ਦੇਸ਼ ਧਿਰੋਹੀ, ਅੱਤਵਾਦ, ਰਾਸ਼ਟਰ
ਨੂੰ ਖਤਰਾ ਦੱਸਿਆ ਗਿਆ ਅਤੇ ਸਿੱਖਾਂ ਵਲੋਂ ਵੱਖਰੇ ਦੇਸ਼ ਦੀ ਮੰਗ ਕਹਿ ਬਦਨਾਮ ਕਰਨ ਵਿੱਚ ਕੋਈ ਕਸਰ
ਨਹੀਂ ਛੱਡੀ। ਅਜੇਹਾ ਕਰਕੇ ਭਾਰਤੀ ਲੀਡਰਾਂ ਨੇ ਬਹੁ ਗਿਣਤੀ ਹਿੰਦੂਆਂ ਦੀਆਂ ਵੋਟਾਂ ਪ੍ਰਾਪਤ ਕੀਤੀਆਂ
ਹਨ।
ਸਮਾਂ ਆਪਣੀ ਰਫ਼ਤਾਰ ਨਾਲ ਚੱਲਦਾ ਰਿਹਾ। ਹੌਲ਼ੀ ਹੌਲ਼ੀ ਸਿੱਖੀ ਵਿੱਚ ਅਜੇਹੇ ਵਿਚਾਰ ਪੈਦਾ ਕੀਤੇ ਗਏ
ਜਿਹੜੇ ਸਿੱਖ ਸਿਧਾਂਤ ਨੂੰ ਵੱਡਾ ਖੋਰਾ ਲੱਗਾਉਣ ਲੱਗ ਪਏ। ਨਤੀਜਾ ਇਹ ਨਿਕਲਿਆ ਕਿ ਗੁਰੂ ਗ੍ਰੰਥ
ਸਾਹਿਬ ਜੀ ਦੇ ਬਰਾਬਰ ਬਚਿੱਤ੍ਰ ਨਾਟਕ ਵਰਗੇ ਗ੍ਰੰਥ ਦਾ ਵੀ ਪ੍ਰਕਾਸ਼ ਕਰਾ ਦਿੱਤਾ ਗਿਆ। ਅਜੇਹੇ ਸਮੇਂ
ਵਿੱਚ ਸਿੱਖੀ ਵਿਚਾਰਧਾਰਾ ਨੂੰ ਲੀਹ ਤੋਂ ਲਹੁੰਣ ਲਈ ਡੇਰਵਾਦ ਦੀ ਬਿਰਤੀ ਨੂੰ ਪੂਰਾ ਉਭਾਰਿਆ ਗਿਆ ਤੇ
ਸਾਡੇ ਜੱਥੇਦਾਰਾਂ ਨੇ ਇਹਨਾਂ ਸਾਧਾਂ ਦਿਆਂ ਸਮਾਗਮਾਂ ਦੀ ਹਾਜ਼ਰੀ ਭਰ ਕੇ ਸਿੱਖ ਸਿਧਾਂਤ ਦੀ ਰਹਿੰਦੀ
ਕਸਰ ਵੀ ਕੱਢ ਦਿੱਤੀ।
ਗਿਆਨੀ ਪ੍ਰਤਾਪ ਸਿੰਘ ਸਾਬਕਾ ਜੱਥੇਦਾਰ ਜਿੰਨ੍ਹਾਂ ਨੇ ਸਾਰੀ ਜ਼ਿੰਦਗੀ ਸਿੱਖ ਸਿਧਾਂਤ `ਤੇ ਪਹਿਰਾ
ਦਿੱਤਾ ਅਤੇ ਉਹਨਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਈ ਪਰਚਾਰਕ ਪੈਦਾ ਹੋਏ ਪਰ ਉਹਨਾਂ ਨੂੰ ਮਾਰ
ਦੇਣ ਨਾਲ ਸਿੱਖ ਸਿਧਾਂਤ ਨੂੰ ਹੀ ਖੋਰਾ ਲੱਗਿਆ। ਸਿੱਖੀ ਵਿਚਾਰਧਾਰਾ ਬਿੱਪਰੀ ਮਤ ਤੋਂ ਮੁਕਤੀ
ਦਿਵਾਉਂਦੀ ਹੈ ਪਰ ਸਾਡੇ ਦੇਸ ਵਿਦੇਸ ਦੇ ਬਹੁਤੇ ਗੁਰਦੁਅਰਿਆਂ ਵਿੱਚ ਪੂਰੀ ਤਰ੍ਹਾਂ ਬਿੱਪਰੀ
ਵਿਚਾਧਾਰਾ ਲਾਗੂ ਹੈ। ਜਿੰਨੇ ਵੀ ਵੱਡੇ ਗੁਰਦੁਆਰੇ ਹਨ ਉਹਨਾਂ ਵਿੱਚ ਸਿੱਖੀ ਸਿਧਾਂਤ ਦਾ ਪ੍ਰਚਾਰ
ਕਰਨ ਦੀ ਥਾਂ `ਤੇ ਬਿੱਪਰੀ ਮਤ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਹੇਠ ਮੰਜੀ ਸਾਹਿਬ ਅੰਮ੍ਰਿਤਸਰ ਤੋਂ ਜੋ ਸ਼ਬਦ ਦੀ ਵਿਚਾਰ ਜਾਂ
ਸਿੱਖੀ ਵਿਚਾਰਧਾਰਾ ਦੱਸੀ ਜਾ ਰਹੀ ਹੈ ਉਸ ਵਿਚੋਂ ਸਿੱਖ ਸਿਧਾਂਤ ਹਮੇਸ਼ਾਂ ਗਾਇਬ ਹੁੰਦਾ ਹੈ। ਥੋੜੇ
ਪ੍ਰਚਾਰਕ ਛੱਡ ਕੇ ਜ਼ਿਆਦਾਤਰ ਸਨਾਤਨੀ ਮਤ ਦੀ ਹੀ ਵਿਆਖਿਆ ਕਰ ਰਹੇ ਹੁੰਦੇ ਹਨ। ਏੱਥੇ ਕਥਾ ਕਰਨ ਵਾਲੇ
ਕਈ ਪਰਚਾਰਕ ਸਿੱਖੀ ਦੇ ਨਿਰਮਲ ਪੰਥ ਤੇ ਬਿੱਪਰੀ ਮਤ ਵਿੱਚ ਕੋਈ ਵਖੇਰੇਵਾਂ ਨਹੀਂ ਸਮਝਦੇ। ਗੁਰਦੁਆਰਾ
ਬੰਗਲ਼ਾ ਸਹਿਬ ਤੋਂ ਚਲ ਰਹੀ ਕਥਾ ਸਬੰਧੀ ਵਿਚਾਰ ਕਰੀਏ ਤਾਂ ਓੱਥੋਂ ਸ਼ਬਦ ਦੀ ਵਿਚਾਰ ਘੱਟ ਤੇ ਹਿੰਦੂਤਵ
ਦੀ ਵਿਚਾਰ ਜ਼ਿਆਦਾ ਪਰੋਸੀ ਜਾ ਰਹੀ ਹੈ। ਪਿੱਛਲੇ ਕੁੱਝ ਸਮੇਂ ਤੋਂ ਸਿਧਾਂਤਕ ਪ੍ਰਚਾਰਕਾਂ ਨੂੰ ਸ਼ਬਦ
ਦੀ ਵਿਚਾਰ ਕਰਨ ਦਾ ਕਦੇ ਮੌਕਾਂ ਨਹੀਂ ਦਿੱਤਾ ਗਿਆ। ਉਨ੍ਹਾਂ ਪ੍ਰਚਾਰਕਾਂ ਨੂੰ ਬੜ੍ਹਾਵਾ ਦਿੱਤਾ ਗਿਆ
ਹੈ ਜਿੰਨ੍ਹਾਂ ਦੀ ਗੁਰਮਤ ਸਿਧਾਂਤ ਦੀ ਥਾਂ `ਤੇ ਬਿੱਪਰੀ ਸੋਚ ਦੀ ਪਾਣ ਚੜ੍ਹੀ ਹੋਈ ਹੈ।
ਦੇਸ-ਵਿਦੇਸ ਦੇ ਗੁਰਦੁਆਰੇ
ਭਾਈ ਸੰਤ ਸਿੰਘ ਮਸਕੀਨ ਨੇ ਦੇਸ-ਵਿਦੇਸ ਦੇ ਗੁਰਦੁਆਰੇ ਤੇ ਪ੍ਰਬੰਧਕੀ ਢਾਂਚੇ ਸਬੰਧੀ ਖੁਲ੍ਹ ਕਿ
ਵਿਸ਼ਲੇਸ਼ਨ ਕੀਤਾ ਹੈ। ਥੋੜੇ ਗੁਰਦੁਆਰੇ ਛੱਡ ਕਿ ਦੇਸ-ਵਿਦੇਸ ਦੇ ਜ਼ਿਆਦਾ ਗੁਰਦੁਆਰੇ ਸਿੱਖ ਸਿਧਾਂਤ
ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਚੁੱਕੇ ਹਨ। ਇਹਨਾਂ ਗੁਰਦੁਆਰਿਆਂ ਵਿੱਚ ਅਖੰਡਪਾਠਾਂ ਦੀਆਂ ਲੜੀਆਂ
ਸੁਖਮਨੀ ਦੀਆਂ ਲੜੀਆਂ, ਜੋਤਾਂ ਜਗਾਉਣੀਆਂ ਦੁਪਹਿਰੇ, ਚੁਪਹਿਰੇ ਅਤੇ ਸ਼ਬਦ ਕੀਰਤਨ ਛੱਡ ਕੇ ਕੇਵਲ
ਵਾਹਗੁਰੂ ਵਾਹਗੁਰੂ ਕਰਨ ਲਈ ਪੂਰਾ ਸਮਾਂ ਨਿਸਚਤ ਕੀਤਾ ਹੋਇਆ ਹੈ। ਕੀ ਇਹ ਸਿੱਖ ਸਿਧਾਂਤ ਹੈ?
ਦੁਖਾਂਤ ਇਸ ਗੱਲ ਦਾ ਹੈ ਕਿ ਇਹਨਾਂ ਗੁਰਦੁਆਰਿਆਂ ਵਿੱਚ ਗੁਰਬਾਣੀ ਸਿਧਾਂਤ ਦਾ ਪਰਚਾਰ ਕਰਨ ਵਾਲੇ
ਰਾਗੀਆਂ, ਢਾਡੀਆਂ ਤੇ ਕਥਾ ਵਾਚਕਾਂ ਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ। ਇਸ ਦਾ ਸਭ ਤੋਂ ਵੱਡਾ
ਕਾਰਨ ਪ੍ਰਬੰਧਕੀ ਢਾਂਚੇ `ਤੇ ਆਉਂਦਾ ਹੈ। ਬਹੁਤੇ ਪ੍ਰਬੰਧਕ ਵੀ ਸਿੱਖ ਸਿਧਾਂਤ ਤੇ ਬਿੱਪਰੀ
ਵਿਚਾਰਧਾਰਾ ਵਿੱਚ ਭੋਰਾ ਫਰਕ ਨਹੀਂ ਸਮਝ ਰਹੇ।
ਸਿੱਖੀ ਪਹਿਰਾਵੇ ਵਿੱਚ ਅਜੇਹੀ ਸੋਚ ਭਾਰੂ ਹੋ ਗਈ ਹੈ ਜਿਹੜੀ ਕੇਵਲ ਬਾਹਰਲੇ ਪਹਿਰਾਵੇ ਤੱਕ ਸੀਮਤ ਹੋ
ਕੇ ਰਹਿ ਗਈ ਹੈ। ਸਿਧਾਂਤਕ ਵਿਚਾਰਧਾਰਾ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਗਈ ਹੈ। ਅਜੇਹੇ ਗੁਰਦੁਆਰੇ
ਬਿੱਪਰੀ ਮਤ ਵਾਲੇ ਫਰਕ ਨੂੰ ਸਮਝਣ ਲਈ ਤਿਆਰ ਨਹੀਂ ਹਨ।
ਮਿਤੀ ੨੪-੧-੨੦੧੮ ਨੂੰ ਯੂ ਕੇ ਵਿੱਚ ਸਿੱਖ ਚੈਨਲ ਟੀਵੀ `ਤੇ ਭਾਈ ਸਰਬਜੀਤ ਸਿੰਘ ਧੂੰਦਾ ਦੀ ਕਥਾ
ਲਾਈਵ ਦਿਖਾਈ ਗਈ ਤਾਂ ਕੁੱਝ ਲੋਕਾਂ ਨੇ ਸਿੱਖ ਚੈਨਲ ਦੇ ਬਾਹਰ ਧਰਨਾ ਦਿੱਤਾ ਕਿ ਅੱਗੇ ਤੋਂ ਭਾਈ
ਸਰਬਜੀਤ ਸਿੰਘ ਧੂੰਦਾ ਦੀ ਕਦੇ ਵੀ ਕਥਾ ਦਾ ਪ੍ਰੋਗਰਾਮ ਨਾ ਦਿੱਤਾ ਜਾਏ। ਵਿਚਾਰੇ ਪ੍ਰਬੰਧਕਾਂ ਨੇ
ਉਹਨਾਂ ਨੂੰ ਭਰੋਸਾ ਦਿਵਾਇਆ ਕਿ ਅੱਗੇ ਤੋਂ ਅਜੇਹੀ ਅਵੱਗਿਆ ਨਹੀਂ ਹੋਏਗੀ। ਭਾਵ ਸਾਡੇ ਟੀ. ਵੀ.
ਚੈਨਲ ਤੋਂ ਸਿਧਾਂਤਕ ਪਰਚਾਰਕਾਂ ਨੂੰ ਸਮਾਂ ਨਹੀਂ ਦਿੱਤਾ ਜਾਏਗਾ। ਇਹਨਾਂ ਲੋਕਾਂ ਨੂੰ ਲੱਚਰੀ ਗਾਇਕੀ
ਤੋਂ ਕੋਈ ਸਮੱਸਿਆ ਨਹੀਂ ਹੈ, ਪੰਜਾਬ ਵਿੱਚ ਰਾਧਾ ਸੁਆਮੀ, ਡੇਰੇਦਾਰਾਂ ਤੋਂ ਕੋਈ ਸਮੱਸਿਆ ਨਹੀਂ ਹੈ।
ਜੇ ਸਮੱਸਿਆ ਹੈ ਤਾਂ ਇਨ੍ਹਾਂ ਨੂੰ ਸਿੱਖ ਸਿਧਾਂਤ ਤੋਂ ਹੈ ਕਿ ਇਹ ਕਿਉਂ ਸਮਝਾਇਆ ਜਾ ਰਿਹਾ ਹੈ।
ਇਹਨਾਂ ਵੱਡਿਆਂ ਗੁਰਦੁਆਰਿਆਂ ਵਿੱਚ ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਸ਼ਰੇਆਮ ਮਨਾਈਆਂ ਜਾ
ਰਹੀਆਂ ਹਨ। ਜੋਤਾਂ ਜਗ੍ਹ ਰਹੀਆਂ ਹਨ ਪਰ ਇਹ ਗੁਰਦੁਆਰੇ ਸਿੱਖ ਸਿਧਾਂਤ ਤੋਂ ਪੂਰੀ ਤਰ੍ਹਾਂ ਪਾਸਾ
ਵੱਟ ਚੁੱਕੇ ਹਨ। ਹੋਰ ਤਾਂ ਹੋਰ ਸਿੱਖ ਸਿਧਾਂਤ ਦੀ ਪੂਰੀ ਤਰ੍ਹਾਂ ਜੜ੍ਹੀਂ ਤੇਲ ਦੇਂਦਿਆਂ ਰਾਮਦੇਵ
ਦੇ ਯੋਗਮੱਤ ਨੂੰ ਵੀ ਕਈ ਗੁਰਦੁਆਰਿਆਂ ਵਿੱਚ ਲਾਗੂ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ।
ਆਪਣੇ ਮੁਲਕ ਵਿੱਚ ਕਈ ਗੁਰਦੁਆਰਿਆਂ ਵਿੱਚ ਹਵਾਈ ਜਹਾਜ਼ ਜਾਂ ਘੋੜੇ ਚੜ੍ਹਾਏ ਜਾ ਰਹੇ ਹਨ ਕਿ ਅੱਖੇ
ਇੰਜ ਕਰਨ ਨਾਲ ਸਾਡਾ ਬਾਹਰਲੇ ਮੁਲਕ ਦਾ ਵੀਜ਼ਾ ਛੇਤੀ ਲੱਗ ਜਾਂਦਾ ਹੈ। ਸਦਕੇ ਜਾਈਏ ਅਜੇਹੇ ਪ੍ਰਬੰਧਕੀ
ਦੀ ਸੋਚ `ਤੇ। ਇਹਨਾਂ ਗੁਰਦੁਆਰਿਆਂ ਵਿੱਚ ਸੇਵਾ ਨਿਭਾਉਣ ਵਾਲੇ ਰਾਗੀ ਗ੍ਰੰਥੀਆਂ ਨੇ ਕਦੇ ਵੀ
ਵਿਰੋਧਤਾ ਵਿੱਚ ਨਹੀਂ ਆਉਂਦੇ। ਸਰਬ ਰੋਗ ਕਾ ਅਉਖਦ ਨਾਮ ਵਰਗੀਆਂ ਸੰਸਥਾਵਾਂ ਗੁਰਬਾਣੀ ਦੁਆਰਾ ਸਰੀਰਕ
ਰੋਗਾਂ ਨੂੰ ਦੂਰ ਕਰਕੇ ਹਸਪਤਾਲਾਂ ਵਿੱਚ ਨਾ ਜਣ ਦੀ ਸਲਾਹ ਦੇ ਰਹੇ ਹਨ।
ਨਿਸ਼ਾਨ ਸਾਹਿਬ ਜਾਂ ਗੁਰਦੁਆਰੇ ਦੇ ਫਰਸ਼ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਾਉਣਾ ਪੂਰੀ ਤਰ੍ਹਾਂ ਸਿੱਖ
ਸਿਧਾਂਤ ਤੋਂ ਪਾਸਾ ਵੱਟਣਾ ਹੈ। ਕੜਾਹ ਪ੍ਰਸ਼ਾਦ ਜਾਂ ਹੋਰ ਲੰਗਰ ਨੂੰ ਭੋਗ ਲਗਾਉਣ ਵਾਲੀ ਪ੍ਰਕ੍ਰਿਆ
ਕਰਨ ਨਾਲ ਤਾਂ ਸਾਡੇ ਡੇਰਿਆਂ ਵਾਲੇ ਮੰਦਰਾਂ ਨੂੰ ਵੀ ਪਿੱਛੇ ਛੱਡ ਗਏ ਹਨ। ਸਤਿਕਾਰ ਦੇ ਨਾਂ `ਤੇ
ਅਸੀਂ ਬੁੱਤ ਪੂਜਾ ਵਲ ਨੂੰ ਵੱਧ ਗਏ ਹਾਂ ਗੁਰਬਾਣੀ ਵਾਕ ਹੈ—
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਉਤਮ ਬਾਨੀ।।
ਗਾਵਿਆ ਸੁਣਿਆ ਤਿਨ ਕਾ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ।।
ਧਨਾਸਰੀ ਮਹਲਾ ੪ ਪੰਨਾ ੬੬੯
ਸਮੇਂ ਦੀ ਲੋੜ ਹੈ ਸਿੱਖ ਸਿਧਾਂਤ ਤੇ ਬਿੱਪਰੀ ਸਿਧਾਂਤ ਦੇ ਫਰਕ ਨੂੰ ਸਮਝਿਆ ਜਾਏ। ਸਮੁੱਚੇ
ਪ੍ਰਬੰਧਕ ਅਤੇ ਪ੍ਰਚਾਰਕ ਸ਼੍ਰੇਣੀ ਵਲੋਂ ਸਿੱਖ ਸਿਧਾਂਤ ਨੂੰ ਸਮਝਾਉਣ ਦਾ ਯਤਨ ਹੋਰ ਉਤਸ਼ਾਹ ਨਾਲ ਕਰਨ
ਦਾ ਯਤਨ ਕਰਨਾ ਚਾਹੀਦਾ ਹੈ।