. |
|
ਮਨ ਮੇਰਿਆ ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ ॥
ਭਾਈ ਗੁਰਦਾਸ ਨੇ ਦੋ ਗ੍ਰੰਥ ਲਿਖੇ ਹਨ,
ਜਿਨ੍ਹਾਂ ਵਿੱਚੋਂ ਇੱਕ ਗ੍ਰੰਥ ਵਿੱਚ ੬੭੫ ਕਬਿੱਤ ਅਤੇ ਦੂਜੇ ਵਿੱਚ ੪੦ ਵਾਰਾਂ ਸ਼ਾਮਲ ਹਨ। ੪੦ ਵਾਰਾਂ
ਵਾਲੇ ਗ੍ਰੰਥ ਦੇ ਅੰਤ ਵਿੱਚ ੪੧ਵੀਂ ਵਾਰ ਵੀ ਹੈ। ਇਹ ਵਾਰ ਗੁੰਮ ਨਾਮ ਭਾਈ ਗੁਰਦਾਸ ਦੂਜੇ ਦੀ ਲਿਖੀ
ਹੋਈ ਹੈ। ਇਸ ਵਾਰ ਵਿੱਚ ਗੁਰਮਤ ਵਿਰੋਧੀ ਵਿਚਾਰ ਦਿੱਤੇ ਹੋਏ ਹਨ|
ਗੁਰੂ ਨਾਨਕ ਸਾਹਿਬ ਅਤੇ ਯੋਗੀਆਂ ਵਿਚਕਾਰ ਕਈ ਵੀਚਾਰ ਗੋਸ਼ਟੀਆਂ ਹੋਈਆਂ। ਭਾਈ ਗੁਰਦਾਸ ਦੀ ਪਹਿਲੀ
ਵਾਰ ਦੀਆਂ ੪੯ ਪਉੜੀਆਂ ਹਨ। ੨੪ਵੀਂ, ੨੫ਵੀਂ, ੨੬ਵੀਂ ਅਤੇ ੨੭ਵੀਂ ਪਉੜੀ ਵਿੱਚ ਗੁਰੂ ਨਾਨਕ ਸਾਹਿਬ
ਦੇ ਪ੍ਰਚਾਰਿਕ ਦੌਰਿਆਂ ਅਤੇ ਉਸ ਵੇਲੇ ਦੇ ਧਾਰਮਿਕ ਹਾਲਾਤਾਂ ਦਾ ਵੇਰਵਾ ਹੈ। ੨੭ਵੀਂ, ੨੮ਵੀਂ,
੨੯ਵੀਂ, ੩੦ਵੀਂ ਅਤੇ ੩੧ਵੀਂ ਪਉੜੀ ਵਿੱਚ ਸੁਮੇਰ ਪਰਬਤ ਉੱਤੇ ਸਿੱਧਾਂ ਨਾਲ ਗੋਸ਼ਟੀ, ੩੨ਵੀਂ, ੩੩ਵੀਂ
ਅਤੇ ੩੪ਵੀਂ ਪਉੜੀ ਵਿੱਚ ਮੱਕੇ ਦੀ ਫੇਰੀ ਅਤੇ ਮੁਸਲਿਮ ਫਕੀਰਾਂ ਨਾਲ ਵੀਚਾਰਾਂ, ੩੫ਵੀਂ, ੩੬ਵੀਂ ਅਤੇ
੩੭ਵੀਂ ਪਉੜੀ ਵਿੱਚ ਬਗਦਾਦ ਦੀ ਫੇਰੀ ਅਤੇ ੩੮ਵੀਂ ਪਉੜੀ ਵਿੱਚ ਕਰਤਾਰਪੁਰ ਵਾਪਸੀ ਦਾ ਸੰਖੇਪ ਵੇਰਵਾ
ਮਿਲਦਾ ਹੈ। ੩੯ਵੀਂ, ੪੦ਵੀਂ, ੪੧ਵੀਂ, ੪੨ਵੀਂ, ੪੩ਵੀਂ ਅਤੇ ੪੪ਵੀਂ ਪਉੜੀ ਵਿੱਚ ਅਚੱਲ-ਬਟਾਲੇ ਵਿੱਚ
ਸਿੱਧਾਂ ਨਾਲ ਹੋਈ ਗੋਸ਼ਟੀ ਦਾ ਵੇਰਵਾ ਹੈ।
ਯੋਗ-ਮੱਤ ਬਹੁਤ ਪੁਰਾਣਾ ਮੱਤ ਹੈ। ਯੋਗੀ ਸ਼ਿਵਜੀ ਦੇ ਭਗਤ ਹਨ। ਸ਼ਿਵਜੀ ਨੂੰ ਇਹ ਮਹਾਂ ਯੋਗੀ ਅਤੇ ਸਭ
ਤੋਂ ਪਹਿਲਾ ਯੋਗੀ ਮੰਨਦੇ ਹਨ। ਯੋਗੀ ਭੈਰੋਂ ਦੀ ਪੂਜਾ ਭੀ ਕਰਦੇ ਹਨ। ਭੈਰੋਂ ਨੂੰ ਇਹ ਸ਼ਿਵਜੀ ਦਾ
ਅਵਤਾਰ ਮੰਨਦੇ ਹਨ। ਯੋਗੀ ਪਿੰਡਾਂ ਤੋਂ ਬਾਹਰ ਅਤੇ ਜੰਗਲ-ਬੇਲਿਆਂ ਆਦਿ ਵਿੱਚ ਰਹਿੰਦੇ ਹਨ। ਯੋਗੀ ਗਲ
ਵਿੱਚ ਰੁਦ੍ਰਾਖ ਦੀ ਮਾਲਾ ਅਤੇ ਕੰਨਾਂ ਨੂੰ ਪੜਵਾ ਕੇ ਲਕੜੀ, ਸ਼ੀਸ਼ੇ ਜਾਂ ਪੱਥਰ ਦੀਆਂ ਮੁੰਦਰਾਂ
ਪਾਉਂਦੇ ਹਨ। ਯੋਗੀ ਗਲ ਵਿੱਚ ਗੋਦੜੀ ਵੀ ਪਹਿਨਦੇ ਹਨ, ਹੱਥ ਵਿੱਚ ਡੰਡਾ ਰੱਖਦੇ ਹਨ ਅਤੇ ਪਿੰਡੇ ਤੇ
ਸੁਆਹ ਮਲ ਕੇ ਰੱਖਦੇ ਹਨ। ਯੋਗੀ ਆਪਣੇ ਕੋਲ ਇੱਕ ਬੰਸਰੀ ਰੱਖਦੇ ਹਨ ਜਿਸ ਨੂੰ ਇਕਾਂਤ ਵੇਲੇ ਵਜਾਉਂਦੇ
ਹਨ। ਯੋਗੀ ਰਿੱਧੀਆਂ-ਸਿੱਧੀਆਂ ਵਿੱਚ ਵੀ ਵਿਸ਼ਵਾਸ਼ ਰੱਖਦੇ ਹਨ।
ਅਚੱਲ-ਬਟਾਲੇ ਵਿੱਚ ਸਿੱਧਾਂ ਨਾਲ ਹੋਈ ਗੋਸ਼ਟੀ ਦਾ ਵੇਰਵਾ ਗੁਰੂ ਨਾਨਕ ਸਾਹਿਬ ਨੇ ‘ਸਿਧ ਗੋਸਟਿ’
ਨਾਮੀ ਬਾਣੀ ਵਿੱਚ ਦਿੱਤਾ ਹੈ। ਪੰਨਾਂ ੯੩੮-੩੯ ਤੇ ‘ਸਿਧ ਗੋਸਟਿ’ ਦੀ ੭ਵੀਂ ਪਉੜੀ ਵਿੱਚ ਸਿੱਧ ਆਪਣੇ
ਧਰਮ ਦੀ ਸਿਫ਼ਤ ਕਰਦੇ ਹਨ ਅਤੇ ਗੁਰੂ ਸਾਹਿਬ ਨੂੰ ਦੱਸਦੇ ਹਨ ਕਿ;
ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥
ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ ॥
ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ ॥
ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ ॥੭॥
ਪੰਨਾਂ ੯੩੮-੩੯
ਪਦਅਰਥ: ਹਾਟੀ-ਦੁਕਾਨ, ਬਾਟੀ-ਰਾਹਾਂ ਵਿੱਚ,
ਰੂਖਿ-ਰੁੱਖ ਹੇਠ, ਬਿਰਖਿ-ਬਿਰਖ ਹੇਠ, ਉਦਿਆਨੇ-ਜੰਗਲ ਵਿੱਚ, ਕੰਦ-ਧਰਤੀ ਦੇ ਅੰਦਰ ਉੱਗਣ ਵਾਲੀਆਂ
ਗਾਜਰ ਮੂਲੀ ਵਰਗੀਆਂ ਸਬਜ਼ੀਆਂ। ਕੰਦ-ਮੂਲੁ-ਮੂਲੀ, ਅਹਾਰੋ-ਖ਼ੁਰਾਕ, ਅਉਧੂ- ਜੋਗੀ, ਬੋਲੈ- ਬੋਲਿਆ,
ਤੀਰਥਿ-ਤੀਰਥ ਉਤੇ, ਗੋਰਖ ਪੂਤੁ-ਗੋਰਖਨਾਥ ਦਾ ਚੇਲਾ।
ਅਰਥ: ਇਸ ਪਉੜੀ ਵਿੱਚ ਲੋਹਾਰੀਪਾ ਜੋਗੀ ਨੇ ਗੁਰੂ ਨਾਨਕ ਸਾਹਿਬ ਨੂੰ ਜੋਗ ਦਾ ਗਿਆਨ-ਮਾਰਗ ਦੱਸਿਆ ਕਿ
ਅਸੀਂ ਜੋਗੀ ਲੋਕ ਦੁਨੀਆਂ ਅਤੇ ਸੰਸਾਰਕ ਝੰਬੇਲਿਆਂ ਤੋਂ ਪਰੇ ਹਟ ਕੇ ਜੰਗਲਾਂ ਵਿੱਚ ਰੁੱਖਾਂ-ਬਿਰਖਾਂ
ਹੇਠ ਰਹਿੰਦੇ ਹਾਂ| ਅਸੀਂ ਗਾਜਰ-ਮੂਲੀ ਆਦਿ ਖਾ ਕੇ ਗੁਜ਼ਾਰਾ ਕਰ ਲੈਂਦੇ ਹਾਂ ਅਤੇ ਅਸੀਂ ਤੀਰਥਾਂ
ਉੱਤੇ ਇਸ਼ਨਾਨ ਕਰਦੇ ਹਾਂ| ਇਨ੍ਹਾਂ ਦਾ ਫਲ ਸਾਨੂੰ ‘ਸੁਖ’ ਮਿਲਦਾ ਹੈ ਅਤੇ ਸਾਡੇ ਮਨ ਨੂੰ ਕੋਈ ਮੈਲ
ਭੀ ਨਹੀਂ ਲੱਗਦੀ। ਗੋਰਖਨਾਥ ਦਾ ਚੇਲਾ ਲੋਹਾਰੀਪਾ ਬੋਲਿਆ ਕਿ ਇਹ ਹੈ ਜੋਗ ਦੇ ਗਿਆਨ ਦੀ ਜੁਗਤੀ ਅਤੇ
ਜੋਗ ਦੀ ਵਿਧੀ।੭।
ਪਰ ਗੁਰੂ ਨਾਨਕ ਸਾਹਿਬ ਸਿੱਧਾਂ ਦੀ ਇਸ ਫਿਲਾਸਫੀ ਤੋਂ ਪ੍ਰਭਾਵਿਤ ਨਾ ਹੋਏ। ਗੁਰੂ ਸਾਹਿਬ ਨੇ
ਸਿੱਧਾਂ ਨੂੰ ਜਵਾਬ ਦਿੱਤਾ;
ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡੋੁਲਾਈ ॥
ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ ॥
ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ ॥
ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ ॥੮॥
ਪੰਨਾਂ ੯੩੯
ਪਦਅਰਥ: ਭੂਖ-ਤ੍ਰਿਸ਼ਨਾ, ਪਟਣੁ-ਸ਼ਹਿਰ,
ਸਹਜੇ-ਸਹਜ-ਅਵਸਥਾ ਵਿੱਚ ਟਿਕ ਕੇ, ਅਡੋਲ ਰਹਿ ਕੇ। ਖੰਡਿਤ-ਘੱਟ ਕੀਤੀ ਹੋਈ, ਅਲਪ-ਥੋੜ੍ਹਾ।
ਅਰਥ: ਗਿਆਨ ਵਿਚਾਰਨ ਦੀ ਅਸਲ ਗੱਲ ਇਹ ਹੈ ਕਿ ਰੱਬ ਦੀ ਪ੍ਰਾਪਤੀ ਲਈ ਜੀਵ ਨੂੰ ਘਰ-ਬਾਰ ਤਿਆਗਣ ਦੀ
ਲੋੜ੍ਹ ਨਹੀਂ| ਜੀਵ ਨੂੰ ਦੁਨਿਆਵੀ ਧੰਧਿਆਂ ਵਿੱਚ ਖਚਿਤ ਨਹੀਂ ਹੋਣਾ ਚਾਹੀਦਾ ਅਤੇ ਮਨ ਨੂੰ ਪਰਾਏ ਘਰ
ਵਿੱਚ ਡੋਲਣ ਨਹੀਂ ਦੇਣਾ ਚਾਹੀਦਾ| ਪਰ ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨ੍ਹਾਂ ਮਨ ਟਿੱਕ ਕੇ ਨਹੀਂ
ਬੈਠ ਸਕਦਾ ਅਤੇ ਮਾਇਆ ਵਲੋਂ ਇਸ ਦੀ ਤ੍ਰਿਸ਼ਨਾ ਨਹੀਂ ਮੁੱਕ ਸਕਦੀ। ਜਿਸ ਜੀਵ ਨੂੰ ਸਤਿਗੁਰੂ ਨੇ ਨਾਮ
ਕਮਾਉਣ ਦਾ ਅਸਲ ਟਿਕਾਣਾ, ਸ਼ਹਿਰ ਅਤੇ ਘਰ ਵਿਖਾ ਦਿੱਤਾ ਉਹ ਜੀਵ ਫਿਰ ਦੁਨੀਆਂ ਦੇ ਧੰਧਿਆਂ ਵਿੱਚ ਭੀ
ਅਡੋਲ ਰਹਿ ਕੇ ਪ੍ਰਭੁ ਦਾ ‘ਨਾਮ’ ਜਪਦਾ ਹੈ| ਉਸ ਜੀਵ ਦੀ ਨੀਂਦ ਘੱਟ ਅਤੇ ਖ਼ੁਰਾਕ ਭੀ ਥੋੜ੍ਹੀ ਹੁੰਦੀ
ਹੈ ਭਾਵ ਉਹ ਜੀਵ ਖਾਣ-ਪੀਣ ਦੇ ਚਸਕਿਆਂ ਵਿੱਚ ਨਹੀਂ ਪੈਂਦਾ।੮।
ਅਗਲੀ ਭਾਵ ੯ਵੀਂ ਪਉੜੀ ਵਿੱਚ ਲੋਹਾਰੀਪਾ ਜੋਗੀ ਫਿਰ ਆਪਣੇ ਮਤ ਦੀ ਵਡਿਆਈ ਕਰਦਾ ਹੈ ਅਤੇ ਗੁਰੂ ਨਾਨਕ
ਸਾਹਿਬ ਨੂੰ ਜੋਗ ਮਤ ਧਾਰਨ ਲਈ ਪ੍ਰੇਰਦਾ ਹੈ। ਇਸ ਪਉੜੀ ਦੀਆਂ ਪਹਿਲੀਆਂ ਤਿੰਨ ਤੁਕਾਂ ਵਿੱਚ ਜੋਗੀਆਂ
ਦੇ ਮਤ ਦਾ ਖ਼ਿਆਲ ਹੈ। ਅਖ਼ੀਰਲੀ ਤੁਕ ਵਿੱਚ ਗੁਰੂ ਨਾਨਕ ਸਾਹਿਬ ਆਪਣਾ ਉੱਤਰ ਸ਼ੁਰੂ ਕਰਦੇ ਹਨ, ਜੋ
ਪਉੜੀ ਨੰ: ੧੧ ਤੱਕ ਜਾਂਦਾ ਹੈ।
ਦਰਸਨੁ ਭੇਖ ਕਰਹੁ ਜੋਗਿੰਦ੍ਰਾ ਮੁੰਦ੍ਰਾ ਝੋਲੀ ਖਿੰਥਾ ॥
ਬਾਰਹ ਅੰਤਰਿ ਏਕੁ ਸਰੇਵਹੁ ਖਟੁ ਦਰਸਨ ਇਕ ਪੰਥਾ ॥
ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ ॥
ਨਾਨਕੁ ਬੋਲੈ ਗੁਰਮੁਖਿ ਬੂਝੈ ਜੋਗ ਜੁਗਤਿ ਇਵ ਪਾਈਐ ॥੯॥
ਪਦਅਰਥ: ਦਰਸਨੁ-ਮਤ, ਜੋਗਿੰਦ੍ਰਾ-ਜੋਗੀ-ਰਾਜ ਦਾ, ਖਿੰਥਾ-ਗੋਦੜੀ, ਬਾਰਹ-ਜੋਗੀਆਂ ਦੇ 12 ਪੰਥ,
ਏਕੁ-ਇੱਕ ਸਾਡਾ ‘ਆਈ ਪੰਥ’; ਸਰੇਵਹੁ-ਧਾਰਨ ਕਰੋ, ਖਟੁ ਦਰਸਨ- ਜੋਗੀਆਂ ਦੇ ਛੇ ਭੇਖ ਭਾਵ ਜੰਗਮ,
ਜੋਗੀ, ਜੈਨੀ, ਸੰਨਿਆਸੀ, ਬੈਰਾਗੀ, ਬੈਸ਼ਨੋ; ਪੁਰਖਾ-ਹੇ ਪੁਰਖ ਨਾਨਕ! ਗੁਰਮੁਖਿ-ਗੁਰੂ ਦੇ ਸਨਮੁਖ।
ਅਰਥ: ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਜੋਗੀ ਨੇ ਮੈਨੂੰ ਕਿਹਾ ਹੇ ਪੁਰਖਾ ਭਾਵ ਹੇ ਨਾਨਕ! ਛੇ
ਭੇਖਾਂ ਵਿੱਚ ਇੱਕ ਜੋਗੀ ਪੰਥ ਹੈ, ਉਸ ਦੇ ਬਾਰਾਂ ਫ਼ਿਰਕੇ ਹਨ, ਉਨ੍ਹਾਂ ਵਿੱਚੋਂ ਤੁਸੀਂ ਸਾਡੇ ‘ਆਈ
ਪੰਥ’ ਨੂੰ ਧਾਰਨ ਕਰ ਲਵੋ| ਜੋਗੀਆਂ ਦੇ ਇਸ ਵੱਡੇ "ਆਈ ਪੰਥ" ਦੇ ਮਤ ਸ੍ਵੀਕਾਰ ਕਰਕੇ ਮੁੰਦਰਾਂ,
ਝੋਲੀ ਅਤੇ ਗੋਦੜੀ ਪਹਿਨ ਲਵੋ। ਹੇ ਨਾਨਕ! ਇਸ ਤਰ੍ਹਾਂ ਆਈ ਪੰਥ ਵਾਲੇ ਜੋਗ ਧਾਰਨ ਕਰਨ ਨਾਲ ਮਨ ਨੂੰ
ਅਕਲ ਦਿੱਤੀ ਜਾ ਸਕਦੀ ਹੈ ਅਤੇ ਫਿਰ ਮਾਇਆ ਦੀ ਚੋਟ ਨਹੀਂ ਲੱਗਦੀ।
ਗੁਰੂ ਨਾਨਕ ਸਾਹਿਬ ਨੇ ਇਸ ਪ੍ਰੇਰਰਨਾ ਦੇ ਉੱਤਰ ਵਿੱਚ ਕਿਹਾ ਕਿ ਗੁਰੂ ਦੇ ਸਨਮੁਖ ਹੋਣ ਨਾਲ
ਹੀ ਜੀਵ ਆਪਣੇ ਮਨ ਨੂੰ ਸਮਝਾਉਣ ਦਾ ਢੰਗ ਸਮਝ ਸਕਦਾ ਹੈ ਅਤੇ ਇਸ ਤਰ੍ਹਾਂ ਪ੍ਰਭੂ ਨੂੰ ਮਿਲਣ ਦੀ
ਜੁਗਤ ਲੱਭਦੀ ਹੈ।
ਨੋਟ: ਗੁਰੂ ਸਾਹਿਬ ਦਾ ਉੱਤਰ ਅਗਲੀਆਂ ਦੋ ਪਉੜੀਆਂ ਤੱਕ ਜ਼ਾਰੀ ਹੈ।
ਅੰਤਰਿ ਸਬਦੁ ਨਿਰੰਤਰਿ ਮੁਦ੍ਰਾ ਹਉਮੈ ਮਮਤਾ ਦੂਰਿ ਕਰੀ ॥
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ ਗੁਰ ਕੈ ਸਬਦਿ ਸੁ ਸਮਝ ਪਰੀ ॥
ਖਿੰਥਾ ਝੋਲੀ ਭਰਿਪੁਰਿ ਰਹਿਆ ਨਾਨਕ ਤਾਰੈ ਏਕੁ ਹਰੀ ॥
ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ॥੧੦॥
ਪਦਅਰਥ: ਅੰਤਰਿ-ਮਨ ਦੇ ਅੰਦਰ, ਨਿਰੰਤਰਿ-ਨਿਰ-ਅੰਤਰਿ, ਇੱਕ-ਰਸ, ਸਦਾ; ਮਮ-ਮੇਰਾ, ਮਮਤਾ-ਅਪਣੱਤ,
ਦੁਨਿਆਵੀ ਪਦਾਰਥਾਂ ਨੂੰ ਆਪਣਾ ਬਨਾਣ ਦਾ ਖ਼ਿਆਲ, ਨਿਵਾਰੈ-ਦੂਰ ਕਰਦਾ ਹੈ, ਸਾਚਾ-ਸਦਾ ਕਾਇਮ ਰਹਿਣ
ਵਾਲਾ, ਨਾਈ-ਵਡਿਆਈ, ਖਰੀ ਬਾਤ-ਸੱਚੇ ਸ਼ਬਦ ਦੀ ਰਾਹੀਂ।
ਅਰਥ: ਜੋਗ ਮਤ ਦੇ ਖਿਆਲ ਨੂੰ ਦਰੁਸਤ ਕਰਦੇ ਹੋਏ ਗੁਰੂ ਨਾਨਕ ਜੋਗੀਆਂ ਨੂੰ ਸਮਝਾ ਰਹੇ ਹਨ ਕਿ ਅਸਲ
ਜੋਗ ਮਤ ਤਾਂ ਸਤਿਗੁਰੂ ਦੀ ਸਿੱਖਿਆ ਨੂੰ ਮਨ ਵਿੱਚ ਇੱਕ-ਰਸ ਵਸਾਉਣਾ ਹੈ-ਇਹ ਕੰਨਾਂ ਵਿੱਚ ਮੁੰਦ੍ਰਾਂ
ਪਾਉਣੀਆਂ ਹਨ। ਜੋ ਪ੍ਰਾਣੀ ਗੁਰ-ਸ਼ਬਦ ਭਾਵ ਗੁਰੂ ਦੀ ਸਿੱਖਿਆ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ
ਉਹ ਆਪਣੀ ਹਉਮੈ ਅਤੇ ਮਮਤਾ ਨੂੰ ਦੂਰ ਕਰ ਲੈਂਦਾ ਹੈ। ਉਹ ਪ੍ਰਾਣੀ ਕਾਮ, ਕ੍ਰੋਧ ਅਤੇ ਹੰਕਾਰ ਨੂੰ
ਮਿਟਾ ਲੈਂਦਾ ਹੈ। ਗੁਰੂ ਦੀ ਸਿੱਖਿਆ ਰਾਹੀਂ ਉਸ ਪ੍ਰਾਣੀ ਨੂੰ ਸੋਹਣੀ ਸੂਝ ਪੈ ਜਾਂਦੀ ਹੈ। ਹੇ
ਨਾਨਕ! ਪ੍ਰਭੂ ਨੂੰ ਸਭ ਥਾਈਂ ਵਿਆਪਕ ਸਮਝਣਾ ਉਸ ਜੀਵ ਲਈ ਅਸਲ ਗੋਦੜੀ ਅਤੇ ਝੋਲੀ ਹੈ। ਸਤਿਗੁਰੂ ਦੇ
ਸੱਚੇ ਸ਼ਬਦ ਦੀ ਰਾਹੀਂ ਉਹ ਜੀਵ ਇਹ ਨਿਰਨਾ ਕਰ ਲੈਂਦਾ ਹੈ ਕਿ ਇੱਕ ਪ੍ਰਮਾਤਮਾ ਹੀ ਮਾਇਆ ਦੀ ਚੋਟ ਤੋਂ
ਬਚਾ ਸਕਦਾ ਹੈ। ਕੇਵਲ ਪ੍ਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਅਤੇ ਉਸ ਦੀ ਵਡਿਆਈ ਭੀ ਸਦਾ
ਟਿਕੀ ਰਹਿਣ ਵਾਲੀ ਹੈ।੧੦।
ਊਂਧਉ ਖਪਰੁ ਪੰਚ ਭੂ ਟੋਪੀ ॥
ਕਾਂਇਆ ਕੜਾਸਣੁ ਮਨੁ ਜਾਗੋਟੀ ॥
ਸਤੁ ਸੰਤੋਖੁ ਸੰਜਮੁ ਹੈ ਨਾਲਿ ॥
ਨਾਨਕ ਗੁਰਮੁਖਿ ਨਾਮੁ ਸਮਾਲਿ ॥੧੧॥
ਪਦਅਰਥ: ਊਂਧਉ- ਸੰਸਾਰਕ ਖ਼ਾਹਸ਼ਾਂ ਵਲੋਂ ਮੁੜਿਆ ਹੋਇਆ ਮਨ, ਖਪਰੁ-ਜੋਗੀ ਜਾਂ
ਮੰਗਤੇ ਦਾ ਉਹ ਪਿਆਲਾ ਜਿਸ ਵਿੱਚ ਭਿੱਖਿਆ ਪੁਆਉਂਦਾ ਹੈ, ਪੰਚਭੂ-ਪੰਜਾਂ ਤੱਤਾਂ ਦੇ ਉਪਕਾਰੀ ਗੁਣ
ਭਾਵ ਅਕਾਸ਼ ਦੀ ਨਿਰਲੇਪਤਾ; ਅਗਨੀ ਦਾ ਸੁਭਾਉ ਮੈਲ ਸਾੜਨਾ; ਵਾਯੂ ਦੀ ਸਮ-ਦਰਸਤਾ; ਜਲ ਦੀ ਸੀਤਲਤਾ
ਅਤੇ ਧਰਤੀ ਦੀ ਧੀਰਜ, ਕੜਾਸਣੁ-ਕਟ ਦਾ ਆਸਣ, ਕਟ-ਫੂਹੜੀ, ਜਾਗੋਟੀ-ਲੰਗੋਟੀ, ਗੁਰਮੁਖਿ-ਗੁਰੂ ਦੀ
ਰਾਹੀਂ, ਸਮਾਲਿ- ਸਮ੍ਹਾਲਦਾ ਹੈ।
ਅਰਥ: ਗੁਰੂ ਨਾਨਕ ਸਾਹਿਬ ਜੋਗ ਮਤ ਦੇ ਖਿਆਲ ਨੂੰ ਹੋਰ ਦਰੁਸਤ ਕਰਨ ਲਈ ਦੱਸਦੇ ਹਨ ਕਿ ਅਸਲ ਜੋਗੀ ਉਹ
ਹੈ ਜੋ ਜਿਹੜਾ ਗੁਰੂ ਦੀ ਸਿੱਖਿਆ ਰਾਹੀਂ ਪ੍ਰਭੂ ਦਾ ਨਾਮ ਜਪਦਾ ਹੈ, ਸੰਸਾਰਕ ਖ਼ਾਹਸ਼ਾਂ ਵਲੋਂ ਮੁੜੀ
ਹੋਈ ਸੁਰਤ ਉਸ ਲਈ ਖੱਪਰ ਹੈ, ਪੰਜ ਤੱਤਾਂ ਦੇ ਦੈਵੀ ਗੁਣ ਉਸ ਦੀ ਟੋਪੀ ਹੈ, ਸਰੀਰ ਨੂੰ ਵਿਕਾਰਾਂ
ਤੋਂ ਨਿਰਮਲ ਰੱਖਣਾ ਉਸ ਲਈ ਦੱਭ ਦਾ ਆਸਣ ਹੈ, ਵੱਸ ਵਿੱਚ ਆਇਆ ਹੋਇਆ ਮਨ ਉਸ ਦੀ ਲੰਗੋਟੀ ਹੈ, ਸਤ,
ਸੰਤੋਖ ਅਤੇ ਸੰਜਮ ਉਸ ਦੇ ਤਿੰਨ ਚੇਲੇ ਹਨ। ਉੱਪਰ ਦੱਸੇ ਸਾਰੇ ਗੁਣ ਧਰਨਾ ਹੀ ਅਸਲ ਜੋਗ ਹੈ। ਜੇ ਇਹ
ਗੁਣ ਧਾਰਨ ਨਹੀਂ ਕੀਤੇ ਤਾਂ ਇਹ ਸਮਝੋ ਕਿ ਸਭ ਭੇਖ ਹੀ ਹੈ।੧੧।
ਸੰਖੇਪ ਵਿੱਚ ਸਿੱਧਾਂ ਦਾ ਵਿਸ਼ਵਾਸ਼ ਹੈ ਕਿ ਘਰ-ਬਾਰ ਤਿਆਗ ਕੇ ਜੰਗਲਾਂ ਵਿੱਚ ਜਾ ਕੇ ਭਗਤੀ ਕਰੋ ਪਰ
ਇਸ ਦੇ ਉਲਟ ਗੁਰੂ ਨਾਨਕ ਸਾਹਿਬ ਦਾ ਵੀਚਾਰ ਹੈ ਕਿ ਰੱਬ ਨੂੰ ਪ੍ਰਾਪਤ ਕਰਨ ਲਈ ਘਰ-ਬਾਰ ਛੱਡ ਕੇ
ਜੰਗਲਾਂ ਵਿੱਚ ਜਾਣ ਦਾ ਕੋਈ ਲਾਭ ਨਹੀਂ; ਵਾਹਿ ਗੁਰੂ ਨਾਲ ਮਿਲਾਪ ਗ੍ਰਿਸਤ ਵਿੱਚ ਰਹਿੰਦੀਆਂ ਹੋਇਆ
ਭੀ ਹੋ ਸਕਦਾ ਹੈ। ਇਸ ਵਾਸਤੇ ਪੂਰੇ ਗੁਰੂ ਦੇ ਬਚਨਾਂ ਨੂੰ ਸਮਝ ਕੇ ਉਨ੍ਹਾਂ ਮੁਤਾਬਕ ਆਪਣਾ ਜੀਵਨ
ਬਿਤਾਉਣ ਦੀ ਲੋੜ੍ਹ ਹੈ। ਗੁਰੂ ਨਾਨਕ ਸਾਹਿਬ ਦੀ ਇਸ ਫਿਲਾਸਫੀ ਤੋਂ ਬਹੁਤ ਸਾਰੇ ਸਿੱਧ ਇਨ੍ਹੇ
ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਸਿੱਖ ਪੰਥ ਨੂੰ ਸਦਾ ਵਾਸਤੇ ਧਾਰਨ ਕਰ ਲਿਆ। ਗੁਰੂ ਨਾਨਕ ਸਾਹਿਬ ਨੇ
ਅਚੱਲ-ਬਟਾਲੇ ਵਾਲੀ ਗੋਸ਼ਟੀ ਨੂੰ ਰਾਮਕਲੀ ਰਾਗ ਵਿੱਚ ਲਿਖ ਕੇ ਸਾਡੇ ਲਈ ਸੰਭਾਲ ਦਿੱਤੀ ਤਾਂ ਜੋ ਅਸੀਂ
ਇਸ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਸਫਲਾ ਕਰ ਸਕੀਏ। ਗੁਰੂ ਨਾਨਕ ਸਾਹਿਬ ਦੀ ਇਸ ਫਿਲਾਸਫੀ ਨੂੰ
ਸਿੱਧ ਕਰਨ ਵਾਸਤੇ ਅਸੀਂ ਇਸ ਲੇਖ ਵਿੱਚ ਗੁਰਬਾਣੀ ਵਿੱਚੋਂ ਹੇਠਾਂ ਕੁੱਝ ਹੋਰ ਉਦਾਹਰਣਾਂ ਦੇ ਰਹੇ
ਹਾਂ;
1. ਸਿਰੀ ਰਾਗ ਵਿੱਚ ਪੰਨਾਂ ੧੭ ਤੇ ਗੁਰੂ ਨਾਨਕ ਸਾਹਿਬ ਦਾ ਫੁਰਮਾਣ ਹੈ ਕਿ:
"ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ॥
ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ॥
ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ॥" ਪੰਨਾਂ ੧੭
ਅਰਥ: ਸੋਹਾਗਣੀ ਉਹ ਜੀਵ ਇਸਤਰੀਆਂ ਹਨ ਜਿਨ੍ਹਾ ਨੇ ਪ੍ਰਭੂ ਪਤੀ ਨੂੰ ਪਾ ਲਿਆ ਹੈ, ਗੁਰੂ ਜੀ ਕਹਿ
ਰਹੇ ਹਨ ਕਿ, ਹੇ ਮੇਰੇ ਮਨ, ਤੂੰ ਉਹ ਜੀਵ ਇਸਤਰੀਆਂ, ਜਿਨ੍ਹਾ ਨੇ ਪ੍ਰਭੂ ਪਤੀ ਨੂੰ ਪਾ ਲਿਆ ਹੈ, ਜਾ
ਕੇ ਪੁੱਛ ਕਿ ਉਹ ਕਿਹੜੇ ਗੁਣ ਹਨ ਜਿਨ੍ਹਾ ਨੂੰ ਅਪਣਾਅ ਕੇ ਉਨ੍ਹਾ ਨੇ ਪ੍ਰਭੂ ਪਤੀ ਨੂੰ ਪਾਇਆ ਹੈ।
ਅਗਲੀਆਂ ਪੰਕਤੀਆਂ ਵਿੱਚ ਗੁਰੂ ਜੀ ਆਪ ਹੀ ਸਮਝਾ ਰਹੇ ਹਨ ਕਿ, ਪ੍ਰਭੂ ਪਤੀ ਨੂੰ ਤਾਂ ਹਾਸਲ ਹੀ ਕੀਤਾ
ਜਾ ਸਕਦਾ ਹੈ ਜੇ ਸੱਚ ਦਾ ਗਿਆਨ ਲੈ ਕੇ, ਸਹਜ, ਸੰਤੋਖ, ਮਿੱਠਾ ਬੋਲਣਾ ਆਦਿ ਸੱਚੇ ਗੁਣ ਆਪਣੇ
ਰੋਜ਼ਾਨਾ ਜੀਵਨ ਵਿੱਚ ਅਪਣਾਏ ਜਾਣ। ਰੱਬ ਨੂੰ ਪਾਉਣ ਦਾ ਇਹ ਹੀ ਤਰੀਕਾ ਹੈ ।
2. ਧਨਾਸਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ;
ਧਨਾਸਰੀ ਮਹਲਾ ੧
ਸਚਿ ਸਿਮਰਿਐ ਹੋਵੈ ਪਰਗਾਸੁ ॥
ਤਾ ਤੇ ਬਿਖਿਆ ਮਹਿ ਰਹੈ ਉਦਾਸੁ ॥
ਸਤਿਗੁਰ ਕੀ ਐਸੀ ਵਡਿਆਈ ॥
ਪੁਤ੍ਰ ਕਲਤ੍ਰ ਵਿਚੇ ਗਤਿ ਪਾਈ ॥੨॥
ਐਸੀ ਸੇਵਕੁ ਸੇਵਾ ਕਰੈ ॥
ਜਿਸ ਕਾ ਜੀਉ ਤਿਸੁ ਆਗੈ ਧਰੈ ॥
ਸਾਹਿਬ ਭਾਵੈ ਸੋ ਪਰਵਾਣੁ ॥
ਸੋ ਸੇਵਕੁ ਦਰਗਹ ਪਾਵੈ ਮਾਣੁ ॥੩॥ ਪੰਨਾਂ ੬੬੧
ਅਰਥ: ਜੇ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਜਾਏ ਤਾਂ ਸਹੀ ਜੀਵਨ ਦੀ ਸੂਝ ਪੈ ਜਾਂਦੀ ਹੈ, ਪ੍ਰਭੂ ਦੇ
‘ਪਰਗਾਸ’ ਰਾਹੀਂ ਮਾਇਆ ਵਿੱਚ ਰਹਿੰਦਾ ਹੋਇਆ ਜੀਵ ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਗੁਰੂ ਦੀ ਸ਼ਰਨ
ਪੈਣ ਵਿੱਚ ਅਜਿਹੀ ਖ਼ੂਬੀ ਹੈ ਕਿ ਪੁੱਤ੍ਰ ਇਸਤ੍ਰੀ ਆਦਿ ਭਾਵ ਆਪਣੇ ਪਰਵਾਰ ਵਿੱਚ ਰਹਿੰਦਿਆਂ ਭੀ ਜੀਵ
ਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਸੇਵਕ ਉਹ ਹੀ ਹੈ ਜੋ ਮਾਲਕ ਪ੍ਰਭੂ ਦੀ ਇਹੋ ਜਿਹੀ
ਸੇਵਾ ਕਰੇ ਕਿ ਜਿਸ ਮਾਲਕ ਨੇ ਇਹ ਜਿੰਦ ਦਿੱਤੀ ਹੈ ਉਸ ਦੇ ਅੱਗੇ ਇਸ ਨੂੰ ਭੇਟ ਦੇਵੇ। ਅਜਿਹਾ ਸੇਵਕ
ਮਾਲਕ ਪ੍ਰਭੂ ਦੇ ਘਰ ਵਿੱਚ ਕਬੂਲ ਹੋ ਜਾਂਦਾ ਹੈ ਅਤੇ ਉਸ ਦੀ ਹਜ਼ੂਰੀ ਵਿੱਚ ਆਦਰ ਪਾਉਂਦਾ ਹੈ।
3. ਗੁਰੂ ਅਮਰ ਦਾਸ ਅਨੰਦੁ ਸਾਹਿਬ ਦੀ ੨੯ਵੀਂ
ਪਉੜੀ ਵਿੱਚ ਪੰਨਾਂ ੯੨੧ ਤੇ ਦੱਸਦੇ ਹਨ ਕਿ;
ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ॥
ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ ॥
ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ
॥
ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ॥
ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥
ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥੨੯॥ ਪੰਨਾਂ ੯੨੧
ਅਰਥ: ਜਿਵੇਂ ਮਾਂ ਦੇ ਪੇਟ ਵਿਚ ਅੱਗ ਹੈ ਉਸੇ
ਤਰ੍ਹਾਂ ਹੀ ਬਾਹਰ ਸੰਸਾਰ ਵਿੱਚ ਮਾਇਆ ਦੁਖਦਾਈ ਹੈ। ਪ੍ਰਭੂ ਨੇ ਐਸੀ ਖੇਡ ਰਚ ਦਿੱਤੀ ਹੈ ਕਿ ਮਾਇਆ
ਅਤੇ ਅੱਗ ਇੱਕੋ ਜਿਹੀਆਂ ਹੀ ਹਨ । ਜਦੋਂ ਪ੍ਰਮਾਤਮਾ ਦੀ ਰਜ਼ਾ ਹੁੰਦੀ ਹੈ ਤਾਂ ਜੀਵ ਪੈਦਾ ਹੁੰਦਾ ਹੈ।
ਉਹ ਜੀਵ ਪ੍ਰਵਾਰ ਵਿੱਚ ਪਿਆਰਾ ਲੱਗਦਾ ਹੈ। ਇਸ ਪਿਆਰ ਵਿੱਚ ਫੱਸ ਕੇ ਉਸ ਜੀਵ ਦੀ ਪ੍ਰਭੂ-ਚਰਨਾਂ
ਨਾਲੋਂ ਪ੍ਰੀਤ ਟੁੱਟ ਜਾਂਦੀ ਹੈ। ਤ੍ਰਿਸ਼ਨਾ ਦੀ ਅੱਗ ਨਾਲ ਮਾਇਆ ਉਸ ਉੱਤੇ ਆਪਣਾ ਜ਼ੋਰ ਪਾ ਲੈਂਦੀ ਹੈ।
ਮਾਇਆ ਉਸ ਨੂੰ ਕਿਹਾ ਜਾਂਦਾ ਹੈ ਜਿਸ ਰਾਹੀਂ ਰੱਬ ਭੁੱਲ ਜਾਂਦਾ ਹੈ, ਦੁਨੀਆ ਦਾ ਮੋਹ ਪੈਦਾ ਹੋ
ਜਾਂਦਾ ਹੈ ਅਤੇ ਰੱਬ ਤੋਂ ਬਿਨ੍ਹਾਂ ਹੋਰ ਚੀਜ਼ਾਂ ਦਾ ਪਿਆ ਪੈਦਾ ਹੋ ਜਾਂਦਾ ਹੈ । ਇਸ ਤਰ੍ਹਾਂ ਦੀ
ਆਤਮਿਕ ਹਾਲਤ ਵਿੱਚ ਰੱਬੀ-ਮਿਲਾਪ ਦਾ ਆਨੰਦ ਨਹੀਂ ਮਿਲ ਸਕਦਾ। ਹੇ ਨਾਨਕ ! ਗੁਰੂ ਦੀ ਕਿਰਪਾ ਨਾਲ
ਜਿਨ੍ਹਾਂ ਦੀ ਪ੍ਰੀਤ ਪ੍ਰਭੂ-ਚਰਨਾਂ ਨਾਲ ਜੁੜ ਜਾਂਦੀ ਹੈ, ਉਨ੍ਹਾਂ ਨੂੰ ਮਾਇਆ ਵਿੱਚ ਗੁਜ਼ਰਦਿਆਂ
ਹੋਈਆਂ ਭੀ ਆਤਮਕ ਆਨੰਦ ਮਿਲ ਜਾਂਦਾ ਹੈ।
ਸਵਾਲ: ਜੇ ਰੱਬ ਮਨ ਵਿੱਚ ਹੀ ਵਸਦਾ ਹੈ ਤਾਂ ਉਸ ਨੂੰ ਕਿਸ ਤਰ੍ਹਾ ਪ੍ਰਾਪਤ ਕੀਤਾ ਜਾ ਸਕਦਾ ਹੈ।
ਜਿਵੇਂ ਕੋਈ ਇਨਸਾਨ ਸਾਨੂੰ ਚੰਗਾ ਲਗਦਾ ਹੈ ਤਾਂ ਅਸੀਂ ਉਸ ਦੇ ਚੰਗੇ ਗੁਣਾਂ ਨੂੰ ਅਪਣਾ ਲੈਂਦੇ ਹਾਂ।
ਇਸੇ ਹੀ ਤਰ੍ਹਾ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ, ਹੇ ਮਨ ਜੇ ਤੂੰ ਰੱਬ ਨੂੰ ਪਾਉਣਾ ਚਾਹੁੰਦਾ
ਹੈਂ ਤਾਂ ਤੂੰ ਰੱਬ ਦੇ ਗੁਣਾ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲੈ, ਇਸ ਤਰ੍ਹਾ ਤੂੰ ਰੱਬ ਜੀ ਵਰਗਾ
ਹੋ ਕੇ ਰੱਬ ਜੀ ਨੂੰ ਪ੍ਰਾਪਤ ਕਰ ਲਵੇਂਗਾ।
4. ਰਾਗ ਮਾਂਝ ਵਿੱਚ ਗੁਰੂ ਅਰਜਨ ਸਾਹਿਬ ਉਪਦੇਸ਼
ਕਰਦੇ ਹਨ ਕਿ;
ਮਾਝ ਮਹਲਾ ੫ ॥
ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥
ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥
ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥ ਪੰਨਾਂ ੧੦੨
ਅਰਥ: ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਜੀਵਾਂ ਨੇ ਆਪਣੇ ਹਿਰਦੇ ਵਿੱਚ ਟਿਕ ਕੇ ਪ੍ਰਮਾਤਮਾ ਨੂੰ ਲੱਭ
ਲਿਆ ਹੈ, ਉਹ ਅੰਤਰ ਆਤਮੇ ਅਤੇ ਸੰਸਾਰ ਵਿੱਚ ਵਰਤਦੇ ਹੋਏ ਭੀ ਸਦਾ ਸੁਖੀ ਰਹਿੰਦੇ ਹਨ। ਹੇ ਨਾਨਕ!
ਸਾਰਾ ਆਤਮਕ ਸੁਖ, ਪ੍ਰਮਾਤਮਾ ਨੂੰ ਹਿਰਦੇ ਵਿੱਚ ਟਿਕਾਉਣ ਨਾਲ ਹੀ ਹੈ, ਜੰਗਲਾਂ ਆਦਿ ਵਿੱਚ ਭਟਕਣ
ਨਾਲ ਪ੍ਰਮਾਤਮਾ ਨਹੀਂ ਮਿਲਦਾ। ਜਿਹੜਾ ਜੀਵ ਬਾਹਰ ਜੰਗਲਾਂ ਆਦਿ ਵਿੱਚ ਸੁੱਖ ਦੀ ਭਾਲ ਕਰਦਾ ਹੈ ਉਹ
ਤਾਂ ਭਟਕਣਾ ਵਿੱਚ ਪਿਆ ਰਹਿੰਦਾ ਹੈ।
ਪੰਨਾਂ ੫੨੨ ਤੇ ਗੂਜਰੀ ਕੀ ਵਾਰ ਵਿੱਚ ਗੁਰੂ ਅਰਜਨ ਸਾਹਿਬ ਦਾ ਉਪਦੇਸ਼ ਹੈ ਕਿ;
ਮਃ ੫ ॥
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥੨॥ ਪੰਨਾਂ ੫੨੨
ਅਰਥ: ਹੇ ਨਾਨਕ! ਸਤਿਗੁਰੂ ਨੂੰ ਮਿਲਣ ਨਾਲ
ਜਿਉਂਣ ਦੀ ਸਹੀ ਜੀਵਨ ਜਾਚ ਆ ਜਾਂਦੀ ਹੈ। ਇਸ ਤਰ੍ਹਾਂ ਦੇ ਜੀਵਨ ਵਿੱਚ ਜੀਵ ਹੱਸਦਿਆਂ, ਖੇਡਦਿਆਂ,
ਖਾਂਦਿਆਂ, ਪਹਿਨਦਿਆਂ ਆਦਿ ਭਾਵ ਦੁਨੀਆਂ ਦੇ ਸਾਰੇ ਕੰਮ ਕਾਰ ਕਰਦਿਆਂ, ਜੀਵ ਆਪਣੇ ਜੀਵਨ ਵਿੱਚ ਹੀ
ਮਾਇਆ, ਕਾਮਾਦਿਕ ਆਦਿ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ।
5. ਧਨਾਸਰੀ ਰਾਗ ਵਿੱਚ, ਨੌਵੇਂ ਪਾਤਸ਼ਾਹ, ਗੁਰੂ ਤੇਗ ਬਹਾਦਰ ਸਾਹਿਬ, ਉਪਦੇਸ਼ ਕਰਦੇ ਹਨ ਕਿ;
ੴ ਸਤਿਗੁਰ ਪ੍ਰਸਾਦਿ ॥
ਧਨਾਸਰੀ ਮਹਲਾ ੯ ॥
ਕਾਹੇ ਰੇ ਬਨ ਖੋਜਨ ਜਾਈ ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥
ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥
ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥ ਪੰਨਾਂ ੬੮੪
ਅਰਥ: ਹੇ ਭਾਈ! ਪ੍ਰਮਾਤਮਾ ਨੂੰ ਲੱਭਣ ਵਾਸਤੇ
ਤੂੰ ਜੰਗਲਾਂ ਵਿੱਚ ਕਿਉਂ ਜਾਂਦਾ ਹੈਂ? ਪ੍ਰਮਾਤਮਾ ਸਭ ਦੇ ਅੰਦਰ ਵੱਸਦਾ ਹੈ ਪਰ ਮਾਇਆ ਦੇ ਪ੍ਰਭਾਵ
ਤੋਂ ਨਿਰਲੇਪ ਹੈ। ਉਹ ਪ੍ਰਮਾਤਮਾ ਤਾਂ ਤੇਰੇ ਨਾਲ ਹੀ ਵੱਸਦਾ ਹੈ।੧। ਰਹਾਉ।
ਹੇ ਭਾਈ! ਜਿਵੇਂ ਫੁੱਲ ਦੀ ਸੁਗੰਧੀ ਫੁੱਲ ਵਿੱਚ ਅਤੇ ਜਿਵੇਂ ਸ਼ੀਸ਼ੇ ਵਿੱਚ ਸ਼ੀਸ਼ਾ ਵੇਖਣ ਵਾਲੇ ਦੀ
ਮੂਰਤ ਵੱਸਦੀ ਹੈ, ਉਸੇ ਹੀ ਤਰ੍ਹਾਂ ਪ੍ਰਮਾਤਮਾ ਇੱਕ-ਰਸ ਸਾਰੇ ਜੀਵਾਂ ਦੇ ਅੰਦਰ ਵੱਸਦਾ ਹੈ। ਇਸ ਲਈ
ਹੇ ਭਾਈ! ਤੂੰ ਪ੍ਰਮਾਤਮਾ ਨੂੰ ਆਪਣੇ ਅੰਦਰੋਂ ਹੀ ਲੱਭ।
ਹੇ ਭਾਈ! ਗੁਰੂ ਵਲੋਂ ਬਖਸ਼ਿਆ ਆਤਮਕ ਉਪਦੇਸ਼, ਇਹ ਦੱਸਦਾ ਹੈ ਕਿ ਆਪਣੇ ਸਰੀਰ ਦੇ ਅੰਦਰ ਅਤੇ ਬਾਹਰ,
ਭਾਵ ਹਰ ਥਾਂ ਸਰਬ-ਵਿਆਪਕ ਇੱਕ ਪ੍ਰਮਾਤਮਾ ਨੂੰ ਹੀ ਵੱਸਦਾ ਸਮਝੋ। ਗੁਰੂ ਨਾਨਕ ਸਾਹਿਬ ਦੇ ਨੌਵੇਂ
ਸਰੂਪ, ਗੁਰੂ ਤੇਗ ਬਹਾਦਰ ਸਾਹਿਬ, ਉਪਦੇਸ਼ ਕਰਦੇ ਹਨ ਕਿ ਜਿਨ੍ਹੀਂ ਦੇਰ ਜੀਵ ਆਪਣੇ ਮਨ ਦੇ ਆਤਮਕ
ਜੀਵਨ ਨੂੰ ਪਰਖਣ ਅਤੇ ਮਨ ਦੀ ਭਟਕਣਾ ਦਾ ਜਾਲਾ ਦੂਰ ਨਹੀਂ ਕਰਦਾ ਉਨ੍ਹੀਂ ਦੇਰ ਸਰਬ-ਵਿਆਪਕ
ਪ੍ਰਮਾਤਮਾ ਦੀ ਸੂਝ ਨਹੀਂ ਆ ਸਕਦੀ।
6. ਬਾਬਾ ਸ਼ੇਖ ਫਰੀਦ ਦਾ ਗੁਰਬਾਣੀ ਵਿੱਚ ਉਪਦੇਸ਼
ਕਰਦੇ ਹਨ ਕਿ:
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ
ਮੋੜੇਹਿ ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥ ਪੰਨਾਂ ੧੩੭੮
ਅਰਥ: ਹੇ ਫਰੀਦ! ਰੱਬ ਨੂੰ ਭਾਲਣ ਲਈ ਜੰਗਲਾਂ ਵਿੱਚ ਭਟਕਣ ਦਾ ਕੀ ਲਾਭ ਹੈ? ਤੂੰ ਜੰਗਲਾਂ ਵਿੱਚ
ਕੰਡੇ ਕਿਉਂ ਲਤਾੜਦਾ ਫਿਰਦਾ ਹੈਂ? ਰੱਬ ਤਾਂ ਤੇਰੇ ਹਿਰਦੇ ਵਿੱਚ ਹੀ ਵੱਸਦਾ ਹੈ, ਇਸ ਲਈ ਜੰਗਲਾਂ
ਵਿੱਚ ਰੱਬ ਨੂੰ ਭਾਲਣ ਦਾ ਕੋਈ ਫ਼ਾਇਦਾ ਨਹੀਂ।
"ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ
ਮੰਤੁ॥
ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ॥" ਪੰਨਾਂ ੧੩੮੪
ਪ੍ਰਸ਼ਨ? ਉਹ ਕਿਹੜਾ ਅੱਖਰ, ਕਿਹੜਾ ਗੁਣ, ਕਿਹੜਾ ਮੰਤ੍ਰ ਅਤੇ ਕਿਹੜਾ ਪਹਿਰਾਵਾ ਹੈ ਜਿਸ ਨਾਲ ਮੇਰਾ
ਖਸਮ-ਪ੍ਰਭੂ ਮੇਰੇ ਵੱਸ ਵਿੱਚ ਆ ਜਾਵੇ?
"ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥ ਪੰਨਾਂ ੧੩੮੪
ਉੱਤਰ: ਨਿਮਰਤਾ, ਮਾਫ ਕਰ ਦੇਣਾ ਅਤੇ ਮਿੱਠਾ ਬੋਲਣਾ, ਹੇ ਮੇਰੇ ਮਨ! ਜੇ ਤੂੰ ਇਨ੍ਹਾਂ ਤਿੰਨ ਗੁਣਾਂ
ਦਾ ਵੇਸ ਕਰ ਲਵੇਂ ਤਾਂ ਖਸਮ ਪ੍ਰਭੂ ਤੇਰੇ ਵੱਸ ਵਿੱਚ ਆ ਜਾਵੇਗਾ।
7. ਵਡਹੰਸੁ ਮਹਲਾ ੩ ॥
ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥
ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੈ ਸਬਦਿ ਲਿਵ ਲਾਏ ॥
ਸਦਾ ਸਚਿ ਰਤਾ ਮਨੁ ਨਿਰਮਲੁ ਆਵਣੁ ਜਾਣੁ ਰਹਾਏ ॥
ਦੂਜੈ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮਕਾਲਿ ॥
ਕਹੈ ਨਾਨਕੁ ਸੁਣਿ ਮਨ ਮੇਰੇ ਤੂ ਸਦਾ ਸਚੁ ਸਮਾਲਿ ॥੧॥ ਪੰਨਾਂ ੫੬੯
ਪਦਅਰਥ: ਮਨ-ਹੇ ਮਨ! ਸਚੁ-ਸਦਾ-ਥਿਰ ਪ੍ਰਭੂ; ਸਮਾਲਿ-ਹਿਰਦੇ ਵਿੱਚ ਵਸਾਈ
ਰੱਖ; ਸੁਖਿ-ਆਨੰਦ ਨਾਲ; ਜਮਕਾਲੁ-ਆਤਮਕ ਮੌਤ; ਜੋਹਿ ਨ ਸਾਕੈ-ਤੱਕ ਨਹੀਂ ਸਕਦਾ; ਆਵਣੁ ਜਾਣੁ-ਜਨਮ
ਮਰਨ ਦਾ ਗੇੜ; ਰਹਾਏ-ਮੁੱਕ ਜਾਂਦਾ ਹੈ; ਦੂਜੈ ਭਾਇ-ਮਾਇਆ ਦੇ ਪਿਆਰ ਵਿੱਚ; ਵਿਗੁਤੀ-ਖ਼ੁਆਰ ਹੋ ਰਹੀ
ਹੈ; ਮਨਮੁਖਿ-ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ; ਜਮਕਾਲਿ-ਆਤਮਕ ਮੌਤ ਨੇ; ਮੋਹੀ-ਮੋਹ ਵਿੱਚ
ਫਸਾ ਰੱਖੀ ਹੈ।
ਅਰਥ: ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੂੰ ਤੂੰ ਆਪਣੇ ਅੰਦਰ ਹਮੇਸ਼ਾਂ ਵਸਾਈ ਰੱਖ,
ਇਸ ਦੀ ਬਰਕਤ ਨਾਲ ਤੂੰ ਆਪਣੇ ਅੰਤਰ ਆਤਮੇ ਆਨੰਦ ਨਾਲ ਟਿਕਿਆ ਰਹੇਂਗਾ, ਆਤਮਕ ਮੌਤ ਤੇਰੇ ਉੱਤੇ ਆਪਣਾ
ਜ਼ੋਰ ਨਹੀਂ ਪਾ ਸਕੇਗੀ। ਜਿਹੜਾ ਜੀਵ ਸਦਾ-ਥਿਰ ਪ੍ਰਭੂ ਵਿੱਚ ਅਤੇ ਗੁਰੂ ਦੇ ਉਪਦੇਸ਼ ਨਾਲ, ਸੁਰਤ ਜੋੜੀ
ਰੱਖਦਾ ਹੈ, ਆਤਮਕ ਮੌਤ ਉਸ ਵਲ ਤੱਕ ਭੀ ਨਹੀਂ ਸਕਦੀ। ਉਸ ਜੀਵ ਦਾ ਮਨ ਸਦਾ-ਥਿਰ ਪ੍ਰਭੂ ਦੇ ਰੰਗ
ਵਿੱਚ ਸਦਾ ਰੰਗਿਆ ਰਹਿਣ ਕਰਕੇ ਪਵਿਤ੍ਰ ਹੋ ਜਾਂਦਾ ਹੈ ਅਤੇ ਉਸ ਦੇ ਆਤਮਕ ਜਨਮ ਅਤੇ ਮੌਤ ਦਾ ਗੇੜ
ਮੁੱਕ ਜਾਂਦਾ ਹੈ। ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਮਾਇਆ ਦੇ ਪਿਆਰ ਵਿੱਚ ਮਾਇਆ ਦੀ
ਭਟਕਣਾ ਨਾਲ ਖ਼ੁਆਰ ਹੁੰਦੀ ਰਹਿੰਦੀ ਹੈ, ਆਤਮਕ ਮੌਤ ਨੇ ਉਸ ਨੂੰ ਆਪਣੇ ਮੋਹ ਵਿੱਚ ਫਸਾ ਰੱਖਿਆ ਹੁੰਦਾ
ਹੈ। ਇਸ ਵਾਸਤੇ ਹੇ ਨਾਨਕ!ਮੇਰੀ ਗੱਲ ਸੁਣ, ਤੂੰ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਅੰਦਰ ਵਸਾਈ ਰੱਖ।
ਮਨ ਮੇਰਿਆ ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ ॥
ਜੋ ਭਾਵੈ ਸੋ ਭੁੰਚਿ ਤੂ ਗੁਰਮੁਖਿ ਨਦਰਿ ਨਿਹਾਲਿ ॥
ਗੁਰਮੁਖਿ ਨਦਰਿ ਨਿਹਾਲਿ ਮਨ ਮੇਰੇ ਅੰਤਰਿ ਹਰਿ ਨਾਮੁ ਸਖਾਈ ॥
ਮਨਮੁਖ ਅੰਧੁਲੇ ਗਿਆਨ ਵਿਹੂਣੇ ਦੂਜੈ ਭਾਇ ਖੁਆਈ ॥
ਬਿਨੁ ਨਾਵੈ ਕੋ ਛੂਟੈ ਨਾਹੀ ਸਭ ਬਾਧੀ ਜਮਕਾਲਿ ॥
ਨਾਨਕ ਅੰਤਰਿ ਤੇਰੈ ਨਿਧਾਨੁ ਹੈ ਤੂ ਬਾਹਰਿ ਵਸਤੁ ਨ ਭਾਲਿ ॥੨॥ ਪੰਨਾਂ ੫੬੯
ਪਦਅਰਥ: ਅੰਤਰਿ-ਅੰਦਰ; ਨਿਧਾਨੁ-ਖ਼ਜ਼ਾਨਾ; ਜੋ ਭਾਵੈ-ਜੋ ਪ੍ਰਭੂ ਦੀ ਰਜ਼ਾ ਹੈ;
ਸੋ ਭੁੰਚਿ-ਉਸ ਨੂੰ ਆਪਣੀ ਖ਼ੁਰਾਕ ਬਣਾ; ਨਿਹਾਲਿ-ਵੇਖ; ਗੁਰਮੁਖਿ ਨਦਰਿ ਨਿਹਾਲਿ-ਗੁਰੂ ਦੇ ਸਨਮੁਖ
ਰਹਿਣ ਵਾਲੇ ਬੰਦਿਆਂ ਦੀ ਨਿਗਾਹ ਨਾਲ ਵੇਖ; ਸਖਾਈ-ਮਿੱਤਰ; ਮਨਮੁਖ-ਆਪਣੇ ਮਨ ਦੇ ਪਿੱਛੇ ਤੁਰਨ ਵਾਲੇ;
ਦੂਜੈ ਭਾਇ-ਮਾਇਆ ਦੇ ਮੋਹ ਵਿੱਚ; ਖੁਆਈ-ਖ਼ੁਆਰੀ; ਜਮਕਾਲਿ-ਆਤਮਕ ਮੌਤ ਨੇ।
ਅਰਥ: ਹੇ ਮੇਰੇ ਮਨ! ਸਾਰੇ ਸੁਖਾਂ ਦਾ ਖ਼ਜ਼ਾਨਾ ਪ੍ਰਮਾਤਮਾ ਤੇਰੇ ਅੰਦਰ ਵੱਸ ਰਿਹਾ ਹੈ, ਤੂੰ ਉਸ
ਪ੍ਰਮਾਤਮਾ ਨੂੰ ਬਾਹਰ ਜੰਗਲ ਨਾ ਭਾਲਦਾ ਫਿਰ। ਹੇ ਮਨ! ਪ੍ਰਮਾਤਮਾ ਦੀ ਰਜ਼ਾ ਨੂੰ ਆਪਣੀ ਖ਼ੁਰਾਕ ਬਣਾ
ਕੇ ਤੂੰ ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਨਿਗਾਹ ਨਾਲ ਪ੍ਰਮਾਤਮਾ ਨੂੰ ਵੇਖ। ਹੇ ਮੇਰੇ ਮਨ!
ਜਦੋਂ ਤੂੰ ਪ੍ਰਮਾਤਮਾ ਨੂੰ ਗੁਰਮੁਖਾਂ ਵਾਲੀ ਨਜ਼ਰ ਨਾਲ ਦੇਖੇਂਗਾ ਤਾਂ ਪ੍ਰਮਾਤਮਾ-ਮਿੱਤਰ ਤੈਨੂੰ
ਤੇਰੇ ਅੰਦਰ ਹੀ ਲੱਭ ਜਾਵੇਗਾ। ਆਤਮਕ ਜੀਵਨ ਦੀ ਸੂਝ ਤੋਂ ਸੱਖਣੇ, ਮਾਇਆ ਦੇ ਮੋਹ ਵਿੱਚ ਅੰਨ੍ਹੇ ਹੋਏ
ਅਤੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜੀਵਾਂ ਨੂੰ ਮਾਇਆ ਦੇ ਮੋਹ ਦੇ ਕਾਰਨ ਖ਼ੁਆਰੀ ਹੀ ਹੁੰਦੀ ਹੈ।
ਹੇ ਨਾਨਕ! ਆਤਮਕ ਮੌਤ ਨੇ ਸਾਰੀ ਲੁਕਾਈ ਨੂੰ ਆਪਣੇ ਜਾਲ ਵਿੱਚ ਬੰਨ੍ਹ ਰੱਖਿਆ ਹੈ, ਪ੍ਰਮਾਤਮਾ ਦੇ
ਨਾਮ ਤੋਂ ਬਿਨ੍ਹਾਂ ਕੋਈ ਵੀ ਜੀਵ ਮਾਇਆ ਦੇ ਇਸ ਜਾਲ ਤੋਂ ਮੁਕਤ ਨਹੀਂ ਹੋ ਸਕਦਾ। ਹੇ ਮਨ! ਤੇਰੇ
ਅੰਦਰ ਹੀ ਪ੍ਰਮਾਤਮਾ ਦੇ ਨਾਮ-ਖ਼ਜ਼ਾਨਾ ਮੌਜੂਦ ਹੈ, ਇਸ ਲਈ ਪ੍ਰਮਾਤਮਾ-ਖ਼ਜ਼ਾਨੇ ਨੂੰ ਤੂੰ ਐਵੇਂ ਬਾਹਰ
ਜੰਗਲਾਂ ਆਦਿ ਵਿੱਚ ਨਾ ਭਾਲਦਾ ਫਿਰ।2।
ਮਨ ਮੇਰਿਆ ਜਨਮੁ ਪਦਾਰਥੁ ਪਾਇ ਕੈ ਇਕਿ ਸਚਿ ਲਗੇ ਵਾਪਾਰਾ ॥
ਸਤਿਗੁਰੁ ਸੇਵਨਿ ਆਪਣਾ ਅੰਤਰਿ ਸਬਦੁ ਅਪਾਰਾ ॥
ਅੰਤਰਿ ਸਬਦੁ ਅਪਾਰਾ ਹਰਿ ਨਾਮੁ ਪਿਆਰਾ ਨਾਮੇ ਨਉ ਨਿਧਿ ਪਾਈ ॥
ਮਨਮੁਖ ਮਾਇਆ ਮੋਹ ਵਿਆਪੇ ਦੂਖਿ ਸੰਤਾਪੇ ਦੂਜੈ ਪਤਿ ਗਵਾਈ ॥
ਹਉਮੈ ਮਾਰਿ ਸਚਿ ਸਬਦਿ ਸਮਾਣੇ ਸਚਿ ਰਤੇ ਅਧਿਕਾਈ ॥
ਨਾਨਕ ਮਾਣਸ ਜਨਮੁ ਦੁਲੰਭੁ ਹੈ ਸਤਿਗੁਰਿ ਬੂਝ ਬੁਝਾਈ ॥੩॥ ਪੰਨਾਂ ੫੬੯
ਪਦਅਰਥ: ਪਾਇ ਕੈ-ਪ੍ਰਾਪਤ ਕਰ ਕੇ; ਸੇਵਨਿ-ਸੇਂਵਦੇ ਹਨ; ਸਬਦੁ ਅਪਾਰਾ-ਬੇਅੰਤ
ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ; ਨਾਮੇ-ਨਾਮ ਵਿੱਚ ਹੀ; ਨਉਨਿਧਿ-ਨੌ ਖ਼ਜ਼ਾਨੇ; ਮੋਹਿ-ਮੋਹ ਵਿੱਚ;
ਵਿਆਪੇ-ਫਸੇ ਹੋਏ; ਸੰਤਾਪੇ-ਵਿਆਕੁਲ; ਦੂਜੈ-ਮਾਇਆ ਦੇ ਮੋਹ ਵਿੱਚ; ਪਤਿ-ਇੱਜ਼ਤ; ਬੂਝ ਬੁਝਾਈ-ਸਮਝ
ਬਖ਼ਸ਼ੀ।
ਅਰਥ: ਹੇ ਮੇਰੇ ਮਨ! ਬਹੁਤ ਵਡਭਾਗੀ ਐਸੇ ਹਨ ਜਿਹੜੇ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ ਸਦਾ-ਥਿਰ
ਪ੍ਰਮਾਤਮਾ ਦੇ ਨਾਮ-ਸਿਮਰਨ ਦੇ ਵਪਾਰ ਵਿੱਚ ਲੱਗੇ ਰਹਿੰਦੇ ਹਨ, ਉਹ ਆਪਣੇ ਗੁਰੂ ਦੀ ਦੱਸੀ ਸੇਵਾ
ਕਰਦੇ ਹਨ ਅਤੇ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾਈ ਰਖਦੇ ਹਨ। ਉਹ
ਜੀਵ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਆਪਣੇ ਅੰਦਰ ਵਸਾਈ ਰਖਦੇ ਹਨ, ਪ੍ਰਮਾਤਮਾ ਦਾ ਨਾਮ
ਉਨ੍ਹਾਂ ਨੂੰ ਪਿਆਰਾ ਲੱਗਦਾ ਹੈ, ਪ੍ਰਭੂ ਦੇ ਨਾਮ ਵਿੱਚ ਹੀ ਉਨ੍ਹਾਂ ਨੇ ਦੁਨੀਆਂ ਦੇ ਨੌ ਖ਼ਜ਼ਾਨੇ ਲੱਭ
ਲਏ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜੀਵ ਮਾਇਆ ਦੇ ਮੋਹ ਵਿੱਚ ਫਸੇ ਰਹਿਣ ਕਰਕੇ, ਦੁੱਖ
ਵਿੱਚ ਵਿਆਕੁਲ ਰਹਿੰਦੇ ਹਨ, ਮਾਇਆ ਦੇ ਮੋਹ ਵਿੱਚ ਫਸੇ ਰਹਿਣ ਕਰਕੇ ਉਨ੍ਹਾਂ ਨੇ ਆਪਣੀ ਇੱਜ਼ਤ ਗਵਾ ਲਈ
ਹੈ।
ਹੇ ਨਾਨਕ! ਜਿਨ੍ਹਾਂ ਪ੍ਰਾਣੀਆਂ ਨੂੰ ਸਤਿਗੁਰੂ ਨੇ ਇਹ ਸਮਝ ਬਖ਼ਸ਼ ਦਿੱਤੀ ਹੈ ਕਿ ਮਨੁੱਖਾ ਜਨਮ ਬਹੁਤ
ਔਖਿਆਈ ਨਾਲ ਮਿਲਦਾ ਹੈ, ਉਹ ਪ੍ਰਾਣੀ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਸਦਾ-ਥਿਰ ਪ੍ਰਭੂ ਦੀ
ਸਿਫ਼ਤ-ਸਾਲਾਹ ਵਿੱਚ ਲੀਨ ਅਤੇ ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿੱਚ ਰੰਗੇ ਰਹਿੰਦੇ ਹਨ।
ਮਨ ਮੇਰੇ ਸਤਿਗੁਰੁ ਸੇਵਨਿ ਆਪਣਾ ਸੇ ਜਨ ਵਡਭਾਗੀ ਰਾਮ ॥
ਜੋ ਮਨੁ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਮ ॥
ਸੇ ਜਨ ਬੈਰਾਗੀ ਸਚਿ ਲਿਵ ਲਾਗੀ ਆਪਣਾ ਆਪੁ ਪਛਾਣਿਆ ॥
ਮਤਿ ਨਿਹਚਲ ਅਤਿ ਗੂੜੀ ਗੁਰਮੁਖਿ ਸਹਜੇ ਨਾਮੁ ਵਖਾਣਿਆ ॥
ਇਕ ਕਾਮਣਿ ਹਿਤਕਾਰੀ ਮਾਇਆ ਮੋਹਿ ਪਿਆਰੀ ਮਨਮੁਖ ਸੋਇ ਰਹੇ ਅਭਾਗੇ ॥
ਨਾਨਕ ਸਹਜੇ ਸੇਵਹਿ ਗੁਰੁ ਅਪਣਾ ਸੇ ਪੂਰੇ ਵਡਭਾਗੇ ॥੪॥੩॥ ਪੰਨਾਂ ੫੬੯
ਪਦਅਰਥ: ਮਾਰਹਿ-ਵੱਸ ਕਰ ਲੈਂਦੇ ਹਨ; ਬੈਰਾਗੀ-ਨਿਰਮੋਹ; ਲਿਵ-ਲਗਨ; ਆਪਣਾ
ਆਪੁ-ਆਪਣੇ ਆਤਮਕ ਜੀਵਨ ਨੂੰ; ਨਿਹਚਲ-ਅਡੋਲ; ਗੂੜੀ-ਪ੍ਰੇਮ ਦੇ ਰੰਗ ਵਿੱਚ ਰੰਗੀ ਹੋਈ; ਸਹਜੇ-ਆਤਮਕ
ਅਡੋਲਤਾ ਵਿੱਚ; ਕਾਮਣਿ-ਇਸਤ੍ਰੀ; ਹਿਤਕਾਰੀ-ਹਿਤ ਕਰਨ ਵਾਲੇ; ਮੋਹਿ-ਮੋਹ ਵਿੱਚ।
ਅਰਥ:ਹੇ ਮੇਰੇ ਮਨ! ਉਹ ਪ੍ਰਾਣੀ ਬੜੇ ਭਾਗਾਂ ਵਾਲੇ ਹੁੰਦੇ ਹਨ ਜਿਹੜੇ ਆਪਣੇ ਗੁਰੂ ਦੀ ਦੱਸੀ ਸੇਵਾ
ਕਰਦੇ ਅਤੇ ਆਪਣੇ ਮਨ ਨੂੰ ਵੱਸ ਵਿੱਚ ਰੱਖਦੇ ਹਨ। ਉਹ ਪ੍ਰਾਣੀ ਦੁਨੀਆਂ ਦੀ ਕਿਰਤ-ਕਾਰ ਕਰਦੇ ਹੋਏ ਭੀ
ਮਾਇਆ ਵਲੋਂ ਨਿਰਮੋਹ ਅਤੇ ਦੁਨੀਆਂ ਵਲੋਂ ਵਿਰਕਤ ਰਹਿੰਦੇ ਹਨ। ਉਨ੍ਹਾਂ ਜੀਵਾਂ ਦੀ ਸੁਰਤ ਸਦਾ-ਥਿਰ
ਪ੍ਰਭੂ ਵਿੱਚ ਜੁੜੀ ਰਹਿੰਦੀ ਹੈ ਅਤੇ ਉਹ ਪ੍ਰਾਣੀ ਆਪਣੇ ਆਤਮਕ ਜੀਵਨ ਨੂੰ ਸਦਾ ਪੜਤਾਲਦੇ ਰਹਿੰਦੇ
ਹਨ। ਗੁਰੂ ਦੀ ਸ਼ਰਨ ਨਾਲ ਉਨ੍ਹਾਂ ਦੀ ਮਤ ਮਾਇਆ ਵਲੋਂ ਅਡੋਲ ਅਤੇ ਪ੍ਰਭੂ-ਪ੍ਰੇਮ ਵਿੱਚ ਚੰਗੀ ਤਰ੍ਹਾਂ
ਰੰਗੀ ਰਹਿੰਦੀ ਹੈ। ਆਤਮਕ ਅਡੋਲਤਾ ਵਿੱਚ ਟਿਕ ਕੇ ਉਹ ਜੀਵ ਪ੍ਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ।
ਪਰ ਕਈ ਐਸੇ ਬਦ-ਨਸੀਬ ਜੀਵ ਹਨ ਜੋ ਕਾਮ-ਵੱਸ ਹੋ ਕੇ ਇਸਤ੍ਰੀ ਨਾਲ ਪਿਆਰ, ਮਾਇਆ ਦੇ ਮੋਹ ਵਿੱਚ ਮਗਨ
ਅਤੇ ਆਪਣੇ ਮਨ ਦੇ ਪਿੱਛੇ ਤੁਰਦੇ ਹੋਏ ਗ਼ਫ਼ਲਤ ਦੀ ਨੀਂਦ ਵਿੱਚ ਹੀ ਸੁੱਤੇ ਰਹਿੰਦੇ ਹਨ। ਹੇ ਨਾਨਕ! ਉਹ
ਪ੍ਰਾਣੀ ਵੱਡੇ ਭਾਗਾਂ ਵਾਲੇ ਹਨ ਜੋ ਆਤਮਕ ਅਡੋਲਤਾ ਵਿੱਚ ਟਿਕ ਕੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ
ਰਹਿੰਦੇ ਹਨ।
੮. ਨਿਰਾ ਜੰਗਲਾਂ ਵਿੱਚ ਘੁੰਮਣ ਨਾਲ ਹੀ ਨਹੀਂ,
ਕਿਸੇ ਹੋਰ ਕ੍ਰਮ-ਕਾਂਡ ਨਾਲ ਭੀ ਪ੍ਰਭੂ ਪ੍ਰਾਪਤੀ ਨਹੀਂ ਹੋ ਸਕਦੀ। ਪ੍ਰਭੂ ਦੇ ਸਿਮਰਨ ਛੱਡ ਕੇ ਹੋਰ
ਕ੍ਰਮ-ਕਾਂਡਾਂ ਵਾਰੇ ਪੰਨਾਂ ੪੬੭ ਤੇ ਆਸਾ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਦਿੱਤੇ ਉਪਦੇਸ਼
ਹੇਠਾਂ ਦਿੱਤੇ ਜਾ ਰਹੇ ਹਨ;
ਮਃ ੧ ॥
ਲਿਖਿ ਲਿਖਿ ਪੜਿਆ ॥ ਤੇਤਾ ਕੜਿਆ ॥
ਬਹੁ ਤੀਰਥ ਭਵਿਆ ॥ ਤੇਤੋ ਲਵਿਆ ॥
ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥
ਸਹੁ ਵੇ ਜੀਆ ਅਪਣਾ ਕੀਆ ॥
ਅੰਨੁ ਨ ਖਾਇਆ ਸਾਦੁ ਗਵਾਇਆ ॥
ਬਹੁ ਦੁਖੁ ਪਾਇਆ ਦੂਜਾ ਭਾਇਆ ॥
ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥
ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥
ਪਗ ਉਪੇਤਾਣਾ ॥ ਅਪਣਾ ਕੀਆ ਕਮਾਣਾ ॥
ਅਲੁ ਮਲੁ ਖਾਈ ਸਿਰਿ ਛਾਈ ਪਾਈ ॥
ਮੂਰਖਿ ਅੰਧੈ ਪਤਿ ਗਵਾਈ ॥ ਵਿਣੁ ਨਾਵੈ ਕਿਛੁ ਥਾਇ ਨ ਪਾਈ ॥
ਰਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ ਜਾਣੈ ਫਿਰਿ ਪਛੁਤਾਣੀ ॥
ਸਤਿਗੁਰੁ ਭੇਟੇ ਸੋ ਸੁਖੁ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥
ਨਾਨਕ ਨਦਰਿ ਕਰੇ ਸੋ ਪਾਏ ॥
ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥ ਪੰਨਾਂ ੪੬੭
ਅਰਥ: ਜਿਨ੍ਹਾਂ ਕੋਈ ਪ੍ਰਾਣੀ ਵਿੱਦਿਆ ਪੜ੍ਹਨੀ-ਲਿਖਣੀ ਜਾਣਦਾ ਹੈ, ਉਨ੍ਹਾਂ
ਹੀ ਉਸ ਨੂੰ ਆਪਣੀ ਵਿੱਦਿਆ ਦਾ ਮਾਣ ਹੋ ਜਾਂਦਾ ਹੈ ਪਰ ਇਹ ਕੋਈ ਜ਼ਰੂਰੀ ਨਹੀਂ ਕਿ ਵਿੱਦਿਆ ਦੇ ਮਾਣ
ਨਾਲ ਰੱਬ ਪ੍ਰਾਪਤੀ ਦੀ ਲੋੜ ਹੋਵੇ। ਜਿਨ੍ਹਾਂ ਕੋਈ ਤੀਰਥਾਂ ਦੀ ਯਾਤ੍ਰਾ ਕਰਦਾ ਹੈ, ਉਨ੍ਹਾਂ ਹੀ ਉਹ
ਥਾਂ-ਥਾਂ ਜਾ ਕੇ ਦੱਸਦਾ ਹੈ ਕਿ ਮੈਂ ਫਲਾਣੇ-ਫਲਾਣੇ ਤੀਰਥ ਤੇ ਇਸ਼ਨਾਨ ਕਰ ਆਇਆ ਹਾਂ। ਤੀਰਥ-ਯਾਤ੍ਰਾ
ਭੀ ਹੰਕਾਰ ਦਾ ਹੀ ਕਾਰਨ ਬਣਦੀ ਹੈ। ਲੋਕਾਂ ਨੂੰ ਪਤਿਆਉਣ ਵਾਸਤੇ ਕਿਸੇ ਨੇ ਧਰਮਕ ਚਿਨ੍ਹ ਧਾਰੇ ਹੋਏ
ਹਨ। ਕੋਈ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ ਉਨ੍ਹਾਂ ਵਾਰੇ ਇਹੀ ਕਹਿਣਾ ਠੀਕ ਬਣਦਾ ਹੈ ਕਿ ਹੇ
ਭਾਈ! ਆਪਣੇ ਕੀਤੇ ਦਾ ਦੁੱਖ ਸਹਾਰੋ ਭਾਵ ਇਹ ਭੇਖ ਧਾਰਨੇ ਅਤੇ ਸਰੀਰ ਨੂੰ ਦੁੱਖ ਦੇਣੇ ਭੀ ਰੱਬ ਦੇ
ਦਰ ਤੇ ਕਬੂਲ ਨਹੀਂ ਹੁੰਦੇ। ਜੋ ਪ੍ਰਾਣੀ ਅੰਨ ਛੱਡ ਕੇ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਪਰ ਹੋਰ
ਕ੍ਰਮ-ਕਾਂਡਾਂ ਵਿੱਚ ਲੱਗਾ ਹੋਇਆ ਹੈ ਉਸ ਨੇ ਭੀ ਆਪਣੀ ਜ਼ਿੰਦਗੀ ਕੌੜੀ ਬਣਾਈ ਹੋਈ ਹੈ ਅਤੇ ਦੁੱਖ
ਸਹਾਰ ਰਿਹਾ ਹੈ। ਜੋ ਜੀਵ ਕੱਪੜੇ ਨਹੀਂ ਪਾਉਂਦਾ, ਉਹ ਦਿਨ ਰਾਤ ਔਖਾ ਹੋ ਰਿਹਾ ਹੈ। ਜੇ ਕੋਈ ਮੋਨ
ਧਾਰ ਕੇ ਚੁੱਪ ਬੈਠਾ ਹੈ, ਉਹ ਭੀ ਪ੍ਰਭੂ-ਪ੍ਰਾਪਤੀ ਦੇ ਅਸਲੀ ਰਾਹ ਤੋਂ ਖੁੰਝਿਆ ਹੋਇਆ ਹੈ। ਮਾਇਆ ਦੀ
ਨੀਂਦ ਵਿੱਚ ਸੁੱਤਾ ਹੋਇਆ ਜੀਵ ਗੁਰੂ ਤੋਂ ਬਿਨ੍ਹਾਂ ਜਾਗ ਨਹੀਂ ਸਕਦਾ। ਜੇ ਕੋਈ ਜੀਵ ਪੈਰਾਂ ਤੋਂ
ਨੰਗਾ ਫਿਰਦਾ ਹੈ ਤਾਂ ਉਹ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ। ਜੇ ਕੋਈ ਜੀਵ ਸੁੱਚਾ
ਚੰਗਾ ਭੋਜਨ ਛੱਡ ਕੇ ਮਲ ਖਾਂਦਾ ਹੈ ਅਤੇ ਸਿਰ ਵਿੱਚ ਸੁਆਹ ਪਾ ਲਈ ਹੈ, ਉਸ ਅਗਿਆਨੀ ਮੂਰਖ ਨੇ ਇਸ
ਤਰ੍ਹਾਂ ਆਪਣੀ ਪੱਤ ਗਵਾ ਲਈ ਹੈ। ਪ੍ਰਭੂ ਦੇ ਨਾਮ ਤੋਂ ਬਿਨ੍ਹਾਂ ਹੋਰ ਕੋਈ ਕ੍ਰਮ-ਕਾਂਡ ਪਰਵਾਨ
ਨਹੀਂ। ਅੰਨ੍ਹਾ-ਮੂਰਖ ਉਜਾੜਾਂ, ਮੜ੍ਹੀਆਂ ਅਤੇ ਮਸਾਣਾਂ ਵਿੱਚ ਜਾ ਰਹਿੰਦਾ ਹੈ, ਉਹ ਰੱਬ ਪ੍ਰਾਪਤੀ
ਵਾਲਾ ਰਸਤਾ ਨਹੀਂ ਸਮਝਦਾ ਅਤੇ ਸਮਾਂ ਬੀਤ ਜਾਣ ਤੇ ਪਛਤਾਉਂਦਾ ਹੈ। ਜਿਸ ਜੀਵ ਨੂੰ ਗੁਰੂ ਮਿਲ ਪਿਆ
ਹੈ, ਉਹ ਹੀ ਅਸਲੀ ਸੁਖ ਮਾਣਦਾ ਹੈ, ਉਹ ਵਡਭਾਗੀ ਹੀ ਰੱਬ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਉਂਦਾ
ਹੈ। ਪਰ ਹੇ ਨਾਨਕ! ਗੁਰੂ ਭੀ ਉਸ ਜੀਵ ਨੂੰ ਹੀ ਮਿਲਦਾ ਹੈ ਜਿਸ ਉੱਤੇ ਦਾਤਾਰ ਆਪ ਮਿਹਰ ਦੀ ਨਜ਼ਰ
ਕਰਦਾ ਹੈ। ਉਸ ਸੰਸਾਰ ਦੀਆਂ ਆਸਾਂ ਅਤੇ ਫ਼ਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਉਪਦੇਸ਼ ਨਾਲ ਆਪਣੀ
ਹਉਮੈ ਨੂੰ ਸਾੜ ਦਿੰਦਾ ਹੈ।
੯. ਪ੍ਰਭੂ ਦੇ ਸਿਮਰਨ ਤੋਂ ਬਗੈਰ ਹੋਰ ਕ੍ਰਮ-ਕਾਂਡਾਂ ਵਾਰੇ ਪੰਨਾਂ ੩੨੪ ਤੇ ਗਉੜੀ ਰਾਗ ਵਿੱਚ
ਭਗਤ ਕਬੀਰ ਜੀ ਦੇ ਉਪਦੇਸ਼ ਇਸ ਪ੍ਰਕਾਰ ਹਨ;
ਨਗਨ ਫਿਰਤ ਜੌ ਪਾਈਐ ਜੋਗੁ।।
ਬਨ ਕਾ ਮਿਰਗੁ ਮੁਕਤਿ ਸਭੁ ਹੋਗੁ।। ੧ ।।
ਕਿਆ ਨਾਗੇ ਕਿਆ ਬਾਧੇ ਚਾਮ।।
ਜਬ ਨਹੀ ਚੀਨਸਿ ਆਤਮ ਰਾਮ।। ੧।। ਰਹਾਉ।।
ਮੂਡ ਮੁੰਡਾਏ ਜੌ ਸਿਧਿ ਪਾਈ।।
ਮੁਕਤੀ ਭੇਡ ਨ ਗਈਆ ਕਾਈ।। ੨।।
ਬਿੰਦੁ ਰਾਖਿ ਜੌ ਤਰੀਐ ਭਾਈ।।
ਖੁਸਰੈ ਕਿਉ ਨ ਪਰਮ ਗਤਿ ਪਾਈ।। ੩।।
ਕਹੁ ਕਬੀਰ ਸੁਨਹੁ ਨਰ ਭਾਈ।।
ਰਾਮ ਨਾਮ ਬਿਨੁ ਕਿਨਿ ਗਤਿ ਪਾਈ।। ੪।। ਪੰਨਾਂ ੩੨੪
ਅਰਥ: ਹੇ ਭਾਈ! ਜਦੋਂ ਤੱਕ ਤੂੰ ਪ੍ਰਭੂ ਨੂੰ
ਨਹੀਂ ਸਿਮਰਦਾ, ਉਦੋਂ ਤੱਕ ਨੰਗੇ ਰਹਿਣ ਅਤੇ ਪਿੰਡੇ ਤੇ ਚੰਮ ਲਪੇਟਣ ਨਾਲ ਤੈਨੂੰ ਪ੍ਰਭੂ-ਪ੍ਰਾਪਤੀ
ਨਹੀਂ ਹੋਣੀ।੧। ਰਹਾਉ।
ਜੇ ਨੰਗੇ ਫਿਰਦਿਆਂ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ ਤਾਂ ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ
ਚਾਹੀਦਾ ਹੈ। ਜੇ ਸਿਰ ਮੁਨਾਉਣ ਸਿੱਧੀ ਮਿਲ ਸਕਦੀ ਹੈ ਤਾਂ ਹੁਣ ਤੱਕ ਹਰ ਭੇਡ ਮੁਕਤ ਹੋ ਜਾਨੀ ਸੀ।
ਹੇ ਭਾਈ! ਜੇ ਬਾਲ-ਜਤੀ ਰਹਿਣ ਨਾਲ ਸੰਸਾਰ-ਸਮੁੰਦਰ ਤੋਂ ਤਰ ਸਕਦਾ ਹੋਵੇ ਤਾਂ ਖੁਸਰੇ ਨੂੰ ਕਿਉਂ
ਮੁਕਤੀ ਨਹੀਂ ਮਿਲ ਜਾਂਦੀ? ਭਗਤ ਕਬੀਰ ਜੀ ਆਖਦੇ ਹਨ ਕਿ ਬੇਸ਼ੱਕ ਹੇ ਭਰਾਵੋ! ਪ੍ਰਮਾਤਮਾ ਦਾ ਨਾਮ
ਸਿਮਰਨ ਤੋਂ ਬਿਨਾ ਕਿਸੇ ਨੂੰ ਮੁਕਤੀ ਨਹੀਂ ਮਿਲ ਸਕਦੀ।
੧੦. ਇਸ ਤਰ੍ਹਾਂ ਹੀ ਪੰਨਾਂ ੧੩੮੯ ਤੇ ਗੁਰੂ ਅਰਜਨ ਸਾਹਿਬ ਆਪਣੇ ਸੱਵ੍ਯੀਆਂ ਵਿੱਚ ਦਿੱਤੇ
ਉਪਦੇਸ਼ ਸੁਣੋ;
ਉਦਮੁ ਕਰਿ ਲਾਗੇ ਬਹੁ ਭਾਤੀ ਬਿਚਰਹਿ ਅਨਿਕ ਸਾਸਤ੍ਰ ਬਹੁ ਖਟੂਆ ॥
ਭਸਮ ਲਗਾਇ ਤੀਰਥ ਬਹੁ ਭ੍ਰਮਤੇ ਸੂਖਮ ਦੇਹ ਬੰਧਹਿ ਬਹੁ ਜਟੂਆ ॥
ਬਿਨੁ ਹਰਿ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ ॥
ਪੂਜਾ ਚਕ੍ਰ ਕਰਤ ਸੋਮਪਾਕਾ ਅਨਿਕ ਭਾਂਤਿ ਥਾਟਹਿ ਕਰਿ ਥਟੂਆ ॥੨॥੧੧॥੨੦॥
ਪੰਨਾਂ ੧੩੮੯
ਅਰਥ: ਅਨੇਕਾਂ ਪ੍ਰਾਣੀ ਕਈ ਤਰ੍ਹਾਂ ਦੇ ਬੇਅਰਥ ਉੱਦਮ ਜਿਵੇਂ ਕਿ ਛੇ
ਸ਼ਾਸਤ੍ਰਾਂ ਦੀ ਵੀਚਾਰ ਅਤੇ ਪਿੰਡੇ ਤੇ ਸੁਆਹ ਮਲ ਕੇ ਤੀਰਥਾਂ ਤੇ ਘੁੰਮਦੇ ਫਿਰਦੇ ਹਨ। ਅਨੇਕਾਂ
ਪ੍ਰਾਣੀ ਆਪਣੇ ਸਰੀਰ ਨੂੰ ਤਪਾਂ ਨਾਲ ਕਮਜ਼ੋਰ ਕਰ ਚੁੱਕੇ ਹਨ ਅਤੇ ਸੀਸ ਉੱਤੇ ਜਟਾਂ ਧਾਰ ਰਹੇ ਹਨ। ਕਈ
ਪ੍ਰਾਣੀ ਪੂਜਾ ਕਰਦੇ ਹਨ; ਸਰੀਰ ਉੱਤੇ ਧਾਰਮਕ ਚਿੰਨ੍ਹ ਲਗਾਉਂਦੇ ਹਨ, ਸੁੱਚਮ ਵਾਸਤੇ ਆਪ ਹੱਥੀਂ
ਰੋਟੀ ਬਣਾਉਂਦੇ ਹਨ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਕ੍ਰਮ-ਕਾਂਡ ਅਤੇ ਪਾਖੰਡ ਕਰਦੇ ਹਨ। ਪਰ ਪ੍ਰਭੂ
ਦਾ ਨਾਮ ਸਿਮਰਨ ਤੋਂ ਬਿਨ੍ਹਾਂ ਇਹ ਸਾਰੇ ਪ੍ਰਾਣੀ ਦੁੱਖ ਪਾਉਂਦੇ ਹਨ। ਇਹ ਸਾਰੇ ਅਡੰਬਰ, ਕ੍ਰਮ-ਕਾਂਡ
ਅਤੇ ਪਾਖੰਡ ਉਨ੍ਹਾਂ ਪ੍ਰਾਣੀਆਂ ਲਈ ਫਸਣ ਵਾਸਤੇ ਜਾਲ ਬਣ ਜਾਂਦੇ ਹਨ ਜਿਵੇਂ ਮੱਕੜ ਬਹੁਤ ਮਿਹਨਤ ਨਾਲ
ਤਾਰਾਂ ਦਾ ਜਾਲ ਤਣਦਾ ਹੈ ਪਰ ਆਪ ਹੀ ਉਸ ਵਿੱਚ ਫਸ ਕੇ ਆਪਣੇ ਹੀ ਬੱਚਿਆਂ ਦੇ ਹੱਥੋਂ ਮਾਰਿਆ ਜਾਂਦਾ
ਹੈ।
੧੧. ਭਾਈ ਗੁਰਦਾਸ ਜੀ ਦੇ ਵੀਚਾਰ;
ਗਲੀਂ ਜੇ ਸਹੁ ਪਾਈਐ ਤੋਤਾ ਕਿਉ ਫਾਸੈ ॥
ਮਿਲੈ ਨ ਬਹੁਤੁ ਸਿਆਣਪੈ ਕਾਉ ਗੂਂਹੁ ਗਿਰਾਸੈ ॥
ਜੋਰਾਵਰੀ ਨ ਜਿਪਈ ਸ਼ੀਹ ਸਹਾ ਵਿਣਾਸੈ ॥
ਗੀਤ ਕਵਿਤ ਨ ਭਿਜਈ ਭਟ ਭੇਖ ਉਦਾਸੈ ॥
ਜੋਬਨ ਰੂਪੁ ਨ ਮੋਹੀਐ ਰੰਗੁ ਕਸੁੰਭ ਦੁਰਾਸੈ ॥
ਵਿਣੇ ਸੇਵਾ ਦੋਹਾਗਣੀ ਪਿਰੁ ਮਿਲੈ ਨ ਹਾਸੈ
॥12 ॥
ਸਿਰ ਤਲਵਾਏ ਪਾਈਐ ਚਮਗਿਦੜ ਜੂਹੈ ॥
ਮੜੀ ਮਸਾਣੀ ਜੇ ਮਿਲੈ ਵਿਚਿ ਖੁਡਾਂ ਚੂਹੈ ॥
ਮਿਲੈ ਨ ਵਡੀ ਆਰਜਾ ਬਿਸੀਅਰੁ ਵਿਹੁ ਲੂਹੈ ॥
ਹੋਇ ਕੁਚੀਲੁ ਵਰਤੀਐ ਖਰ ਸੂਰ ਭਸੂਹੇ ॥
ਕੰਦ ਮੂਲ ਚਿਤ ਲਾਈਐ ਅਈਅੜ ਵਣੁ ਧੂਹੇ ॥
ਵਿਣੁ ਗੁਰ ਮੁਕਤਿ ਨ ਹੋਵਈ ਜਿਉਂ ਘਰੁ ਵਿਣੁ ਬੂਹੇ ॥13॥
ਮਿਲੈ ਜਿ ਤੀਰਥਿ ਨਾਤਿਆਂ ਡਡਾਂ ਜਲ ਵਾਸੀ ॥
ਵਾਲ ਵਧਾਇਆਂ ਪਾਈਐ ਬੜ ਜਟਾਂ ਪਲਾਸੀ ॥
ਨੰਗੇ ਰਹਿਆਂ ਜੇ ਮਿਲੈ ਵਣਿ ਮਿਰਗ ਉਦਾਸੀ ॥
ਭਸਮ ਲਾਇ ਜੇ ਪਾਈਐ ਖਰੁ ਖੇਹ ਨਿਵਾਸੀ ॥
ਜੇ ਪਾਈਐ ਚੁਪ ਕੀਤਿਆਂ ਪਸੂਆਂ ਜੜ ਹਾਸੀ ॥
ਵਿਣੁ ਗੁਰ ਮੁਕਤਿ ਨ ਹੋਵਈ ਗੁਰ ਮਿਲੈ ਖਲਾਸੀ ॥14॥
੧੨. ਇਸੇ ਹੀ ਪੱਖ ਵਾਰੇ ਬਾਬਾ ਬੁੱਲੇ ਸ਼ਾਹ ਨੇ ਵੀ ਬਹੁਤ ਸੁੰਦਰ ਸੇਧ ਦਿੱਤੀ
ਹੈ। ਉਹ ਕਹਿੰਦੇ ਹਨ ਕਿ;
ਜੇ ਰੱਬ ਮਿਲਦਾ ਨਾਤਿਆਂ ਧੋਤਿਆਂ, ਤਾਂ ਮਿਲਦਾ ਡੱਡੀਆਂ ਮੱਛੀਆਂ।
ਜੇ ਰੱਬ ਮਿਲਦਾ ਜੰਗਲ ਬੇਲੇ, ਤਾਂ ਮਿਲਦਾ ਗਾਈਆਂ ਵੱਛੀਆਂ।
ਜੇ ਰੱਬ ਮਿਲਦਾ ਮੜ੍ਹੀ ਮਸਾਣੀ, ਤਾਂ ਮਿਲਦਾ ਚਾਮ ਚੜਿੱਕੀਆਂ।
ਬੁੱਲੇ ਸ਼ਾਹ! ਰੱਬ ਉਨ੍ਹਾਂ ਨੂੰ ਮਿਲਦਾ, ਨੀਅਤਾਂ ਜਿਨ੍ਹਾਂ ਦੀਆਂ ਅੱਛੀਆਂ।
ਗੁਰੂ ਸਾਨੂੰ ਸੁਮਤ ਬਖਸ਼ੇ। ਆਓ ਆਪਾਂ ਭੀ ਸਾਰੇ ਕ੍ਰਮ-ਕਾਂਡ ਅਤੇ ਪਾਖੰਡ ਛੱਡ
ਕੇ ਕੇਵਲ ਪ੍ਰਭੂ ਦਾ ਸਿਮਰਨ ਕਰੀਏ।
ਵਾਹਿ ਗੁਰੂ ਜੀ ਕਾ ਖਾਲਸਾ।।
ਵਾਹਿ ਗੁਰੂ ਜੀ ਕੀ ਫ਼ਤਹਿ।।
ਬਲਬਿੰਦਰ ਸਿੰਘ ਸਿਡਨੀ
|
. |