ਜਉ ਮਾਗਹਿ ਤਉ ਮਾਗਹਿ ਬੀਆ
ਸਿਰਲੇਖ ਵਾਲੀ ਤੁਕ ਜੀਵਾਂ ਦੀ ਗ਼ਲਤ ਅਤੇ ਪੱਕੀ ਆਦਤ ਦਾ ਵਰਨਣ ਕਰਦੀ ਹੈ।
ਬਾਣੀ ਦੀ ਸਿੱਖਿਆ ਤੋਂ ਉਲਟ ਜਾਣ ਵਾਲਾ ਸੰਸਾਰੀ ਵਸਤਾਂ ਦੀਆਂ ਮੰਗਾਂ ਹੀ ਹਰ ਵੇਲੇ ਮੰਗਦਾ ਹੈ।
ਸਿਰਲੇਖ ਵਾਲੀ ਤੁਕ ਤੋਂ ਅਗਲੀ ਤੁਕ ਵਿੱਚ ਬਾਣੀ ਕਹਿੰਦੀ ਹੈ ਕਿ ਇਹ ਸੁੱਖ ਦੇਣ ਵਾਲਾ ਕੰਮ ਨਹੀਂ-
ਜਾ ਤੇ ਕੁਸਲ ਨ ਕਾਹੂ ਥੀਆ-258
ਇਸ ਦਾ ਕਾਰਨ ਇਹ ਹੈ ਕਿ ਸੰਸਾਰ ਦੀ ਕੋਈ ਭੀ ਵਸਤੂ '
ਕਿਆ ਮਾਗਉ ਕਿਛੁ ਥਿਰ ਨ ਰਹਾਈ'-481
ਦੇ ਅਸੂਲ ਅਨੁਸਾਰ ਸਦਾ ਰਹਿਣ ਵਾਲੀ ਨਹੀਂ। ਇਸ ਦੇ
ਮੰਗਣ ਨਾਲ ਭਲਾ ਤਾਂ ਨਹੀਂ ਹੁੰਦਾ ਕਿਉਂਕਿ ਮੰਗ ਪੂਰੀ ਨਾ ਹੋਣ ਤੇ ਜੀਵ ਦੁਖੀ ਹੋ ਜਾਂਦਾ ਹੈ ਪਰ
ਮਿਲ ਜਾਣ ਤੇ ਉਸਦੇ ਖੁੱਸ ਜਾਣ ਦੇ ਡਰ ਨਾਲ ਪੀੜਿਤ ਹੋਇਆ ਰਹਿੰਦਾ ਹੈ। ਹਰ ਹਾਲਤ ਵਿੱਚ ਉਸਦੇ ਹਿੱਸੇ
ਸਹਿਮ ਅਤੇ ਚਿੰਤਾ ਹੀ ਆਉਂਦੇ ਹਨ, ਸ਼ਾਂਤੀ ਅਤੇ ਅਡੋਲਤਾ ਕਦੇ ਭੀ ਨਹੀਂ।
ਬਾਣੀ ਸਾਨੂੰ ਉਹ ਖਜ਼ਾਨਾ ਦੇਣਾ ਚਾਹੁੰਦੀ ਹੈ ਜਿਹੜਾ ਕਿ ਸਦਾ ਲਈ ਸਾਨੂੰ
ਤ੍ਰਿਪਤ ਕਰ ਦੇਵੇ ਪਰ ਅਸੀਂ ਉਹ ਲੈਣਾ ਨਹੀਂ ਚਾਹੁੰਦੇ। ਇਸ ਕਰਕੇ ਥੋੜ ਚਿਰੀ ਵਸਤਾਂ ਦੀਆਂ ਮੰਗਾਂ
ਵਿੱਚ ਪੈ ਕੇ ਹਰ ਵੇਲੇ ਡੋਲਣ ਅਤੇ ਦੁਖੀ ਹੋਣ ਦੇ ਰਾਹ ਖੋਲਦੇ ਹਾਂ ਪਰ ਫਿਰ ਭੀ ਉਨਾਂ ਦੇ ਪਿੱਛੇ
ਆਵਾਗਉਣ ਅਤੇ ਬੇਮੁਹਾਰੇ ਭੱਜਣੋਂ ਨਹੀਂ ਹਟਦੇ।
ਜਦੋਂ ਅਸੀਂ ਕੋਈ ਸੰਸਾਰੀ ਚੀਜ਼ ਲੈਣੀ ਹੁੰਦੀ ਹੈ ਤਾਂ ਉਸ ਦੁਕਾਨ ਦਾ ਪਤਾ
ਕਰਦੇ ਹਾਂ ਜਿੱਥੋਂ ਉਹ ਮਿਲਦੀ ਹੋਵੇ। ਸਿਰਫ ਫਲ ਵੇਚਣ ਵਾਲੀ ਦੁਕਾਨ ਤੋਂ ਬਣੇ ਬਣਾਏ ਸੂਟ ਜਾਂ
ਗਹਿਣੇ ਖਰੀਦਣ ਕਦੇ ਭੀ ਨਹੀਂ ਜਾਵਾਂਗੇ। ਉੱਥੇ ਜਾਣਾ ਸਾਡੀ ਭੁੱਲ ਹੋਵੇਗੀ। ਜੇ ਜਾਵਾਂਗੇ ਤਾਂ
ਆਵਾਗਉਣ ਚੱਕਰ ਕੱਢ ਕੇ ਖਾਲੀ ਹੱਥ ਵਾਪਸ ਹੀ ਆਉਣਾ ਪਵੇਗਾ।
ਗੁਰਬਾਣੀ ਗ੍ਰੰਥ ਦੇ ਸਾਹਮਣੇ ਖੜ ਕੇ ਮੰਗਣ ਤੋਂ ਪਹਿਲਾਂ ਕਦੇ ਪੜਤਾਲ ਨਹੀਂ
ਕਰਦੇ ਕਿ ਬਾਣੀ ਕਿਹੜਾ ਵਾਪਾਰ ਕਰਨ ਨੂੰ ਕਹਿੰਦੀ ਹੈ ਅਤੇ ਕੀ ਜਿਹੜੀ ਚੀਜ਼ ਅਸੀਂ ਮੰਗਣ ਲੱਗੇ ਹਾਂ
ਇਹ ਉਸਦੇ ਹੱਟ ਵਿੱਚ ਹੈ ਭੀ? ਉੱਥੇ ਕੀ ਮਿਲਦਾ ਹੈ-
ਹਰਿ ਰਸ ਕੀ ਕੀਮਤਿ ਕਹੀ ਨ ਜਾਇ
ਹਰਿ ਰਸੁ ਸਾਧੂ ਹਾਟਿ ਸਮਾਇ-377
ਸਾਚਾ ਹਟੁ ਪੂਰਾ ਸਉਦਾ ਵਖਰੁ ਨਾਮੁ ਵਾਪਾਰਹੁ-399
ਉਹ ਤਾਂ ਹਰੀ ਦੇ ਅਣਮੁੱਲੇ ਅਤੇ ਬਹੁਮੁੱਲੇ ਰਸ ਨਾਲ ਭਰਪੂਰ ਹੈ। ਆਪਣੀਆਂ
ਬਣਾਈਆਂ ਕਰਮ ਕਾਂਡੀ ਰਸਮਾਂ ਦੀ ਸੇਵਾ ਕੀਤੇ ਤੇ ਇਹ ਵਸਤੂ ਪ੍ਰਾਪਤ ਨਹੀਂ ਹੋਣੀ। ਹੋਰ ਸੱਭ ਮੰਗਾਂ
ਤੋਂ ਮੁਕਤੀ ਪਾ ਲੈਣ ਤੇ ਹੀ ਹਰੀ ਰਸ ਲੈ ਸਕਦੇ ਹਾਂ-
ਸੇਵਾ ਕਰਤ ਹੋਇ ਨਿਹਕਾਮੀ। ਤਿਸ ਕਉ ਹੋਤ ਪਰਾਪਤਿ ਸੁਆਮੀ-286
ਗੁਰਬਾਣੀ ਗ੍ਰੰਥ ਦਸਾਂ ਪਾਤਿਸ਼ਾਹੀਆਂ ਦੀ ਅਣਥੱਕ ਮਿਹਨਤ ਦਾ ਫਲ ਹੈ। ਦੇਖਣਾ
ਜ਼ਰੂਰੀ ਹੈ ਕਿ ਉਨਾਂ ਨੇ ਕੀ ਮੰਗਿਆ ਤੇ ਕੀ ਪ੍ਰਾਪਤ ਕੀਤਾ ਸੀ? ਜੋ ਮਿਲਿਆ ਹੋਵੇਗਾ ਉਹ ਹੀ ਹੱਟ ਤੋਂ
ਮਿਲੇਗਾ-
ਨਾਨਕ ਪਾਇਆ ਸਚੁ ਨਾਮ ਸਦ ਹੀ ਭੋਗੇ ਭੋਗ-958
ਨਾਨਕ ਕੀ ਅਰਦਾਸਿ ਸੁਣੀਜੈ। ਕੇਵਲ ਨਾਮੁ ਰਿਦੇ ਮਹਿ ਦੀਜੈ-389
ਨਾਨਕ ਪਾਇਆ ਨਾਮ ਖਜਾਨਾ-390
ਨਾਨਕ ਪਾਇਆ ਨਾਮ ਨਿਧਾਨੁ-1138
ਕਰ ਕਿਰਪਾ ਅਪੁਨੋ ਨਾਮੁ ਦੀਜੈ ਨਾਨਕ ਸਦ ਬਲਿਹਾਰੇ-210
ਅਬ ਮੋਹਿ ਧਨੁ ਪਾਇਓ ਹਰਿ ਨਾਮਾ-1211
ਤਾਂ ਕਿ ਕਿਸੇ ਨੂੰ ਭੁਲੇਖਾ ਨਾ ਰਹਿ ਜਾਵੇ ਇਸ ਕਰਕੇ ਇਹ ਐਲਾਨ ਕਰਦਾ ਬੋਰਡ
ਹੱਟ ਤੇ ਲਾਇਆ ਹੈ-
ਨਾਨਕ ਕੈ ਘਰਿ ਕੇਵਲ ਨਾਮੁ-1136
ਜਿਨਾਂ ਨੇ ਇਹ ਲੈਣਾ ਹੈ ਉਨਾਂ ਦੀ ਮੰਗ ਹੀ ਪੂਰੀ ਹੋ ਸਕਦੀ ਹੈ। ਸ਼ਰਤ ਇਹ ਹੈ
ਕਿ ਪਹਿਲਾਂ ਮਨ ਦੀਆਂ ਮਾਇਆ ਦੀਆਂ ਮੰਗਾਂ ਬੰਦ ਕਰਨੀਆਂ ਜ਼ਰੂਰੀ ਹਨ-
ਮਾਇਆ ਡੋਲੇ ਬਹੁ ਬਿਧੀ ਮਨੁ ਲਪਟਿਓ ਤਿਹ ਸੰਗ।
ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ-258
ਨਾਮ ਤੋਂ ਭਾਵ ਕੋਈ ਇੱਕ ਜਾਂ ਬਹੁਤੇ ਅੱਖਰਾਂ ਦੇ ਲਫ਼ਜ਼ ਨਹੀਂ। ਇਹ ਉਸ ਘਟ ਘਟ
ਵਿੱਚ ਵਸੀ ਸਰਬ ਵਿਆਪਕ ਹਸਤੀ ਦਾ ਗਿਆਨ ਹੈ, ਇਹ ਉਸਦੇ ਰਾਜ ਦੇ ਵਿਧਾਨ ਦੀ ਜਾਣਕਾਰੀ ਹੈ, ਇਹ ਉਸ
ਨਾਲ ਸਾਂਝ ਪਾਉਣ ਦਾ ਤਰੀਕਾ ਹੈ, ਇਹ ਉਸਦੀ ਹਰ ਰਜ਼ਾ ਨੂੰ ਮਿੱਠਾ ਕਰਕੇ ਮੰਨਣ ਦੀ ਔਖੀ ਕਾਰਵਾਈ ਹੈ।
ਇਸ ਨਾਮ ਨਾਲ ਗੁਰੂ ਜੋੜਦਾ ਹੈ ਤੇ ਜੁੜਦੇ ਸਾਰ ਹੀ ਸੰਸਾਰੀ ਵਸਤਾਂ ਦੀ ਦੁੱਖ ਦੇਣ ਵਾਲੀ ਭਿਆਨਕ
ਭੁੱਖ ਖਤਮ ਹੋ ਜਾਂਦੀ ਹੈ-
ਨਾਮੁ ਦ੍ਰਿੜਾਇਆ ਸਾਧ ਕ੍ਰਿਪਾਲ। ਮਿਟਿ ਗਈ ਭੂਖ ਮਹਾ ਬਿਕਰਾਲ-389
ਇਸੇ ਕਰਕੇ ਬਾਣੀ ਉਸ ਜੀਵ ਨੂੰ ਹੀ ਮਨੁੱਖ ਮੰਨਦੀ ਹੈ ਜਿਸਦੇ ਅੰਦਰ ਸਿਰਫ
ਇੱਕ ਰੱਬ ਨੂੰ ਹੀ ਮਿਲਣ ਦੀ ਆਸ ਹੈ। ਉਸਦੀ ਆਸ ਨੂੰ ਹੀ ਬਾਣੀ ਦੇ ਹੱਟ ਵਿੱਚੋਂ ਫਲ ਲੱਗੇਗਾ-
ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ-1245
ਥੋੜਾ ਜਿਹਾ ਧਿਆਨ ਬਾਣੀ ਦੀਆਂ ਤੁਕਾਂ ਤੇ ਦਿੰਦੇ ਹਾਂ ਜਿੱਥੇ ਕੀ ਮੰਗਣਾ ਹੈ
ਉਸਦੀ ਸੋਝੀ ਦਿੱਤੀ ਹੈ-
ਨਾਨਕ ਜਾਚੈ ਏਕੁ ਦਾਨੁ। ਕਰਿ ਕਿਰਪਾ ਮੋਹਿ ਦੇਹੁ ਨਾਮੁ-1181
ਸਿਰਫ ਇੱਕ ਹੀ ਮੰਗ ਦੀ ਖੁੱਲ ਹੈ। ਬਾਣੀ ਨੇ ਕਿਹਾ ਹੈ ਕਿ ਜਨ ਦੀ ਅਰਦਾਸ
ਬਿਰਥੀ ਨਹੀਂ ਜਾਂਦੀ। ਪਰ ਜਨ ਦੀ ਮੰਗ ਕੀ ਹੁੰਦੀ ਹੈ ਉਸ ਤੇ ਭੀ ਧਿਆਨ ਮਾਰਦੇ ਹਾਂ। ਇਹ ਮੰਗ ਕਰਨ
ਵਾਲਾ ਹੀ ਜਨ ਹੈ। ਕਰਮ ਕਾਂਡੀ ਰਸਮਾਂ ਕਰਨ ਕਰਾਉਣ ਨਾਲ ਜਨ ਨਹੀਂ ਬਣ ਸਕਦੇ-
ਜਾਚਕ ਜਨੁ ਜਾਚੈ ਪ੍ਰਭੁ ਦਾਨੁ। ਕਰਿ ਕਿਰਪਾ ਦੇਵਹੁ ਹਰਿ ਨਾਮੁ-289
ਇਸ ਇੱਕ ਹੀ ਮੰਗ ਨੂੰ ਬਾਣੀ ਸਹੀ ਮੰਨਦੀ ਹੈ। ਕਿਸੇ ਭੀ ਵੇਲੇ ਹੋਰ ਕੁੱਝ
ਮੰਗਣ ਦੀ ਖੁੱਲ ਨਹੀਂ ਦਿੰਦੀ-
ਅਬ ਤਬ ਅਵਰੁ ਨ ਮਾਗਉ ਹਰਿ ਪਹਿ ਨਾਮੁ ਨਿਰੰਜਨ ਦੀਜੈ ਪਿਆਰਿ।
ਨਾਨਕ ਚਾਤ੍ਰਿਕੁ ਅੰਮ੍ਰਿਤ ਜਲੁ ਮਾਗੈ ਹਰਿ ਜਸੁ ਦੀਜੈ ਕਿਰਪਾ ਧਾਰਿ-504
ਇਨਾਂ ਦੇ ਸਹੀ ਅਰਥ ਕਰਦੇ ਪ੍ਰੋ: ਸਾਹਿਬ ਸਿੰਘ ਲਿਖਦੇ ਹਨ" ਮੈਂ ਕਦੇ ਭੀ
ਪਰਮਾਤਮਾ ਪਾਸੋਂ ਹੋਰ ਕੁੱਝ ਨਹੀਂ ਮੰਗਦਾ"। ਕੀ ਅਸੀਂ ਇਸ ਗੁਰੂ ਦੇ ਸ਼ਰਧਾਲੂ ਹਾਂ? ਉਹ ਤਾਂ ਸਦਾ
ਸਦਾ ਲਈ ਗੁਣ ਗਾਉਣ ਦੀ ਮੰਗ ਹੀ ਕਰਦਾ ਹੈ।
ਐ ਜੀ ਕਿਆ ਮਾਗਉ ਕਿਛੁ ਰਹੈ ਨ ਦੀਸੈ ਇਸੁ ਜਗ ਮਹਿ ਆਇਆ ਜਾਈ।
ਨਾਨਕ ਨਾਮੁ ਪਦਾਰਥੁ ਦੀਜੈ ਹਿਰਦੈ ਕੰਠਿ ਬਣਾਈ-504
ਨਾਨਕ ਨਾਮੁ ਨਿਰੰਜਨ ਦੀਜੈ ਜੁਗਿ ਜੁਗਿ ਸਬਦਿ ਸਲਾਹੀ-505
ਨਾਨਕ ਨਾਮੁ ਮਿਲੈ ਅਪਨੀ ਦਇਆ ਕਰਹੁ-408
ਬਾਣੀ ਇਹ ਸਿਖਾਉਂਦੀ ਹੈ ਕਿ ਮੰਗਣਾ ਭੀ ਰੱਬ ਕੋਲੋਂ ਹੀ ਹੈ ਤੇ ਮੰਗਣਾ ਭੀ
ਰੱਬ ਨੂੰ ਹੀ ਹੈ। ਹੋਰ ਕਿਸੇ ਮੰਗ ਨੂੰ ਉਹ ਜ਼ਹਿਰ ਅਤੇ ਸੁਆਹ ਤੁੱਲ ਗਿਣਦੀ ਹੈ। ਹੋਰ ਮੰਗਣ ਦਾ ਗ਼ਲਤ
ਕੰਮ ਕਰਨ ਵਾਲੇ ਦੇ ਮੂੰਹ ਤੇ ਬਦਨਾਮੀ ਦੀ ਕਾਲਖ ਲੱਗਦੀ ਹੈ-
ਪ੍ਰਭੁ ਛੋਡਿ ਹੋਰੁ ਜਿ ਮੰਗਣਾ ਸਭੁ ਬਿਖਿਆ ਰਸ ਛਾਰੁ-962
ਪ੍ਰਭੂ ਤਿਆਗਿ ਆਨ ਜੋ ਚਾਹਤ ਤਾ ਕੈ ਮੁਖਿ ਲਾਗੈ ਕਾਲੇਖਾ-1221
ਨਾਮ ਧਨ ਬਿਨੁ ਹੋਰ ਸਭ ਬਿਖੁ ਜਾਣੁ-664
ਮਾਧਉ ਜਾ ਕਉ ਹੈ ਆਸ ਤੁਮਾਰੀ। ਤਾ ਕਉ ਕਛੁ ਨਾਹੀ ਸੰਸਾਰੀ-188
ਨਾਨਕੁ ਜਾਚਕੁ ਦਰਿ ਤੇਰੈ ਪ੍ਰਭ ਤੁਧ ਨੋ ਮੰਗੈ ਦਾਨੁ-218
ਏਕੁ ਚੀਜੁ ਮੁਝੈ ਦੇਹਿ ਅਵਰ ਜਹਰ ਚੀਜ ਨ ਭਾਇਆ-1291
ਆਠ ਪਹਰ ਨਾਨਕ ਜਸੁ ਗਾਵੈ ਮਾਂਗਨ ਕਉ ਹਰਿ ਦਾਨ-1302
ਸੱਚੇ ਧਰਮੀ ਜੀਵ ਪ੍ਰਭੂ ਮਿਲਾਪ ਦੀ ਇੱਕੋ ਇੱਕ ਮੰਗ ਤੋਂ ਬਿਨਾਂ ਹੋਰ
ਸਾਰੀਆਂ ਮੰਗਾਂ ਨੂੰ ਗ਼ਲਤ ਅਤੇ ਜ਼ਹਿਰ ਮੰਗਣ ਦੇ ਬਰਾਬਰ ਸਮਝਦੇ ਹਨ। ਉਨਾਂ ਨੇ ਹੋਰ ਸਭ ਆਸਾਂ ਅਤੇ
ਮਨਸਾਵਾਂ ਨੂੰ ਜਾਲ ਦਿੱਤਾ ਹੁੰਦਾ ਹੈ। ਉਨਾਂ ਦੀ ਹੋਰ ਕਿਸੇ ਭੀ ਚੀਜ਼ ਤੇ ਕਦੇ ਨਿਗਾਅ ਨਹੀਂ ਜਾਂਦੀ-
ਮਨਸਾ ਆਸਾ ਸਬਦਿ ਜਲਾਈ-940
ਭੈ ਭਗਤੀ ਭਗਤ ਬਹੁ ਲੋਚਦੇ ਪ੍ਰਭੁ ਲੋਚਾ ਪੂਰਿ ਮਿਲਾਇ-1413
ਜਿਨ੍ਹਾ ਨਾਉ ਸੋਹਾਗਣੀ ਤਿਨ੍ਹਾ ਝਾਕ ਨਾ ਹੋਰੁ-1384
ਜਾਚਿਕ ਨਾਮੁ ਜਾਚੈ ਜਾਚੈ-1321
ਬਾਣੀ ਦੀ ਸੇਧ ਹੈ ਕਿ ਜੇ ਕੁੱਝ ਮੰਗਣਾ ਹੈ ਤਾਂ ਸਿਰਫ ਰੱਬ ਨੂੰ ਮੰਗਣਾ ਹੀ
ਸਹੀ ਕੰਮ ਹੈ। ਹੋਰ ਮੰਗਾਂ ਮੰਗਣ ਵਾਲੇ ਰੱਬ ਦੇ ਪਰੇਮੀ ਨਹੀਂ ਹੋ ਸਕਦੇ-
ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ
ਗਾਲ੍ਹੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ-321
ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ
ਜਿਤ ਖਾਧੈ ਮਨੁ ਤ੍ਰਿਪਤੀਐ ਨਾਨਕ ਸਾਹਿਬ ਦਾਤਿ-321
ਪ੍ਰਭੂ ਪ੍ਰੇਮ ਦੀ ਮੰਗ ਤਾਂ ਉੱਤਮ ਹੈ ਕਿਉਂਕਿ ਇਸ ਨਾਲ ਸੰਤੋਖ ਆ ਜਾਂਦਾ
ਹੈ। ਜੀਵ ਭਾਣੇ ਵਿੱਚ ਤੁਰਨ ਲੱਗਦਾ ਹੈ। ਹੋਰ ਕੋਈ ਮੰਗ ਕਦੇ ਭੀ ਉੱਠਦੀ ਹੀ ਨਹੀਂ। ਇਸ ਕਰਕੇ
ਦੁੱਖਾਂ ਦਾ ਡੇਰਾ ਹੀ ਢਹਿ ਜਾਂਦਾ ਹੈ। ਜੀਵ ਦੇ ਮਨੁੱਖਾ ਜਨਮ ਦੇ ਸਾਰੇ ਹੀ ਕੰਮ ਪ੍ਰਭੂ ਮਿਲਾਪ ਨਾਲ
ਪੂਰੇ ਹੋ ਜਾਂਦੇ ਹਨ। ਉਸ ਦਾ ਮਨ ਵਾਸਨਾ ਰਹਿਤ ਹੋ ਜਾਂਦਾ ਹੈ।
ਮਾਨਿ ਆਗਿਆ ਸਰਬ ਸੁਖ ਪਾਏ ਦੂਖਹ ਠਾਉ ਗਵਾਇਓ-209
ਏਕਹਿ ਆਸਾ ਦਰਸ ਪਿਆਸਾ ਆਨ ਨ ਭਾਵੇ-407
ਮਨ ਕੀਆ ਇਛਾ ਪੂਰੀਆ ਹਰਿ ਪਾਇਆ ਅਗਮ ਅਪਾਰੁ
ਹਉਮੈ ਤੁਟਾ ਮੋਹੜਾ ਇਕੁ ਸਚੁ ਨਾਮੁ ਆਧਾਰੁ-958
ਬਿਨਵੰਤਿ ਨਾਨਕ ਮੇਰੀ ਇਛ ਪੂਰਨ ਮਿਲੇ ਸ੍ਰਿੀ ਰੰਗ ਰਾਮਾ-546
ਮਨ ਕੀਆ ਇਛਾ ਪੂਰੀਆ ਪਾਇਆ ਨਾਮੁ ਨਿਧਾਨੁ
…. . ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ-46
ਸੰਸਾਰ ਪਰੇਮੀ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਸੰਸਾਰ ਦੀਆਂ ਆਸਾਂ ਲਾਉਂਦੇ ਅਤੇ
ਇਨਾਂ ਰਾਹੀਂ ਮਿਲੇ ਦੁੱਖਾਂ ਅਤੇ ਸੁੱਖਾਂ ਦੇ ਨਾ ਮੁੱਕਣ ਵਾਲੇ ਚੱਕਰ ਵਿੱਚ ਪੈ ਕਿ ਹਰ ਵੇਲੇ ਡੋਲਦੇ
ਹਨ। ਉਸ ਇੱਕ ਨਾਲ ਜੁੜਨ ਵਾਲਿਆਂ ਦੀ ਤ੍ਰਿਸ਼ਨਾ ਬੁਝਣ ਕਰਕੇ ਹੋਰ ਸਭ ਆਸਾਂ ਖ਼ਤਮ ਹੋ ਜਾਂਦੀਆਂ ਹਨ ਇਸ
ਕਰਕੇ ਉਹ ਸਦਾ ਲਈ ਸ਼ਾਂਤ ਅਤੇ ਅਡੋਲ ਹੋ ਜਾਂਦੇ ਹਨ-
ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ
ਨਾਨਕ ਆਸਾ ਪੂਰੀਆ ਸਚੇ ਸਿਉ ਚਿਤੁ ਲਾਇ-517
ਗੱਲ ਬਹੁਤ ਹੀ ਸਿੱਧੀ ਅਤੇ ਸਾਫ ਹੈ। ਸਦਾ ਡਰ ਅਤੇ ਸਹਿਮ ਵਾਲੀ ਹਾਲਤ ਵਿੱਚ
ਰਹਿਣਾ ਹੈ ਤਾਂ ਜੋ ਮਰਜ਼ੀ ਕਰੀ ਜਾਵੋ। ਪਰ ਜੇ ਸਦੀਵੀ ਸੁੱਖ ਅਤੇ ਅਡੋਲਤਾ ਵਾਲਾ ਜੀਵਨ ਚਾਹੀਦਾ ਹੈ
ਤਾਂ ਰੱਬ ਦੀ ਰਜ਼ਾ ਵਿੱਚ ਤੁਰਨਾ ਸਿੱਖਣਾ ਪੈਣਾ ਹੈ। ਇਸ ਦੀ ਸ਼ੁਰੂਆਤ ਸੰਸਾਰੀ ਮੰਗਾਂ ਮੰਗਣ ਵਾਲੀ
ਬਿਰਤੀ ਨੂੰ ਰੋਕ ਲਾਏ ਬਿਨਾਂ ਕਦੇ ਭੀ ਨਹੀਂ ਹੋ ਸਕਦੀ। ਰੱਬੀ ਪ੍ਰੇਮ ਦਾ ਰਾਹ ਛੱਡਕੇ ਹੋਰ ਰਾਹਾਂ
ਤੇ ਚੱਲਣ ਵਾਲਿਆਂ ਲਈ ਰੋਣ ਅਤੇ ਦੁਖੀ ਹੋਣ ਦੇ ਬਹੁਤ ਰਾਹ ਖੱਲਦੇ ਰਹਿੰਦੇ ਹਨ-
ਤਜਿ
ਗ+ਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ-1121
ਇਹ ਇੱਕ ਨਿੱਕੀ ਜਿਹੀ ਝਲਕ ਹੈ ਬਾਣੀ ਦੀ ਸੇਧ ਦੀ।
ਮਨੁੱਖਾ ਜੀਵਨ ਨੂੰ ਸਚਿਆਰ ਬਨਾਉਣ ਦਾ ਟੀਚਾ ਅਤੇ ਉਸ ਦਾ ਤਰੀਕਾ
"ਹੁਕਮਿ ਰਜਾਈ ਚਲਣਾ"
ਬਾਣੀ ਪਹਿਲੇ ਹੀ ਪੰਨੇ ਤੇ ਦੱਸ ਦਿੰਦੀ ਹੈ। ਇਸ ਦਾ ਭਾਵ ਸਿਰਫ ਹਰ ਦੁੱਖ ਸੁੱਖ, ਉਤਾਰ ਚੜਾਅ, ਭਲੇ
ਬੁਰੇ, ਉਸਤਤਿ ਨਿੰਦਾ, ਮਾਨ ਅਪਮਾਨ ਨੂੰ ਇੱਕੋ ਜਿਹੀ ਭਾਵਨਾ ਨਾਲ ਪਰਵਾਨ ਕਰਨਾ ਹੈ। ਹੁਕਮ ਵਿੱਚ
ਚੱਲਣਾ ਜਾਂ ਨਾ ਚੱਲਣਾ ਸਿਰਫ ਮਨ ਦੀ ਕਾਰਵਾਈ ਹੀ ਹੈ। ਇਸਦਾ ਸਰੀਰ ਦੇ ਨਾਲ ਕੋਈ ਸੰਬੰਧ ਨਹੀਂ। ਇਸ
ਕਰਕੇ ਨਾ ਹੀ ਦੁੱਖ ਤੋਂ ਬਚਣ ਲਈ ਅਤੇ ਨਾ ਹੀ ਸੁੱਖਾਂ ਵਿੱਚ ਵਾਧੇ ਦੀ ਮੰਗ ਕੀਤੀ ਜਾ ਸਕਦੀ ਹੈ।
ਦੋਨਾਂ ਨੂੰ ਸਮਾਨ ਸਮਝਣ ਵਾਲੇ ਜਨ ਬਨਣਾ ਪੈਣਾ ਹੈ। ਇਹ ਕਰਨ ਵਾਲੇ ਨੂੰ ਹੀ ਸੱਚੇ ਧਰਮੀ ਦੀ ਪਦਵੀ
ਮਿਲਦੀ ਹੈ। ਇਹ ਕਰਨ ਵਾਲਾ ਹੀ ਸਦੀਵੀ ਸੁੱਖ ਮਾਣ ਸਕਦਾ ਹੈ-
ਸੂਖ ਦੂਖ ਜਨ ਸਮ ਦ੍ਰਿਸਟੇਤਾ-266
ਸੁਖ ਦੁਖ ਸਮ ਕਰਿ ਜਾਣੀਅਹ ਸਬਦਿ ਭੇਦਿ ਸੁਖੁ ਹੋਇ-57
ਹਿਰਦੇ ਤੇ ਜੇ ਨਾਮ ਦਾ ਅਸਰ ਹੋਇਆ ਹੋਵੇਗਾ ਤਾਂ ਸੁੱਖ ਅਤੇ ਦੁੱਖ ਨੂੰ ਇੱਕ
ਸਮਾਨ ਸਮਝਣ ਦੇ ਰੂਪ ਵਿੱਚ ਪਰਗਟ ਹੋਵੇਗਾ ਕਿਉਂਕਿ ਦੋਨੋਂ ਹੀ ਉਸ ਦੇ ਹੁਕਮ ਵਿੱਚ ਆਉਂਦੇ ਹਨ-
ਸੁਖ ਦੁਖ ਸਮ ਕਰਿ ਨਾਮੁ ਨ ਛੋਡਉ ਆਪੇ ਬਖਸਿ ਮਿਲਾਵਣਹਾਰਾ-416
ਸੁਖੁ ਦੁਖੁ ਤੇਰੀ
ਆਗਿਆ ਪਿਆਰੇ ਦੂਜੀ ਨਾਹੀ ਜਾਇ-432
ਦੂਖ ਸੂਖ
ਸਭ ਤਿਸੁ ਰਜਾਇ-1188
ਸੁਖ ਦੁਖ ਤੋਂ ਨਿਰਲੇਪ ਹੋਣ ਵਾਲਾ ਅਡੋਲ ਹੋ ਜਾਂਦਾ ਹੈ। ਉਸ ਨੂੰ ਟਿਕਾਅ ਆ
ਜਾਂਦਾ ਹੈ-
ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ-1037
ਹੁਕਮ ਦੇ ਵਿੱਚ ਚੱਲਣ ਨਾਲ ਹੀ ਸਚਿਆਰ ਬਣਾਂਗੇ। ਸੰਸਾਰ ਹੀ ਤਾਂ ਕੂੜ ਹੈ।
ਚੁਣ ਚੁਣ ਕੇ ਇਸਦੀਆਂ ਮੰਗਾਂ ਕਰਨ ਨਾਲ ਕੂੜਿਆਰ ਬਣ ਜਾਂਦੇ ਹਾਂ। ਉਸ ਦੇ ਹੁਕਮ ਵਿੱਚ ਜੋ ਮਿਲਦਾ ਹੈ
ਉਸਨੂੰ ਪਰਵਾਨ ਕਰਨ ਨਾਲ ਉਹ ਕੂੜ ਨਹੀਂ ਰਹਿੰਦਾ ਬਲਕਿ ਉਸਦੀ ਦਾਤ ਬਣ ਜਾਂਦਾ ਹੈ। ਕੂੜਿਆਰਾਂ ਨੂੰ
ਹੀ ਬਾਣੀ ਪਸ਼ੂਆਂ ਦੀ ਜੂਨ ਭੋਗਦੇ ਮੰਨਦੀ ਹੈ। ਉਹ ਸੰਸਾਰ ਮੰਗਣ ਦੇ ਬੋਲ ਬੋਲਣੇ ਸਦਾ ਜਾਰੀ ਰੱਖਦੇ
ਹਨ-
ਕੂਕਰ ਸੂਕਰ ਕਹੀਅਹਿ ਕੂੜਿਆਰਾ।
ਭਉਕਿ ਮਰਹਿ ਭਉ ਭਉ ਭਉ ਹਾਰਾ-1029
ਸੰਸਾਰਿਕ ਰਸਾਂ ਦੀ ਤ੍ਰਿਸ਼ਨਾ ਅੱਗ ਵਿੱਚ ਜਲਣ ਵਾਲੇ ਹੀ ਮਾਇਆ ਦੀਆਂ ਮੰਗਾਂ
ਕਰਦੇ ਹਨ। ਦੇਖੋ ਬਾਣੀ ਉਨਾਂ ਲਈ ਕਿੰਨੇ ਸਖਤ ਲਫ਼ਜ਼ ਵਰਤਦੀ ਹੈ-
ਸੂਰਜੁ ਤਪੈ ਅਗਨਿ ਬਿਖੁ ਝਾਲਾ। ਅਪਤੁ ਪਸੂ ਮਨਮੁਖੁ ਬੇਤਾਲਾ।
ਆਸਾ ਮਨਸਾ ਕੂੜੁ ਕਮਾਵਹਿ ਰੋਗੁ ਬੁਰਾ ਬੁਰਿਆਰਾ ਹੈ-1029
ਪ੍ਰੋ: ਸਾਹਿਬ ਸਿੰਘ ਜੀ ਇਨਾਂ ਤੁਕਾਂ ਦੇ ਅਰਥ ਇਹ ਕਰਦੇ ਹਨ, " ਆਪਣੇ ਮਨ
ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਨੋ ਭੂਤ ਹੈ, ਮਨੁੱਖਾ ਸਰੀਰ ਹੁੰਦਿਆਂ ਭੀ ਅੰਤਰ ਆਤਮੇ ਪਸੂ ਹੈ।
ਉਸ ਨੂੰ ਕਿਤੇ ਆਦਰ ਨਹੀਂ ਮਿਲਦਾ। ਮਨਮੁੱਖ ਦੇ ਅੰਦਰ ਮਾਇਆ ਦੇ ਮੋਹ ਦਾ ਸੂਰਜ ਤਪਦਾ ਰਹਿੰਦਾ ਹੈ।
ਉਸ ਦੇ ਅੰਦਰ ਵਿਹੁਲੀ ਤ੍ਰਿਸ਼ਨਾ ਅੱਗ ਦੀਆਂ ਲਾਟਾਂ ਨਿਕਲਦੀਆਂ ਰਹਿੰਦੀਆਂ ਹਨ। ਜੇਹੜੇ ਬੰਦੇ ਦੁਨੀਆਂ
ਦੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਵਿੱਚ ਫਸਕੇ ਮਾਇਆ ਦੇ ਮੋਹ ਦੀ ਕਮਾਈ ਹੀ ਕਰਦੇ ਰਹਿੰਦੇ ਹਨ
ਉਨਾ ਨੂੰ ਮੋਹ ਦਾ ਇਹ ਅੱਤ ਭੈੜਾ ਰੋਗ ਚਿੰਬੜਿਆ ਰਹਿੰਦਾ ਹੈ"।
ਸੰਸਾਰ ਮੰਗਣ ਦੀਆ ਆਸਾਂ ਵਿੱਚ ਪਾਗਲ ਹੋਏ ਜੀਵ ਲਈ ਬਾਣੀ, ਰਜ਼ਾ ਵਿੱਚ ਚੱਲ
ਕੇ, ਹਰ ਦੁਖ ਸੁਖ ਨੂੰ ਰੱਬ ਦੀ ਦਾਤ ਮੰਨ ਕੇ ਖਿੜੇ ਮੱਥੇ ਪਰਵਾਨ ਕਰਨ ਦੀ ਸੇਧ ਦਿੰਦੀ ਹੈ-
ਦੂਖ ਸੂਖ ਪ੍ਰਭ ਦੇਵਨਹਾਰ। ਅਵਰ ਤਿਆਗਿ ਤੂ ਤਿਸਹਿ ਚਿਤਾਰੁ।
ਜੋ ਕਛੁ ਕਰੈ ਸੋਈ ਸੁਖੁ ਮਾਨੂ। ਭੂਲਾ ਕਾਹੇ ਫਿਰਹਿ ਅਜਾਨ-283
ਰੱਬ ਦੀ ਰਜ਼ਾ ਨੂੰ ਨਾ ਮੰਨਣ ਵਾਲੇ ਨੂੰ ਬਾਣੀ ਭੁਲਿਆ ਹੋਇਆ ਅਤੇ ਅਗਿਆਨੀ
ਮੰਨਦੀ ਹੈ।
ਫੈਸਲਾ ਸਾਡੇ ਹੱਥ ਹੈ। ਹਰ ਦੁਖ ਸੁਖ ਨੂੰ ਉਸਦੀ ਦਾਤ ਸਮਝ ਕੇ ਹੁਕਮਿ ਰਜਾਈ
ਚਲਣ ਦਾ ਕੰਮ ਕਰਾਂਗੇ ਤਾਂ ਸਚਿਆਰੇ ਹਾਂ, ਸੱਚੇ ਧਰਮੀ ਹਾਂ। ਜੇ ਨਹੀਂ ਤਾਂ ਬਾਣੀ ਦੀ ਸਿੱਖਿਆ ਤੋਂ
ਉਲਟ ਜਾ ਕੇ ਕੂੜਿਆਰਾਂ ਵਾਲੇ ਕੰਮ ਕਰਦੇ ਹਾਂ।
ਸੱਚੇ ਧਰਮੀ ਜੀਵ ਉਸ ਮਾਲਕ ਦੇ ਲਾਇਕ ਪੁੱਤਰ ਬਣ ਜਾਂਦੇ ਹਨ। ਉਨਾਂ ਦੀ ਹਰ
ਵੇਲੇ ਦੀ ਇੱਕ ਹੀ ਮੰਗ ਹੁੰਦੀ ਹੈ। ਉਸ ਤੋਂ ਬਿਨਾਂ ਹੋਰ ਕੋਈ ਭੁੱਖ ਨਹੀਂ ਰਹਿੰਦੀ-
ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸੁ ਬਾਰਿਕੁ ਭੂਖ ਕੈਸੀ ….
ਨਾਨਕ ਬਾਰਿਕੁ ਦਰਸੁ ਪ੍ਰਭ ਚਾਹੈ ਮੋਹਿ ਹ੍ਰਿਦੇ ਬਸਹਿ ਨਿਤ ਚਰਨਾ-1266
ਇੱਕ ਵਾਰ ਫਿਰ ਪੱਕਾ ਕਰਾਉਂਦੇ ਹਾਂ ਕਿ ਗੁਰੂ ਦੇ ਦਰਸ਼ਨ ਕੀਤਿਆਂ (ਬਾਣੀ ਦੀ
ਸਿੱਖਿਆ ਤੇ ਚੱਲਿਆਂ) ਅਤੇ ਨਾਮ ਜਪਿਆਂ (ਗੁਰਮਤਿ ਰਾਹੀਂ ਉਸ ਸਰਬ ਵਿਆਪੀ ਹਸਤੀ ਨਾਲ ਸਾਂਝ ਪਾਇਆਂ)
ਜੀਵ ਦੀ ਤ੍ਰਿਸ਼ਨਾ ਦੀ ਅੱਗ ਪੂਰਨ ਤੌਰ ਤੇ ਬੁਝ ਜਾਂਦੀ ਹੈ ਅਤੇ ਉਸਦੇ ਮਨ ਵਿੱਚ ਕਦੇ ਭੀ ਸੰਸਾਰ ਦੀ
ਕੋਈ ਮੰਗ ਨਹੀਂ ਪੈਦਾ ਹੁੰਦੀ-
ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ-103
ਪ੍ਰਭ ਦੇਖਦਿਆ ਦੁਖ ਭੁਖ ਗਈ ਢਾਢੀ ਕਉ ਮੰਗਣੁ ਚਿਤਿ ਨ ਆਵੈ-1097
ਇਹ ਹੀ ਮੁਕਤੀ ਹੈ, ਸਦੀਵੀ ਸੁੱਖ ਅਤੇ ਅਡੋਲਤਾ ਹੈ। ਇਹ ਹੀ ਬਾਣੀ ਦੀ
ਚਿਤਵੀ, ਨਾ ਖੁੱਸਣ ਵਾਲੀ ਪਾਤਿਸ਼ਾਹੀ ਹੈ।
ਨਿਮਰਤਾ ਸਹਿਤ--ਮਨੋਹਰ ਸਿੰਘ ਪੁਰੇਵਾਲ