ਅਕਾਲ ਪੁਰਖ ਸਬੰਧੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ
Sawan Singh Principal (Retired) 10561 Brier Lane, Santa Ana
92705 (CA) USA. [email protected]
ਅਕਾਲਪੁਰਖ ਨੂੰ ਕੋਈ ਨਹੀਂ ਵੇਖ ਸਕਦਾ ਪਰ ਉਹ ਸਾਰੇ ਸੰਸਾਰ ਨੂੰ ਵੇਖ ਸਕਦਾ
ਹੈ। ਇਸ ਕਰਕੇ ਉਸ ਦੀ ਹੋਂਦ ਬਾਰੇ ਕਈ ਭੁਲੇਖੇ ਹਨ। ਗੁਰੂ ਨਾਨਕ ਦੇਵ ਜੀ ਨੇ ਵੀ ਜਪੁਜੀ ਸਾਹਿਬ
ਵਿੱਚ ਇਸ ਸਮੱਸਿਆ ਵੱਲ ਇਸ਼ਾਰਾ ਕੀਤਾ ਹੈ ਤੇ ਲਿਖਦੇ ਹਨ ਕਿ ਅਸਚਰਜ ਕੌਤਕ ਇਹ ਹੈ ਕਿ ਅਕਾਲਪੁਰਖ
ਸਾਰਿਆਂ ਨੂੰ ਵੇਖ ਰਿਹਾ ਹੈ ਪਰ ਕੋਈ ਵੀ ਉਸ ਨੂੰ ਨਹੀਂ ਵੇਖ ਸਕਦਾ:-
ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ।। ਪੰਨਾ ੭
ਭਾਵੇਂ ਅਕਾਲਪੁਰਖ ਦਾ ਕੋਈ ਰੰਗ ਰੂਪ ਨਹੀਂ ਹੈ ਪਰ ਗੁਰੂ ਨਾਨਕ ਦੇਵ ਜੀ ਦੇ
ਕਹਿਣ ਮੁਤਾਬਕ ਅਸੀਂ ਉਸ ਨੂੰ ਕੁਦਰਤ ਤੇ ਉਸ ਦੀ ਰੱਚੀ ਰਚਨਾ ਵਿੱਚ ਵੇਖ ਸਕਦੇ ਹਾਂ ਕਿਉਂਕਿ ਉਹ
ਕੁਦਰਤ ਵਿੱਚ ਵੱਸ ਰਿਹਾ ਹੈ:-
ਬਲਿਹਾਰੀ ਕੁਦਰਤਿ ਵਸਿਆ।। ਪੰਨਾ ੪੬੯
ਗੁਰੂ ਨਾਨਕ ਦੇਵ ਜੀ ਲਿਖਦੇ ਹਨ ਕਿ ਅਕਾਲਪੁਰਖ ਗੁਪਤ ਵੀ ਹੈ ਤੇ ਪ੍ਰਗਟ ਵੀ
ਹੈ। ਉਹ ਗੁਪਤ ਹੈ ਕਿਉਂਕਿ ਉਹ ਨਜ਼ਰ ਨਹੀਂ ਆਂਉਦਾ ਤੇ ਪਹੁੰਚ ਤੋਂ ਪਰੇ ਹੈ। ਉਹ ਪ੍ਰਗਟ ਹੈ ਕਿਉਂਕਿ
ਉਹ ਹਰ ਇੱਕ ਵਿੱਚ ਵਸਦਾ ਹੈ। ਸਭ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਉਸ ਦੀ ਹਜ਼ਾਰਾਂ ਅੱਖਾਂ ਹਨ ਪਰ ਇਹ
ਵੀ ਕਹਿ ਸਕਦੇ ਹਾਂ ਕਿ ਉਸ ਦੀ ਕੋਈ ਅੱਖ ਨਹੀਂ। ਉਸ ਦੀ ਹਜ਼ਾਰਾਂ ਸ਼ਕਲਾਂ ਹਨ ਪਰ ਇੱਕ ਵੀ ਨਹੀਂ
ਦਿਸਦੀ ਕਿਉਂਕਿ ਉਹ ਨਿਰਾਕਾਰ ਹੈ।
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤ+ਹਿ।। ਪੰਨਾ ੧੩
ਆਪ ਲਿਖਦੇ ਹਨ ਕਿ ਵਾਹਿਗੁਰੂ ਦੀ ਜੋਤ ਹਰ ਇੱਕ ਵਿੱਚ ਵਰਤ ਰਹੀ ਹੈ ਤੇ ਉਸ
ਜੋਤ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿੱਚ ਚਾਨਣ ਹੈ।
ਸਭਿ ਮਹਿ ਜੋਤਿ ਜੋਤਿ ਹੈ ਸੋਇ।। ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ।।
ਪੰਨਾ ੧੩
ਜੋ ਇਹ ਜਾਨਣਾ ਚਾਹੁੰਦੇ ਹਨ ਕਿ ਅਕਾਲਪੁਰਖ ਕੇਡਾ ਵੱਡਾ ਹੈ ਉਨ੍ਹਾਂ ਨੂੰ
ਗੁਰੂ ਜੀ ਸਮਝਾਂਦੇ ਹਨ ਕਿ ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਕਿਡਾ ਵੱਡਾ ਹੈ:-
ਜੇਵਡ ਆਪਿ ਜਾਣੈ ਆਪਿ ਆਪਿ।। ਪੰਨਾ ੫
ਜੇਕਰ ਕੋਈ ਉਸ ਜੇਡਾ ਵੱਡਾ ਹੋਵੇ ਤਾਂ ਹੀ ਉਹ ਅਕਾਲ ਪੁਰਖ ਨੂੰ ਸਮਝ ਸਕਦਾ
ਹੈ ਕਿ ਉਹ ਕੇਡਾ ਵੱਡਾ ਹੈ:-
ਏਵਡ ਊਚਾ ਹੋਵੈ ਕੋਇ।। ਤਿਸ ਊਚੇ ਕਉ ਜਾਣੈ ਸੋਇ।। ਪੰਨਾ ੫
ਜੇਕਰ ਮੈਂ ਉਸ ਅਕਾਲ ਪੁਰਖ ਨੂੰ ਸਮਝ ਵੀ ਲਵਾਂ ਤਾਂ ਵੀ ਮੈਂ ਉਸ ਦਾ ਵਰਣਨ
ਨਹੀਂ ਕਰ ਸਕਦਾ ਕਿਉਂਕਿ ਉਸ ਦਾ ਕਥਨ ਕੀਤਾ ਹੀ ਨਹੀਂ ਜਾ ਸਕਦਾ:-
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ।। ਪੰਨਾ ੨
ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਕੇਡਾ ਵੱਡਾ ਹੈ ਤੇ ਉਸ ਦੀ ਸ਼ਕਲ ਕਿਹੋ
ਜਿਹੀ ਹੈ। ਉਸ ਤੋਂ ਬਿਨਾਂ ਕੋਈ ਨਹੀਂ ਜਾਣਦਾ। ਅਸੀਂ ਇਸ ਯੋਗ ਹੀ ਨਹੀਂ ਕਿ ਉਸ ਬਾਰੇ ਕੁੱਝ ਕਹਿ
ਸਕੀੲੈ। ਅਸੀਂ ਉਸ ਦੀ ਵਡਿਆਈ ਦਾ ਅੰਦਾਜ਼ਾ ਹੀ ਨਹੀਂ ਲਾ ਸਕਦੇ। ਅਸੀਂ ਤਾਂ ਕੇਵਲ ਇਤਣਾ ਹੀ ਕਹਿ
ਸਕਦੇ ਹਾਂ ਕਿ ਉਹ ਸਭ ਤੋਂ ਵੱਡਾ ਹੈ:-
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ।। ਪੰਨਾ ੫
ਕੀਮਤਿ ਪਾਇ ਨ ਕਹਿਆ ਜਾਇ।। ਪੰਨਾ ੯
ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ ਕਿਉਂਕਿ ਉਹ ਨਿਰਲੇਪ ਆਪ ਹੀ
ਆਪ ਹੈ। ਨਾਹ ਉਹ ਪੈਦਾ ਕੀਤਾ ਜਾ ਸਕਦਾ ਹੈ ਨਾਹ ਬਣਾਇਆ ਜਾ ਸਕਦਾ ਹੈ।
ਥਾਪਿਆ ਨ ਜਾਇ ਕੀਤਾ ਨ ਹੋਇ।। ਆਪੇ ਆਪਿ ਨਿਰੰਜਨੁ ਸੋਇ।। ਪੰਨਾ ੨
ਜਪੁ ਜੀ ਸਾਹਿਬ ਦੀ ੨੭ਵੀਂ ਪੌੜੀ ਵਿੱਚ ਗੁਰੂ ਜੀ ਲਿਖਦੇ ਹਨ ਕਿ ਹਵਾ, ਪਾਣੀ
ਆਦਿਕ ਤੱਤਾਂ ਤੌਂ ਲੈ ਕੇ ਉੱਚੇ ਜੀਵਨ ਵਾਲੇ ਮਹਾਂ ਪੁਰਖਾਂ ਤਕ ਸਾਰੇ ਉਸ ਅਕਾਲ ਪੁਰਖ ਦੀ
ਸਿਫਤ-ਸਲਾਹ ਕਰ ਰਹੇ ਹਨ। ਭਾਵ ਇਹ ਕਿ ਉਸ ਦੀ ਪੈਦਾ ਕੀਤੀ ਸਾਰੀ ਰਚਨਾ ਉਸ ਦੀ ਰਜ਼ਾ ਵਿੱਚ ਤੁਰ ਰਹੀ
ਹੈ। ਇਸੇ ਪਉੜੀ ਦੇ ਅੰਤ ਵਿੱਚ ਆਪ ਲਿਖਦੇ ਹਨ ਕਿ ਜੋ ਅਕਾਲ ਪੁਰਖ ਨੂੰ ਭਾਂਉਂਦਾ ਹੈ, ਉਹੀ ਕਰੇਗਾ,
ਕੋਈ ਵੀ ਅਕਾਲ ਪੁਰਖ ਨੂੰ ਹੁਕਮ ਨਹੀਂ ਕਰ ਸਕਦਾ। ਉਹ ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਪਾਤਿਸ਼ਾਹ ਹੈ।
ਉਸ ਦੀ ਰਜ਼ਾ ਵਿੱਚ ਰਹਿਣਾ ਹੀ ਠੀਕ ਹੈ।
ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ।।
ਸੋ ਪਾਤਿਸਾਹੁ ਸਾਹਾ ਪਾਤਿ ਸਾਹੁਬ ਨਾਨਕ ਰਹਣੁ ਰਜਾਈ।। ਪੰਨਾ ੬
ਗੁਰੂ ਨਾਨਕ ਦੇਵ ਤਾਂ ਉਸ ਅਕਾਲ ਪੁਰਖ ਦੀ ਵਡਿਆਈ ਦਾ ਜ਼ਿਕਰ ਕਰਣ ਲਗਿਆਂ
ਵਿਸਮਾਦ ਵਿੱਚ ਆ ਜਾਂਦੇ ਹਨ, ਆਪਣੇ ਆਪ ਨੂੰ ਤੁਛ ਸਮਝਦੇ ਹਨ ਤੇ ਕਹਿੰਦੇ ਹਨ, " ਹੇ ਅਕਾਲ ਪੁਰਖ!
ਤੂੰ ਤਾਂ (ਜ਼ਿੰਦਗੀ) ਦਾ ਇੱਕ ਦਰਿਆ ਹੈਂ ਤੇ ਸਾਰੇ ਜੀਵ ਤੇਰੀਆਂ ਲਹਿਰਾਂ ਹਨ। ਤੈਥੋਂ ਬਿਨਾਂ ਤੇਰੇ
ਵਰਗਾ ਹੋਰ ਕੋਈ ਨਹੀਂ ਹੈ:-
ਤੂੰ ਦਰੀਆਉ ਸਭ ਤੁਝ ਹੀ ਮਾਹਿ।। ਤੁਝ ਬਿਨੁ ਦੂਜਾ ਕੋਈ ਨਾਹਿ।। ਪੰਨਾ ੧੧
ਆਸਾ ਦੀ ਵਾਰ ਦੀ ਤੀਜੀ ਪੌੜੀ ਦੇ ਪਹਿਲੇ ਸਲੋਕ ਵਿੱਚ ਗੁਰੂ ਜੀ ਅਕਾਲ ਪੁਰਖ
ਦੀ ਬੇਅੰਤ ਕੁਦਰਤ ਨੂੰ ਵੇਖਦੇ ਹਨ ਤਾਂ ਉਨ੍ਹਾਂ ਦੇ ਅੰਦਰ ਇੱਕ ਅਦਭੁਤ ਰਸ ਉਤਪੰਨ ਹੁੰਦਾ ਹੈ ਤੇ
ਕਹਿੰਦੇ ਹਨ ਕਿ ਕੁਦਰਤ ਦੇ ਕਈ ਨਾਦ ਤੇ ਵੇਦ, ਬੇਅੰਤ ਜੀਵਾਂ ਦੀਆਂ ਕਈ ਕਿਸਮਾਂ ਤੇ ਜੀਵਾਂ ਤੇ ਹੋਰ
ਪਦਾਰਥਾਂ ਦੇ ਕਈ ਰੰਗ ਹਨ। ਇਹ ਸਭ ਕੁੱਝ ਵੇਖ ਕੇ ਉਨ੍ਹਾਂ ਤੇ ਵਿਸਮਾਦ ਅਵਸਥਾ ਛਾ ਜਾਂਦੀ ਹੈ:-
ਵਿਸਮਾਦੁ ਨਾਦ ਵਿਸਮਾਦੁ ਵੇਦ।।
ਵਿਸਮਾਦੁ ਜੀਅ ਵਿਸਮਾਦੁ ਭੇਦ।। ਪੰਨਾ ੪੬੩
ਇਸੇ ਸਲੋਕ ਦੇ ਅੰਤ ਵਿੱਚ ਕਹਿੰਦੇ ਹਨ ਕਿ ਇਸ ਅਸਚਰਜ ਕੁਦਰਤ ਨੂੰ ਪੂਰੇ
ਭਾਗਾਂ ਨਾਲ ਹੀ ਸਮਝਿਆ ਜਾ ਸਕਦਾ ਹੈ। ਇਸ ਨੂੰ ਵੇਖ ਕੇ ਮਨ ਵਿੱਚ ਕਾਂਬਾ ਜਿਹਾ ਛਿੜ ਜਾਂਦਾ ਹੈ:-
ਵੇਖਿ ਵਿਡਾਣੁ ਰਹਿਆ ਵਿਸਮਾਦੁ।। ਨਾਨਕ ਬੁਝਣੁ ਪੂਰੈ ਭਾਗਿ।। ਪੰਨਾ ੪੬੪
ਚੌਥੀ ਪੋੜੀ ਦੇ ਪਹਿਲੇ ਸਲੋਕ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਹਵਾ ਸਦਾ ਰੱਬ
ਦੇ ਡਰ ਵਿੱਚ ਚੱਲ ਰਹੀ ਹੈ। ਲਖਾਂ ਦਰਿਆ ਵੀ ਉਸ ਦੇ ਭੈ ਵਿੱਚ ਵਗ ਰਹੇ ਹਨ। ਭਾਵ ਕਿ ਸਾਰਾ ਸੰਸਾਰ
ਹੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਚੱਲ ਰਿਹਾ ਹੈ:-
ਭੈ ਵਿਚਿ ਪਵਣੁ ਵਹੈ ਸਦਵਾਉ।।
ਭੈ ਵਿਚਿ ਚਲਹਿ ਲਖ ਦਰੀਆਉ।। ਪੰਨਾ ੪੬੪
ਸਲੋਕ ਦੇ ਅੰਤ ਵਿੱਚ ਆਪ ਲਿਖਦੇ ਹਨ ਕਿ ਸਾਰੇ ਜੀਵਾਂ ਦੇ ਮੱਥੇ ਤੇ ਭਉ-ਰੂਪ
ਲੇਖ ਲਿਖਿਆ ਹੋਇਆ ਹੈ। ਭਾਵ ਸਾਰੇ ਹੀ ਅਕਾਲ ਪੁਰਖ ਦੇ ਭੈ ਵਿੱਚ ਹਨ। ਕੇਵਲ ਇੱਕ ਸੱਚਾ ਨਿਰੰਕਾਰ ਹੀ
ਭੈ-ਰਹਿਤ ਹੈ:-
ਸਗਲਿਆ ਭਉ ਲਿਖਿਆ ਸਿਰਿ ਲੇਖੁ।।
ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ।। ਪੰਨਾ ੪੬੪
ਗੁਰੂ ਨਾਨਕ ਦੇਵ ਅਨੁਸਾਰ ਅਕਾਲ ਪੁਰਖ ਜੋ ਚਾਹੁੰਦਾ ਹੈ ਉਹੀ ਹੁੰਦਾ ਹੈ ਤੇ
ਕੋਈ ਵੀ ਉਸ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ:-
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨਾ ਕੋਇ।। ਪੰਨਾ ੧
ਸੋ ਕਰੈ ਜਿ ਤਿਸੈ ਰਜਾਇ।। ਪੰਨਾ ੪੭੫
ਉਸ ਦੇ ਹੁਕਮ ਨੂੰ ਸਮਝਣ ਲਈ ਸਾਨੂੰ ਆਪਣੀ ਨਿਮਰਤਾ ਦਾ ਅਨਭਵ ਕਰਨਾ ਪਵੇਗਾ
ਤੇ ਅਪਣੇ ਹੰਕਾਰ ਨੂੰ ਤਿਆਗਣਾ ਪਵੇਗਾ:-
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ।। ਪੰਨਾ ੧
ਗੁਰੂ ਜੀ ਕਹਿੰਦੇ ਹਨ ਕਿ ਇਹ ਭੀ ਕੋਈ ਨਹੀਂ ਦੱਸ ਸਕਦਾ ਕਿ ਅਕਾਲ ਪੁਰਖ
ਕਿੱਥੇ ਵੱਸਦਾ ਹੈ ਤੇ ਉਹ ਥਾਂ ਕੇਡਾ ਵੱਡਾ ਹੈ ਕਿਉਂਕਿ ਕੋਈ ਜੀਵ ਉਸ ਅਵਸਥਾ ਤੇ ਪਹੁੰਚ ਹੀ ਨਹੀਂ
ਸਕਦਾ ਜਿਥੋਂ ਉਹ ਅਕਾਲ ਪੁਰਖ ਦੇ ਬਾਰੇ ਦੱਸ ਸਕੇ:-
ਜਿਥੈ ਵਸੈ ਮੇਰਾ ਪਾਤਿਸਾਹੁ ਸੋ ਕੇਵਡੁ ਹੈ ਥਾਉ।।
ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ।। ਪੰਨਾ ੫੩
ਗੁਰੂ ਜੀ ਦੇ ਲਿਖਣ ਅਨੁਸਾਰ ਸਾਰਾ ਸੰਸਾਰ ਹੀ ਅਕਾਲ ਪੁਰਖ ਦਾ ਘਰ ਹੈ ਤੇ ਉਹ
ਹਰ ਥਾਂ ਤੇ ਹਰ ਇੱਕ ਦੇ ਮਨ ਵਿੱਚ ਮੌਜੂਦ ਹੈ:-
ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ।। ਪੰਨਾ ੪੩੩
ਆਸਾ ਦੀ ਵਾਰ ਵਿੱਚ ਗੁਰੂ ਜੀ ਲਿਖਦੇ ਹਨ ਕਿ ਅਕਾਲ ਪੁਰਖ ਨੇ ਆਪ ਹੀ ਆਪਣੇ
ਆਪ ਨੂੰ ਸਾਜਿਆ ਅਤੇ ਆਪਣਾ ਨਾਮਣਾ (ਵਡਿਆਈ) ਬਣਾਇਆ। ਫਿਰ ਉਸ ਨੇ ਕੁਦਰਤ ਰਚੀ ਤੇ ਉਸ ਵਿੱਚ ਆਸਣ
ਜਮਾ ਕੇ ਭਾਵ ਕੁਦਰਤ ਵਿੱਚ ਵਿਆਪਕ ਹੋ ਕੇ ਇਹ ਜਗਤ ਤਮਾਸ਼ਾ ਵੇਖ ਰਿਹਾ ਹੈ:-
ਆਪੀਨੈ ਆਪੁ ਸਾਜਿਓੁ ਆਪੀਨੈ ਰਚਿਓੁ ਨਾਉ।।
ਦੂਯੀ ਕੁਦਰਤਿ ਸਾਜੀਐ ਕਰਿ ਆਸਣ ਡਿਠੋ ਚਾਉ।। ਪੰਨਾ ੪੬੩
ਅਕਾਲ ਪੁਰਖ ਆਪ ਹੀ ਸੰਸਾਰ ਦੀ ਰਚਨਾ ਕਰਦਾ ਹੈ ਤੇ ਆਪ ਹੀ ਇਸ ਨੂੰ ਨਾਸ
ਕਰਦਾ ਹੈ:-
ਆਪੇ ਥਾਪਿ ਉਥਾਪੇ ਆਪੇ।। ਪੰਨਾ੧੦੩੩-੧੦੩੪
ਗੁਰੂ ਜੀ ਅਨੁਸਾਰ ਜਦੋਂ ਕੁੱਝ ਵੀ ਨਹੀਂ ਸੀ ਤਾਂ ਅਕਾਲ ਪੁਰਖ ਨੇ ਆਪ ਹੀ
ਖੰਡ ਬ੍ਰਹਮੰਡ ਪਾਤਾਲ ਆਦਿਕ ਬਣਾਏ ਤੇ ਉਹ ਆਪ ਹੀ ਗੁਪਤ ਹਾਲਤ ਤੋਂ ਪਰਗਟ ਹੋਇਆ:-
ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ।। ਪੰਨਾ ੧੦੩੬
ਅਕਾਲ ਪੁਰਖ ਦੀ ਉਮਰ, ਜਨਮ ਤੇ ਉਸ ਦੇ ਗੁਣਾਂ ਦੇ ਸਬੰਧ ਵਿੱਚ ਗੁਰੂ ਜੀ ਦਾ
ਕਥਨ ਹੈ ਕਿ ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ਹੋਂਦ ਵਾਲਾ ਹੈ, ਜੋ ਸੰਸਾਰ ਦਾ ਰਚਨਹਾਰ ਹੈ, ਜੋ
ਸਭ ਵਿੱਚ ਵਿਆਪਕ ਹੈ, ਜੋ ਭੈ ਰਹਿਤ ਤੇ ਨਿਰਵੈਰ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, ਜੋ ਜੂਨਾਂ
ਵਿੱਚ ਨਹੀਂ ਆਂਉਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰ ਦੀ ਕਿਰਪਾ ਨਾਲ
ਮਿਲਦਾ ਹੈ। ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਹੈ ਤੇ ਜੁਗਾਂ ਦੇ ਮੁੱਢ ਤੋਂ ਮੌਜੂਦ ਹੈ। ਇਸ ਵੇਲੇ
ਵੀ ਮੌੈਜੂਦ ਹੈ ਤੇ ਅਗਾਂਹ ਨੂੰ ਭੀ ਹੌਂਦ ਵਾਲਾ ਰਹੇ ਗਾ।
੧ਓ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰ ਪ੍ਰਸਾਦਿ।। ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।। ਪੰਨਾ ੧
ਤੂੰ ਸਦਾ ਸਲਾਮਤਿ ਨਿਰੰਕਾਰ।। ਪੰਨਾ ੪
ਗੁਰੂ ਜੀ ਲਿਖਦੇ ਹਨ ਕਿ ਅਕਾਲ ਪੁਰਖ ਦੇ ਦਰਬਾਰ ਵਿੱਚ ਪਹੁੰਚਣ ਲਈ ਅਤੇ ਉਸ
ਦਾ ਪਿਆਰਾ ਬਣਨ ਲਈ ਅਸਾਨੂੰ ਪ੍ਰਭਾਤ ਵੇਲੇ ਉਸ ਦਾ ਨਾਮ ਜਪਣਾ ਚਾਹੀਦਾ ਹੈ ਤੇ ਉਸ ਦੀ ਸਿਫਤ-ਸਲਾਹ
ਕਰਨੀ ਚਾਹੀਦੀ ਹੈ। ਚੰਗੇ ਅਮਲਾਂ ਦੁਆਰਾ ਮਨੱਖੀ ਜੀਵਨ ਮਿਲਦਾ ਹੈ ਪਰ ਮੁਕਤੀ ਅਕਾਲ ਪੁਰਖ ਦੀ ਕਿਰਪਾ
ਨਾਲ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਸਮਝ ਆ ਜਾਂਦੀ ਹੈ ਕਿ ਰੱਬ ਹਰ ਥਾਂ ਮੌਜੂਦ ਹੈ:-
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।।
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ।।
ਨਾਨਕ ਏਵੈ ਜਾਣੀਐ ਸਭੁ ਆਪੈ ਸਚਿਆਰੁ।। ਪੰਨਾ ੨
ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਹੇ ਮਨੁੱਖ! ਤੂੰ ਜਿਸ ਕੀਮਤੀ ਰਤਨ
(ਰੱਬ) ਨੂੰ ਲੱਭਣ ਲਈ ਤੀਰਥਾਂ ਤੇ ਦਰਿਆਵਾਂ ਦੇ ਕੰਢਿਆਂ ਤੇ ਜਾਂਦਾ ਹੈਂ ਉਹ ਤੇਰੇ ਹਿਰਦੇ ਵਿੱਚ
ਹੈ।
ਜੈ ਕਾਰਣ ਤਟਿ ਤੀਰਥ ਜਾਹੀ।। ਰਤਨ ਪਦਾਰਥ ਘਟ ਹੀ ਮਾਹੀ।। ਪੰਨਾ੧੫੨ ਗੁਰੂ
ਦੇ ਸ਼ਬਦ ਦੇ ਵਿਚਾਰ ਰਾਹੀਂ ਮਨੁੱਖ ਇਹ ਪਛਾਣ ਲੈਂਦਾ ਹੈ ਕਿ ਅਕਾਲ ਪੁਰਖ ਹਰੇਕ ਜੀਵਾਤਮਾ ਵਿੱਚ
ਮੌਜੂਦ ਹੈ ਤੇ ਪਰਮਾਤਮਾ ਵਿੱਚ ਹੀ ਹਰੇਕ ਜੀਵ ਜੀਉਂਦਾ ਹੈ:-
ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ
ਬੀਚਾਰਾ।। ਪੰਨਾ੧੧੫੩
ਸਦਾ-ਥਿਰ ਰਹਿਣ ਵਾਲਾ ਅਕਾਲ ਪੁਰਖ ਹਰ ਥਾਂ ਵਸਦਾ ਹੈ। ਇਹ ਗੱਲ ਗੁਰੂ ਦੇ
ਸ਼ਬਦ ਰਾਹੀਂ ਵੇਖਣ ਵਿੱਚ ਆਉਂਦੀ ਹੈ:- ਸਭੋ ਵਰਤੈ ਸਚੁ ਸਚੈ ਸਬਦਿ ਨਿਹਾਲਿਆ।। ਪੰਨਾ ੧੨੮੪
ਗੁਰੂ ਜੀ ਲਿਖਦੇ ਹਨ ਕਿ ਮਨੁੱਖ ਤੇ ਅਕਾਲ ਪੁਰਖ ਦੇ ਵਿਚਕਾਰ ਝੂਠ ਦੀ ਦਿਵਾਰ
ਹੈ। ਅਕਾਲ ਪੁਰਖ ਦੇ ਧੁਰ ਦੇ ਲਿਖੇ ਹੁਕਮ ਮੰਨਣ ਨਾਲ ਹੀ ਇਹ ਦਿਵਾਰ ਤੋੜੀ ਜਾ ਸਕਦੀ ਹੈ:-
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।। ।।
ਪੰਨਾ ੧
ਗੁਰੂ ਜੀ ਸਾਨੂੰ ਅਕਾਲ ਪੁਰਖ ਨੂੰ ਮਿਲਣ ਦਾ ਰਾਹ ਦਿਖਾਂਦੇ ਹਨ ਤੇ ਲਿਖਦੇ
ਹਨ ਕਿ ਜੋ ਮਨੁੱਖ, ਮਿਹਨਤ ਕਰਕੇ ਕਮਾ ਕੇ ਖਾਂਦਾ ਹੈ ਤੇ ਕਮਾਈ ਵਿਚੋਂ ਆਪਣੇ ਹੱਥ ਨਾਲ ਹੋਰਾਂ ਨੂੰ
(ਦਾਨ) ਦਿੰਦਾ ਹੈ, ਉਹ ਇਹ ਰਾਹ ਜਾਣਦਾ ਹੈ:-
ਘਾਲਿ ਖਾਇ ਕਿਛੁ ਹਥਹੁ ਦੇਇ।।
ਨਾਨਕ ਰਾਹੁ ਪਛਾਣਹਿ ਸੇਇ।। ਪੰਨਾ ੧੨੪੫