ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਵੀਰ ਭੁਪਿੰਦਰ ਸਿੰਘ
ਤਈਵਾਂ ਸਲੋਕ
ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥
ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥23॥
ਅਸੀਂ ਨਿਮਾਣਾ ਜਿਹਾ ਜਤਨ ਕਰਕੇ ਇਕ ਲੇਖ ਲਿਖਿਆ ਹੈ ਕਿ ਇਸ ਸ੍ਰਿਸ਼ਟੀ ਵਿਚ
ਕੁਝ ਵੀ ਝੂਠ ਨਹੀਂ ਹੈ। ਸਾਇੰਸ ਦਾਨ ਤੋਂ ਪਤਾ ਲਗਿਆ ਕਿ ਇਸ ਪੱਥਰ ਦਾ ਇੱਕ-ਇੱਕ ਕਣ ਵਾਤਾਵਰਣ ਦੇ
ਕਿਸੇ ਦਬਾ ਹੇਠਾਂ ਆਪਣੇ ਆਪ ਨਾਲ ਸਾਰੇ ਜੁੜਕੇ ਬੈਠ ਗਏ। ਇਹ ਪੱਥਰ ਇੱਕਠਾ ਨਹੀਂ ਹੋਇਆ, ਦਰ ਅਸਲ ਇਹ
ਸਾਰੇ ਕਣ ਇਕ ਵਾਤਾਵਰਣ ਦੇ ਦਬਾ ਹੇਠਾਂ ਇੱਕਠੇ ਹੋ ਗਏ ਹਨ। ਤਾਂ ਪਤਾ ਚਲਿਆ ਕਿ ਇਹ ਤਾਂ ਰੱਬ ਦਾ
ਹੁਕਮ ਮੰਨ ਰਹੇ ਹਨ, ਜੁੜਕੇ ਬੈਠ ਗਏ ਹਨ। ਪੱਥਰ ਬਣ ਗਿਆ ਹੈ। ਹੁਕਮ-ਨਿਯਮ ਹੇਠ ਜਦੋਂ ਹਵਾ ਚਲੇਗੀ
ਜਾਂ ਰਗੜ ਲੱਗੇਗੀ ਖੁਰ ਜਾਣਗੇ, ਟੁੱਟ ਜਾਣਗੇ, ਇਹ ਤੇ ਰੱਬੀ ਹੁਕਮ ਨਿਯਮ ਹੇਠ ਚਲਦੇ ਹਨ। ਸਾਰੀ
ਸ੍ਰਿਸ਼ਟੀ ਵਿਚ, ਕਣ-ਕਣ ਵਿਚ ਰੱਬ ਵਸਦਾ ਹੈ। ਉਨ੍ਹਾਂ ਦਾ ਨਿਯਮ ਹਰ ਥਾਂ ਤੇ ਚਲ ਰਿਹਾ ਹੈ। ਰੱਬ ਤੋਂ
ਬਿਨਾ ਕੁਝ ਵੀ ਨਹੀਂ ਹੈ।
ਜਲਿ ਥਲਿ ਮਹੀਅਲਿ ਰਹਿਆ ਭਰਪੂਰੇ ॥ ਨਿਕਟਿ ਵਸੈ ਨਾਹੀ ਪ੍ਰਭੁ ਦੂਰੇ ॥
(563) ਭਰਪੂਰ ਭਾਵ ਪੂਰਾ ਨੱਕੋ-ਨੱਕ ਭਰਿਆ ਹੋਇਆ ਹੈ। ਜੇ ਭਰਿਆ ਹੋਇਆ ਹੈ ਤੇ ਸਾਰੀਆਂ ਚੀਜ਼ਾਂ ਵਿਚ
ਰੱਬ ਹੀ ਵਸ ਰਿਹਾ ਹੈ ਤੇ ਕੁਝ ਵੀ ਝੂਠ ਨਹੀਂ ਹੈ।
ਜਦੋਂ ਇੱਥੇ ਕੁਝ ਵੀ ਝੂਠ ਨਹੀਂ ਹੈ ਤਾਂ ਉਸ ਲੇਖ ਵਿਚ ਮੈਂ ਇਕ ਕਹਾਣੀ ਲਿਖੀ
ਹੈ ਜਿਸਦਾ ਸਾਰ ਇਸ ਤਰ੍ਹਾਂ ਹੈ -
ਇੱਕ ਕੁੱਤਾ ਸ਼ੀਸ਼ ਮਹਿਲ ਵਿਚ ਵੜ੍ਹ ਗਿਆ। ਅੰਦਰ ਵੜਦਿਆਂ ਉਸਨੂੰ ਸ਼ੀਸ਼ੇ ਵਿਚ
ਬੜੇ ਸਾਰੇ ਕੁੱਤੇ ਨਜ਼ਰ ਆਏ। ਕੁੱਤੇ ਨੇ ਉਨ੍ਹਾਂ ਕੁੱਤਿਆਂ ਨੂੰ ਵੇਖਕੇ ਭੌਕਿਆ, ਉਨ੍ਹਾਂ ਕੋਲ ਗਿਆ,
ਸ਼ੀਸ਼ਿਆਂ ਤੇ ਮੂੰਹ ਮਾਰਿਆ। ਪਰ ਉੱਥੇ ਕੋਈ ਹੋਰ ਕੁੱਤਾ ਨਹੀਂ ਸੀ। ਉਹ ਸਾਰੀ ਰਾਤ ਸ਼ੀਸ਼ਿਆਂ ਤੇ ਹੀ
ਮੂੰਹ ਮਾਰ-ਮਾਰਕੇ, ਭੌਂਕ-ਭੌਂਕ ਕੇ ਲਹੂ-ਲੁਹਾਨ ਹੋਕੇ ਮਰ ਗਿਆ।
ਕੁੱਤਾ ਜਦੋਂ ਉਸ ਸ਼ੀਸ਼ ਮਹਿਲ ਵਿਚ ਦਾਖਲ ਹੋਇਆ ਤਾਂ ਇਸਦਾ ਮਤਲਬ ਹੈ ਕਿ ਉੱਥੇ
ਦਰਵਾਜਾ ਸੀ। ਪਰ ਕੁੱਤਾ ਬਾਹਰ ਨਹੀਂ ਨਿਕਲ ਸਕਿਆ! ਕਿਉਂਕਿ ਉਸਨੂੰ ਤਾਂ ਕੇਵਲ ਕੁੱਤੇ ਹੀ ਨਜ਼ਰ ਆ
ਰਹੇ ਸਨ। ਪਰ ਉੱਥੇ ਤਾਂ ਕੁੱਤੇ ਸੀ ਹੀ ਨਹੀਂ। ਸ਼ੀਸ਼ਿਆਂ ਵਿਚ ਤੇ ਕੇਵਲ ਕੁੱਤਿਆਂ ਦਾ ਅਕਸ ਨਜ਼ਰ ਆ
ਰਿਹਾ ਸੀ। ਅਕਸ ਤੇ ਝੂਠਾ ਹੁੰਦਾ ਹੈ। ਬਸ! ਇਹ ਹੀ ਹੈ ‘ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ
ਜਾਨਿ ॥’ ਸੁਪਨਾ ਜੋ ਤੂੰ ਵੇਖਦਾ ਹੈਂ ਉਹ ਝੂਠ ਹੀ ਹੁੰਦਾ ਹੈ। ਸਵੇਰੇ ਉਠਦੇ ਹਾਂ ਸੁਪਨੇ ਵਾਲੀ
ਗੱਲ ਵਾਪਰਦੀ ਨਹੀਂ ਹੈ।
ਕਈ ਵਾਰ ਅਸੀਂ ਆਪਣੇ ਸੁਫਨੇ ਤੇ ਹੈਰਾਨ ਹੁੰਦੇ ਹਾਂ ਕਿ ਇਹ ਸੁਫਨਾ ਕਿਵੇਂ ਆ
ਗਿਆ। ਸਾਨੂੰ ਨਹੀਂ ਪਤਾ ਲਗਦਾ ਕਿ ਉਹ ਕਿਵੇਂ ਆ ਗਿਆ। ਅੱਜ ਦੀ ਮੈਡਿਕਲ ਸਾਇੰਸ ਇਸ ਬਾਰੇ ਖੋਜ
ਕਰੇਗੀ ਕਿ ਐਸਾ ਸੁਫਨਾ ਕਿਉਂ ਆਇਆ। ਬਚਪਨ ਤੋਂ ਹੀ ਸਾਡੀਆਂ ਕੁਝ ਖਾਹਿਸ਼ਾਂ ਹਨ। ਜੋ ਖਾਹਿਸ਼ਾਂ
ਪੂਰੀਆਂ ਨਹੀਂ ਹੋਈਆਂ ਉਸਦਾ ਸੁਫਨਾ ਸਾਨੂੰ ਆਉਂਦਾ ਹੈ। ਸਾਨੂੰ ਪਤਾ ਨਹੀਂ ਲਗਦਾ ਕਿ ਕਿਹੜੀ ਗਲ ਕਿਸ
ਤਰ੍ਹਾਂ ਸੰਬੰਧਿਤ ਹੋਈ ਹੈ ਜਿਸਦੇ ਕਾਰਨ ਦਿਮਾਗ ਵਿਚ ਪਈ ਕੋਈ ਪੁਰਾਣੀ ਫਾਇਲ ਖੁੱਲ੍ਹ ਗਈ ਹੈ। ਅਸੀਂ
ਅੱਜ ਇਹ ਵਿਸ਼ਾ ਛੇੜਿਆ ਹੈ ਵਿਗਿਆਨਕ ਇਸ ਵਿਸ਼ੇ ਤੇ ਹੋਰ ਖੋਜ ਕਰਨਗੇ ਤੇ ਸਾਡੇ ਸਾਹਮਣੇ ਸੱਚ ਉਜਾਗਰ
ਹੋਵੇਗਾ।
ਸੁਫਨੇ ਬਾਰੇ ਗੁਰੂ ਸਾਹਿਬ ਕਹਿੰਦੇ ਹਨ ਕਿ ਜੋ ਤੂੰ ਸੁਫਨੇ ਵਿਚ ਵੇਖਿਆ ਹੈ
ਉਹ ਤਾਂ ਤੇਰੇ ਖਿਆਲਾਂ ਦੇ ਸਦਕਾ ਹੀ ਆਇਆ ਹੈ ਪਰ ਮੰਦੇ ਸੁਫਨੇ ਦਾ ਕਾਰਨ ਝੂਠੇ ਜਾਂ ਮੰਦੇ ਖਿਆਲ ਹੀ
ਹਨ। ਸਾਡੇ ਖਿਆਲ ਤਾਂ ਰਸਮੀ ਹਨ। ਅੱਜ ਸਵੇਰੇ ਸੈਰ ਕਰਦਿਆਂ ਮੈਂ ਸੋਚ ਰਿਹਾ ਸੀ ਕਿ ਜੇ ਕ੍ਰਿਕੇਟ
ਵਿਚ ਗਿਆਰ੍ਹਾਂ ਦੀ ਥਾਂ ਬਾਰ੍ਹਾਂ ਖਿਡਾਰੀ ਹੋ ਜਾਣ ਤਾਂ ਕੀ ਫਰਕ ਪੈਂਦਾ ਹੈ। ਰੱਬ ਨੇ ਤੇ ਨਹੀਂ
ਕਿਹਾ ਕਿ ਗਿਆਰ੍ਹਾਂ ਹੋਣੇ ਚਾਹੀਦੇ ਹਨ। ਜੇ ਇਕ ਓਵਰ ਵਿਚ ਛੇ ਦੀ ਥਾਂ ਸੱਤ ਬਾਲਾਂ ਹੋ ਜਾਣ ਤਾਂ ਕੀ
ਹੋ ਗਿਆ। ਰੱਬ ਨੇ ਤਾਂ ਓਵਰ ਨਹੀਂ ਬਣਾਏ। ਇਹ ਤੇ ਮਨੁੱਖ ਨੇ ਹੀ ਨਿਰਣਾ ਕੀਤਾ ਹੈ ਕਿ ਓਵਰ ਛੇ
ਬਾਲਾਂ ਦਾ ਹੋਵੇਗਾ। ਇਸ ਦਾ ਅਰਥ ਇਹ ਹੋਇਆ ਕਿ ਇਸ ਸ੍ਰਿਸ਼ਟੀ ਵਿਚ ਜੋ ਕੁਝ ਵੀ ਅਸੀਂ ਬਣਾਉਂਦੇ ਹਾਂ
ਉਹ ਅਸੀਂ ਆਪਣੇ ਖਿਆਲਾਂ ਨਾਲ ਬਣਾਉਂਦੇ ਹਾਂ - ਉਹ ਖਿਆਲ ਝੂਠੇ ਹੋ ਸਕਦੇ ਹਨ ਪਰ ਰੱਬ ਦਾ ਬਣਾਇਆ
ਕੁਝ ਵੀ ਝੂਠਾ ਨਹੀਂ ਹੈ। ਰੱਬ ਸਾਡੇ ਖਿਆਲ ਨਹੀਂ ਘੜ੍ਹਦਾ ਬਲਕਿ ਅਸੀਂ ਆਪ ਆਪਣੇ ਖਿਆਲ ਬਣਾਉਂਦੇ
ਹਾਂ।
ਕਦੀ ਕਿਸੇ ਨੂੰ ਪੁਛੀਏ ਕਿ ਜਗ ਕਿੱਥੇ ਹੈ? ਤਾਂ ਉਹ ਕਹੇਗਾ ਕਿ ਇਹ ਬਾਹਰ
ਹੈ। ਬਾਹਰ ਦੀ ਸਾਰੀ ਸ੍ਰਿਸ਼ਟੀ ਤੇ ਰੱਬ ਨੇ ਸਾਜੀ ਹੋਈ ਹੈ। ਫਿਰ ਜੇ ਕਹੋ ਕਿ ਜਗ ਅੰਦਰ ਹੈ ਤਾਂ
ਵਿਗਿਆਨੀ ਕਹਿੰਦੇ ਹਨ ਕਿ ਅੰਦਰ ਹਾਡ, ਮਾਸ, ਦਿਲ, ਗੁਰਦੇ, ਲਹੂ ਆਦਿ ਸਰੀਰਕ ਅੰਗ ਹਨ। ਤਾਂ ਫਿਰ
ਸੰਸਾਰ ਕਿੱਥੇ ਹੈ? ਤਾਂ ਪਤਾ ਲੱਗਾ ਕਿ ਸੰਸਾਰ ਮੇਰੀ ਸੋਚਣੀ ਵਿਚ ਹੈ। ਸੰਸਾਰ ਨਾ ਬਾਹਰ ਹੈ ਤੇ ਨਾ
ਅੰਦਰ ਹੈ। ਇਹ ਮੇਰੀ ਸੋਚਣੀ ਵਿਚ ਹੈ। ਇਸਨੂੰ ਗੁਰਬਾਣੀ ਵਿਚ ਜਗ ਵੀ ਕਹਿੰਦੇ ਹਨ।
‘ਐਸੇ ਜਗ ਕਉ ਜਾਨਿ’
ਇਸ ਨੂੰ ਇਸ ਗੱਲ ਤੋਂ ਸਮਝਦੇ ਹਾਂ। ਇੱਕ ਸ਼ੇਖ ਚਿੱਲੀ ਨੇ ਸਿਰ ਤੇ ਮਾਲ ਲਦਿਆ ਹੋਇਆ ਸੀ। ਮਨ ਹੀ ਮਨ
ਸੋਚ ਰਿਹਾ ਸੀ ਲਾਲਾ ਜੀ ਮੈਨੂੰ ਦਸ ਰੁਪਏ ਦੇਣਗੇ। ਮੈਂ ਇਨ੍ਹਾਂ ਪੈਸਿਆਂ ਨਾਲ ਮੁਰਗੀ ਲਿਆਵਾਂਗਾ।
ਫਿਰ ਮੁਰਗੀਆਂ ਅੰਡੇ ਦੇਣ ਗੀਆਂ, ਮੇਰੇ ਕੋਲ ਬਹੁਤ ਦੌਲਤ ਆ ਜਾਏਗੀ, ਮਕਾਨ ਲੈ ਲਵਾਂਗਾ, ਮੇਰਾ ਵਿਆਹ
ਹੋ ਜਾਏਗਾ, ਫਿਰ ਬੱਚੇ ਹੋਣਗੇ। ਇਹ ਸਾਰਾ ਕੁਝ ਸੋਚਦਾ ਜਾ ਰਿਹਾ ਸੀ ਨਾਲੇ ਸਿਰ ਤੇ ਮਾਲ ਲਦਿਆ ਹੋਇਆ
ਸੀ। ਇਤਨੀ ਦੇਰ ਵਿਚ ਉਸਦਾ ਪੈਰ ਕੇਲੇ ਦੇ ਛਿੱਲੜ ਤੇ ਪੈ ਗਿਆ, ਲਾਲਾ ਜੀ ਦੇ ਸਮਾਨ ਦਾ ਨੁਕਸਾਨ ਹੋ
ਗਿਆ ਤੇ ਉਹ ਕਹਿੰਦੇ ਕਿ ਮੈਂ ਪੈਸੇ ਨਹੀਂ ਦੇਣੇ। ਉਹ ਕਹਿੰਦਾ ਹੈ ਕਿ ਲਾਲਾ ਜੀ ਤੁਹਾਡਾ ਤੇ ਕੇਵਲ
ਸਮਾਨ ਦਾ ਨੁਕਸਾਨ ਹੋਇਆ ਹੈ ਮੇਰਾ ਤੇ ਪੂਰਾ ਟੱਬਰ ਹੀ ਉਜੜ ਗਿਆ ਹੈ।
ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ ਇਨ ਮੈ ਕਛੁ ਸਾਚੋ ਨਹੀ ਨਾਨਕ
ਬਿਨੁ ਭਗਵਾਨ ॥23॥
ਇਹ ਮਨੁੱਖ ਦੇ ਖਿਆਲ ਹੀ ਝੂਠੇ ਹੁੰਦੇ ਹਨ। ਰੱਬ ਦੀ ਬਣਾਈ ਸ੍ਰਿਸ਼ਟੀ ਵਿਚ
ਕੁਝ ਵੀ ਝੂਠ ਨਹੀਂ। ਨਾ ਪਤੀ-ਪਤਨੀ ਝੂਠੇ ਹਨ, ਨਾ ਬੱਚੇ ਝੂਠੇ ਹਨ, ਪਰ ਸਾਨੂੰ ਤੇ ਕਹਿ ਦੇਂਦੇ ਹਨ
ਕਿ ਪਤੀ, ਪਤਨੀ ਝੂਠੇ ਹਨ, ਬੱਚਿਆਂ ਨਾਲ ਮੋਹ ਝੂਠਾ ਹੈ। ਇਹ ਕੌਣ ਕਹਿ ਜਾਂਦੇ ਹਨ? ਜਿਨ੍ਹਾਂ ਦਾ
ਵਿਆਹ ਨਹੀਂ ਹੋਇਆ। ਜਿਨ੍ਹਾਂ ਨੇ ਇਹ ਤਜ਼ਰਬਾ ਹੀ ਨਹੀਂ ਕੀਤਾ ਕਿ ਜਦੋਂ ਜਵਾਨ ਧੀ ਜਾਂ ਭੈਣ ਘਰ ਦੇਰ
ਨਾਲ ਆਉਂਦੀ ਹੈ ਤਾਂ ਮਾਤਾ-ਪਿਤਾ ਤੇ ਕੀ ਬੀਤਦੀ ਹੈ! ਜਿਸਨੂੰ ਇਹ ਪਤਾ ਹੀ ਨਹੀਂ ਹੈ ਕਿ ਬੱਚਿਆ ਦੀ
ਪਰਵਰਿਸ਼ ਕਿਵੇਂ ਕੀਤੀ ਜਾਂਦੀ ਹੈ ਉਹ ਇਸ ਬਾਰੇ ਕੀ ਦਸ ਸਕਦਾ ਹੈ। ਜਿਸਨੇ ਆਪ ਗ੍ਰਹਿਸਤ ਦਾ ਤਿਆਗ
ਕੀਤਾ ਹੋਇਆ ਹੈ ਉਹ ਗ੍ਰਹਿਸਤ ਬਾਰੇ ਕੀ ਦੱਸੇਗਾ। ਗੁਰਮਤ ਵਿਚ ਗ੍ਰਹਿਸਤੀ ਜੀਵਨ ਲਾਜ਼ਮੀ ਹੈ।
ਜਗ ਨਾ ਤੇ ਸਰੀਰ ਦੇ ਅੰਦਰ ਹੈ ਨਾ ਹੀ ਬਾਹਰ ਹੈ। ਇਹ ਮੇਰੇ ਆਪਣੇ ਖਿਆਲ ਹਨ।
ਵਰਤਮਾਨ ਤੋਂ ਇਲਾਵਾ ਜੀਵਨ ਜਿਊਂਣਾ ਸੁਫਨਾ ਹੈ। ਅਸੀਂ ਜਿਊਂਦੇ-ਜਾਗਦੇ ਸੁਫਨੇ ਲੈਂਦੇ ਰਹਿੰਦੇ ਹਾਂ।
ਸਕੂਲ ਵਿਚ ਅਧਿਆਪਕ ਵੀ ਵਿਦਿਆਰਥੀਆਂ ਨੂੰ ਕਹਿੰਦਾ ਹੈ ਕਿ ਕਿੱਥੇ ਚਲਾ ਗਿਆ ਹੈ ਧਿਆਨ? ਇਸਨੂੰ
ਜਿਊਂਦੇ ਜਾਗਦੇ ਸੁਫਨੇ ਲੈਣਾ ਕਹਿੰਦੇ ਹਨ। ਮੌਜੂਦਾ ਹਾਲਾਤਾਂ ਤੋਂ ਮਾਨਸਕ ਤੋਰ ਤੇ ਗੈਰਹਾਜ਼ਰ ਹੋ
ਜਾਣਾ ਹੀ ਸੁਫਨਾ ਹੈ। ਜੇ ਤੂੰ ਸੱਚ ਸਮਝਣਾ ਚਾਹੁੰਦਾ ਹੈਂ ਤਾਂ ਇਕ ਸ਼ਰਤ ਹੈ ਕਿ ਤੂੰ ਰੱਬ ਨੂੰ
ਹਾਜ਼ਰ-ਨਾਜ਼ਰ ਸਮਝ ਲਵੇਂ। ਉਸਨੂੰ ਤੂੰ ਦੂਰ ਕੀਤਾ ਹੋਇਆ ਹੈ। ਰੱਬ ਨੂੰ ਹਾਜ਼ਰ-ਨਾਜ਼ਰ ਨਹੀਂ ਸਮਝਦਾ ਤਾਂ
ਕੀ ਹੋ ਜਾਂਦਾ ਹੈ,
ਕੂੜੁ
ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥
(468)
ਸਭ ਕੁਝ ਕੂੜ ਹੋ ਜਾਂਦਾ ਹੈ ਕਿਉਂਕਿ ਤੂੰ ਰੱਬ ਨੂੰ ਹਾਜ਼ਰ-ਨਾਜ਼ਰ ਨਹੀਂ
ਸਮਝਦਾ ਹੈਂ। ਇਸੇ ਲੜੀ ਵਿਚ ਗੁਰੂ ਸਾਹਿਬ ਦਸਦੇ ਹਨ ਕਿ ਇਸ ਦਾ ਨਤੀਜਾ ਇਹ ਨਿਕਲਦਾ,
ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ
ਕੂੜੋ ਕੂੜੁ ॥ (468) ਜੇ ਤੂੰ ਰੱਬੀ
ਹੁਕਮ-ਨਿਯਮ ਨੂੰ ਸਮਝਕੇ ਰੱਬ ਹਾਜ਼ਰ-ਨਾਜ਼ਰ ਮਹਿਸੂਸ ਨਹੀਂ ਕਰਦਾ ਤਾਂ ਸਭ ਕੁਝ ਕੂੜੋ ਕੂੜੁ ਹੋ ਜਾਂਦਾ
ਹੈ। ਪਰ ਜੇ ਤੂੰ ਸੱਚ ਜਾਣਨਾ ਚਾਹੁੰਦਾ ਹੈਂ -
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ
ਹੋਇ ॥ (468)
ਜੋ ਅਸੀਂ ਸੁਫਨਾ ਵੇਖਦੇ ਹਾਂ ਉਹ ਸੱਚ ਨਹੀਂ ਹੈ। ਧਰਤੀ ਸੱਚੀ ਹੈ, ਰੱਬੀ
ਕਿਰਤ ਦੀ ਹਰ ਇਕ ਚੀਜ਼ ਸੱਚੀ ਹੈ। ਕੁਝ ਵੀ ਝੂਠ ਨਹੀਂ ਹੈ, ਕੁਝ ਵੀ ਤਿਆਗ ਕਰਕੇ ਕਿਧਰੇ ਨਹੀਂ ਜਾਣਾ।
ਜੇ ਝੂਠ ਹੈ ਤਾਂ ਉਹ ਮਨ ਦੀ ਅੰਨੀ, ਨੀਵੀਂ, ਭੈੜੀ, ਸੋਚਨੀ ਜੋ ਕਿ ਮਨੁੱਖ ਆਪ ਬਣਾਉਂਦਾ ਹੈ। ਜੇ ਇਸ
ਬਾਰ ਧਿਆਨ ਪੈ ਜਾਵੇ ਤਾਂ ਜੀਵਨ ਬਦਲ ਹੀ ਜਾਂਦਾ ਹੈ। ਕਿਉਂਕਿ ਦੁੱਧ ਵਿਚ ਮੱਖੀ ਵੇਖਕੇ ਨਹੀਂ ਰਹਿ
ਸਕੇਂਗਾ। ਜਿਹੜਾ ਮੱਖੀ ਦੇਖ ਲੈਂਦਾ ਹੈ ਉਹ ਫਿਰ ਉਸ ਦੁੱਧ ਨੂੰ ਨਹੀਂ ਪੀਂਦਾ। ਸਮਝ ਆ ਜਾਂਦੀ ਹੈ ਕਿ
ਕ੍ਰੋਧ ਕਰਾਂ ਕਿ ਨਾ ਕਰਾਂ। ਕ੍ਰੋਧ ਕਿਉਂ ਕਰਦਾ ਹਾਂ, ਲੋਭ ਕਿਉਂ ਕਰਦਾ ਹਾਂ,
ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥
ਸੁਤ ਦਾਰਾ ਪਹਿ ਆਨਿ ਲੁਟਾਵੈ ॥ (656) ਕਿਉਂ
ਕਰਦਾ ਹਾਂ?
ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਇਹ ਸਾਰੇ ਤੇਰੇ ਮੰਦੇ ਖਿਆਲ ਝੂਠੇ
ਹਨ, ਇਨ੍ਹਾਂ ਬਾਰੇ ਸਮਝ। ਸਤਿਗੁਰ ਦੀ ਮੱਤ ਲੈ ਕੇ ਰੱਬੀ ਗੁਣਾਂ ਵਾਲਾ ਜੀਵਨ ਜੀ ਤਾਂ ਕਿ ਇਨ੍ਹਾਂ
ਕਾਰਨ ਹੋਈ ਖੁਆਰੀ ਤੋਂ ਛੁੱਟ ਸਕੇਂ।