.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

‘ਆਇ ਮਿਲੁ ਗੁਰਸਿਖ ਆਇ ਮਿਲੁ--`
ਗੁਰਸਿੱਖਾਂ ਦੀ ਆਪਸੀ ਸਾਂਝ--

ਚੌਥੇ ਗੁਰਦੇਵ ਪਿਤਾ ਜੀ ਨੇ ਰਾਗ ਤਿਲੰਗ ਵਿੱਚ ਗੁਰਸਿੱਖਾਂ ਦੀ ਆਪਸੀ ਸਾਂਝ ਨੂੰ ਪ੍ਰਗਟ ਕਰਦਾ ਹੋਇਆ ਬੜਾ ਪਿਆਰਾ ਵਾਕ ਕਹਿਆ ਹੈ ਕਿ ਤੂੰ ਤਾਂ ਮੇਰੇ ਗੁਰੂ ਨੂੰ ਪਿਆਰ ਕਰਨ ਵਾਲਾ ਏਂ ਆ ਮਿਲ ਬੈਠ ਕੇ ਗੁਰੂ ਵਡਿਆਈਆਂ ਦੀਆਂ ਗੱਲਾਂ ਕਰੀਏ—
ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ।। ਰਾਹਉ
ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ।।
ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ।। ਤਿਲੰਗ ਮਹਲਾ ੪ ਪੰਨਾ ੭੨੩

ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ ਜਿੰਨ੍ਹਾਂ ਪਿਆਰ ਵਾਲਿਆਂ ਨੇ ਆਪਣੇ ਗੁਰੂ ਦੀ ਆਗਿਆ ਦਾ ਪਾਲਣ ਕੀਤਾ ਹੈ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ। ਗੁਰੂ ਦੀ ਚਾਕਰੀ ਕਰਨ ਵਾਲੇ ਤੋਂ ਬਲਿਹਾਰ ਜਾਂਦਾ ਹਾਂ।
ਚੌਥੇ ਪਾਤਸ਼ਾਹ ਜੀ ਰਾਗੁ ਸੋਰਠਿ ਦੀ ਵਾਰ ਵਿੱਚ ਇੱਕ ਹੋਰ ਬਚਨ ਕਰਦੇ ਹਨ ਕਿ ਗੁਰੂ ਆਪਣੇ ਪੁੱਤਰਾਂ ਮਿੱਤਰਾਂ ਤੇ ਭਰਾਵਾਂ ਨੂੰ ਇਕੋ ਜੇਹਾ ਹੀ ਪਿਆਰ ਕਰਦੇ ਹਨ—
ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ।।
ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ।।
ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ।। ਵਾਰ ਸੋਰਠਿ ਮ: ੪ ਪੰਨਾ ੬੪੮

ਗੁਰੂ ਜੀ ਵਿਤਕਰਿਆਂ ਦੀਆਂ ਦੀਵਾਰਾਂ ਨੂੰ ਤੋੜਦੇ ਹਨ। ਸੰਗਤ ਤੇ ਪੰਗਤ ਦਾ ਭਾਵ ਅਰਥ ਹੀ ਇਹ ਹੈ ਅਸੀਂ ਸਾਰੇ ਆਪਸ ਵਿੱਚ ਰਲ਼ ਮਿਲ਼ ਕੇ ਬੈਠਣ ਦਾ ਯਤਨ ਕਰੀਏ। ਗੁਰੂ ਸਾਹਿਬ ਜੀ ਦਾ ਸਾਰਿਆਂ ਨਾਲ ਇਕੋ ਜੇਹਾ ਪਿਆਰ ਹੈ ਤਾਂ ਸਾਨੂੰ ਵੀ ਆਪਸੀ ਖਿਚੋਤਾਣ, ਹਉਮੇ, ਈਰਖਾਂ ਤੇ ਕੁੜੱਤਣ ਛੱਡ ਕੇ ਇੱਕ ਦੂਜੇ ਨੂੰ ਪਿਆਰ ਮਹੱਬਤ ਦਾ ਪੈਗਾਮ ਦੇਣਾ ਚਾਹੀਦਾ ਹੈ।
ਰਾਗ ਗੋਂਡ ਵਿੱਚ ਵੀ ਗੁਰੂ ਰਾਮਦਾਸ ਜੀ ਨੇ ਮਨੁੱਖੀ ਭਾਈਚਾਰੇ ਦੇ ਪਿਆਰ ਦੀਆਂ ਗੰਢਾਂ ਨੂੰ ਪੀਡੀਆਂ ਕਰਦਿਆਂ ਹੋਇਆ ਤੇ ਧਰਮ ਦੇ ਨਾਂ ਤੇ ਸੌੜੇ ਵਿਚਾਰਾਂ ਤੋਂ ਦੁਨੀਆਂ ਨੂੰ ਊਪਰ ਚੁੱਕਦਿਆਂ ਹੋਇਆਂ ਆਖਿਆ ਹੈ ਕਿ ਜਿਹੜਾ ਵੀ ਮੈਨੂੰ ਮੇਰੇ ਪ੍ਰੀਤਮ ਦੀ ਕੋਈ ਗੱਲ ਸਣਾਉਂਦਾ ਹੈ ਉਹ ਹੀ ਮੇਰਾ ਭਰਾ, ਵੀਰ ਤੇ ਮੇਰਾ ਮਿੱਤਰ ਹੈ---
ਮੇਰੇ ਹਰਿ ਪ੍ਰਤਿਮ ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ।।
ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ।। ਰਾਗ ਗੋਂਡ ਮਹਲਾ ੪ ਪੰਨਾ ੮੬੨

ਜੇ ਕਿਤੇ ਆਪਸ ਵਿੱਚ ਖਿਆਲ ਨਹੀਂ ਮਿਲਦੇ ਤਾਂ ਸਾਨੂੰ ਆਪਸ ਵਿੱਚ ਬੈਠ ਕੇ ਭਰਾਵਾਂ ਵਾਂਗ ਵਿਚਾਰ ਵਟਾਂਦਰਾ ਕਰਨ ਦੀ ਜੁਗਤੀ ਵੀ ਸਮਝਾਈ ਹੈ—
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵਲਾਇ।।
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ।।

ਸੰਸਾਰ ਨੂੰ ਚੌਪੜ ਦੀ ਖੇਡ ਨਾਲ ਤਸ਼ਬੀਹ ਦੇ ਕੇ ਸਮਝਾਉਂਦੇ ਹਨ ਕਿ ਇਹ ਖੇਡ ਤਾਂ ਔਖੀ ਹੈ ਪਰ ਜੇ ਗੁਰੂ ਜੀ ਦੇ ਗਿਆਨ ਨੂੰ ਨਿਤਾ-ਪ੍ਰਤੀ ਦਾ ਸਤ-ਸੰਗਤ ਬਣਾ ਲਈਏ ਤਾਂ ਜ਼ਿੰਦਗੀ ਦੇ ਦਾਓ ਪੇਚਾਂ ਵਿਚੋਂ ਲੰਘ ਕੇ ਜ਼ਿੰਦਗੀ ਦੀ ਬਾਜ਼ੀ ਜਿੱਤ ਸਕਦੇ ਹਾਂ। ਹਰ ਵੇਲੇ ਗੁਰੂ ਦੀ ਸ਼ਰਨ ਵਿੱਚ ਪਏ ਰਹਿਣਾ---ਇਹ ਚੌਪੜ ਦਾ ਕੱਪੜਾ ਵਿਛਾ ਕੇ ਮਨ ਨੂੰ ਟਿਕਾਉਣਾ ਹੈ। ਸਾਧ ਸੰਗਤ ਵਿੱਚ ਬੈਠ ਕੇ ਰੱਬੀ ਗਿਆਨ ਨੂੰ ਆਪਣੇ ਜੀਵਨ ਦਾ ਸਾਥੀ ਬਣਾਓ। ਸਾਡੀਆਂ ਆਪਸ ਵਿੱਚ ਨਾ ਸਮਝੀ ਕਰਕੇ ਦੁਬਿਧਾਵਾਂ ਪਈਆਂ ਹੋਈਆਂ ਹਨ ਵਰਨਾ ਨਾ ਇਕੱਠੇ ਹੋਣ ਦੇ ਕੋਈ ਬਹੁਤੇ ਵੱਡੇ ਮੁੱਦੇ ਨਹੀਂ ਹਨ।
ਵਿਚਾਰਾਂ ਦਾ ਵਖਰੇਵਾਂ—
ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਜਦੋਂ ਗੁਰੂ ਨਾਨਕ ਸਾਹਿਬ ਜੀ ਦੁਨੀਆਂ ਵੱਲ ਧਿਆਨ ਮਾਰਿਆ ਤਾਂ ਦੁਨੀਆਂ ਵਿਚਾਰਾਂ ਦੇ ਵਖਰੇਵੇਂ ਵਿੱਚ ਸੜ-ਬਲ਼ ਰਹੀ ਸੀ—
ਬਾਬਾ ਦੇਖੇ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ।
ਬਾਝਹੁ ਗੁਰੂ ਗੁਬਾਰ ਹੈ ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਇਆ ਉਦਾਸੀ ਦੀ ਰੀਤਿ ਚਲਾਈ।
ਚੜ੍ਹਿਆ ਸੋਧਣ ਧਰਤਿ ਲੁਕਾਈ। ਵਾਰ ਨੰਬਰ ੧ ਪਉੜੀ ੨੪

ਲੋਕ ਆਪਸ ਵਿੱਚ ਈਰਖਾ ਰੱਖ ਰਹੇ ਸਨ। ਧਰਮਾਂ ਦੀ ਚਾਰ ਦੁਆਰੀ ਵਿੱਚ ਬੱਝ ਕੇ ਰਹਿ ਗਏ ਸਨ। ਹਰੇਕ ਆਪੋ ਆਪਣੇ ਖਿਆਲਾਂ ਨੂੰ ਹੀ ਧਰਮ ਕਹਿ ਰਿਹਾ ਸੀ। ਸੰਨਿਆਸੀ, ਤਿਆਗੀ, ਬ੍ਰਹਮਚਾਰੀ, ਮੋਨਧਾਰੀ, ਜੋਗੀ, ਸਿੱਧ ਆਦਿ ਵੱਖ ਵੱਖ ਵਖਰੇਵੇਂ ਰੱਖਦੇ ਸਨ। ਇਹਨਾਂ ਦੀ ਆਪਸ ਵਿੱਚ ਕਿਸੇ ਨਾਲ ਕੋਈ ਸੁਰ ਨਹੀਂ ਮਿਲਦੀ ਸੀ। ਇਸਲਾਮ ਤੇ ਹਿੰਦੂ ਦੋ ਫਿਰਕੇ ਆਪਸ ਵਿੱਚ ਖਹਿ ਖਹਿ ਕੇ ਲੜ ਰਹੇ ਸਨ। ਗੁਰੂ ਸਾਹਿਬ ਜੀ ਨੇ ਦੁਨੀਆਂ ਵਿੱਚ ਮੱਚੀ ਹਫੜਾ ਦਫੜੀ ਨੂੰ ਦੇਖਿਆ ਤੇ ਕੁੜੱਤਣ ਵਿੱਚ ਸੜ ਰਹੀ ਲੁਕਾਈ ਸੋਧਣ ਲਈ ਗੁਰੂ ਸਾਹਿਬ ਜੀ ਨੇ ਪਰਚਾਰ ਦੌਰੇ ਅਰੰਭ ਕੀਤੇ। ਜਦੋਂ ਕਾਜ਼ੀ ਮੁੱਲਾਂ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਣ ਲੱਗੇ ਇਹ ਦਸੋ ਕਿ ਤੁਹਾਡੀ ਨਿਗਾਹ ਵਿੱਚ ਵੱਡਾ ਕੌਣ ਹੈ ਤੇ ਛੋਟਾ ਕੌਣ ਹੈ? ਇਸ ਸੰਵਾਦ ਨੂੰ ਭਾਈ ਗੁਰਦਾਸ ਜੀ ਇੰਜ ਬਿਆਨ ਕੀਤਾ ਹੈ--
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ।
ਬਾਬਾ ਆਖੇ ਹਾਜੀਆਂ ਸ਼ੁਭਿ ਅਮਲਾ ਬਾਝੋਂ ਦੋਨੋ ਰੋਈ।
ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ ਲਹਿਨ ਨ ਢੋਈ। ਵਾਰ ੧ ਪਉੜੀ ੩੩

ਗੁਰੂ ਨਾਨਕ ਜੀ ਨੇ ਦੋ ਟੁੱਕ ਵਿੱਚ ਹੀ ਫੈਸਲਾ ਸੁਣਾ ਦਿੱਤਾ ਨਾ ਕੋਈ ਮਤ ਵੱਡਾ ਹੈ ਤੇ ਨਾ ਹੀ ਕੋਈ ਛੋਟਾ ਹੈ। ਸ਼ੁਭ ਅਮਲਾਂ ਬਾਝੋਂ ਕੋਈ ਵੀ ਹੋਵੇ ਉਸ ਨੂੰ ਰੋਣਾ ਹੀ ਪੈਂਦਾ ਹੈ। ਗੁਰੂ ਸਾਹਿਬ ਜੀ ਨੇ ਵਿਚਾਰ ਗੋਸ਼ਟੀਆਂ ਕੀਤੀਆਂ ਆਪਣੀ ਵਿਚਾਰਧਾਰਾ ਤੋਂ ਜਾਣੂ ਕਰਾਇਆ। ਇਹਨਾਂ ਵਿਚਾਰ ਗੋਸ਼ਟੀਆਂ ਵਿੱਚ ਸਿੱਧ ਜਿਹੜੇ ਆਪਣੇ ਆਪ ਨੂੰ ਵਿਦਵਾਨ ਗਿਣਦੇ ਸਨ ਉਹਨਾਂ ਨੇ ਗੁਰੂ ਸਹਿਬ ਜੀ ਅੱਗੇ ਆਪਣਾ ਸਿਰ ਨਿਵਾਂ ਦਿੱਤਾ। ਹਾਲਾਤ ਏਦਾਂ ਦੇ ਬਣ ਗਏ ਕਿ ਜਿਸ ਅਸਥਾਨ ਨੂੰ ਗੋਰਖ ਮਤਾ ਕਿਹਾ ਜਾਂਦਾ ਸੀ ਉਹ ਨਾਨਕ ਮਤੇ ਦੇ ਨਾਂ ਵਿੱਚ ਤਬਦੀਲ ਹੋ ਗਿਆ। ਭਾਈ ਗੁਰਦਾਸ ਜੀ ਲਿਖਦੇ ਹਨ ---
ਸਬਦਿ ਜਿਤੀ ਸਿਧਿ ਮੰਡਲੀ ਕੀਤੋਸੁ ਅਪਣਾ ਪੰਥੁ ਨਿਰਾਲਾ।
ਕਲਿਜੁਗ ਨਾਨਕ ਨਾਮ ਸੁਖਾਲਾ। ਵਾਰ ੧ ਪਉੜੀ ੩੧
ਵਿਚਾਰਾਂ ਦਾ ਵਖਰੇਵਾਂ ਤਾਂ ਹਮੇਸ਼ਾਂ ਚੱਲਦਾ ਹੀ ਰਹਿਣਾ ਹੈ। ਇਹਨਾਂ ਵਿਚਾਰਾਂ ਦੇ ਵਖਰੇਵੇਂ ਵਿਚੋਂ ਹੀ ਸ਼ਹਾਦਤਾਂ ਦਾ ਜਨਮ ਹੋਇਆ ਹੈ। ਹੁਣ ਤੱਕ ਦੀਆਂ ਸਰਕਾਰਾਂ ਤੇ ਪੁਜਾਰੀ ਇਕੱਠੇ ਹੋ ਕੇ ਲੋਕਾਂ ਨੂੰ ਆਪਣੇ ਅਨੁਸਾਰ ਹੀ ਚਲਾਉਣ ਦਾ ਯਤਨ ਕਰ ਰਹੇ ਹਨ। ਜਿਹੜਾ ਉਹਨਾਂ ਦੇ ਸਾਂਚੇ ਵਿੱਚ ਨਹੀਂ ਢਲਦਾ ਉਸ ਨੂੰ ਲੰਮੀਆਂ ਜੇਲ੍ਹਾਂ ਜਾਂ ਜ਼ਿੰਦਗੀ ਤੋਂ ਹੱਥ ਧੋਣੇ ਪੈਂਦੇ ਹਨ। ਸੱਚ ਲੋਕਾਂ ਨੂੰ ਜਾਗਰੁਕ ਕਰਦਾ ਹੈ ਜਦ ਕੇ ਪ੍ਰਪੰਰਾਵਾਦੀ ਸੱਚ ਨੂੰ ਸੁਣਨ ਦੀ ਥਾਂ `ਤੇ ਜਾਂ ਆਪਣੇ ਆਪ ਨੂੰ ਬਦਲਣ ਲਈ ਤਿਆਰ ਹੋਣ ਦੀ ਥਾਂ `ਤੇ ਗਾਲ਼ੀ ਗਲੋਚ ਤੇ ਮਰਨ ਮਾਰਣ ਤੱਕ ਚਲੇ ਜਾਂਦੇ ਹਨ। ਪ੍ਰੰਪਰਾਵਾਦੀ ਇਹ ਗੱਲ ਕਹਿੰਦੇ ਹਨ ਸਾਡੇ ਬਜ਼ੁਰਗਾਂ ਦੀ ਚਲਾਈ ਹੋਈ ਇਹ ਰੀਤੀ ਹੈ। ਉਹ ਆਪਣੇ ਪੁਰਾਣੇ ਸੁਭਾਓ ਨੂੰ ਛੱਡਣ ਲਈ ਤਿਆਰ ਨਹੀਂ ਹੁੰਦੇ। ਪ੍ਰੰਪਰਾ ਤੇ ਅਧੁਨਿਕਤਾ ਇੱਕ ਸਰੀਰ ਦੇ ਦੋ ਪੈਰ ਹਨ। ਜਿਸ ਤਰ੍ਹਾਂ ਇੱਕ ਪੈਰ ਜ਼ਮੀਨ `ਤੇ ਲੱਗਿਆ ਹੈ ਦੂਜਾ ਦੂਰੀ ਤਹਿ ਕਰਨ ਲਈ ਅਸਮਾਨ ਵਿੱਚ ਲਟਕ ਰਿਹਾ ਹੁੰਦਾ ਹੈ। ਜੇ ਦੋਨੋ ਪੈਰ ਇੱਕ ਹੀ ਜਗ੍ਹਾ `ਤੇ ਖੜੇ ਹਨ ਤਾਂ ਬੰਦਾ ਮਿੱਥੀ ਮੰਜ਼ਿਲ `ਤੇ ਨਹੀਂ ਪਹੁੰਚ ਸਕਦਾ। ਜ਼ਿੰਦਗੀ ਵਿੱਚ ਅਗੇਰੇ ਵਧਣ ਲਈ ਪ੍ਰੰਪਰਾ ਤੇ ਅਧੁਨਿਕਤਾ ਦੋਵੇਂ ਪੱਖ ਲੈ ਕੇ ਚਲਿਆ ਜਾ ਸਕਦਾ ਹੈ। ਜ਼ਾਲਮ ਸਰਕਾਰਾਂ ਤੇ ਪ੍ਰੰਪਰਵਾਦੀ ਲੋਕ ਸੁਕਰਾਤ ਵਰਗਿਆਂ ਨੂੰ ਜ਼ਹਿਰ ਦਾ ਪਿਆਲਾ ਇਸ ਲਈ ਦੇਂਦੇ ਹਨ ਕਿ ਇਹ ਸਾਡੇ ਵਿਚਾਰਾਂ ਨਾਲ ਸਹਿਮਤੀ ਨਹੀਂ ਪ੍ਰਗਟਾਉਂਦਾ ਇਹ ਪੁਰਾਣੀਆਂ ਪ੍ਰੰਪਰਾਵਾਂ ਦਾ ਮਖੌਲ ਉਡਾਉਂਦਾ ਹੈ।
ਵਿਰੋਧ-ਦਰ-ਵਿਰੋਧ
ਪਿੱਛਲੇ ਕੁੱਝ ਸਮੇਂ ਤੋਂ ਏਦਾਂ ਦੇ ਬਖੇੜੇ ਖੜੇ ਕੀਤੇ ਗਏ ਹਨ ਜਿਸ ਦੁਆਰਾ ਆਪਸੀ ਭਾਈਚਾਰਕ ਸਾਂਝ ਨੂੰ ਬਹੁਤ ਵੱਡਾ ਖੋਰਾ ਲੱਗਿਆ ਹੈ। ਬਹੁਤ ਹੀ ਨੀਵੇਂ ਪੱਧਰ ਦੀ ਸ਼ਬਦਾਵਲੀ ਵਰਤ ਕੇ ਸੱਚ ਦੀ ਅਵਾਜ਼ ਨੂੰ ਬੰਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕੀ ਇਹ ਹੀ ਪੰਥ ਦੀ ਸੇਵਾ ਰਹਿ ਗਈ ਹੈ? ਗੁਰਬਾਣੀ ਦਾ ਪਰਚਾਰ ਕਰ ਰਹੇ ਪਰਚਾਰਕਾਂ ਦਾ ਵਿਰੋਧ ਦਰ ਵਿਰੋਧ ਹੋ ਰਿਹਾ ਹੈ। ਸਿਧਾਂਤਿਕ ਪਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੋਰਤਾ ਨੂੰ ਮੰਨ ਕੇ ਚੱਲ ਰਹੇ ਹਨ। ਅਮਰ ਵੇਲ ਵਾਂਗ ਵੱਧੇ ਹੋਏ ਡੇਰਿਆਂ ਨੇ ਸਿੱਖ ਸਿਧਾਂਤ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿੱਚ ਲਿਆ ਹੋਇਆ ਹੈ। ਦੂਸਰਾ ਸਨਾਤਨੀ ਮਤ ਨੂੰ ਪੂਰੀ ਤਰ੍ਹਾਂ ਪਰਵਾਨ ਕਰ ਚੁੱਕੇ ਹਨ। ਸੱਚ ਦੇ ਪਰਚਾਰ ਸਾਹਮਣੇ ਜ਼ਾਲਮ ਹਕੂਮਤਾਂ ਨੇ ਜ਼ੁਲਮ ਦੀਆਂ ਹਨੇਰੀਆਂ ਝੁਲਾਈਆਂ ਪਰ ਇਹ ਸੱਚ ਦਾ ਦੀਵਾ ਬੁਝ ਨਾ ਸਕਿਆ। ਸਰਕਾਰੀ ਤਸ਼ੱਦਦ ਤੀਜੇ ਦਰਜੇ ਦਾ ਹੱਥ ਕੰਡਾ ਵਰਤਦਾ ਹੈ ਤੇ ਆਪਣਾ ਵੀਰ ਵੀ ਅਜੇਹਾ ਹੀ ਹੱਥ ਕੰਡਾ ਵਰਤ ਰਿਹਾ ਹੈ ਫਿਰ ਸਰਕਾਰੀ ਤਸ਼ੱਦਦ ਤੇ ਆਪਣਿਆਂ ਵਿੱਚ ਕੀ ਅੰਤਰ ਰਹਿ ਗਿਆ? —ਭਾਈ ਹਰਜਿੰਦਰ ਸਿੰਘ ਸਭਰਾਅ ਦੁਆਰਾ ਲਿਖੀਆਂ ਸਤਰਾਂ ਬੜੀਆਂ ਭਾਵ ਪੂਰਤ ਹਨ—
“ਸ਼ੋਸ਼ਲ ਮੀਡੀਏ ਤੇ ਇਜ਼ਤਾਂ ਉਛਾਲਣ ਅਤੇ ਹਰ ਜਗ੍ਹਾ ਖਰੂਦ ਕਰਕੇ ਬਹਾਦਰ ਹੋਣ ਦਾ ਭਰਮ ਪਾਲਣ ਵਾਲੇ ਸੱਜਣਾਂ ਲਈ--ਅਜਿਹੀ ਕਰਤੂਤ ਕਰਨ ਵਾਲੇ ਲੋਕ ਸਮਝਦੇ ਨੇ ਅਸੀਂ ਇਵੇਂ ਧਰਮ ਦੀ ਸੇਵਾ ਕਰ ਰਹੇ ਹਾਂ. ਦਰਅਸਲ ਇਹ ਲੋਕ ਧਰਮ ਤੋਂ ਲੋਕਾਂ ਨੂੰ ਦੂਰ ਕਰਦੇ ਹਨ। ਜਿਹੜਾ ਬੰਦਾ ਆਪਣੇ ਆਪ ਨੂੰ ਸਿਖ ਜਾਂ ਖਾਲਸਾ ਕਹਾਉਂਦਾ ਹੋਵੇ ਪਰ ਕਿਸੇ ਦੇ ਪਰਵਾਰ ਜਾਂ ਕਿਸੇ ਦੀ ਧੀ. ਪਤਨੀ ਜਾਂ ਮਾਂ ਬਾਰੇ ਗਲਤ ਕਿਸਮ ਦੀਆਂ ਟਿਪਣੀਆਂ ਕਰੇ ਅਜਿਹੇ ਬੰਦੇ ਦੇ ਸਿਖ ਜਾਂ ਖਾਲਸੇ ਅਖਵਾਉਣ ਦਾ ਕੀ ਲਾਭ? ਕੀ ਅਜਿਹਾ ਇਨਸਾਨ ਗੁਰੂ ਦਾ ਦੇਣਦਾਰ ਨਹੀ? ਅਜਿਹੇ ਬੰਦੇ ਗਲੀ ਦੇ ਗੁੰਡਿਆਂ ਨਾਲੋਂ ਕਿਸ ਪਾਸਿਓਂ ਘੱਟ ਨੇ? ਕੀ ਅਜਿਹੀਆਂ ਕਾਲੀਆਂ ਕਰਤੂਤਾਂ ਵਾਲੇ ਇਸਤਰ੍ਹਾਂ ਦੇ ਚਾਲਿਆਂ ਨਾਲ ਦੂਜਿਆਂ ਨੂੰ ਸਹਿਮਤ ਕਰ ਲੈਣਗੇ? ਅਜਿਹੇ ਲੋਕ ਇਹ ਨਹੀਂ ਜਾਣਦੇ ਕਿ ਜਦੋਂ ਤੁਸੀਂ ਕਿਸੇ ਦੀ ਇਜ਼ਤ ਨੂੰ ਇਵੇਂ ਮਜ਼ਾਕ ਬਣਾ ਦਿਓੁਂਗੇ ਤਾਂ ਤੁਹਾਡੇ ਡਰ. ਖੌਫ ਨੂੰ ਅਗਲਾ ਟਿਚ ਜਾਣਨ ਲਗ ਪਵੇਗਾ ਕਿਉਂਕਿ ਮਾਣ ਸਨਮਾਨ ਦੀ ਕੀਮਤ ਜਾਨ ਤੋਂ ਵੀ ਵੱਡੀ ਹੁੰਦੀ ਹੈ। ਅਜੇਹੇ ਸੱਜਣ ਮਤ ਭੁੱਲਣ ਜੇ ਤੁਸੀਂ ਸਿਖ ਘਰਾਂ ਜਾਂ ਪੰਜਾਬ ਚ ਜੰਮੇ ਹੋ ਤਾਂ ਦੂਜੇ ਵੀ ਸਿਖ ਤੇ ਪੰਜਾਬ ਦੇ ਹੀ ਬਾਸ਼ਿੰਦੇ ਹਨ। ਵੀਚਾਰਾਂ ਦੇ ਵਖਰੇਵਿਆਂ ਨੂੰ ਅਜੋਕੇ ਸਮੇਂ ਵਿਚ ਜਿਵੇਂ ਜਾਨਲੇਵਾ ਹਮਲੇ ਕਰਕੇ ਜਾਂ ਕਿਸੇ ਦੀ ਇਜ਼ਤ ਉਛਾਲ ਕੇ ਜਿੱਤ ਹਾਰ ਦੇ ਨਿਰਣੇ ਤੇ ਪੁੱਜਣ ਦਾ ਸਾਧਨ ਬਣਾਇਆ ਜਾ ਰਿਹਾ ਹੈ ਇਹ ਕੌਮੀ ਭਵਿੱਖ ਲਈ ਅਤੇ ਸਾਰਿਆਂ ਲਈ ਇਕੋ ਜਿਹਾ ਖਤਰਨਾਕ ਹੋਵੇਗਾ। ਆਖਰ ਸਿਰਜੇ ਮਾਹੌਲ ਦੇ ਪ੍ਰਭਾਵ ਚੋਂ ਕੋਈ ਨਹੀਂ ਬਚ ਸਕਦਾ। ਧਰਮ ਦੇ ਨਾਂ ਤੇ ਉਪਦਰ ਜਾਂ ਗੁੰਡਾਗਰਦੀ ਕਰਨ ਵਾਲੇ ਲੋਕ ਪੰਥਕ ਸੇਵਾਦਾਰ ਨਹੀਂ ਹੋ ਸਕਦੇ ਹੋਰ ਜੋ ਮਰਜ਼ੀ ਹੋਣ। ਸ਼ੋਸ਼ਲ ਮੀਡੀਆ ਰਾਹੀੰ ਇਕ ਦੂਜੇ ਦੀ ਇਜ਼ਤ ਉਛਾਲਣ ਵਾਲੇ ਸੱਜਣ ਥੋੜਾ ਬਹੁਤ ਸਮਾਂ ਗੁਰਬਾਣੀ ਪੜ੍ਹਨ ਵੀਚਾਰਨ ਤੇ ਵੀ ਖਰਚ ਕਰਨ ਤਾਂ ਕਿ ਤੁਹਾਡਾ ਭਰਮ ਟੁੱਟ ਸਕੇ ਕਿ ਜਿਸਨੂੰ ਤੁਸੀਂ ਧਰਮ ਦੀ ਸੇਵਾ ਸਮਝ ਰਹੇ ਹੋ ਉਹ ਘੋਰ ਅਗਿਆਨਤਾ ਅਤੇ ਬੇਹਯਾਈ ਦੇ ਦੁਸ਼ਕਰਮ ਹਨ ਅਤੇ ਮਨਮੁਖਤਾਈ ਦੇ ਰਾਹ ਤੋਂ ਵੱਧ ਕੁਝ ਨਹੀਂ। ਗੁਰਦੁਆਰਿਆਂ ਜਾਂ ਗੁਰਮਤ ਸਮਾਗਮਾਂ ਚ ਨਾਹਰੇ ਲਾ ਕੇ. ਧਰਨੇ ਦੇ ਕੇ. ਹਮਲੇ ਕਰਕੇ. ਗਾਲ੍ਹਾਂ ਕੱਢ ਕੇ ਜਾਂ ਬੰਦੇ ਮਾਰ ਕੇ ਤੁਸੀਂ ਕਿਹੜੀ ਜਿੱਤ ਹਾਸਲ ਕਰੋਗੇ? ਸ਼ਾਇਦ ਅਜਿਹੇ ਸੱਜਣ ਇਹ ਨਹੀਂ ਜਾਣਦੇ ਉਹ ਕਿਹੜੇ ਹਾਲਾਤ ਜਾਂ ਮਾਹੌਲ ਦੀ ਸਿਰਜਣਾ ਕਰ ਰਹੇ ਹਨ। ਰੱਬ ਨਾ ਕਰੇ ਜੇ ਸਾਰੇ ਈ ਇਸ ਗੁੰਡਾਗਰਦੀ ਦਾ ਸਹਾਰਾ ਲੈਣ ਲੱਗ ਪਏ ਤਾਂ ਆਮ ਲੋਕ ਸਿਖ ਸੂਰਤ ਤੋਂ ਹੀ ਨਾ ਭੈਅ ਖਾਣ ਲੱਗ ਜਾਣ? ਿਜਹੜਾ ਵੀ ਸੱਜਣ ਭਾਵੇਂ ਉਹ ਕਿਹੋ ਜਿਹੇ ਵੀ ਵੀਚਾਰ ਰਖਦਾ ਹੋਵੇ ਜੋ ਵੀ ਅਜਿਹੇ ਰਾਹੇ ਪੈਂਦਾ ਹੈ ਉਹ ਗਲਤ ਹੀ ਗਲਤ ਹੈ। ਪਿਆਰਿਓ ਧਰਮ ਦੀ ਹੋਂਦ ਉਸਦੇ ਸਿਧਾਂਤਾਂ ਵਿਚ ਅਤੇ ਸਿਦਕ ਨਾਲ ਅਮਲ ਕਰਨ ਵਿਚ ਟਿਕੀ ਹੁੰਦੀ ਹੈ ਨਾ ਕਿ ਗੁੰਡਾਗਰਦੀ ਜਾਂ ਇਜ਼ਤਾਂ ਉਛਾਲਣ ਵਿਚ ”।
ਅਜਿਹੇ ਮਾਹੌਲ ਵਿੱਚ ਧਾਰਮਕ ਆਗੂ ਚੁਪ ਚਾਪ ਤਮਾਸ਼ਾ ਦੇਖ ਰਹੇ ਹਨ ਜੋ ਕਿ ਉਨ੍ਹਾਂ ਦੀ ਜਾਂ ਤਾਂ ਬੇਵਸੀ ਦਾ ਸਬੂਤ ਹੈ ਤੇ ਜਾਂ ਚਲਾਕੀ ਦਾ। ਸਿਖ ਵਿਦਵਾਨਾਂ ਨੂੰ ਵੀ ਇਸ ਬਾਬਤ ਖੁੱਲ੍ਹ ਕੇ ਵੀਚਾਰ ਦੇਣੇ ਚਾਹੀਦੇ ਸਨ ਜੋ ਕਿ ਉਨ੍ਹਾਂ ਵਲੋਂ ਧਾਰੀ ਚੁਪੀ ਕਾਰਣ ਵਿਦਵਾਨ ਵੀ ਆਪਣਾ ਅਕਸ਼ ਧੁੰਧਲਾ ਬਣਾ ਰਹੇ ਹਨ। ਮੁਦਾ ਇਹ ਨਹੀਂ ਹੈ ਕਿ ਕਿਸੇ ਦੇ ਕੀ ਵੀਚਾਰ ਹਨ? ਅਸਲ ਮੁੱਦਾ ਇਹ ਹੈ ਕਿ ਕੀ ਤੁਸੀਂ ਕਿਸੇ ਵੀਚਾਰਧਾਰਕ ਵਖਰੇਂਵੇਂ ਨੂੰ ਖੂਨ ਖਰਾਬੇ ਨਾਲ ਹੱਲ ਕਰਨ ਵਾਲਿਆਂ ਹੱਥ ਮਸਲਿਆਂ ਦੀ ਕਮਾਨ ਦੇ ਕੇ ਕੌਮ ਨੂੰ ਭਰਾ ਮਾਰੂ ਜੰਗ ਵੱਲ ਤੋਰਨਾ ਚਾਹੁੰਦੇ ਹੋ ਜਾਂ ਬਚਾਉਣਾ ਚਾਹੁੰਦੇ ਹੋ? ਖ਼ੂਨ ਖਰਾਬਾ ਜਾਂ ਹਮਲਾਅਵਰ ਤਰੀਕੇ ਨਾਲ ਕੌਮ ਵਿੱਚ ਭਰਾ ਮਾਰੂ ਜੰਗ ਕਰਨ ਕਰਵਾਉਣ ਵਾਲੀਆਂ ਕਾਲੀਆਂ ਸ਼ਕਤੀਆਂ ਅਤੇ ਸੁਆਰਥੀ ਅਤੇ ਸ਼ਰਾਰਤੀ ਤੱਤਾਂ ਨੂੰ ਪਛਾਣਕੇ ਉਨ੍ਹਾਂ ਤੋਂ ਕੌਮ ਨੂੰ ਸੁਚੇਤ ਕਰਨਾ ਪਵੇਗਾ। ਨਹੀਂ ਤਾਂ ਨੁਕਸਾਨ ਵੀ ਸਿਖ ਪੰਥ ਦਾ ਹੋਵੇਗਾ ਅਤੇ ਬਦਨਾਮੀ ਵੀ ਸਿਖਾਂ ਦੀ ਹੋਵੇਗੀ। ਇਹੀ ਕੁੱਝ ਪੰਥ ਵਿਰੋਧੀ ਸ਼ਕਤੀਆਂ ਚਾਹੁੰਦੀਆਂ ਹਨ। ਦੇਸ਼ ਵਿਦੇਸ਼ ਵਿੱਚ ਗੁਰਦੁਆਰਿਆਂ ਦੇ ਕਬਜ਼ੇ ਤੇ ਹੋਰ ਕਾਰਣਾਂ ਕਰਕੇ ਹੁੰਦੇ ਝਗੜੇ ਪਹਿਲਾਂ ਹੀ ਸਿਖਾਂ ਲਈ ਵੱਡੀ ਨਮੋਸ਼ੀ ਦਾ ਕਾਰਣ ਬਣੇ ਹੋਏ ਹਨ। ਓੱਥੇ ਵੀਚਾਰਾਂ ਤੇ ਵਖਰੇਵੇਂ ਝਗੜਿਆਂ ਤੇ ਖੂਨ ਖਰਾਬਿਆਂ ਤੱਕ ਲੈ ਜਾਣੇ ਸਿਖ ਪਛਾਣ ਲਈ ਪ੍ਰਸ਼ਨ ਚਿੰਨ੍ਹ ਸਾਬਤ ਹੋਣਗੇ। ਸੋ ਧਾਰਮਕ ਲੀਡਰਾਂ, ਸੰਸਥਾਵਾਂ ਤੇ ਪ੍ਰਬੰਧਕਾਂ, ਅਤੇ ਸਿਖ ਵਿਦਵਾਨਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਡਾਢੀ ਜ਼ਰੁਰਤ ਹੈ।




.