.

ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ

ਸਾਰਿਆਂ ਜੀਵਾਂ ਵਿੱਚ ਰੱਬ ਦੇ ਵਸਣ ਦਾ ਸੁਨੇਹਾ ਬਾਣੀ ਦੀ ਸਿੱਖਿਆ ਦਾ ਧੁਰਾ ਹੈ। ਇਹ ਸੰਦੇਸ਼ ਹੀ ਸਿਰਲੇਖ ਵਾਲੀ ਤੁਕ ਦਿੰਦੀ ਹੈ। ਇਸ ਅਸੂਲ ਨੂੰ ਮੰਨੇ ਤੋਂ ਬਿਨਾਂ ਜੀਵਾਂ ਦੇ ਅੰਦਰ ਹਉਮੈ ਬਣੀ ਰਹਿੰਦੀ ਹੈ। ਇਸ ਅਸੂਲ ਨੂੰ ਮੰਨਣ ਦੇ ਨਾਲ ਹੀ ਹਉਮੈ ਤੋਂ ਮੁਕਤੀ ਪਾਈ ਜਾ ਸਕਦੀ ਹੈ-

ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ-432

ਜਿਸਦੇ ਹਿਰਦੇ ਵਿੱਚ ਸਰਬ ਵਿਆਪਕਤਾ ਦਾ ਅਸੂਲ ਪੱਕਾ ਨਹੀਂ ਹੋਇਆ ਉਹ ਮਨਮੁਖਿ ਹੀ ਰਹਿੰਦਾ ਹੈ ਕਿਉਂਕਿ ਉਸਦੇ ਅੰਦਰ ਹਉਮੈ ਅਤੇ ਹੰਕਾਰ ਬਲਵਾਨ ਹੋਏ ਰਹਿੰਦੇ ਹਨ। ਇਨਾਂ ਦੇ ਕਰਕੇ ਉਹ ਬਹੁਤ ਤਰਾਂ ਨਾਲ ਦੁੱਖ ਪਾਉਂਦਾ ਹੈ-

ਸਰਬ ਜੀਆ ਮਹਿ ਏਕੋ ਰਵੈ। ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ-229

ਹਉਮੈ ਨੂੰ ਬਾਣੀ ਵੱਡਾ ਰੋਗ ਮੰਨਦੀ ਹੈ। ਇਹ ਰੋਗ ਕਦੇ ਭੀ ਸਰਬ ਵਿਆਪੀ ਪ੍ਰਭੂ ਨਾਲ ਜੁੜਨ ਨਹੀਂ ਦਿੰਦਾ। ਹਿਰਦੇ ਵਿੱਚ ਜਾਂ ਤਾਂ ਰੱਬ ਵਸੇਗਾ ਤੇ ਜਾਂ ਹਉਮੈ। ਦੋਵੇਂ ਕੱਠੇ ਨਹੀਂ ਰਹਿ ਸਕਦੇ-

ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ।

ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ-560

ਇਸ ਕਰਕੇ ਬਾਣੀ ਦੀ ਸਿੱਖਿਆ ਨਾਲ ਹਿਰਦਾ ਜੋੜ ਕੇ ਹਉਮੈ ਤੋਂ ਮੁਕਤੀ ਪਾਉਣੀ ਬਹੁਤ ਜ਼ਰੂਰੀ ਹੈ ਤਾਂ ਹੀ ਸਾਡੀ ਸੇਵਾ ਸਫਲ ਹੋਵੇਗੀ।

ਇਸੇ ਕਰਕੇ ਗੁਰਬਾਣੀ ਗ੍ਰੰਥ ਦੀ ਸ਼ੁਰੂਆਤ ੴ ਨਾਲ ਹੁੰਦੀ ਹੈ। ਇਸ ਦਾ ਭਾਵ ਹੈ ਕਿ ਇਹ ਸਭ ਤੋਂ ਪਹਿਲਾ ਸਿਧਾਂਤ ਹੈ ਜਿਹੜਾ ਧਰਮੀ ਦੇ ਅੰਦਰ ਪੱਕਾ ਹੋਣਾ ਚਾਹੀਦਾ ਹੈ। ਜੇ ਇਹ ਨਹੀਂ ਹੋਇਆ ਤਾਂ ਧਰਮ ਦੇ ਮਹਿਲ ਦੀ ਨੀਂਹ ਹੀ ਨਹੀਂ ਬੱਝੀ। ਨੀਂਹ ਤੋਂ ਬਿਨਾਂ ਹੋਰ ਉਸਾਰੀ ਦਾ ਅਡੰਬਰ ਰੇਤ ਦਾ ਮਹਿਲ ਹੀ ਹੋਵੇਗਾ। ਉਸਦਾ ਸੱਚ ਦੇ ਨਾਲ ਕੋਈ ਸੰਬੰਧ ਨਹੀਂ ਹੋਵੇਗਾ। ੴ ਦਾ ਭਾਵ ਹੈ ਕਿ ਉਸ ਇੱਕ ਦੀ ਹਸਤੀ ਹੀ ਕਣ ਕਣ ਅਤੇ ਘਟ ਘਟ ਵਿੱਚ ਮੌਜੂਦ ਹੈ। ਧਰਮ ਦੇ ਨਾਂਅ ਤੇ ਜੇ ਇਹ ਅਸੂਲ ਅੰਦਰ ਪੱਕਾ ਨਾ ਕੀਤਾ ਤਾਂ ਸਮਝੋ ਜ਼ਿੰਦਗੀ ਹਉਮੈ ਵਿੱਚ ਹੋਣ ਕਰਕੇ ਅਗਿਆਨਤਾ ਵਿੱਚ ਹੀ ਬੀਤੇਗੀ-

ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮ ਭੂਲੇ ਸਾਕਤ ਦੁਰਜਨਾ।

ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਣਾ-1424

ਇਨਾਂ ਤੁਕਾਂ ਦੇ ਅਰਥ ਪ੍ਰੋ: ਸਾਹਿਬ ਸਿੰਘ ਇਹ ਕਰਦੇ ਹਨ, " ਹੇ ਭਾਈ, ਪਰਮਾਤਮਾ ਨਾਲੋਂ ਟੁੱਟੇ ਹੋਏ ਦੁਰਾਚਾਰੀ ਮਨੁੱਖਾਂ ਦੇ ਮਨ ਵਿੱਚ ਹਉਮੈ ਦਾ ਰੋਗ ਸਦਾ ਟਿਕਿਆ ਰਹਿੰਦਾ ਹੈ। ਇਸ ਹਉਮੈ ਦੇ ਕਰਕੇ ਭਟਕਣਾ ਵਿੱਚ ਪੈ ਕੇ ਉਹ ਜੀਵਨ ਦੇ ਗ਼ਲਤ ਰਸਤੇ ਪਏ ਰਹਿੰਦੇ ਹਨ। ਹੇ ਨਾਨਕ! ਸਾਕਤ ਮਨੁੱਖ ਭੀ ਸੱਜਣ ਸਾਧੂ ਸਤਗੁਰੂ ਨੂੰ ਮਿਲਕੇ ਇਹ ਰੋਗ ਦੂਰ ਕਰ ਲੈਂਦਾ ਹੈ"। ਗੱਲ ਬੜੀ ਸਿੱਧੀ ਅਤੇ ਸਾਫ ਹੈ। ਬਾਣੀ ਦੀ ਸਿੱਖਿਆ ਨਾਲ ਜੁੜਕੇ ਹਉਮੈ ਦੇ ਰੋਗ ਤੋਂ ਮੁਕਤੀ ਪਾਉਣਾ ਧਰਮੀ ਦਾ ਪਹਿਲਾ ਕੰਮ ਹੈ। ਅੰਦਰ ਹਉਮੈ ਦੇ ਹੁੰਦਿਆਂ ਗੁਰਬਾਣੀ ਗ੍ਰੰਥ ਦੇ ਘਰ ਵਿੱਚ ਬੈਠ ਕੇ ਭੀ ਜੀਵ ਊਚ (ਪੂਰਨ) ਨੀਚ (ਪਤਿਤ) ਦੀਆਂ ਵੰਡੀਆਂ ਪਾਉਣ ਦਾ ਗ਼ਲਤ ਕੰਮ ਕਰਦਾ ਰਹੇਗਾ। ਇਹ ਜਾਤ ਪਾਤ ਦੇ ਆਧਾਰ ਤੇ ਬ੍ਰਾਹਮਣ ਅਤੇ ਸ਼ੂਦਰ ਦੀ ਵੰਡੀ ਪਾਉਣ ਵਾਲਾ ਕੰਮ ਹੀ ਹੋਵੇਗਾ। ਬਾਣੀ, ਮਨੁੱਖਤਾ ਵਿੱਚ ਵੰਡੀ ਅਤੇ ਵਿਤਕਰਾ ਸਵੀਕਾਰ ਨਹੀਂ ਕਰਦੀ। ਜਾਤ ਪਾਤ ਦੇ ਆਧਾਰ ਦਾ ਤਿਆਗ ਕਰਕੇ ਕਿਸੇ ਹੋਰ ਆਧਾਰ ਤੇ ਵਿਤਕਰੇ ਪਾਉਣਾ ਸ਼ੁਰੂ ਕਰ ਦੇਣਾ ਬਾਣੀ ਦੇ ਅਸੂਲ ਤੋਂ ਉਲਟ ਕੰਮ ਹੈ।

ਅਸੀਂ ਭਾਵੇਂ ਭੁੱਲ ਚੁਕੇ ਹਾਂ ਪਰ ਹਰਿਮੰਦਰ ਦੇ ਚਾਰ ਦਰਵਾਜੇ ਅਤੇ ਲੰਗਰ ਦੀ ਰਸਮ ਮਨੁੱਖਤਾ ਵਿੱਚ ਸਮਾਨਤਾ ਪੱਕੀ ਕਰਨ ਲਈ ਹੀ ਸਨ। ਲੰਗਰ ਵਿੱਚ ਪੇਟ ਪੂਜਾ ਕਰਕੇ ਜੇ ਉਸੇ ਹੀ ਅਸਥਾਨ ਦੇ ਹੋਰ ਹਿੱਸੇ ਵਿੱਚ ਸਮਾਨਤਾ ਨੂੰ ਛੱਡ ਕੇ ਭੇਦ ਭਾਵ ਅਤੇ ਵਿਤਕਰਿਆਂ ਵਾਲੇ ਅਸੂਲ ਬਣਾ ਲਏ ਤਾਂ ਇਹ ਲੰਗਰ ਦੀ ਬੇਅਦਬੀ ਦੇ ਤੁੱਲ ਹੈ। ਰੱਬ ਦੀ ਸਰਬ ਵਿਆਪਕਤਾ, ਬਾਣੀ ਦਾ ਪਹਿਲਾ ਹੀ ਅੱਖਰ ਪੱਕੀ ਕਰਾਉਂਦਾ ਹੈ। ਬਾਣੀ ਦੇ ਵਿੱਚ ਬਹੁਤ ਵਾਰ ਇਸ ਉਪਦੇਸ਼ ਨੂੰ ਦੁਹਰਾਇਆ ਹੈ ਤੇ ਆਖਰੀ ਪੰਨੇ ਤੇ ਭੀ ਇਹ ਦ੍ਰਿੜਾ ਕਿ ਹੀ ਸਮਾਪਤੀ ਕੀਤੀ ਹੈ ਤਾਂ ਕਿ ਇਹ ਭੁੱਲ ਨਾ ਜਾਵੇ। ਸੰਸਾਰ ਵਿੱਚ ਰਹਿ ਕੇ ਸਫਲ ਧਰਮੀ ਜੀਵਨ ਇਸ ਅਸੂਲ ਨਾਲ ਜੁੜੇ ਤੇ ਹੀ ਜੀਵਿਆ ਜਾ ਸਕਦਾ ਹੈ-

ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ-1429

ਤਰੀਐ ਦਾ ਭਾਵ ਸਫਲਤਾ ਦਾ ਪ੍ਰਾਪਤ ਹੋਣਾ ਹੈ।

ਕਿਸੇ ਰਸਮ ਦੇ ਆਧਾਰ ਤੇ ਅਤੇ ਬਹੁਤ ਸਾਰੇ ਦਿਖਾਵੇ ਦੇ ਵੇਸਾਂ, ਬਾਣਿਆਂ ਅਤੇ ਚਿੰਨਾਂ ਨਾਲ ਜੁੜਕੇ ਬ੍ਰਾਹਮਣ ਬਣੇ ਜੀਵ ਨੂੰ ਬਾਣੀ ਜਿਹੜਾ ਰਾਹ ਦੱਸਦੀ ਹੈ ਉਸ ਉੱਤੇ ਚੱਲਣਾ ਸਾਡੇ ਲਈ ਭੀ ਜ਼ਰੂਰੀ ਹੈ-

ਕਹੁ ਕਬੀਰ ਜੋ ਬ੍ਰਹਮੁ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੇ-324

ਬ੍ਰਹਮੁ ਦੀ ਵੀਚਾਰ ਕਰਕੇ ਬਣੇ ਧਰਮੀ ਦੇ ਅੰਦਰ ਸਰਬ ਵਿਆਪਕਤਾ ਦਾ ਅਸੂਲ ਪੱਕਾ ਹੋਣਾ ਪੂਰਨ ਤੌਰ ਤੇ ਜ਼ਰੂਰੀ ਹੈ। ਜੇ ਨਹੀਂ ਹੋਇਆ ਤਾਂ ਉਹ ਭਰਮ ਵਿੱਚ ਹੈ। ਭਰਮ ਵਿੱਚ ਰਹਿ ਕੇ ਭਟਕਣਾ ਹੀ ਪੱਲੇ ਪਵੇਗੀ-

ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰੁ।

ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ-51

ਜੇ ਗੁਰੂ ਦੀ ਸਿੱਖਿਆ ਨਾਲ ਜੁੜੇ ਹੋਵਾਂਗੇ ਤਾਂ ਸਰਬ ਵਿਆਪਕਤਾ ਤੋਂ ਮੁਨਕਰ ਨਹੀਂ ਹੋ ਸਕਦੇ। ਜੇ ਭਰਮ ਵਿੱਚ ਹਾਂ ਫਿਰ ਤਾਂ ਗ਼ਲਤੀ ਕਰਾਂਗੇ ਹੀ।

ਸਰਬ ਵਿਆਪਕਤਾ ਦੇ ਅਸੂਲ ਵਾਲਾ ਬੀਜ ਜੇ ਅੰਦਰ ਬੀਜਾਂਗੇ ਤਾਂ ਸੁੱਖ ਅਤੇ ਸ਼ਾਂਤੀ ਦੇਣ ਵਾਲਾ ਧਰਮ ਰੁੱਖ ਉੱਗੇਗਾ ਜਿਹੜਾ ਹਰ ਕਿਸੇ ਲਈ ਮਿਠਾਸ ਅਤੇ ਕੋਮਲਤਾ ਦੀ ਛਾਂਅ ਦੇਵੇਗਾ। ਜੇ ਨਹੀਂ ਤਾਂ ਤਿੱਖੇ ਕੰਡਿਆਂ ਵਾਲਾ ਹੀ ਪੈਦਾ ਹੋਵੇਗਾ ਜਿਹੜਾ ਸਿਰਫ ਵਲੂੰਦਰਨ ਦਾ ਕੰਮ ਹੀ ਕਰ ਸਕੇਗਾ।

ਸਰਬ ਵਿਆਪੀ ਬ੍ਰਹਮ ਨਾਲ ਸਾਂਝ ਪਾਉਣ ਵਾਲੇ ਨੂੰ ਹੀ ਬਾਣੀ ਅਸਲੀ ਬ੍ਰਾਹਮਣ ਮੰਨਦੀ ਹੈ। ਇਹ ਕੰਮ ਕਰਨ ਵਾਲਾ ਹੀ ਸਤਿਗੁਰੂ ਹੈ-

ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ ਹਰਿ ਹਰਿ ਕਥਾ ਸੁਣਾਵੈ-1264

ਸਰਬ ਵਿਆਪੀ ਬ੍ਰਹਮ ਨਾਲ ਸਾਂਝ ਪਾਉਣ ਵਾਲਾ ਜਦ ਉਸਦੀ ਕਥਾ ਸੁਣਾਏਗਾ ਤਾਂ ਸਭ ਤੋਂ ਪਹਿਲਾਂ ਉਸਦੇ ਇਸ ਗੁਣ ਦੀ ਗੱਲ ਹੀ ਕਰੇਗਾ। ਕੀ ਇਹੋ ਜਿਹੇ ਸਤਿਗੁਰੂ ਤੋਂ ਸਿੱਖਿਆ ਹੋਇਆ ਵਿਤਕਰੇ ਪਾਉਣ ਦੀ ਗੱਲ ਕਰ ਸਕਦਾ ਹੈ? ਕਦੇ ਭੀ ਨਹੀਂ। ਦੇਖੋ ਉਹ ਦੂਜਿਆਂ ਨਾਲ ਕਿਸ ਤਰਾਂ ਵਰਤਦਾ ਹੈ-

ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ

ਸਭੁ ਆਤਮਰਾਮੁ ਪਸਾਰਿਆ ਗੁਰ ਬੁਧਿ ਬੀਚਾਰੀ-589

ਜਿਹੜਾ ਜੀਵ ਆਪਣੇ ਆਪ ਨੂੰ ਗੁਰੂ ਵਾਲਾ ਹੋਇਆ ਸਮਝਦਾ ਹੈ ਉਸ ਨੂੰ ਸਤਿਗੁਰ ਦੀ ਇਹ ਅਕਲ ਲੈਣੀ ਜ਼ਰੂਰੀ ਹੈ। ਜੇ ਨਹੀਂ ਲਈ ਤਾਂ ਉਹ ਊਚ ਨੀਚ ਪੈਦਾ ਕਰਨ ਤੇ ਕਰਾਉਣ ਵਾਲਾ ਅਤੇ ਇਸ ਨੂੰ ਪੱਕੀ ਕਰਨ ਵਾਲਾ ਹੀ ਬਣੇਗਾ।

ਇਹ ਕੰਮ ਹੀ ਧਰਮ ਦੇ ਬੂਟੇ ਨੂੰ ਮਿੱਠੇ ਫਲ ਲਾਉਣ ਦੀ ਥਾਂ ਕੁੜੱਤਣ, ਘਿਰਨਾ ਅਤੇ ਜ਼ਹਿਰ ਰੂਪੀ ਫਲ ਲਾਏਗਾ। ਸਭਨਾਂ ਨੂੰ ਇੱਕ ਸਮਾਨ ਸਮਝਣਾ ਹੀ ਸਤਿਗੁਰੂ ਦੀ ਦਿਆਲਤਾ ਹੈ। ਗੁਰੂ ਵਾਲਾ ਬਣਨ ਦਾ ਦਾਅਵਾ ਕਰਨ ਵਾਲੇ ਵਿੱਚ ਜੇ ਇਹ ਗੁਣ ਨਹੀਂ ਆਇਆ ਤਾਂ ਉਸਦੇ ਪੱਥਰ ਹਿਰਦੇ ਤੇ ਗੁਰੂ ਦੀ ਸਿੱਖਿਆ ਦਾ ਕੋਈ ਪੰਜਾ ਨਾ ਲੱਗਣ ਕਰਕੇ ਉਹ ਹੰਕਾਰੀ ਵਲੀ ਕੰਧਾਰੀ ਰੂਪ ਹੋ ਕੇ ਦੂਜਿਆਂ ਦੇ ਪੱਥਰ ਹੀ ਮਾਰੇਗਾ। ਉਨਾਂ ਦੀ ਜਿੰਦਗੀ ਦੁਖੀ ਹੀ ਕਰੇਗਾ-

ਸਤਿਗੁਰੁ ਪੁਰਖੁ ਦਇਆਲ ਹੈ ਜਿਸ ਨੋ ਸਮਤੁ ਸਭ ਕੋਇ-300

ਜੇ ਅੰਦਰੋਂ ਹਉਮੈ ਨਹੀਂ ਗਈ ਤੇ ਸਭਨਾਂ ਦੇ ਵਿੱਚ ਵਸਦਾ ਇੱਕ ਨਜ਼ਰ ਨਹੀਂ ਆਇਆ ਤਾਂ ਪੱਕਾ ਹੈ ਕਿ ਸਤਿਗੁਰ ਨਾਲ ਮਿਲਾਪ ਹੀ ਨਹੀਂ ਹੋਇਆ। ਰੱਬ ਨੂੰ ਯਾਦ ਕਰਨ ਵੇਲੇ ਭੀ ਇਹ ਗੁਣ ਸਭ ਤੋਂ ਪਹਿਲਾਂ ਯਾਦ ਆਉਣਾ ਚਾਹੀਦਾ ਹੈ-

ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ-510

ਕਬੀਰ ਜਗ ਮਹਿ ਚੇਤਿਓ ਜਾਨਿ ਕੈ ਜਗ ਮਹਿ ਰਹਿਓ ਸਮਾਇ-1369

ਸਰਬ ਵਿਆਪਕਤਾ ਨੂੰ ਭੁੱਲਣ ਕਰਕੇ ਹੀ ਮਨੁੱਖਤਾ ਵਿੱਚ ਵੰਡੀਆਂ ਪੈਂਦੀਆਂ ਹਨ। ਜਿਸਦੀ ਦਿੱਖ, ਵੇਸ ਜਾਂ ਕਰਮ ਕਾਂਡ ਸਾਡੇ ਵਰਗਾ ਨਾ ਹੋਵੇ ਉਸ ਦੇ ਲਈ ਘਿਰਨਾ ਪੈਦਾ ਹੁੰਦੀ ਹੈ। ਉਸ ਦੇ ਲਈ ਕਾਫਰ, ਸ਼ੂਦਰ, ਪਤਿਤ ਅਤੇ ਨੀਚ ਵਰਗੇ ਮੰਦੇ ਲਫ਼ਜ਼ ਸਾਡੇ ਮੂੰਹੋਂ ਨਿਕਲਦੇ ਹਨ। ਇਹ ਸਿੱਖਿਆ ਤੋਂ ਉਲਟ ਕੰਮ ਹਨ-

ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ

ਨੀਚੇ ਲੋਇਨ ਕਿਉ ਕਰਉ ਸਭ ਘਟ ਦੇਖਉ ਪੀਉ-1377

ਸਰਬ ਵਿਆਪਕਤਾ ਦੇ ਗੁਣ ਨੂੰ ਭੁਲਾ ਕੇ ਕੋਈ ਅਕਾਲ ਪੁਰਖ ਦਾ ਪੁਜਾਰੀ ਨਹੀਂ ਹੋ ਸਕਦਾ ਕਿਉਂਕਿ ਉਸਦੇ ਅੰਦਰ ਬਹੁਤਿਆਂ ਲਈ ਘਿਰਨਾ ਅਤੇ ਕਰੋਧ ਦੀਆਂ ਭਾਵਨਾਵਾਂ ਜ਼ਰੂਰ ਹੋਣਗੀਆਂ। ਇਹ ਊਚ ਨੀਚ ਮਿੱਥਣ ਦੇ ਕੰਮ ਹੀ ਆਪਣੀ ਅਤੇ ਹੋਰਨਾਂ ਦੀ ਜਿੰਦਗੀ ਨੂੰ ਨਰਕ ਬਨਾਉਣਾ ਹੈ। ਬਾਣੀ ਇਸ ਤੋਂ ਵਰਜਦੀ ਹੈ-

ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ

ਅਗੈ ਮੂਲਿ ਨ ਆਵਈ ਦੋਜਕ ਸੰਦੀ ਭਾਹਿ-1381

ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ

ਮੰਦਾ ਕਿਸਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ-1381

ਬ੍ਰਹਮ ਦਾ ਗਿਆਨ ਰੱਖਣ ਵਾਲੇ ਨੂੰ ਉਸ ਇੱਕ ਤੋਂ ਬਿਨਾਂ ਕੋਈ ਹੋਰ ਨਜ਼ਰ ਆਉਂਦਾ ਹੀ ਨਹੀਂ ਤਾਂ ਹੀ ਉਸ ਦੇ ਲਈ ਸਭ ਜੀਵ ਇੱਕ ਸਮਾਨ ਹੋ ਜਾਂਦੇ ਹਨ ਉਹ ਸਭ ਨੂੰ ਪਿਆਰ ਭਰੀ ਨਜ਼ਰ ਨਾਲ ਦੇਖਦਾ ਹੈ। ਅੰਦਰ ਇਹ ਭਾਵਨਾ ਹੋਣੀ ਬ੍ਰਹਮ ਗਿਆਨੀ ਦਾ ਗੁਣ ਹੈ ਤਾਂ ਹੀ ਉਸਦੀ ਜ਼ੁਬਾਨ ਵਿੱਚੋਂ ਮਿੱਠੇ ਬੋਲ ਹੀ ਨਿਕਲਦੇ ਹਨ-

ਅਵਰੁ ਨ ਪੇਖੈ ਏਕਸੁ ਬਿਨ ਕੋਇ।

ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ-272

ਬ੍ਰਹਮ ਗਿਆਨੀ ਸਦਾ ਸਮਦਰਸੀ।

ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ-273

ਗਿਆਨ ਦੀ ਇਸ ਅਵਸਥਾ ਤੇ ਪਹੁੰਚਣ ਕਰਕੇ ਭਾਈ ਘਨਈਆ ਨੂੰ ਗੁਰੂ ਦਾ ਥਾਪੜਾ ਪ੍ਰਾਪਤ ਹੋਇਆ ਸੀ। ਕੀ ਅੱਜ ਗੁਰੂ ਨੂੰ ਪ੍ਰਵਾਨ ਹੋਣ ਲਈ ਇਹ ਕਰਨਾ ਜ਼ਰੂਰੀ ਨਹੀਂ ਰਹਿ ਗਿਆ? ਸਰਬ ਵਿਆਪਕਤਾ ਤੋਂ ਮੁਨਕਰ ਹੋ ਕੇ ਤਾਂ ਜ਼ੁਬਾਨ ਵਿੱਚੋਂ ਜ਼ਹਿਰ ਰੂਪੀ ਬੋਲ ਹੀ ਨਿਕਲਣਗੇ। ਇਸ ਗੁਣ ਨੂੰ ਭੁਲਾ ਕੇ ਬਣੇ ਧਰਮੀ, ਦੁਨੀਆਂ ਵਿੱਚ ਨਰਕੀ ਹਾਲਾਤ ਹੀ ਪੈਦਾ ਕਰਨਗੇ।

ਧਰਮ ਦੇ ਨਾਂਅ ਤੇ ਜੇ ਕਿਸੇ ਨੇ ਵਿਲੱਖਲਣਤਾ ਪ੍ਰਾਪਤ ਕਰਨੀ ਹੈ ਤਾਂ ਇਹ ਸਿਰਫ ਮਨ ਦੀ ਭਾਵਨਾ ਕਰਕੇ ਹੀ ਹੋਇਆ ਜਾ ਸਕਦਾ ਹੈ। ਮਨ ਨੂੰ ਉਨਾਂ ਔਗਣਾਂ ਤੋਂ, ਜਿਨਾਂ ਨਾਲ ਸਾਰੇ ਹੀ ਪੀੜਤ ਹਨ, ਮੁਕਤ ਕਰਕੇ ਹੀ ਵਿਲੱਖਣ ਹੋ ਸਕਦੇ ਹਾਂ। ਆਓ ਉਹ ਦੇਖਦੇ ਹਾਂ ਕਿਹੜੇ ਹਨ-

ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਨ ਥੰਮ੍ਹੀਐ-1244

ਬਿਨੁ ਬਾਦ ਬਿਰੋਧਹਿ ਕੋਈ ਨਾਹੀ। ਮੈ ਦੇਖਾਲਿਹੁ ਤਿਸੁ ਸਾਲਾਹੀ-1025

ਬੈਰ ਬਿਰੋਧ ਕਾਮ ਕ੍ਰੋਧ ਮੋਹ। ਝੂਠ ਬਿਕਾਰ ਮਹਾ ਲੋਭ ਧ੍ਰੋਹ।

ਇਆਹੂ ਜੁਗਤਿ ਬਿਹਾਨੇ ਕਈ ਜਨਮ। ਨਾਨਕ ਰਾਖਿ ਲੇਹੁ ਆਪਨ ਕਰਿ ਕਰਮ-268

ਸਰਬ ਵਿਆਪਕਤਾ ਨਾਲ ਨਾ ਜੁੜ ਕੇ ਸਭ ਹੰਕਾਰ ਵਿੱਚ ਫਿਰਦੇ ਹਨ। ਸਭ, ਵੈਰ ਵਿਰੋਧ, ਝਗੜੇ ਪਾਉਣ ਅਤੇ ਵਧਾਉਣ ਦੇ ਕੰਮਾਂ ਵਿੱਚ ਲੱਗੇ ਰਹਿੰਦੇ ਹਨ। ਇਨਾਂ ਕੰਮਾਂ ਤੋਂ ਹਟ ਕੇ ਸ਼ਾਂਤ ਸਹਿਜ ਅਤੇ ਪਿਆਰ ਵਧਾਉਣ ਵਿੱਚ ਲੱਗਣ ਵਾਲਾ ਹੀ ਵਿਲੱਖਣ ਹੋਵੇਗਾ।

ਉਸ ਦੀ ਸਰਬ ਵਿਆਪਕਤਾ ਦੇ ਸੱਚ ਨੂੰ ਕੋਈ ਵਿਰਲਾ ਹੀ ਸਮਝਦਾ ਹੈ। ਸਾਰੇ ਹੀ ਕਿਸੇ ਨਾ ਕਿਸੇ ਆਪੂੰ ਬਣਾਏ ਬੰਧਨ ਕਰਕੇ ਇਸ ਸੱਚ ਨਾਲ ਪੂਰੀ ਤਰਾਂ ਨਹੀਂ ਜੁੜਦੇ। ਉਹ ਹੀ ਵਿਲੱਖਣ ਹੋ ਸਕਦਾ ਹੈ ਜਿਸ ਨੇ ਹਰ ਭੁਲੇਖੇ ਵਿੱਚੋਂ ਨਿਕਲ ਕੇ ਇਸ ਸੱਚ ਨਾਲ ਪੂਰੀ ਤਰਾਂ ਆਪਣੇ ਹਿਰਦੇ ਨੂੰ ਜੋੜ ਲਿਆ ਹੈ-

ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ-594

ਘਟਿ ਘਟਿ ਵਸਹਿ ਜਾਣਹਿ ਥੋਰਾ। ਹੈ ਕੋਈ ਸਾਜਨ ਪਰਦਾ ਤੋਰਾ-562

ਸਰਬ ਵਿਆਪਕਤਾ ਨਾਲ ਹਿਰਦਾ ਜੋੜਨ ਨਾਲ ਕੋਈ ਹੰਕਾਰੀ ਨਹੀਂ ਹੋਵੇਗਾ। ਕਿਸੇ ਨੂੰ ਨੀਵਾਂ ਸਮਝ ਕੇ ਕੋਈ ਕੌੜੇ ਬੋਲ ਨਹੀਂ ਬੋਲੇਗਾ। ਕਿਸੇ ਨਾਲ ਬੁਰਾਈ ਜਾਂ ਧੱਕਾ ਨਹੀਂ ਕਰੇਗਾ ਕਿਉਂਕਿ ਉਸ ਸਾਂਝੇ ਬਾਪ ਦੀ ਸਮਝ ਲੱਗਣ ਨਾਲ ਸਭ ਆਪਣੇ ਭਾਈ ਭੈਣ ਲੱਗਣ ਲੱਗ ਪੈਂਦੇ ਹਨ। ਇਹ ਕਰਨ ਵਾਲਾ ਹੀ ਵਿਲੱਖਣ ਕਿਹਾ ਜਾ ਸਕਦਾ ਹੈ-

ਤੂੰ ਸਾਝਾ ਸਾਹਿਬੁ ਬਾਪੁ ਹਮਾਰਾ … ਘਟ ਘਟ ਅੰਤਰਿ ਤੂੰ ਹੈ ਵੁਠਾ।

ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ-97

ਪਰ ਸਰਬ ਵਿਆਪਕਤਾ ਦੇ ਗੁਣ ਨਾਲ ਜੁੜਕੇ ਸਮਦਰਸੀ ਹੋਣਾ ਬਹੁਤ ਹੀ ਔਖਾ ਕੰਮ ਹੈ। ਬਾਣੀ ਦਾ ਨੀਯਤ ਕੀਤਾ ਪਹਿਲਾ ਹੀ ਕੰਮ ਨਾਮ ਜਪਣਾ (ਉਸ ਸਰਬ ਵਿਆਪੀ ਹਸਤੀ ਦਾ ਗਿਆਨ ਲੈ ਕੇ ਉਸ ਦੇ ਨਾਲ ਜੁੜਨਾ) ਹੈ। ਉਸ ਦੀ ਸਮਝ ਲੱਗਦਿਆਂ ਹੀ ਜੀਵ ਦੇ ਅੰਦਰੋਂ ਹਉਮੈ ਅਤੇ ਇਸਦੇ ਆਧਾਰ ਤੇ ਪਾਏ ਵਿਤਕਰੇ ਖ਼ਤਮ ਹੋ ਜਾਂਦੇ ਹਨ। ਸਭ ਨੂੰ ਇੱਕੋ ਜਿਹਾ ਅਤੇ ਆਪਣੇ ਵਰਗਾ ਸਮਝਣ ਨਾਲ ਕਿਸੇ ਦੇ ਨਾਲ ਭੀ ਬੁਰਾ ਵਰਤਾਵਾ ਕਰਨ ਤੇ ਰੋਕ ਲੱਗ ਜਾਂਦੀ ਹੈ। ਬਾਣੀ ਦੀ ਸਿੱਖਿਆ ਨਾਲ ਹਿਰਦਾ ਜੋੜ ਕੇ ਅੰਦਰ ਇਹ ਬਦਲੀ ਕਰਨ ਵਾਲਾ ਕੋਈ ਕ੍ਰੋੜਾਂ `ਚੋਂ ਇੱਕ ਹੈ (ਅਤੇ ਇਹ ਕਰਨ ਵਾਲਾ ਹੀ ਵਿਲੱਖਣ ਹੈ)। ਪਰ ਬਾਣੀ ਦੀ ਸਿੱਖਿਆ ਨੂੰ ਪੂਰੀ ਤਰਾਂ ਨਾ ਸਮਝ ਕੇ, ਬਣਾਏ ਕਰਮ ਕਾਂਡ ਕਰਨਾ ਬਹੁਤ ਸੌਖਾ ਹੈ। ਬੇਅੰਤ ਜੀਵ ਇਸ ਸੌਖੇ ਰਾਹ ਚੱਲਕੇ ਹੀ ਪੱਕੇ ਧਰਮੀ ਹੋਣ ਦਾ ਭਰਮ ਪਾਲ ਲੈਂਦੇ ਹਨ-

ਠਾਕੁਰੁ ਸਰਬੇ ਸਮਾਣਾ … … …

ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ-51

ਸਰਬ ਵਿਆਪਕਤਾ ਨਾਲ ਹਿਰਦਾ ਜੋੜੇ ਤੋਂ ਬਿਨਾਂ ਅੰਦਰੋਂ ਹਉਮੈ ਦੂਰ ਨਹੀਂ ਹੋਣੀ। ਰੱਬ ਦਾ ਸਰਬ ਵਿਆਪੀ ਹੋਣਾ ਸੱਚ ਹੈ। ਇਸ ਅਸੂਲ ਨਾਲ ਜੁੜਨ ਵਾਲਾ ਸਚਿਆਰ ਬਣ ਸਕੇਗਾ (ਇਹ ਹੀ ਵਿਲੱਖਣ ਹੋਣਾ ਹੈ)। ਇਸ ਤੋਂ ਮੁਨਕਰ ਕੂੜਿਆਰ ਹੀ ਰਹੇਗਾ। ਇਹੋ ਜਿਹਾ, ਮਨੁੱਖੀ ਸ਼ਕਲ ਵਿੱਚ ਹੁੰਦਾ ਹੋਇਆ ਭੀ ਪਸ਼ੂ ਦੀ ਜੂਨ ਭੋਗਦਾ ਮੰਨਿਆਂ ਗਿਆ ਹੈ। -ਕੂਕਰ ਸੂਕਰ ਕਹੀਅਹਿ ਕੂੜਿਆਰਾ-1029

ਹਉਮੈ ਵੱਡਾ ਰੋਗ ਹੈ। ਇਹ ਸਾਨੂੰ ਸੱਚ ਦੇ ਉਲਟ ਤੋਰਦੀ ਹੈ। ਇਸ ਕਰਕੇ ਇਸ ਦੇ ਅਧੀਨ ਰਹਿ ਕੇ ਕੀਤਾ ਕੋਈ ਭੀ ਕੰਮ ਸਫਲ ਸੇਵਾ ਨਹੀਂ ਬਣੇਗਾ। ਇਸ ਕਰਕੇ ਦੁਖ ਸੁਖ ਦੇ ਚੱਕਰ ਵਿੱਚ ਪੀੜ ਹੁੰਦਿਆਂ ਹੀ ਜ਼ਿੰਦਗੀ ਬੀਤੇਗੀ ਅਤੇ ਮਨੁੱਖਾ ਜਨਮ ਦਾ ਮਨੋਰਥ ਪ੍ਰਾਪਤ ਕਰਨ ਤੋਂ ਭੀ ਖੁੰਝ ਜਾਵਾਂਗੇ-

ਵਿਚਿ ਹਉਮੈ ਸੇਵਾ ਥਾਇ ਨ ਪਾਏ। ਜਨਮਿ ਮਰੈ ਫਿਰਿ ਆਵੈ ਜਾਏ-1070

ਉਨਾਂ ਨੂੰ ਹੀ ਸਫਲਤਾ ਦਾ ਸੁਭਾਗ ਪ੍ਰਾਪਤ ਹੋਵੇਗਾ ਜਿਹੜੇ ਬਾਣੀ ਦੀ ਸਿੱਖਿਆ ਲੈ ਕੇ ਉਸ ਇੱਕ ਸਰਬ ਵਿਆਪੀ ਹਸਤੀ ਨਾਲ ਜੁੜਦੇ ਹਨ-

ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟ ਨ ਕੋਇ।

ਨਾਨਕ ਤੇ ਸੋਹਾਗਣੀ ਜਿਨ੍ਹਾ ਗੁਰਮੁਖਿ ਪਰਗਟੁ ਹੋਇ-1412

ਜੇ ਬਰਾਹਮਣ ਹੋਣ ਲਈ ਅਤੇ ਸਤਿਗੁਰੂ ਹੋਣ ਲਈ ਬ੍ਰਹਮ ਨਾਲ ਸਾਂਝ ਪਾਉਣੀ ਹੀ ਇੱਕੋ ਇੱਕ ਕੰਮ ਹੈ ਤਾਂ ਸੱਚੇ ਧਰਮੀ ਦਾ ਦਰਜਾ ਲੈਣ ਲਈ ਭੀ ਇਸ ਇੱਕ ਕੰਮ ਤੋਂ ਬਿਨਾਂ ਹੋਰ ਕੰਮ ਜ਼ਰੂਰੀ ਨਹੀਂ। ਉਸ ਨਾਲ ਸਾਂਝ ਪੈਂਦੇ ਸਾਰ ਹੀ ਉਸ ਦੇ ਸਰਬ ਵਿਆਪੀ ਹੋਣ ਦੇ ਗੁਣ ਨਾਲ ਹਿਰਦਾ ਜੁੜੇਗਾ। ਇਹ ਹੋਣ ਨਾਲ ਹੀ ਸੱਚੇ ਧਰਮੀ ਹੋਣ ਦੀ ਸਫਲਤਾ ਮਿਲੇਗੀ। ਇਹ ਹੀ ਵਿਲੱਖਣਤਾ ਹੈ-

ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ … ਸੋਈ ਬ੍ਰਹਮਣੁ ਪੂਜਣੁ ਜੁਗਤੁ-1411

ਪਰ ਜੇ ਇਹ ਕੰਮ ਨਾਂ ਕੀਤਾ ਤਾਂ ਹਉਮੈ ਵਿੱਚ ਫਸੇ ਰਹਿਣ ਕਾਰਨ ਸੱਚੇ ਧਰਮੀ ਹੋਣ ਦੀ ਸ਼ੁਰੂਆਤ ਭੀ ਨਹੀਂ ਹੋਣੀ। ਇਹ ਗੱਲ ਬਾਣੀ ਵਿੱਚ ਬਹੁਤ ਥਾਂ ਦੱਸੀ ਗਈ ਹੈ। ਹਉਮੈ ਦਾ ਖ਼ਾਤਮਾ ਪਹਿਲਾਂ ਹੋਣਾ ਜ਼ਰੂਰੀ ਹੈ। ਇਹ ਮੈਲ ਹੈ। ਇਹ ਬਹੁਤ ਵੱਡਾ ਔਗਣ ਹੈ। ਇਹ ਬਹੁਤ ਵੱਡਾ ਰੋਗ ਹੈ-

ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ-1243

ਹਰਿ ਗੁਣ ਗਾਵੈ ਹਉਮੈ ਮਲੁ ਖੋਇ-841

ਹਉਮੈ ਮਾਰਿ ਸਚਿ ਲਿਵ ਲਾਗੀ-841

ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ-562

ਇੱਕ ਵਾਰੀ ਫਿਰ ਦੁਹਰਾਉਂਦੇ ਹਾਂ ਕਿ ਰੱਬ ਦੇ ਧੜੇ ਵਿੱਚ ਸ਼ਾਮਲ ਹੋਣ ਲਈ ਸਭ ਨੂੰ ਪ੍ਰੇਮ ਸਹਿਤ ਸਵੀਕਾਰ ਕਰਨਾ ਪੂਰਨ ਤੌਰ ਤੇ ਜ਼ਰੂਰੀ ਹੈ ਕਿਉਂਕਿ ਉਹ ਸਭ ਦੇ ਅੰਦਰ ਸਮਾਇਆ ਹੋਇਆ ਹੈ। ਜੇ ਇਹ ਨਾ ਕੀਤਾ ਤਾਂ ਸਾਡਾ ਧੜਾ ਰੱਬ ਨਾਲੋਂ ਟੁਟਿਆ ਹੋਵੇਗਾ-

ਹਮਰਾ ਧੜਾ ਹਰਿ ਰਹਿਆ ਸਮਾਈ-366

ਤਾਂ ਹੀ ਬਾਣੀ ਉਸ ਪੰਥ (ਧੜੇ) ਨੂੰ ਹੀ ਉੱਤਮ ਮੰਨਦੀ ਹੈ ਜਿਸ ਵਿੱਚ ਸਾਰੇ ਹੀ ਇੱਕੋ ਜਿਹੇ ਪਰਵਾਨ ਹੋਣ ਅਤੇ ਕਿਸੇ ਨਾਲ ਊਚ ਨੀਚ ਪੈਦਾ ਕਰਨ ਦਾ ਕੋਈ ਭੀ ਕੰਮ ਕਦੇ ਭੀ ਨਾ ਕੀਤਾ ਜਾਵੇ-

ਆਈ ਪੰਥੀ ਸਗਲ ਜਮਾਤੀ … 6

ਪ੍ਰੋ: ਸਾਹਿਬ ਸਿੰਘ ਇਸਦੇ ਅਰਥ ਇਹ ਕਰਦੇ ਹਨ, " ਜੋ ਮਨੁੱਖ ਸਾਰੀ ਸ੍ਰਿਸਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ ਅਸਲ ਵਿੱਚ ਉਹ ਆਈ ਪੰਥ ਵਾਲਾ ਹੈ"।

ਨਿਮਰਤਾ ਸਹਿਤ--ਮਨੋਹਰ ਸਿੰਘ ਪੁਰੇਵਾਲ




.