ਕੀ ਸਿੱਖਾਂ
ਦਾ ਛੇਵਾਂ ਗੁਰੂ ਅੱਧੀ ਰਾਤ ਨੂੰ ਕਾਜੀ ਦੀ ਲੜਕੀ ਕੱਢ ਕੇ ਲਿਆਇਆ ਸੀ ਅਤੇ ਫਿਰ ਮਾਂ ਆਪਣੀ ਤੋਂ
ਝਿੜਕਾਂ ਖਾਧੀਆਂ ਸਨ?
ਹਾਂ ਜੀ, ਪਿਆਰੇ ਪਾਠਕੋ ਇਹ ਗੱਲ
ਦਿਲ ਤੇ ਪੱਥਰ ਰੱਖ ਕੇ ਮਨਜੂਰ ਕਰ ਲਓ ਕਿ ਇਸ ਤਰ੍ਹਾਂ ਹੀ ਪੁਰਾਤਨ ਕੂੜ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ
ਜਿਸ ਨੂੰ ਕਿ ਪਰਾਤਨਵਾਦੀ, ਡੇਰਾਵਾਦੀ ਅਤੇ ਟਕਸਾਲੀ ਆਦਿਕ ਪਰਾਤਨ ਇਤਿਹਾਸਕ ਅਤੇ ਪ੍ਰੰਪਰਾਵਾਂ ਦਾ
ਨਾਮ ਦੇ ਕੇ ਜਬਰਦਸਤੀ ਸਾਰੇ ਸਿੱਖਾਂ ਤੇ ਮੜ੍ਹਨਾ ਚਾਹੁੰਦੇ ਹਨ। ਜਿਹੜੇ ਇਸ ਤਰ੍ਹਾਂ ਦੀਆਂ ਘਟੀਆ
ਸਾਖੀਆਂ ਨੂੰ ਰੱਦ ਕਰਦੇ ਹਨ ਉਹਨਾ ਨੂੰ ਇਹ ਇਤਿਹਾਸ ਵਗਾੜਨ ਵਾਲੇ ਸਿੱਖ ਦੱਸਦੇ ਹਨ। ਪਾਠਕਾਂ ਨੂੰ
ਯਾਦ ਹੋਵੇਗਾ ਕਿ ਜਦੋਂ ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ ਨੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਚੀਰ-ਫਾੜ
ਕੀਤੀ ਸੀ ਤਾਂ ਜੋਗਿੰਦਰ ਸਿੰਘ ਵੇਦਾਂਤੀ, ਕਥਿਤ ਅਕਾਲ ਤਖ਼ਤ ਦਾ ਕਥਿਤ ਜਥੇਦਾਰ ਸੀ। ਗੁਰਬਿਲਾਸ
ਪਾਤਸ਼ਾਹੀ ਛੇਵੀਂ ਦੀ ਸੰਪਾਦਨਾ ਜੋਗਿੰਦਰ ਸਿੰਘ ਵੇਦਾਂਤੀ ਅਤੇ ਡਾ: ਅਮਰਜੀਤ ਸਿੰਘ ਨੇ ਰਲ ਕੇ ਕੀਤੀ
ਸੀ। ਇਸ ਕਿਤਾਬ ਦੀ ਪ੍ਰਸੰਸਾ ਵਿਚ, ਸਿੱਖਾਂ ਦੇ 14 ਰਤਨਾ ਨੇ ਪ੍ਰਸੰਸਾ ਪੱਤਰ ਲਿਖੇ ਸਨ। ਇਹਨਾ
ਸਾਰਿਆਂ ਦੀ ਇਹ ਖਾਹਿਸ਼ ਸੀ ਕਿ ਇਸ ਕਿਤਾਬ ਦੀ ਕਥਾ ਮੁੜ ਗੁਰਦੁਆਰਿਆਂ ਵਿੱਚ ਸ਼ੁਰੂ ਹੋਣੀ ਚਾਹੀਦੀ
ਹੈ। ਗਿ: ਸੰਤ ਸਿੰਘ ਮਸਕੀਨ ਸਮੇਤ ਹੋਰ ਵੀ ਬਹੁਤ ਸਾਰੇ ਡੇਰੇਦਾਰ ਇਹ ਵੀ ਚਾਹ ਰੱਖਦੇ ਸਨ ਕਿ ਸੂਰਜ
ਪ੍ਰਕਾਸ਼ ਦੀ ਕਥਾ ਵੀ ਵੱਧ ਤੋਂ ਵੱਧ ਗੁਰਦੁਆਰਿਆਂ ਵਿੱਚ ਸ਼ੁਰੂ ਹੋਣੀ ਚਾਹੀਦੀ ਹੈ। ਸੰਨ 1984 ਤੋਂ
ਬਾਅਦ ਜਦੋਂ ਟਕਸਾਲੀ ਡੇਰੇਦਾਰ ਬਹੁਤ ਸਾਰੇ ਗੁਰਦੁਆਰਿਆਂ ਤੇ ਕਾਬਜ ਹੋ ਗਏ ਤਾਂ ਉਹਨਾ ਨੇ ਇਹ ਸ਼ੁਭ
ਕਾਰਜ ਕਰਨੇ ਆਰੰਭ ਦਿੱਤੇ। ਬਹੁਤ ਸਾਰਿਆਂ ਨੇ ਟੀ. ਵੀ. ਉਤੇ ਅਤੇ ਖੁਦ ਵੀ ਜਾ ਕੇ ਦੇਖਿਆ ਹੋਵੇਗਾ
ਕਿ ਕਈ ਵੱਡੇ ਗੁਰਦੁਆਰਿਆਂ ਵਿੱਚ ਸੂਰਜ ਪ੍ਰਕਾਸ਼ ਦੀ ਕਥਾ ਕੀਤੀ ਜਾ ਰਹੀ ਸੀ ਅਤੇ ਇਸ ਗ੍ਰੰਥ ਨੂੰ
ਰੁਮਾਲਿਆਂ ਵਿੱਚ ਲਪੇਟ ਕੇ ਬਕਾਇਦਾ ਲੱਕੜੀ ਦੀ ਚੌਂਕੀ ਜਿਹੀ ਤੇ ਰੱਖਿਆ ਹੁੰਦਾ ਸੀ। ਇਹਨਾ ਦੋਹਾਂ
ਗ੍ਰੰਥਾਂ ਵਿੱਚ ਹੀ ਇਹ ਕਥਾ ਕੌਲਾਂ ਦੀ ਕਥਾ ਦੇ ਨਾਮ ਤੇ ਦਰਜ਼ ਹੈ। ਜਿਸ ਨੂੰ ਸਿੱਖ ਇਤਿਹਾਸ ਵਿੱਚ
ਬੀਬੀ ਕੌਲਾਂ ਅਤੇ ਮਾਤਾ ਕੌਲਾਂ ਕਰਕੇ ਜਾਣਿਆਂ ਜਾਂਦਾ ਹੈ। ਇਸ ਦੇ ਨਾਮ ਤੇ ਸਰੋਵਰ ਅਤੇ ਕਈ
ਸੰਸਥਾਵਾਂ ਬਣੀਆਂ ਹੋਈਆਂ ਹਨ।
ਬਹੁਤੇ ਵਿਦਵਾਨ, ਕਥਾਕਾਰ, ਪ੍ਰਚਾਰਕ ਅਤੇ ਰਾਗੀ-ਢਾਡੀ ਇਸ ਕੌਲਾਂ ਵਾਲੀ ਸਾਖੀ ਵਿਚੋਂ ਬਹੁਤ ਕੁੱਝ
ਛੁਪਾ ਕੇ ਰੱਖਦੇ ਹਨ। ਆਮ ਬੰਦਿਆਂ ਕੋਲ ਇਤਨਾ ਸਮਾ ਨਹੀਂ ਹੁੰਦਾ ਕਿ ਉਹ ਸਾਰੇ ਵੱਡ ਅਕਾਰੀ ਗ੍ਰੰਥ
ਆਪ ਪੜ੍ਹ ਸਕਣ। ਅਤੇ ਇਹ ਗ੍ਰੰਥ ਬਹੁਤੇ ਕਵਿਤਾ ਅਤੇ ਛੰਦਾ-ਬੰਦੀ ਵਿੱਚ ਹੋਣ ਦੇ ਕਾਰਨ ਆਮ ਸਾਧਾਰਣ
ਸਿੱਖ ਲਈ ਸਮਝਣੇ ਵੀ ਕੁੱਝ ਔਖੇ ਹੁੰਦੇ ਹਨ। ਡੇਰੇ ਵਾਲਿਆਂ ਕੋਲ ਬਹੁਤੇਰਾ ਵੇਲਾ ਸਮਾ ਘੋਟਾ ਲਉਣ ਲਈ
ਹੁੰਦਾ ਹੈ ਅਤੇ ਉਹ ਲਾਉਂਦੇ ਰਹਿੰਦੇ ਹਨ। ਉਹਨਾ ਨੇ ਕਿਹੜਾ ਕੋਈ ਹੋਰ ਹੱਥੀ ਕਿਰਤ ਕਰਨੀ ਹੁੰਦੀ ਹੈ।
ਇਸ ਲਈ ਆਮ ਸਿੱਖਾਂ ਕੋਲ ਉਹੀ ਪਹੁੰਚਦਾ ਹੈ ਜੋ ਪ੍ਰਚਾਰਕਾਂ ਵਲੋਂ ਦੱਸਿਆ ਜਾਂਦਾ ਹੈ। ਹੁਣ ਤੁਸੀਂ
ਆਪ ਹੀ ਸੋਚ ਲਓ ਕਿ ਕਿਤਨੇ ਕੁ ਪ੍ਰਚਾਰਕ ਜਾਂ ਵਿਦਵਾਨ ਹਨ ਜਿਹਨਾ ਨੇ ਕਿ ਕੌਲਾਂ ਵਾਲੀ ਕਹਾਣੀ ਦੀ
ਅਸਲੀਅਤ ਨੂੰ ਖੋਲ ਕੇ ਬਿਆਨ ਕੀਤਾ ਹੋਵੇਗਾ। ਇਸ ਬਾਰੇ ਸਭ ਤੋਂ ਪਹਿਲਾਂ ਗੁਰਬਖਸ਼ ਸਿੰਘ ਕਾਲਾ
ਅਫਗਾਨਾ ਨੇ ਕੁੱਝ ਖੋਲ ਕੇ ਲਿਖਿਆ ਸੀ ਅਤੇ ਉਹ ਅੱਜ ਤੋਂ ਕੋਈ 13 ਸਾਲ ਪਹਿਲਾਂ ਇੱਥੇ ‘ਸਿੱਖ ਮਾਰਗ’
ਤੇ ਛਪਿਆ ਸੀ, ਜਿਸ ਦਾ ਲਿੰਕ ਅੱਗੇ ਦਿੱਤਾ ਜਾ ਰਿਹਾ ਹੈ। ਪਾਠਕ ਉਥੇ ਜਾ ਕੇ ਪੜ੍ਹ ਸਕਦੇ ਹਨ। ਪਰ
ਹੁਣ ਥੋੜਾ ਹੋਰ ਵਿਸਥਾਰ ਵਿੱਚ ਗਿ: ਲਖਵੀਰ ਸਿੰਘ ਜੀ ਰੇਡੀਓ ਵਿਰਸਾ ਤੇ ਰਿਕਾਰਡ ਕਰਵਾ ਰਹੇ ਹਨ।
ਗਿ: ਲਖਵੀਰ ਸਿੰਘ ਜੀ ਜਿਹੜੇ ਕਿ ਸ਼ਾਇਦ ਕਨੇਡਾ ਵਿੱਚ ਹੀ ਕਿਤੇ ਰਹਿ ਰਹੇ ਹਨ ਬਹੁਤ ਹੀ ਸਹਿਜ ਸੁਭਾ
ਦੇ ਮਾਲਕ ਲਗਦੇ ਹਨ ਜਿਵੇਂ ਕਿ ਕਥਾ ਤੋਂ ਮਹਿਸੂਸ ਹੋ ਰਿਹਾ ਹੈ। ਕਥਾ ਸੁਣ ਕੇ ਇਹ ਵੀ ਮਹਿਸੂਸ ਹੋ
ਰਿਹਾ ਹੈ ਕਿ ਇਹ ਦੋਗਲੀਆਂ ਗੱਲਾਂ ਕਰਨ ਵਾਲੇ ਨਹੀਂ ਹੋਣਗੇ ਬਲਕਿ ਸੱਚੋ ਹੀ ਸੱਚ ਕਹਿਣ ਵਾਲੇ
ਹੋਣਗੇ। ਹੋ ਸਕਦਾ ਹੈ ਕਿ ਮੈਂ ਗਲਤ ਵੀ ਹੋਵਾਂ, ਕਿਉਂਕਿ ਮੈਨੂੰ ਇਹਨਾ ਬਾਰੇ ਬਹੁਤੀ ਜਾਣਕਾਰੀ ਨਹੀਂ
ਹੈ ਅਤੇ ਨਾ ਹੀ ਕਦੀ ਮਿਲਿਆ ਹਾਂ। ਇਹਨਾ ਦੇ ਦੋ ਔਡੀਓ ਲਿੰਕ ਅੱਗੇ ਪਾ ਰਿਹਾ ਹਾਂ ਉਹ ਸਮਾ ਮਿਲਣ ਤੇ
ਜਰੂਰ ਸੁਣਨੇ। ਇਸ ਕਹਾਣੀ ਨਾਲ ਸੰਬੰਧਿਤ ਸ਼ਾਇਦ ਹੋਰ ਵੀ ਅੱਗੇ ਰਿਕਾਰਡਿੰਗ ਕਰਵਾਉਣਗੇ। ਜਦੋਂ ਵੀ ਉਹ
ਸੁਣੇ ਤਾਂ ਇੱਥੇ ਐਡ ਕਰਦਾ ਜਾਵਾਂਗਾ ਅਤੇ ਤੁਸੀਂ ਇਹ ਪੰਨਾ ਦੇਖਦੇ ਰਹਿਣਾ। ਇਸ ਲੇਖ ਪ੍ਰਤੀ ਜਾਂ
ਹੋਰ ਵੀ ਕਿਸੇ ਸਪਤਾਹਿਕ ਲੇਖ ਪ੍ਰਤੀ ਤੁਸੀਂ ਜਦੋਂ ਵੀ ਚਾਹੋ ਆਪਣੇ ਵਿਚਾਰ, ਤੁਹਾਡੇ ਆਪਣੇ ਪੰਨੇ ਤੇ
ਦੇ ਸਕਦੇ ਹੋ।
ਧੰਨਵਾਦ।
ਮੱਖਣ ਸਿੰਘ ਪੁਰੇਵਾਲ,
ਜੁਲਾਈ 01, 2018.
(ਨੋਟ: ਗੁਰਬਖ਼ਸ਼ ਸਿੰਘ
ਕਾਲਾ ਅਫਗਾਨਾ ਦੇ ਲਿਖੇ, ਕੌਲਾਂ ਵਾਲੇ ਲੇਖ ਨੂੰ ਪੜ੍ਹਨ ਲਈ ਇੱਥੇ ਕਲਿਕ ਕਰੋ)
(ਮਾਤਾ
ਕੌਲਾਂ ਦੀ ਕਹਾਣੀ ਵਾਲਾ ਕਿੱਸਾ-ਭਾਗ ਨੰ: 1)
(ਮਾਤਾ
ਕੌਲਾਂ ਦੀ ਕਹਾਣੀ ਵਾਲਾ ਕਿੱਸਾ-ਭਾਗ ਨੰ: 2)
(ਮਾਤਾ
ਕੌਲਾਂ ਦੀ ਕਹਾਣੀ ਵਾਲਾ ਕਿੱਸਾ-ਭਾਗ ਨੰ: 3)