ਹਮ ਘਰਿ ਸਾਜਨ ਆਏ॥
ਸੰਸਾਰ ਰੂਪ ਸਮੁੰਦਰ ਵਿੱਚ ਗੋਤੇ ਖਾ ਰਹੀ ਮਨੁੱਖਤਾ ਨੂੰ ਦੁਨੀਆਵੀ ਦਲਦਲ
ਵਿੱਚੋਂ ਕੱਢ ਕੇ ਅਰਸ਼ੀ ਮੰਡਲਾਂ ਵਿੱਚ ਵਿਚਰਣ ਦੀ ਪ੍ਰੇਰਣਾ ਦੇਣ ਵਾਸਤੇ ਮੱਧ ਕਾਲ ਵਿੱਚ ਵਿਚਰੇ
ਕੁੱਝ ਇੱਕ ਮਹਾਂਪੁਰਖਾਂ ਨੇ ਰੱਬੀ ਬਾਣੀ ਦੀ ਰਚਨਾ ਕੀਤੀ। ਇਸ ਸਿੱਧਾਂਤਕ ਬਾਣੀ ਨੂੰ ਜਨਸਾਧਾਰਨ ਦੀ
ਸਮਝ ਗੋਚਰਾ ਬਣਾਉਣ ਵਾਸਤੇ ਉਨ੍ਹਾਂ ਨੇ ਮਨੁੱਖ ਦੇ ਸਮਾਜਿਕ ਤੇ ਸੱਭਿਆਚਾਰਕ ਜੀਵਨ ਵਿੱਚ ਪ੍ਰਚੱਲਿਤ
ਦੁਨਿਆਵੀ ਰਸਮਾਂ ਤੇ ਇਨ੍ਹਾਂ ਰਸਮਾਂ ਨਾਲ ਜੁੜੀ ਸ਼ਬਦਾਵਲੀ ਨੂੰ ਬਾਣੀ ਵਿੱਚ ਰੂਪਕਾਂ ਦੇ ਤੌਰ `ਤੇ
ਵਰਤਿਆ ਹੈ। ਮਰਦ ਮੁਖੀ ਅਰਥਾਤ ਪਿਤਾ ਪ੍ਰਧਾਨ
(patriarchal) ਸਮਾਜ ਵਿੱਚ ਪਤੀ ਨੂੰ ਪਰਮੇਸ਼ਰ
ਤੇ ਪਤਨੀ ਨੂੰ ਉਸ ਦੀ ਸੇਵਕ ਸਮਝਿਆ ਜਾਂਦਾ ਸੀ। ਇਸੇ ਲਈ ਸਾਰੇ ਬਾਣੀਕਾਰਾਂ ਨੇ ਆਪਣੀ ਰਚੀ
ਅਲੰਕ੍ਰਿਤ ਬਾਣੀ ਵਿੱਚ ਪਰਮੇਸ਼ਰ ਲਈ ਪਤੀ ਤੇ ਆਤਮਾ (ਜੀਵ-ਇਸਤ੍ਰੀ) ਵਾਸਤੇ ਪਤਨੀ ਦੇ ਰੂਪਕ ਅਲੰਕਾਰ
(metaphor)
ਦੀ ਵਰਤੋਂ ਕੀਤੀ ਹੈ। ਇਨ੍ਹਾਂ ਰੂਪਕਾਂ ਦੀ ਢੁੱਕਵੀਂ ਵਰਤੋਂ ਕਰਕੇ, ਗੁਰਬਾਣੀ ਵਿੱਚ ਪਤੀ ਪਤਨੀ ਦੇ
ਸੰਸਾਰਕ ਰਿਸ਼ਤੇ ਨਾਲ ਜੁੜੀਆਂ ਰਵਾਯਤੀ ਰਸਮਾਂ ਨਾਲ ਜੁੜੀ ਸ਼ਬਦਾਵਲੀ ਵਰਤ ਕੇ ਪਰਮਾਤਮਾ ਤੇ ਜੀਵਆਤਮਾ
ਦੇ ਆਪਸੀ ਰਿਸ਼ਤੇ ਦਾ ਵਰਣਨ ਕੀਤਾ ਹੈ। ਇਸੇ ਸੰਧਰਬ ਵਿੱਚ, ਰੂਹਾਨੀਅਤ ਦੇ ਪੁੰਜ ਗੁਰੂ ਨਾਨਕ ਦੇਵ ਜੀ
ਦੇ ਰਾਗੁ ਸੂਹੀ ਵਿੱਚ ਲਿਖੇ ਇੱਕ ਛੰਤ ਦੀ ਵਿਚਾਰ ਕਰਦੇ ਹਾਂ। ਆਪ ਫ਼ਰਮਾਉਂਦੇ ਹਨ:
ਹਮ ਘਰਿ ਸਾਜਨ ਆਏ॥ ਸਾਚੈ ਮੇਲਿ ਮਿਲਾਏ॥
ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ॥
ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ॥
ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ॥
ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ॥ ੧॥
ਸ਼ਬਦ ਅਰਥ:- ਘਰਿ: ਹਿਰਦੇ (-ਘਰ) ਵਿੱਚ। ਸਾਜਨ: ਪਾਲਣਹਾਰ
ਪ੍ਰਭੂ ਜੋ ਸਾਰੇ ਜੀਵਾਂ ਦਾ ਸੱਚਾ ਮਿੱਤਰ-ਸਨੇਹੀ ਹੈ। ਸਾਚੈ: ਸਦਾ ਸੱਚ ਪ੍ਰਭੂ ਨੇ।
ਮੇਲਿ ਮਿਲਾਏ: ਆਪਣੇ ਚਰਣਾਂ ਵਿੱਚ ਜੋੜ ਲਿਆ ਹੈ। ਸਹਜਿ: ਮਨ ਦੀ ਅਡੋਲ ਅਵਸਥਾ, ਇਸ
ਅਵਸਥਾ ਵਿੱਚ ਪ੍ਰਾਪਤ ਆਤਮ-ਆਨੰਦ। ਪੰਚ: ਪੰਜ ਸਦਗੁਣ: ਸਤ, ਸੰਤੋਖ, ਦਇਆ, ਧਰਮ ਤੇ ਧੀਰਜ।
ਸਾਈ: ਓਹੀ। ਵਸਤ: ਦੁਰਲੱਭ ਅਣਮੋਲ ਵਸਤੂ ਜਿਸ ਦੀ ਅਭਿਲਾਸ਼ਾ ਸੀ, ਪ੍ਰਭੂ।
ਸੇਤੀ: ਨਾਲ। ਅਨਦਿਨੁ: ਹਰ ਰੋਜ਼, ਨਿਰੰਤਰ, ਹਮੇਸ਼ਾ। ਘਰ ਮੰਦਰ: ਹਿਰਦਾ ਰੂਪੀ
ਮੰਦਰ। ਸੋਹਾਏ: ਸ਼ੋਭਨੀਕ ਹੋ ਗਏ। ਪੰਚ ਸਬਦ ਧੁਨਿ: ਪੰਜ ਪਰਕਾਰ ਦੇ ਸਾਜ਼ਾਂ ਵਿੱਚੋਂ
ਨਿਕਲਣ ਵਾਲੀ ਸਾਂਝੀ ਸੁਰ। ਅਨਹਹਦ ਵਾਜੇ: ਬਿਨ ਵਜਾਏ ਵੱਜਣ ਵਾਲਾ ਸੰਗੀਤ ਜੋ ਕੰਨਾਂ ਨਾਲ
ਨਹੀਂ ਸੁਣੀਂਦਾ ਸਗੋਂ ਉੱਚੀ ਆਤਮਿਕ ਅਵਸਥਾ ਵਿੱਚ ਹੀ ਸੁਣਿਆ ਜਾਂਦਾ ਹੈ। ੧।
ਭਾਵ ਅਰਥ:- ਮੇਰੇ ਹਿਰਦੇ ਘਰ ਵਿੱਚ ਸੱਚੇ ਸਨੇਹੀ ਪ੍ਰਭੂ ਦਾ
ਪ੍ਰਵੇਸ਼ ਹੋ ਗਿਆ ਹੈ। ਉਸ ਨਾਲ ਮੇਰਾ (ਆਤਮਿਕ) ਮਿਲਾਪ ਹੋ ਗਿਆ ਹੈ। ਇਸ ਰੂਹਾਨੀ ਮਿਲਾਪ ਸਦਕਾ ਮੈਂ
ਅਡੋਲ ਅਵਸਥਾ ਵਿੱਚ ਪਹੁੰਚ ਗਿਆ ਹਾਂ। ਮਨ ਦੀ ਅਡੋਲ ਅਵਸਥਾ ਵਿੱਚ ਮੈਂਨੂੰ ਪ੍ਰਭੂ ਦਾ ਮਿਲਣਾ ਚੰਗਾ
ਲਗਦਾ ਹੈ। ਇਸ ਅਡੋਲਤਾ ਸਦਕਾ ਮੇਰੇ ਭਟਕਦੇ ਹੋਏ ਇੰਦ੍ਰੇ ਸ਼ਾਂਤ ਹੋ ਕੇ ਮੇਰਾ ਚੰਗੇ ਪਾਸੇ ਸਾਥ ਦੇ
ਰਹੇ ਹਨ। ਹੁਣ ਮੈਂਨੂੰ ਆਤਮਿਕ ਆਨੰਦ ਪ੍ਰਾਪਤ ਹੋ ਗਿਆ ਹੈ। ਜਿਸ ਦੁਰਲੱਭ ਅਣਮੋਲ ਵਸਤੂ (ਪ੍ਰਭੂ,
ਪ੍ਰਭੂ-ਪ੍ਰੇਮ) ਦੀ ਮਨ ਵਿੱਚ ਲੋਚਾ ਸੀ, ਉਹ ਪ੍ਰਾਪਤ ਹੋ ਗਈ ਹੈ। ਹੁਣ ਮੇਰੀ ਪ੍ਰਭੂ ਨਾਲ ਹਰ ਦਿਨ
ਹਰ ਵੇਲੇ ਦੀ ਸਾਂਝ ਬਣ ਗਈ ਹੈ। ਪ੍ਰਭੂ ਨਾਲ ਇਸ ਸਦੀਵੀ ਸਾਂਝ ਕਾਰਣ ਮੇਰਾ ਮਨ-ਤਨ ਸ਼ੋਭਨੀਕ ਹੋ ਗਿਆ
ਹੈ। ਹਿਰਦੇ ਘਰ ਵਿੱਚ ਪ੍ਰਭੂ ਦੇ ਸਮਾ ਜਾਣ ਨਾਲ ਪੰਜਾਂ ਤਰ੍ਹਾਂ ਦੇ ਨਾਦਾਂ ਦਾ ਅਣਹਦ ਸੰਗੀਤ ਮੇਰੇ
ਅੰਦਰ ਆਨੰਦ ਦੇ ਰਿਹਾ ਹੈ। ੧।
ਆਵਹੁ ਮੀਤ ਪਿਆਰੇ॥ ਮੰਗਲ ਗਾਵਹੁ ਨਾਰੇ॥
ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ॥
ਅਪਨੈ ਘਰਿ ਆਇਆ ਥਾਨਿ ਸੁਹਾਇਆ ਕਾਰਜ ਸਬਦਿ ਸਵਾਰੇ॥
ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਤ੍ਰਿਭਵਣ ਰੂਪੁ ਦਿਖਾਇਆ॥
ਸਖੀ ਮਿਲਹੁ ਰਸਿ ਮੰਗਲੁ ਗਾਵਹੁ ਹਮ ਘਰਿ ਸਾਜਨੁ ਆਇਆ॥ ੨॥
ਸ਼ਬਦ ਅਰਥ:- ਮੀਤ: ਮਿੱਤਰ, ਕਰਤਾਰ ਜੋ ਸੱਭ ਜੀਵਾਂ ਦਾ ਸੱਜਨ-ਮਿੱਤਰ
ਹੈ। ਸਚੁ ਮੰਗਲ: ਸਦਾ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ। ਨਾਰੇ:
ਇੰਦ੍ਰੀਆਂ। ਸੋਹਿਲੜਾ: ਆਤਮਿਕ ਖ਼ੁਸ਼ੀ ਦੇਣ ਵਾਲਾ ਗੀਤ। ਜੁਗ ਚਾਰੇ: ਚਾਰੇ ਜੁਗਾਂ
ਵਿੱਚ ਭਾਵ ਹਮੇਸ਼ਾ, ਨਿਰੰਤਰ। ਥਾਨਿ: ਰੱਬ ਦਾ ਸਥਾਨ ਹਿਰਦਾ, ਮਨ/ਆਤਮਾ। ਸੁਹਾਇਆ:
ਸ਼ੋਭਨੀਕ ਹੋ ਗਿਆ। ਕਾਰਜ: (ਜੀਵਨ-) ਮਨੋਰਥ। ਸਬਦਿ: ਨਾਮ ਵਿੱਚ, ਗੁਰੁ-ਸਿੱਖਿਆ
ਵਿੱਚ। ਨੇਤ੍ਰੀ: (ਮਨ ਦੀਆਂ) ਅੱਖਾਂ ਨਾਲ। ਅੰਜਨ: ਗਿਆਨ-ਅੰਜਨ। ਤ੍ਰਿਭਵਣ
ਰੂਪੁ: ਪਰਮਾਤਮਾ ਜੋ ਤਿੰਨਾਂ ਲੋਕਾਂ (ਆਕਾਸ਼, ਧਰਤੀ ਤੇ ਪਾਤਾਲ) ਵਿੱਚ ਵਿਆਪਕ ਹੈ। ਸਖੀ:
ਸਹੇਲੀ, ਸੰਗੀ-ਸਾਥੀ, ਇੰਦ੍ਰੀਆਂ। ਰਸਿ: ਪ੍ਰੇਮ; ਮਹਾ ਰਸਿ: ਪ੍ਰਭੂ-ਪ੍ਰੇਮ,
ਇਸ਼ਕ ਹਕੀਕੀ। ੨।
ਭਾਵ ਅਰਥ:- ਮੇਰੇ ਪਿਆਰੇ ਸੰਗੀ-ਸਾਥੀਓ! ਆਓ! ਪ੍ਰਭੂ ਦੀ ਸਿਫ਼ਤ-ਸਾਲਾਹ
ਦੇ ਸਦਾ ਆਨੰਦ ਦੇਣ ਵਾਲੇ ਗੀਤ ਗਾਈਏ। ਸੱਚੇ ਪ੍ਰਭੂ ਦੇ ਦੈਵੀ ਗੁਣਾਂ ਦਾ ਉਹ ਗੀਤ ਗਾਇਨ ਕਰੀਏ ਜਿਸ
ਨਾਲ ਪਤੀ ਪਰਮੇਸ਼ਰ ਨੂੰ ਅਸੀਂ ਚੰਗੀਆਂ ਲੱਗੀਏ ਤੇ ਸਾਨੂੰ ਸਦੀਵੀ ਆਤਮਿਕ ਸੁੱਖ ਵੀ ਪ੍ਰਾਪਤ ਹੋ
ਜਾਵੇ। ਮੇਰੇ ਮਨ, ਜੋ ਉਸ ਪ੍ਰਭੂ ਦਾ ਆਪਣਾ ਘਰ ਹੈ, ਵਿੱਚ ਉਹ ਪ੍ਰਗਟ ਹੋਇਆ ਹੈ। ਉਸ ਦੀ ਆਮਦ ਸਦਕਾ
ਮੇਰਾ ਹਿਰਦਾ ਸ਼ੋਭਨੀਕ ਹੋ ਗਿਆ ਹੈ। ਗੁਰਉਪਦੇਸ `ਤੇ ਚਲਦਿਆਂ ਸੱਜਨ ਪ੍ਰਭੂ ਨੂੰ ਮਿਲਣ ਦਾ ਮੇਰਾ
ਮਨੋਰਥ ਵੀ ਪੂਰਾ ਹੋ ਗਿਆ ਹੈ। ਸਖੀਓ! ਆਓ, ਰਲ-ਮਿਲ ਕੇ ਹਿਰਦੇ ਘਰ ਵਿੱਚ ਆਏ ਪ੍ਰਭੂ ਦੇ ਸਵਾਗਤ
ਵਿੱਚ ਆਤਮਰਸ ਦੇਣ ਵਾਲੇ ਉਸ ਸੱਚੇ ਸਨੇਹੀ ਦੀ ਸਿਫ਼ਤ-ਸਾਲਾਹ ਦੇ ਗੀਤ ਗਾਈਏ। ੨।
ਮਨੁ ਤਨੁ ਅੰਮ੍ਰਿਤਿ ਭਿੰਨਾ॥ ਅੰਤਰਿ ਪ੍ਰੇਮੁ ਰਤੰਨਾ॥
ਅੰਤਰਿ ਰਤਨੁ ਪਦਾਰਥ ਮੇਰੈ ਪਰਮੁ ਤਤੁ ਵੀਚਾਰੋ॥
ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣਹਾਰੋ॥
ਤੂ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ।
ਸੁਨਹੁ ਸਖੀ ਮਨੁ ਮੋਹਨਿ ਮੋਹਿਆ ਤਨੁ ਮਨੁ ਅੰਮ੍ਰਿਤਿ ਭੀਨਾ॥ ੩॥
ਸ਼ਬਦ ਅਰਥ:- ਅੰਮ੍ਰਿਤਿ: ਹਰਿਨਾਮ ਅਤੇ ਇਸ ਤੋਂ ਪ੍ਰਾਪਤ ਆਤਮ-ਗਿਆਨ।
ਭਿੰਨਾ: ਭਿੱਜਿਆ, ਪਸੀਜਿਆ। ਅੰਤਰਿ: ਮਨ-ਹਿਰਦੇ ਵਿੱਚ। ਪ੍ਰੇਮੁ ਰਤੰਨਾ:
ਪ੍ਰਭੂ-ਰੰਗ ਵਿੱਚ ਰੰਗਿਆ। ਪਰਮੁ ਤਤੁ: ਪੰਜ ਤੱਤਾਂ ਦਾ ਮੂਲ, ਪਾਰਬ੍ਰਹਮ, ਅਕਾਲ ਪੁਰਖ।
ਵੀਚਾਰੋ: ਬਿਬੇਕ ਨਾਲ ਜਾਣੋ। ਜੰਤ ਭੇਖ ਦਾਤਾ: ਜੀਵਾਂ ਨੂੰ ਦਾਤਾਂ ਦੇਣ ਵਾਲਾ।
ਸਿਰਿ ਸਿਰਿ: ਹਰ ਇੱਕ ਜੀਵ ਨੂੰ। ਜਾਨੁ ਗਿਆਨੀ: ਘਟ ਘਟ ਦੀ ਜਾਣਨ ਵਾਲਾ, ਅੰਤਰਯਾਮੀ।
ਕਾਰਣੁ ਕੀਨਾ: ਜਗਤ ਦਾ ਕਰਤਾ, ਸ੍ਰਿਸ਼ਟੀ ਦਾ ਸਿਰਜਨਹਾਰ, ਕਰਤਾਰ। ਮੋਹਨਿ: ਮਨ ਨੂੰ
ਮੋਹਨ ਵਾਲੇ ਪ੍ਰਭੂ ਨੇ। ੩।
ਭਾਵ ਅਰਥ:- (ਹਿਰਦੇ ਵਿੱਚ ਸਜਨ ਪ੍ਰਭੂ ਦੀ ਆਮਦ ਸਦਕਾ) ਮੇਰਾ
ਆਪਾ (ਤਨ ਤੇ ਮਨ) ਨਾਮ-ਅੰਮ੍ਰਿਤ ਨਾਲ ਭਿੱਜ ਗਿਆ ਹੈ; ਮੇਰਾ ਅੰਤਹਕਰਣ ਪ੍ਰਭੂ-ਰੰਗ ਵਿੱਚ ਰੰਗਿਆ
ਗਿਆ ਹੈ। ਪੰਜ ਤੱਤਾਂ ਦੇ ਮੂਲ ਅਕਾਲ ਪੁਰਖ ਦੀ ਬਿਬੇਕਪੂਰਣ ਬਿਚਾਰ ਕਰਨ ਨਾਲ ਮੇਰੇ ਮਨ ਵਿੱਚ
ਅਧਿਆਤਮ ਗਿਆਨ ਦਾ ਕੀਮਤੀ ਪਦਾਰਥ ਆ ਗਿਆ ਹੈ। (ਹੇ ਪ੍ਰਭੂ!) ਤੂੰ ਜੀਵਾਂ ਦਾ ਇੱਕੋ ਇੱਕ ਸੱਚਾ
ਸਾਰਥਕ ਦਾਤਾ ਹੈਂ ਅਤੇ ਹਰ ਇੱਕ ਜੀਵ ਨੂੰ ਰਿਜਕ (ਦਾਤਾਂ) ਦੇਣ ਵਾਲਾ ਦਾਤਾਰ ਹੈਂ। ਹੇ ਪ੍ਰਭੂ! ਤੂੰ
ਆਪ ਸਰਵਗਿਆਨੀ ਹੈਂ, ਤੂੰ ਅੰਤਰਜਾਮੀ ਹੈਂ ਤੇ ਘਟ ਘਟ ਦੀ ਜਾਣਦਾ ਹੈਂ। ਤੂੰ ਆਪ ਹੀ ਜਗਤ ਦਾ ਕਰਤਾ
ਤੇ ਸ੍ਰਿਸ਼ਟੀ ਦਾ ਸਿਰਜਨਹਾਰ ਹੈਂ। ਮੇਰੇ ਸੰਗੀ-ਸਾਥੀਓ! ਮਨ ਨੂੰ ਮੋਹ ਲੈਣ ਵਾਲੇ ਪ੍ਰਭੂ ਨੇ ਮੇਰਾ
ਮਨ ਆਪਣੇ ਵੱਸ ਵਿੱਚ ਕਰ ਲਿਆ ਹੈ ਅਤੇ ਮੇਰਾ ਆਪਾ (ਮਨ ਤੇ ਤਨ) ਉਸ ਦੇ ਨਾਮ-ਅੰਮ੍ਰਿਤ ਨਾਲ ਭਿੱਜ
ਗਿਆ ਹੈ। ੩।
ਆਤਮ ਰਾਮੁ ਸੰਸਾਰਾ॥ ਸਾਚਾ ਖੇਲੁ ਤੁਮਾੑਰਾ॥
ਸਚੁ ਖੇਲੁ ਤੁਮਾੑਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ॥
ਸਿਧ ਸਾਧਿਕ ਸਿਆਣੇ ਕੇਤੇ ਤੁਝ ਬਿਨੁ ਕਵਣੁ ਕਹਾਏ॥
ਕਾਲੁ ਬਿਕਾਲੁ ਭਏ ਦੇਵਾਨੇ ਮਨੁ ਰਾਖਿਆ ਗੁਰਿ ਠਾਏ॥
ਨਾਨਕ ਅਵਗਣ ਸਬਦਿ ਜਲਾਏ ਗੁਣ ਸੰਗਮਿ ਪ੍ਰਭੁ ਪਾਏ॥ ੪॥ ਰਾਗੁ ਸੂਹੀ ਛੰਤ ਮ:
੧
ਸ਼ਬਦ ਅਰਥ:- ਆਤਮ ਰਾਮੁ ਸੰਸਾਰਾ: ਸਰਬ ਵਿਆਪਕ ਅਕਾਲ ਪੁਰਖ। ਸਾਚਾ:
ਸੱਚ ਰੂਪ ਪਰਮਾਤਮਾ। ਅਗਮ: ਜੋ ਜਾਂਦਾ ਨਹੀਂ, ਸਦਾ ਸਥਿਰ ਅਕਾਲ ਪੁਰਖ।
ਅਪਾਰਾ: ਜਿਸ ਦਾ ਪਾਰ (ਹੱਦ-ਬੰਨਾ) ਨਹੀਂ, ਅਸੀਮ। ਬੁਝਾਏ: ਆਤਮ-ਗਿਆਨ ਦਿੰਦਾ ਹੈ।
ਸਿਧ: ਮਨ ਨੂੰ ਸਾਧ ਕੇ ਵਿਕਾਰੀ ਰੁਚੀਆਂ ਤੋਂ ਮੁਕਤ ਹੋਇਆ ਵਿਅਕਤੀ। ਸਾਧਕ: (ਹਰਿਨਾਮ)
ਅਭਿਆਸੀ। ਕੇਤੇ: ਕਿਤਨੇ ਕੁ! , ਅਣਗਿਣਤ। ਕਾਲੁ: ਜਨਮ। ਬਿਕਾਲੁ: ਮੌਤ।
ਦੇਵਾਨੇ: ਇਸ਼ਕ ਹਕੀਕੀ (ਪ੍ਰਭੂ-ਪ੍ਰੇਮ) ਵਿੱਚ ਮਸਤ, ਸਿਰੜੀ। ਗੁਰਿ ਠਾਏ: ਗੁਰੂ ਦੇ
ਸਥਾਨ/ਦਰ `ਤੇ। ਅਵਗੁਣ: ਬੁਰੇ ਗੁਣ, ਪਾਪ, ਵਿਕਾਰ। ਸਬਦਿ: ਪ੍ਰਭੂ ਦਾ ਨਾਮ,
ਗੁਰ-ਸਿੱਖਿਆ। ਸੰਗਮਿ: ਮੇਲ-ਮਿਲਾਪ, ਪਤੀ-ਪਤਨੀ ਦੇ ਮਿਲਾਪ ਵਿੱਚ। ੪।
ਭਾਵ ਅਰਥ:- (ਹੇ ਸਿਰਜਨਹਾਰ ਪ੍ਰਭੂ!) ਤੂੰ ਸੰਸਾਰ ਦੇ ਕਣ ਕਣ ਵਿੱਚ
ਰਮਿਆ ਹੋਇਆ ਹੈਂ। ਹੇ ਸਦਾ ਸਥਿਰ ਤੇ ਅਸੀਮ ਅਕਾਲ ਪੁਰਖ! ਇਹ ਸ੍ਰਿਸ਼ਟੀ ਤੇਰੀ ਹੀ ਸਿਰਜੀ ਹੋਈ ਇੱਕ
ਖੇਡ ਹੈ। ਇਹ ਦੈਵੀ ਸੱਚ ਤੈਥੋਂ ਬਿਨਾਂ ਹੋਰ ਕੋਈ ਨਹੀਂ ਸਮਝਾ ਸਕਦਾ। ਹੇ ਪ੍ਰਭੂ! ਸੰਸਾਰ ਵਿੱਚ ਮਨ
ਨੂੰ ਸਾਧ ਕੇ ਵਿਕਾਰੀ ਰੁਚੀਆਂ ਉੱਤੇ ਕਾਬੂ ਪਾਉਣ ਵਾਲੇ, ਨਾਮ ਅਭਿਆਸ ਕਰਨ ਵਾਲੇ ਅਤੇ ਆਤਮ-ਗਿਆਨ
ਵਾਲੇ ਕਿਤਨੇ ਹੀ ਲੋਕ ਹਨ; ਹੇ ਪ੍ਰਭੂ! ਇੱਕ ਤੂੰ ਹੀ ਹੈਂ ਜੋ ਇਨ੍ਹਾਂ ਲੋਕਾਂ ਤੋਂ ਇਹ ਅਧਿਆਤਮਿਕ
ਅਭਿਆਸ ਕਰਾਉਂਦਾ ਹੈਂ; ਹੋਰ ਕੋਈ ਨਹੀਂ ਹੋ ਸਕਦਾ। ਜਿਨ੍ਹਾਂ ਸੁਭਾਗਿਆਂ ਨੇ ਗਿਆਨ-ਗੁਰੂ ਦੀ ਸੰਗਤ
ਕੀਤੀ ਹੈ, ਉਨ੍ਹਾਂ ਨੇ
ਪ੍ਰਭੂ ਨਾਲ ਪ੍ਰੇਮ ਵੀ ਸਿਰੜਤਾ ਨਾਲ ਕੀਤਾ ਹੈ। ਇਸ ਸਿਰੜਤਾ ਕਾਰਣ ਉਨ੍ਹਾਂ
ਦਾ ਜਨਮ-ਮਰਨ ਦਾ ਚੱਕਰ ਖ਼ਤਮ ਹੋ ਗਿਆ ਹੈ। ਹੇ ਨਾਨਕ! ਜਿਨ੍ਹਾਂ ਨੇ ਗੁਰੁ-ਸਿੱਖਿਆ `ਤੇ ਚਲਦਿਆਂ
ਨਾਮ-ਸਿਮਰਨ ਨਾਲ ਮਨ ਅੰਦਰੋਂ ਪਾਪ-ਵਿਕਾਰਾਂ ਨੂੰ ਜਲਾ ਕੇ ਸਦਗੁਣਾਂ ਨਾਲ ਸਾਂਝ ਪਾ ਲਈ ਹੈ, ਉਨ੍ਹਾਂ
ਨੇ ਪ੍ਰਭੂ ਦਾ ਸੱਚਾ ਸਾਥ ਪ੍ਰਾਪਤ ਕਰ ਲਿਆ ਹੈ। ੪।
ਪਾਠਕ ਸੱਜਨੋਂ! ਵੇਖਣ ਵਿੱਚ ਇਹੀ ਆਉਂਦਾ ਹੈ ਕਿ ਉਪਰ ਵਿਚਾਰਿਆ ਸ਼ਬਦ ਸਿਰਫ਼
ਤੇ ਸਿਰਫ਼ ਸੰਸਾਰਕ ਵਿਆਹ ਨਾਲ ਸੰਬੰਧਿਤ ਬਰਾਤ ਦੇ ਸਵਾਗਤ ਅਤੇ ਜਾਞੀਆਂ ਤੇ ਮਾਞੀਆਂ ਦੀ ਆਪਸੀ ਮਿਲਣੀ
ਦੀ ਰਸਮ ਵੇਲੇ ਹੀ ਗਾਇਆ ਜਾਂਦਾ ਹੈ।
ਜਦ ਕਿ, ਸ਼ਬਦ ਦੀ ਵਿਆਖਿਆ ਤੋਂ ਤਾਂ ਇਹ
ਭਲੀ ਭਾਂਤ ਸਪਸ਼ਟ ਹੈ ਕਿ
ਬਰਾਤ ਦੇ ਸਵਾਗਤ ਦੀ ਸੰਸਾਰਕ ਰਸਮ ਨਾਲ
ਇਸ ਸਿੱਧਾਂਤਕ ਸ਼ਬਦ ਦਾ ਉੱਕਾ ਹੀ ਕੋਈ ਸੰਬੰਧ ਨਹੀਂ ਹੈ!
ਫਿਰ ਵੀ, ਵਿਆਹ ਮੌਕੇ
ਬਰਾਤੀਆਂ ਦੇ ‘ਨਿੱਘੇ’ ਸਵਾਗਤ ਵਾਸਤੇ ਅਰਸ਼ੀ ਮੰਡਲ
ਦਾ ਇਹ ਅਧਿਆਤਮਿਕ ਸ਼ਬਦ ਉੱਚੀ ਹੇਕ ਲਾ ਲਾ ਕੇ ਬੜੇ ਜੋਸ਼-ਖ਼ਰੋਸ਼ ਨਾਲ
ਕੁੱਝ ਇਸ ਤਰ੍ਹਾਂ ਗਾਇਆ ਜਾਂਦਾ ਹੈ:
ਹਮ ਘਰਿ ਸਾਜਨ ਆਏ॥
ਪਿਆਰਿਆ…
ਹਮ ਘਰਿ ਸਾਜਨ ਆਏ॥ ਹਮ ਘਰਿ ਸਾਜਨ ਆਏ॥
ਪਿਆਰਿਆ…
ਹਮ ਘਰਿ ਸਾਜਨ ਆਏ॥ ……।
ਸ਼ਬਦ ਦਾ ਗਾਇਣ ਕਰਨ ਸਮੇਂ ਗੁਰਬਾਣੀ ਦੀ ਪਵਿੱਤਰ ਤੁਕ ਨਾਲ ਵਾਧੂ ਦਾ
‘ਪਿਆਰਿਆ’ ਪਦ ਜੋੜਣਾ ਕੀ ਗੁਰਬਾਣੀ ਦਾ ਅਪਮਾਨ ਨਹੀਂ? ਅਤੇ ਦੂਜਾ, ਉਪਰੋਕਤ ਤੁਕ/ਸ਼ਬਦ ਵਿੱਚ
ਸਾਜਨ
ਦਾ ਅਰਥ ਹੈ:
ਪਾਲਣਹਾਰ ਪ੍ਰਭੂ ਜੋ ਸਾਰੇ
ਜੀਵਾਂ ਦਾ ਸੱਚਾ ਮਿੱਤਰ-ਸਨੇਹੀ ਹੈ। ਸੋ,
ਪਾਲਣਹਾਰ ਪ੍ਰਭੂ, ਜੋ ਸਾਰੇ ਜੀਵਾਂ ਦਾ ਸੱਚਾ ਮਿੱਤਰ-ਸਨੇਹੀ ਹੈ, ਪ੍ਰਤਿ ਸ਼੍ਰੱਧਾ ਵਜੋਂ ਰਚੀ ਗਈ ਇਸ
ਪਵਿੱਤ੍ਰ ਤੁਕ/ਸ਼ਬਦ ਦਾ ਸੰਸਾਰੀਆਂ ਦੀ ਜੰਞ ਦੇ ਸਵਾਗਤ ਲਈ ਗਾਇਣ ਕਰਨਾ, ਬਿਨਾ ਸ਼ੱਕ, ਸੁਧੀ ਮੱਕਾਰੀ,
ਮੂੜ੍ਹਤਾ ਤੇ ਮਨਮਤਿ ਹੈ। ਇੱਕ ਹੋਰ ਤੱਥ: ਆਮ ਤੌਰ `ਤੇ, ਬਰਾਤੀਏ (ਕਈ ਵਾਰੀ ਲਾੜਾ ਵੀ) ਦਾਰੂ
ਦੇ ਨਸ਼ੇ ਵਿੱਚ ਟੁੰਨ ਲੜਖੜਾਉਂਦੇ ਹੋਏ ਆਉਂਦੇ ਹਨ। ਨਸ਼ੇ ਦੇ ਅਸਰ ਹੇਠ ਹੋਸ਼-ਹਵਾਸ ਗਵਾ ਚੁੱਕੇ ਹਉਮੈਂ
ਨਾਲ ਕਿਰਲਿਆਂ ਦੀ ਤਰ੍ਹਾਂ ਧੌਣਾਂ ਅਕੜਾਈ ਆਉਂਦੇ ਬਰਾਤੀਆਂ ਦੇ ਸਵਾਗਤ ਨਾਲ ਅਰਸ਼ੀ ਬਾਣੀ ਦੀ ਇਸ
ਸਿੱਧਾਂਤਕ ਤੁਕ/ਛੰਤ,
ਹਮ ਘਰਿ ਸਾਜਨ ਆਏ॥ ਸਾਚੈ ਮੇਲਿ ਮਿਲਾਏ॥ ……
ਦਾ ਕੀ ਸੰਬੰਧ ਹੈ? ਜੇ ਕੋਈ ਸੰਬੰਧ ਨਹੀਂ ਤਾਂ, ਨਿਰਸੰਦੇਹ, ਇਹ ਘਿਨਾਉਣਾ ਚਲਿੱਤਰ ਗੁਰਬਾਣੀ ਤੇ
ਗੁਰੂ ਦੀ ਘੋਰ ਬੇਅਦਬੀ ਹੈ! ਅਤੇ, ਇਹ ਘੋਰ ਬੇਅਦਬੀ ਕੋਈ ਹੋਰ ਨਹੀਂ ਸਗੋਂ ਗੁਰੂ ਦਾ ਵਜ਼ੀਰ ਸਦੀਂਦਾ
ਮਾਇਆ ਮੂਠਾ ਕਰਮਾਕਾਰੀ (ਕਰਮਕਾਂਡੀ) ਪੁਜਾਰੀ ਲਾਣਾ (ਅਰਦਾਸੀਏ, ਭਾਈ, ਗ੍ਰੰਥੀ, ਰਾਗੀ ਤੇ
ਜਥੇਦਾਰ……ਆਦਿ) ਹੀ ਕਰ ਰਿਹਾ ਹੈ!
ਗੁਰਇੰਦਰ ਸਿੰਘ ਪਾਲ
ਜੁਲਾਈ 8, 2018.