ਸ਼ਬਦ ਦੀ ਵਿਚਾਰ ਤੋਂ ਉਲਟ ਤੁਰਦਿਆਂ ਅੱਖਾਂ ਬੰਦ ਕਰਕੇ ਨਾਮ ਜੱਪਣ, ਮਾਲ਼ਾ
ਘਮਾਉਣੀਆਂ, ਚਲੀਹੇ ਕੱਟਣੇ ਸੰਪਟ ਪਾਠ ਕਰਨੇ ਆਦ ਸਾਰੇ ਬਿੱਪਰੀ ਕਰਮਾਂ ਨੂੰ ਸਿੱਖੀ ਦਾ ਅਨਿੱਖੜਵਾਂ
ਅੰਗ ਬਣਾ ਦਿੱਤਾ ਹੈ। ਅੰਨ੍ਹੀ ਅਧਿਆਤਮਿਕਤਾ ਦੇ ਨਾਂ `ਤੇ ਕੌਮ ਵਿੱਚ ਵਿਹਲੜ ਸਾਧ ਪੈਦਾ ਹੋ ਗਏ ਹਨ।
ਖਾਲਸਾ ਪੰਥ ਨਹੀਂ ਰਹਿਣ ਦਿੱਤਾ ਬਣਾ ਧਰਿਆ ਸੰਤ ਸਮਾਜ
ਗੁਰਮਤਿ ਦੇ ਨਾਂ `ਤੇ ਜਿਹੜਾ ਸਾਹਿੱਤ ਪੈਦਾ ਕੀਤਾ ਗਿਆ ਹੈ ਉਸ ਰਾਂਹੀ ਗੁਰੂ
ਸਿਧਾਂਤ ਨੂੰ ਪੂਰਾ ਖੋਰਾ ਲਗਾਇਆ ਗਿਆ ਹੈ। ਜਿਸ ਤਰ੍ਹਾਂ ਸਰੋਵਰਾਂ ਦੇ ਸਭਿਆਚਾਰ ਨੂੰ ਨਾ ਸਮਝਣ
ਕਰਕੇ ਕੇਵਲ ਇਸ਼ਨਾਨ ਤੱਕ ਸੀਮਤ ਕਰਕੇ ਰੋਗ ਦੂਰ ਕਰਨੇ, ਗੁਰੂ ਸਾਹਿਬ ਨੂੰ ਲਵ-ਕੁਸ਼ ਦੀ ਸੰਤਾਨ
ਦੱਸਣਾ, ਰੀਠੇ ਮਿੱਠੇ ਕਰਨੇ, ਕੇਸਾਂ ਨੂੰ ਲੋਹੇ ਦੀਆਂ ਤਾਰਾਂ ਸਾਬਤ ਕਰਨਾ, ਭੋਰਿਆਂ ਦੀ ਬੰਦਗੀ ਨੂੰ
ਤਰਜੀਹ ਦੇਣੀ, ਸ਼ਬਦ ਸਿਧਾਂਤ ਤੋਂ ਉਲਟ ਚਲਦਿਆਂ ਬਾਬਾ ਬੁੱਢਾ ਜੀ ਵਲੋਂ ਵਰ ਦੇਣਾ, ਸੁਮੰਦਰ ਵਿਚੋਂ
ਬੇੜੇ ਨੂੰ ਮੋਢਾ ਦੇਣਾ ਆਦਿ ਏਦਾਂ ਦੀਆਂ ਸਾਖੀਆਂ ਸੁਣਾਉਣ ਵਾਲਿਆਂ ਨੇ ਖਾਲਸਾ ਪੰਥ ਵਿੱਚ ਭੁਲੇਖਾ
ਪਉਣ ਲਈ ਸੰਤ ਸਮਾਜ ਦੀ ਨਵੀਂ ਜੱਥੇਬੰਦੀ ਬਣਾ ਲਈ ਹੈ। ਸੰਤ ਸਮਾਜ ਦੀ ਬਾਹਰਲੀ ਦਿੱਖ ਵੀ ਖਾਲਸਾ ਪੰਥ
ਵਿੱਚ ਓਪਰੀ ਲਗਦੀ ਹੈ। ਸੰਤ ਸਮਾਜ ਨੇ ਗੈਰ ਕੁਦਰਤੀ ਵਿਚਾਰਾਂ ਨੂੰ ਸਿੱਖ ਸਿਧਾਂਤ ਬਣਾ ਕੇ ਪੇਸ਼
ਕੀਤਾ ਗਿਆ ਹੈ। ਬਚਿੱਤ੍ਰ ਨਾਟਕ ਵਰਗੇ ਗ੍ਰੰਥਾਂ ਨੂੰ ਸੰਤ ਸਮਾਜ ਹੀ ਤਰਜੀਹ ਦੇ ਰਿਹਾ ਹੈ। ਗੁਰੂ
ਨਾਨਕ ਸਾਹਿਬ ਜੀ ਨੇ ਆਤਮਕ ਸੂਝ ਵਾਲਾ ਗਿਆਨ ਦਿੱਤਾ ਹੈ ਜਿਸ ਨਾਲ ਸਚਿਆਰ ਮਨੁੱਖ ਦੀ ਅਤੇ ਸੁਲਝੇ
ਹੋਏ ਸਮਾਜ ਦੀ ਨਿਰਮਾਣਤਾ ਪ੍ਰਗਟ ਹੁੰਦੀ ਹੈ। ਥੱੋੜੇ ਸਮੇਂ ਵਿੱਚ ਰੰਗ-ਬ-ਰੰਗੀਆਂ ਮਰਯਾਦਾਵਾਂ ਵਾਲਾ
ਇੱਕ ਧੜਾ ਕਾਇਮ ਹੋ ਗਿਆ ਹੈ ਜਿਹੜਾ ਆਪਣੇ ਆਪ ਨੂੰ ਸਿੱਖ ਕੌਮ ਦੀ ਰਾਹ ਨੁਮਾਈ ਕਰਦਾ ਹੋਇਆ ਪ੍ਰਤੱਖ
ਦਿਸਣ ਲੱਗ ਪਿਆ। ਸੰਤ ਸਮਾਜ ਸਿੱਖੀ ਦੇ ਵਿਹੜੇ ਵਿੱਚ ਉਹ ਜੱਥੇਬੰਦੀ ਕਾਇਮ ਹੋ ਗਈ ਹੈ ਜਿਹੜੀ
ਗੁਰਮਤਿ ਦੇ ਸਹੀ ਰਾਹ ਨੂੰ ਛੱਡ ਕੇ ਨਾਨਕਈ ਫਲਸਫੇ ਨੂੰ ਬਿੱਪਰੀ ਸੋਚ ਵਿੱਚ ਪੇਸ਼ ਕਰਨ ਨੂੰ ਆਪਣਾ
ਪਰਮ ਧਰਮ ਸਮਝਦੀ ਹੈ। ਇਹ ਅਧਾਰ ਗੁਰੂ ਗ੍ਰੰਥ ਸਾਹਿਬ ਦਾ ਲੈਂਦੇ ਹਨ ਪਰ ਵਿਆਖਿਆ ਗਰੜ ਪੁਰਾਣ ਦੀ
ਕਰਦੇ ਹਨ।
ਸੰਤ ਸਮਾਜ ਦੇ ਪਿੱਛੇ ਰਹਿ ਕੇ ਕੰਮ ਕਰਨ ਵਾਲੀਆਂ ਤਾਕਤਾਂ ਦੀ ਪਹਿਛਾਣ ਕਰਨ
ਦੀ ਲੋੜ ਹੈ। ਜਿੱਥੇ ਪਹਿਲਾਂ ਸੰਤ ਸਮਾਜ ਹੌਲ਼ੀ ਹੌਲ਼ੀ ਗੁਰਮਤਿ ਗਿਆਨ ਦਾ ਵਿਰੋਧ ਕਰਦਾ ਸੀ ਹੁਣ
ਦੇਸ-ਵਿਦੇਸ ਵਿੱਚ ਧਮਕੀਆਂ ਤੇ ਮਾਰਨ ਮਰਾਉਣ ਵਰਗੀਆਂ ਕੋਝੀਆਂ ਹਰਕਤਾਂ ਤੇ ਉਤਾਰੂ ਹੋ ਗਏ ਹਨ। ਕੀ
ਕਦੇ ਇਹਨਾਂ ਦੇ ਦੀਵਾਨ ਵੀ ਕਿਸੇ ਨੇ ਬੰਦ ਕਰਾਏ ਹਨ? ਪਰ ਇਹ ਗੁਰਮਤਿ ਦਾ ਪਰਚਾਰ ਕਰਨ ਵਾਲੇ ਵੀਰਾਂ
ਦੇ ਦੀਵਾਨਾਂ ਵਿੱਚ ਖਲਲ ਹੀ ਨਹੀਂ ਪਉਂਦੇ ਸਗੋ ਬੰਦ ਕਰਾਉਂਦੇ ਹਨ।
ਸ੍ਰ. ਗੁਰਤੇਜ ਸਿੰਘ ਆਈ ਏ ਐਸ ਦੀ ਟਿੱਪਣੀ ਬੜਾ ਡੂੰਘਾ ਵਿਚਾਰ ਮੰਗਦੀ ਹੈ।
"ਸਰਕਾਰੀ ਹੱਥਕੰਡਿਆਂ ਵਿੱਚ ਪਹਿਲਾ ਕਰਮ ਪੰਥ ਪ੍ਰਸਤ ਆਗੂਆਂ ਨੂੰ ਹਤਾਸ਼-ਨਿਰਾਸ਼ ਕਰਕੇ ਉਹਨਾਂ ਦੇ
ਸਿਆਸੀ ਤਾਣ ਨੂੰ ਖਤਮ ਕਰਕੇ ਪੰਜਾਬ ਦੀ ਸਿਆਸਤ ਵਿਚੋਂ ਮਨਫੀ ਕਰਨਾ, ਏਸ ਲਈ ਬਗਾਵਤ ਦੇ ਝੂਠੇ
ਮੁਕਦਮੇ ਬਣੇ, ਗੁਰਸਿੱਖਾਂ ਨੂੰ ਅੱਤਵਾਦ ਫੈਲਾਉਣ ਦੇ ਦੋਸ਼ ਵਿੱਚ ਜੇਲ੍ਹੀ ਡੱਕਣ ਦੀ ਕਾਰਵਾਈ ਲਗਾਤਾਰ
ਚੱਲਦੀ ਰਹੀ---ਹਾਕਮਾਂ ਦੇ ਨਵੇਂ ਹਿੰਦੂਤਵ ਦੇ ਵਿਚਾਰ ਦਾ ਪ੍ਰਚਾਰ, ਕਈ ਹਰਬੇ ਵਰਤ ਕੇ, ਸ਼੍ਰੋਮਣੀ
ਕਮੇਟੀ ਅਕਾਲ ਤੱਖਤ, ਗ੍ਰੰਥੀਆਂ, ਸੰਤ ਸਮਾਜ ਆਦਿ ਕੋਲੋਂ ਕਰਵਾਇਆ ਗਿਆ। ਹਰ ਪੱਖੋ ਸਿੱਖੀ ਦੇ ਵੱਖਰੇ
ਸੰਕਲਪ ਨੂੰ ਢਾਅ ਲਾਉਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਜੁੱਗੋ ਜੁੱਗ ਅਟੱਲ ਹੋਂਦ ਨੂੰ ਸਮਾਂ ਸੀਮਤ
ਕਰਨ ਦਾ ਭਰਪੂਰ ਯਤਨ ਕੀਤਾ ਗਿਆ ਜਿਸ ਦਾ ਸਿੱਟਾ ਬਰਗਾੜੀ ਘਟਨਾਕ੍ਰਮ ਸੀ"।
ਸੁਹਿਰਦ ਪਰਚਾਰਕਾਂ ਵਲੋਂ ਉਪਰਾਲਾ
ਕਿਸੇ ਵੀ ਸਾਧ ਦੇ ਡੇਰੇ ਦੀ ਆਪਸ ਵਿੱਚ ਕੋਈ ਮਰਯਾਦਾ ਰਲ਼ਦੀ ਨਹੀਂ ਹੈ ਪਰ
ਲੋੜ ਪੈਣ `ਤੇ ਇਹ ਸਾਰੇ ਆਪਸ ਵਿੱਚ ਘਿਓ ਖਿਚੜੀ ਹੋ ਜਾਂਦੇ ਹਨ। ਇਹਨਾਂ ਨੇ ਆਪਣਾ ਦਬ-ਦਬਾ ਬਣਾਉਣ
ਲਈ ਸੰਤ ਸਮਾਜ ਨਾਂ ਦੀ ਵੱਖਰੀ ਜੁੰਡਲ਼ੀ ਤਿਆਰ ਕਰ ਲਈ ਹੈ। ਸੰਤ ਸਮਾਜ ਨੇ ਆਪਣੀ ਪਛਾਣ ਬਣਾਉਂਦਿਆਂ
ਬਣਾਉਂਦਿਆਂ ਸ਼੍ਰੋਮਣੀ ਕਮੇਟੀ ਅਤੇ ਅਕਾਲ ਤੱਖਤ ਨੂੰ ਆਪਣੇ ਪ੍ਰਭਾਵ ਅਧੀਨ ਪੱਕੀ ਤਰ੍ਹਾਂ ਲੈ ਲਿਆ
ਹੈ।
ਪਿੱਛੇ ਜੇਹੇ ਅਕਾਲ ਤੱਖਤ ਦੇ ਜੱਥੇਦਾਰ ਵਲੋਂ ਇਹ ਦਾਬਾ ਮਾਰਿਆ ਗਿਆ ਕਿ
ਗੁਰਮਤਿ ਦਾ ਪਰਚਾਰ ਕਰ ਰਹੇ ਪਚਾਰਕਾਂ ਨੂੰ ਆਪਣੀ ਸੀਮਾ ਵਿੱਚ ਰਹਿਣਾ ਚਾਹੀਦਾ ਹੈ ਤੇ ਪੁਰਾਣੀਆਂ
ਪ੍ਰੰਪਰਾਵਾਂ ਨੂੰ ਨਾ ਤੋੜਿਆ ਜਾਏ। ਕੋਣ ਸਮਝਾਵੇ ਕਿ ਜਿਹੜਾ ਬਚ੍ਰਿਤ ਨਾਟਕ ਦਾ ਗੁਰੂ ਗ੍ਰੰਥ ਦੇ
ਬਰਾਬਰ ਪ੍ਰਕਾਸ਼ ਕਰਦਾ ਹੈ ਉਸ ਨੂੰ ਤੁਸੀਂ ਪੰਥ ਪ੍ਰੇਮੀ ਆਖਦੇ ਹੋ ਤੇ ਜਿਹੜਾ ਇਸ ਨੂੰ ਰੱਦ ਕਰਦਾ ਹੈ
ਉਸ ਨੂੰ ਤੁਸੀਂ ਪੰਥ ਵਿਰੋਧੀ ਆਖਦੇ ਹੋ।
ਜੱਥੇਦਾਰ ਵਲੋਂ ਦਿੱਤਾ ਬਿਆਨ ਸੰਤ ਸਮਾਜ ਵਲੋਂ ਫੈਲਾਏ ਜਾ ਰਹੇ ਅੰਧ-ਵਿਸ਼ਵਾਸ
ਨੂੰ ਬਲ ਦੇਂਦਾ ਹੈ। ਸੰਤ ਸਮਾਜ ਦਾ ਇਕੋ ਮਕਸਦ ਹੈ ਕਿ ਗੁਰਮਤਿ ਦਾ ਪਰਚਾਰ ਕਰ ਰਹੇ ਪ੍ਰਚਾਰਕਾਂ ਦਾ
ਹਰ ਹਰਬਾ ਵਰਤ ਕੇ ਰਾਹ ਰੋਕਿਆ ਜਾਏ ਤਾਂ ਕਿ ਉਹਨਾਂ ਦਾ ਮਨੋਬਲ ਡੇਗਿਆ ਜਾ ਸਕੇ।
ਸੁਹਿਰਦ ਪ੍ਰਚਾਰਕ ਵੀਰਾਂ ਨੇ ਇੱਕ ਯਤਨ ਕਰਕੇ ਗੁਰਮਤਿ ਦਾ ਪ੍ਰਚਾਰ ਕਰ ਰਹੇ
ਅਤੇ ਗੁਰਮਤਿ ਸਾਹਿੱਤ ਲਿਖਣ ਵਾਲੇ ਵਿਦਵਾਨਾਂ ਦੀ ਪਿੱਛਲੇ ਦਿਨੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ
ਲੁਧਿਆਣਾ ਵਿਖੇ ਇੱਕ ਅਹਿਮ ਇਕੱਤ੍ਰਤਾ ਰੱਖੀ ਸੀ। ਇਸ ਇਕੱਤ੍ਰਤਾ ਵਿੱਚ ਪੰਥ ਨੂੰ ਦਰਪੇਸ਼ ਚਨੌਤੀਆਂ
ਸਬੰਧੀ ਖੁਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ।
ਪੰਥ ਵਿੱਚ ਸਭ ਤੋਂ ਵੱਡਾ ਮੁਦਾ ਅੱਜ ਗੁਰੂ ਗ੍ਰੰਥ ਸਾਹਿਬ ਦੀ ਸਿਰਮੋਰਤਾ
ਨੂੰ ਕਾਇਮ ਰੱਖਣ ਦਾ ਬਣਿਆ ਹੋਇਆ ਹੈ। ਉਹ ਕਿਹੜੀਆਂ ਤਾਕਤਾਂ ਹਨ ਜਿਹੜੀਆਂ ਬਚਿੱਤ੍ਰ ਨਾਟਕ ਵਰਗੀ
ਪੋਥੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨ ਵਿੱਚ ਤੁਲੀਆਂ ਹੋਈਆਂ ਹਨ। ਡੇਰਾਵਾਦ ਦੀ
ਪ੍ਰਫੁਲਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ ਨੂੰ ਚਨੌਤੀ ਤਾਂ ਸਾਡੇ ਦੇਖਦਿਆਂ ਦੇਖਦਿਆਂ ਹੀ
ਵੱਧੀ ਹੈ। ਦੁੱਖ ਇਸ ਗੱਲ ਦਾ ਹੈ ਕਿ ਸਾਡੀ ਸ਼੍ਰੋਮਣੀ ਕਮੇਟੀ ਅਤੇ ਧਾਰਮਕ ਆਗੂ ਜੱਥੇਦਾਰ ਸਿੱਖ
ਸਿਧਾਂਤ ਨੂੰ ਕਾਇਮ ਰੱਖਣ ਦੀ ਥਾਂ `ਤੇ ਡੇਰਾਵਾਦੀ (ਸੰਤ ਸਮਾਜ) ਦਾ ਡੱਟ ਕੇ ਪੱਖ ਪੂਰ ਰਹੇ ਹਨ।
ਇਸ ਪਹਿਲੀ ਇਕੱਤ੍ਰਤਾ ਵਿੱਚ ਵਿਦਵਾਨਾਂ ਦੇ ਵਿਚਾਰ
ਡੇਰਾਵਾਦੀ (ਸੰਤ ਸਮਾਜ) ਵਾਲਿਆਂ ਦੀ ਆਪਸ ਵਿੱਚ ਕੋਈ ਮਦ ਨਹੀਂ ਰਲ਼ਦੀ, ਜਿਸ
ਤਰ੍ਹਾਂ ਨਿਹੰਗ ਸਿੰਘ ਬੱਕਰੇ ਝਟਕਾਉਂਦੇ ਹਨ ਜਦ ਕਿ ਟਕਸਾਲ ਵਾਲੇ ਮਾਸ ਦਾ ਨਾਂ ਲੈਣ ਲਈ ਵੀ ਤਿਆਰ
ਨਹੀਂ ਹਨ। ਕੋਈ ਰਾਗ ਮਾਲਾ ਨੂੰ ਬਾਣੀ ਮੰਨਦਾ ਹੈ ਤੇ ਕੋਈ ਰਾਗ ਮਾਲ਼ਾ ਨੂੰ ਬਿਲਕੁਲ ਮੰਨਣ ਲਈ ਤਿਆਰ
ਨਹੀਂ ਹਨ। ਪਰ ਸਿੱਖ ਸਿਧਾਂਤ ਦਾ ਪਰਚਾਰ ਕਰ ਰਹੇ ਵੀਰਾਂ ਦਾ ਵਿਰੋਧ ਕਰਨ ਲਈ ਸ਼੍ਰੋਮਣੀ ਕਮੇਟੀ ਅਤੇ
ਜੱਥੇਦਾਰਾਂ `ਤੇ ਪ੍ਰਭਾਵ ਪਉਣ ਲਈ ਆਪਣੇ ਵਖਰੇਵੇਂ ਭੁੱਲ ਕੇ ਝੱਟ ਇਕੱਠੇ ਹੋ ਜਾਂਦੇ ਹਨ।
ਇਸ ਇਕੱਤ੍ਰਤਾ ਵਿੱਚ ਵੱਖ ਵੱਖ ਵਿਦਵਾਨਾਂ ਨੇ ਆਪੋ ਆਪਣੇ ਬਹੁਤ ਹੀ ਕੀਮਤੀ
ਵਿਚਾਰ ਰੱਖੇ। ਉਸਾਰੂ ਸੁਝਾਅ ਆਏ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦੇ ਬਹੁਤ ਹੀ ਕੀਮਤੀ ਵਿਚਾਰ ਸਨ
ਕਿ ਸੰਤ ਸਮਾਜ ਦੀ ਤਾਕਤ ਪਿੱਛੇ ਹਿੰਦੂਤਵੀ ਤਾਕਤਾਂ ਦੀ ਪਹਿਚਾਨ ਕਰਨੀ ਬਣਦੀ ਹੈ। ਇਹ ਹਿੰਦੂਤਵੀ
ਤਾਕਤਾਂ ਹੀ ਸੂਬਾ ਸਰਕਾਰਾਂ ਦੀਆਂ ਨੀਤੀਆਂ ਤਹਿ ਕਰਦੀਆਂ ਹਨ ਤੇ ਇਹਨਾਂ ਨੀਤੀਆਂ ਤਹਿਤ ਹੀ ਏਦਾਂ ਦੇ
ਸੰਤ ਸਮਾਜ ਪੈਦਾ ਹੁੰਦੇ ਹਨ। ਜਿਹੜੇ ਭੋਰਿਆਂ ਵਿੱਚ ਬੈਠ ਕੇ ਨਾਮ ਜਪਦੇ ਰਹਿਣ, ਅੱਖਾਂ ਮੀਚੀ ਰੱਖਣ,
ਸੰਪਟ ਪਾਠ ਕਰਾਈ ਜਾਣ, ਅਖੰਡ ਪਾਠਾਂ ਦੀਆਂ ਕੋਤਰੀਆਂ ਕਰਵਾਉਣ ਅਤੇ ਧਾਰਮਕ ਆਗੂ ਇਹਨਾਂ ਦੀਆਂ
ਹਾਜ਼ਰੀਆਂ ਭਰਦੇ ਰਹਿਣ ਵਾਲੀ ਪ੍ਰਵਿਰਤੀ ਵਿਚੋਂ ਸਰਕਾਰਾਂ ਨੂੰ ਕੋਈ ਖਤਰਾ ਨਹੀਂ ਹੁੰਦਾ। ਜਦੋਂ ਸਹੀ
ਵਿਚਾਰ ਲੋਕਾਂ ਪਾਸ ਜਾਏਗੀ ਤਾਂ ਸਰਕਾਰਾਂ ਅਤੇ ਧਾਰਮਕ ਪੁਜਾਰੀਆਂ ਨੂੰ ਆਪਣੀ ਗੱਦੀ ਹਿਲਦੀ ਦਿਸਦੀ
ਹੈ।
ਅੱਜ ਸਿੱਖੀ ਦੇ ਸਿਧਾਂਤ ਨੂੰ ਸਭ ਤੋਂ ਵੱਡਾ ਖਤਰਾ ਡੇਰਾਵਾਦੀ ਬਿਰਤੀ ਵਲੋਂ
ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਕਰਨਾ ਹੈ। ਜੇ ਇਹਨਾਂ ਨੂੰ ਸਮਝਾਉਣ ਦਾ
ਯਤਨ ਕੀਤਾ ਜਾਂਦਾ ਹੈ ਤਾਂ ਇਹ ਝੱਟ ਢੁੱਚਰ ਢਾਹ ਦੇਂਦੇ ਹਨ ਕਿ ਦੇਖੋ ਜੀ ਅੱਜ ਇਹ ਬਚਿੱਤ੍ਰ ਨਾਟਕ
ਨੂੰ ਨਹੀਂ ਮੰਨਦੇ ਕਲ੍ਹ ਨੂੰ ਇਹਨਾਂ ਗੁਰਬਾਣੀ ਵੀ ਨਹੀਂ ਮੰਨਣੀ।
ਦੂਸਰੀ ਵਿਚਾਰ ਇਹ ਆਈ ਸੀ ਕਿ ਸਿੱਖ ਰਹਿਤ ਮਰਯਾਦਾ ਇੱਕ ਉਹ ਦਸਤਾਵੇਦ ਹੈ
ਜਿਹੜਾ ਸਾਨੂੰ ਸਮਾਜਕ ਬੰਧਾਨ ਵਿੱਚ ਬੰਨ੍ਹ ਕੇ ਰੱਖਦਾ ਹੈ। ਇਸ ਵਿੱਚ ਵੀ ਕੁੱਝ ਮੱਦਾ ਐਸੀਆਂ ਵੀ ਹਨ
ਜਿਹੜੀਆਂ ਗੁਰਬਾਣੀ ਸਿਧਾਂਤ ਦੇ ਅਨੁਕੂਲ ਨਹੀਂ ਹਨ ਪਰ ਇਹ ਵਿਧੀ-ਵਿਧਾਨ ਦੁਆਰਾ ਹੀ ਠੀਕ ਕੀਤੀਆਂ ਜਾ
ਸਕਦੀਆਂ ਹਨ। ਇਸ ਦੇ ਉਲਟ ਡੇਰਾਵਾਦੀ (ਸੰਤ ਸਮਾਜ) ਸਿੱਖਾਂ ਦੀ ਸਾਰੀ ਦੀ ਸਾਰੀ ਮਰਯਾਦਾ ਬਦਲ ਕੇ
ਸਨਾਤਨੀ ਮਤ ਵਾਲੀ ਲਿਆਉਣੀ ਚਾਹੁੰਦਾ ਹੈ ਜਦ ਕਿ ਇਹਨਾਂ ਦੀ ਆਪਸ ਕੋਈ ਮਰਯਾਦਾ ਰਲ਼ਦੀ ਹੀ ਨਹੀਂ ਹੈ।
ਡੇਰਾਵਾਦ ਵਲੋਂ ਸਪੱਸ਼ਟ ਰੂਪ ਵਿੱਚ ਸਰੋਵਰਾਂ ਦੀ ਮਹੱਤਤਾ ਨਾ ਸਮਝਦਿਆਂ
ਹੋਇਆਂ ਸਰੀਰਕ ਇਸ਼ਨਾਨ ਨੂੰ ਤਰਜੀਹ ਦੇਣੀ, ਦਰੱਖਤਾਂ ਦੀ ਪੂਜਾ ਅਤੇ ਭੋਰਿਆਂ ਵਾਲੀ ਤਪੱਸਿਆ ਨੂੰ
ਮਾਨਤਾ ਦੇਣੀ, ਚੌਥੇ ਪੌੜੇ ਵਾਲੀ ਬੋਲੀ ਬੋਲਣੀ, ਕਰਾਮਾਤੀ ਕਹਾਣੀਆਂ ਨੂੰ ਪਹਿਲ ਦੇਣੀ ਆਦ ਵਿਚਾਰਾਂ
ਕਰਦਿਆਂ ਹੋਇਆਂ ਇਹ ਕਹਿਣਾ ਕਿ ਮਿਸ਼ਨਰੀ ਪ੍ਰਚਾਰਕ ਕਿੰਤੂ ਪ੍ਰੰਤੂ ਕਰਦੇ ਹਨ। ਜਦ ਕਿ ਕਿੰਤੂ ਪ੍ਰੰਤੂ
ਤਾਂ ਇਹਨਾਂ ਵਲੋਂ ਹੋ ਰਿਹਾ ਹੈ। ਜ਼ਾਹਰ ਹੈ ਕਿ ਡੇਰੇਵਾਦੀ ਜਿੰਨਾ ਵੀ ਸਾਹਿੱਤ ਲਿਖਿਆ ਗਿਆ ਹੈ ਜਾਂ
ਪ੍ਰਚਾਰਿਆ ਜਾ ਰਿਹਾ ਹੈ ਉਹ ਨਿਰਮਲ ਪੰਥ ਨੂੰ ਢਾਅ ਲਾਉਣ ਵਾਲਾ ਹੈ।
ਇਕ ਹੋਰ ਅਹਿਮ ਵਿਚਾਰ ਕੀਤੀ ਗਈ ਕਿ ਸ਼੍ਰੋਮਣੀ ਕਮੇਟੀ ਅਤੇ ਜੱਥੇਦਾਰ ਸਿਆਸੀ
ਪ੍ਰਭਾਵ ਅਧੀਨ ਹੋ ਕੇ ਕੌਮੀ ਸੋਚ ਗਵਾ ਚੁੱਕੇ ਹਨ। ਜੱਥੇਦਾਰਾਂ ਵਲੋਂ ਡੇਰੇਦਾਰਾਂ ਦਾ ਪੱਖ ਪੂਰਦਿਆਂ
ਇੱਕ ਪਾਸੜ ਫੈਸਲਿਆਂ ਨੂੰ ਰੱਦ ਕੀਤਾ ਜਾਂਦਾ ਹੈ।
ਇਸ ਇਕੱਤ੍ਰਤਾ ਵਿੱਚ ਮੂਲ ਨਾਨਕ ਸ਼ਾਹੀ ੨੦੦੩ ਵਾਲੇ ਕੈਲੰਡਰ ਨੂੰ ਲਾਗੂ ਕਰਨ
ਦਾ ਸਿਰ ਤੋੜ ਯਤਨ ਕਰਨ ਦਾ ਵੀ ਅਹਿਦ ਲਿਆ ਗਿਆ।
ਇਸ ਵਿਚਾਰ ਨਾਲ ਇੱਕਤ੍ਰਤਾ ਸਮਾਪਤ ਹੋਈ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ
ਹੋਰ ਇੱਕਤ੍ਰਤਾ ਕਰਕੇ ਇਹ ਤਹਿ ਕੀਤਾ ਜਾਏਗਾ ਕਿ ਸਿੱਖੀ ਦੇ ਸਿਧਾਂਤਕ ਪ੍ਰਚਾਰ ਨੂੰ ਹੋਰ ਕਿਸ
ਤਰ੍ਹਾਂ ਪ੍ਰਚੰਡ ਕੀਤਾ ਜਾਏ। ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਸਟੇਜ `ਤੇ ਲਿਖਾਰੀਆਂ ਅਤੇ
ਪ੍ਰਚਾਰਕਾਂ ਨੇ ਬੈਠ ਕੇ ਵਿਚਾਰਾਂ ਕੀਤੀਆਂ। ਪਹਿਲੀ ਇੱਕਤ੍ਰਤਾ ਹੋਣ ਕਰਕੇ ਕਈ ਕਈ ਤਰੁੱਟੀਆਂ ਰਹਿ
ਜਾਣੀਆਂ ਸੁਭਾਵਕ ਹਨ।
ਪੰਥਕ ਹੋਂਦ ਦੀ ਸਿਧਾਂਤਿਕ ਵਿਚਾਰਧਾਰਾ ਨੂੰ ਬਚਾਉਣ ਸਿੱਖ ਬੁੱਧੀਜੀਵੀਆਂ
ਨੂੰ ਅੱਗੇ ਆ ਕੇ ਕੌਮ ਦੇ ਭਵਿੱਖਤ ਲਈ ਡਟਣਾ ਚਾਹੀਦਾ ਹੈ।
ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ।
ਘੜੁੱਤ ਛੱਡਣੀ
੧ ਮੁੱਖੀ ਗ੍ਰੰਥੀ ਦਰਬਾਰ ਸਾਹਿਬ ਅੰਮ੍ਰਿਤਸਰ ਵਲੋਂ ਫਰਮਾਣ ਜਾਰੀ ਕੀਤਾ ਗਿਆ
ਕਿ ਮਹਲਾ ਸ਼ਬਦ ਨੂੰ ਮਹੱਲਾ ਪੜ੍ਹਿਆ ਜਾਏ। ਇਸ ਦਾ ਅਰਥ ਹੈ ਕਿ ਸਾਡੇ ਇਹਨਾਂ ਜੱਥੇਦਾਰਾਂ ਨੂੰ
ਗੁਰਬਾਣੀ ਵਿਆਕਰਣ ਬੋਧ ਦੀ ਬੜੀ ਵੱਡੀ ਕਮੀ ਹੈ। ਭਾਈ ਸੁਖਵਿੰਦਰ ਸਿੰਘ ਦਦੇਹਰ ਵਲੋਂ ਕੀਤੀ ਟਿੱਪਣੀ
ਭਾਵ ਪੂਰਤ ਹੈ—ਪੁਜਾਰੀਆਂ ਨੇ ਡੇਰਵਾਦੀਆਂ ਨੂੰ ਖੁਸ਼ ਕਰਨ ਲਈ ਆਪਣੀ ਅਕਲ ਦਾ ਜਨਾਜਾ ਪਹਿਲਾਂ ਦੀ
ਤਰ੍ਹਾਂ ਫਿਰ ਇੱਕ ਵਾਰ ਆਪ ਹੀ ਕੱਢ ਲਿਆ ਹੈ। ਪ੍ਰੋ. ਸਾਹਿਬ ਸਿੰਘ ਜੀ ਅਤੇ ਪ੍ਰਿੰਸੀਪਲ ਹਰਭਜਨ
ਸਿੰਘ ਜੀ ਵਲੋਂ ਕੀਤੀਆਂ ਖੋਜਾਂ ਨੂੰ ਕਦੇ ਵਿਚਾਰਿਆ ਹੀ ਨਹੀਂ ਸਗੋਂ ਇੱਕ ਡੇਰੇ ਦੀ ਸੋਚ ਨੂੰ ਹੀ
ਉਭਾਰਿਆ ਹੈ।
ਸੇਵਾ ਭੋਜ ਯੋਜਨਾ ਵਾਲਾ ਛੁਣਛੁਣਾ
੨ ਲੰਗਰ `ਤੇ ਲੱਗੀ ਜੀ ਐਸ ਟੀ ਭਾਊ ਮੋਦੀ ਵਲੋਂ ਮੁਆਫ਼ ਤਾਂ ਨਹੀਂ ਕੀਤੀ ਗਈ
ਸਗੋਂ ਸਿੱਖ ਸਿਧਾਂਤ ਦੇ ਉਲਟ ਚੱਲਦਿਆਂ ਮੋਦੀ ਵਲੋਂ ਸੇਵਾ ਭੋਜ ਯੋਜਨਾ ਦੇ ਅਧੀਨ ਲਿਆਉਣ ਵਾਲਾ
ਛੁਣਛੁਣਾ ਜ਼ਰੂਰ ਫੜਾ ਦਿੱਤਾ ਹੈ। ਅਕਲ ਦੇ ਅੰਨ੍ਹਿਆਂ ਨੇ ਹਮਾਇਤ ਵਿੱਚ ਦਵਾਸਟ ਬਿਆਨ ਦਾਗਣੇ ਸ਼ੁਰੂ
ਕਰ ਦਿੱਤੇ ਅਸੀਂ ਅਸਮਾਨ ਤੋਂ ਟਾਕੀ ਲਾਹ ਲਿਆਂਦੀ ਹੈ। ਹੁਣ ਬਿਆਨ ਵਾਪਸ ਲਏ ਜਾ ਰਹੇ ਹਨ। ਸਾਡਿਆਂ
ਨੂੰ ਤਾਂ ਇਹ ਵੀ ਇਤਿਹਾਸ ਭੁੱਲ ਗਿਆ ਕਿ ਅਜੇਹੀ ਖੈਰਾਤ ਤਾਂ ਗੁਰੂ ਅਮਰਦਾਸ ਜੀ ਨੇ ਅਕਬਰ ਬਾਦਸ਼ਾਹ
ਦੀ ਠੁਕਰਾਅ ਦਿੱਤੀ ਸੀ ਤੇ ਕਹਿ ਦਿੱਤਾ ਸੀ ਭਾਰਤ ਦੇ ਬਾਦਸ਼ਾਹ ਜੀਓ ਗੁਰੂ ਕਾ ਲੰਗਰ ਸੰਗਤਾਂ ਦੇ ਤਿਲ਼
ਫੁੱਲ ਨਾਲ ਹੀ ਚਲੱਗੇ ਨਾ ਕਿ ਸਰਕਾਰੀ ਖੈਰਾਤ ਨਾਲ।
੩ ਬਾਹਰਲਿਆਂ ਸੂਬਿਆਂ ਵਿੱਚ ਸਿੱਖਾਂ ਦੀ ਜਾਨ ਮਾਲ਼ ਦੀ ਸੁਰੱਖਿਆਂ ਯਕੀਨੀ
ਬਣਾਉਣ ਲਈ ਸ਼੍ਰੋਮਣੀ ਕਮਟੀ ਨੂੰ ਠੋਸ ਨੀਤੀਆਂ ਬਣਾਉਣ ਦੀ ਲੋੜ ਹੈ। ਸ਼ਿਲਾਂਗ ਵਿੱਚ ਸਿੱਖ ਘੱਟ ਗਿਣਤੀ
ਵਿੱਚ ਹੋਣ ਕਰਕੇ ਭੜਕੀ ਮਡ੍ਹੀਰ ਵਲੋਂ ਪੱਥ੍ਰਾਵ ਕਰਨੇ, ਹਮਲੇ ਕਰਨੇ ਆਦਿਕ ਦੀਆਂ ਘਟਨਾਵਾਂ ਨੇ ਸਿੱਖ
ਭਾਈਚਾਰੇ ਲਈ ਕਈ ਸਮੱਸਿਆਵਾਂ ਖੜੀਆਂ ਕੀਤੀਆਂ ਹਨ। ਚਾਹੀਦਾ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਆਪਣੀ
ਪੂਰੀ ਟੀਮ ਨੂੰ ਲੋਕਾਂ ਵਾਸਤੇ ਹੋਂਸਲਾ ਦੇਣ ਲਈ ਲੰਬਾ ਸਮਾਂ ਓੱਥੇ ਰਹਿਣ ਤੇ ਉਹਨਾਂ ਦੀਆਂ
ਸਮੱਸਿਆਵਾਂ ਨੂੰ ਸਮਝਣ ਦਾ ਯਤਨ ਕਰਕੇ ਉਹਨਾਂ ਦਾ ਹੱਲ ਲੱਭਣ।