ਬੁਲਬੁਲਾ,
ਉਪਜੈ: ਪੈਦਾ ਹੋਇਆ।
ਇੱਕ ਬੁਲਬੁਲਾ ਪੈਦਾ ਹੋਇਆ ਉਸਦੀ ਹਵਾ ਨਿਕਲ ਗਈ, ਬੁਲਬੁਲਾ ਖਤਮ ਹੋ ਗਿਆ।
ਜਦੋਂ ਬੁਲਬੁਲਾ ਇਸ ਤਰ੍ਹਾਂ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਸਮਝਾ ਰਹੇ ਹਨ ਕਿ,
ਜਿਵੇਂ ਪਾਣੀ ਦੇ ਬੁਲਬੁਲੇ ਉਠਦੇ ਹਨ, ਇਸ ਤਰ੍ਹਾਂ ਸਾਰੇ ਹਨ। ਬੁਲਬੁਲੇ ਨੂੰ ਵੇਖਕੇ ਅਸੀਂ ਖਿੱਚੇ
ਕਿਉਂ ਜਾਂਦੇ ਹਾਂ?
ਬੱਚੇ ਨੂੰ ਜੇ ਸਾਬਣ ਵਾਲਾ ਪਾਣੀ ਲਿਆ ਦਈਏ ਤਾਂ ਉਹ ਉਸ ਵਿਚ ਹੱਥ ਮਾਰੇਗਾ।
ਬੁਲਬੁਲੇ ਬਣਕੇ ਹੋਰ ਉੱਠਣਗੇ। ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰੇਗਾ। ਉਸ ਵਲ ਖਿੱਚ ਪੈਦਾ ਹੋਵੇਗੀ,
ਇਸਦਾ ਕਾਰਨ ਇਹ ਹੈ ਕਿ ਸੂਰਜ ਦੀ ਕਿਰਨ ਦੇ ਨਾਲ ਉਸ ਵਿਚ ਜਿਹੜੇ ਸੱਤ ਰੰਗੀ ਪੀਂਘ ਨਜ਼ਰ ਆ ਰਹੀ
ਹੁੰਦੀ ਹੈ ਉਨ੍ਹਾਂ ਤੋਂ ਉਹ ਖਿਚਿਆ ਜਾਂਦਾ ਹੈ। ਇਸ ਤੋਂ ਅਸੀਂ ਸਾਰੇ ਹੀ ਮੋਹਿਤ ਹੁੰਦੇ ਹਾਂ ਪਰ
ਇਸਦੇ ਬਾਰੇ ਜੇ ਅਸੀਂ ਇਸ ਸੱਚ ਨੂੰ ਸਮਝ ਲਈਏ ਕਿ ਇਹ ਹੱਥ ਲਾਇਆ ਤੇ ਇਹ ਫੁੱਟ ਗਿਆ। ‘ਕਹਾ
ਬਿਸਾਸਾ ਇਸ ਭਾਂਡੇ ਕਾ ਇਤਨਕੁ ਲਾਗੈ ਠਨਕਾ ॥’ (1253) ਤੇ ਸਾਨੂੰ ਇਸ ਬੁਲਬੁਲੇ ਬਾਰੇ ਇਹ ਸਮਝ
ਆ ਜਾਏਗੀ।
ਇਸ ਸਲੋਕ ਵਿਚ ‘ਜਗ ਰਚਨਾ’ ਹੈ ਆਪਣੇ ਖਿਆਲਾਂ ਦਾ ਬਣਾਇਆ ਜਗ। ਅਸੀਂ
ਕੋਈ ਖਿਆਲ ਬਣਾਉਂਦੇ ਹਾਂ ਦੂਜਾ ਰੱਦ ਕਰ ਦੇਂਦਾ ਹੈ। ਮੈਂ ਸੁਣਕੇ ਹੈਰਾਨ ਰਹਿ ਗਿਆ ਕਿ ਰੂਸ ਵਿਚ
ਸੋਨੇ ਨੂੰ ਕੋਈ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ। ਲੋਕੀ ਸੋਨਾ ਪਾਉਂਦੇ ਹੀ ਨਹੀਂ। ਪਰ ਅੱਜ
ਜਿਹੜੀਆਂ ਬੀਬੀਆਂ ਸੋਨਾ ਖਰੀਦਦੀਆਂ ਹਨ ਉਨ੍ਹਾਂ ਦੇ ਪਤੀ ਜੇ ਕਹਿ ਦੇਣ ਕਿ ਤੈਨੂੰ ਸੋਨੇ ਦਾ ਜ਼ੇਵਰ
ਲੈ ਦਿਆਗਾਂ, ਤਾਂ ਉਹ ਅੱਗੋਂ ਕਹਿੰਦੀਆਂ ਹਨ ਕਿ, ਰਹਿਣ ਦਿਉ, ਅੱਜ ਕਲ ਕੋਈ ਸੋਨੇ ਦੀ ਕੀਮਤ ਹੈ।
ਅੱਜ ਕਲ ਤੇ ਡਾਇਮੰਡ ਹੀ ਚਲਦਾ ਹੈ। ਇਸ ਦਾ ਮਤਲਬ ਸੋਨੇ ਦੀ ਕੀਮਤ ਖਤਮ ਹੋ ਗਈ। ਕਲ ਤਕ ਸੋਨੇ ਦੀ
ਕੀਮਤ ਸੀ, ਅੱਜ ਹੀਰੇ ਦੀ ਹੈ ਉਸ ਮਗਰੋਂ ਪਲੈਟਿਨਮ ਦੀ ਕੀਮਤ ਜ਼ਿਆਦਾ ਹੋ ਜਾਏਗੀ। ਜੋ ਤੂੰ ਸੋਚਦਾ
ਹੈਂ ‘ਉਪਜੈ ਬਿਨਸੈ ਨੀਤ’ ਹੋ ਜਾਂਦਾ ਹੈ। ਇਨ੍ਹਾਂ ਚੀਜ਼ਾਂ ਤੇ ਮਨੁੱਖ ਦੀ ਟੇਕ ਨਹੀਂ ਹੋਣੀ ਚਾਹੀਦੀ।
ਇਹ ਤੇਰੇ ਮਨ ਦਾ ਆਧਾਰ ਨਹੀਂ ਹਨ। ਜੇ ਮਨ ਦਾ ਆਧਾਰ ਨਹੀਂ ਸਮਝਿਆ ਤਾਂ ‘ਜਗ ਰਚਨਾ ਤੈਸੇ ਰਚੀ’ ਸਮਝ
ਨਹੀਂ ਆਏਗਾ ਕਿ ਮੈਂ ਕਿਵੇਂ ਆਪਣੇ ਜਗ ਦੀ ਰਚਨਾ ਕੀਤੀ ਹੋਈ ਹੈ।
ਟੂਕ ਮਾਤਰ ਸਮਝਦੇ ਹਾਂ - ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥ (727) ਮੇਰੀ ਟੇਕ ਤੇਰਾ ਨਾਮ ਹੈ ਭਾਵ ਤੇਰਾ
ਗਿਆਨ ਮੇਰੇ ਮਨ ਦਾ ਆਧਾਰ ਹੈ। ਬਸ! ਇਹੋ ਗਲ ਸਮਝਣੀ ਹੈ। ਸਾਡਾ ਇਹ ਸਰੀਰ ਹੈ ਅਤੇ ਇਸੇ ਸਰੀਰ ਕਰਕੇ
ਸਾਡਾ ਮਨ ਪੈਦਾ ਹੋਇਆ ਹੈ। ਅਸੀਂ ਪਹਿਲਾਂ ਗਲ ਕਰ ਚੁਕੇ ਹਾਂ ਕਿ ਬਿੱਲੀ ਦਾ ਮਨ ਉਸਦੇ ਸਰੀਰ ਦੀਆਂ
ਲੋੜ੍ਹਾਂ ਮੁਤਾਬਕ ਪੈਦਾ ਹੋਵੇਗਾ। ਸੱਪ ਦਾ ਮਨ ਸੱਪ ਦੇ ਸਰੀਰ ਨਾਲ ਹੀ ਪੈਦਾ ਹੋਵੇਗਾ। ਸ਼ੇਰ ਦਾ ਮਨ
ਸ਼ੇਰ ਦੇ ਸਰੀਰ ਨਾਲ ਹੀ ਪੈਦਾ ਹੋਵੇਗਾ। ਇਵੇ ਹੀ ਹਰ ਮਨੁੱਖ ਦੇ ਸਰੀਰ ਦੀਆਂ ਲੋੜ੍ਹਾਂ ਮੁਤਾਬਕ ਉਸਦਾ
ਮਨ ਪੈਦਾ ਹੁੰਦਾ ਹੈ। ਪਿੱਛੋ ਕਿੱਥੋਂ ਨਹੀਂ ਆਉਂਦਾ। ਇੱਥੇ ਹੀ ਪੈਦਾ ਹੁੰਦਾ ਹੈ। ਅਤੇ ਇਹ ਇੱਥੇ ਹੀ
ਮਰ ਜਾਂਦਾ ਹੈ। ਸਰੀਰ ਮਰ ਜਾਂਦਾ ਹੈ ਤਾਂ ਮਨ ਵੀ ਇੱਥੇ ਹੀ ਮਰ ਜਾਂਦਾ ਹੈ। ਇਕ ਪਾਸੇ ਮਨ ਹੈ ਦੂਜੇ
ਪਾਸੇ ਸਰੀਰ ਹੈ। ਇਸ ਸਰੀਰ ਦਾ ਆਧਾਰ ਅਸੀਂ ਬਣਾਇਆ ਹੋਇਆ ਹੈ ਸੋਨਾ, ਜੇਵਰ, ਪੈਸਾ, ਕਾਰ, ਵਹੁਟੀ,
ਬੱਚੇ ਆਦਿ। ਇਹ ਪਾਪ ਨਹੀਂ ਹੈ, ਇਹ ਸਾਰੀਆਂ ਚੀਜ਼ਾਂ ਸਰੀਰ ਦੇ ਨਾਲ ਤੱਲਕ ਰੱਖਦੀਆਂ ਹਨ। ਇਹ ਚੀਜ਼ਾਂ
ਛੱਡਣੀਆਂ ਨਹੀਂ ਹਨ। ਪਰ ਜੇ ਸਾਨੂੰ ਕੋਈ ਕ੍ਰੋਧ ਕਰੇ ਸਾਡੇ ਨਾਲ ਕੋਈ ਛੇੜਖਾਨੀ ਕਰੇ ਸਾਨੂੰ ਜੇ
ਗੁੱਸਾ ਚੜ੍ਹ ਜਾਏ ਤਾਂ ਇਹ ਚੀਜ਼ਾਂ ਕੰਮ ਨਹੀਂ ਆਉਂਦੀਆਂ ਕਿਉਂਕਿ ਗੁੱਸਾ ਤਾਂ ਮਨ ਨੂੰ ਚੜ੍ਹਿਆ ਅਤੇ
ਮਨ ਦਾ ਆਧਾਰ ਕੁਝ ਵੀ ਨਹੀਂ ਹੈ।
ਇੰਜੀਨਿਅਰਿੰਗ ਦੀ ਪੜ੍ਹਾਈ ਕਰਦਿਆਂ ਪੜ੍ਹਿਆ ਸੀ ਕਿ ਜਦੋਂ ਕਿਸੇ ਇਮਾਰਤ ਦੀ
ਨੀਂਵ ਪਾਉਣੀ ਹੋਵੇ ਤਾਂ ਸਭ ਤੋਂ ਪਹਿਲਾਂ ਹੇਠਲੀ ਥਾਂ ਸਾਫ ਕਰਨੀ ਚਾਹੀਦੀ ਹੈ। ਉੱਥੇ ਗੰਦ, ਪੱਥਰ,
ਤੀਲੇ, ਲਕੜ ਆਦਿ ਨਾ ਹੋਵੇ। ਕਿਉਂਕਿ ਇਨ੍ਹਾਂ ਦੇ ਕਾਰਨ ਇਮਾਰਤ ਤਿੜਕ ਜਾਂਦੀ ਹੈ। ਇਸੇ ਤਰ੍ਹਾਂ
ਅਸੀਂ ਆਪਣੇ ਮਨ ਦਾ ਆਧਾਰ ਸੋਨਾ, ਚਾਂਦੀ, ਪੈਸੇ, ਮਾਇਆ ਆਦਿ ਨੂੰ ਬਣਾਇਆ। ਨਤੀਜਨ ਮੇਰੇ ਮਨ ਦੀ
ਇਮਾਰਤ ਢਹਿ ਪੈਂਦੀ ਹੈ। ਮਨ ਨੂੰ ਸਥਿਰ ਰੱਖਣ ਲਈ ਕੇਵਲ ਰੱਬ ਦੇ ਗਿਆਨ ਦਾ ਆਧਾਰ ਹੀ ਦਿੱਤਾ ਜਾ
ਸਕਦਾ ਹੈ। ਜਦੋਂ ਗਿਆਨ ਦਾ ਆਧਾਰ ਦੇ ਦਿੱਤਾ ਤਾਂ ਚੰਗੇ-ਚੰਗੇ ਗੁਣ ਪ੍ਰਾਪਤ ਹੁੰਦੇ ਹਨ। ਕਾਮ,
ਕ੍ਰੋਧ ਆਦਿ ਵਿਕਾਰਾਂ ਨੂੰ ਕਾਬੂ ਕਰਨ ਦਾ ਢੰਗ ਆ ਜਾਂਦਾ ਹੈ। ਇਹ ਵਿਕਾਰ ਮਨ ਨੂੰ ਨਹੀਂ ਸਤਾਉਣਗੇ
ਤੇ ਮਨ ਛਿੱਥਾ ਨਹੀਂ ਪਵੇਗਾ। ਕਿਸੇ ਦਾ ਪਰਾਇਆ ਤਨ ਵੇਖਕੇ ਉਸ ਵਲ ਖਿਚਿਆ ਨਹੀਂ ਜਾਏਗਾ। ਅੱਜ ਸਾਰੀ
ਦੁਨੀਆਂ ਇਨ੍ਹਾਂ ਵਿਕਾਰਾਂ ਕਰਕੇ ਹੀ ਦੁਖੀ ਹੈ ਇਸਦਾ ਕਾਰਨ ਇਹ ਹੈ ਕਿ ਸਾਡੇ ਮਨ ਦਾ ਆਧਾਰ ਸਤਿਗੁਰ
ਦੀ ਮਤ ਨਹੀਂ ਹੈ। ਸਤਿਗੁਰ ਦੀ ਮਤ ਲੈ ਕੇ ਰੱਬੀ ਸੁਨੇਹਾ ਜੇ ਸਾਨੂੰ ਸਮਝ ਆ ਜਾਏ ਤਾਂ ਬਾਹਰਲਾ ਕੁਝ
ਛੱਡਣਾ ਨਹੀਂ ਪੈਂਦਾ, ਛੁੱਟ ਜਾਂਦਾ ਹੈ। ਪਰ ਸਾਨੂੰ ਤੇ ਬਹੁਤ ਜ਼ੋਰ ਦੇਕੇ ਕਿਹਾ ਜਾਂਦਾ ਹੈ ਕਿ
ਤੁਸੀਂ ਸਾਰੇ ਮਾਇਆ ਵਿਚ ਖੱਚਿਤ ਹੋ। ਇਹ ਸਾਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਕਿਵੇਂ ਖੱਚਿਤ ਹਾਂ।
ਪਤਾ ਲੱਗਾ ਕਿ ਮਨ ਦਾ ਆਧਾਰ ਨਹੀਂ ਹੈ। ਬਾਹਰਲਾ ਸਭ ਕੁਝ ਵਰਤਣਾ ਹੈ ਪਰ ਕੇਵਲ ਮਨ ਦਾ ਆਧਾਰ ਜੇ
ਸਤਿਗੁਰ ਦੀ ਮਤ ਨੂੰ ਬਣਾ ਲਿਆ ਤਾਂ ਮਨ ਡਿੱਗੇਗਾ ਨਹੀਂ, ਮਨ ਡੋਲੇਗਾ ਨਹੀਂ। ਮਨ ਸਥਿਰ ਰਹੇਗਾ। ਇਸੇ
ਨੂੰ ਕਹਿੰਦੇ ਹਨ ‘ਤੇਰਾ ਨਾਮੁ ਹੈ ਅਧਾਰਾ’।
ਜੇ ਕੋਈ ਮਨੁੱਖ ਕਹੇ ਕਿ ਬੱਚੇ ਪੜ੍ਹਾਉਣੇ ਹਨ, ਮਾਂ ਕਹੇ ਕਿ ਪਹਿਲਾਂ ਸਵੇਰੇ
ਬੱਚੇ ਨੂੰ ਟੋਰਨਾ ਹੁੰਦਾ ਹੈ, ਫਿਰ ਪਤੀ ਨੂੰ ਟੋਰਨਾ ਹੁੰਦਾ ਹੈ, ਫਿਰ ਘਰਾਂ ਦੇ ਕੰਮ ਕਰਨੇ ਹੁੰਦੇ
ਹਨ, ਸਾਰਾ ਦਿਨ ਤੇ ਕੰਮਾਂ ਵਿਚ ਹੀ ਨਿਕਲ ਗਿਆ ਅਤੇ ਮਨ ਦਾ ਆਧਾਰ ਬਣਾਉਣ ਦਾ ਸਮਾਂ ਹੀ ਨਹੀਂ
ਮਿਲਿਆ। ਹੁਣ ਜਦੋਂ ਬੱਚੇ ਵੱਡੇ ਹੋ ਕੇ ਕਾਲਜ, ਯੂਨਿਵਰਸਟੀ ਚਲੇ ਗਏ। ਉਨ੍ਹਾਂ ਦੇ ਵਿਆਹ ਹੋ ਗਏ।
ਆਪਣੇ ਦੋਸਤਾਂ-ਮਿਤਰਾਂ ਨਾਲ ਘੁੰਮਦੇ ਹਨ, ਆਪਣੇ ਕਮਰੇ ਵਿਚ ਹੀ ਰਹਿੰਦੇ ਹਨ। ਉਸ ਵੇਲੇ ਮਨ ਦਾ ਆਧਾਰ
ਕੋਈ ਨਹੀਂ ਹੈ ਤਾਂ ਕਰਕੇ ਹੀ ਲੋਕੀ ਢਹਿੰਦੀਆਂ ਕਲ੍ਹਾ ਉਦਾਸੀਨਤਾ ਧਾਰਨ ਕਰ ਲੈਂਦੇ ਹਨ।
ਲੱਖਾਂ-ਕਰੋੜਾਂ ਰੁਪਏ ਕਮਾਉਣ ਵਾਲੇ ਕਹਿੰਦੇ ਹਨ ਕਿ ਸਾਡੇ ਕੋਲ ਪੈਸਾ ਬਹੁਤ ਹੈ ਪਰ ਫਿਰ ਵੀ
ਉਦਾਸੀਨਤਾ ਨਹੀਂ ਹਟੀ। ਇਸ ਦਾ ਕਾਰਨ ਸਾਫ ਹੈ ਕਿ ਮਨ ਦਾ ਆਧਾਰ ਸਤਿਗੁਰ ਦੀ ਮਤ ਨੂੰ ਨਹੀਂ ਬਣਾਇਆ।
ਮਨ ਦਾ ਆਧਾਰ ਜੇ ਅਸੀਂ ਸਤਿਗੁਰ ਦੀ ਮਤ ਬਣਾ ਲਈਏ ਤਾਂ ਇਹ ਬਾਹਰਲੀਆਂ ਚੀਜ਼ਾਂ ਵਿਚ ਖੱਚਿਤ ਨਹੀਂ
ਹੁੰਦੇ ਹਾਂ, ਇਨ੍ਹਾਂ ਨੂੰ ਵਰਤਦਿਆਂ ਵੀ ਨਿਰਲੇਪ ਰਹਿੰਦੇ ਹਾਂ। ਕਿਉਂਕਿ ਉਨ੍ਹਾਂ ਦੇ ਮਨ ਦਾ ਆਧਾਰ
ਹੈ। ਇਹ ਦੋ ਚੀਜ਼ਾ ਹਨ ਇਕ ਸਰੀਰ ਤੇ ਦੂਜਾ ਮਨ। ਇਸ ਮਨ ਨੂੰ ਅਸੀਂ ਸਤਿਗੁਰ ਦੀ ਮਤ ਲੈ ਕੇ ਪੰਜ
ਤੱਤਾਂ ਜੈਸੇ ਬੇਅੰਤ ਚੰਗੇ ਗੁਣਾਂ ਦਾ ਅਧਾਰ ਦੇਣਾ ਹੈ।
ਇਹ ਜਿਹੜੀ ਜਗ ਰਚਨਾ ਮੈਂ ਬਾਹਰਲੀ ਰਚੀ ਹੋਈ ਹੈ - ਪਤੀ, ਪਤਨੀ, ਵਹੁਟੀ,
ਬੱਚੇ ਆਦਿ ਇਨ੍ਹਾਂ ਵਿਚ ਮੈਂ ਹਰ ਵੇਲੇ ਖੱਚਿਤ ਰਹਿਕੇ ਮਨ ਦਾ ਆਧਾਰ ਨਹੀਂ ਬਣਾਇਆ ਸਮਾ ਜ਼ਾਇਆ ਕਰ
ਦਿੱਤਾ। ਮਨ ਦਾ ਆਧਾਰ ਬਣਾ ਲੈਣਾ ਕਾਜ ਹੈ।
‘ਕਾਰਜੁ ਸਗਲ ਅਰੰਭਿਓ ਘਰ ਕਾ’ ਲੋਕੀ ਮਕਾਨ ਬਣਾਉਂਦੇ ਰਹਿੰਦੇ ਹਨ ਸਾਰੀ
ਉਮਰ ਪੈਸਾ ਜੋੜ੍ਹ-ਜੋੜ੍ਹਕੇ, ਫਿਰ ਅੰਦਰ ਦੀ ਸਜਾਵਟ ਕਰਦੇ ਰਹਿੰਦੇ ਹਨ। ਵਧੀਆ ਟੀਵੀ, ਵਧੀਆ ਫ੍ਰਿੱਜ
ਲੈਕੇ ਆਉਂਦੇ ਹਨ, ਇਹ ਸਾਰਾ ਤੇ ਮਕਾਨ ਦਾ ਕਾਜ ਚਲ ਰਿਹਾ ਹੈ। ਮਨ ਦਾ ਕਾਰਜ ਤੇ ਹੁਣੇ ਆਰੰਭ ਹੀ
ਨਹੀਂ ਕੀਤਾ। ਜੇ ‘ਅਵਰਿ ਕਾਜ ਤੇਰੈ ਕਿਤੈ ਨ ਕਾਮ’ ਸਮਝ ਆ ਗਿਆ ਤਾਂ ਬਾਹਰਲੇ ਕੰਮ ਤੇ ਕਰਦੇ
ਹੀ ਰਹਾਂਗੇ, ਉਦਾਸੀਨਤਾ ਵਿਚ ਨਹੀਂ ਰਹਾਂਗੇ, ਆਤਮਦਾਹ ਨਹੀਂ ਕਰਾਂਗੇ, ਸਗੋਂ ਆਤਮਕ ਤਲ ਤੇ ਕਾਮਯਾਬੀ
ਵਾਲਾ ਜੀਵਨ ਜੀ ਸਕਾਂਗੇ। ਪਤੀ, ਪਤਨੀ, ਵਹੁਟੀ, ਬੱਚੇ, ਕੰਮ-ਕਾਜ, ਨੌਕਰ-ਚਾਕਰ, ਕੁੜਮਾਚਾਰੀ,
ਸੱਸ-ਸੋਹਰਾ ਤੰਗ ਪਏ ਕਰਨ, ਸਰੀਰ ਨੂੰ ਕਰਨਗੇ। ਮਨ ਦਾ ਆਧਾਰ ਸੱਚ ਹੈ ਤਾਂ ਕੋਈ ਮੁਸੀਬਤ ਨਹੀਂ
ਆਏਗੀ।
ਅਸੀਂ ਪਿਛਲੇ (24 ਨੰਬਰ) ਸਲੋਕ ਰਾਹੀਂ ਸਮਝੇ ਕਿ ਮਨ ਦੀ ਮਾਇਆ ਰੂਪੀ ਸੋਚ
ਕਾਰਨ ਅਸੀਂ ਨਿੱਤ-ਨਿੱਤ ਡੋਲਦੇ ਹਾਂ। ਨਿੱਤ-ਨਿੱਤ ਡੋਲਨ ਦੀ ਕਿਰਿਆ ਪਾਣੀ ਦੇ ਬੁਲਬੁਲੇ ਦੀ ਨਿਆਈ
ਹੁੰਦੀ ਹੈ।
ਮੰਦੇ ਖਿਆਲਾਂ ਰਾਹੀਂ ਪ੍ਰਾਪਤ ਸੁਖ ਤ੍ਰਿਸ਼ਨਾ ਰੂਪੀ ਪਾਣੀ ਦੇ ਉੱਪਰ ਫੋਕੀ
ਹਵਾ ਦੀ ਨਿਆਈ ਹੁੰਦੇ ਹਨ ਜਿਸਦੇ ਸਦਕੇ ਸਦੀਵੀ ਸੁਖ-ਚੈਨ ਨਹੀਂ ਮਿਲਦਾ। ਮਨ ਦੇ ਖਿਆਲਾਂ ਦੀ ਮੰਦੀ
ਰਚਨਾ ਨੂੰ, ਮਾੜੀ ਸੋਚਨੀ ਨੂੰ ਹੀ ‘ਜਗ ਰਚਨਾ ਸਭ ਝੂਠ ਹੈ’ ਕਹਿੰਦੇ ਹਨ। ਮੰਦੇ ਫੁਰਨਿਆਂ
ਨਾਲ ਡੋਲਦਾ, ਬੇਚੈਨ, ਚਿੰਤਾਤੁਰ, ਡਰਪੋਕ, ਖੁਦਗਰਜ਼ ਸੁਭਾ ਦਾ ਆਚਰਣ ਬਣਦਾ ਹੈ। ਪੱਕਾ, ਸਦੀਵੀ,
ਅਡੋਲ, ਅਡਿਗ ਆਚਰਣ ਮਨ ਥਿਰਤਾ ਦੇ ਸਦਕੇ ਹੀ ਬਣਦਾ ਹੈ। ਸਥਿਰ ਅਤੇ ਅਡੋਲ ਮਨ ਬੁਲਬੁਲੇ ਦੀ ਨਿਆਈ
ਬਣਦਾ, ਟੁਟਦਾ ਨਹੀਂ ਅਤੇ ਨਾ ਹੀ ਮਾਨ-ਅਪਮਾਨ, ਸੁਖ-ਦੁਖ-ਭੁੱਖ ਵੇਲੇ ਡੋਲਦਾ ਹੈ।