ਰਹਿਤ ਮਰਯਾਦਾ ਬਨਾਮ ਹੈਲਮਟ
ਸਰਵਜੀਤ ਸਿੰਘ ਸੈਕਰਾਮੈਂਟੋ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦੋ ਪਹੀਆਂ ਵਾਹਣ ਚਲਾਉਣ ਵਾਲੀਆ ਬੀਬੀਆਂ ਲਈ
ਸੁਰੱਖਿਆ ਪੱਖੋਂ ਹੈਲਮਟ ਪਾਉਣਾ ਜਰੂਰੀ ਕਰਾਰ ਦਿੱਤੇ ਜਾਣ ਪਿਛੋਂ ਸਿੱਖ ਸਿਆਸਤ ਵਿੱਚ ਇਕ ਭੁਚਾਲ
ਜੇਹਾ ਆ ਗਿਆ ਹੈ। ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਇਸ ਬਿਆਨ ਨੇ ਕਿ "ਜਦੋਂ ਮੌਤ
ਆਉਣੀ ਹੈ ਤਾਂ ਹੈਲਮਟ ਸਾਨੂੰ ਨਹੀਂ ਬਚਾ ਸਕਦਾ" ਨੇ ਤਾਂ ਇਸ ਚਰਚਾ ਨੂੰ ਸਿਖਰ ਤੇ ਪਹੁੰਚਾ ਦਿੱਤਾ
ਹੈ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਨੇ ਆਪਣੇ ਜਥੇ ਦੀ ਮੀਟਿੰਗ ਕਰਕੇ ਇਕ ਤਰ੍ਹਾਂ ਨਾਲ ਐਲਾਨ
ਹੀ ਕਰ ਦਿੱਤਾ ਹੈ ਕਿ ਸਿੱਖ ਬੀਬੀਆਂ ਹੈਲਮਟ ਨਹੀਂ ਪਾਉਣਗੀਆਂ। ਇਸ ਸਬੰਧੀ ਅਕਾਲ ਤਖਤ ਸਾਹਿਬ ਦੇ
ਮੁੱਖ ਸੇਵਾਦਾਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ। ਅਖ਼ਬਾਰੀ ਖ਼ਬਰਾਂ ਮੁਤਾਬਕ ਮੁੱਖ ਸੇਵਾਦਾਰ ਨੇ
23 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਵਿੱਚ ਇਸ ਸਬੰਧੀ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਦੂਜੇ
ਪਾਸੇ ਇਸਤਰੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਮਿਲਣ ਦਾ ਵੀ ਐਲਾਨ ਕੀਤਾ ਗਿਆ ਹੈ
ਤਾਂ ਜੋ ਇਸ ਫੈਸਲੇ ਨੂੰ ਉਲਟਾਇਆ ਜਾ ਸਕੇ।
ਚੰਡੀਗੜ੍ਹ ਪ੍ਰਸ਼ਾਸਨ ਦਾ ਪੱਖ ਇਹ ਹੈ ਕਿ ਜਿਹੜੀਆਂ ਬੀਬੀਆਂ ਦਸਤਾਰ
ਸਜਾਉਂਦੀਆਂ ਹਨ, ਉਨ੍ਹਾਂ ਉੱਪਰ ਇਹ ਪਾਬੰਦੀ ਲਾਗੂ ਨਹੀਂ ਹੁੰਦੀ। ਸੁਰੱਖਿਆ ਪੱਖੋਂ ਇਹ ਕਾਨੂੰਨ
ਉਨ੍ਹਾਂ ਬੀਬੀਆਂ ਤੇ ਲਾਗੂ ਹੁੰਦਾ ਹੈ ਜੋ ਨੰਗੇ ਸਿਰ, ਦੋ ਪਹੀਆ ਵਾਹਣ ਚਲਾਉਂਦੀਆਂ ਹਨ।
ਚਾਹੀਦਾ ਤਾਂ ਇਹ ਸੀ ਕਿ ਬੀਬੀ
ਜਗੀਰ ਕੌਰ ਬੀਬੀਆਂ ਨੂੰ ਦਸਤਾਰ ਸਜਾਉਣ ਲਈ ਉਤਸ਼ਾਹਿਤ ਕਰਦੀ, ਪਰ ਉਹ ਤਾਂ ਆਪਣੀ ਸਿਆਸਤ ਚਮਕਾਉਣ ਦੇ
ਰਾਹ ਪੈ ਗਈ ਹੈ। ਬੀਬੀ ਜਾਗੀਰ ਕੌਰ ਦਾ
ਮੰਨਣਾ ਹੈ ਕਿ ਸਿੱਖ ਰਹਿਤ ਮਰਯਾਦਾ ਵਿੱਚ ਬੀਬੀਆਂ ਨੂੰ ਦਸਤਾਰ ਸਜਾਉਣ ਜਾਂ ਨਾ ਸਜਾਉਣ ਦੀ ਖੁੱਲ
ਦਿੱਤੀ ਗਈ ਹੈ। ਇਸ ਲਈ ਦਸਤਾਰ ਦੀ ਬਿਨਾਅ ਤੇ, ਦਸਤਾਰ ਨਾ ਸਜਾਉਣ ਵਾਲੀਆਂ ਬੀਬੀਆਂ ਨਾਲ ਵਿਤਕਰਾ
ਨਹੀਂ ਕੀਤਾ ਜਾਂ ਸਕਦਾ। ਇਥੇ ਹੀ ਬਸ ਨਹੀਂ ਬੀਬੀ ਜਗੀਰ ਕੌਰ ਨੇ ਤਾਂ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ,
ਇਹ ਫੈਸਲਾ ਵਾਪਸ ਨਾ ਲੈਣ ਤੇ, ਇਸਤਰੀ ਅਕਾਲੀ ਦਲ ਵੱਲੋਂ ਵਿੱਢੇ ਜਾਣ ਵਾਲੇ ਸੰਘਰਸ਼ ਲਈ ਤਿਆਰ ਰਹਿਣ
ਦੀ ਚੇਤਾਵਨੀ ਵੀ ਦੇ ਦਿੱਤੀ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ, ਹੈਲਮਟ ਜੋ ਖਾਸ ਕਰਕੇ ਦੋ ਪਹੀਆ ਵਾਹਣ
ਚਲਾਉਣ ਵਾਲਿਆਂ ਦੀ ਸੁਰੱਖਿਆ ਲਈ, ਦੁਨੀਆਂ ਭਰ `ਚ ਲਾਜ਼ਮੀ ਹੈ, ਦੇ ਵਿਰੋਧ ਦਾ ਕਾਰਨ ਕੀ ਹੈ? ਸਿੱਖ
ਧਰਮ ਵਿੱਚ ਬਹੁਤ ਸਾਰੀਆਂ ਅਜੇਹੀਆਂ ਰਵਾਇਤਾਂ ਹਨ ਜੋ ਸਮੇਂ ਦੇ ਹਾਕਮਾਂ ਦੇ ਖਿਲਾਫ਼ ਕੀਤੀਆਂ
ਬਗਾਵਤਾਂ ਦੀ ਉਪਜ ਹਨ। ਮਿਸਾਲ ਵੱਜੋਂ, ਘੋੜੇ ਦੀ ਸਵਾਰੀ ਕਰਨ ਦੀ ਮਨਾਹੀ, ਹਥਿਆਰ ਰੱਖਣ ਦੀ ਮਨਾਹੀ,
ਸ਼ਿਕਾਰ ਕਰਨ ਦੀ ਮਨਾਹੀ, ਦਸਤਾਰ ਸਜਾਉਣ ਦੀ ਮਨਾਹੀ ਆਦਿ, ਸਮੇਤ ਦੇਸ਼ ਦੀ ਜਨਤਾ ਤੇ ਅਨੇਕਾਂ
ਪਾਬੰਦੀਆਂ ਲਾਈਆਂ ਹੋਈਆਂ ਸਨ। ਗੁਰੂ ਸਾਹਿਬ ਨੇ ਸਮੇਂ-ਸਮੇਂ ਇਨ੍ਹਾਂ ਪਾਬੰਦੀਆਂ ਦੇ ਵਿਰੋਧ ਵਿੱਚ
ਬਗਾਵਤੀ ਸੁਰਾਂ ਅਪਨਾਉਂਦਿਆਂ ਸਿੱਖਾਂ ਨੂੰ ਘੋੜੇ ਅਤੇ ਸ਼ਸਤਰ ਰੱਖਣ, ਸ਼ਿਕਾਰ ਕਰਨ ਅਤੇ ਦਸਤਾਰ ਸਜਾਉਣ
ਕਰਨ ਦਾ ਹੁਕਮ ਕੀਤਾ। ਸਿੱਖ ਰਹਿਤ ਮਰਯਾਦਾ ਵਿਚ ਦਰਜ ਕੁਰਹਿਤ "ਕੁੱਠਾ ਨਹੀਂ ਖਾਣਾ" ਦਾ ਕਾਰਨ
"ਗੁਰਬਾਣੀ ਪਾਠ ਦਰਪਣ" ਵਿਚ ਇਸ ਤਰ੍ਹਾਂ ਦਰਜ ਹੈ।
"ਕੁੱਠਾ-ਮੁਸਲਮਾਨ ਦੇ ਕਲਮੇ ਵਾਲਾ ਜਿਬ੍ਹਾ ਕੀਤਾ ਮਾਸ ਨਹੀ ਖਾਣਾ
ਚਾਹੀਦਾ…ਮੁਸਲਮਾਨਾਂ ਦੀ ਏਨੀ ਪੋਠੋਹਾਰ ਵਿਚ ਸ਼ਰ੍ਹਾ ਸੀ ਜੇ ਕਿਸੇ ਕੁੱਕੜੀ ਮਰਵਾਉਣੀ ਹੋਵੇ, ਬੱਕਰਾ
ਮਰਵਾਉਣਾ ਹੋਵੇ ਮੁਸਲਮਾਨ ਹਲਾਲ ਕਰਦੇ ਸਨ ਕਲਮਾਂ ਪੜ੍ਹ ਕੇ ਤੇ ਫਿਰ ਉਹ ਖਾਂਦੇ ਸੀ। ਸਤਿਗੁਰੂ
ਸਾਹਿਬ ਮਹਾਰਾਜ ਸਾਹਿਬ ਜੀ ਨੇ ਇਸ ਗੱਲ ਤੋਂ ਬਿਵਰਤਿਜ ਕੀਤਾ ਹੈ। ਸਿੱਖਾਂ ਨੇ ਉਸ ਦਾ ਉਤਰ ਦੇਣ
ਵਾਸਤੇ ਝਟਕਾ ਬਣਾਇਆ ਹੈ"। (ਪੰਨਾ 66) ਇਸ ਲਿਖਤ ਤੋਂ ਸਪੱਸ਼ਟ ਹੈ ਕਿ "ਝਟਕਾ" ਬਗਾਵਤ ਦੀ ਉਪਜ ਹੈ।
ਇਸੇ ਤਰ੍ਹਾਂ ਹੀ ਦੂਜੀਆਂ ਕੌਮਾਂ ਵਿਚ ਕੁਲਾਹ ਜਾਂ ਟੋਪੀ ਦਾ ਰਿਵਾਜ ਸੀ। ਪਰ ਸਿੱਖਾਂ ਨੂੰ ਰੋਜ਼ਾਨਾ
ਦਸਤਾਰ ਸਜਾਉਣ ਦੀ ਹਦਾਇਤ ਸੀ।
ਸਿੱਖ ਰਹਿਤ ਮਰਯਾਦਾ ਵਿਚ ਪਹਿਰਾਵੇ ਸਬੰਧੀ ਸਿਰਫ ਇਹ ਦਰਜ ਹੈ, "ਸਿੱਖ
ਲਈ ਕਛਹਿਰੇ ਅਤੇ ਦਸਤਾਰ ਤੋਂ ਛੁਟ ਪੁਸ਼ਾਕ ਸਬੰਧੀ ਬਾਕੀ ਕੋਈ ਪਾਬੰਦੀ ਨਹੀਂ ਹੈ। ਸਿੱਖ ਇਸਤਰੀ
ਦਸਤਾਰ ਸਜਾਏ ਜਾਂ ਨਾ ਸਜਾਏ, ਦੋਵੇਂ ਠੀਕ ਹਨ"।
ਅੰਮ੍ਰਿਤ ਸੰਸਕਾਰ ਵਿੱਚ ਸ਼ਾਮਿਲ ਹੋਣ ਵਾਲਿਆਂ ਲਈ ਟੋਪੀ ਨਾ ਪਹਿਨਣ ਦੀ
ਹਦਾਇਤ ਜਰੂਰ ਹੈ, "ਅੰਮ੍ਰਿਤ ਛਕਣ ਵਾਲੇ ਹਰੇਕ ਪ੍ਰਾਣੀ ਨੇ ਕੇਸੀਂ ਇਸ਼ਨਾਨ ਕੀਤਾ ਹੋਵੇ ਅਤੇ ਹਰ ਇਕ
ਪੰਜ ਕਕਾਰਾਂ ਦਾ ਧਾਰਨੀ ਹੋਵੇ। ਅਨਮਤ ਦਾ ਕੋਈ ਚਿੰਨ੍ਹ ਨਾ ਹੋਵੇ, ਸਿਰ ਨੰਗਾ ਜਾਂ ਟੋਪੀ ਨਾ ਹੋਵੇ,
ਛੇਦਕ ਗਹਿਣੇ ਨਾ ਹੋਣ"।
ਅਖ਼ਬਾਰੀ ਖ਼ਬਰ ਮੁਤਾਬਕ ਬੀਬੀ ਜਗੀਰ ਕੌਰ ਵੱਲੋਂ ਰਹਿਤ ਮਰਯਾਦਾ ਦਾ ਹਵਾਲਾ
ਦਿੱਤਾ ਗਿਆ ਹੈ, "ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ
ਬੀਬੀਆਂ ਨੂੰ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਹਿਨਣ ਦਾ ਚੰਡੀਗੜ੍ਹ ਪ੍ਰਸ਼ਾਸਨ ਦਾ ਹੁਕਮ ਸਿੱਖ
ਰਹਿਤ ਮਰਯਾਦਾ ਦਾ ਅਪਮਾਨ ਹੈ, ਕਿਉਂਕਿ ਪ੍ਰਵਾਨਤ ਸਿੱਖ ਰਹਿਤ ਮਰਯਾਦਾ 'ਚ ਸਿਰ 'ਤੇ ਟੋਪੀ ਪਾਉਣ ਦੀ
ਮਨਾਹੀ ਹੈ ਤੇ ਅਜਿਹਾ ਕਰਨ ਵਾਲੇ ਸਿੱਖ ਨੂੰ ਤਨਖ਼ਾਹੀਆ ਸਮਝਿਆ ਜਾਂਦਾ ਹੈ"। ਉਹ ਸਿਰਫ ਅੰਮ੍ਰਿਤ
ਛਕਣ ਵੇਲੇ ਟੋਪੀ ਨਾ ਪਾਉਣ ਦੀ ਹਦਾਇਤ ਹੈ ਨਾਕਿ ਦੋ ਪਹੀਆਂ ਵਾਹਣ ਚਲਾਉਣ ਵੇਲੇ ਹੈਲਮਟ ਪਾਉਣ ਦੀ
ਮਨਾਹੀ।
ਭਾਈ ਪ੍ਰਹਿਲਾਦ ਸਿੰਘ ਦੇ ਨਾਮ ਨਾਲ ਜਾਣੇ ਜਾਂਦੇ ਰਹਿਤਨਾਮੇ ਦੀਆਂ ਕੁਝ
ਪੰਗਤੀਆਂ ਜੋ ਅਕਸਰ ਹੀ ਸੁਨਣ ਨੂੰ ਮਿਲਦੀਆਂ ਹਨ, ਅਤੇ ਜਿਨ੍ਹਾਂ ਦਾ ਹਵਾਲਾ ਦੇ ਕੇ ਬੀਬੀ ਜਗੀਰ
ਕੌਰ, ਬੀਬੀਆਂ ਨੂੰ ਹੈਲਮਟ ਨਾ ਪਾਉਣ ਲਈ ਉਕਸਾ ਰਹੀ ਹੈ,
ਹੋਇ ਸਿੱਖ ਟੋਪੀ ਧਰੇ, ਸਾਤ ਜਨਮ ਜਨਮ ਕੁਸ਼ਟੀ ਹੋਇ ਮਰੈ।
ਜੋ ਸਿੱਖ ਗਲ ਮਹਿ ਤਾਗਾ ਮੇਲੈ, ਚੌਪੲਭ ਬਾਜੀ ਗਨਕਾ ਖੇਲੇ।੪।
ਕੀ ਇਸੇ ਰਹਿਤਨਾਮੇ ਦੀਆਂ ਅਗਲੀਆਂ ਪੰਗਤੀਆਂ ਬੀਬੀ ਜਗੀਰ
ਕੌਰ ਨੇ ਨਹੀ ਪੜ੍ਹੀਆਂ?
ਮੀਣਾ ਔਰ ਮਸੰਦੀਆਂ, ਮੋਨਾ ਕੁੜੀ ਜੋ ਮਾਰ।
ਹੋਇ ਸਿੱਖ ਵਰਤਨ ਕਰਹਿ, ਅੰਤ ਕਰੇਗਾ ਖੁਆਰ।੬।
ਕੀ ਇਸੇ ਰਹਿਤਨਾਮੇ ਦੀਆਂ ਅਗਲੀਆਂ ਪੰਗਤੀਆਂ
ਸ਼੍ਰੋਮਣੀ ਕਮੇਟੀ ਤੇ ਲਾਗੂ ਨਹੀਂ ਹੁੰਦੀਆਂ?
ਹੁਕਮ ਦੇਖ ਕਾਰ ਨਹੀਂ ਰਾਖੈ, ਗੋਲਕ ਗੋਪ ਮਿਥਿਆ ਮੁਖ ਭਾਖੈ।
ਕਾਰ ਭੇਟ ਸੁੱਖ ਮੰਨਤ ਚੁਰਾਵੈ, ਐਸਾ ਸਿੱਖ ਗੁਰੂ ਨਹੀ ਭਾਵੇ। ੯।
(ਰਹਿਤਨਾਮੇ, ਪੰਨਾ 65)
ਇਸੇ ਭਾਵ ਦੀ ਇਕ ਹੋਰ ਪੰਗਤੀ ਹੈ, "ਜੋ ਕੇਸਧਾਰੀ ਟੋਪੀ ਰਖੇ ਸੋ ਭੀ
ਤਨਖ਼ਾਹੀਆਂ", ਜੋ ਭਾਈ ਚਉਪਾ ਸਿੰਘ ਛਿੱਬਰ ਦੇ ਨਾਮ ਨਾਲ ਜਾਣੇ ਜਾਂਦੇ ਰਹਿਤਨਾਮੇ ਵਿੱਚ ਦਰਜ
ਹੈ।(ਪੰਨਾ 96) ਉਹ ਤਾਂ ਬੀਬੀ ਜਗੀਰ ਕੌਰ ਸਮੇਤ ਕਈ ਸਿਆਸਤਦਾਨਾਂ ਨੇ ਆਪਣੀ ਸਿਆਸਤ ਚਮਕਾਉਣ ਲਈ
ਵਰਤੀ ਲਈ ਹੈ ਪਰ ਉਸ ਰਹਿਤਨਾਮੇ ਦੀਆਂ ਹੋਰ ਪੰਗਤੀਆਂ ਦਾ ਕੀ ਕੀਤਾ ਜਾਵੇ?
"ਜੋ ਸਿੱਖ ਸਹਿਜਧਾਰੀ ਹੋਇਕੈ ਚਹਿਰੇ ਦੇ ਰੋਮ ਲੁਹਾਏ ਸੋ ਭੀ ਤਨਖ਼ਾਹੀਆ"
ਕੀ ਹੁਣ ਬੀਬੀ ਜਗੀਰ ਕੌਰ ਆਪਣੇ ਸਮੇਤ, ਆਪਣੇ
ਜਥੇ ਦੀਆਂ ਬੀਬੀਆਂ ਨੂੰ, ਇਸ ਪੰਗਤੀ ਤੇ ਅਮਲ ਕਰਦਿਆਂ ਤਨਖ਼ਾਹੀਆ ਕਰਾਰ ਦੇਵੇਗੀ?
"ਜੋ ਸਿੱਖ ਦਾ ਅੱਧਾ ਨਾਉ ਸੱਦੇ, ਸੋ ਤਨਖ਼ਾਹੀਆ"
ਹੁਣ ਬੀਬੀ ਜਗੀਰ ਕੌਰ ਦੇ ਤਕੀਆ ਕਲਾਮ, ਵੇ
ਪੂਰਨਿਆਂ" ਦਾ ਕੀ ਕੀਤਾ ਜਾਵੇ?
"ਜੋ ਕੰਨਯਾ ਮਾਰੇ ਸੋ ਖੂਨੀ ਤਨਖਾਈਆ"
ਪੰਗਤੀ ਬਾਰੇ ਬੀਬੀ ਜਗੀਰ ਕੌਰ ਦੇ ਕੀ ਵਿਚਾਰ
ਹਨ?
"ਕੜਾਹ ਪ੍ਰਸਾਦ ਕਰਕੇ ਤਕੜੀ ਤੋਲੇ, ਸੋ ਤਨਖ਼ਾਹੀਆ"
ਕੀ ਇਹ ਪੰਗਤੀ ਸ਼੍ਰੋਮਣੀ ਕਮੇਟੀ ਉੱਪਰ ਲਾਗੂ ਨਹੀਂ ਹੁੰਦੀ?
"ਸਿਖਣੀ ਹਿਤ ਰਹਿਤ" ਵਿਚ ਦਰਜ ਹੈ, "ਗੁਰੂ ਕੀ ਸਿਖਣੀ ਸਾਧ ਸੰਗਿਤ ਵਿਚ
ਮੱਥਾ ਕਜਿ ਬੈਠੇ" ਕੀ ਇਹ ਪੰਗਤੀ ਰਹਿਤ ਮਰਯਾਦਾ ਦੇ ਅਨੁਸਾਰ ਹੈ? ਸਿੱਖ ਰਹਿਤ ਮਰਯਾਦਾ ਵਿਚ ਤਾਂ ਇਹ
ਦਰਜ ਹੈ, "ਸਿੱਖ ਇਸਤਰੀਆਂ ਲਈ ਪਰਦਾ ਕਰਨਾ ਜਾਂ ਘੁੰਡ ਕਰਨਾ ਉਚਿਤ ਨਹੀਂ"।
"ਗੁਰੂ ਕਾ ਸਿਖ ਹੋਂਦੇ ਬਲ ਧੌੜੀ ਦੇ ਬੋਕੇ ਦਾ ਪਾਣੀ ਨਾ ਪੀਐ"
ਸਵਾਲ ਪੈਦਾ ਹੁੰਦਾ ਹੈ, ਕੀ ਭਾਈ ਘਨਈਆ ਜੀ ਦੀ ਮਸ਼ਕ, ਪਲਾਸਟਿਕ ਦੀ ਸੀ?
"ਬਾਣੀ ਗੁਰਮੁਖੀ ਪੜ੍ਹੇ, ਅਰਬੀ ਫਾਸੀ ਨਾ ਪੜ੍ਹੇ, ਸਿੰਘ ਹੋ ਕਰ ਸ਼ਾਸਤ੍ਰੀ
ਨਾ ਪੜ੍ਹੇ"
ਜਦੋਂ ਕਿ ਸਿੱਖ ਰਹਿਤ ਮਰਯਾਦਾ ਵਿਚ ਦਰਜ ਹੈ ਕਿ "ਸਿੱਖ ਲਈ ਗੁਰਮੁਖੀ
ਵਿੱਦਿਆ ਪੜ੍ਹਨੀ ਜਰੂਰੀ ਹੈ। ਹੋਰ ਵਿੱਦਿਆ ਵੀ ਪੜ੍ਹੇ।
ਅੱਜ ਇਹ ਪ੍ਰਚਾਰ ਕਰਨ ਵਾਲੇ ਕਿ, ਜਿਸ ਬੀਬੀ ਦੇ ਨਾਮ ਨਾਲ ਕੌਰ ਲੱਗਿਆ ਹੋਇਆ
ਹੈ ਉਹ ਸਿੱਖ ਹੈ ਅਤੇ ਹੈਲਮਟ ਨਹੀਂ ਪਾਵੇਗੀ, ਕੀ ਇਹ ਜਾਣਕਾਰੀ ਦੇਣ ਦੀ ਖੇਚਲ ਕਰਨਗੇ ਕਿ ਬੀਬੀ
ਗੁਰਲੀਨ ਕੌਰ ਨੂੰ ਸ਼੍ਰੋਮਣੀ ਕਮੇਟੀ ਨੇ ਆਪਣੇ ਵਿਦਿਅਕ ਅਦਾਰੇ ਵਿਚ ਦਾਖ਼ਲਾ ਦੇਣ ਤੋਂ ਇਨਕਾਰ ਕਿਉਂ
ਕੀਤਾ ਸੀ? ਕੀ ਉਨ੍ਹਾਂ ਸਾਰੀਆਂ ਬੀਬੀਆਂ, ਜਿਨ੍ਹਾਂ ਦੇ ਨਾਮ ਨਾਲ ਕੌਰ ਲਗਦਾ ਹੈ, ਸਿੱਖ ਰਹਿਤ
ਮਰਯਾਦਾ ਅਨੁਸਾਰ ਸਿੱਖ ਹੋਣ ਦੀ ਸ਼ਰਤ ਪੂਰੀ ਕਰਦੀਆਂ ਹਨ? ਕੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ
ਸਾਰੀਆਂ ਬੀਬੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ? ਜੇ ਨਹੀ ਤਾਂ ਕਿਉ ਇਕ ਫ਼ਜ਼ੂਲ ਦੇ ਮੁੱਦੇ ਤੇ
ਸਿਆਸਤ ਕੀਤੀ ਜਾ ਰਹੀ ਹੈ? ਅਖ਼ਬਾਰਾਂ ਵਿੱਚ ਇਕ ਦੂਜੇ ਤੋਂ ਅੱਗੇ ਹੋ ਕੇ ਬਿਆਨ ਲਵਾਉਣ ਵਾਲਿਆਂ
ਵਿੱਚੋਂ, (ਹੁਣ ਇਸ ਦੌੜ ਵਿਚ ਦਲਜੀਤ ਸਿੰਘ ਚੀਮਾ ਵੀ ਸ਼ਾਮਿਲ ਹੋ ਗਿਆ ਹੈ) ਕੀ ਸ਼੍ਰੋਮਣੀ ਕਮੇਟੀ ਜਾਂ
ਅਕਾਲੀ ਦਲ ਦਾ ਨੁਮਾਇੰਦਾ, ਇਹ ਜਾਣਕਾਰੀ ਸਾਂਝੀ ਕਰਨ ਦੀ ਖੇਚਲ ਕਰੇਗਾ ਕਿ ਸਿੱਖਾਂ ਲਈ, ਸੁਰੱਖਿਆ
ਪੱਖੋਂ ਹੈਲਮਟ ਪਾਉਣ ਦੀ ਮਨਾਹੀ ਕਿਸ ਨੇ ਕਦੋਂ ਅਤੇ ਕਿਉਂ ਕੀਤੀ ਸੀ? ਕੀ ਉਦੋਂ, ਬੀਬੀਆਂ ਸਕੂਟਰ
ਚਲਾਉਂਦੀਆਂ ਸਨ? ਹੁਣ ਜਦੋਂ ਬੀਬੀ ਜਗੀਰ ਕੌਰ ਮੰਨਦੀ ਹੈ ਕਿ ਜਦੋਂ
ਮੌਤ ਆਉਣੀ ਹੈ ਤਾਂ ਹੈਲਮਟ ਨੇ ਨਹੀਂ ਰੋਕਣੀ। ਤਾਂ ਕੀ ਸਿਆਸੀ ਅਤੇ ਧਾਰਮਿਕ ਲੀਡਰ ਆਪਣੇ ਸੁਰੱਖਿਆ
ਵਿੱਚ ਲੱਗੇ ਹੋਏ ਕਰਮਚਾਰੀ, ਵਾਪਸ ਕਰਨਗੇ? ਕਿਉਂ ਇਨ੍ਹਾਂ ਨੇ ਆਪਣੀ ਸੁਰੱਖਿਆ ਦੇ ਨਾਮ ਤੇ
ਪੰਜਾਬ ਦੇ ਖਜਾਨੇ ਉਪਰ ਕਰੋੜਾਂ ਦਾ ਬੋਝ ਪਾਇਆ ਹੋਇਆ ਹੈ? ਨਹੀਂ! ਉਹ ਅਜੇਹਾ ਨਹੀਂ ਕਰਨਗੇ। ਇਸੇ
ਨੂੰ ਤਾਂ ਸਿਆਸਤ ਕਹਿੰਦੇ ਹਨ। ਇਨ੍ਹਾਂ ਨੇ ਤਾਂ ਆਪਣੇ ਮੁਫ਼ਾਦ ਖਾਤਰ ਲੋਕਾਂ ਨੂੰ ਭੜਕਾਉਣਾ ਹੈ।
ਲੀਡਰਾਂ ਦੇ ਇਸ ਵਤੀਰੇ ਨੂੰ ਸਮਝਣ ਦੀ ਲੋੜ ਹੈ।
ਪੁਰਾਣੇ ਸਮਿਆਂ ਵਿੱਚ ਫੌਜੀਆਂ ਵੱਲੋਂ ਆਪਣੀ ਸੁਰੱਖਿਆ ਲਈ ਖਾਸ ਪ੍ਰਬੰਧ
ਕੀਤੇ ਜਾਂਦੇ ਸਨ। ਜਿਸ ਨੂੰ ਸੰਜੋਅ, ਬਖਤਰ ਜਾਂ ਕਵਚ ਕਹਿੰਦੇ ਸਨ। ਸਿੱਖ ਸਿਪਾਹੀ ਵੀ ਦਸਤਾਰ ਸਜਾਉਣ
ਵੇਲੇ, ਦਸਤਾਰ ਵਿਚ ਖਾਸ ਤਰ੍ਹਾਂ ਦੇ ਚੱਕਰ ਸਜਾਉਂਦੇ ਸਨ। ਟੋਪੀ ਦੀ ਆੜ ਵਿੱਚ, ਜੋ ਅੱਜ ਫ਼ੈਸ਼ਨ ਲਈ
ਵਰਤੀ ਜਾਂਦੀ ਹੈ, ਸਿਰ ਦੀ ਸੁਰੱਖਿਆ ਲਈ ਵਰਤੇ ਜਾਣ ਵਾਲੇ ਹੈਲਮਟ ਦਾ ਵਿਰੋਧ ਕਰਨਾ, ਧਾਰਮਿਕ ਭਾਵਨਾ
ਨੂੰ ਹੋਛੀ ਸਿਆਸਤ ਲਈ ਭੜਕਾਉਣਾ ਹੀ ਮੰਨਿਆ ਜਾਵੇਗਾ, ਨਾ ਕਿ ਧਰਮ ਦੀ ਸੇਵਾ। ਲੀਡਰਾਂ ਨੂੰ
ਬੇਨਤੀ ਹੈ ਕਿ ਸਿਆਸਤ ਕਰੋ, ਪਰ ਸਮੇਂ ਦੇ ਹਾਣ ਦੀ, ਜਿਸ ਨਾਲ ਕੌਮ ਦਾ ਕੋਈ ਭਲਾ ਹੋਵੇ। ਅੱਜ ਸੰਤ
ਫਤਹਿ ਸਿੰਘ ਦੇ ਵੇਲੇ ਵਾਲੀ ਸਿਆਸਤ ਲਈ ਸਮਾਜ ਵਿਚ ਕੋਈ ਥਾਂ ਨਹੀਂ ਹੈ। "ਸ਼ਾਧ ਸ਼ੰਗਤ ਜੀ, ਪਹਿਲਾ
ਤਾਂ ਕਾਂਗਰਸ ਨੇ ਭਾਖੜੇ, ਸੱਤਲੁਜ ਦਰਿਆ ਨੂੰ ਬੰਨ ਮਾਰ ਕੇ, ਪਾਣੀ `ਚ ਬਿਜਲੀ ਕੱਢ ਲਈ, ਫੇਰ ਨੰਗਲ
ਬੰਨ ਮਾਰ ਲਿਆ ਹੁਣ ਉਥੇ ਪਾਣੀ `ਚ ਖਾਦ ਕੱਢ ਕੇ ਫੋਕਾ ਪਾਣੀ ਨਹਿਰਾਂ ਵਿਚ ਛੱਡ ਦਿੱਤਾ, ਇਸ ਲਈ
ਕਾਂਗਰਸ ਨੂੰ ਵੋਟ ਨਹੀ ਪਾਉਣੀ"। ਸਰੋਤਿਆਂ ਵਿੱਚੋਂ ਇਕ ਸਿੰਘ, "ਬੋਲੇ ਸੋ ਨਿਹਾਲ...."!
"ਰਹਿਤਨਾਮੇ" ਜਿਨ੍ਹਾਂ ਦੀ ਆਪਣੀ ਪ੍ਰਮਾਣਿਕਤਾ ਹੀ ਸ਼ੱਕੀ ਹੈ, ਦਾ ਹਵਾਲਾ ਦੇ
ਕੇ ਦੋ ਪਹੀਆਂ ਵਾਹਣ ਚਾਲਕ ਬੀਬੀਆਂ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣਾ, ਕਿਸੇ ਵੀ ਦਲੀਲ ਨਾਲ ਸਹੀ
ਨਹੀਂ ਠਹਿਰਾਇਆ ਜਾ ਸਕਦਾ। ਬੀਬੀਆਂ ਨੂੰ ਵੀ ਬੇਨਤੀ ਹੈ ਕਿ ਆਪਣੀ ਸੁਰੱਖਿਆ ਨੂੰ ਮੁੱਖ ਰੱਖਦਿਆਂ
ਦਸਤਾਰ ਸਜਾਉਣ, ਨਹੀਂ ਤਾਂ ਹੈਲਮਟ ਪਾਉਣ। ਸਿਆਸੀ ਲੀਡਰਾਂ ਦੇ ਮਗਰ ਲੱਗ ਕੇ ਆਪਣੇ ਲਈ ਖ਼ਤਰਾ ਨਾ
ਸਹੇੜੋ। ਰੱਬ ਨਾ ਕਰੇ ਕੋਈ ਅਣਹੋਣੀ ਘਟਨਾ ਵਾਪਰ ਜਾਵੇ ਤਾਂ ਫੇਰ ਕਿਸੇ ਨੇ ਤੁਹਾਡੀ ਬਾਂਹ ਨਹੀਂ
ਫੜਨੀ।
(ਨੋਟ:- ਅੱਜ ਤੋਂ ਤਕਰੀਬਨ 13 ਸਾਲ ਪਹਿਲਾਂ 2005 ਵਿਚ ਮੈਂ ਇਸੇ ਵਿਸ਼ੇ ਨਾਲ ਸੰਬੰਧਿਤ ਇਕ ਲੇਖ
ਲਿਖਿਆ ਸੀ ਜਿਹੜਾ ਕਿ ਇੱਥੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ-ਸੰਪਾਦਕ)