ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਸ਼੍ਰੋਮਣੀ ਕਮੇਟੀ ਤੇ ਔਖਤੀ ਜੱਥੇਬੰਦੀਆਂ ਦੀ ਕਾਰਗੁਜ਼ਾਰੀ
ਜ਼ਿੰਮੇਵਾਰੀ ਦਾ ਅਹਿਸਾਸ
ਇਕ ਆਮ ਮੁਹਾਵਰਾ ਬੋਲਿਆ ਜਾਂਦਾ ਹੈ ਕਿ ਤਪੋਂ ਰਾਜ ਤੇ ਰਾਜੋਂ ਨਰਕ—ਇਸ ਦਾ
ਅਰਥ ਇਹ ਨਹੀਂ ਬਣਦਾ ਕਿ ਸ਼ਾਇਦ ਕਿਸੇ ਮਨੁੱਖ ਨੇ ਜੰਗਲ਼ ਵਿੱਚ ਜਾ ਕੇ ਲੰਬਾ ਸਮਾਂ ਤਪ ਕਰਕੇ ਰਾਜ
ਪ੍ਰਾਪਤ ਕੀਤਾ ਹੋਏਗਾ। ਰਾਜ ਭਾਗ ਪ੍ਰਾਪਤ ਹੋਣ ਉਪਰੰਤ ਫਿਰ ਉਸ ਨੂੰ ਨਰਕ ਹਾਸਲ ਹੋਇਆ ਹੋਏਗਾ। ਇਸ
ਮੁਹਾਵਰੇ ਦਾ ਭਾਵ ਅਰਥ ਕੁੱਝ ਇਸ ਤਰ੍ਹਾਂ ਸਮਝ ਆਉਂਦਾ ਹੈ--ਕਿ ਕਿਸੇ ਮਨੁੱਖ ਨੇ ਇਮਾਨਦਾਰੀ ਨਾਲ
ਮਿਹਨਤ ਕਰਕੇ ਕੋਈ ਰੁਤਬਾ ਹਾਸਲ ਕੀਤਾ ਹੈ ਤੇ ਜੇ ਉਸ ਨੇ ਆਪਣੇ ਰੁਤਬੇ ਦੀਆਂ ਕਦਰਾਂ ਕੀਮਤਾਂ ਦੀ
ਸੰਭਾਲ਼ ਨਾ ਕੀਤੀ ਤਾਂ ਉਹ ਰੁਤਬਾ ਹੀ ਉਸ ਲਈ ਨਰਕ ਬਣ ਜਾਂਦਾ ਹੈ। ਮਿਸਾਲ ਵਜੋਂ ਕੋਈ ਵਿਦਿਆਰਥੀ ਸਖਤ
ਮਿਹਨਤ ਕਰਦਾ ਹੋਇਆ ਬਹੁਤ ਵਧੀਆ ਉੱਚ ਅਹੁਦਾ ਪ੍ਰਾਪਤ ਕਰ ਕੇ ਮਾਣ ਹਾਸਲ ਕਰ ਲੈਂਦਾ ਹੈ ਪਰ ਜੇ ਉਹ
ਆਪਣੇ ਅਹੁਦੇ ਦੀ ਦੁਰ ਵਰਤੋਂ ਕਰਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸ ਨੂੰ ਜੇਲ੍ਹ ਦੀ ਹਵਾਂ ਵੀ ਖਾਣੀ
ਪੈ ਸਕਦੀ ਹੈ। ਮਿਹਨਤ ਕਰਕੇ ਹਾਸਲ ਕੀਤਾ ਰੁਤਬਾ ਮਾੜੀ ਜੇਹੀ ਗਲਤੀ ਨਾਲ ਨਰਕ ਦਾ ਵਾਸੀ ਬਣਾ ਦੇਂਦਾ
ਹੈ।
ਏਸੇ ਤਰ੍ਹਾਂ ਦਾ ਮਿਲਦਾ ਜੁਲਦਾ ਇੱਕ ਹੋਰ ਮੁਹਾਵਰਾ ਵੀ ਹੈ—ਮੁਗਲ਼ਾਂ ਜ਼ਹਿਰ
ਪਿਆਲੇ ਪੀਤੇ। ਭੂਰਿਆਂ ਵਾਲੇ ਰਾਜੇ ਕੀਤੇ। ਇਹ ਓਦੋਂ ਦਾ ਤੱਥ ਸਾਡੇ ਸਾਹਮਣੇ ਆਉਂਦਾ ਹੈ ਜਦੋਂ ਮੁਗਲ਼
ਹਾਕਮ ਅਯਾਸ਼ੀਆਂ ਵਿੱਚ ਪੈ ਕੇ ਆਪਣੇ ਫ਼ਰਜ਼ਾਂ ਵਲੋਂ ਕੁਤਾਹੀਆਂ ਕਰਨ ਲੱਗ ਪਏ ਸਨ ਤੇ ਰਾਜ ਪ੍ਰਬੰਧ `ਤੇ
ਦਿਨ-ਬ-ਦਿਨ ਪਕੜ ਢਿੱਲੀ ਹੁੰਦੀ ਗਈ। ਸਮਾਜ ਭਲਾਈ ਵਾਲੇ ਕੰਮਾਂ ਤੋਂ ਕਿਨਾਰਾ ਕਰਦਿਆਂ ਅਯਾਸ਼ੀਆਂ ਦੇ
ਦੋਰ ਵਿੱਚ ਡੁੱਬ ਗਏ ਸਨ। ਨਤੀਜਨ ਮਹਾਰਾਜਾ ਰਣਜੀਤ ਸਿੰਘ ਵਰਗੇ ਬਹਾਦਰ ਸੂਰਮੇ ਨੇ ਸਿੱਖ ਰਾਜ ਭਾਗ
ਕਇਮ ਕਰ ਦਿੱਤਾ।
ਅੱਜ ਸੋਚਣ ਵਾਲਾ ਵਿਸ਼ਾ ਹੈ ਕਿ ੧੯੨੦ ਦੀ ਬਣੀ ਹੋਈ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਆਪਣੇ ਟੀਚਿਆਂ ਤੇ ਪੂਰਾ ਉੱਤਰ ਰਹੀ ਹੈ ਜਾਂ ਇੱਕ ਖਾਨਾ ਪੂਰਤੀ ਕਰਦੀ ਹੋਈ ਨਜ਼ਰ ਆ
ਰਹੀ ਹੈ? ਕਿਤੇ ਉਪਰੋਕਤ ਮੁਹਾਵਰੇ ਸ਼੍ਰੋਮਣੀ ਕਮੇਟੀ `ਤੇ ਲਾਗੂ ਤਾਂ ਨਹੀਂ ਹੁੰਦੇ? ਅੱਜ ਸ਼ਹੀਦਾਂ ਦੀ
ਜੱਥੇਬੰਦੀ ਸੜਕ ਛਾਪ ਲੀਡਰਾਂ, ਅਖੌਤੀ ਜੱਥੇਬੰਦੀਆਂ ਤੇ ਅਖੌਤੀ ਡੇਰਿਆਂ ਦੀ ਪੁਸ਼ਤਪਨਾਈ ਤਾਂ ਨਹੀਂ
ਕਰ ਰਹੀ? ਵਿਚਾਰਕ ਮਤ ਭੇਦਾਂ ਕਰਕੇ ਵਿਦਵਾਨਾਂ ਨੂੰ ਪੰਥ ਵਿਚੋਂ ਖਾਰਜ ਕੀਤਾ ਜਾ ਰਿਹਾ ਹੈ ਤੇ
ਸ਼ਰੋਮਣੀ ਦੇ ਮੈਂਬਰ ਕੇਵਲ ਤਮਾਸ਼ਬੀਨ ਬਣਕੇ ਸਾਰਾ ਕੁੱਝ ਦੇਖ ਰਹੇ ਹਨ। ਸਾਧ ਲਾਣੇ ਤੇ ਵਾਧੂ ਜੇਹੇ
ਲੀਡਰਾਂ ਵਲੋਂ ਸਿੱਖ ਕੌਮ ਦਾ ਪੂਰੀ ਤਰਾਂ ਹਿੰਦੂਤਵ ਕੀਤਾ ਜਾ ਰਿਹਾ ਹੈ। ਇਸ ਸਾਰੇ ਕੁੱਝ ਵਿੱਚ
ਸਿੱਖਾਂ ਦੀ ਰਾਜਨੀਤਿਕ ਪਾਰਟੀ ਅਕਾਲੀ ਦਲ (ਜੋ ਅੱਜ ਕਲ੍ਹ ਪੰਜਾਬੀ ਪਾਰਟੀ ਬਣ ਚੁੱਕੀ ਹੈ) ਸਿੱਖ
ਸਿਧਾਂਤ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਚੁੱਕਿਆ ਹੋਇਆ ਹੈ। ਕੌਮ ਦਾ ਹਿਦੂਤਵ ਦੇਖ ਕੇ ਸ਼੍ਰੋਮਣੀ
ਕਮੇਟੀ ਦੇ ਮੈਂਬਰਾਂ ਦੇ ਕਦੇ ਕੰਨ `ਤੇ ਜੂੰਅ ਨਹੀਂ ਸਰਕੀ। ਉਂਝ ਅਖੇ ਅਸੀਂ ਕੌਮ ਦੀ ਅਗਵਾਈ ਕਰ ਰਹੇ
ਹਾਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਇਮੀ ਦਾ ਮੁੱਢ
ਡਾ. ਹਰਜਿੰਦਰ ਸਿੰਘ ਦਿਲਗੀਰ ਸਿੱਖ ਤਵਾਰੀਖ਼ ਵਿੱਚ ਲਿਖਦੇ ਹਨ ਕਿ "ਖਾਲਸਾ
ਬ੍ਰਾਦਰੀ ਕਾਰਜ ਸਾਧਕ ਦਲ" ਜੱਥੇਬੰਦੀ ਵਲੋਂ ਜਲ੍ਹਿਆਂ ਵਾਲੇ ਬਾਗ ਵਿੱਚ ੧੦ ਤੋਂ ੧੨ ਅਕਤੂਬਰ ਨੂੰ
ਅਖੌਤੀ ਪਛੜੀਆਂ ਸ਼੍ਰੇਣੀਆਂ ਦਾ ਇੱਕ ਇਕੱਠ ਸੱਦਿਆ ਗਿਆ। ਇਸ ਜੱਥੇਬੰਦੀ ਦੇ ਮੁਖੀ ਭਾਈ ਮਹਿਤਾਬ ਸਿੰਘ
ਸਨ ਜੋ ਬਕਾਪੁਰ ਜਲੰਧਰ ਵਾਲੇ ਮੌਲਵੀ ਕਰੀਮ ਬਖਸ਼ ਜੋ ੧੪ ਜੂਨ ਨੂੰ ਖੰਡੇ ਦੀ ਪਹੁਲ ਲੈ ਕੇ ਲਖਬੀਰ
ਸਿੰਘ ਬਣ ਗਏ ਸਨ ਉਹਨਾਂ ਦੇ ਬੇਟੇ ਸਨ। ਇਹਨਾਂ ਦੇ ਮਨ ਵਿੱਚ ਸਿੱਖੀ ਪ੍ਰਤੀ ਬਹੁਤ ਤੜਫ ਸੀ। ਇਸ
ਇਕੱਠ ਲਈ ਉਹਨਾਂ ਇੱਕ ਇਸ਼ਤਿਹਾਰ ਛਪਾਇਆ ਜਿਸ `ਤੇ ਇਹ ਨਜ਼ਮ ਲਿਖੀ ਹੋਈ ਸੀ।
ਚੀਫ਼ ਖਾਲਸਾ ਦੀਵਾਨ ਔਰ ਜੱਥੇ ਵੀ ਤਮਾਮ, ਗੁਣੀ ਗਿਆਨੀ ਮਿਲ ਆਏ ਦਰਸ
ਸਿਖੌਣਗੇ।
ਜ਼ਾਤ ਦਾ ਜੋ ਭੂਤ ਦੁਖਦਾਈ ਭਾਰਾ, ਏਕਤਾ ਦਾ ਮੰਤਰ ਫੂਕ ਝੱਟ ਹੀ ਉਡੌਣਗੇ।
ਖਾਲਸਾ ਜੀ ਪੰਥ ਗੁਰੂ ਦਸਵੇਂ ਦਾ ਸਾਜਿਆ ਜੋ, ਇਸ ਦੇ ਅਕਾਲੀ ਇੱਕ ਝੰਡੇ
ਥੱਲੇ ਸਭ ਨੂੰ ਲਿਔਣਗੇ।
ਰਹਿਤੀਏ, ਰਾਮਦਾਸੀਏ ਤੇ ਮਜ਼੍ਹਬੀ ਜੋ ਹੋਰ ਜਾਤਾਂ, ਓਨ੍ਹਾਂ ਤਾਈਂ ਮੇਟ ਇਕੋ
ਖਾਲਸਾ ਸਜੌਣਗੇ।
ਪਹਿਲੇ ਦਿਨ ਤਾਂ ਕੋਈ ਸਿੱਖ ਆਗੂ ਸ਼ਾਮਿਲ ਨਾ ਹੋਇਆ। ਹੋਰ ਤਾਂ ਹੋਰ ਇਹਨਾਂ
ਨੂੰ ਲੰਗਰ ਵਾਸਤੇ ਬਰਤਨ ਵੀ ਨਾ ਮਿਲੇ। ਦੂਸਰੇ ਦਿਨ ਸੁੰਦਰ ਸਿੰਘ ਮਜੀਠੀਆ, ਕਰਤਾਰ ਸਿੰਘ ਝੱਬਰ,
ਤੇਜਾ ਸਿੰਘ ਭੁੱਚਰ, ਮੰਗਲ ਸਿੰਘ, ਬਹਾਦਰ ਸਿੰਘ ਆਦਿ ਹੋਰ ਸਿੱਖ ਵੀ ਹਾਜ਼ਰ ਹੋਏ।
ਇਹ ਉਹ ਸਮਾਂ ਸੀ ਜਦੋਂ ਦਰਬਾਰ ਸਾਹਿਬ ਦੇ ਪੁਜਾਰੀ ਅਖੋਤੀ ਪਛੜੀਆਂ
ਸ਼੍ਰੇਣੀਆਂ ਦਾ ਪ੍ਰਸ਼ਾਦ ਪ੍ਰਵਾਨ ਨਹੀਂ ਕਰਦੇ ਸਨ। ੧੧ ਅਕਤੂਬਰ ਦੀ ਰਾਤ ਨੂੰ ਮਤਾ ਪਾਸ ਹੋਇਆ ਕਿ
ਸਵੇਰੇ ਦਰਬਾਰ ਸਾਹਿਬ ਇਹ ਅਖੌਤੀ ਪਛੜੀਆਂ ਸ਼੍ਰੇਣੀਆਂ ਪ੍ਰਸ਼ਾਦ ਲੈ ਕੇ ਜਾਣਗੀਆਂ ਜਿਸ ਦੀ ਅਗਵਾਈ
ਸ੍ਰ. ਸੁੰਦਰ ਸਿੰਘ ਮਜੀਠੀਆ ਕਰਨਗੇ। ਅਗਲੇ ਦਿਨ ਇਹ ਸਾਰੇ ਦਰਬਾਰ ਸਾਹਿਬ ਪ੍ਰਸ਼ਾਦ ਲੈ ਕੇ ਗਏ ਪਰ
ਪੁਜਾਰੀਆਂ ਨੇ ਅਖੌਤੀ ਜ਼ਾਤਾਂ ਵਾਲਿਆਂ ਦਾ ਪ੍ਰਸ਼ਾਦ ਲੈਣ ਤੋਂ ਇਨਕਲਾਰ ਕਰ ਦਿੱਤਾ। ਬਾਵਾ ਹਰਕ੍ਰਿਸ਼ਨ
ਸਿੰਘ ਨੇ ਗਲ਼ ਵਿੱਚ ਪੱਲਾ ਪਾ ਕੇ ਪੁਜਾਰੀਆਂ ਨੂੰ ਤਿੰਨ ਵਾਰ ਕਿਹਾ ਪਰ ਉਹ ਟੱਸ ਤੋਂ ਮੱਸ ਨਾ ਹੋਏ।
ਹੌਲ਼ੀ ਹੌਲ਼ੀ ਸੰਗਤ ਦਾ ਇਕੱਠ ਵਧਦਾ ਦੇਖ ਕੇ ਪੁਜਾਰੀਆਂ ਨੂੰ ਅਰਦਾਸ ਕਰਨੀ ਪਈ ਪ੍ਰਸ਼ਾਦ ਵਰਤਾਇਆ ਗਿਆ।
ਸੰਗਤਾਂ ਦਾ ਜੋਸ਼ ਵੱਧਦਾ ਦੇਖ ਕੇ ਪੁਜਾਰੀ ਅਕਾਲ ਤੱਖਤ ਛਡ ਕੇ ਤੁਰਦੇ ਬਣੇ। ਇਸ ਇਕੱਠ ਵਿਚੋਂ
ਗੁਰਦੁਆਰਿਆਂ ਦੇ ਸੁਚੱਜੇ ਪ੍ਰਬੰਧ ਲਈ ਸ਼੍ਰੋਮਣੀ ਕਮੇਟੀ ਦਾ ਮੁੱਢ ਬੱਝਾ।
ਕੁਝ ਚਿਰ ਮਗਰੋਂ ਮਾਸਟਰ ਮੋਤਾ ਸਿੰਘ ਜਦੋਂ ਅੰਮ੍ਰਿਤਸਰ ਆਏ ਤਾਂ ਉਹਨਾਂ ਨੇ
ਸੁਝਾਅ ਦਿੱਤਾ ਕਿ ਅਕਾਲ ਤੱਖਤ ਵਲੋਂ ਇੱਕ ਸਰਬੱਤ ਖਾਲਸਾ ਬਲਾਇਆ ਜਾਏ ਸਮੁੱਚੇ ਗੁਰਦੁਆਰਿਆਂ ਦੀ
ਸੇਵਾ ਸੰਭਾਲ਼ ਦਾ ਜ਼ਿੰਮਾ ਪੰਥਕ ਕਮੇਟੀ ਨੂੰ ਦਿੱਤਾ ਜਾਏ। ਡਾਕਟਰ ਗੁਰਬਖਸ਼ ਸਿੰਘ ਵਲੋਂ ਅਕਾਲ ਤੱਖਤ
ਦੇ ਨਾਮ `ਤੇ ਇੱਕ ਹੁਕਮ ਨਾਮਾ ਸਿੱਖ ਕੌਮ ਦੇ ਨਾਂ ਜਾਰੀ ਕੀਤਾ ਗਿਆ। ਓਦੋਂ ਜੱਥੇਦਾਰ ਸ਼ਬਦ ਦੀ ਥਾਂ
ਤੇ ਸੇਵਕ ਸ਼ਬਦ ਵਰਤਿਆ ਗਿਆ। ਉਸ ਹੁਕਮ ਨਾਮੇ ਦੀ ਇਬਾਰਤ ਇੰਝ ਦੀ ਸੀ—
ਸਮੂੰਹ ਖਾਲਸਾ ਪ੍ਰਤੀ ਵਿਦਤ ਹੋਵੇ ੧ ਮੱਘਰ ਸੰਮਤ ੧੯੭੭, ਨਾਨਕਸ਼ਾਹੀ ਸੰਮਤ
੪੫੧ ਮੁਤਾਬਕ ੧੫ ਨਵੰਬਰ ੧੯੨੦ ਨੂੰ ਦਿਨ ਦੇ ਨੌਂ ਵਜੇ ਇੱਕ ਮਹਾਨ ਇਕੱਠ ਅਕਾਲ ਤੱਖਤ ਦੇ ਸਾਹਮਣੇ
ਹੋਵੇਗਾ, ਜਿਸ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸਮੂੰਹ ਗੁਰਦੁਆਰਿਆਂ ਆਦਿਕ ਦੇ ਇੰਤਜ਼ਾਮ
ਵਾਸਤੇ, ਡੂੰਘੀ ਵਿਚਾਰ ਕਰਕੇ, ਇੱਕ ਨੁਮਾਇੰਦਾ ਪੰਥਕ ਕਮੇਟੀ ਚੁਣੀ ਜਾਵੇਗੀ। ਇਸ ਲਈ ਸਰਬੱਤ ਗੁਰੂ
ਤੱਖਤਾਂ, ਗੁਰਦੁਆਰਿਆਂ, ਖਾਲਸਾ ਜੱਥਿਆਂ, ਸਿੱਖ ਪਲਟਣਾਂ, ਰਿਆਸਤੀ ਸਿੱਖ ਫੌਜਾਂ ਹੇਠ ਲਿਖੀ ਧਾਰਨਾ
ਵਾਲੇ ਸਿੰਘ ਹੇਠ ਲਿਖੀ ਵਿਉਂਤ ਬੰਦੀ ਅਨੁਸਾਰ ਚੁਣ ਕੇ ਭੇਜਣ।
ਨੁਮਾਇੰਦੇ ਦੀ ਧਾਰਨਾ—
੧ ਅੰਮ੍ਰਿਤਧਾਰੀ ਹੋਵੇ, ੨ ਪੰਜ ਬਾਣੀਆਂ ਦਾ ਨੇਮੀ ਹੋਵੇ, ੩ ਪੰਜ ਕਕਾਰ ਦਾ
ਰਹਿਤਵਾਨ ਹੋਵੇ, ੪ ਅੰਮ੍ਰਿਤਵੇਲੇ ਉੱਠਣ ਵਾਲਾ ਹੋਵੇ, ੫ ਦਸਵੰਧ ਦੇਣ ਵਾਲਾ ਹੋਵੇ।
ਖਾਲਸਾ ਪੰਥ ਦਾ ਇਕੱਠ ਵਿਚੋਂ ਸ਼੍ਰੋਮਣੀ ਕਮੇਟੀ ਦਾ ਜਨਮ ਹੋਣ ਤੋਂ ਰੋਕਣ ਲਈ
ਕੁੱਝ ਸਿੱਖ ਪੰਜਾਬ ਗਵਰਨਰ ਨੂੰ ਮਿਲੇ। ਪੰਜਾਬ ਗਵਰਨਰ ਨੇ ਆਪਣੀ ਤਰਫੋਂ ਸ਼੍ਰੋਮਣੀ ਕਮੇਟੀ ਘੋਸ਼ਤ ਕਰ
ਦਿੱਤੀ ਦੋ ਦਿਨ ਪਹਿਲਾਂ ਭਾਵ ੧੩ ਅਕਤੁਬਰ ਨੂੰ ਜਦੋ ਪੰਥ ਦਾ ਇਕੱਠ ੧੫ ਅਕਤੂਬਰ ਨੂੰ ਹੋਣਾ ਮਿੱਥਿਆ
ਗਿਆ ਸੀ।
ਨੋਟ-- ਇਹਨਾਂ ਤੋਂ ਪਹਿਲਾਂ ੧੩ ਅਕਤੂਬਰ ਨੂੰ ਹੀ ਅੰਮ੍ਰਿਤਸਰ ਦੇ ਡਿਪਟੀ
ਕਮਿਸ਼ਨਰ ਨੇ ਦਰਬਾਰ ਸਾਹਿਬ ਦੇ ਪ੍ਰਬੰਧ ਲਈ ਇੱਕ ਛੱਤੀ ਮੈਂਬਰੀ ਕਮੇਟੀ ਬਣਾ ਦਿੱਤੀ ਸੀ।
ਸ਼੍ਰੋਮਣੀ ਕਮੇਟੀ ਦੇ ਮੈਬਰਾਂ ਦੀ ਸੁਧਾਈ
੧੫ ਅਕਤੂਬਰ ਦੇ ਇਕੱਠ ਲਈ ਦਾਖਲਾ ਟਿਕਟਾਂ ਰਾਂਹੀ ਹੋਇਆ ਜਿਸ ਵਿੱਚ ੭੪੨
ਸਿੰਘ ਹਾਜ਼ਰ ਹੋਏ ਉਂਝ ਇਕੱਠ ਅੱਠ ਹਜ਼ਾਰ ਦਾ ਹੋ ਗਿਆ ਸੀ। ਸ਼੍ਰੋਮਣੀ ਦੇ ਮੈਂਬਰ ਚੁਣੇ ਗਏ ਤੇ ਇਹਨਾਂ
ਮੈਂਬਰਾਂ ਦੀ ਬਕਾਇਦਾ ਸੁਧਾਈ ਲਈ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ। ਬਹੁਤ ਸਾਰੇ ਮੈਂਬਰਾਂ ਨੇ
ਅੰਮ੍ਰਿਤ ਨਹੀਂ ਛੱਕਿਆ ਹੋਇਆ ਸੀ। ਹੋਰ ਪੁੱਛ ਪ੍ਰਤੀਤ ਕਰਕੇ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ
ਮੈਂਬਰ ਬਣਨ ਦਾ ਮੌਕਾ ਮਿਲਿਆ। ਕੀ ਬਜਟ ਇਲਜਾਸ ਵਿੱਚ ਸ਼ਾਮਿਲ ਹੋਣ ਆਏ ਜਾਂ ਚੁਣੇ ਗਏ ਮੈਂਬਰਾਂ ਦੀ
ਅੱਜ ਵੀ ਸੁਧਾਈ ਹੁੰਦੀ ਹੈ?
ਸ਼੍ਰੋਮਣੀ ਕਮੇਟੀ ਦੇ ਸੁਹਿਰਦ ਮੈਂਬਰਾਂ ਦੀ ਦੇਣ
ਬੜੀ ਜਦੋਜਹਿਦ ਵਿਚੋਂ ਗੁਰਦੁਆਰਿਆਂ ਦੇ ਪ੍ਰਬੰਧ ਲਈ ਸ਼੍ਰੋਮਣੀ ਕਮੇਟੀ ਤਿਆਰ
ਹੋਈ। ਇਸ ਨੇ ਖਾਲਸਾ ਪੰਥ ਨੂੰ ਏਕਤਾ ਵਿੱਚ ਪਰੋਣ ਲਈ ਇੱਕ ਵਿਧੀ ਵਿਧਾਨ ਤਿਆਰ ਕਰਾਇਆ ਤੇ ਉਸ ਦਾ
ਨਾਂ ਰੱਖਿਆ ਸਿੱਖ ਰਹਿਤ ਮਰਯਾਦਾ। ਸ਼੍ਰੋਮਣੀ ਕਮੇਟੀ ਨੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ
ਲਿਆਉਣ ਦਾ ਯਤਨ ਕੀਤਾ ਤੇ ਨਾਲ ਵਿਦਿਆ ਦੇ ਪਸਾਰ ਵਲ ਵੀ ਧਿਆਨ ਦਿੱਤਾ। ਅਜੋਕੇ ਸਮੇਂ ਵਿੱਚ ਲੋਕਰਾਜੀ
ਢਾਂਚੇ ਵਿੱਚ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਜਮਾਤ ਹੈ।
ਸਵੈ ਪੜਚੋਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਗ੍ਰੰਥ, ਇੱਕ ਪੰਥ ਤੇ ਇੱਕ
ਮਰਯਾਦਾ ਦੇ ਸਿਧਾਂਤ `ਤੇ ਪਹਿਰਾ ਦੇਣਾ ਸੀ ਜੋ ਵਰਤਮਾਨ ਸਮੇਂ ਵਿੱਚ ਆਪਣੇ ਫ਼ਰਜ਼ਾਂ ਤੋਂ ਪੂਰੀ
ਤਰ੍ਹਾਂ ਕਿਨਾਰਾ ਕਰ ਚੁੱਕੀ ਹੈ। ਸ਼੍ਰੋਮਣੀ ਕਮੇਟੀ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਸੜਕ ਛਾਪ ਲੀਡਰ ਤੇ
ਆਪੇ ਬਣੀਆਂ ਅਖੌਤੀ ਪੰਥਕ ਜੱਥੇਬੰਦੀਆਂ ਦੀ ਭਰਮਾਰ ਵਿੱਚ ਦਿਨ-ਬ-ਦਿਨ ਵਾਧਾ ਹੋਈ ਜਾ ਰਿਹਾ ਹੈ।
ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਸਾਲ ਵਿੱਚ ਦੋ ਵਾਰ ਇਜਲਾਸ ਬਲਾਉਣਾ
ਚਾਹੀਦਾ ਹੈ ਜਿਹੜਾ ਘੱਟ ਤੋਂ ਘੱਟ ਦਸ ਦਿਨ ਦਾ ਹੋਣਾ ਚਾਹੀਦਾ ਹੈ। ਹਰੇਕ ਮੈਂਬਰ ਦੀ ਕਾਰਗੁਜ਼ਾਰੀ
`ਤੇ ਨਜ਼ਰਸਾਨੀ ਹੋਣੀ ਚਾਹੀਦੀ ਹੈ ਤੇ ਉਸ ਨੂੰ ਪੂਰਾ ਪੂਰਾ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ।
ਸਿੱਖ ਸਿਧਾਂਤ ਦੀ ਵਿਆਖਿਆ ਵਾਸਤੇ ਵਿਦਵਾਨਾਂ ਦੀ ਸਬ ਕਮੇਟੀ ਹੋਣੀ ਚਾਹੀਦੀ ਹੈ।
ਉਂਝ ਤਾਂ ਹਰ ਸਾਲ ਹੀ ਬਜਟ ਪਾਸ ਕਰਾਉਣ ਲਈ ਜਨਰਲ ਇਜਲਾਸ ਸੱਦਣ ਦਾ ਡਰਾਮਾ
ਕੀਤਾ ਜਾਂਦਾ ਹੈ ਕਿਉਂਕਿ ਬਜਟ `ਤੇ ਕੋਈ ਬਹਿਸ ਤਾਂ ਹੋਣੀ ਨਹੀਂ ਹੁੰਦੀ। ਗਿਆਰਾਂ ਅਰਬ ਦਾ ਬਜਟ
ਬਾਹਵਾਂ ਖੜੀਆਂ ਕਰਕੇ ਪ੍ਰਵਾਨ ਕਰ ਲਿਆ ਜਾਂਦਾ ਹੈ। ਇਸ ਵਾਰ ਤਾਂ ਜਗ੍ਹੋਂ ਤੇਰ੍ਹਵੀਂ ਕਰਦਿਆਂ
ਇਕੱਤੀ ਪੰਨਿਆ ਵਾਲੇ ਬਜਟ ਦੇ ਕੇਵਲ ੧੨ ਪੰਨੇ ਹੀ ਪੜ੍ਹੇ ਸਨ ਤਾਂ ਬਾਦਲ ਪਰਵਾਰ ਦੇ ਅਕਾਲੀ ਦਲ ਨਾਲ
ਵਫ਼ਾਦਾਰੀ ਦਿਖਾਉਂਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਕਹਿਣ ਲੱਗੇ ਕਿ ਕੋਈ ਗੱਲ ਨਹੀਂ
ਜੀ ਬੱਸ ਬੱਜਟ ਪੜ੍ਹਿਆ ਗਿਆ ਹੀ ਸਮਝੋ। ਬਾਕੀ ਦਾ ਬਜਟ ਪੜ੍ਹਨ ਲਈ ਰਹਿਣ ਦਿਓ ਸਾਨੂੰ ਸਾਰੀ ਸਮਝ ਆ
ਗਈ ਹੈ। ਜੈਕਾਰਾ ਲਗਾ ਕੇ ਪਾਸ ਕਰ ਦਿਓ ਇਹ ਸ਼੍ਰੋਮਣੀ ਦੇ ਨਿਘਾਰ ਦੀ ਚਰਮ ਸੀਮਾ ਹੀ ਕਹੀ ਜਾ ਸਕਦੀ
ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਨ ਗੋਚਰੇ ਕੰਮ
ਅੰਤਰ-ਰਾਸ਼ਟਰੀ ਜੇ ਨਹੀਂ ਤਾਂ ਰਾਸ਼ਟਰੀ ਪੱਧਰ ਦਾ ਹੀ ਸਹੀ ਜੇ ਇਹ ਵੀ ਨਹੀਂ
ਤਾਂ ਘੱਟੋ ਸੂਬਾ ਪੱਧਰ ਦਾ ਹੀ ਕੋਈ ਆਪਣਾ ਬਿਜਲਈ ਤੇ ਲਿਖਤੀ ਮੀਡੀਆ ਤਿਆਰ ਕਰੇ ਜੋ ਸਾਡੀਆਂ
ਸ਼ਾਨਾਂਮੱਤੀ ਪ੍ਰੰਪਰਾਵਾਂ ਤੇ ਸਿੱਖ ਸਿਧਾਂਤ ਦੀ ਵਿਆਖਿਆ ਕਰੇ।। ਇਸ ਪਾਸੇ ਤੋਂ ਤਾਂ ਚੁੱਪ ਹੀ ਭਲੀ
ਹੈ। ਗੁਰਮਤਿ ਪ੍ਰਕਾਸ਼ ਤੇ ਗੁਰਦੁਆਰ ਗਜ਼ਟ ਜ਼ਰੂਰ ਨਿਕਲਦੇ ਹਨ ਪਰ ਮਿਆਰ ਅੱਜ ਤੋਂ ਚਾਲੀ ਸਾਲ ਪੁਰਾਣਾ
ਹੈ।
ਵੱਖ ਵੱਖ ਖੇਤਰਾਂ ਦੀਆਂ ਵਿਸ਼ਾ ਮਾਹਰ ਕਮੇਟੀਆਂ ਬਣਾ ਕਿ ਸਿੱਖ ਕੌਮ ਦੇ ਹਰ
ਮਸਲੇ ਦਾ ਹੱਲ ਲੱਭਣ। ਅਜੇ ਤੱਕ ਸ਼੍ਰੋਮਣੀ ਕਮੇਟੀ ਆਪਣੀ ਕੌਮ ਨੂੰ ਪੁਖਤਾ ਇਤਿਹਾਸ ਵੀ ਮੁਹੱਈਆ ਨਹੀਂ
ਕਰਾ ਸਕੀ।
ਮਿਆਰੀ ਸਕੂਲ ਕਾਲਜ ਤੇ ਹਸਪਤਾਲਾਂ ਵਲ ਧਿਆਨ ਦੇਣ ਦੀ ਫੋਰੀ ਜ਼ਰੂਰਤ ਹੈ।
ਸ਼੍ਰੋਮਣੀ ਕਮੇਟੀ ਤੁਰੰਤ ਕਾਰਵਾਈ ਕਰਦਿਆਂ ਉਹਨਾਂ ਡੇਰਿਆਂ ਵਰੁੱਧ ਕਾਰਵਾਈ
ਕਰੇ ਜਿਹੜੇ ਆਪਣੇ ਆਪ ਨੂੰ ਸਿੱਖ ਦਸਦੇ ਹਨ ਪਰ ਪ੍ਰਚਾਰ ਹਿੰਦੂਤਵ ਦਾ ਹੀ ਕਰਦੇ ਹਨ। ਦੁੱਖ ਤਾਂ ਇਸ
ਗੱਲ ਦਾ ਹੈ ਇਹਨਾਂ ਡੇਰਿਆਂ ਵਿੱਚ ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਮਨਾਉਣ ਲਈ ਸ਼੍ਰੋਮਣੀ ਕਮੇਟੀ ਦੇ
ਮੈਂਬਰ ਤੇ ਤੱਖਤਾਂ ਦੇ ਜੱਥੇਦਾਰ ਕਦੇ ਵੀ ਜਾਣੋ ਭੁੱਲਦੇ ਨਹੀਂ ਹਨ।
ਸ਼੍ਰੋਮਣੀ ਕਮੇਟੀ ਦੀ ਢਿੱਲੀ ਕਾਰਗੁਜ਼ਾਰੀ ਸਦਕਾ ਹੀ ਸਿੱਖ ਪਾਰਲੀਮੈਂਟ ਵਰਗੇ
ਮੁੱਦੇ ਉਭਰ ਕੇ ਸਾਹਮਣੇ ਆਉਂਦੇ ਹਨ। ਮੰਨ ਲਓ ਜੇ ਸਿੱਖ ਪਾਰਲੀਮੈਂਟ ਬਣਾਉਣੀ ਵੀ ਤਾਂ ਕੀ ਉਸ ਵਿੱਚ
ਮੈਂਬਰ ਕਿਹੜੇ ਹੋਣਗੇ? ਕੀ ਉਹ ਮੈਂਬਰ ਇੱਕ ਗ੍ਰੰਥ, ਇੱਕ ਪੰਥ ਤੇ ਇੱਕ ਮਰਯਾਦਾ `ਤੇ ਪਹਿਰਾ ਦੇਣ
ਵਾਲੇ ਹੋਣਗੇ? ਸਿੱਖ ਪਾਰਲੀਮੈਂਟ ਜਾਂ ਹੋਰ ਜੱਥੇਬੰਦੀਆਂ ਬਣਾਉਣ ਦੀ ਥਾਂ `ਤੇ ਸ਼੍ਰੋਮਣੀ ਕਮੇਟੀ ਦੇ
ਕੰਮ-ਕਾਜ ਵਿੱਚ ਸੁਧਾਰ ਲਿਆਉਣ ਦੀ ਲੋੜ ਹੈ।
ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਥੋੜ ਚਿਰੀ ਸਿੱਖ ਸਿਧਾਂਤ ਤੇ ਸਿੱਖ
ਮਸਲਿਆਂ `ਤੇ ਤਾਜ਼ਾ ਕੋਰਸ ਹੋਣਾ ਚਾਹੀਦਾ ਹੈ ਤਾਂ ਕਿ ਇਹ ਮੈਂਬਰ ਵੀ ਸਿਧਾਂਤ ਪੱਖੋਂ ਤਰੋਤਾਜ਼ਾ ਹੋਣ।
ਇਹਨਾਂ ਮੈਂਬਰਾਂ ਨੂੰ ਕੌਮ ਨੇ ਵੋਟਾਂ ਪਾ ਕੇ ਚੁਣਿਆ ਹੋਇਆ ਕਿ ਸਿੱਖ ਸਿਧਾਂਤ ਦਾ ਪਰਚਾਰ ਕਰਦਿਆਂ
ਸਿੱਖਾਂ ਦੀਆਂ ਹੱਕਾਂ ਮੰਗਾਂ ਵਲ ਪੂਰੀ ਤਵੱਜੋਂ ਦੇਣਗੇ।
ਸ਼੍ਰੋਮਣੀ ਕਮੇਟੀ ਆਪਣਾ ਬਣਦਾ ਹੱਕ ਗਵਾਉਂਦੀ ਹੋਈ ਆਪਣਾ ਫ਼ਰਜ਼ ਭੁੱਲਦੀ ਜਾ
ਰਹੀ ਹੈ। ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਸੜਕ ਛਾਪ ਲੀਡਰ ਤੇ ਅਖੌਤੀ ਪੰਥਕ ਜੱਥੇਬੰਦੀਆਂ ਦੀ
ਭਰਮਾਰ ਹੋ ਗਈ ਹੈ। ਕੀ ਇਹ ਸਿੱਖ ਜੱਥੇਬੰਦੀਆਂ, ਅਖੋਤੀ ਸਾਧ ਇੱਕ ਗ੍ਰੰਥ, ਇੱਕ ਪੰਥ ਤੇ ਇੱਕ ਰਹਿਤ
ਮਰਯਾਦਾ ਨੂੰ ਮੰਨਦੇ ਹਨ?
ਸ਼੍ਰੋਮਣੀ ਕਮੇਟੀ ਦੇ ਸਾਹਮਣੇ ਅੱਜ ਜਿਹੜੀ ਬੰਗਲਾ ਸਹਿਬ ਦਿੱਲੀ ਤੇ ਮੰਜੀ
ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਵਿਚਾਰ ਜਾਂ ਕਥਾ ਹੋ ਰਹੀ ਹੈ ਉਹ ਸਿੱਖ ਸਿਧਾਂਤ ਨਾਲ ਕਿੰਨਾ ਕੁ
ਇਨਸਾਫ਼ ਕਰ ਰਹੀ ਹੈ? ਇਹ ਸੋਚਣ ਵਾਲਾ ਮੁੱਦਾ ਹੈ। ਸ਼੍ਰੋਮਣੀ ਕਮੇਟੀ ਨੂੰ ਸਿੱਖ ਸਿਧਾਂਤ ਭਾਵ ਮਿਸ਼ਨਰੀ
ਕਾਲਜਾਂ ਦੇ ਵਿਦਵਾਨਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ। ਨਾਨਕ ਸ਼ਾਹੀ ਕੈਲੰਡਰ ਦਾ ਭੋਗ ਪਾਇਆ
ਗਿਆ ਹੈ ਤਾਂ ਬਹੁਤੇ ਮੈਂਬਰਾਂ ਨੂੰ ਇਸਦੀ ਜਾਣਕਾਰੀ ਹੀ ਨਹੀਂ ਹੈ। ਜਿਹੜੀ ਸ਼੍ਰੋਮਣੀ ਕਮੇਟੀ ਨਾਨਕ
ਸ਼ਾਹੀ ਕੈਲੰਡਰ ਵੀ ਨਹੀਂ ਬਚਾ ਸਕੀ ਉਹ ਕਿਹੜੇ ਪੰਥਕ ਕਰਮ ਕਰਗੀ?
ਸ਼੍ਰੌਮਣੀ ਕਮੇਟੀ ਦੇ ਮੈਂਬਰਾਂ ਦੀ ਕੀ ਮਜ਼ਬੂਰੀ ਬਣ ਗਈ ਹੈ ਕਿ ਇਸ ਦੇ ਮੈਂਬਰ
ਸੱਚ ਨੂੰ ਸੱਚ ਕਹਿਣ ਲਈ ਤਿਆਰ ਹੀ ਨਹੀਂ ਹਨ। ਪੰਜਾਬ ਵਿੱਚ ਅਸੂ ਤੋਸ਼ ਆਪਣਾ ਡੇਰਾ ਪੱਕਾ ਕਰ ਲਏ
ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਰਾਧਾ ਸੁਆਮੀ ਹਰ ਪਿੰਡ ਵਿੱਚ ਆਪਣਾ ਡੇਰਾ ਬਣਾ ਗਏ ਕਦੇ ਕਿਸੇ
ਮੈਂਬਰ ਦੇ ਕੰਨ `ਤੇ ਜੂੰ ਨਹੀਂ ਸਰਕੀ। ਪਖੰਡੀ ਸਾਧਲਾਣਾ ਸ਼ਰੇਆਮ ਗੁਰਬਾਣੀ ਸਿਧਾਂਤ ਦੀਆਂ ਧੱਜੀਆਂ
ਉਡਾ ਕਿ ਸੰਪਟ ਪਾਠ ਰੱਖ ਰਹੇ ਹਨ, ਸ਼੍ਰੋਮਣੀ ਕਮੇਟੀ ਦੇ ਮੈਂਬਰ ਖੁਦ ਇਸ ਦਾ ਹਿੱਸਾ ਬਣਦੇ ਹਨ।
ਅੱਜ ਦੇ ਯੁੱਗ ਵਿੱਚ ਵਿਚਾਰਾਂ ਦੀ ਸਭ ਨੂੰ ਖੁਲ੍ਹ ਦਸ ਕੇ ਰਾਧਾ ਸੁਆਮੀਏ
ਜਾਂ ਸਾਧ ਲਾਣੇ `ਤੇ ਸ਼ਰੋਮਣੀ ਕਮੇਟੀ ਕੋਈ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ ਪਰ ਸਿੱਖ ਸਿਧਾਂਤ ਦਾ
ਪਰਚਾਰ ਕਰ ਰਹੇ ਪ੍ਰਚਾਰਕਾਂ ਨੂੰ ਸ਼ਰੇਆਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ
ਦੀਵਾਨਾਂ ਵਿੱਚ ਰੁਕਵਾਟਾਂ ਖੜੀਆਂ ਕਰਕੇ ਦੀਵਾਨ ਬੰਦ ਕੀਤੇ ਜਾ ਰਹੇ ਹਨ ਪਰ ਸਾਡੇ ਜੱਥੇਦਾਰ ਤੇ
ਸ਼੍ਰੋਮਣੀ ਕਮੇਟੀ ਦੇ ਮੈਂਬਰ ਮੂਕ ਦਰਸ਼ਕ ਬਣ ਕੇ ਸਾਰਾ ਕੁੱਝ ਦੇਖ ਰਹੇ ਹਨ।
ਅੱਜ ਜੱਥੇਦਾਰ ਰਹਿਤ ਮਰਯਾਦਾ ਦੀ ਗੱਲ ਕਰਨ ਵਾਲਿਆਂ ਨੂੰ ਗੱਲ ਗੱਲ ਤੇ
ਪੇਸ਼ੀਆਂ ਲਈ ਸੱਦ ਲੈਂਦੇ ਹਨ ਪਰ ਰਹਿਤ ਮਰਯਾਦਾ ਦੇ ਉਲਟ ਕੰਮ ਕਰਨ ਵਾਲਿਆਂ ਦੀ ਪਿੱਠ ਪੂਰਦੇ ਸ਼ਰੇਆਮ
ਦਿਖਾਈ ਦੇ ਰਹੇ ਹਨ।
ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਬਣਦਾ ਹੈ ਸਿੱਖ ਸਿਧਾਂਤ ਦਾ ਪਰਚਾਰ ਕਰ ਰਹੇ
ਪ੍ਰਚਾਰਕਾਂ ਨੂੰ ਆਪਣਾ ਸਹਿਜੋਗ ਦੇਣ। ਜਿਹੜੀਆਂ ਜੱਥੇਬੰਦੀਆਂ ਜਾਂ ਸਾਧ ਲਾਣਾ ਸਿਧਾਂਤਕ ਪਰਚਰਾਕਾਂ
ਦਾ ਵਿਰੋਧ ਕਰਦੇ ਹਨ, ਉਹਨਾਂ ਨੂੰ ਠੱਲ ਪਉਣ ਲਈ ਉਸ ਇਲਾਕੇ ਦੇ ਸ਼੍ਰੌਮਣੀ ਕਮੇਟੀ ਮੈਂਬਰਾਂ ਆਪ ਅੱਗੇ
ਆਉਣਾ ਚਾਹੀਦਾ ਹੈ। ਸਿੱਖੀ ਪਰਚਾਰ ਦੀ ਵਾਗ ਡੋਰ ਇਹਨਾਂ ਮੈਂਬਰਾਂ ਨੂੰ ਖ਼ੁਦ ਸੰਭਾਲਣੀ ਚਾਹੀਦੀ ਹੈ।
ਹੈਰਾਨਗੀ ਦੀ ਗੱਲ ਦੇਖੋ ਜਿਹੜੀਆਂ ਅਖੋਤੀ ਜੱਥੇਬੰਦੀਆਂ ਰਹਿਤ ਮਰਯਾਦਾ ਦੀ
ਇੱਕ ਮੱਦ ਨੂੰ ਵੀ ਨਹੀਂ ਮੰਨਦੀਆਂ ਜੱਥੇਦਾਰ ਉਹਨਾਂ ਦੀ ਹੀ ਗੱਲ ਧਿਆਨ ਨਾਲ ਸੁਣਦੇ ਹਨ ਜਿਹੜੇ
ਗੁਰਮਤ ਦਾ ਪ੍ਰਚਾਰ ਕਰਦੇ ਹਨ ਉਹਨਾਂ ਲਈ ਫਤਵੇ ਜਾਰੀ ਕਰਦੇ ਹਨ।
ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਜਿਹੜੇ ਹੁਕਮਨਾਮੇ ਆਪਣੇ ਹੀ ਭਰਾਵਾਂ
ਨੂੰ ਪੰਥ ਵਿਚੋਂ ਛੇਕਣ ਵਾਲੇ ਜਾਰੀ ਹੋਏ ਹਨ ਉਹਨਾਂ `ਤੇ ਕਮੇਟੀ ਬੈਠਾ ਕੇ ਨਵੇਂ ਸਿਰੇ ਤੋਂ ਖੁਲ੍ਹੇ
ਦਿੱਲ ਨਾਲ ਵਿਚਾਰ ਕਰੇ। ਵਿਚਾਰਾਂ ਦੀ ਖੋਲ੍ਹ ਹੋਣੀ ਚਾਹੀਦੀ ਹੈ ਬਸ਼ਰਤੇ ਕਿ ਉਹ ਨਿਯਮ ਵਿੱਚ ਹੋਣੀਆਂ
ਚਾਹੀਦੀਆਂ ਹਨ।
ਚੰਦ ਬੰਦੇ ਹਨ ਜਿਹੜੇ ਗੁਰਮਤ ਦਾ ਪ੍ਰਚਾਰ ਰੋਕਣ ਲਈ ਹਰ ਥਾਂ `ਤੇ ਉਚ
ਅਫਸਰਾਂ ਤਕ ਪਹੁੰਚ ਕਰਦੇ ਹਨ ਕੀ ਉਹ ਪੰਜਾਬ ਵਿੱਚ ਲਚਰ ਗਾਇਕੀ ਨੂੰ ਰੋਕਣ ਲਈ ਵੀ ਜਾਂਦੇ ਹਨ? ਅਨੰਦ
ਕਾਰਜ ਗੁਰਦੁਆਰੇ ਹੁੰਦਾ ਹੈ ਤੇ ਭੀੜ ਮੈਰਿਜ ਪੈਲਸ ਵਿੱਚ ਹੁੰਦੀ ਹੈ। ਅਜੇਹੀਆਂ ਸਮਾਜਕ ਬੁਰਾਈਆਂ
ਸਬੰਧੀ ਵੀ ਇਹ ਜੱਥੇਬੰਦੀਆਂ ਕੋਈ ਉਸਾਰੂ ਕੰਮ ਕਰਦੀਆਂ ਹਨ? ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਅਖੋਤੀ
ਜੱਥੇਬੰਦੀਆਂ ਤੇ ਸਾਧ ਲਾਣੇ ਦੇ ਗੈਰਕੁਦਰਤੀ ਵਰਤਾਰੇ ਦੀ ਕਦੇ ਵੀ ਨਿਖੇਧੀ ਨਹੀਂ ਕੀਤੀ।
ਭਾਈ ਸਰਬਜਤਿ ਸਿੰਘ ਧੂੰਦਾ ਭਾਈ ਪੰਥ ਪ੍ਰੀਤਸਿੰਘ ਦੇ ਧਾਰਮਕ ਦੀਵਾਨਾਂ ਨੂੰ
ਰੋਕਣ ਲਈ ਪੂਰਾ ਅੱਡੀਚੋਟੀ ਦਾ ਜ਼ੋਰ ਲੱਗਿਆ ਹੁੰਦਾ ਹੈ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ
ਹੋਰ ਮਾੜੀ ਸਥਿੱਤੀ ਕੌਮ ਦੀ ਕੀ ਹੋਏਗੀ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਚੋਹਲਾ ਸਹਿਬ ਦੇ
ਦੀਵਾਨ ਅਕਾਲ ਤੱਖਤ ਦੇ ਜੱਥੈਦਾਰ ਵਲੋਂ ਬੰਦ ਕਰਨ ਦੀ ਸਲਾਹ ਦਿੱਤੀ ਗਈ। ਚਾਹੀਦਾ ਤਾਂ ਇਹ ਸੀ
ਜੱਥੇਦਾਰ ਦੋਨਾਂ ਧਿਰਾਂ ਦੇ ਨੁਮਾਇੰਦੇ ਸੱਦ ਕੇ ਮਸਲੇ ਦਾ ਹੱਲ ਕੱਢਕੇ ਦੀਵਾਨਾਂ ਦੀ ਆਗਿਆ ਦੇਂਦੇ
ਤਾਂ ਕਿ ਕੌਮ ਭਰਾ ਮਾਰੂ ਜੰਗ ਤੋਂ ਬਚੀ ਰਹੇ। ਦੂਸਰਾ ਅਖੋਤੀ ਜੱਥੈਬੰਦੀਆਂ ਵਲੋਂ ਦੀਵਾਨਾਂ ਨੂੰ ਰੋਕ
ਕੇ ਇੱਕ ਗਲਤ ਪਿਰਤ ਪਾ ਦਿੱਤੀ ਹੈ ਤਾਂ ਕਿ ਅੱਗੋਂ ਤੋਂ ਕੋਈ ਵੀ ਪ੍ਰਚਾਰਕ ਸਿਧਾਂਧਕ ਵਿਚਾਰਾਂ ਨਾ
ਕਰਨ। ਹੈਰਾਨਗੀ ਦੀ ਗੱਲ ਦੇਖੋ ਸਾਧ ਜੋ ਮਰਜ਼ੀ ਬੋਲੀ ਜਾਣ ਇਹਨਾਂ ਨੂੰ ਕੋਈ ਸਮੱਸਿਆ ਨਹੀਂ ਹੈ ਪਰ
ਸਿੱਖ ਸਿਧਾਂਤ ਤੋਂ ਵੱਡੀ ਸਮੱਸਿਆ ਹੈ। ਜਿਹੜੀਆਂ ਜੱਥੇਬੰਦੀਆਂ ਦੇ ਕਹੇ `ਤੇ ਦੀਵਾਨ ਰੱਦ ਕੀਤੇ ਹਨ
ਉਹ ਰਹਿਤ ਮਰਯਾਦਾ ਦੀ ਇੱਕ ਵੀ ਮੱਦ ਮੰਨਣ ਲਈ ਤਿਆਰ ਨਹੀਂ ਹਨ।
ਸ਼੍ਰੋਮਣੀ ਕਮੇਟੀ ਵਲੋਂ ਕੁਤਾਹੀ-ਦਰ-ਕੁਤਾਹੀ ਕੀਤੀ ਜਾ ਰਹੀ ਹੈ ਸਭ ਤੋਂ ਵੱਧ
ਦੁਖਾਂਤ ਹੈ ਕਿ ਇਸ ਕੁਤਾਹੀ ਵਿੱਚ ਸੜਕ-ਛਾਪ ਨੇਤਾਜਨ ਤੇ ਅਖੌਤੀ ਜੱਥੇਬੰਦੀਆਂ ਦੀ ਭਾਈਵਾਲੀ ਸਾਂਝੀ
ਹੈ। ਕੀ ਸ਼੍ਰੋਮਣੀ ਕਮੇਟੀ ਸਿੱਖ ਰਹਿਤ ਮਰਯਾਦਾ ਦੀ ਹੁੰਦੀ ਕੁਤਾਹੀ ਰੋਕ ਨਹੀਂ ਸਕਦੀ? ਆਹ ਨਵਾਂ
ਸ਼ੋਸ਼ਾ ਦੇਖ ਲਓ
ਹੱਡੀਆਂ ਦੀ ਸੈਰ. ਜਿਹੜੀ
ਭਾਈ ਰੁਪਿੰਦਰ ਸਿੰਘ ਕਾਲਖ ਨੇ ਲਿਖੀ ਹੈ
… … ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਨੇ ਕੌਮ
ਲਈ ਜੋ ਵੀ ਚੰਗਾ (ਜਾਂ ਮਾੜਾ) ਕੀਤਾ ਉਹ ਸਭ ਆਪੋ ਆਪਣੀ ਸੋਚ ਮੁਤਾਬਕ ਸੋਚਦੇ ਹਨ।ਪਰ ਆਹ ਖ਼ਬਰ
ਪੜ੍ਹਕੇ ਲਗਦਾ ਵੀ ਜਿੰਨਾਂ ਜਲੂਸ ਕੌਮ ਦੇ ਆਹ ਨਕਲੀ ਜਥੇਦਾਰ ਕੱਢਦੇ ਆ ਹੋਰ ਕੋਈ ਨੀ ਕੱਢਦਾ ਹੋਣਾ!
(ਅਖੌਤੀ ਸਾਧਾਂ ਬਾਬਿਆਂ ਵਾਲੀ ਨਿੱਕ ਸੁੱਕ ਵੀ ਵਿੱਚ ਈ ਆ ਇੰਨਾਂ ਸਿੱਖ ਰਹਿਤ ਮਰਯਾਦਾ ਵਿੱਚ ਮਿਰਤਕ
ਸੰਸਕਾਰ ਦੇ ਸਿਰਲੇਖ ਹੇਠਾਂ "ਭਾਗ ਖ" ਵਿੱਚ ਲਿਖਿਆ ਹੋਇਆ ਕਿ ਅੰਗੀਠੇ ਵਿੱਚੋਂ ਫੁੱਲ (ਹੱਡੀਆਂ)
ਚੁਗ ਕੇ ਗੰਗਾ, ਪਤਾਲਪੁਰੀ (ਕੀਰਤਪੁਰ), ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿੱਚ ਜਾ ਕੇ ਪਾਉਣੇ
`ਮਨਮੱਤ `ਹੈ। ਪਰ ਆਹ ਕੌਮ ਦੇ ਮਹਾਨ ਆਗੂ ਹੱਡੀਆਂ ਨੂੰ ਕੜਾਹੀ ਚ ਪਾਕੇ ਦਰਬਾਰ ਸਾਹਿਬ ਚੁੱਕੀ
ਫਿਰਦੇ ਆ। ਕਹਿੰਦੇ ਇੱਥੋਂ ਅਰਦਾਸ ਬੇਨਤੀ ਕਰਕੇ ਕੀਰਤਪੁਰ ਰਵਾਨਾ ਹੋਣਾ। ਹੱਦ ਹੋਗੀ ਕੀ ਇਹਨਾਂ
ਮਹਾਨ ਆਗੂਆਂ ਸਮੇਤ ਸਿਮਰਜਜੀਤ ਸਿੰਘ ਮਾਨ ਹੁਰਾਂ ਨੇ ਸਿੱਖ ਰਹਿਤ ਮਰਯਾਦਾ ਨਹੀਂ ਪੜ੍ਹੀ? ? ? ? ਕੀ
ਕੀਰਤਪੁਰ ਸਾਹਿਬ ਹੱਡੀਆਂ ਪਾਉਣ ਲਈ ਬਣਿਆ? ? ਆਹ ਖ਼ਬਰ ਚ ਅੱਗੇ ਲਿਖਿਆ ਵੀ ਇਕ ਨਿਸ਼ਾਨ ਹੇਠਾਂ ਕੌਮ
ਇਕੱਠੀ ਹੋਵੇ! ਤੁਸੀਂ ਇਕੱਠੇ ਉ ਅਕਾਲ ਤਖ਼ਤ ਸਾਹਿਬ ਤੋਂ ਪਰਵਾਣਤ ਸਿੱਖ ਰਹਿਤ ਮਰਯਾਦਾ ਮੁਤਾਬਕ? ?
? ਕਰਲੋ ਤਰੱਕੀਆਂ, ਕੌਮ ਤਾਂ ਸਾਡੀ ਹੱਡੀਆਂ ਚ ਉਲਝੀ ਫਿਰਦੀ ਆ ਹਜੇ। ਜਥੇਦਾਰ ਤਾਂ ਪਹਿਲਾਂ ਵਾਲੇ
ਨੀ ਸੀ ਲੋਟ ਆਉਂਦੇ ਹੁਣ ੪ ਹੋਰ ਬਖਸ਼ਤੇ। ਬਚੋ ਅਖੌਤੀ ਧਰਮੀਆਂ ਤੋਂ ਜਿਹੋ ਜਿਹੇ ਊਤ ਆਗੂ ਉਹੋ ਜਿਹੇ
ਬਗਲੇ ਭਗਤ"!
ਸ਼ਹੀਦਾਂ ਦੀ ਜੱਥੇਬੰਦੀ ਸ਼੍ਰੋਮਣੀ ਕਮੇਟੀ ਆਪਣੇ ਸ਼ਾਨਾਂ ਮੱਤੀ ਵਿਰਸੇ ਨੂੰ
ਸਮਝ ਕੇ ਆਪੇ ਬਣੀਆਂ ਜੱਥੇਬੰਦੀਆਂ ਸਿੱਖ ਸਿਧਾਂਤ ਦੀ ਲੀਹ ਤੋਂ ਲੱਥਾ ਸਾਧ ਲਾਣੇ ਸੜਕ ਛਾਪ ਆਗੂਆਂ
ਤੋਂ ਖਹਿੜਾ ਛੁਡਾਉਣ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਡੰਗ ਟਪਾਊ ਨੀਤੀ ਦਾ ਤਿਆਗ ਕਰਕੇ ਕੌਮ ਲਈ
ਨਿਗਰ ਯਤਨ ਕਰਨੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਦੇ ਸਮੂੰਹ ਮੈਂਬਰਾਨ ਸਾਹਿਬ ਨੂੰ ਪੁਰਜ਼ੋਰ ਬੇਨਤੀ
ਹੈ ਕਿ ਇੱਕ ਗੁਰੂ ਇੱਕ ਪੰਥ ਤੇ ਰਹਿਤ ਮਰਯਾਦਾ ਦੇ ਸੰਕਲਪ ਨੂੰ ਸਮਝੋ ਤੇ ਇਸ `ਤੇ ਪਹਿਰਾ ਦਿਓ।
ਬਾਕੀ ਕੰਮ ਤਾਂ ਭਾਵੇ ਬਆਦ ਵਿੱਚ ਕਰ ਲਿਆ ਜੇ ਬੰਗਲਾ ਸਹਿਬ ਤੇ ਮੰਜੀ ਸਾਹਿਬ ਤੋਂ ਹੁੰਦੀ ਸ਼ਬਦ
ਵਿਚਾਰ ਲਈ ਸਿਧਾਂਤਕ ਪ੍ਰਚਾਰਕਾਂ ਦੀਆਂ ਸੇਵਾਂਵਾਂ ਲਓ ਤਾਂ ਕਿ ਸਾਡੀ ਕੌਮ ਹਿੰਦੂਤਵ ਦੇ ਭਗਵਾਕਰਨ
ਤੋਂ ਬਚ ਸਕੇ। ਜੇ ਮਾਂ ਹੀ ਪੁੱਤ ਨੂੰ ਜ਼ਹਿਰ ਦੇਵੇਗੀ ਤਾਂ ਬੱਚੇ ਦੀ ਰਾਖੀ ਕੌਣ ਕਰੇਗਾ?
ਜੇ ਮਾਉ ਪੁਤੈ ਵਿਸੁ ਦੇ ਤਿਸ ਤੇ ਕਿਸੁ ਪਿਆਰਾ।
ਜੇ ਘਰੁ ਭੰਨੇ ਪਾਹਰੂ ਕਉਣ ਬਖਸ਼ਣਹਾਰਾ।
ਭਾਈ ਗੁਰਦਾਸ ਜੀ ਵਾਰ ੩੫ ਪਉੜੀ ੨੨
ਅਤੇ ਜੇ ਆਗੂ ਹੀ ਅੰਨ੍ਹਾ ਹੋਵੇ ਤਾਂ ਪਿੱਛੇ ਤੁਰਨ ਵਾਲੇ ਅੰਧੇਰ ਖੂਹ ਵਿੱਚ
ਹੀ ਡਿੱਗਣਗੇ।
ਅੰਧਾ ਆਗੂ ਜੇ ਥੀਏ ਕਿਉ ਪਾਧਰੁ ਜਾਣੈ।।
ਆਪਿ ਮੁਸੈ ਮਤਿ ਹੋਛੀਐ ਕਿਉ ਰਾਹ ਪਛਾਣੈ।।
ਸੂਹੀ ਮਹਲਾ ੧ ਪੰਨਾ ੭੬੭
ਅਜੇ ਤਕ ਸ਼੍ਰੋਮਣੀ ਕਮੇਟੀ ਕੋਲ ਕੋਈ ਸਿੱਖ ਸਿਧਾਂਤਾਂ ਦੀ ਤਰਜਮਾਨੀ ਕਰਨ
ਵਾਲਾ ਆਪਣਾ ਅਖ਼ਬਾਰ ਨਹੀਂ ਹੈ।
ਬਿਜਲਈ ਮਧਿਆਮ ਰਾਂਹੀ ਜੁਆਬ ਦੇਣ ਲਈ ਕੋਈ ਸਾਧਨ ਨਹੀਂ ਹੈ। ਨਾ ਕੋਈ ਟੀਵੀ
ਤੇ ਨਾ ਕੋਈ ਰੇਡੀਓ?
ਸਕੂਲ, ਕਾਲਜ ਤਾਂ ਬਥੇਰੇ ਹਨ ਅੰਤਰਰਾਸ਼ਟਰੀ ਦੇ ਮਿਆਰ ਦੇ ਨਹੀਂ ਹਨ।
ਵਿਚਾਰਾਂ ਦੇ ਮਤ ਭੇਦ ਕਰਕੇ ਹੁਕਮ ਨਾਮੇ ਜਾਰੀ ਕਰਕੇ ਪੰਥ ਵਿਚੋਂ ਖਾਰਜ
ਕਰਨਾ ਬੱਚਿਆਂ ਦੀ ਖੇਡ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ।
ਸਭ ਤੋਂ ਜ਼ਰੂਰੀ ਕੰਮ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਇੱਕ ਸਬ
ਕਮੇਟੀ ਬਣਾਈ ਜਾਏ ਜੋ ਹਿੰਦੂਤਵ ਦੇ ਅਜਗਰ ਸੱਪ ਦੇ ਮੂੰਹ ਵਿੱਚ ਪੈਣੋ ਕੌਮ ਨੂੰ ਬਚਾਉਣ ਲਈ ਨਿਗਰ
ਉਪਰਾਲੇ ਕਰਨੇ ਚਾਹੀਦੇ ਹਨ।
ਸ਼੍ਰੋਮਣੀ ਕਮੇਟੀ ਦੇ ਸਮੂੰਹ ਮੈਂਬਰ ਨਾਨਕ ਸ਼ਾਹੀ ਕੈਲੰਡਰ ਲਾਗੂ ਕਰਾਉਣ ਲਈ
ਆਪਣੀ ਜ਼ਿੰਮੇਵਾਰੀ ਸਮਝਣ ਤਾਂ ਕਿ ਕੌਮ ਵਿਚੋਂ ਭੰਬਲ਼ ਭੂਸਾ ਖਤਮ ਹੋਵੇ।