ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਸਿੱਖ ਕੌਮ ਦੇ ਆਗੂਆਂ ਦੀ ਦੁਬਿਧਾ
ਸਿੱਖ ਕੌਮ ਦੇ ਰਾਜਨੀਤਕ ਅਤੇ
ਧਾਰਮਕ ਦੋ ਤਰ੍ਹਾਂ ਦੇ ਆਗੂ ਬਣੇ ਹੋਏ ਹਨ। ਆਪਣੇ ਵਲੋਂ ਰਾਜਨੀਤਕ ਆਗੂ ਨਿਸ਼ਕਾਮ ਸੇਵਾ ਕਰਦੇ ਹਨ ਜਦ
ਕਿ ਧਾਰਮਕ ਆਗੂ ਤਨਖਾਹਦਾਰ ਹਨ। ਰਾਜਨੀਤਕ ਆਗੂ ਜਦੋਂ ਕਿਸੇ ਬਿਪਤਾ ਵਿੱਚ ਫਸ ਜਾਂਦੇ ਹਨ ਜਾਂ ਜਦੋਂ
ਕੋਈ ਆਪਣਾ ਨਿੱਜੀ ਫਾਇਦਾ ਲੈਣਾ ਹੁੰਦਾ ਹੈ ਤਾਂ ਇਹਨਾਂ ਤਨਖਾਹਦਾਰ ਧਰਮੀ ਆਗੂਆਂ ਨੂੰ ਆਪਣੀ ਸਹਾਇਤਾ
ਲਈ ਵਰਤਦੇ ਹਨ। ਇਹਨਾਂ ਰਾਜਨੀਤਕ ਆਗੂਆਂ ਨੇ ਧਰਮ ਦੇ ਨਾਂ `ਤੇ ਕੌਮ ਨੂੰ ਦਿਨ ਦੀਵੀੰ ਗੁਮਰਾਹ ਕਰਕੇ
ਆਪਣੀਆਂ ਰੋਟੀਆਂ ਸੇਕਦੇ ਆ ਰਹੇ ਹਨ।
ਜਦੋਂ ਵੀ ਰਾਜਨੀਤਕ ਆਗੂ ਆਪਣੀ ਤਕੀਰਰ ਕਰਦਾ ਹੈ ਤਾਂ ਉਹ ਆਪਣੇ ਤੋਂ ਪਹਿਲਾਂ ਹੋ ਚੁੱਕੇ ਆਗੂਆਂ ਨੂੰ
ਪਾਣੀ ਪੀ ਪੀ ਕੇ ਕੋਸਦਾ ਹੈ ਕਿ ਅਖੇ ਉਹਨਾਂ ਪਾਸੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਹਨ ਜਿਸ ਕਰਕੇ
ਅੱਜ ਕੌਮ ਦਾ ਆਹ ਹਾਲ ਹੋਇਆ ਹੈ। ਹੈਰਾਨਗੀ ਦੀ ਗੱਲ ਦੇਖੋ ਜਿਹੜੀਆਂ ਗਲਤੀਆਂ ਪਹਿਲੇ ਆਗੁਆਂ ਦੀਆਂ
ਦੱਸ ਰਹੇ ਹਨ ਉਸ ਤੋਂ ਕਈ ਗੁਣਾਂ ਵੱਧ ਗਲਤੀਆਂ ਇਹ ਰਾਜਨੀਤਕ ਆਗੂ ਖ਼ੁਦ ਕਰ ਰਹੇ ਹਨ ਪਰ ਅੱਗੇ ਬੈਠੇ
ਲੋਕ ਇਹਨਾਂ ਦੇ ਭਾਸ਼ਨ ਬੜੇ ਅਰਾਮ ਨਾਲ ਸੁਣ ਹੀ ਨਹੀਂ ਰਹੇ ਹੁੰਦੇ ਹੁੰਦੇ ਸਗੋਂ ਇਹਨਾਂ ਨੂੰ ਵੱਧ
ਤੋਂ ਵੱਧ ਵੋਟਾਂ ਪਾ ਕੇ ਜਿਤਾਉਂਦੇ ਹਨ। ਲੋਕ ਸਮਝਦੇ ਹਨ ਕਿ ਸ਼ਾਇਦ ਇਹ ਕੌਮ ਦੀ ਵੱਡਮੁੱਲੀ ਸੇਵਾ ਕਰ
ਰਹੇ ਹਨ।
ਸ਼੍ਰੌਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਦੀ ਉਤਪਤੀ ਗੁਰਦੁਆਰਿਆਂ ਵਿਚੋਂ ਬਿੱਪਰੀ ਸੋਚ ਨੂੰ ਖਤਮ
ਕਰਨ, ਗੁਰੂ ਗ੍ਰੰਥ ਸਾਹਿਬ ਦੀ ਨਿਰੋਈ ਵਿਚਾਰਧਾਰਾ ਦੇਣ ਲਈ, ਗੁਰਦੁਆਰਿਆਂ ਦੇ ਸਮੁੱਚੇ ਪ੍ਰਬੰਧ ਨੂੰ
ਸੁਚੱਜਾ ਬਣਾਉਣ ਲਈ ਅਤੇ ਦੇਸ-ਵਿਦੇਸ ਵਿੱਚ ਬੈਠੇ ਸਿੱਖ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ
ਲਈ ਹੋਈ ਸੀ। ਸਿੱਖ ਕੌਮ ਦੀ ਆਨ-ਸ਼ਾਨ ਨੂੰ ਬਹਾਲ ਰੱਖਣ ਲਈ, ਮਹਾਂਰਾਜਾ ਰਣਜੀਤ ਸਿੰਘ ਵਾਲੇ ਦੇਸ
ਪੰਜਾਬ ਨੂੰ ਅਜ਼ਾਦ ਕਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਸੀ ਜਿਹੜਾ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੀ ਸਰਦਾਰੀ ਕਬੂਲ ਕੇ ਚਲਦਾ ਸੀ।
ਮੁਲਕ ਅਜ਼ਾਦ ਹੁੰਦਿਆਂ ਹੀ ਭਾਰਤੀ ਨੇਤਾਵਾਂ ਨੇ ਆਪਣੇ ਸਿੱਖ ਭਾਈਚਾਰੇ ਨਾਲ ਕੀਤੇ ਕੌਲ ਕਰਾਰਾਂ `ਤੇ
ਇਕਵੱਢਿਓਂ ਪਾਣੀ ਫੇਰ ਦਿੱਤਾ। ਭਾਰਤ ਅੰਗਰੇਜ਼ਾਂ ਤੋਂ ਅਜ਼ਾਦ ਤਾਂ ਹੋ ਗਿਆ ਪਰ ਸਿੱਖ ਭਾਰਤ ਵਿੱਚ ਘੱਟ
ਗਿਣਤੀ ਹੋਣ ਕਰਕੇ ਹਿੰਦੂਤਵ ਦੇ ਗੁਲਾਮ ਹੋ ਕੇ ਰਹਿ ਗਏ। ਜਿਹੜੀ ਅਜ਼ਾਦੀ ਲਈ ਸਿੱਖ ਕੌਮ ਦੇ ਆਗੂਆਂ
ਨੇ ਸੰਘਰਸ਼ ਕੀਤਾ ਸੀ ਉਹ ਕੇਵਲ ਇੱਕ ਸੁਪਨਾ ਬਣ ਕੇ ਰਹਿ ਗਈ ਤੇ ਉਸ ਦਾ ਫਾਇਦਾ ਹਿੰਦੂਤਵੀ ਨੇਤਾ ਲੈ
ਗਏ। ਸਿੱਖ ਆਗੂ ਪੂਰੀ ਦੁਬਿਧਾ ਦਾ ਸ਼ਿਕਾਰ ਹੋ ਕੇ ਕੁੱਝ ਕਾਮਰੇਡ ਪਾਰਟੀ ਅਤੇ ਕੁੱਝ ਕਾਂਗਰਸ ਪਾਰਟੀ
ਨਾਲ ਰਲ਼ ਗਏ। ਬਾਕੀ ਬਚੇ ਸਿੱਖ ਆਗੂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਪੰਜਾਬ ਦੇ ਬੁਨਿਆਦੀ
ਹੱਕਾਂ ਲਈ ਮੋਰਚੇ ਲਗਾਉਣ ਲੱਗ ਪਏ। ਬੇਈਮਾਨ ਕੇਂਦਰੀ ਨੇਤਾਵਾਂ ਨੇ ਹਰ ਵਾਰ ਸਿੱਖ ਕੌਮ ਦੇ ਆਗੂਆਂ
ਨਾਲ ਸਮਝੌਤੇ ਕਰਕੇ ਪੰਜਾਬ ਦੇ ਹੱਕਾਂ ਨੂੰ ਖੋਹਿਆ ਹੀ ਹੈ ਤੇ ਬਾਕੀ ਮਸਲਿਆਂ ਨੂੰ ਹੱਲ ਕਰਨ ਲਈ
ਲਾਰਿਆਂ ਦਾ ਲੋਲੀਪੋਪ ਦੇ ਕੇ ਸਾਰ ਦਿੱਤਾ।
ਪਾਠਕਾਂ ਨੂੰ ਯਾਦ ਹੋਏਗਾ ਜਦੋਂ ਰਜੀਵ ਗਾਂਧੀ ਨੇ ਹਰਚੰਦ ਸਿੰਘ ਲੌਗੋਵਾਲ, ਸੁਰਜੀਤ ਸਿੰਘ ਬਰਨਾਲਾ
ਤੇ ਬਲਵੰਤ ਸਿੰਘ ਨਾਲ ਰਾਜਸੀ ਸਮਝੌਤਾ ਕੀਤਾ ਸੀ ਤਾਂ ਓਦੋਂ ਅਜੀਤ ਅਖਬਾਰ ਵਿੱਚ ਇੱਕ ਕਾਰਟੂਨ ਛੱਪਿਆ
ਸੀ। ਬਾਦਲ ਤੇ ਟੋਹੜੇ ਨੂੰ ਚਾਦਰਾਂ ਬੰਨ੍ਹਾ ਕਿ ਹੱਥਾਂ ਵਿੱਚ ਕਾਂਟੋਂ ਫੜਾ ਕੇ ਇੱਕ ਦੂਜੇ ਨੂੰ
ਪੁੱਛ ਰਹੇ ਸੀ ਕਿ ਨੱਚੀਏ ਕਿ ਨਾ—ਅੱਧਿਆਂ ਆਗੂਆਂ ਸਮਝੌਤਾ ਮੰਨ ਲਿਆ ਤੇ ਅੱਧਿਆਂ ਸਮਝੌਤਾ ਰੱਦ ਕਰ
ਦਿੱਤਾ। ਇਹ ਆਗੂ ਪੂਰੀ ਦੁਬਿਧਾ ਦੇ ਸ਼ਿਕਾਰ ਹੋ ਚੁੱਕੇ ਸਨ। ਕਹਿਆ ਜਾ ਸਕਦਾ ਹੈ ਕਿ ਸਿੱਖ ਕੌਮ
ਘੋਲੂਘਾਰਿਆਂ ਵਿੱਚ ਸ਼ਹੀਦੀਆਂ ਪਾਉਂਦੀ ਆਈ ਹੈ ਪਰ ਜਦੋਂ ਵੀ ਕਦੇ ਸਮਝੌਤੇ ਦੀ ਗੱਲ ਆਉਂਦੀ ਹੈ ਤਾਂ
ਸਾਡੇ ਨੇਤਾ ਕੌਮੀ ਨੁਕਸਾਨ ਕਰਾ ਕੇ ਘਰ ਆ ਜਾਂਦੇ ਹਨ। ਰਜੀਵ ਲੌਂਗੋਵਾਲ ਸਮਝੌਤੇ ਤਹਿਤ ਨਾ ਤਾਂ
ਪੰਜਾਬ ਨੂੰ ਚੰਡੀਗੜ੍ਹ ਮਿਲਿਆ ਤੇ ਨਾ ਹੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕੀਤੇ ਗਏ।
ਸਿੱਖ ਨੇਤਾਵਾਂ ਦੇ ਇਹਨਾਂ ਸਮਝੌਤਿਆਂ ਨੇ ਪੰਜਾਬ ਨਾਲ ਪਹਿਲਾਂ ਹੁੰਦੇ ਧੱਕਿਆਂ `ਤੇ ਪ੍ਰਵਾਨਗੀ ਦੀ
ਮੋਹਰ ਹੀ ਲਗਾਈ ਹੈ। ਮਿਸਾਲ ਦੇ ਤੌਰ `ਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਵਿਧਾਨ ਸਭਾ ਵਿੱਚ ਇੱਕ ਮਤਾ
ਪਾਸ ਕੀਤਾ ਕਿ ਪੰਜਾਬ ਪਾਸ ਕੋਈ ਵਾਧੂ ਪਾਣੀ ਨਹੀਂ ਹੈ ਇਸ ਲਈ ਸਤਲੁਜ ਜਮਨਾ ਲਿੰਕ ਨਹਿਰ ਨਹੀਂ ਬਣਾਈ
ਜਾ ਸਕਦੀ ਪਰ ਨਾਲ ਹੀ ਇਹ ਕਹਿ ਦਿੱਤਾ ਕਿ ਜਿਹੜੇ ਪਹਿਲੇ ਪਾਣੀਆਂ ਦੇ ਸਮਝੌਤੇ ਕੀਤੇ ਹਨ ਉਹ ਓਸੇ
ਤਰ੍ਹਾਂ ਹੀ ਬਰਕਰਾਰ ਰਹਿਣਗੇ। ਜਨੀ ਕਿ ਜਿਹੜਾ ਪਹਿਲਾਂ ਪਾਣੀ ਬਿਨਾ ਮੁਆਮਲੇ ਦੇ ਜਾ ਰਿਹਾ ਹੈ ਉਹ
ਓਸੇ ਤਰ੍ਹਾਂ ਹੀ ਜਾਂਦਾ ਰਹੇਗਾ। ਮੁਕਦੀ ਗੱਲ ਪੰਜਾਬ ਦਾ ਮੁੱਖ ਮੰਤਰੀ ਓਸੇ ਨੂੰ ਬਣਾਇਆ ਜਾਂਦਾ
ਰਿਹਾ ਹੈ ਜਿਹੜਾ ਕੇਂਦਰ ਦੇ ਢਾਂਚੇ ਵਿੱਚ ਫਿੱਟ ਬੈਠਦਾ ਰਿਹਾ ਹੈ। ਇਹਨਾਂ ਸਮਝੌਤਿਆਂ ਬਾਰੇ ਇੱਕ
ਵਿਦਵਾਨ ਨੇ ਟਿੱਪਣੀ ਕੀਤੀ ਸੀ ਸਿੱਖ ਨੇਤਾ ਭਾਰਤ ਦੇ ਕਿਸੇ ਨੇਤਾ ਨਾਲ ਰਸ ਗੁੱਲੇ ਖਾਹ ਆਉਣ ਤਾਂ ਇਹ
ਕੌਮ ਦੇ ਭਵਿਖਤ ਨੂੰ ਉਹਨਾਂ ਦੇ ਹੱਥ ਹੀ ਫੜਾ ਕੇ ਜੈਕਾਰੇ ਲਗਾਉਂਦੇ ਆਉਂਦੇ ਵਾਪਸ ਮੁੜ ਆਉਂਦੇ ਹਨ।
ਇਹ ਸਾਰਾ ਕੁੱਝ ਸੋਚੀ ਸਮਝੀ ਨੀਤੀ ਦੇ ਤਹਿਤ ਹਿੰਦੂ ਨੇਤਾਵਾਂ ਨੇ ਬਹੁ ਗਿਣਤੀ ਹਿੰਦੂਆਂ ਦੀਆਂ
ਵੋਟਾਂ ਨੂੰ ਮੁੱਖ ਰੱਖ ਕੇ ਕੀਤਾ ਹੋਇਆ ਹੈ। ਕੇਂਦਰੀ ਨੇਤਾਵਾਂ ਨੂੰ ਇੱਕ ਨੁਕਤਾ ਹੱਥ ਲੱਗ ਗਿਆ ਕਿ
ਸਿੱਖ ਕੌਮ ਘੱਟ ਗਿਣਤੀਆਂ ਵਿੱਚ ਆਉਂਦੀ ਹੈ ਤੇ ਇਸ ਦੇ ਨੇਤਾ ਜਦੋਂ ਵੀ ਕੋਈ ਪੰਜਾਬ ਪ੍ਰਤੀ ਮੰਗ
ਮੰਗਣ ਤਾਂ ਫੱਟ ਸਾਰੇ ਭਾਰਤ ਵਿੱਚ ਇਹ ਗੱਲ ਫੈਲਾ ਦਿਓ ਕਿ ਸਿੱਖ ਭਾਰਤ ਨਾਲੋਂ ਵੱਖ ਹੋਣਾ ਚਾਹੁੰਦੇ
ਹਨ, ਦੇਸ ਦੇ ਟੁੱਕੜੇ ਟੁਕੜੇ ਕਰਨਾ ਚਾਹੁੰਦੇ ਹਨ ਇੰਜ ਬਹੁਗਿਣਤੀ ਹਿੰਦੂਆਂ ਦੀਆਂ ਵੋਟਾਂ ਨਾਲ ਰਾਜ
ਕਰਦੇ ਰਹੇ ਤੇ ਕਰ ਰਹੇ ਹਨ।
ਸਿੱਖ ਆਗੂਆਂ ਨੇ ਵੀ ਏਹੀ ਪੱਤਾ ਖੇਲਣਾ ਸ਼ੁਰੂ ਕਰ ਦਿੱਤਾ। ਜਦੋਂ ਇਹ ਰਾਜ ਸੱਤਾ ਤੋਂ ਬਾਹਰ
ਹੁੰਦੇ ਹਨ ਤਾਂ ਇਹਨਾਂ ਨੂੰ ਪੰਥ ਖਤਰੇ ਵਿੱਚ ਦੱਸ ਕੇ ਪੰਥਕ ਮਸਲਿਆਂ ਦੀ ਯਾਦ ਸਤਾਉਂਦੀ ਹੈ। ਜਦੋਂ
ਇਹ ਸੱਤਾ ਵਿੱਚ ਆ ਜਾਂਦੇ ਹਨ ਤਾਂ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਭੁੱਲ ਜਾਣ ਵਿੱਚ ਭਲਾ ਸਮਝਦੇ
ਹਨ। ਪੰਥ ਖਤਰੇ ਵਿੱਚ ਦੱਸਣ ਵਾਲੇ ਰਾਜ ਭਾਗ ਦਾ ਅਨੰਦ ਮਾਣਦਿਆਂ ਮੂੰਹ ਵਿੱਚ ਘੂੰਗਣੀਆਂ ਪਾ ਲੈਂਦੇ
ਹਨ। ਏੰਨ੍ਹੀ ਵਾਰ ਅਕਾਲੀ ਦਲ ਦੀ ਸਰਕਾਰ ਬਣੀ ਹੈ ਕਦੇ ਕੋਈ ਪੰਥਕ ਮਸਲਾ ਹੱਲ ਹੀ ਨਹੀਂ ਹੋਇਆ ਸਗੋਂ
ਸਿੱਖ ਸਿਧਾਂਤ ਦਾ ਘਾਣ ਹੀ ਹੋਇਆ ਹੈ।
ਮੌਜੂਦਾ ਹਲਾਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਦੁਬੇਲ
ਬਣ ਕੇ ਰਹਿ ਗਈ ਹੈ। ਸ਼੍ਰੋਮਣੀ ਅਕਾਲੀ ਦਲ ਕੇਵਲ ਇੱਕ ਪਰਵਾਰ ਦੀਆਂ ਗਰਜ਼ਾਂ ਪੂਰਦਾ ਹੋਇਆ ਸੁੰਘੜ ਕੇ
ਪੰਜਾਬੀ ਪਾਰਟੀ ਬਣਾ ਬੈਠਾ ਹੈ। ਏਦਾਂ ਵੀ ਕਹਿਆ ਜਾ ਸਕਦਾ ਹੈ ਕਿ ਮੌਜੂਦਾ ਸਮੇਂ ਵਿੱਚ ਸ਼੍ਰੋਮਣੀ
ਕਮੇਟੀ ਕੇਵਲ ਇੱਕ ਪਰਵਾਰ ਦੀ ਨਿੱਜੀ ਜਾਇਦਾਦ ਬਣ ਕੇ ਰਹਿ ਗਈ ਹੈ।
ਸਭ ਤੋਂ ਵੱਡਾ ਦੁਖਾਂਤ ਹੈ ਕਿ ਸਿੱਖ ਕੌਮ ਦੇ ਧਾਰਮਕ ਅਤੇ ਰਾਜਨੀਤਕ ਆਗੂ ਸਿੱਖ ਸਿਧਾਂਤ ਤੋਂ ਪੂਰੀ
ਤਰ੍ਹਾਂ ਘੇਸ ਹੀ ਨਹੀਂ ਮਾਰ ਚੁੱਕੇ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਹਿੰਦੂਤਵ
ਵਿੱਚ ਲਿਬੇੜ ਕਿ ਪੇਸ਼ ਕਰਨ ਨੂੰ ਤਰਜੀਹ ਦੇਣ ਲੱਗ ਪਏ ਹਨ।
ਵਰਤਮਾਨ ਸਮੇਂ ਵਿੱਚ ਸਿੱਖੀ ਪਰਚਾਰ ਲਈ ਫਿਲਮਾਂ ਦੀ ਭੁਮਿਕਾ ਕੀ ਹੋਣੀ ਚਾਹੀਦੀ ਹੈ? ਸਿੱਖ ਕੌਮ ਦੀ
ਬਹੁਤ ਵੱਡੀ ਕੰਮਜ਼ੋਰੀ ਹੈ ਕਿ ਵਿਚਾਰ ਕਰਨ ਤੋਂ ਪਹਿਲਾਂ ਹੀ ਜੈਕਾਰੇ ਲਗਾ ਕੇ ਹਰ ਗੱਲ ਨੂੰ ਪ੍ਰਵਾਨ
ਕਰ ਲੈਂਦੇ ਹਨ ਬਆਦ ਵਿੱਚ ਪਤਾ ਚਲਦਾ ਹੈ ਕਿ ਇਹ ਗੁਰਮਤ ਦੇ ਵਿਰੱਧ ਵਿਚਾਰ ਹਨ। ਜਦੋਂ ਛੋਟੇ
ਸਾਹਿਬਜ਼ਾਦਿਆਂ ਦੀ ਫਿਲਮ ਬਣੀ ਸੀ ਤਾਂ ਲਗ-ਪਗ ਸਾਰੀ ਕੌਮ ਨੇ ਬਹੁਤ ਸਲਾਹਿਆ ਸੀ। ਕਈ ਤਾਂ ਏੱਥੋਂ ਤਕ
ਵੀ ਆਪਣੀ ਮੂਰਖਤਾ ਜ਼ਾਹਰ ਕਰ ਗਏ ਸਨ ਕਿ ਸਾਨੂੰ ਤਾਂ ਜੀ ਪਹਿਲੀ ਵਾਰ ਛੋਟੇ ਸਾਹਿਬਜ਼ਾਦਿਆਂ ਸਬੰਧੀ
ਜਾਣਕਾਰੀ ਮਿਲੀ ਹੈ ਤਾਂ ਫਿਰ ਪੁੱਛਿਆ ਜਾ ਸਕਦਾ ਹੈ ਕਿ ਸਾਡੇ ਗੁਰਦੁਆਰਿਆਂ ਨੇ ਹੁਣ ਤਕ ਸਿੱਖੀ ਦੇ
ਪਰਚਾਰ ਲਈ ਕੀ ਕੀਤਾ ਹੈ? ਛੋਟੇ ਸਾਹਿਬਜ਼ਾਦਿਆਂ ਦੀ ਜਦੋਂ ਫਿਲਮ ਆਈ ਸੀ ਤਾਂ ਅਸਾਂ ਗੁਰਮਤ ਵਿਰਸੇ
ਵਿੱਚ ਸੰਪਾਦਕੀ ਰਾਂਹੀਂ ਲਿਖ ਦਿੱਤਾ ਸੀ ਗੱਲ ਸਹੇ ਦੀ ਨਹੀਂ ਗੱਲ ਪਹੇ ਦੀ ਹੈ—ਕਿ ਅੱਜ ਛੋਟੇ
ਸਾਹਿਬਜ਼ਾਦਿਆਂ ਦੀ ਫਿਲਮ ਨੂੰ ਆਗਿਆ ਦਿੱਤੀ ਜਾਂਦੀ ਹੈ ਤਾਂ ਅੱਗੋਂ ਆਉਣ ਵਾਲੇ ਸਮੇਂ ਵਿੱਚ ਗੁਰੂਆਂ
ਦੇ ਪਰਵਾਰਾਂ ਦੀਆਂ ਵੀ ਫਿਲਮਾਂ ਬਣਨਗੀਆਂ।
ਪਹਿਲੀ ਗੱਲ ਕਿ ਨਾਨਕ ਸ਼ਾਹ ਫਕੀਰ ਫਿਲਮ ਦਾ ਨਾਂ ਹੀ ਗੁਰਮਤ ਦੇ ਦਾਇਰੇ ਵਿੱਚ ਨਹੀਂ ਆਉਂਦਾ। ਸਾਡੇ
ਧਰਾਮਕ ਆਗੂ ਜੱਥੇਦਾਰ ਖੁਦ ਫਿਲਮ ਦੇਖ ਕਿ ਸਭ ਕੁੱਝ ਅੱਛਾ ਦਾ ਸਰਟੀਫੀਕੇਟ ਦੇਂਦੇ ਹਨ; ਸ਼੍ਰੋਮਣੀ
ਕਮੇਟੀ ਦੀ ਸਬ ਕਮੇਟੀ ਸਭ ਅੱਛਾ ਦਾ ਸਰਟੀਫੀਕੇਟ ਦੇਂਦੀ ਹੈ, ਰਾਜਨੀਤਕਿ ਆਗੂ ਖ਼ੁਦ ਪੋਸਟਰ ਰਲੀਜ਼
ਕਰਦੇ ਹਨ, ਸਾਰੇ ਸਕੂਲਾਂ, ਗੁਰਦੁਆਰਿਆਂ ਵਿੱਚ ਫਿਲਮ ਦਿਖਾਉਣ ਦੀ ਪੁਰਜ਼ੋਰ ਸਿਫਰਾਸ਼ ਸ਼੍ਰੋਮਣੀ ਕਮੇਟੀ
ਦੇ ਆਹਲਾ ਅਧਿਕਾਰੀਆਂ ਵਲੋਂ ਹੁੰਦੀ ਹੈ ਅਜੇਹਿਆਂ ਹਾਲਾਤਾਂ ਵਿੱਚ ਕੌਮ ਨੂੰ ਸਿੱਖ ਸਿਧਾਂਤ ਦੱਸਣ ਦੀ
ਜ਼ਿੰਮੇਵਾਰੀ ਕੌਣ ਨਿਭਾਏਗਾ?
ਸਿੱਖ ਕੌਮ ਦੇ ਧਾਰਮਕ ਅਤੇ ਰਾਜਨੀਤਕ ਆਗੂਆਂ ਦੀ ਪਕਾਈ ਖਿਚੜੀ ਨੇ ਨਾਨਕ ਸ਼ਾਹ ਫਕੀਰ ਫਿਲਮ ਦਿਖਾਉਣ
ਦੀ ਆਗਿਆ ਦੇ ਦਿੱਤੀ। ਜਦ ਫਿਲਮ ਦੇ ਕੁੱਝ ਹਿੱਸੇ ਬਾਹਰ ਆਏ ਤਾਂ ਸਿੱਖ ਸਿਧਾਂਤ ਦੀ ਪਰਖ ਰੱਖਣ
ਵਾਲਿਆਂ ਨੇ ਓਸੇ ਵੇਲੇ ਪੂਰੀ ਫਿਲਮ ਨੂੰ ਨਿਕਾਰ ਦਿੱਤਾ। ਪਹਿਲਾਂ ਤਾਂ ਇਹ ਸਾਰੇ ਸ਼ਪੱਸ਼ਟੀ ਕਰਨ ਦੇਣ
ਵਿੱਚ ਰੁੱਝ ਗਏ ਕਿ ਸ਼ਾਇਦ ਮਾੜੀਆਂ ਮੋਟੀਆਂ ਦਲੀਲਾਂ ਨਾਲ ਸਾਡਾ ਖਹਿੜਾ ਛੁੱਟ ਜਾਏਗਾ। ਪੋਸਟਰ ਲਗਾਉਣ
ਵਾਲੀ ਸਾਬਕਾ ਪ੍ਰਧਾਨ ਬੀਬੀ ਸਾਫ਼ ਹੀ ਮੁਕੱਰ ਗਈ ਕਿ ਅਖੇ ਜੀ ਮੈਨੂੰ ਤਾਂ ਪਤਾ ਹੀ ਨਹੀਂ ਚਲਿਆ ਕਿ
ਮੈਂ ਪੋਸਟਰ ਜਾਰੀ ਕਰ ਰਹੀ ਹਾਂ। ਹੁਣ ਜਦੋਂ ਪਾਣੀ ਸਿਰ ਦੇ ਉੱਪਰ ਦੀ ਲੰਘ ਗਿਆ ਤਾਂ ਇਹਨਾਂ
ਰਾਜਨੀਤਕ ਅਤੇ ਧਾਰਮਕ ਆਗੂਆਂ ਨੇ ਆਪਣੀ ਖੱਲ ਬਚਾਉਣ ਲਈ ਫਿਲਮ ਨੂੰ ਮੁਕੰਮਲ ਤੌਰ `ਤੇ ਬੰਦ ਕਰਨ ਦਾ
ਅਦੇਸ਼ ਜਾਰੀ ਕਰ ਦਿੱਤਾ। ਫਿਰ ਫਿਲਮ ਬਣਾਉਣ ਵਾਲੇ ਨੂੰ ਪੰਥ ਵਿਚੋਂ ਖਾਰਜ ਕਰਨ ਵਿੱਚ ਹੀ ਆਪਣਾ ਭਲਾ
ਸਮਝਿਆ। ਕੀ ਕਿਸੇ ਭਾਈ ਭੈਣ ਨੂੰ ਪੰਥ ਵਿਚੋਂ ਖਾਰਜ ਕਰਨ ਨਾਲ ਕੌਮ ਦੇ ਮਸਲੇ ਹੋ ਜਾਂਦੇ ਹਨ? ਕੀ
ਸਿੱਖ ਕੌਮ ਦੀ ਇਹ ਚੇਨਤਤਾ ਹੈ ਕਿ ਮਸਲੇ ਦਾ ਹੱਲ ਲੱਭਣ ਦੀ ਬਜਾਏ ਪੰਥ ਵਿਚੋਂ ਹੀ ਛੇਕ ਦਿਓ। ਅਜੇਹੀ
ਦੁਬਿਧਾ ਵਾਲੀ ਕਾਰਵਾਈ ਕਰਦਿਆਂ ਸਿੱਖ ਕੌਮ ਦੇ ਧਾਰਮਕ ਆਗੂਆਂ ਨੇ ਬਹੁਤ ਹੀ ਨੀਵੇ ਪੱਧਰ `ਤੇ ਸਿੱਖ
ਸਿਧਾਂਤ ਨੂੰ ਖੜਾ ਕਰ ਦਿੱਤਾ ਤੇ ਮਾਖੋਲ ਦੇ ਪਾਤਰ ਬਣ ਕੇ ਰਹਿ ਗਏ ਹਨ।
ਜੱਥੇਦਾਰਾਂ ਦੀਆਂ ਪਿੱਛਲੀਆਂ ਕਾਰਵਾਈਆਂ ਦੇਖ ਕੇ ਸਹਿਜੇ ਹੀ ਕਹਿਆ ਜਾ ਸਕਦਾ ਹੈ ਕਿ ਇਹਨਾਂ ਨੇ
ਸਿੱਖ ਸਿਧਾਂਤ ਦੇ ਪਰਚਾਰ ਵਲ ਧਿਆਨ ਦੇਣਾ ਸੀ ਪਰ ਇਹਨਾਂ ਨੇ ਰਾਜਨੀਤਕ ਆਗੂਆਂ ਦੀਆਂ ਲਾਲਸਾਵਾਂ
ਪੂਰੀਆਂ ਕਰਨ ਵਿੱਚ ਆਪਣੀ ਸਾਰੀ ਤਾਕਤ ਝੌਕ ਦਿੱਤੀ ਹੈ। ਦੂਸਰਾ ਇਹਨਾਂ ਜੱਥੇਦਾਰਾਂ ਵਲੋਂ ਸਿੱਖ
ਸਿਧਾਂਤ ਤੋਂ ਪੂਰੀ ਤਰ੍ਹਾਂ ਕਿਨਾਰਾ ਕਰਦਿਆਂ ਡੇਰਿਆਂ ਦੇ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਮਾਨਤਾ
ਦਿੱਤੀ ਜਾ ਰਹੀ ਹੈ।
ਦੁਨੀਆਂ `ਤੇ ਸ਼ਾਇਦ ਹੀ ਅਜੇਹੇ ਨੇਤਾ ਹੋਣ ਜਿਹੜੇ ਆਪਣੀ ਕੌਮ ਦੇ ਭਲੇ ਲਈ ਲੜਾਈ ਨਾ ਲੜਦੇ ਹੋਣ।
ਬੀਮਾਰ ਬਹਾਦਰ ਸ਼ਾਹ ਦਾ ਇਲਾਜ ਕਰਨ ਆਏ ਅੰਗਰੇਜ਼ ਡਾਕਟਰ ਨੂੰ ਫੀਸ ਪੁੱਛੀ ਤਾਂ ਉਸ ਨੇ ਕਹਿਆ ਕਿ
ਮੈਨੂੰ ਫੀਸ ਨਹੀਂ ਚਾਹੀਦੀ ਸਿਰਫ ਸਾਡੀ ਕੌਮ ਨੂੰ ਵਪਾਰ ਕਰਨੀ ਆਗਿਆ ਦਿੱਤੀ ਜਾਏ। ਇਸ ਨੂੰ ਕਹਿਆ ਜਾ
ਸਕਦਾ ਹੈ ਕਿ ਇਹਨਾਂ ਵਿੱਚ ਕੌਮੀਅਤ ਦੀ ਭਾਵਨਾ ਕੰਮ ਕਰਦੀ ਹੈ। ਇਸ ਦੇ ਉਲਟ ਸਿੱਖ ਕੌਮ ਦੇ ਰਾਜਨੀਤਕ
ਆਗੂਆਂ ਨੇ ਸਿੱਖ ਮਸਲੇ ਉਠਾਏ ਜ਼ਰਰ ਹਨ ਪਰ ਉਸ ਵਿੱਚ ਇਹਨਾਂ ਨੇ ਆਪਣੀਆਂ ਰਾਜ ਗੱਦੀਆਂ ਹੀ ਪੱਕੀਆਂ
ਕੀਤੀਆਂ ਹਨ। ਬਾਜਪਾਈ ਸਰਕਾਰ ਵੇਲੇ ਬੀਬੀ ਜੈਲਲਤਾ ਨੇ ਲਲਕਾਰ ਕੇ ਕਹਿਆ ਸੀ ਕੇਂਦਰ ਸਰਕਾਰ ਨੂੰ ਮੈਂ
ਸਹਿਯੋਗ ਤਾਂ ਹੀ ਦਿਆਂਗੀ ਜਦੋਂ ਮੇਰੇ ਸੂਬੇ ਦੇ ਹਿੱਤ ਪੂਰੇ ਹੋਣਗੇ। ਉਸ ਬੀਬੀ ਨੇ ਆਪਣੇ ਸੂਬੇ ਦੇ
ਹਿੱਤਾਂ ਨੂੰ ਪਹਿਲ ਦਿੱਤੀ ਸੀ। ਕੇਂਦਰ ਦੀ ਧੋਣ `ਤੇ ਗੋਡਾ ਰੱਖ ਕੇ ਉਸ ਨੇ ਆਪਣੀਆਂ ਮੰਗਾਂ ਪੂਰੀਆਂ
ਕਰਵਾਈਆਂ ਸਨ। ਇਹ ਉਹ ਸਮਾਂ ਸੀ ਜਦੋਂ ਪੰਜਾਬ ਵਿਚੋਂ ਅਕਾਲੀ ਦਲ ਦੇ ਤੇਰ੍ਹਾਂ ਐਮ. ਪੀ. ਚੁਣ ਕੇ
ਪਾਰਲੀਮੈਂਟ ਵਿੱਚ ਆਏ ਸਨ ਤੇ ਇਹਨਾਂ ਸਿੱਖ ਆਗੂਆਂ ਆਪਣੀ ਖੁਲ੍ਹ ਦਿੱਲੀ ਨਾਲ ਕਹਿਆ ਸੀ ਕਿ ਅਸੀਂ
ਕੇਂਦਰੀ ਸਰਕਾਰ ਨੂੰ ਬਿਨਾ ਸ਼ਰਤ ਅਸੀਂ ਹਮਾਇਤ ਦਿਆਂਗੇ। ਪੰਜਾਬ ਦੀ ਵੰਡ ਹੋ ਜਾਣ ਤੋਂ ਲੈ ਕੇ ਅੱਜ
ਤੱਕ ਕੇਂਦਰੀ ਸਰਕਾਰ ਮਤਰੇਈ ਮਾਂ ਵਾਲਾ ਪੰਜਾਬੀਆਂ ਨਾਲ ਸਲੂਕ ਕਰਦੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਹਰ
ਸਟੇਜ `ਤੇ ਕਹਿੰਦਾ ਆਇਆ ਹੈ ਪਰ ਜਦੋਂ ਸਮਾਂ ਆਇਆ ਤਾਂ ਕਹਿੰਦੇ ਸਾਨੂੰ ਵਜ਼ੀਰੀਆਂ ਚਾਹੀਦੀਆਂ ਹਨ
ਬਾਕੀ ਦੀਆਂ ਮੰਗਾਂ ਅਗਲੀਆਂ ਚੋਣਾਂ ਵਿੱਚ ਕਹਾਂਗੇ?
ਦੇਖਣ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਨੇ ਕਿੰਨੀ ਵਾਰ ਆਪਣੀ ਸਰਕਾਰ ਬਣਾਈ ਹੈ ਪਰ ਕੀ
ਮਜਾਲ ਹੈ ਕਿ ਸਾਡੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਮੈਂਬਰਾਂ ਤਥਾ ਜੱਥੇਦਾਰਾਂ ਨੇ ਆਪਣੀ ਸਰਕਾਰ
ਕੋਲੋਂ ਸਿੱਖਾਂ ਦੇ ਮਸਲਿਆਂ ਸਬੰਧੀ ਇਹਨਾਂ ਨੂੰ ਯਾਦ ਕਰਾਇਆ ਹੋਵੇ ਜਾਂ ਕੋਈ ਮੰਗ ਪੱਤਰ ਦਿੱਤਾ
ਹੋਵੇ।
ਬਹੁਤ ਵਾਰੀ ਇਹ ਗੱਲ ਲਿਖਣੀ ਪੈ ਰਹੀ ਹੈ ਕਿ ਸਿੱਖ ਕੌਮ ਦੇ ਰਾਜਨੀਤਕ ਆਗੂਆਂ ਦੀ ਬਦੌਲਤ ਸਾਡੀ
ਸ਼੍ਰੋਮਣੀ ਕਮੇਟੀ ਅਤੇ ਜੱਥੇਦਾਰਾਂ ਵਲੋਂ ਨਾਨਕਸ਼ਾਹੀ ਕੈਲੰਡਰ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਸ਼ਰੇਆਮ ਹੋ ਰਿਹਾ ਹੈ। ਮਨਘੜਤ ਹੇਮਕੁੰਟ ਦੀ
ਯਾਤਰਾ `ਤੇ ਜ਼ੋਰ ਹੀ ਨਹੀਂ ਦਿੱਤਾ ਜਾ ਰਿਹਾ ਸਗੋਂ ਉਸ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।
ਗੁਰਪੁਰਬ ਅਤੇ ਸ਼ਤਾਬਦੀਆਂ ਦੇ ਨਾਂ `ਤੇ ਬੇ-ਬਹਾ ਪੈਸਾ ਖਰਚ ਕੀਤਾ ਜਾ ਰਿਹਾ ਹੈ ਪਰ ਉਸ ਦੀ ਪ੍ਰਾਪਤੀ
ਕੀ ਹੋ ਰਹੀ ਹੈ? ਸਿੱਖ ਸਿਧਾਂਤ ਵਿੱਚ ਮਿਲਾਵਟ ਪਉਣ ਲਈ ਗੁਰਦੁਆਰਿਆਂ ਦੇ ਅੰਦਰ ਬਾਹਰ ਉਹ ਸਾਹਿਤ
ਵਿਕ ਰਿਹਾ ਹੈ ਜਿਹੜਾ ਸਮੁੱਚੇ ਤੌਰ `ਤੇ ਬਿੱਪਰੀ ਮਤ ਵਲ ਖਿੱਚ ਕੇ ਲਿਜਾ ਰਿਹਾ ਹੈ।
ਪੰਜਾਬ ਨਾਲ ਹੁੰਦੇ ਧੱਕਿਆਂ ਦੀ ਦਾਸਤਾਂ ਵਿਚੋਂ ਸਭ ਤੋਂ ਵੱਡੇ ਮਸਲੇ ਪੰਜਾਬ ਦੀ ਗੈਰ ਕੁਦਰਤੀ ਵੰਡ
ਹੈ। ਭਾਰਤ ਅਜ਼ਾਦ ਹੋ ਗਿਆ ਪਰ ਪੰਜਾਬ ਨੂੰ ਬਣਦੇ ਹੱਕਾਂ ਤੋਂ ਵਾਂਜਾ ਰੱਖਿਆ ਗਿਆ ਹੈ। ਪੰਜਾਬ ਨਾਲ
ਧੱਕੇ ਤੇ ਧੱਕਾ ਹੁੰਦਾ ਆਇਆ ਹੈ। ਪੰਜਾਬ ਦੇ ਦਰਿਆਈ ਪਾਣੀਆਂ ਤੇ ਵੱਡੇ ਤੋਂ ਵੱਡੇ ਡਾਕੇ ਮਾਰੇ ਗਏ
ਹਨ। ਪੰਜਾਬ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੀ ਮਿਲੀ ਭੁਗਤ
ਦੁਆਰਾ ਸਮੁੱਚੇ ਪੰਜਾਬ `ਤੇ ਜੂਨ ੧੯੮੪ ਤੇ ਨਵੰਬਰ ੧੯੮੪ ਦਾ ਕਹਿਰ ਵਰਤਾਇਆ ਗਿਆ। ਨਿਰੀਆਂ ਇਮਰਤਾਂ
ਹੀ ਨਹੀਂ ਢਾਹੀਆਂ ਸਗੋਂ ਸਿੱਖ ਸਿਧਾਂਤ ਢਾਹਿਆ ਗਿਆ ਹੈ। ਜਵਾਨੀ ਕੋਹੀ ਗਈ, ਨਿੱਹਥਿਆਂ ਨੂੰ ਮੌਤ ਦੇ
ਘਾਟ ਉਤਾਰਿਆ ਗਿਆ। ਅਕਾਲੀਆਂ ਦੀਆਂ ਸਰਕਾਰਾਂ ਬਣਦੀਆਂ ਰਹੀਆਂ, ਵਜ਼ੀਰੀਆਂ ਦਾ ਅਨੰਦ ਮਾਣਦੇ ਆ ਰਹੇ
ਹਨ ਪਰ ਸਿੱਖ ਕੌਮ ਇਨਸਾਫ਼ ਲਈ ਦਰ ਦਰ ਭਟਕ ਰਹੀ ਹੈ।
ਸਰਕਾਰ ਬਣਾਉਣ ਵਾਲ਼ਿਆਂ ਨੇ ਇਹਨਾਂ ਘੱਲੂਘਾਰਿਆਂ ਨੂੰ ਆਪਣੇ ਹੱਕ ਵਿੱਚ ਭਗਤਾਉਣ ਲਈ ਵੋਟਾਂ ਦੀ ਗੰਦੀ
ਰਾਜਨੀਤੀ ਹਰ ਵਾਰ ਖੇਲੀ ਹੈ। ਹੁਣ ਵੀ ੧੯੮੪ ਨੂੰ ਜੂਨ ਦੇ ਪਹਿਲੇ ਹਫਤੇ ਸਿੱਖ ਆਗੂ ਤਕਰੀਰਾਂ ਕਰਨਗੇ
ਉਸ ਵੇਲੇ ਦੀ ਕੇਂਦਰੀ ਸਰਕਾਰ ਨੂੰ ਦੋਸ਼ੀ ਠਹਿਰਾਉਣਗੇ ਪਰ ਕੀ ਇਹ ਆਗੂ ਦੱਸਣਗੇ ਕਿ ਤੁਸੀਂ ਆਪਣੀਆਂ
ਸਰਕਾਰਾਂ ਬਣਾ ਕੇ ਕੌਮ ਦਾ ਕੀ ਭਲਾ ਕੀਤਾ ਹੈ? ਜਿਸ ਭਾਰਤੀ ਜਨਤਾ ਪਾਰਟੀ ਨਾਲ ਤੁਹਾਡਾ ਨੁੰਹ ਮਾਸ
ਜਾਂ ਪਤੀ ਪਤਨੀ ਵਾਲਾ ਰਿਸ਼ਤਾ ਹੈ ਇਸ ਨੇ ਹੀ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਦਰਬਾਰ ਸਾਹਿਬ `ਤੇ
ਹਮਲਾ ਕਰਨ ਦੀ ਵਧਾਈ ਦੇਂਦੀ ਹੈ। ਸਿੱਖ ਕੌਮ ਲਈ ਨਿੱਤ ਨਵੇਂ ਮਸਲੇ ਪੈਦਾ ਹੋ ਰਹੇ ਹਨ ਪਰ ਇਹਨਾਂ ਦਾ
ਹੱਲ ਘੱਟ ਤੇ ਰਾਜਨੀਤੀ ਜ਼ਿਆਦਾ ਕੀਤੀ ਜਾ ਰਹੀ ਹੈ। ਅੱਜ ਸਾਰੀ ਕੌਮ ਦਸਤਾਰ ਦੇ ਮੁੱਦੇ `ਤੇ ਸੁਪਰੀਮ
ਕੋਰਟ ਦੀ ਟਿਪਣੀ ਤੋਂ ਔਖਿਆਈ ਮਹਿਸੂਸ ਕਰ ਰਹੀ ਹੈ। ਕਿਉਂਕਿ ਸਾਈਕਿਲਿੰਗ ਫੈਡਰੇਸ਼ਨ ਦੇ ਕਰਤਾ ਧਰਤਾ
ਪਰਮਿੰਦਰ ਸਿੰਘ ਢੀਂਡਸਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ
ਜੀ ਕੇ ਹਨ। ਸਿੱਖ ਨੇਤਾ ਦੁਬਿਧਾ ਦਾ ਸ਼ਿਕਾਰ ਹੋਏ ਹਨ। ਸਿੱਖਾਂ ਦੇ ਧਾਰਮਕ ਆਗੂ ਅਤੇ ਰਾਜਸੀ ਨੇਤਾ
ਅਜੇ ਤਕ ਸਿੱਖ ਖਿਡਾਰੀਆਂ ਲਈ ਕੋਈ ਨਿਯਮ ਹੀ ਤਹਿ ਨਹੀਂ ਕਰ ਸਕੇ। ਆਹੀ ਜੇ ਕਿਸੇ ਹੋਰ ਪਾਰਟੀ ਦੇ
ਨੇਤਾ ਫੈਡਰੇਸ਼ਨ ਦੇ ਆਹੁਦੇਦਾਰ ਹੁੰਦੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਅਸਮਾਨ ਸਿਰ `ਤੇ ਚੁੱਕ ਲੈਣਾ
ਸੀ। ਅਕਾਲੀ ਦਲ ਭਾਵ ਪੰਥਕ ਸਰਕਾਰ ਵੇਲੇ ਸਕੂਲਾਂ ਦੀਆਂ ਪਾਠ ਪੁਸਤਕਾਂ ਦੀ ਸੁਧਾਈ ਕਰਨੀ ਤੇ ਸਿਲੇਬਸ
ਨੂੰ ਨਵੇਂ ਸਿਰੇ ਤੋਂ ਤਿਆਰ ਕਰਨ ਦੀ ਕਾਰਵਾਈ ਸ਼ੂਰੂ ਹੋਈ ਸੀ ਜਿਸ ਦਾ ਨਤੀਜਾ ਕਾਂਗਰਸ ਦੇ ਸਮੇਂ
ਨਿਕਲਿਆ ਦੋਵੇਂ ਪਾਰਟੀਆਂ ਕਸੂਰਵਾਰ ਹਨ। ਸਤਾ ਤੋਂ ਬਾਹਰ ਰਹਿੰਦਿਆਂ ਸਾਰੇ ਵਿਤਕਰੇ ਯਾਦ ਆਉਂਦੇ ਹਨ
ਪਰ ਸਤਾ ਦਾ ਅਨੰਦ ਮਾਣਦਿਆਂ ਸਾਰੇ ਮੁੱਦੇ ਵਿਸਰ ਜਾਂਦੇ ਹਨ-
ਸਿੱਖ ਨੇਤਾਵਾਂ ਨੇ ਆਪਣੀ ਮਾਨਸਿਕਤਾ ਅਨੁਸਾਰ ਆਪਣੇ ਵਿਰੋਧੀਆਂ ਨੂੰ ਚਿੱਤ ਕਰਨ ਲਈ ਇਹਨਾਂ
ਜੱਥੇਦਾਰਾਂ ਨੂੰ ਪੂਰੀ ਤਰ੍ਹਾਂ ਵਰਤਿਆ ਹੈ। ਜੱਥੇਦਾਰ ਵੀ ਇਹ ਕਹਿਣ ਵਿੱਚ ਇੱਕ ਮਿੰਟ ਨਹੀਂ
ਲਗਾਉਂਦੇ ਚਿੜੀਓ ਮਰ ਜਾਓ ਚਿੜੀਓ ਜੀਊ ਪਓ—ਕੀ ਸਿੱਖ ਕੌਮ ਵਿੱਚ ਅੱਜ ਕੋਈ ਵੀ ਸਿਧਾਂਤਕ ਨੇਤਾ ਨਹੀਂ
ਰਿਹਾ ਹੈ?