ਕੈਲੰਡਰ ਵਿਵਾਦ, ਆਉ ਸੁਹਿਰਦ ਹੋਈਏ (2)
ਸਰਵਜੀਤ ਸਿੰਘ ਸੈਕਰਾਮੈਂਟੋ
ਦੁਨੀਆਂ ਵਿੱਚ ਵਰਤੇ ਜਾਣ ਵਾਲੇ ਸਾਂਝੇ ਕੈਲੰਡਰ ਦਾ ਮੁੱਢ, ਜੂਲੀਅਸ ਸੀਜਰ ਵੱਲੋਂ ਬੰਨਿਆਂ ਗਿਆ ਸੀ।
ਇਸ ਸਾਲ ਦੀ ਲੰਬਾਈ 365 ਦਿਨ 6 ਘੰਟੇ ਮੰਨੀ ਗਈ ਸੀ। ਜੂਲੀਅਨ ਕੈਲੰਡਰ ਦੇ ਸਧਾਰਨ ਸਾਲ ਵਿੱਚ 365
ਦਿਨ ਹੁੰਦੇ ਸਨ ਅਤੇ ਵਾਧੂ ਦੇ 6 ਘੰਟੇ, ਹਰ ਚੌਥੇ ਸਾਲ ਫਰਵਰੀ ਦੇ ਵਿੱਚ ਇਕ ਵਾਧੂ ਦਿਨ ਜੋੜ ਕੇ
ਹਿਸਾਬ ਬਰਾਬਰ ਕਰ ਦਿੱਤਾ ਜਾਂਦਾ ਸੀ। ਇਸ ਤਰ੍ਹਾਂ 4 ਸਾਲ ਵਿਚ ਕੁਲ 1461 ਦਿਨ ਬਣਦੇ ਸਨ ਅਤੇ ਸਾਲ
ਦੀ ਲੰਬਾਈ (1461/4) 365.25 ਦਿਨ ਮੰਨੀ ਗਈ ਸੀ। 1582 ਈ. ਵਿੱਚ ਜਦੋਂ ਰੋਮ ਵਾਸੀਆਂ ਨੂੰ ਇਹ
ਗਿਆਨ ਹੋਇਆ ਕਿ ਉਨ੍ਹਾਂ ਦੇ ਦਿਨ ਤਿਉਹਾਰਾਂ ਦਾ ਸਬੰਧ ਮੌਸਮ ਨਾਲੋਂ ਟੁੱਟ ਗਿਆ ਹੈ ਤਾਂ ਇਸ ਦੇ
ਕਾਰਨਾਂ ਦੀ ਪੜਤਾਲ ਕਰਨ ਦਾ ਕੰਮ ਮਾਹਿਰਾਂ ਨੂੰ ਸੌਂਪਿਆ ਗਿਆ। ਮਾਹਿਰਾਂ ਵੱਲੋਂ ਇਸ ਸਮੱਸਿਆ ਦਾ
ਕਾਰਨ ਇਹ ਦੱਸਿਆ ਗਿਆ ਕਿ ਅਸਲ ਵਿੱਚ ਸਾਲ ਦੀ ਲੰਬਾਈ 365.2422 ਦਿਨ ਭਾਵ 365 ਦਿਨ 5 ਘੰਟੇ 48
ਮਿੰਟ 45 ਸੈਕਿੰਡ ਹੈ। ਜੋ ਪਹਿਲਾ ਮੰਨੀ ਗਈ ਲੰਬਾਈ ਤੋਂ ਲੱਗ ਭੱਗ ਸਵਾ ਗਿਆਰਾਂ ਮਿੰਟ ਘੱਟ ਹੈ।
ਜਿਸ ਕਾਰਨ 128 ਸਾਲ ਪਿਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਹੈ। ਉਨ੍ਹਾਂ ਨੇ ਸਾਲ ਦੀ ਲੰਬਾਈ ਨੂੰ
ਰੁੱਤੀ ਸਾਲ ਦੀ ਲੰਬਾਈ ਦੇ ਬਰਾਬਰ ਕਰਨ ਲਈ ਨਵਾਂ ਫਾਰਮੂਲਾ ਅਪਣਾਇਆ। ਜਿਸ ਮੁਤਾਬਕ ਸਾਲ ਦੀ ਲੰਬਾਈ
365.2425 ਦਿਨ ਮੰਨੀ ਗਈ। ਪੋਪ ਗਰੈਗਰੀ ਵੱਲੋਂ ਬਣਾਈ ਗਈ ਕਮੇਟੀ ਨੇ 1582 ਈ. ਵਿੱਚ ਵੱਧੇ ਹੋਏ
ਦਿਨਾਂ ਦੇ ਫਰਕ ਨੂੰ ਇਕੋ ਝਟਕੇ ਹੀ, ਵੀਰਵਾਰ 4 ਅਕਤੂਬਰ ਤੋਂ ਪਿਛੋਂ ਸ਼ੁੱਕਰਵਾਰ ਨੂੰ 15 ਅਕਤੂਬਰ
ਕਰਕੇ ਸਮੱਸਿਆ ਦਾ ਹਲ ਕਰ ਦਿੱਤਾ। ਇਸ ਕੈਲੰਡਰ ਨੂੰ ਗਰੈਗੋਰੀਅਨ ਦੇ ਨਾਮ ਨਾਲ ਜਾਣਿਆ ਜਾਣ ਲੱਗਾ।
ਇੰਗਲੈਂਡ ਨੇ ਇਸ ਸੋਧ ਨੂੰ 1752 ਈ. ਵਿੱਚ ਪ੍ਰਵਾਨ ਕੀਤਾ ਸੀ ਅਤੇ ਬੁਧਵਾਰ 2 ਸਤੰਬਰ ਤੋਂ ਪਿਛੋਂ
ਵੀਰਵਾਰ ਨੂੰ 14 ਸਤੰਬਰ ਕਰ ਦਿੱਤੀ ਸੀ। ਨਵੇਂ ਨਿਯਮ ਮੁਤਾਬਕ ਬਣਾਏ ਗਏ ਕੈਲੰਡਰ ਜਿਸ ਨੂੰ
ਗਰੈਗੋਰੀਅਨ ਕੈਲੰਡਰ ਕਿਹਾ ਗਿਆ ਦੇ ਸਾਲ ਦੀ ਲੰਬਾਈ 365.2425 ਦਿਨ ਮੰਨੀ ਗਈ ਹੈ। ਇਹ ਲੰਬਾਈ
ਰੁੱਤੀ ਸਾਲ ਦੀ ਲੰਬਾਈ ਤੋਂ ਲੱਗ ਭੱਗ 26 ਸੈਕਿੰਡ ਵੱਧ ਹੈ। ਸਾਲ ਦੀ ਲੰਬਾਈ ਦੇ ਫਰਕ ਕਾਰਨ ਪਹਿਲਾ
ਜਿਹੜਾ ਇਕ ਦਿਨ ਦਾ ਫਰਕ 128 ਸਾਲਾਂ ਪਿਛੋਂ ਪੈ ਜਾਂਦਾ ਸੀ, ਉਹ ਹੁਣ ਉਹ ਇਕ ਦਾ ਫਰਕ ਲੱਗ ਭੱਗ
3300 ਸਾਲ ਪਿਛੋਂ ਪਵੇਗਾ। ਯਾਦ ਰਹੇ ਗੁਰੂ ਕਾਲ ਤੋਂ ਪ੍ਰਚਲਤ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ
365.2587 ਦਿਨ ਹੈ। ਜੋ ਰੁੱਤੀ ਸਾਲ ਦੀ ਲੰਬਾਈ ਤੋਂ ਲੱਗ-ਭੱਗ 24 ਮਿੰਟ ਵੱਧ ਹੈ, ਜਿਸ ਕਾਰਨ 60
ਸਾਲ ਪਿਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ
ਜਿਹੜੀ ਗੱਲ ਰੋਮ ਵਾਸੀਆਂ ਨੂੰ ਸੋਲਵੀਂ ਸਦੀ ਵਿੱਚ ਸਮਝ ਆ ਗਈ ਸੀ ਕਿ ਉਨ੍ਹਾਂ ਦੇ ਕੈਲੰਡਰੀ ਸਾਲ ਦੀ
ਲੰਬਾਈ ਰੁੱਤੀ ਸਾਲ ਦੀ ਲੰਬਾਈ ਤੋਂ ਵੱਧ ਹੈ, ਸਿੱਖਾਂ ਨੂੰ ਇੱਕੀਵੀਂ ਸਦੀ ਵਿੱਚ ਵੀ ਨਹੀਂ ਆ ਰਹੀ।
ਆਪਣੇ ਦੇਸ਼ ਵਿੱਚ ਬਿਕ੍ਰਮੀ ਕੈਲੰਡਰ ਪ੍ਰਚਲਤ ਸੀ। ਗਰੈਗੋਰੀਅਨ ਕੈਲੰਡਰ ਗੋਰਿਆਂ ਦੇ ਨਾਲ ਹੀ ਆਇਆ
ਸੀ। ਗੋਰਿਆਂ ਨੇ ਆਪਣੀ ਸਹੂਲਤ ਲਈ ਸਤੰਬਰ 1752 ਈ. ਤੋਂ ਪਹਿਲੀਆਂ ਬਿਕ੍ਰਮੀ ਤਾਰੀਖ਼ਾਂ ਨੂੰ ਜੂਲੀਅਨ
ਵਿੱਚ ਅਤੇ ਉਸ ਤੋਂ ਪਿਛੋਂ ਦੀਆਂ ਤਾਰੀਖ਼ਾਂ ਨੂੰ ਗਰੈਗੋਰੀਅਨ ਵਿੱਚ ਬਦਲੀ ਕਰ/ਕਰਵਾ ਲਿਆ। ਮਿਸਾਲ ਦੇ
ਤੌਰ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਤਾਂ ਉਸ ਵੇਲੇ ਦੇ ਪ੍ਰਚੱਲਤ ਕੈਲੰਡਰਾਂ
ਮੁਤਾਬਕ ਇਹ ਤਾਰੀਖ 23 ਪੋਹ ਜਾਂ ਪੋਹ ਸੁਦੀ 7 ਸੀ। ਜਦੋਂ ਇਸ ਤਾਰੀਖ ਨੂੰ ਜੂਲੀਅਨ ਕੈਲੰਡਰ ਵਿਚ
ਬਦਲੀ ਕੀਤਾ ਗਿਆ ਤਾਂ ਇਹ 22 ਦਸੰਬਰ ਲਿਖੀ ਗਈ। ਫਰਜ਼ ਕਰੋ ਕਿ ਇੰਗਲੈਂਡ ਵਾਲੇ ਵੀ ਜੂਲੀਅਨ
ਕੈਲੰਡਰ ਵਿੱਚ ਕੀਤੀ ਗਈ ਸੋਧ ਨੂੰ 1582 ਈ. ਵਿੱਚ ਹੀ ਪ੍ਰਵਾਨ ਕਰ ਲੈਂਦੇ ਤਾਂ ਇਹ ਤਾਰੀਖ
ਗਰੈਗੋਰੀਅਨ ਕੈਲੰਡਰ ਵਿੱਚ ਲਿਖੀ ਜਾਣੀ ਸੀ ਜੋ 1 ਜਨਵਰੀ 1667 ਈ. ਹੋਣੀ ਸੀ। ਇਹ ਹੀ ਕਾਰਨ ਹੈ ਕਿ
ਕਰਨਲ ਸੁਰਜੀਤ ਸਿੰਘ ਨਿਸ਼ਾਨ ਵਾਰ-ਵਾਰ ਇਹ ਕਹਿ ਰਿਹਾ ਹੈ ਕਿ ਗੁਰੂ ਜੀ ਦਾ ਜਨਮ ਦੀ ਤਾਰੀਖ 5 ਜਨਵਰੀ
ਨੂੰ ਨਹੀ ਸਗੋਂ 1 ਜਨਵਰੀ ਬਣਦੀ ਹੈ।
ਅੱਜ ਬਹੁਤ ਸਾਰੇ ਵਿਦਵਾਨਾਂ ਵੱਲੋਂ ਆਪਣੀਆਂ ਲਿਖਤਾਂ ਵਿੱਚ ਅਸਲ ਤਾਰੀਖ਼ਾਂ ਲਿਖਣ ਦੀ ਬਜਾਏ, 1752
ਈ. ਤੋਂ ਪਹਿਲੀਆਂ ਤਾਰੀਖ਼ਾਂ ਨੂੰ ਜੂਲੀਅਨ ਕੈਲੰਡਰ ਵਿੱਚ ਹੀ ਲਿਖਿਆ ਗਿਆ ਹੈ। ਉਹ ਇਹ ਭੁੱਲ ਹੀ
ਜਾਂਦੇ ਹਨ ਕਿ ਜੂਲੀਅਨ ਕੈਲੰਡਰ ਤਾਂ ਕਦੇ ਇੰਡੀਆ ਵਿਚ ਲਾਗੂ ਹੀ ਨਹੀਂ ਹੋਇਆ। ਸਵਾਲ ਪੈਦਾ ਹੁੰਦਾ
ਹੈ ਜਿਹੜਾ ਕੈਲੰਡਰ ਕਦੇ ਲਾਗੂ ਹੀ ਨਹੀ ਹੋਇਆ, ਉਸ ਵਿਚ ਇਤਿਹਾਸ ਕਿਵੇਂ ਲਿਖਿਆ ਜਾ ਸਕਦਾ ਸੀ?
ਮਿਸਾਲ ਦੇ ਤੌਰ ਤੇ, ਪਿਛਲੇ ਦਿਨੀਂ ਡਾ ਹਰਜਿੰਦਰ ਸਿੰਘ ਦਿਲਗੀਰ ਵੱਲੋਂ ਭੇਜਿਆ ਗਿਆ ਕੈਲੰਡਰ ਵੇਖੋ।
ਉਸ ਵਿੱਚ ਸਾਰੀਆਂ ਤਾਰੀਖ਼ਾਂ ਹੀ ਅੰਗਰੇਜੀ ਕੈਲੰਡਰ ਮੁਤਾਬਕ , ਸਤੰਬਰ 1752 ਈ ਤੋਂ ਪਹਿਲੀਆਂ
ਜੂਲੀਅਨ ਅਤੇ ਉਸ ਤੋਂ ਪਿਛੋਂ ਦੀਆਂ ਗਰੈਗੋਰੀਅਨ ਕੈਲੰਡਰ ਦੀਆਂ ਤਾਰੀਖ਼ਾਂ ਦਰਜ ਹਨ। ਗੁਰੂ ਨਾਨਕ ਜੀ
ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 7 ਸਤੰਬਰ 1539 ਈ. ਦਰਜ ਹੈ। ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ
ਦੇ ਫਰਕ ਨੂੰ ਵੀ ਨਾ ਸਮਝਣ ਵਾਲਾ ਵਿਦਵਾਨ, ਨਾਨਕਸ਼ਾਹੀ ਕੈਲੰਡਰ ਨੂੰ ਸਿੱਖਾਂ ਨਾਲ ਸਦੀ ਦਾ ਸਭ ਤੋਂ
ਵੱਡਾ ਧੋਖਾ ਕਰਾਰ ਦੇ ਰਿਹਾ ਹੈ।
ਕਰਨਲ ਸੁਰਜੀਤ ਸਿੰਘ ਨਿਸ਼ਾਨ ਵੱਲੋਂ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 8 ਅੱਸੂ
(ਅੱਸੂ ਵਦੀ 10) ਸੰਮਤ 1596 ਬਿਕ੍ਰਮੀ ਨੂੰ ਸਿੱਧਾ ਹੀ ਗਰੈਗੋਰੀਅਨ ਕੈਲੰਡਰ ਵਿੱਚ ਤਬਦੀਲ ਕਰਕੇ,
17 ਸਤੰਬਰ ਕੱਢੀ ਗਈ ਹੈ। ਇਥੇ ਫੇਰ ਉਹੀ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਕੈਲੰਡਰ ਦਾ ਜਨਮ ਹੀ
ਸਤੰਬਰ 1752 ਈ: ਵਿਚ ਹੁੰਦਾ ਹੈ ਉਸ ਵਿਚ ਗੁਰੂ ਨਾਨਕ ਜੀ ਦਾ ਇਤਿਹਾਸ ਕਿਵੇਂ ਲਿਖਿਆ ਜਾ ਸਕਦਾ ਹੈ।
ਕਰਨਲ ਨਿਸ਼ਾਨ ਨਾਨਕਸ਼ਾਹੀ ਦੀਆਂ ਤਾਰੀਖ਼ਾਂ ਨੂੰ ਗਲਤ ਸਾਬਿਤ ਕਰਨ ਵੇਲੇ ਤਾਂ ਸਾਰੀਆਂ ਤਾਰੀਖ਼ਾਂ
ਗਰੈਗੋਰੀਅਨ ਕੈਲੰਡਰ ਵਿੱਚ ਬਦਲੀ ਕਰਕੇ ਲਿਖਦਾ ਹੈ, “ਇਸੇ ਤਰ੍ਹਾਂ ਬਾਕੀ ਸਾਰੇ ਗੁਰਪੁਰਬਾਂ ਦਿਆਂ
ਤਾਰੀਖ਼ਾਂ ਵਿਚ ਵੀ 4 ਤੋਂ 7 ਦਿਨਾਂ ਦੀ ਗਲਤੀ ਕੀਤੀ ਗਈ ਹੈ” (ਪੰਨਾ 24) ਇਥੇ ਇਕ ਹੋਰ ਸਵਾਲ
ਪੈਦਾ ਹੁੰਦਾ ਹੈ ਕਿ ਗੁਰੂ ਨਾਨਕ ਜੀ ਦੇ ਜਨਮ ਦੀ ਤਾਰੀਖ ਗਰੈਗੋਰੀਅਨ ਮੁਤਾਬਕ 17 ਸਤੰਬਰ ਸਹੀ ਹੈ
ਤਾਂ ਇਸੇ ਫਾਰਮੂਲੇ ਨਾਲ “ਖਾਲਸਾ ਸਾਜਨ ਦਿਵਸ” ਦੀ ਤਾਰੀਖ 8 ਅਪ੍ਰੈਲ ਕਿਉਂ ਨਹੀਂ? ਇਸ ਸਵਾਲ ਦਾ
ਜਵਾਬ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੇ ਕਦੇ ਨਹੀ ਨਹੀਂ ਦਿੱਤਾ।
ਅਨੁਰਾਗ ਸਿੰਘ, ਜੋ ਕਿ ਨਾਨਕਸ਼ਾਹੀ ਕੈਲੰਡਰ ਦਾ ਕੱਟੜ ਵਿਰੋਧੀ ਹੈ। ਉਹ ਇਨ੍ਹਾਂ ਦੋਵਾਂ ਵਿਦਵਾਨਾਂ
ਤੋਂ ਵੱਖਰੀ ਰਾਏ ਰੱਖਦਾ ਹੈ। ਉਸ ਮੁਤਾਬਕ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ
ਵਦੀ 10 ਹੈ। ਇਹ ਚੰਦ ਦੇ ਕੈਲੰਡਰ, ਜਿਸ ਦੇ ਸਾਲ ਦੇ 354.37 ਦਿਨ ਹੁੰਦੇ ਹਨ, ਦੀ ਤਾਰੀਖ ਹੈ। ਹੁਣ
ਜੇ ਇਸ ਨੂੰ ਮੁਖ ਰੱਖਿਆ ਜਾਵੇ ਤਾ ਇਹ ਦਿਹਾੜਾ ਪਿਛਲੇ ਸਾਲ ਤੋਂ 11 ਦਿਨ ਪਹਿਲਾ ਆਵੇਗਾ। ਇਥੇ ਇਕ
ਹੋਰ ਸਮੱਸਿਆ ਆ ਜਾਂਦੀ ਹੈ ਉਹ ਇਹ ਕਿ ਜਦੋਂ ਚੰਦ ਦਾ ਸਾਲ ਸੂਰਜੀ ਸਾਲ ਤੋਂ ਇਕ ਸਾਲ ਵਿਚ 11, ਦੋ
ਸਾਲ 22 ਅਤੇ ਤਿੰਨ ਸਾਲ ਵਿੱਚ 33 ਦਿਨ ਪਿਛੇ ਰਹਿ ਜਾਂਦਾ ਹੈ ਤਾ ਇਸ ਨੂੰ ਸੂਰਜੀ ਸਾਲ ਦੇ ਨੇੜੇ
ਰੱਖਣ ਲਈ, ਇਸ ਵਿਚ ਇਕ ਹੋਰ ਮਹੀਨਾ ਜੋੜ ਦਿੱਤਾ ਜਾਂਦਾ ਹੈ। ਜਿਸ ਨੂੰ ਮਲ ਮਾਸ ਕਿਹਾ ਜਾਂਦਾ ਹੈ ਇਸ
ਵਿਚ ਕੋਈ ਗੁਰਪੁਰਬ ਆਦਿ ਨਹੀਂ ਮਨਾਇਆ ਜਾਂਦਾ। ਯਾਦ ਰਹੇ ਇਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਹਨ।
ਜੇਠ ਦਾ ਮਹੀਨਾ ਦੋ ਵਾਰ (ਇਕ ਸ਼ੁਭ ਅਤੇ ਦੂਜਾ ਅਸ਼ੁਭ) ਆਇਆ ਸੀ। ਮਲ ਮਾਸ ਤੋਂ ਪਿਛੋਂ ਆਉਣ ਵਾਲੇ
ਗੁਰਪੁਰਬ 18-19 ਦਿਨ ਪਛੜ ਕੇ ਆਉਂਦੇ ਹਨ।
ਗੁਰੂ ਨਾਨਕ
ਜੀ ਦਾ ਜੋਤੀ ਜੋਤ ਦਿਹਾੜਾ
ਸਾਲ |
ਡਾ: ਦਿਲਗੀਰ |
ਕਰਨਲ ਨਿਸ਼ਾਨ ਸਿੰਘ |
ਡਾ: ਅਨੁਰਾਗ ਸਿੰਘ |
2018 |
7 ਸਤੰਬਰ |
17 ਸਤੰਬਰ |
4 ਅਕਤੂਬਰ |
2019 |
7 ਸਤੰਬਰ |
17 ਸਤੰਬਰ |
24 ਸਤੰਬਰ |
2020 |
7 ਸਤੰਬਰ |
17 ਸਤੰਬਰ |
12 ਸਤੰਬਰ |
2021 |
7 ਸਤੰਬਰ |
17 ਸਤੰਬਰ |
1 ਅਕਤੂਬਰ |
2022 |
7 ਸਤੰਬਰ |
17 ਸਤੰਬਰ |
20 ਸਤੰਬਰ |
ਇਹ ਹੈ ਤਿੰਨ ਵਿਦਵਾਨਾਂ
ਵੱਲੋਂ ਸੁਝਾਈ ਗਈ ਇਕੋ ਤਾਰੀਖ ਭਾਵ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੇ ਦਿਹਾੜੇ ਦੀ ਤਾਰੀਖ।
ਤਾਰੀਖ ਵਿਚ ਤਾਂ ਕੋਈ ਸਮਾਨਤਾ ਨਹੀ ਹੈ। ਹਾਂ ਇਨ੍ਹਾਂ ਤਿੰਨਾਂ `ਚ ਇਕ ਸਮਾਨਤਾ ਜਰੂਰ ਹੈ ਕਿ ਇਹ
ਤਿੰਨੇ ਹੀ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਹਨ।
ਕੈਲੰਡਰ ਕਮੇਟੀ ਵੱਲੋਂ ਕੀਤੇ ਗਏ ਫੈਸਲੇ ਮੁਤਾਬਕ, “ਤਿੱਥਾਂ ਨੂੰ
ਨਾਨਕਸ਼ਾਹੀ ਕੈਲੰਡਰ ਵਿੱਚ ਬਦਲਣ ਲਈ ਅੰਗਰੇਜੀ ਤਾਰੀਖ਼ਾਂ ਨੂੰ ਨਹੀ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ
ਜਾਵੇਗਾ”। ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਅਸਲ ਤਾਰੀਖ 8 ਅੱਸੂ ਨੂੰ ਮੁਖ
ਰੱਖਿਆ ਗਿਆ ਹੈ। ਜੋ ਕੇ ਹਰ ਸਾਲ 22 ਸਤੰਬਰ ਨੂੰ ਹੀ ਆਵੇਗੀ। ਇਸੇ ਤਰ੍ਹਾਂ ਹੀ ਬਾਕੀ ਤਾਰੀਖ਼ਾਂ
ਨਿਰਧਾਰਿਤ ਕੀਤੀਆਂ ਗਈਆਂ ਹਨ।
ਸ਼੍ਰੋਮਣੀ ਕਮੇਟੀ ਦਾ ਆਲਮ ਹੀ ਨਿਰਾਲਾ ਹੈ। ਉਸ ਵੱਲੋਂ ਛਾਪੇ ਜਾਂਦੇ ਕੈਲੰਡਰ ਵਿਚ ਗੁਰੂ ਸਾਹਿਬ ਨਾਲ
ਸਬੰਧਿਤ ਦਿਹਾੜੇ, ਵਦੀ-ਸੁਦੀ ਮੁਤਾਬਕ, ਵਿਸਾਖੀ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਅਤੇ ਹੋਰ
ਇਤਿਹਾਸ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ ਅਤੇ ਕੁਝ ਦਿਹਾੜੇ ਗਰੈਗੋਰੀਅਨ ਕੈਲੰਡਰ ਮੁਤਾਬਕ ਦਰਜ ਕੀਤੇ
ਜਾਂਦੇ ਹਨ। ਵਾਰ-ਵਾਰ ਬੇਨਤੀਆਂ ਕਰਨ ਤੇ ਵੀ ਤਿੰਨ ਵੱਖ-ਵੱਖ ਕੈਲੰਡਰਾਂ ਦਾ ਮਿਲਗੋਭਾ ਕੈਲੰਡਰ ਤਿਆਰ
ਦੇ ਕਰਨ ਸਬੰਧੀ, ਸ਼੍ਰੋਮਣੀ ਕਮੇਟੀ ਨੇ ਕਦੇ ਜਾਣਕਾਰੀ ਦੇਣ ਦੀ ਖੇਚਲ ਨਹੀਂ ਕੀਤੀ। ਜਦੋਂ ਕਿ ਨਿਜੀ
ਗੱਲ ਬਾਤ ਵਿੱਚ ਕੁਝ ਅਧਿਕਾਰੀ, ਜੋ ਇਸ ਵਰਤਾਰੇ ਨੂੰ ਸਮਝਦੇ ਹਨ, ਆਪਣੀ ਮਜ਼ਬੂਰੀ ਹੀ ਜਾਹਿਰ ਕਰਦੇ
ਹਨ।
ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਸੰਮਤ 535 ਨਾਨਕਸ਼ਾਹੀ / 2003 ਈ: ਵਿੱਚ ਲਾਗੂ
ਕੀਤਾ ਗਿਆ ਸੀ। ਅਤੇ 2010 ਈ: ਤੋਂ ਮੁੜ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਲਾਗੂ ਕਰ ਦਿੱਤਾ ਗਿਆ ਸੀ।
ਹੁਣ ਸ਼੍ਰੋਮਣੀ ਕਮੇਟੀ ਨੂੰ ਹਰ ਸਾਲ ਕੋਈ ਨਾ ਕੋਈ ਤਾਰੀਖ ਬਦਲਣੀ ਪੈ ਰਹੀ ਹੈ। ਇਸੇ ਸਾਲ ਹੀ ਗੁਰੂ
ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਹਾੜੇ ਦੀ ਤਾਰੀਖ ਬਦਲੀ ਕੀਤੀ ਗਈ ਸੀ। ਗੁਰੂ ਅਰਜਨ ਦੇਵ ਜੀ
ਦੇ ਸ਼ਹੀਦੀ ਦਿਹਾੜੇ `ਤੇ ਪਾਕਿਸਤਾਨ ਜੱਥਾ ਭੇਜਣ ਲਈ ਹਰ ਸਾਲ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਸ਼੍ਰੋਮਣੀ ਕਮੇਟੀ ਅਤੇ ਨਾ ਹੀ ਉਪ੍ਰੋਕਤ ਤਿੰਨਾ ਵਿਚੋਂ ਕੋਈ
ਵਿਦਵਾਨ, ਇਸ ਸਮੱਸਿਆ ਦੇ ਹਲ ਲਈ ਅੱਗੇ ਆ ਰਿਹਾ ਹੈ। ਹਾਂ “ਵਿਰੋਧ ਦਾ ਛੁਣਛੁਣਾ” ਖੜਕਾਉਣ
ਦੇ ਆਪਣੇ ਅਧਿਕਾਰ ਦੀ ਖੂਬ ਵਰਤੋ ਕਰ ਰਹੇ ਹਨ।
ਜਦੋਂ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਤਾਂ ਵੇਖਦੇ ਹਾਂ ਕਿ ਸਾਡੇ ਕਈ ਮਸਲੇ ਦਹਾਕਿਆਂ ਤੋਂ ਉਲਝੇ ਪਏ
ਹਨ, ਜਿਵੇ ਰਾਗ ਮਾਲਾ, ਮੰਗਲਾਚਰਨ ਆਦਿ। ਇਹ ਕਿਉ ਉਲਝੇ? ਇਨ੍ਹਾਂ ਦਾ ਕਾਰਨ ਵੱਖ-ਵੱਖ ਵਿਦਵਾਨਾਂ
ਵੱਲੋਂ ਵੱਖ-ਵੱਖ ਦੱਸਿਆ ਜਾਂਦਾ ਹੈ। ਕੈਲੰਡਰ ਦੇ ਮਸਲੇ ਨੂੰ ਮੈਂ ਅਕਤੂਬਰ 2009 ਤੋਂ, ਜਦੋਂ ਇਹ
ਖ਼ਬਰ ਆਈ ਸੀ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਮੰਗ ਤੇ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਕਰਨ ਲਈ ਦੋ
ਮੈਂਬਰੀ ਕਮੇਟੀ ਦਾ ਗਠਣ ਕੀਤਾ ਜਾਂਦਾ ਹੈ, ਬਹੁਤ ਹੀ ਨੀਝ ਨਾਲ ਵੇਖ ਰਿਹਾ ਹਾਂ। ਇਸੇ ਦੌਰਾਨ ਹੀ
ਮੈਂ ਕੈਲੰਡਰ ਬਾਰੇ ਮੁੱਢਲੀ ਜਾਣਕਾਰੀ ਹਾਸਿਲ ਕੀਤੀ ਹੈ। ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਪਾਲ
ਸਿੰਘ ਪੁਰੇਵਾਲ ਅਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਦੀਆਂ ਲਿਖਤਾਂ ਪੜੀਆਂ ਅਤੇ ਵੀ ਡੀ ਓ ਵੇਖੀਆਂ, ਡਾ
ਹਰਜਿੰਦਰ ਸਿੰਘ ਦਿਲਗੀਰ ਦੇ ਇਤਰਾਜ਼ ਪੜ੍ਹੇ ਅਤੇ ਉਸ ਦੇ ਸਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਸਮੇਂ-ਸਮੇਂ ਇਨ੍ਹਾਂ ਵਿਦਵਾਨਾਂ ਨਾਲ ਨਿੱਜੀ ਸੰਪਰਕ ਵੀ ਕੀਤਾ। ਪਿਛਲੇ ਸਾਲ ਜੁਲਾਈ ਵਿਚ ਸਿਆਟਲ
ਦੀਆਂ ਸੰਗਤਾਂ ਵੱਲੋਂ ਕਰਵਾਏ ਸੈਮੀਨਾਰ ਤੋਂ ਪਿਛੋਂ ਅਨੁਰਾਗ ਸਿੰਘ ਦੀਆਂ ਲਿਖਤਾਂ ਪੜ੍ਹਨ ਅਤੇ ਸਵਾਲ
ਜਵਾਬ ਕਰਨ ਦਾ ਮੌਕਾ ਵੀ ਬਣਿਆ। ਪਰ! ਬੜੇ ਦੁਖ ਨਾਲ ਲਿਖਣਾ ਪੈ ਰਿਹਾ ਹੈ ਕਿ ਡਾ: ਦਿਲਗੀਰ ਅਤੇ
ਅਨੁਰਾਗ ਸਿੰਘ ਵੱਲੋਂ, ਵਿਚਾਰ ਕਰਨ ਦੀ ਬਜਾਏ, ਫੇਸਬੁਕ ਉਪਰ ਮੇਰੇ ਤੇ ਪਾਬੰਦੀ ਲਾ ਦਿੱਤੀ ਗਈ। ਉਥੇ
ਹੀ ਦੂਜਿਆਂ ਪ੍ਰਤੀ ਮੰਦੀ ਭਾਸ਼ਾ ਵਰਤਣ ਦੀ ਸਮਾਨਤਾ ਵੀ ਇਨ੍ਹਾਂ ਦੋਵਾਂ ਵਿੱਚ ਵੇਖੀ ਗਈ ਹੈ। ਕਰਨਲ
ਸੁਰਜੀਤ ਸਿੰਘ ਨਿਸ਼ਾਨ ਨਾਲ, ਟੈਲੀਫ਼ੋਨ ਉਪਰ ਅਤੇ ਲਿਖਤ-ਪੜਤ ਵੇਲੇ ਬੜੇ ਪਿਆਰ ਸਤਿਕਾਰ ਨਾਲ ਗੱਲ ਬਾਤ
ਹੁੰਦੀ ਰਹੀ ਹੈ ਪਰ ਅਸਲ ਸਮੱਸਿਆ ਦੇ ਹਲ ਲਈ ਉਹ ਵੀ ਕਦੇ ਅੱਗੇ ਨਹੀ ਆਏ। ਪਿਛਲੇ ਕਈ ਸਾਲਾਂ ਦੇ
ਤਜਰਬੇ ਦੇ ਅਧਾਰ ਤੇ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਹੋਈ ਗੱਲਬਾਤ ਵੀ ਸ਼ਾਮਿਲ ਹੈ,
ਮੈਂ ਇਹ ਕਹਿ ਸਕਦਾ ਹਾਂ ਕਿ ਕੈਲੰਡਰ ਦਾ ਮਸਲਾ ਸੋਚੀ ਸਮਝੀ ਸਾਜ਼ਿਸ਼ ਤਹਿਤ ਉਲਝਾਇਆ ਗਿਆ ਹੈ।
ਨਾਨਕਸ਼ਾਹੀ ਕੈਲੰਡਰ ਨੂੰ ਵਿਦਵਾਨਾਂ ਵੱਲੋਂ ਲਗਾਤਾਰ ਕਈ ਸਾਲ ਵਿਚਾਰ ਚਰਚਾ ਕਰਨ ਉਪ੍ਰੰਤ ਤਿਆਰ ਕੀਤਾ
ਸੀ। ਸ਼੍ਰੋਮਣੀ ਕਮੇਟੀ ਵੱਲੋਂ ਲਾਗੂ ਕਰਨ ਉਪ੍ਰੰਤ ਦੁਨੀਆਂ ਭਰ ਦੇ ਸਿਖਾਂ ਨੇ ਇਸ ਨੂੰ ਪ੍ਰਵਾਨ
ਕੀਤਾ। ਪਰ ਅਚਾਨਕ, ਸ਼੍ਰੋਮਣੀ ਕਮੇਟੀ ਵੱਲੋਂ ਹੀ ਇਸ ਨੂੰ ਉਲਝਾ ਦਿੱਤਾ ਗਿਆ। ਸੁਹਿਰਦ ਪੰਥ ਦਰਦੀਆਂ
ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ, ਇਸ ਤੋਂ ਪਹਿਲਾ ਕਿ ਕੈਲੰਡਰ ਦੀ ਸਮੱਸਿਆ ਹੋਰ ਉਲਝ ਜਾਵੇ, ਆਓ
ਰਲ-ਮਿਲ ਕੇ ਇਸ ਨੂੰ ਸੁਲਝਾਉਣ ਦਾ ਯਤਨ ਆਰੰਭੀਏ।