ਗੁਰਬਾਣੀ ਨੂੰ ਰਾਗ, ਸੁਰ ਤਾਲ ਦਾ ਖਿਆਲ ਕਰ ਕੇ ਗਾਉਣਾ ਕੀਰਤਨ ਹੈ। ਕੀਰਤਨ
ਤੇ ਕੀਰਤੀ ਭਾਵ ਵਾਹਿਗੁਰੂ ਦੀ ਮਹਿਮਾ ਦਾ ਗੂੜ੍ਹਾ ਸੰਬੰਧ ਹੈ। ਜੇ ਸਾਧ ਸੰਗਤ ਵਿੱਚ ਕਰਤੇ ਦੀ ਸੋਭਾ
ਕਿਸੇ ਚੰਗੇ ਰਾਗੀ ਦੁਆਰਾ ਕੀਰਤਨ ਰਾਹੀਂ ਕੀਤੀ ਜਾਵੇ ਤਾਂ ਸੋਨੇ ਤੇ ਸੁਹਾਗੇ ਦਾ ਕੰਮ ਹੋ ਜਾਂਦਾ
ਹੈ। ਮਨ ਨੂੰ ਅਨੰਦ ਤੇ ਸ਼ਾਂਤੀ ਮਿਲਦੀ ਹੈ। ਜ਼ਿੰਦਗੀ ਵਿੱਚ ਆਤਮਕ ਖੇੜਾ ਆ ਜਾਂਦਾ ਹੈ। ਗੁਰਬਾਣੀ
ਵਿੱਚ ਆਇਆ ਹੈ:-
ਕੀਰਤਨੁ ਨਿਰਮੋਲਕ ਹੀਰਾ।। ਆਨੰਦ ਗੁਣੀ ਗਹੀਰਾ।। ਪੰਨਾ ੮੯੩
ਅਨਦ ਸੂਖ ਬਿਸ੍ਰਾਮ ਨਿਤ ਹਰਿ ਕਾ ਕੀਰਤਨੁ ਗਾਇ।। ਪੰਨਾ ੯੬੨
ਰਾਜੁ ਮਾਲੁ ਜੰਜਾਲੁ ਕਾਜਿ ਨ ਕਿਤੈ ਗਨ+।।
ਹਰਿ ਕੀਰਤਨੁ ਆਧਾਰੁਨਿਹਚਲੁ ਏਹੁ ਧਨ+।। ਪੰਨਾ ੩੯੮
ਕਰਿ ਕੀਰਤਨੁ ਮਨ ਸੀਤਲ ਭਏ।। ਜਨਮ ਜਨਮ ਕੇ ਕਿਲਵਿਖ ਗਏ।। ਪੰਨਾ ੧੭੮
ਗੁਰਬਾਣੀ ਅਨੁਸਾਰ ਮਨ ਦੀ ਇਕਾਗਰਤਾ ਨਾਲ ਕੀਰਤਨ ਕਰਨ ਤੇ ਸੁਣਨ ਨਾਲ ਦੁਰਮਤ
ਨਾਸ ਹੋ ਜਾਂਦੀ ਹੈ। ਮਤ ਉਤੱਮ ਹੋ ਜਾਂਦੀ ਹੈ ਤੇ ਭਰਮਾਂ ਦਾ ਨਾਸ ਹੋ ਜਾਂਦਾ ਹੈ। ਵਿਕਾਰਾਂ ਵਿੱਚ
ਫਸੀਆਂ ਰੁਚੀਆ ਨੂੰ ਸੇਧ ਮਿਲਦੀ ਹੈ:-
ਹਰਿ ਗੁਣ ਗਾਵੈ ਮਤਿ ਊਤਮ ਹੋਇ।। ਪੰਨਾ ੧੬੧
ਗੁਨ ਗਾਵਤ ਤੇਰੀ ਉਤਰਸਿ ਮੈਲੁ।। ਬਿਨਸਿ ਜਾਇ ਹਉਮੈ ਬਿਖੁ ਫੈਲੁ।। ਪੰਨਾ੨੮੯
ਜਸੁ ਗਾਵਤ ਭਗਤਿ ਰਸੁ ਉਪਜਿਓ ਮਾਇਆ ਕੀ ਜਾਲੀ।। ਪੰਨਾ ੯੭੯
ਅਨਦਿਨੁ ਕੀਰਤਨੁ ਕਰਹਿ ਦਿਨ ਰਾਤਿ।। ਸਤਿਗੁਰਿ ਗਵਾਈ ਵਿਚਹੁ ਜੂਠਿ
ਭਰਾਂਤਿ।। ਪੰਨਾ੧੧੭੪
ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ।। ਪੰਨਾ ੧੩੦੦
ਗੁਰੂ ਸਾਹਿਬਾਨ ਨੇ ਫਰਮਾਇਆ ਹੈ ਕਿ ਨਿਸਚੇ ਨਾਲ ਇਲਾਹੀ ਬਾਣੀ ਦਾ ਕੀਰਤਨ
ਸੁਣਨ ਨਾਲ ਦੁਖ ਕਲੇਸ਼ ਮਿਟ ਜਾਂਦੇ ਹਨ। ਤਨਾਵੀ ਵਾਤਾਵਰਣ ਤੇ ਵੈਰ ਵਿਰੋਧ ਤੋਂ ਛੁਟਕਾਰਾ ਮਿਲਦਾ ਹੈ
ਅਤੇ ਪਾਪਾਂ ਦਾ ਨਾਸ ਹੁੰਦਾ ਹੈ। ਮਨੁੱਖ ਰੋਗਾਂ ਸੋਗਾਂ ਤੋਂ ਨਿਆਰਾ ਹੋ ਜਾਂਦਾ ਹੈ ਅਤੇ ਉਸ ਦਾ ਮਨ
ਨਿਰਮਲ ਤੇ ਹਿਰਦਾ ਕੋਮਲ ਹੋ ਜਾਂਦਾ ਹੈ:-
ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ।। ਤਿਸੁ ਜਨ ਦੂਖੁ ਨਿਕਟਿ ਨਹੀ
ਆਵੈ।। ਪੰਨਾ ੧੯੦
ਨਾਨਕ ਸੁਖੁ ਪਾਇਆ ਹਰਿ ਕੀਰਤਨਿ ਮਿਟਿਓ ਸਗਲ ਕਲੇਸਾ।। ਪੰਨਾ ੨੧੩
ਰੋਗ ਸੋਗ ਦੂਖ ਤਿਸੁ ਨਾਹੀ।। ਸਾਧਸੰਗਿ ਹਰਿ ਕੀਰਤਨੁ ਗਾਹੀ।। ਪੰਨਾ੧੦੮੫
ਵੈਰ ਵਿਰੋਧ ਮਿਟੇ ਤਿਹ ਮਨ ਤੇ।। ਹਰਿ ਕੀਰਤਨੁ ਜੋ ਸੁਨਤੇ।। ਪੰਨਾ ੨੫੯
ਹਰਿ ਜਸੁ ਗਾਵਹੁ ਭਗਵਾਨ।। ਜਸੁ ਗਾਵਤ ਪਾਪ ਲਹਾਨ।। ਪੰਨਾ ੧੨੯੮
ਹਰ ਪ੍ਰਕਾਰ ਦੇ ਮਨ ਇੱਛੇ ਫਲ ਪਾਉਣ ਤੇ ਸਫਲ ਜੀਵਨ ਲਈ ਵੀ ਕੀਰਤਨ ਦਾ ਸੁਣਨਾ
ਲਾਭਦਾਇਕ ਹੈ:-
ਐਸਾ ਕੀਰਤਨੁ ਕਰਿ ਮਨ ਮੇਰੇ।। ਈਹਾ ਊਹਾ ਜੋ ਕਾਮਿ ਤੇਰੈ।। ਪੰਨਾ ੨੩੬
ਹਰਿ ਗੁਣ ਗਾਵਹਿ ਮਿਲਿ ਪਰਮਾਰੰਥ।। ਪੰਨਾ ੪੧੩
ਕਥਾ ਕੀਰਤਨੁ ਰਾਗ ਨਾਦ ਧੁਨਿ ਇਹੁ ਬਨਿਓ ਸੁਆਉ।।
ਨਾਨਕ ਪ੍ਰਭ ਸੁਪ੍ਰਸੰਨ ਭਏ ਬਾਂਛਤ ਫਲ ਪਾਉ।। ਪੰਨਾ ੮੧੮
ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ।। ਪੰਨਾ ੮੯੬
ਗੁਰਬਾਣੀ ਦਾ ਕੀਰਤਨ ਕਰਨ ਤੇ ਸੁਣਨ ਨਾਲ ਮੌਤ ਦਾ ਡਰ ਮਿਟ ਜਾਂਦਾ ਹੈ
ਕਿਉਂਕਿ ਗੁਰਬਾਣੀ ਦੀ ਸੱਚੀ ਸੁੱਚੀ ਸਿੱਖਿਆ ਸੰਸਾਰ ਦੀ ਨਾਸ਼ਮਾਨਤਾ ਪ੍ਰਗਟ ਕਰ ਦਿੰਦੀ ਹੈ ਤੇ
ਅਸਲੀਅਤ ਨਜ਼ਰ ਆ ਜਾਂਦੀ ਹੈ:-
ਜੋ ਜਨੁ ਕਰੈ ਕੀਰਤਨੁ ਗੋਪਾਲ।। ਤਿਸ ਕਉ ਪੋਹਿ ਨ ਸਕੈ ਜਮਕਾਲੁ।। ਪੰਨਾ ੮੬੭
ਰੂਹਾਨੀਅਤ ਦੇ ਖਜ਼ਾਨੇ, ਗੁਰਬਾਣੀ, ਦਾ ਕੀਰਤਨ ਸੁਣਨ ਨਾਲ ਆਵਾ ਗਵਨ ਦਾ ਚੱਕਰ
ਖਤਮ ਹੋ ਜਾਂਦਾ ਹੈ ਤੇ ਮੁਕਤੀ ਦਾ ਰਾਹ ਸਾਫ ਹੋ ਜਾਂਦਾ ਹੈ। ਦਿਖਾਵੇ ਦੇ ਕਰਮ ਕਾਂਡ ਦਾ ਕੋਈ ਲਾਭ
ਨਹੀ ਹੈਂ:-
ਹਰਿ ਦਿਨੁ ਰੈਨਿ ਕੀਰਤਨੁ ਗਾਈਐ।। ਬਹੁੜਿ ਨ ਜੋਨੀ ਪਾਈਐ।। ਪੰਨਾ ੬੨੩
ਨਾਨਕੁ ਕਹੈ ਸੁਨਿ ਰੇ ਮਨਾ ਕਰਿ ਕੀਰਤਨੁ ਹੋਇ ਉਧਾਰੁ।। ਪੰਨਾ ੨੧੪
ਸਰਬ ਬੈਕੁੰਠ ਮੁਕਤਿ ਮੋਖ ਪਾਏ।। ਏਕ ਨਿਮਖ ਹਰਿ ਕੇ ਗੁਨ ਗਾਏ।। ਪੰਨਾ ੨੯੦
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ।।
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ।। ਪੰਨਾ ੭੪੭
ਗੁਰਬਾਣੀ ਵਿੱਚ ਗੁਣਕਾਰੀ ਕੀਰਤਨ ਦਾ ਬੜਾ ਮਹੱਤਵ ਦਰਸਾਇਆ ਗਿਆ ਹੈ। ਗੁਰੂ
ਅਰਜਨ ਦੇਵ ਜੀ ਨੇ ਕੀਰਤਨ ਨੂੰ ਪ੍ਰਧਾਨ ਦੱਸਿਆ ਹੈ। ਸਰੋਤੇ ਲਈ ਇਹ ਲਾਜ਼ਮੀ ਹੈ ਕਿ ਉਹ ਧਿਆਨ ਨਾਲ
ਸੁਣੇ। :-
ਕਲਜੁਗ ਮਹਿ ਕੀਰਤਨ ਪਰਧਾਨਾ।। ਗੁਰਮੁਖਿ ਜਪੀਐ ਲਾਇ ਧਿਆਨਾ।।
ਆਪਿ ਤਰੈ ਸਗਲੇ ਕੁਲ ਤਾਰੇ ਹਰਿ ਦਰਗਹ ਪਤਿ ਸਿਉ ਜਾਇਦਾ।। ਪੰਨਾ ੧੦੭੫
ਵਡੈ ਭਾਗਿ ਪ੍ਰਭ ਕੀਰਤਨੁ ਗਾਇਆ।। ਪੰਨਾ ੮੦੫
ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ।। ਪੰਨਾ੬੪੨
ਬਡਭਾਗੀ ਤੇ ਜਨ ਜਗ ਮਾਹਿ।। ਸਦਾ ਸਦਾ ਹਰਿ ਕੇ ਗੁਨ ਗਾਹਿ।। ਪੰਨਾ ੨੮੧
ਭਗਤ ਨਾਮਦੇਵ ਜੀ ਨੇ ਤਾਂ ਲਿਖਿਆ ਹੈ ਕਿ ਅਸਮੇਧ ਜੱਗ, ਆਪਣੇ ਭਾਰ ਬਰਾਬਰ
ਸੋਨਾ ਦਾਨ ਕਰਨਾ ਤੇ ਪ੍ਰਾਗ ਤੀਰਥ ਤੇ ਇਸ਼ਨਾਨ ਵੀ ਪ੍ਰਭੂ ਦੇ ਸਿਫਤਿ ਸਾਲਾਹ ਗਾਉਣ ਦੀ ਬਰਾਬਰੀ ਨਹੀਂ
ਕਰ ਸਕਦੇ:-
ਅਸੁਮੇਧ ਜਗਨੇ।। ਤੁਲਾ ਪੁਰਖ ਦਾਨੇ।। ਪ੍ਰਾਗ ਇਸਨਾਨੇ।। ੧।।
ਤਉ ਨ ਪੁਜਹਿ ਹਰਿ ਕੀਰਤਿ ਨਾਮਾ।। ਪੰਨਾ ੮੭੧