.

ਸਰਬ ਨਿਰੰਤਰਿ ਏਕੋ ਦੇਖੁ

ਸਿਰਲੇਖ ਵਾਲੀ ਤੁਕ ਸੱਚੇ ਧਰਮ ਦੇ ਰਾਹ ਤੇ ਤੁਰਨ ਵਾਲੇ ਨੂੰ ਸੇਧ ਦੇ ਰਹੀ ਹੈ ਕਿ ਸਭ ਦੇ ਅੰਦਰ ਇੱਕ ਰੱਬ ਨੂੰ ਹੀ ਵਸਦਾ ਦੇਖ। ਇਸ ਸੱਚ ਨੂੰ ਪੱਕਾ ਕਰਾਉਣ ਲਈ ਹੀ ਬਾਣੀ ਦੀ ਸ਼ੁਰੂਆਤ ੴ ਤੋਂ ਹੁੰਦੀ ਹੈ ਕਿਉਂਕਿ ਉਹ ਮਾਲਕ ਸਭ ਜੀਵਾਂ ਦੇ ਅੰਦਰ ਇੱਕ ਰਸ ਮੌਜ਼ੂਦ ਹੈ। ਦੇਖਣ ਵਿੱਚ ਬਹੁਤ ਭਿੰਨਤਾ ਨਜ਼ਰ ਆਉਂਦੀ ਹੈ। ਇਸ ਭਿੰਨਤਾ ਦੇ ਆਧਾਰ ਤੇ ਊਚ ਨੀਚ ਮਿੱਥਣਾ ਸੱਚ ਤੋਂ ਉਲਟ ਕੰਮ ਹੈ। ਸਾਰੀ ਭਿੰਨਤਾ ਵਿੱਚ ਇੱਕ ਰੱਬ ਨੂੰ ਦੇਖਕੇ ਸਭ ਨੂੰ ਪ੍ਰੇਮ ਸਹਿਤ ਸਵੀਕਾਰ ਕਰਨਾ ਹੀ ਸੱਚ ਨਾਲ ਜੁੜਨਾ ਹੈ।

ਅਮਲੀ ਤੌਰ ਤੇ ਧਰਮੀ ਫਿਰਕਿਆਂ ਦਾ ਕੰਮ ਇਸ ਤੋਂ ਉਲਟ ਹੁੰਦਾ ਹੈ। ਉਹ ਬਾਹਰਲੀ ਦਿੱਖ, ਕਰਮ ਕਾਂਡਾਂ ਅਤੇ ਰਸਮਾਂ ਦੇ ਆਧਾਰ ਤੇ ਮਨੁੱਖਤਾ ਵਿੱਚ ਊਚ ਨੀਚ ਦੀ ਵੰਡੀ ਪਾਉਣ ਵਿੱਚ ਹੀ ਲੱਗੇ ਰਹਿੰਦੇ ਹਨ। ਇਸੇ ਹੀ ਕਰਕੇ ਇਹ ਫਿਰਕੇ ਸਿਰਫ ਝਗੜਿਆਂ ਨੂੰ ਹੀ ਜਨਮ ਦਿੰਦੇ ਹਨ। ਉਹ ਕਦੇ ਭੀ ਸਦੀਵੀ ਅਨੰਦ ਅਤੇ ਅਡੋਲਤਾ ਵੱਲ ਯਾਤਰਾ ਹੋਣ ਹੀ ਨਹੀਂ ਦਿੰਦੇ। ਧਰਮ ਦੇ ਨਾਂਅ ਤੇ ਇਹੋ ਜਿਹੇ ਕੰਮ ਅਧਰਮੀ ਕੰਮ ਹਨ।

ਬਾਣੀ ਉਸ ਨੂੰ ਗੁਰਮੁਖਿ ਕਹਿੰਦੀ ਹੈ ਜਿਹੜਾ ਗੁਰੂ ਦੀ ਸਿੱਖਿਆ ਲੈ ਕੇ ਇਸ ਤਰਾਂ ਦੇ ਸਭ ਵਿਤਕਰਿਆਂ ਤੋਂ ਉਪਰ ਉੱਠ ਜਾਂਦਾ ਹੈ-

ਵਰਨ ਚਿਹਨ ਸਗਲਹ ਤੇ ਰਹਤਾ। ਨਾਨਕ ਹਰਿ ਹਰਿ ਗੁਰਮੁਖਿ ਜੋ ਕਹਤਾ-259

ਨਿਰਾਕਾਰ ਪ੍ਰਭੂ ਨਾਲ ਜੁੜਨ ਲਈ ਨਜ਼ਰ ਆਉਣ ਵਾਲੀ ਕਿਸੇ ਭੀ ਚੀਜ਼ ਦੇ ਆਧਾਰ ਤੇ ਵਿਤਕਰਾ ਪਾਉਣ ਦੇ ਕੰਮ ਛੱਡਣੇ ਪੈਣੇ ਹਨ। ਬਾਣੀ ਵਿੱਚੋਂ ਰੱਬ ਦੀ ਤਸਵੀਰ ਦੇਖਦੇ ਹਾਂ ਕਿ ਕੀ ਉਸ ਨੂੰ ਨਜ਼ਰ ਆਉਣ ਵਾਲੀ ਕਿਸੇ ਚੀਜ਼ ਨਾਲ ਕੋਈ ਮੋਹ ਹੈ? ਕੀ ਉਸਦਾ ਕੋਈ ਖਾਸ ਰੂਪ ਜਾਂ ਚਹੇਤਾ ਚਿੰਨ ਹੈ-

ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਨ ਸਕਾਉ-44

ਵਰਨ ਰੂਪ ਵਰਤਹਿ ਸਭ ਤੇਰੇ-120

ਵਰਨਾ ਚਿਹਨਾ ਬਾਹਰਾ ਓਹੁ ਅਗਮ ਅਜਿਤਾ-965

ਤੁਧੁ ਰੂਪੁ ਨ ਰੇਖਿਆ ਜਾਤਿ ਤੂ ਵਰਨਾ ਬਾਹਰਾ-1096

ਨਾ ਤਿਸੁ ਰੂਪੁ ਨ ਰੇਖ ਵਰਨ ਸਬਾਇਆ-1279

ਵਰਨਾ ਚਿਹਨਾ ਬਾਹਰਾ ਲੇਖੇ ਬਾਝੁ ਅਲਖੁ-1289

ਸਾਰੇ ਰੂਪ ਰੰਗ ਅਤੇ ਚਿੰਨ ਉਸਦੇ ਹੋਣ ਕਰਕੇ ਹੀ ਉਹ ਬੇਅੰਤ ਹੈ। ਪਰ ਉਸ ਦਾ ਕਿਸੇ ਭੀ ਰੂਪ ਅਤੇ ਚਿੰਨ੍ਹ ਨਾਲ ਖਾਸ ਪ੍ਰੇਮ ਨਾ ਹੋਣ ਕਰਕੇ ਹੀ ਉਹ ਇਨਾਂ ਤੋਂ ਬਾਹਰਾ ਹੈ। ਕਿਸੇ ਰੂਪ ਜਾਂ ਚਿੰਨ੍ਹ ਨੂੰ ਵਿਸ਼ੇਸ਼ ਮੰਨ ਲੈਣਾ ਅਤੇ ਉਸ ਨਾਲ ਜੁੜ ਜਾਣਾ ਰੱਬੀ ਹਸਤੀ ਦੇ ਗੁਣ ਤੋਂ ਉਲਟ ਕੰਮ ਹੋਣ ਕਰਕੇ ਗ਼ਲਤ ਕੰਮ ਹੈ।

ਕੋਈ ਭੀ ਜੀਵ ਉਸਦੀ ਜੋਤ ਤੋਂ ਬਾਂਝਾ ਨਹੀਂ। ਉਹ ਸਭ ਦੇ ਅੰਦਰ ਭਰਪੂਰ ਹੈ। ਉਸਨੂੰ ਜੀਵਾਂ ਤੋਂ ਵੱਖਰਾ ਕੀਤਾ ਹੀ ਨਹੀਂ ਜਾ ਸਕਦਾ। ਪਰ ਜੀਵ ਜਦੋਂ ਕਿਸੇ ਇੱਕ ਖਾਸ ਰੂਪ, ਰੰਗ ਜਾਂ ਚਿੰਨ੍ਹ ਨਾਲ ਜੁੜਕੇ ਉਸਦੇ ਆਧਾਰ ਤੇ ਵਿਤਕਰੇ ਪਾਉਣੇ ਸ਼ੁਰੂ ਕਰ ਦਿੰਦੇ ਹਨ ਤਾਂ ਉਹ ਜ਼ਰੂਰ ਉਸ ਨਾਲੋਂ ਟੁੱਟ ਜਾਂਦੇ ਹਨ। ਉਨਾਂ ਦਾ ਫਿਰਕਾ ਫਿਰ ਰੱਬ ਦਾ ਪੰਥ ਨਹੀਂ ਰਹਿੰਦਾ-

ਨਾਨਕ ਕਾ ਪ੍ਰਭੁ ਸੋਇ ਜਿਸਕਾ ਸਭੁ ਕੋਇ।

ਸਰਬ ਰਹਿਆ ਭਰਪੂਰਿ ਸਚਾ ਸਚੁ ਸੋਇ-398

ਨਾਨਕ ਕਾ ਪ੍ਰਭੁ ਰਹਿਓ ਸਮਾਇ-1136

ਨਾ ਵਿਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਈ-46

ਸਰਬ ਵਿਆਪਕਤਾ ਦੇ ਇਸ ਸੱਚ ਨਾਲੋਂ ਟੁੱਟ ਕੇ ਜੀਵ ਆਕਾਰਾਂ ਦੇ ਵਖਰੇਵਿਆਂ ਦੀ ਊਚ ਨੀਚ ਮਿੱਥਣ ਦੇ ਭਰਮ ਵਿੱਚ ਹੀ ਉਲਝ ਕੇ ਰਹਿ ਜਾਂਦੇ ਹਨ। ਦਿਸਣ ਵਾਲੀ ਭਿੰਨਤਾ ਦਾ ਭਰਮ ਉਨਾਂ ਨੂੰ ਜੋਤ ਦੇ ਇੱਕ ਹੋਣ ਦੇ ਸੱਚ ਤੱਕ ਪੁੱਜਣ ਤੋਂ ਸਦਾ ਹੀ ਰੋਕੀ ਰੱਖਦਾ ਹੈ। ਭਿੰਨਤਾ ਦੇ ਵਖਰੇਵਿਆਂ ਵਿੱਚੋਂ ਕੱਢ ਕੇ ਸਭ ਦੇ ਅੰਦਰ ਇੱਕ ਜੋਤ ਦੇ ਦਰਸ਼ਨ ਕਰਾਉਣ ਕਰਕੇ ਹੀ ਗੁਰੂ ਧੰਨ ਹੈ-

ਏਕੋ ਪਵਨੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ।

ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ।

ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ-96

ਜਿਸਦੇ ਅੰਦਰ ਇੱਕ ਸਰਬ ਵਿਆਪੀ ਜੋਤਿ ਦਾ ਸੱਚ ਪੱਕਾ ਹੋ ਗਿਆ ਉਸਦੇ ਉਤੇ ਹੀ ਗੁਰੂ ਦੀ ਮਿਹਰ ਹੋਈ ਹੈ। ਭਿੰਨਤਾ ਦੇ ਆਧਾਰ ਤੇ ਊਚ ਨੀਚ ਮਿੱਥਣ ਵਿੱਚ ਉਲਝੇ ਜੀਵ ਗੁਰੂ ਦੀ ਮਿਹਰ ਤੋਂ ਬਾਂਝੇ ਰਹਿੰਦੇ ਹਨ ਕਿਉਂਕਿ ਉਹ ਸੱਚ ਤੋਂ ਉਲਟ ਜਾ ਕੇ ਕੂੜ ਨਾਲ ਹੀ ਜੁੜੇ ਰਹਿੰਦੇ ਹਨ। ਸਭਨਾਂ ਨੂੰ ਆਪਣੇ ਪਿਆਰੇ ਸਮਝਣਾ ਹੀ ਪ੍ਰਭੂ ਦੀ ਕਿਰਪਾ ਹੈ। ਇਹ ਸਮਝਣਾ ਹੀ ਪਿਆਰ ਅਤੇ ਅਨੰਦ ਦਾ ਮਾਹੌਲ ਪੈਦਾ ਕਰ ਸਕਦਾ ਹੈ-

ਪ੍ਰਭ ਜੀ ਤਉ ਪ੍ਰਸਾਦਿ ਭ੍ਰਮੁ ਡਾਰਿਓ।

ਤੁਮਰੀ ਕ੍ਰਿਪਾ ਤੇ ਸਭੁ ਕੋ ਅਪਨਾ ਮਨ ਮਹਿ ਇਹੈ ਬੀਚਾਰਿਓ-529

ਜਿਹੜੇ ਪੈਰ ਪੈਰ ਤੇ ਦੂਜਿਆਂ ਨੂੰ ਨੀਚ੍ਹ, ਪਤਿਤ, ਅਛੂਤ ਆਦਿ ਕਹਿ ਕੇ ਦੁਰਕਾਰਨ ਦੀਆਂ ਗੱਲਾਂ ਕਰਦੇ ਹਨ ਉਹ ਬਾਣੀ ਦੀ ਸਿੱਖਿਆ ਤੋਂ ਉਲਟ ਚੱਲ ਰਹੇ ਹਨ। 'ਸਭੁ ਕੋ ਅਪਨਾ' ਕਹਿਣ ਤੋਂ ਪਹਿਲਾਂ ਗੁਰੂ ਨੇ ਕੋਈ ਸ਼ਰਤ ਨਹੀਂ ਲਾਈ। ਗੁਰੂ ਦੇ ਸੱਚੇ ਸ਼ਰਧਾਲੂ ਨੂੰ ਭੀ ਬਿਨਾਂ ਸ਼ਰਤ ਸਭ ਨੂੰ ਸਵੀਕਾਰਨਾ ਪੈਣਾ ਹੈ। ਸਰਬ ਵਿਆਪਕਤਾ ਦੇ ਸੱਚ ਨਾਲ ਜੁੜਿਆ ਹੰਕਾਰੀ ਨਹੀਂ ਹੋ ਸਕਦਾ। ਇਹ ਹਉਮੈ ਅਤੇ ਹੰਕਾਰ ਰਹਿਤ ਅਵਸਥਾ ਹੀ ਪ੍ਰਭੂ ਪ੍ਰੇਮ ਦੀ ਨਿਸ਼ਾਨੀ ਹੈ-

ਮਨ ਜਿਉ ਅਪੁਨੇ ਪ੍ਰਭ ਭਾਵਉ।

ਨੀਚਹੁ ਨੀਚੁ ਨੀਚੁ ਅਤਿ ਨਾਨ੍ਹਾ ਹੋਇ ਗਰੀਬੁ ਬੁਲਾਵਹੁ-529

ਕਿਸੇ ਨੂੰ ਦੇਖਦੇ ਸਾਰ ਹੀ ਪਤਿਤ ਅਤੇ ਨੀਚ ਕਹਿਣ ਵਾਲਾ ਨੀਚਹੁ ਨੀਚੁ ਅਤੇ ਗ਼ਰੀਬ ਨਹੀਂ। ਉਹ ਤਾਂ ਹੰਕਾਰ ਦੇ ਉੱਚੇ ਪਹਾੜ ਤੇ ਬੈਠਾ ਵਲੀ ਕੰਧਾਰੀ ਹੈ। ਨਿਮਰਤਾਵਾਨ ਨੂੰ ਸਾਰਾ ਕੁੱਝ ਹੀ ਉਸ ਇੱਕ ਦਾ ਖੇਲ ਲੱਗਦਾ ਹੈ-

ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ-103

ਇਹ ਸੰਸਾਰ ਉਸ ਮਾਲਕ ਦਾ ਸੋਹਣਾ ਬਾਗ ਹੈ। ਬਾਗ ਵਿੱਚ ਬੂਟਿਆਂ ਦੀ ਸ਼ਕਲ ਵੱਖਰੀ ਵੱਖਰੀ ਹੈ ਪਰ ਹਰ ਸ਼ਕਲ ਵਾਲੇ ਨੂੰ ਰੱਬੀ ਬਾਗ ਦਾ ਸੋਹਣਾ ਬੂਟਾ ਸਮਝਣਾ ਹੀ ਸੱਚਾ ਧਰਮ ਹੈ। ਬਾਣੀ ਦੀ ਸਿੱਖਿਆ ਨਾਲ ਜੁੜੇ ਜੀਵ ਬਾਹਰਲੀ ਭਿੰਨਤਾ ਦੇ ਆਧਾਰ ਤੇ ਊਚ ਨੀਚ ਮਿੱਥਣ ਦੇ ਝਮੇਲਿਆਂ ਵਿੱਚ ਪੈਣ ਦੀ ਮੂਰਖਤਾ ਨਹੀਂ ਕਰਦੇ। ਊਚ ਨੀਚ ਮਿੱਥਣ ਦੀ ਬਿਰਤੀ ਨੂੰ ਤਿਆਗ ਕੇ ਹੀ ਉਹ ਸੰਸਾਰ ਸਿਰਜਿਆ ਜਾ ਸਕਦਾ ਹੈ ਜਿੱਥੇ ਸਭ ਭੈ ਰਹਿਤ ਜੀਵਨ ਜੀ ਸਕਣ-

ਭੈ ਭਉ ਭਰਮੁ ਖੋਇਆ ਗੁਰਿ ਪੂਰੈ ਦੇਖਾ ਸਭਨੀ ਜਾਈ ਜੀਉ-107

ਇਹ ਜਗੁ ਵਾੜੀ ਮੇਰਾ ਪ੍ਰਭੁ ਮਾਲੀ, ਸਦਾ ਸਮਾਲੇ ਕੋ ਨਹੀਂ ਖਾਲੀ-118

ਵਖਰੇਵੇਂ ਅਤੇ ਵਿਤਕਰੇ ਪਾਉਣ ਲਈ ਨਜ਼ਰ ਆਉਣ ਵਾਲੀਆਂ ਚੀਜ਼ਾਂ ਹੀ ਜ਼ਿੰਮੇਵਾਰ ਹਨ। ਇਸ ਵਿੱਚ ਸਰੀਰ ਅਤੇ ਉਸਤੇ ਪਹਿਨੇ ਵੇਸ ਜਾਂ ਚਿੰਨ੍ਹ ਵੱਡਾ ਰੋਲ ਅਦਾ ਕਰਦੇ ਹਨ। ਆਕਾਰ ਵਾਲੇ ਸਰੀਰਾਂ ਦੀਆਂ ਸ਼ਕਲਾਂ ਦੀ ਭਿੰਨਤਾ ਨਾਲ ਜੁੜਕੇ ਸਰਬ ਵਿਆਪੀ ਜੋਤ ਦੀ ਏਕਤਾ ਕਦੇ ਭੀ ਨਜ਼ਰ ਨਹੀਂ ਆਉਣੀ। ਇਸੇ ਹੀ ਕਰਕੇ ਗੁਰੂ ਸਰੀਰਾਂ ਨਾਲੋਂ ਤੋੜਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਜਿੰਨਾ ਚਿਰ ਸਰੀਰਾਂ ਦੀਆਂ ਸ਼ਕਲਾਂ ਦੇ ਝਗੜੇ ਖ਼ਤਮ ਨਹੀਂ ਹੁੰਦੇ ਉਸ ਵੇਲੇ ਤੱਕ ਨਿਰਾਕਾਰ ਰੱਬ ਨਾਲ ਮੇਲ ਹੋਣਾ ਅਸੰਭਵ ਹੈ। ਸੱਚੇ ਧਰਮ ਦੇ ਨਾਂਅ ਤੇ ਸਰੀਰਾਂ ਦੀ ਗੱਲ ਕਰਨੀ ਬਾਣੀ ਦੀ ਸਿੱਖਿਆ ਤੋਂ ਉਲਟ ਕੰਮ ਹੈ। ਦੇਖੋ ਸਰੀਰਾਂ ਤੋਂ ਉੱਪਰ ਉੱਠਣ ਦੀ ਗੱਲ ਗੁਰੂ ਕਿੰਨੇ ਕਰੜੇ ਲਫਜ਼ਾਂ ਵਿੱਚ ਕਰਦਾ ਹੈ-

ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ-789

ਗੁਰੂ ਨਾਮ (ਰੱਬ ਦੀ ਹਸਤੀ) ਨਾਲ ਜੋੜਨ ਦਾ ਕੰਮ ਕਰਨਾ ਚਾਹੁੰਦਾ ਹੈ ਪਰ ਆਕਾਰ ਵਾਲੇ ਸਰੀਰ ਉਸ ਨਿਰਾਕਾਰ ਤੋਂ ਤੋੜਨ ਦਾ ਕੰਮ ਕਰਦੇ ਹਨ। ਤਨ ਨੂੰ ਜਾਲਣ ਲਈ ਕਹਿਣਾ ਇਸ ਤੋਂ ਪੂਰੀ ਤਰਾਂ ਧਿਆਨ ਉਠਾਉਣ ਦੀ ਵੰਗਾਰ ਹੈ। ਪਰ ਇਹ ਕੰਮ ਕੋਈ ਵਿਰਲਾ ਹੀ ਕਰਦਾ ਹੈ। ਸਰੀਰ ਨਾਲ ਜੁੜਨਾ ਬੰਧਨਾਂ ਵਿੱਚ ਪੈਣਾ ਹੈ। ਇਹ ਧਰਮ ਦੇ ਖੁੱਲੇ ਆਕਾਸ਼ ਵਿੱਚ ਕਦੇ ਭੀ ਉੱਡਣ ਨਹੀਂ ਦੇਵੇਗਾ-

ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ-123

ਦੇਖੋ, ਗੁਰੂ ਸੱਚੇ ਧਰਮ ਦੇ ਰਾਹ ਤੇ ਤੁਰਨ ਵਾਲਿਆਂ ਨੂੰ ਕਿਸ ਨਾਲ ਜੁੜਨ ਲਈ ਕਹਿੰਦਾ ਹੈ। ਪਰ ਤਨ ਨਾਲੋਂ ਟੁੱਟ ਕੇ ਗੁਰੂ ਦਾ ਦੱਸਿਆ ਇਹ ਕੰਮ ਕੋਈ ਵਿਰਲਾ ਹੀ ਕਰਦਾ ਹੈ-

ਸਾਧੋ ਇਹੁ ਤਨੁ ਮਿਥਿਆ ਜਾਨਉ।

ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ-1186

ਕਬੀਰ ਐਸਾ ਕੋ ਨਹੀ ਇਹੁ ਤਨੁ ਦੇਵੈ ਫੂਕਿ।

ਅੰਧਾ ਲੋਗੁ ਨ ਜਾਨਈ ਰਹਿਓ ਕਬੀਰਾ ਕੂਕਿ-1368

ਬਾਣੀ ਦਾ ਫੈਸਲਾ ਹੈ ਕਿ ਰੱਬੀ ਮਿਲਾਪ ਦੀ ਅਮੋਲਕ ਦਾਤ ਪਾਉਣ ਲਈ ਪਹਿਲਾਂ ਸਰੀਰ ਨਾਲੋਂ ਪੂਰੀ ਤਰਾਂ ਟੁੱਟਣਾ ਜ਼ਰੂਰੀ ਹੈ-

ਰਾਮ ਰਤਨੁ ਤਬ ਪਾਈਐ ਜਉ ਪਹਿਲੇ ਤਜਹਿ ਸਰੀਰੁ-1366

ਜੇ ਕਿਸੇ ਚੀਜ਼ ਦੇ ਲਈ ਜਾਲਣ ਅਤੇ ਫੂਕਣ ਵਰਗੇ ਲਫ਼ਜ਼ ਵਰਤੇ ਹੋਣ ਤਾਂ ਸੱਚੇ ਧਰਮ ਦੇ ਰਾਹ ਤੇ ਉਸਦੀ ਰੱਤੀ ਭਰ ਭੀ ਮਹੱਤਾ ਨਹੀਂ ਹੋ ਸਕਦੀ। ਫਿਰ ਜੇ ਤਨ ਦੀ ਹੀ ਕੋਈ ਮਹੱਤਾ ਨਹੀਂ ਤਾਂ ਇਸ ਤੇ ਪਹਿਨੇ ਵੇਸਾਂ ਜਾਂ ਚਿੰਨਾਂ ਦੀ ਤਾਂ ਬਿਲਕੁੱਲ ਹੀ ਕੋਈ ਹੋ ਨਹੀਂ ਸਕਦੀ। ਵੇਸਾਂ, ਬਾਣਿਆਂ ਤੇ ਟੇਕ ਰੱਖਣੀ ਅਸਫਲਤਾ ਹੀ ਪੱਲੇ ਪਾਏਗੀ-

ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ।

ਨਾਨਕ ਤਿਨੀ ਸਹੁ ਪਾਇਆ ਜਿਨ੍ਹੀ ਗੁਰ ਕੀ ਸਿਖ ਸੁਣੀ-785

ਗੁਰੂ ਦੀ ਸਿੱਖਿਆ ਤਾਂ ਪ੍ਰਭੂ ਦੀ ਸਰਬ ਵਿਆਪਕਤਾ ਦਾ ਨਗਾਰਾ ਵਜਾਉਂਦੀ ਹੈ। ਪਰ ਜੀਵਾਂ ਦੇ ਪੁੱਠੇ ਹੋਏ ਹਿਰਦੇ ਸਿੱਧੇ ਹੋਣਗੇ ਤਾਂ ਹੀ ਸਿੱਖਿਆ ਦਾ ਚਾਨਣ ਅੰਦਰ ਨੂੰ ਰੁਸ਼ਨਾਇਗਾ। ਤਾਂ ਹੀ ਸਰਬ ਵਿਆਪਕਤਾ ਯਕੀਨੀ ਬਣੇਗੀ-

ਊਂਧ ਕਵਲੁ ਜਿਸ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ-108

ਨਾਨਕ ਆਪੇ ਆਪਿ ਵਰਤੈ ਗੁਰਮੁਖਿ ਸੋਝੀ ਪਾਵਣਿਆ-113

ਗੁਰਹਿ ਦਿਖਾਇਓ ਲੋਇਨਾ ….

ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ-407

ਜਹ ਜਹ ਤੇਖਾ ਤਹ ਏਕੋ ਸੋਈ ਇਹ ਗੁਰਮਤਿ ਬੁਧਿ ਪਾਈ-1260

ਜਹ ਦੇਖਾ ਤੂ ਸਭਨੀ ਥਾਈ। ਪੂਰੇ ਗੁਰਿ ਸਭ ਸੋਝੀ ਪਾਈ-1051

ਜਤ ਕਤ ਦੇਖਉ ਤੇਰਾ ਵਾਸਾ। ਨਾਨਕ ਕਉ ਗੁਰਿ ਕੀਆ ਪ੍ਰਗਾਸਾ-1157

ਰੱਬ ਦੀ ਸਰਬ ਵਿਆਪਕਤਾ ਤੋਂ ਮੁਨਕਰ ਹੋ ਕੇ ਰਹਿਣਾ ਦੁਰਮਤਿ ਵਿੱਚ ਜੀਣਾ ਹੈ। ਜੇ ਗੁਰੂ ਦੀ ਸੁਮਤਿ ਲੈਂਦੇ ਤਾਂ ਇਹ ਦੁਰਮਤਿ ਜ਼ਰੂਰ ਖਤਮ ਹੋ ਜਾਂਦੀ-

ਜਹ ਦੇਖਾ ਤਹ ਏਕੋ ਸੋਈ। ਦੂਜੀ ਦੁਰਮਤਿ ਸਬਦੇ ਖੋਈ-1051

ਗੁਰ ਪਰਸਾਦੀ ਦੁਰਮਤਿ ਖੋਈ। ਜਹ ਦੇਖਾ ਤਹ ਏਕਾ ਸੋਈ-357

ਗੁਰੂ ਦੀ ਮਤਿ ਅਨੁਸਾਰ ਬੁਧੀ ਬਣੇਗੀ, ਗੁਰੂ ਦੀ ਮਤਿ ਦੀ ਪੂਰੀ ਸੋਝੀ ਲਵਾਂਗੇ, ਗੁਰੂ ਦੇ ਗਿਆਨ ਦਾ ਅੰਦਰ ਪਰਕਾਸ਼ ਹੋਵੇਗਾ ਤਾਂ ਸਭਨਾਂ ਅੰਦਰ ਵਸਦਾ ਜ਼ਰੂਰ ਨਜ਼ਰ ਆਏਗਾ। ਫਿਰ ਕਿਸੇ ਨੂੰ ਸ਼ਕਲ ਦੇਖਦੇ ਸਾਰ ਹੀ ਪਤਿਤ ਜਾਂ ਨੀਚ ਕਹਿਣ ਤੇ ਸਮਝਣ ਦਾ ਗਲਤ ਕੰਮ ਕਦੇ ਭੀ ਨਹੀਂ ਕਰ ਸਕਦੇ-

ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ-1238

ਮੰਦਾ ਕਿਸ ਨੋ ਆਖੀਐ ਜਾਂ ਤਿਸ ਬਿਨੁ ਕੋਈ ਨਾਹਿ-1381

ਜਿਹੜੇ ਪਾਤਿਸ਼ਾਹਾਂ ਦੀ ਕਰੜੀ ਘਾਲਣਾ ਦੇ ਕਰਕੇ ਅਮੋਲਕ ਗੁਰਬਾਣੀ ਗਰੰਥ ਸਾਡੀ ਅਗਵਾਹੀ ਲਈ ਸਾਡੇ ਕੋਲ ਹੈ ਦੇਖੋ ਉਨਾਂ ਨੂੰ ਗੁਰੂ ਨੇ ਕੀ ਸਿੱਖਿਆ ਦਿੱਤੀ ਹੈ। ਕੀ ਇਹ ਲੈਣੀ ਸਾਡੇ ਲਈ ਜ਼ਰੂਰੀ ਨਹੀਂ?

ਨਾਨਕ ਕਉ ਗੁਰਿ ਦੀਖਿਆ ਦੀਨ੍ਹ। ਪ੍ਰਭ ਅਬਿਨਾਸੀ ਘਟਿ ਘਟਿ ਚੀਨ੍ਹ-376

ਜੇ ਸੱਚ ਮੁੱਚ ਬਾਣੀ ਨੂੰ ਇੱਕੋ ਇੱਕ ਸੱਚਾ ਗੁਰੂ ਮੰਨਦੇ ਹਾਂ, ਜੇ ਵਾਕਿਆ ਹੀ ਦਸਾਂ ਪਾਤਿਸ਼ਾਹੀਆਂ ਦੇ ਕਦਰਦਾਨ ਹਾਂ ਤਾਂ ਬਾਣੀ ਦੀ ਸਿੱਖਿਆ ਨਾਲ ਜੁੜਨ ਤੋਂ ਕੰਨੀ ਨਹੀਂ ਕਤਰਾ ਸਕਦੇ। ਜੇ ਪੂਰੇ ਗੁਰੂ ਦੀ ਸਿੱਖਿਆ ਤੇ ਚੱਲਾਂਗੇ ਤਾਂ ਰੱਬ ਦੀ ਸਰਬ ਵਿਆਪਕਤਾ ਪਹਿਲਾ ਗੁਣ ਹੈ ਜਿਹੜਾ ਸਾਡੇ ਧੁਰ ਅੰਦਰ ਵਸੇਗਾ। ਇਸ ਨਾਲ ਜੁੜੇ ਤੇ ਹੀ ' ਆਈ ਪੰਥੀ ਸਗਲ ਜਮਾਤੀ ' ਵਾਲਾ ਸੱਚੇ ਧਰਮ ਦਾ ਪੰਥ ਹੋਂਦ ਵਿੱਚ ਆ ਸਕਦਾ ਹੈ ਜਿਸ ਵਿੱਚ ਸਭ ਜੀਵ ਇੱਕੋ ਜਿਹੇ ਸਤਿਕਾਰ ਦੇ ਪਾਤਰ ਹੋਣਗੇ। ਇਸ ਤਰਾਂ ਦਾ ਪੰਥ ਹੀ ਸਭ ਲਈ ਸਾਂਤੀ ਅਤੇ ਅਨੰਦ ਵਿੱਚ ਜੀਣ ਦਾ ਮਾਹੌਲ ਸਿਰਜ ਸਕਦਾ ਹੈ। ਇਹ ਪੰਥ ਹੀ ਨਿੱਤ ਦੇ ਝਗੜਿਆਂ ਤੋਂ ਮੁਕਤੀ ਦੇ ਸਕਦਾ ਹੈ।

ਨਿਮਰਤਾ ਸਹਿਤ---ਮਨੋਹਰ ਸਿੰਘ ਪੁਰੇਵਾਲ




.