.

ਖੁਦਮੁਖਤਿਆਰੀ ਬਨਾਮ ਨਿਸਚੇਵਾਦ

(Free Will vs Determinism)

(ਕਿਸ਼ਤ ਪਹਿਲੀ)

(ਨੋਟ:- ਸ: ਜਰਨੈਲ ਸਿੰਘ ਅਸਟ੍ਰੇਲੀਆ ਦਾ ਇਹ ਲੇਖ ਇੱਕ ਵੱਖਰੇ ਹੀ ਅੰਦਾਜ਼ ਅਤੇ ਦ੍ਰਿਸ਼ਟੀ ਕੋਨ ਤੋਂ ਲਿਖਿਆ ਹੋਇਆ ਹੈ। ਇਹ ਲੇਖ ਕਾਫੀ ਦਿਲਚਸਪੀ ਭਰਪੂਰ ਹੈ। ਇਹ ਤਿੰਨ ਜਾਂ ਚਾਰ ਕਿਸ਼ਤਾਂ ਵਿੱਚ ਛਪੇਗਾ। ਪਾਠਕ/ਲੇਖਕ ਆਪਣੇ ਵਿਚਾਰ ਅਖੀਰਲੀ ਕਿਸ਼ਤ ਛਪਣ ਤੋਂ ਬਾਅਦ ਦੇ ਸਕਦੇ ਹਨ। ਉਂਜ ਤਾਂ ਕੋਈ ਵੀ ਪਾਠਕ ਆਪਣੇ ਵਿਚਾਰ ਕਿਸੇ ਵੀ ਲਿਖਤ ਬਾਰੇ ਜਦੋਂ ਮਰਜ਼ੀ ਤੁਹਾਡੇ ਆਪਣੇ ਪੰਨੇ ਤੇ ਵੀ ਦੇ ਸਕਦਾ ਹੈ- ਸੰਪਾਦਕ)

ਪੰਜਾਬੀ ਦੀ ਇੱਕ ਕਹਾਵਤ ਹੈ ਕਿ ਹੋਣੀ ਨਹੀਂ ਟੱਲਦੀ। ਪੰਜਾਬੀ ਆਮ ਗੱਲਬਾਤ ਵਿੱਚ ਵੀ ਕਹਿੰਦੇ ਸੁਣੇ ਜਾ ਸਕਦੇ ਨੇ ਕਿ ਭਾਈ ਜੋ ਹੋਣਾ ਹੈ ਹੋ ਕੇ ਹੀ ਰਹਿੰਦਾ ਹੈ। ਫਿਰ ਸਵਾਲ ਉਠਦਾ ਹੈ ਕਿ ਅਗਰ ਹੋਣੀ ਅਟੱਲ ਹੈ ਭਾਵ ਸਭ ਕੁੱਝ ਪਹਿਲਾਂ ਤੋਂ ਹੀ ਨਿਰਧਾਰਿਤ ਹੈ ਤਾਂ ਕੀ ਬੰਦੇ ਦੀ ਕੋਈ ਮਰਜ਼ੀ ਵੀ ਚਲਦੀ ਹੈ? ਇਸ ਸਵਾਲ ਦਾ ਹੱਲ ਸਦੀਆਂ ਤੋਂ ਚਿੰਤਕ ਅਤੇ ਦਾਰਸ਼ਨਿਕ ਲੋਕ ਲੱਭ ਰਹੇ ਹਨ ਅਤੇ ਸਦੀਆ ਤੋਂ ਹੀ ਇਸ ਮੁੱਦੇ ਤੇ ਨਿਰੰਤਰ ਬਹਿਸ ਹੋ ਰਹੀ ਹੈ। ਇਸ ਮੁੱਦੇ ਨੂੰ ਫਿਲਾਸਫੀ ਦੇ ਵਿਸ਼ੇ ਅੰਦਰ ਹਰ ਯੁਨੀਵਰਸਟੀ ਵਿੱਚ ਪੜ੍ਹਾਇਆ ਵੀ ਜਾਂਦਾ ਹੈ। ਗੂਗਲ ਤੇ ਇਸ ਵਿਸ਼ੇ (determinism vs free will) ਤੇ ਖ਼ੋਜ਼ ਕਰਨ ਤੇ ਲੱਖਾਂ ਦੀ ਗਿਣਤੀ ਵਿੱਚ ਲੇਖ ਅਤੇ ਵੀਡਿਓ ਮਿਲ ਜਾਂਦੇ ਹਨ। ਅਮਰੀਕਾ ਵਿੱਚ ਇੱਕ ਜ੍ਹੋਨ ਟੈਂਪਲਟਨ (John Templeton Foundation) ਨਾ ਦੀ ਸੰਸਥਾ ਹੈ ਜਿਸ ਨੇ ਇਸ ਸਵਾਲ ਦਾ ਜਵਾਬ ਲੱਭਣ ਲਈ ਚੋਖਾ ਪੈਸਾ ਖਰਚ ਕੇ ਫਿਲਾਸਫਰ ਐਲਫਰਡ ਮੀਲੀ (Alfred Mele) ਦੀ ਨਿਗਰਾਨੀ ਹੇਠ 60 ਉੱਘੇ ਵਿਦਵਾਨਾਂ (ਜਿਨ੍ਹਾਂ ਵਿੱਚ ਭੌਤਿਕ ਵਿਗਿਆਨੀ, ਫਿਲਾਸਫਰ ਅਤੇ ਮਨੋਵਿਗਿਆਨੀ ਸ਼ਾਮਲ ਸਨ) ਨੂੰ ਚਾਰ ਸਾਲ ਦਾ ਸਮਾ ਦਿੱਤਾ। ਇਹਨਾਂ ਕਈ ਤਜ਼ਰਬਾਤ ਕੀਤੇ, ਕਈ ਵਾਰ ਇਕੱਠੇ ਹੋ ਕੇ ਵਿਚਾਰ ਵਿਟਾਂਦਰਾ ਕੀਤਾ, ਪਰ ਫਿਰ ਵੀ ਕਿਸੇ ਬੰਨੇ ਕੰਢੇ ਨਹੀਂ ਲਗ ਸਕੇ। (1)

ਇਸ ਲੇਖ ਵਿੱਚ ਇਸ ਸਵਾਲ ਨੂੰ ਗੁਰਬਾਣੀ ਦੇ ਨਜ਼ਰੀਏ ਤੋਂ ਵਿਚਾਰਿਆ ਗਿਆ ਹੈ।

ਸਵਾਲ ਕੀ ਹੈ

ਸਦੀਆਂ ਤੋਂ ਮਨੁੱਖ ਇਹ ਸਮਝਣ ਦਾ ਯਤਨ ਕਰ ਰਿਹਾ ਏ ਕਿ ਉਸਦੇ ਹਰ ਕਾਰਜ ਦਾ ਕਾਰਣ ਕਿਸ ਦੇ ਵੱਸ ਹੈ। ਕੀ ਜੋ ਉਹ ਕਰਦਾ ਹੈ ਉਸ ਵਿੱਚ ਉਹ ਖੁਦਮਖਤਿਆਰ ਹੈ ਜਾਂ ਸਭ ਕੁੱਝ ੳਸ ਦੇ ਵੱਸ ਤੋਂ ਬਾਹਰ ਕੋਈ ਹੋਰ ਤਾਕਤ ਕਰ ਜਾਂ ਕਰਵਾ ਰਹੀ ਹੈ। ਜੇ ਸਵੇਰੇ ਉੱਠਕੇ ਉਸਦਾ ਪਰੌਂਠੇ ਖਾਣ ਨੂੰ ਜੀਅ ਕਰਦਾ ਹੈ ਤਾਂ ਕੀ ਇਹ ਉਸਦੀ ਮਰਜ਼ੀ ਹੈ ਜਾਂ ਕੋਈ ਹੋਰ ਤਾਕਤ ਉਸਦੇ ਮਨ ਵਿੱਚ ਇਹ ਇੱਛਾ ਜਗਾ ਰਹੀ ਹੈ। ਜਾਂ ਅਗਰ ਸਵੇਰੇ ਉੱਠਦਿਆਂ ਸਾਰ ਹੀ ਕੋਈ ਆਪਣੇ ਗੁਆਂਡੀ ਨਾਲ ਪੰਙਾ ਲੈਂਦਾ ਹੈ ਤਾਂ ਕੀ ਇਹ ਸਚੁਮੱਚ ਉਸਦੇ ਵੱਸ ਹੈ। ਕੀ ਜੋ ਵੀ ਅਸੀਂ ਪਹਿਨਦੇ ਹਾਂ ਉਹ ਸਾਡੀ ਮਰਜ਼ੀ ਹੈ ਜਾਂ ਕੁੱਝ ਹੋਰ। ਕੁੜੀ ਮੁੰਡੇ ਦੇ ਇੱਕ ਦੁਜੇ ਨੂੰ ਪਸੰਦ ਕਰਨ ਵਿੱਚ ਉਹਨਾਂ ਦੀ ਕਿੰਨੀ ਕੁ ਮਰਜ਼ੀ ਹੈ ਅਤੇ ਕਿੰਨਾ ਕੁ ਅਗਾਊਂ ਹੀ ਨਿਰਧਾਰਿਤ ਹੁੰਦਾ ਹੈ। ਸਵੇਰੇ ਕੋਈ ਜਲਦੀ ਉੱਠ ਕੇ ਖੁਸ਼ ਹੈ ਅਤੇ ਕਿਸੇ ਨੂੰ ਸਵੇਰੇ ਜਲਦੀ ਉੱਠਣ ਲਈ ਕਹਿਣ ਤੇ ਪਿੱਸੂ ਪੈ ਜਾਂਦੇ ਹਨ। ਕੀ ਇਹ ਬੰਦੇ ਦੇ ਬਸ ਵਿੱਚ ਹੈ ਜਾ ਨਹੀਂ। ਜ਼ਿੰਦਗੀ ਦੀਆਂ ਇਹਨਾਂ ਆਮ ਗੱਲਾਂ ਅਤੇ ਜਿੰਦਗੀ ਦੀਆਂ ਹੋਰ ਅਹਿਮ ਗੱਲਾਂ ਵਿੱਚ ਬੰਦੇ ਨੂੰ ਆਪਣੀ ਮਰਜ਼ੀ ਕਰਨ ਦੀ ਕਿੰਨੀ ਕੁ ਖੁੱਲ ਹੈ। ਇਸ ਸਵਾਲ ਦਾ ਜਵਾਬ ਲੱਭਣ ਲਈ ਚਿੰਤਕ ਸਦੀਆਂ ਤੋਂ ਯਤਨਸ਼ੀਲ ਨੇ। ਵਿਗਿਆਨ, ਖਾਸ ਕਰਕੇ ਭੋਤਿਕ ਵਿਗਿਆਨ ਅਤੇ ਮਨੋਵਿਗਿਆਨ, ਵੀ ਹੁਣ ਇਸ ਬਹਿਸ ਵਿੱਚ ਕੁੱਦ ਆਪਣਾ ਯੋਗਦਾਨ ਪਾ ਰਿਹਾ ਹੈ।

ਇਸ ਸਵਾਲ ਦਾ ਹਲ ਲੱਭਦੇ ਹੋਏ ਚਿੰਤਕ ਲੋਕ ਆਪਸ ਵਿੱਚ ਵੰਡੇ ਪਏ ਨੇ। ਇੱਕ ਸੋਚ ਇਹ ਹੈ ਕਿ ਸਾਡੀ ਹਰ ਗੱਲ ਹਰ ਕਾਰਜ ਪਹਿਲਾਂ ਤੋਂ ਹੀ ਨਿਰਧਾਰਿਤ ਹੋਏ ਹੁੰਦੇ ਹਨ। ਕੋਈ ਉਸ ਨੂੰ ਇੱਧਰ ਤੋਂ ਉਧਰ ਜਾਂ ਉਲਟ ਪੁਲਟ ਨਹੀਂ ਕਰ ਸਕਦਾ। ਖੁਦਮੁਖਤਿਆਰੀ (Free Will) ਮਹਿਜ਼ ਇੱਕ ਭਰਮ ਹੈ। ਇਸ ਸੋਚ ਨੂੰ ਚਿੰਤਕ ਲੋਕ ਸਖਤ ਿਰਧਾਰਤਵਾਦ (Hard Determinism) ਕਹਿੰਦੇ ਨੇ। ਮਿਸਾਲ ਦੇ ਤੌਰ ਤੇ ਡੱਚ ਫਿਲਸਾਪਰ ਸਪੀਨੋਜ਼ਾ (Spinoza) ਦਾ ਕਹਿਣਾ ਹੈ ਕਿ ਪੂਰਣ ਖੁਦਮੁਖਿਤਿਆਰੀ ਨਾਂ ਦੀ ਕੋਈ ਚੀਜ਼ ਨਹੀਂ ਹੈ, ਹਰ ਇੱਛਾ ਦਾ ਕਾਰਨ ਪਹਿਲਾਂ ਤੋਂ ਹੀ ਨਿਰਧਾਰਤ ਹੈ। (2) ਇਸੇ ਤਰ੍ਹਾਂ ਜ਼ਰਮਨੀ ਦੇ ਫਿਲਸਾਫਰ ਆਰਥਰ ਸ਼ੌਪਨਹਾਵਰ (Arthur Schopenhaeur) ਦਾ ਕਹਿਣਾ ਹੈ ਕਿ ਬੰਦੇ ਦਾ ਜੋ ਜੀਅ ਚਾਹੇ ਕਰ ਸਕਦਾ ਪਰ ਉਹਦਾ ਜੀਅ ਕੀ ਚਾਹੁੰਦਾ ਹੈ ਇਹ ਉਹਦੇ ਵਸ ਨਹੀ ਹੈ। (3) ਸਖਤ ਨਿਰਧਾਰਤਵਾਦ ਨੂੰ ਦਰਸਾਉਂਦੀਆਂ ਕਈ ਇੱਕ ਕਥਾ ਕਹਾਣੀਆਂ ਵੀ ਪ੍ਰਚੱਲਤ ਹਨ। ਯੁਨਾਨ ਦੇ ਸ਼ਹਿਰ ਥੀਬਜ਼ ਦੇ ਰਾਜੇ ਇਡੀਪਸ ਦੀ ਕਹਾਣੀ ਅਕਸਰ ਸੁਣਾਈ ਜਾਂਦੀ ਹੈ। ਇਡੀਪਸ ਨੂੰ ਡੈਲਫੀ ਦੇਵੀ ਦੀ ਭਵਿਖਬਾਣੀ ਤੋਂ ਪਤਾ ਲਗਾ ਕਿ ਉਹ ਆਪਣੇ ਪਿਉ ਦਾ ਕਤਲ ਕਰ ਆਪਣੀ ਮਾਂ ਨਾਲ ਸ਼ਾਦੀ ਕਰੇਗਾ। ਇਹ ਸੁਣ ਕੇ ਉਹ ਬੇਹੱਦ ਪਰੇਸ਼ਾਨ ਹੋਇਆ ਅਤੇ ਇਸ ਭਵਿਖਬਾਣੀ ਤੋਂ ਬਚਣ ਲਈ ਆਪਣੇ ਮਾਂ ਬਾਪ ਦਾ ਸ਼ਹਿਰ ਹੀ ਛੱਡ ਕੇ ਭੱਜ ਗਿਆ। ਰਸਤੇ ਵਿੱਚ ਉਸ ਨੂੰ ਇੱਕ ਰੱਥ ਤੇ ਜਾਂਦੇ ਪਤੀ ਪਤਨੀ ਮਿਲੇ। ਕਿਸੇ ਵਜ੍ਹਾ ਕਾਰਨ ਉਸ ਦੀ ਪਤੀ ਨਾਲ ਤਕਰਾਰ ਹੋ ਗਈ ਅਤੇ ਲੜਾਈ ਵਿੱਚ ਉਸ ਦੇ ਹੱਥੋਂ ਪਤੀ ਦੀ ਮੌਤ ਹੋ ਗਈ। ਵਿਰਲਾਪ ਕਰਦੀ ਪਤਨੀ ਨੂੰ ਦਿਲਾਸਾ ਦਿੰਦੇ ਉਸ ਨੇ ਉਸ ਨਾਲ ਸ਼ਾਦੀ ਕਰ ਲਈ। ਬਾਅਦ ਵਿੱਚ ਪਤਾ ਚਲਿਆ ਕਿ ਉਹ ਹੀ ਅਸਲ ਵਿੱਚ ਉਸਦੀ ਅਸਲੀ ਮਾਂ ਸੀ ਅਤੇ ਜਿਸਦਾ ਉਸ ਨੇ ਕਤਲ ਕੀਤਾ ਉਹ ਉਸ ਦਾ ਅਸਲੀ ਪਿਤਾ ਸੀ। ਹੋਇਆ ਇਸ ਤਰ੍ਹਾਂ ਕਿ ਉਸ ਦੇ ਜਨਮ ਮੌਕੇ ਹੀ ਉਸ ਦੇ ਪਿਤਾ ਨੇ ਉਸ ਨੂੰ ਆਪਣੇ ਦੇਸ਼ ਦੀ ਹੱਦ ਤੋਂ ਬਾਹਰ ਉਜਾੜ ਬੀਆਵਾਨ ਵਿੱਚ ਸੁੱਟ ਦਿੱਤਾ ਤਾਂ ਜੋ ਉਹ ਮਰ ਜਾਏ ਕਿਉਂਕਿ ਉਸ ਨੁੰ ਵੀ ਦੇਵੀ ਨੇ ਕਿਹਾ ਸੀ ਕਿ ਉਸ ਦਾ ਪੁੱਤਰ ਉਸ ਦਾ ਕਾਤਲ ਹੋਵੇਗਾ। ਪਰ ਹੋਣੀ ਦੀ ਕਰਣੀ ਇਸ ਤਰ੍ਹਾਂ ਹੋਈ ਕਿ ਉਸ ਨੂੰ ਕਿਸੇ ਦੂਸਰੇ ਰਾਜ ਦੇ ਰਾਜੇ ਨੇ ਚੁੱਕ ਕੇ ਪਾਲ ਲਿਆ। ਸਾਰੀ ਕਥਾ ਦਾ ਸਾਰ ਇਹ ਨਿਕਲਦਾ ਹੈ ਕਿ ਸਾਡੀ ਲੱਖ ਕੋਸ਼ਿਸ਼ ਦੇ ਬਾਵਜ਼ੂਦ ਵੀ ਜੋ ਹੋਣਾ ਹੈ ਹੋ ਕੇ ਹੀ ਰਹਿੰਦਾ ਹੈ। ਇਹ ਕਹਾਣੀ ਕੁੱਝ ਕੁੱਝ ਕ੍ਰਿਸ਼ਨ ਅਤੇ ਕੰਸ ਦੀ ਕਹਾਣੀ ਨਾਲ ਵੀ ਮਿਲਦੀ ਹੈ। ਇੰਗਲੈਂਡ ਦੇ ਪ੍ਰਸਿੱਧ ਨਾਟਕਕਾਰ ਸ਼ੇਕਸਪੀਅਰ ਆਪਣੇ ਨਾਟਕ ਹੈਮਲਿਟ ਵਿੱਚ ਲਿਖਦਾ ਹੈ ਕਿ ਅਸੀਂ ਜਿੰਨਾ ਮਰਜ਼ੀ ਟਿੱਲ ਲਾ ਲਈਏ, ਸਾਡੀ ਹੋਣੀ ਨੂੰ ਦੈਵੀ ਸ਼ਕਤੀ ਹੀ ਘੜਦੀ ਹੈ। "There’s a divinity that shapes our ends, rough-hew them how we will." (Act 5, scene 2)

ਦੂਜੀ ਸੋਚ ਇਹ ਹੈ ਕਿ ਬੰਦਾ ਆਪਣੇ ਹਰ ਕੰਮ ਕਰਨ ਲਈ ਅਜਾਦ ਅਤੇ ਆਪ ਹੀ ਜੁੰਮੇਵਾਰ ਹੈ। ਇਸ ਸੋਚ ਨੂੰ ਖੁਦਮੁਖਤਿਆਰਵਾਦ ਜਾਂ Libertarianism ਦਾ ਨਾਂ ਦਿੱਤਾ ਜਾਂਦਾ ਹੈ। ਇਸ ਸੋਚ ਅਨੁਸਾਰ ਬੰਦਾ ਆਪਣੀ ਹੋਣੀ ਆਪ ਸਿਰਜਦਾ ਹੈ। ਆਪਣੀ ਮਰਜ਼ੀ ਦਾ ਮਾਲਕ ਹੈ। ਫਰਾਂਸ ਦਾ ਫਿਲਸਾਪਰ ਡੀਕਾਰਟ (Decartes) ਕਹਿੰਦਾ ਹੈ ਕਿ ਇਰਾਦੇ ਦੀ ਖਾਸੀਅਤ ਅਜਾਦੀ ਹੈ ਜਿਸ ਨੂੰ ਜਕੜਿਆ ਨਹੀਂ ਜਾ ਸਕਦਾ। (4) ਇਸੇ ਤਰ੍ਹਾਂ ਸਾਰਤਰ (Sartre) ਦਾ ਵੀ ਮੰਨਣਾ ਹੈ ਕਿ ਮੇਰੀ ਅਜ਼ਾਦੀ ਦੀ ਹੱਦ ਸਿਰਫ ਅਜ਼ਾਦੀ ਹੈ। (5) ਕਿਉਂਕਿ ਇਸ ਸੋਚ ਅਨੁਸਾਰ ਬੰਦਾ ਖੁਦਮੁਖਤਿਆਰ ਹੈ ਇਸ ਲਈ ਕਿਸੇ ਵੀ ਕਾਰਜ ਦੇ ਕਾਰਨ ਹੋਣ ਦੀ ਸੰਭਾਵਨਾ ਮੁੱਕ ਜਾਂਦੀ ਹੈ। ਅਗਰ ਕੋਈ ਇਨਸਾਨ ਕੋਈ ਕਿਰਿਆ ਕਰਦਾ ਹੈ ਇਹ ਉਸ ਦੀ ਮਰਜ਼ੀ ਸੀ ਅਤੇ ਉਹ ਇਸ ਦੇ ਉਲਟ ਵੀ ਕਰ ਸਕਦਾ ਸੀ। ਅਗਰ ਉਹ ਖੱਬੇ ਨੂੰ ਜਾ ਰਿਹਾ ਹੈ ਉਹ ਸੱਜੇ ਵੀ ਜਾ ਸਕਦਾ ਸੀ ਜਾਂ ਕਿਤੇ ਵੀ ਨ ਜਾਣ ਦਾ ਫੈਸਲਾ ਵੀ ਕਰ ਸਕਦਾ ਸੀ। ਇਸ ਸੋਚ ਦੇ ਧਾਰਨੀ ਇਹ ਵੀ ਆਖਦੇ ਨੇ ਕਿ ਅਗਰ ਬੰਦਾ (ਸਖਤ ਨਿਰਧਾਰਤਵਾਦ ਅਨੁਸਾਰ) ਆਪਣੇ ਕੀਤੇ ਲਈ ਜੁੰਮੇਵਾਰ ਹੀ ਨਹੀ ਤਾਂ ਉਸ ਨੂੰ ਦੋਸ਼ੀ ਵੀ ਨਹੀਂ ਠਹਿਰਾਇਆ ਜਾ ਸਕਦਾ। ਇਸ ਲਈ ਸਮਾਜ ਵਿੱਚ ਖੁਦਮੁਖਤਿਆਰੀ ਦਾ ਹੋਣਾ ਲਾਜ਼ਮੀ ਹੈ ਨਹੀਂ ਤਾਂ ਅਰਾਜਕਤਾ ਫੈਲ਼ ਜਾਏਗੀ। ਇਸ ਤਰ੍ਹਾ ਇੱਥੇ ਖੁਦਮੁਖਤਿਆਰੀ ਨਾਲ ਨੈਤਿਕ ਜੁੰਮੇਵਾਰੀ ਦਾ ਗੂੜ੍ਹਾ ਰਿਸ਼ਤਾ ਦੱਸਿਆ ਜਾਂਦਾ ਹੈ। ਖੁਦਮੁਖਤਿਆਰੀ ਨੂੰ ਬੰਦੇ ਦੇ ਸਵੈ ਮਾਣ ਲਈ ਵੀ ਜਰੂਰੀ ਸਮਝਿਆ ਜਾਂਦਾ ਹੈ। ਇਸ ਨੂੰ ਤੁਸੀਂ ਹਉਮੇ ਵੀ ਆਖ ਸਕਦੇ ਹੋ। ਦਰਅਸਲ ਜਦੋਂ ਤਕ ਬੰਦਾ ਆਪਣੇ ਆਪ ਨੂੰ ਖੁਦ ਮੁਖਤਿਆਰ ਨ ਸਮਝੇ ਉਦੋਂ ਤਕ ਉਹ ਆਪਣੇ ਆਪ ਨੂੰ ਇਨਸਾਨ ਹੀ ਨਹੀਂ ਸਮਝਦਾ ਬਲਕਿ ਇੱਕ ਵੱਡ ਅਕਾਰੀ ਮਸ਼ੀਨ ਦਾ ਪੁਰਜਾ ਬਣ ਕੇ ਰਹਿ ਜਾਂਦਾ ਹੈ। ਇਸ ਸੋਚ ਦੀਆਂ ਤੰਦਾ ਸਿਆਸਤ ਅਤੇ ਅਰਥ ਸ਼ਾਸਤਰ ਦੇ ਕਈ ਸਿਧਾਂਤਾਂ ਨਾਲ ਵੀ ਜੁੜਦੀਆਂ ਹਨ।

ਉਪਰ ਦਿੱਤੀਆਂ ਦੋਨੋਂ ਸੋਚਾਂ ਇੱਕ ਦੁਜੇ ਤੋਂ ਉਲਟ ਹਨ। ਇੱਕ ਹੋਰ ਸੋਚ ਇਹਨਾਂ ਦੋਨਾਂ ਸੋਚਾਂ ਦਾ ਸੁਮੇਲ ਹੈ। ਇਸ ਨੂੰ ਨਰਮ ਨਿਰਧਾਰਤਵਾਦ (Soft Determinism) ਜਾ ਸੁਸੰਗਤਵਾਦ (Compatibilitism) ਕਿਹਾ ਜਾਂਦਾ ਹੈ। ਇਸ ਸੋਚ ਅਨੁਸਾਰ ਖੁਦਮੁਖਤਿਆਰੀ ਅਤੇ ਨਿਰਧਾਰਤਵਾਦ ਆਪਸ ਵਿੱਚ ਕਾਟ ਨਹੀ ਕਰਦੇ ਬਲਕਿ ਮਿਲ ਕੇ ਵੀ ਚਲਦੇ ਹਨ ਜਾਂ ਚਲ ਸਕਦੇ ਨੇ। ਇਸ ਸੋਚ ਦੇ ਧਾਰਨੀ ਕਹਿੰਦੇ ਹਨ ਬੇਸ਼ੱਕ ਕਾਰਜ ਪਹਿਲਾਂ ਤੋਂ ਹੀ ਨਿਰਧਾਰਿਤ ਕਾਰਣ ਕਰਕੇ ਘਟਦਾ ਹੈ ਪਰ ਕੁੱਝ ਕਾਰਜ ਆਪਣੇ ਆਪ ਵਿੱਚ ਵੱਖਰੇ ਹੁੰਦੇ ਹਨ। ਮਸਲਨ ਜਦੋਂ ਕਰਤਾ ਆਪਣੇ ਕਾਰਜ ਦਾ ਆਪ ਸਬੱਬ ਬਣਦਾ ਹੈ ਤਾਂ ਉਹ ਕਾਰਜ ਦੇ ਸਿੱਟੇ ਲਈ ਆਪ ਹੀ ਜੁੰਮੇਵਾਰ ਹੈ ਅਤੇ ਇਸ ਲਈ ਉਸ ਦੀ ਕਾਰਜ ਲਈ ਅਜਾਦੀ ਜਾਂ ਖੁਦਮੁਖਤਿਆਰੀ ਵੀ ਹੈ। ਖੂਹ ਵਿੱਚ ਛਾਲ ਮਾਰਣ ਅਤੇ ਖੂਹ ਵਿੱਚ ਧੱਕਾ ਦੇਣ ਦਾ ਨਤੀਜ਼ਾ ਤਾਂ ਇੱਕੋ ਹੀ ਹੁੰਦਾ ਹੈ ਪਰ ਦੋਨਾਂ ਵਿੱਚ ਫਰਕ ਵੀ ਹੈ। ਕਿਉਂਕਿ ਇੱਕ ਕਾਰਜ ਦਾ ਕਾਰਣ ਜਾਂ ਸਬੱਬ ਉਸਦੇ ਅੰਦਰੋਂ ਪੈਦਾ ਹੋਇਆ ਹੈ ਅਤੇ ਦੂਜੇ ਦਾ ਬਾਹਰੋਂ। ਇਸ ਲਈ ਇਸ ਦੇ ਹਰ ਚੰਗੇ ਮੰਦੇ ਨਤੀਜ਼ੇ ਲਈ ਉਸਦੀ ਨੈਤਿਕ ਜੁੰਮੇਵਾਰੀ ਵੀ ਬਣਦੀ ਹੈ। ਇਸ ਸੋਚ ਦੇ ਧਾਰਨੀ ਇਹ ਮੰਨਦੇ ਹਨ ਕਿ ਬੇਸ਼ਕ ਹਰ ਕਾਰਜ਼ ਨਿਰਧਾਰਤ ਹੈ ਪਰ ਇਹ ਪ੍ਰਾਲਬਧ ਨਹੀਂ ਹੈ। ਐਲਫਰਡ ਮੀਲੀ (Alfred Mele) ਦਾ ਕਹਿਣਾ ਹੈ ਕਿ ਖੁਦਮੁਖਿਤਿਆਰੀ ਨੂੰ ਪਟਰੌਲ ਪੰਪ ਤੇ ਮਿਲਦੀ ਗੈਸ ਦੀ ਤਰ੍ਹਾਂ ਤਿੰਨ ਵੰਨਗੀਆਂ ਵਿੱਚ ਵੰਡਿਆ ਜਾ ਸਕਦਾ ਹੈ। ਰੈਗੂਲਰ ਗੈਸ ਨੂੰ ਉਹ ਅਜਿਹੀ ਖੁਦਮੁਖਿਤਿਆਰੀ ਕਹਿੰਦਾ ਹੈ ਜਿਸ ਵਿੱਚ ਬੰਦੇ ਤੇ ਕਿਸੇ ਕਿਸਮ ਦਾ ਜੋਰ ਜ਼ਬਰ ਜਾਂ ਦਬਾਅ ਨਹੀ ਅਤੇ ਉਹ ਸਿਆਣੇ ਸਮਝਦਾਰ ਫੈਸਲੇ ਲੈਣ ਲਈ ਅਜ਼ਾਦ ਹੈ। ਮਿਡ ਗ੍ਰੇਡ ਖੁਦਮੁਖਿਤਿਆਰੀ ਵਿੱਚ ਬੰਦੇ ਕੋਲ ਆਪਣੇ ਫੈਸਲੇ ਉਲਟਾਉਣ ਦੀ ਅਜ਼ਾਦੀ ਵੀ ਹੈ। ਪ੍ਰੀਮੀਅਰ ਗੈਸ ਵਾਲੀ ਖੁਦਮੁਖਿਤਿਆਰੀ ਵਿੱਚ ਪਰਾਭੌਤਿਕ ਮਨ ਜਾਂ ਰੂਹ ਵੀ ਸ਼ਾਮਲ ਹੋ ਜਾਂਦੇ ਨੇ। ਕਰਿਸ ਫੀਲਡ ਦਾ ਮੰਨਣਾ ਹੈ ਕਿ ਖੁਦਮੁਖਤਿਆਰੀ ਦੋ ਤਰ੍ਹਾਂ ਦੀ ਹੈ। ਨੈਗਟਿਵ ਅਤੇ ਪੌਜ਼ਿਟਿਵ। ਪਹਿਲੇ ਵਿੱਚ ਕਿਸੇ ਵੀ ਬਾਹਰੀ ਤਾਕਤ ਤੋਂ ਸੰਪੂਰਣ ਅਜ਼ਾਦੀ ਅਤੇ ਦੂਜੀ ਵਿੱਚ ਆਪ ਨੂੰ ਸੰਪੂਰਣ ਅਜਾਦੀ ਹੋਣ ਦਾ ਜ਼ਿਕਰ ਕਰਦਾ ਹੈ। ਉਸ ਦਾ ਇਹ ਮੰਨਣਾ ਹੈ ਕਿ ਨੈਗੇਟਿਵ ਖੁਦਮੁਖਤਿਆਰੀ ਦੀ ਕੁਐਂਟਮ ਸਿਧਾਂਤ ਪ੍ਰੋੜਤਾ ਕਰਦਾ ਹੈ। (6) ਉਹ ਇਹ ਗਲ ਕੁਐਂਟਵ ਥਿੳਰੀ ਅਤੇ ਫਰੀ ਵਿਲ ਵੀਡੀਓ (Quantum theory and Free Will) ਵਿੱਚ ਆਖਦਾ ਹੈ। ਇਸ ਲਈ ਉਹ ਕੋਨਵੇ ਕੋਕਨ ਸਿਧਾਂਤ (Conway Kochen theory) ਦਾ ਜ਼ਿਕਰ ਕਰਦਾ ਹੈ ਪਰ ਉਹ ਉਸ ਸਿਧਾਂਤ ਵਿੱਚ ਸਾਫ ਕਹਿੰਦੇ ਨੇ ਕਿ ਉਹਨਾ ਦਾ ਤਜ਼ਰਬਾ ਇਨਸਾਨ ਦੀ ਖੁਦਮੁਖਤਿਆਰੀ ਸਾਬਤ ਕਰਨ ਲਈ ਨਹੀ ਹੈ।

ਧਰਮ ਅਤੇ ਸਵਾਲ

ਇਸ ਸਵਾਲ ਦਾ ਧਰਮ (7) ਨਾਲ ਵੀ ਬੜਾ ਗਹਿਰਾ ਸਬੰਧ ਹੈ। ਅਸਲ ਵਿੱਚ ਧਰਮ ਦਾ ਪ੍ਰਚਲਤ ਫਲਸਫਾ ਖੁਦਮੁਖਿਤਿਆਰੀ ਦੀ ਨੀਂਹ ਤੇ ਹੀ ਖੜਾ ਹੈ। ਅਗਰ ਆਦਮ ਅਤੇ ਹਵਾ ਆਪਣੀ ਮਰਜ਼ੀ ਨਾਲ ਸੇਬ ਨਾ ਖਾਂਦੇ ਤਾਂ ਸਾਮੀ ਧਰਮ ਹੋਂਦ ਵਿੱਚ ਕਿਵੇਂ ਆਉਂਦੇ। ਅਗਰ ਬੰਦਾ ਆਪਣੀ ਮਰਜ਼ੀ ਨਾਲ ਪਾਪ ਨਹੀਂ ਕਰਦਾ ਤਾਂ ਫਿਰ ਉਹ ਪਾਪ ਲਈ ਜੁੰਮੇਵਾਰ ਵੀ ਨਹੀ ਹੋ ਸਕਦਾ। ਇਸ ਤਰ੍ਹਾਂ ਤਾਂ ਹਿੰਦੂ ਧਰਮ ਦਾ ਸਾਰਾ ਕਰਮ ਸਿਧਾਂਤ ਹੀ ਢਹਿ ਢੇਰੀ ਹੋ ਜਾਂਦਾ ਹੈ। ਪਿਛਲੇ ਜਨਮ ਦੇ ਕਰਮ ਕਿਸਮਤ ਬਣ ਜਾਂਦੇ ਨੇ ਇਸ ਜਨਮ ਦੇ ਕਰਮ ਪ੍ਰਾਣੀ ਦੀ ਮਰਜ਼ੀ ਹੈ। ਭਾਵ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਨਿਰਧਾਰਿਤ ਹੈ, ਇਸ ਜਨਮ ਵਿੱਚ ਕਰਮਾਂ ਦੀ ਬੰਦੇ ਨੂੰ ਖੁਦਮੁਖਤਿਆਰੀ ਹੈ। ਇਸਲਾਮ ਵਿੱਚ ਵੀ ਇਹ ਕਿਹਾ ਜਾਂਦਾ ਹੈ ਕਿ ਖੁਦਾ ਬੰਦੇ ਨੂੰ ਉਸ ਦੇ ਅਮਲਾਂ ਦੀ ਖੁੱਲੀ ਛੁੱਟੀ ਦਿੰਦਾ ਹੈ ਪਰ ਇਹਨਾਂ ਅਮਲਾਂ ਤੇ ਖੁਦਾ ਦਾ ਜਬਰ ਫੈਸਲਾ ਕਰ ਸੁਰਗ ਨਰਕ ਬਖਸ਼ਦਾ ਹੈ। ਇਹ ਵੀ ਗਲ਼ ਆਮ ਦੇਖਣ ਵਿੱਚ ਆਉਂਦੀ ਹੈ ਕਿ ਸਾਰੇ ਧਰਮ ਥੋੜ੍ਹੇ ਬਹੁਤ ਫਰਕ ਨਾਲ ਆਤਮਾ ਜਾਂ ਰੂਹ ਦੇ ਸੰਕਲਪ ਨੂੰ ਮੰਨਦੇ ਹਨ। ਕਿਉਂਕਿ ਰੂਹ ਇੱਕ ਪਰਾਭੋਤਿਕ ਚੀਜ ਹੈ ਇਸ ਲਈ ਉਸ ਉੱਤੇ ਭੋਤਿਕ ਦੁਨੀਆਂ ਦੇ ਕਨੂੰਨ ਕਾਇਦੇ ਲਾਗੂ ਨਹੀਂ ਹੋ ਸਕਦੇ। ਇਸ ਕਰਕੇ ਰੂਹ ਨਿਰਧਾਰਿਤਵਾਦ ਤੋਂ ਅਜ਼ਾਦ ਹੋ ਜਾਂਦੀ ਹੈ। ਪਰ ਰੂਹ ਨਾਲ ਸਬੰਧਤ ਸਾਰਾ ਕਾਰੋਬਾਰ ਪੁਜਾਰੀ ਦੇ ਹੱਥ ਵਿੱਚ ਹੈ। ਰੂਹ ਕਿੱਥੌਂ ਆਉਂਦੀ ਕਿੱਥੇ ਜਾਂਦੀ ਕਿੱੇਥੇ ਰਹਿੰਦੀ ਕਿਵੇਂ ਖੁਸ਼ ਕਿਵੇਂ ਨਰਾਜ਼ ਹੁੰਦੀ ਇਹ ਸਭ ਪੁਜਾਰੀ ਦੱਸਦਾ ਹੈ ਅਤੇ ਉਸਨੂੰ ਆਪਣੀ ਕਹੀ ਹੋਈ ਗੱਲ ਦਾ ਕੋਈ ਸਬੂਤ ਵੀ ਨਹੀਂ ਦੇਣਾ ਪੈਂਦਾ। ਹਾਂ ਕੁੱਝ ਮਿਥਿਹਾਸਿਕ ਕਥਾ ਕਹਾਣੀਆਂ ਜ਼ਰੂਰ ਘੜਨੀਆਂ ਪੈਂਦੀਆਂ ਹਨ। ਇਸ ਤਰ੍ਹਾਂ ਦੁਨੀਆਂ ਦੀ ਹਰ ਚੀਜ਼ ਨੂੰ ਦੈਵੀ ਤੌਰ ਤੇ ਨਿਰਧਾਰਿਤ ਕਹਿ ਧਰਮਾਂ ਦੇ ਪੁਜਾਰੀ ਇਸ ਨੂੰ ਬਦਲਣ ਦੇ ਸਾਰੇ ਹੱਕ ਆਪਣੇ ਕੋਲ ਰਾਖਵੇਂ ਵੀ ਰੱਖ ਲੈਂਦੇ ਨੇ। ਬਹੁਤੇ ਧਰਮਾਂ ਵਿੱਚ, ਖਾਸ ਕਰਕੇ ਸਾਮੀ ਧਰਮਾਂ ਵਿੱਚ, ਰੱਬ ਵਲੋਂ ਸ੍ਰਿਸ਼ਟੀ ਨੂੰ ਸਾਜਣ ਦੀ ਮਿਤੀ ਤਕ ਵੀ ਦਿੱਤੀ ਹੁੰਦੀ ਹੈ। ਇਸ ਤਰ੍ਹਾਂ ਕਰਕੇ ਉਹ ਸ੍ਰਿਸ਼ਟੀ ਦੀ ਹਰ ਗੱਲ ਦੇ ਭੇਤ ਤੋਂ ਵਾਕਫ ਬਣਨ ਦੇ ਦਾਅਵੇਦਾਰ ਵੀ ਬਣ ਜਾਂਦੇ ਹਨ। ਅਗਰ ਇਹ ਮੰਨ ਲਿਆ ਜਾਏ ਕਿ ਹਰ ਗੱਲ ਪਹਿਲਾਂ ਤੋ ਹੀ ਨਿਰਧਾਰਤ ਹੈ ਅਤੇ ਕੋਈ ਵੀ ਫੇਰ ਬਦਲ ਅਸੰਭਵ ਹੈ ਤਾਂ ਧਰਮ ਦਾ ਸਾਰਾ ਜੁਗਾੜ ਹੀ ਹਿੱਲ ਜਾਂਦਾ ਹੈ। ਧਰਮ ਦੇ ਬਹੁਤਾਤ ਸੰਕਲਪ ਬੇਮਾਇਨਾ ਹੋ ਜਾਂਦੇ ਹਨ। ਮਸਲਨ:

  • ਕੋਈ ਵੀ ਮਸੀਹਾ ਤੁਹਾਡੇ ਪਾਪ ਬਖਸ਼ਣ ਤੋਂ ਅਸਮਰਥ ਹੋ ਜਾਂਦਾ ਹੈ।
  • ਕੋਈ ਵੀ ਪੁਜਾਰੀ ਕਿਸੇ ਕਿਸਮ ਦੀ ਵਿਚੋਲਗਿਰੀ ਨਹੀ ਕਰ ਪਾਏਗਾ।
  • ਕੋਈ ਵੀ ਅਰਦਾਸ ਕੰਮ ਨਹੀ ਕਰੇਗੀ।
  • ਕਿਸੇ ਕਿਸਮ ਦੇ ਕਰਮ ਕਾਂਢ ਨਾਲ ਕੋਈ ਨਤੀਜ਼ਾ ਬਦਲਿਆ ਨਹੀ ਜਾ ਸਕੇਗਾ।
  • ਕਿਸੇ ਨੂੰ ਵੀ ਉਸ ਦੇ ਪਾਪਾਂ ਦੀ ਸਜ਼ਾ ਨਹੀ ਮਿਲ ਪਾਏਗੀ ਕਿਉਂਕਿ ੳਹ ੳਸ ਲਈ ਜੁੰਮੇਵਾਰ ਹੀ ਨਹੀ ਰਹਿੰਦਾ। ਪਾਪ ਪੁੰਨ ਦਾ ਸਾਰਾ ਅਡੰਬਰ ਖ਼ਤਮ ਹੋ ਜਾਏਗਾ।
  • ਸਵਰਗ ਨਰਕ ਦਾ ਲਾਲਚ ਅਤੇ ਡਰ ਵੀ ਖ਼ਤਮ ਹੋ ਜਾਏਗਾ ਕਿਉਂਕਿ ਕਿਸ ਨੇ ਕਿੱਥੇ ਜਾਣਾ ਹੈ ਇਹ ਤਾਂ ਪਹਿਲਾਂ ਤੋ ਹੀ ਨਿਰਧਾਰਤ ਹੈ।
  • ਕਰਾਮਾਤ ਦਾ ਕ੍ਰਿਸ਼ਮਾ ਖਤਮ ਹੋ ਜਾਂਦਾ ਹੈ।
  • ਰੂਹ ਜਾਂ ਆਤਮਾ ਦੀ ਹੋਂਦ ਖਤਮ ਹੋ ਜਾਂਦੀ ਹੈ ਕਿਉਂਕਿ ਇਨ੍ਹਾ ਦੀ ਹੋਂਦ ਨਿਰਧਾਰਤਵਾਦ ਨੂੰ ਕਾਟ ਕਰਦੀ ਹੈ।
  • ਆਵਾਗਵਣ ਦਾ ਸਿਧਾਂਤ ਫੇਲ ਹੋ ਜਾਂਦਾ ਹੈ ਕਿਉਂਕਿ ਕੋਈ ਵੀ ਆਪਣੇ ਕੀਤੇ ਕਰਮਾਂ ਲਈ ਜਿੰਮੇਵਾਰ ਨਹੀਂ ਹੈ। ਫਿਰ ਅਗਲਾ ਜਨਮ ਕਿਸ ਅਧਾਰ ਤੇ ਹੋਏਗਾ।

ਦੂਜੇ ਪਾਸੇ ਅਗਰ ਇਨਸਾਨ ਆਪਣੇ ਕੰਮਾਂ ਵਿੱਚ ਪੂਰੀ ਤਰ੍ਹਾਂ ਅਜ਼ਾਦ ਹੈ ਤਾਂ ਧਰਮ ਦੀ ਸਮੱਸਿਆ ਇਹ ਹੈ ਕਿ

  • ਰੱਬ ਸਰਬਸ਼ਕਤੀਮਾਨ ਨਹੀਂ ਰਹਿੰਦਾ। ਰੱਬ ਬੁਰੇ ਕੰਮ ਕਿਉਂ ਨਹੀਂ ਰੋਕ ਸਕਦਾ। ਬੰਦੇ ਰੱਬ ਦੀ ਹੋਂਦ ਤੋਂ ਮੁਨਕਰ ਕਿਉਂ ਹੁੰਦੇ ਨੇ।
  • ਰੱਬ ਦੇ ਸਰਬ ਗਿਆਤਾ ਹੋਣ ਤੇ ਵੀ ਸ਼ੱਕ ਹੋ ਜਾਂਦੀ ਹੈ। ਅਗਰ ਬੰਦੇ ਦੀ ਮਰਜ਼ੀ ਚਲਦੀ ਹੈ ਤਾਂ ਰੱਬ ਨੂੰ ਉਸ ਦੇ ਹਰ ਕਾਰਜ ਦਾ ਅਗਾਉਂ ਪਤਾ ਨਹੀ ਹੈ ਕਿਉਂਕਿ ਅਗਰ ਪਤਾ ਹੈ ਫਿਰ ਤਾ ਇਹ ਕਾਰਜ ਪਹਿਲਾਂ ਤੋਂ ਹੀ ਨਿਰਧਾਰਿਤ ਮੰਨਿਆਂ ਜਾਏਗਾ।
  • ਬੰਦੇ ਦੀ ਮਰਜ਼ੀ ਅਤੇ ਰੱਬ ਦੀ ਮਰਜ਼ੀ ਵਿੱਚ ਇੱਕ ਟਕਰਾਅ ਪੈਦਾ ਹੋ ਜਾਂਦਾ ਹੈ।

ਇਸ ਸਮੱਸਿਆ ਦੇ ਹੱਲ ਲਈ ਪੁਜਾਰੀ ਜਮਾਤ ਨੇ ਹਰ ਗੱਲ ਅਤੇ ਕੰਮ ਨੂੰ ਪੂਰਨ ਤੌਰ ਤੇ ਰੱਬ ਵਲੌ ਨਿਰਧਾਰਿਤ ਹੋਣਾ ਦੱਸ ਕੇ ਨਾਲ ਹੀ ਇਹ ਵੀ ਕਹਿ ਦਿੱਤਾ ਉਹ ਜਦ ਚਾਹੇ ਆਪਣੇ ਫੈਸਲੇ ਬਦਲ ਸਕਦਾ ਹੈ। ਪਰ ਪੁਜਾਰੀ ਜਮਾਤ ਦਾ ਇਹ ਵੀ ਕਹਿਣਾ ਹੈ ਕਿ ਫੈਸਲੇ ਬਦਲਣ ਲਈ ਰੱਬ ਨੇ ਆਪਣੇ ਅਧਿਕਾਰ ਪੁਜਾਰੀ ਜਮਾਤ ਨੂੰ ਦੇ ਕੇ ਉਹਨਾਂ ਨੂੰ ਆਪਣਾ ਪ੍ਰਤੀਨਿਧ ਵੀ ਥਾਪ ਦਿੱਤਾ ਹੈ। ਜਾਂ ਇਸ ਤਰ੍ਹਾਂ ਕਹਿ ਲਵੋ ਕਿ ਰੱਬ ਫੈਸਲਾ ਕਰਦਾ ਹੈ ਪਰ ਪੁਜਾਰੀ ਫੈਸਲਾ ਬਦਲ ਸਕਦਾ ਹੈ ਬੇਸ਼ੱਕ ਉਹ ਇਹ ਸਭ ਰੱਬ ਦੇ ਨਾਮ ਤੇ ਹੀ ਕਰਦਾ ਹੈ। ਦਰਅਸਲ ਇਹ ਕਹਿਣਾ ਅਤਿਕਥਨੀ ਨਹੀਂ ਹੋਏਗੀ ਕਿ ਧਰਮ ਕੌੜੀ ਕੌੜੀ ਥੂ ਮਿੱਠੀ ਮਿੱਠੀ ਹੜੱਪ ਦੀ ਨੀਤੀ ਤੇ ਚਲਦਾ ਹੈ। ਕਿਉਂਕਿ ਹਰ ਚੀਜ਼ ਰੱਬ ਵਲੋਂ ਨਿਰਧਾਰਿਤ ਹੈ ਇਸ ਲਈ ਪੁਜਾਰੀ ਦਾ ਇਸ ਵਿੱਚ ਕੋਈ ਦੋਸ਼ ਜਾਂ ਜੁੰਮੇਵਾਰੀ ਨਹੀਂ ਬਣਦੀ ਪਰ ਪੁਜਾਰੀ ਹਰ ਮਾੜੀ ਗਲ ਨੂੰ ਪੂਜਾ ਪਾਠ ਰਾਹੀਂ ਬਦਲ ਸਕਦਾ ਹੈ ਜਾਂ ਬਦਲ ਦੇਣ ਦਾ ਦਾਅਵਾ ਕਰਦਾ ਹੈ। ਇਸ ਤਰ੍ਹਾਂ ਉਹ ਨੇਕਨਾਮਣਾ ਵੀ ਖੱਟ ਲੈਂਦਾ ਹੈ। ਧਰਮ ਅੰਦਰ ਬੰਦਾ ਆਪਣੇ ਕੀਤੇ ਚੰਗੇ ਮੰਦੇ ਕੰਮਾਂ ਲਈ ਆਪ ਜੁੰਮੇਵਾਰ ਹੈ ਪਰ ਧਰਮ ਹੀ ਇਹ ਨਿਰਧਾਰਿਤ ਕਰਦਾ ਹੈ ਕਿ ਕਿਹੜਾ ਕੰਮ ਚੰਗਾ ਹੈ ਜਾਂ ਮਾੜਾ ਹੈ, ਪੁੰਨ ਹੈ ਜਾਂ ਪਾਪ ਹੈ ਅਤੇ ਉਸ ਦੀ ਸਜ਼ਾ ਕੀ ਹੋਵੇਗੀ। ਇਸ ਤਰ੍ਹਾਂ ਧਰਮ ਇਹ ਮੰਨਦਾ ਹੈ ਕਿ ਬੰਦਾ ਬੇਸ਼ੱਕ ਉਹ ਹਰ ਕਾਰਜ਼ ਪਹਿਲਾਂ ਤੋਂ ਹੀ ਨਿਰਧਾਰਤ ਕਾਰਨਾਂ ਕਰਕੇ ਕਰਦਾ ਹੈ ਪਰ ਫਿਰ ਵੀ ਉਹ ਆਪਣੇ ਕੀਤੇ ਕਾਰਜ਼ਾਂ ਲਈ ਜੁੰਮੇਵਾਰ ਹੈ ਅਤੇ ਕੀਤੇ ਪਾਪ ਪੁੰਨ ਉਸਨੂੰ ਭੁਗਤਣੇ ਹੀ ਪੈਣਗੇ ਜਾਂ ਬਖਸ਼ਾਉਣੇ ਪੈਣਗੇ। ਜਾਂ ਤਾਂ ਕੋਈ ਮਸੀਹਾ ਕ੍ਰਿਪਾ ਕਰੇਗਾ, ਜਾਂ ਕੋਈ ਕਰਮ ਕਾਂਢ ਕਰਨਾ ਪਊ, ਜਾਂ ਦਾਨ ਪੁੰਨ ਕਰਨਾ ਪਊ, ਜਾਂ ਕੋਈ ਪੁਜਾਰੀ ਅਰਦਾਸ ਕਰਕੇ ਛੁਟਕਾਰਾ ਦੁਆਊ, ਜਾਂ ਇਸ ਤਰਾਂ ਦਾ ਕੋਈ ਹੋਰ ਅਡੰਬਰ ਕਰਨਾ ਪਊ। ਮਿਸਾਲ ਦੇ ਤੌਰ ਤੇ ਹਿੰਦੂ ਧਰਮ ਵਿੱਚ ਪਿਛਲੇ ਜਨਮਾਂ ਦੇ ਕਰਮਾਂ ਦਾ ਸਿਧਾਂਤ ਹੈ ਜੋ ਤੁਹਾਨੂ ਇਸ ਜਨਮ ਵਿੱਚ ਭੁਗਤਣੇ ਪੈ ਰਹੇ ਨੇ ਪਰ ਇਸ ਦੇ ਨਾਲ ਹੀ ਕਰਮ ਕਾਂਢ ਦਾ ਵੀ ਪੂਰਾ ਵਿਧੀ ਵਿਧਾਨ ਹੈ ਜੋ ਤੁਹਾਨੂੰ ਕਰਮ ਜਾਲ ਵਿੱਚੋਂ ਕੱਢ ਸਕਦਾ ਹੈ। ਈਸਾਈ ਧਰਮ ਵਿੱਚ ਸੁਰਗ ਵਿੱਚ ਜਾਣ ਤੋਂ ਪਹਿਲਾਂ ਰੂਹਾਂ ਨੂੰ ਕੀਤੇ ਪਾਪਾਂ ਦੀ ਸਜ਼ਾ ਦੇ ਸ਼ੁਧ ਕਰਨ ਲਈ ਜਿਸ ਜਗ੍ਹਾ ਤੇ ਰੱਖਿਆ ਜਾਂਦਾ ਹੈ ਉਸਨੂੰ ਸ਼ੁਧੀ ਸਥਾਨ ਜਾਂ Purgatory ਆਖਿਆ ਗਿਆ ਹੈ। ਅਗਰ ਪੁਜਾਰੀ ਅਰਦਾਸ ਕਰਨ ਤਾਂ ਇਸ ਜਗ੍ਹਾ ਤੇ ਤੁਹਾਡੇ ਰਹਿਣ ਦਾ ਸਮਾਂ ਘਟ ਜਾਂਦਾ ਹੈ ਭਾਵ ਤੁਹਾਡੇ ਪਾਪ ਸਜ਼ਾ ਤੋਂ ਬਿਨਾ ਹੀ ਧੋਤੇ ਜਾਂਦੇ ਹਨ। ਪੁਜਾਰੀ ਅਜਿਹਾ ਕਰਨ ਦੇ ਚੋਖੇ ਪੈਸੇ ਵਸੂਲਦੇ ਰਹੇ ਨੇ। ਸਿੱਖ ਵੀ ਮਰਣ ਉਪਰੰਤ ਪ੍ਰਾਣੀ ਦੇ ਨਮਿਤ ਅਨੇਕਾਂ ਅਰਦਾਸਾਂ ਤੇ ਪਾਠ ਜਾਂ ਹੋਰ ਕਈ ਕਰਮ ਕਾਂਡ ਕਰਦੇ ਅਕਸਰ ਦੇਖੇ ਜਾ ਸਕਦੇ ਹਨ। ਬਾਕੀ ਧਰਮਾਂ ਵਿੱਚ ਵੀ ਰਲਦੀਆਂ ਮਿਲਦੀਆਂ ਰਹੁਰੀਤਾਂ ਮੌਜ਼ੂਦ ਨੇ।

ਵਿਗਿਆਨਿਕ ਨਜ਼ਰੀਆ

ਅੱਜ ਕਲ ਵਿਗਿਆਨ ਵੀ ਇਸ ਬਹਿਸ ਵਿੱਚ ਕੁੱਦ ਪਿਆ ਹੈ। ਆਈਨਸਟਾਈਨ ਦੀ ਇੱਕ ਮਸ਼ਹੂਰ ਕਹਾਵਤ ਹੈ ਕਿ ਰੱਬ ਸੱਟਾ ਨਹੀਂ ਖੇਡਦਾ (God does not play dice) ਭਾਵ ਕੁਦਰਤ ਰੱਬ ਦੇ ਇੱਕ ਬੱਝਮੇ ਹੁਕਮ ਮੁਤਾਬਿਕ ਹੀ ਚਲ ਰਹੀ ਹੈ। ਕਈ ਲੋਕ ਇਸ ਨੂੰ ਵਿਗਿਆਨਿਕ ਨਿਸਚੇਵਾਦ (Scientific Determinism) ਦਾ ਨਾਂ ਵੀ ਦਿੰਦੇ ਨੇ। ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਫਰਾਂਸੀਸੀ ਵਿਗਿਆਨਿਕ ਲੈਪਲਾਸ (Laplace) ਨੇ ਇਸ ਸ਼ਬਦ ਦੀ ਵਰਤੋਂ ਕੀਤੀ ਸੀ। ਉਸ ਨੇ ਕਿਹਾ ਕਿ ਬ੍ਰਹਿਮੰਡ ਇੱਕ ਬੱਝਵੈਂ ਨਿਯਮ ਵਿੱਚ ਚਲ ਰਿਹਾ ਹੈ ਅਤੇ ਇਸ ਵਿੱਚ ਕਿਸੇ ਗੈਰ ਕੁਦਰਤੀ ਸ਼ਕਤੀ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੈ। ਦਰਅਸਲ ਜਦ ਉਸਨੂੰ ਨਪੋਲੀਅਨ ਨੇ ਪੁਛਿਆ ਕਿ ਇਸ ਵਿੱਚ ਰੱਬ ਦੀ ਭੂਮਿਕਾ ਕਿਥੇ ਹੈ। ਤਾਂ ਉਸ ਨੇ ਕਿਹਾ ਕਿ ਇਸ ਦੀ ਕੋਈ ਜਰੂਰਤ ਨਹੀਂ ਪਈ। (8) ਕੁਐਂਟਿਮ ਫਿਜ਼ਿਕਸ ਦੇ ਪ੍ਰਗਟ ਹੋਣ ਤੋਂ ਪਹਿਲਾਂ ਤਾ ਵਿਗਿਆਨ ਇਹ ਕਹਿ ਰਿਹਾ ਸੀ ਕਿ ਹਰ ਚੀਜ਼ ਦੀ ਭਵਿਖਬਾਣੀ ਕੀਤੀ ਜਾ ਸਕਦੀ ਹੈ ਕਿਉਂਕਿ ਹਰ ਕਾਰਜ਼ ਇੱਕ ਬੱਝਵੇਂ ਨਿਯਮ ਵਿੱਚ ਹੋ ਰਿਹਾ ਹੈ ਜਿਸ ਦਾ ਸਿੱਟਾ ਇੱਕ ਹੀ ਨਿਕਲੇਗਾ। ਪਰ ਕੁਐਂਟਮ ਫਿਜ਼ਿਕਸ ਨੇ ਇਹ ਗੱਲ ਗਲਤ ਸਾਬਤ ਕਰ ਦਿੱਤੀ ਅਤੇ ਸਿੱਧ ਕੀਤਾ ਕਿ ਹਰ ਕਾਰਜ਼ ਦੇ ਇੱਕ ਤੋਂ ਜਿਆਦਾ ਸਿੱਟੇ ਹੋ ਸਕਦੇ ਨੇ ਭਾਵੇਂ ਇਨਸਾਨ ਕੋਲ ਇਹ ਜਾਨਣ ਦੀ ਸ਼ਕਤੀ ਨਹੀਂ ਹੈ ਕਿ ਕਿਹੜੇ ਵੇਲੇ ਕਿਹੜਾ ਸਿੱਟਾ ਨਿਕਲੇਗਾ। ਹਾਕਿੰਗ ਦਾ ਮੰਨਣਾ ਹੈ ਕਿ ਕੁਐਂਟਿਮ ਫਿਜ਼ਿਕਸ ਨਿਰਧਾਰਿਤਵਾਦ ਨੂੰ ਰੱਦ ਕਰਨ ਦੀ ਬਜਾਏ ਨਵੇਂ ਨਿਰਧਾਰਿਤਵਾਦ ਨੂੰ ਜਨਮ ਦਿੰਦੀ ਹੈ। ਉਸ ਦਾ ਕਹਿਣਾ ਹੈ, "Quantum physics might seem to undermine the idea that nature is governed by laws, but that is not the case. Instead it leads us to accept a new form of determinism: given the state of a system at some time, the laws of nature determine the probabilities of various fututres and pasts rather than determining the future and past with certainity." (9). ਇਹ ਕਿਹਾ ਜਾ ਸਕਦਾ ਹੈ ਕਿ ਕੁਐਂਟਿਮ ਫਿਜ਼ਿਕਸ ਇਹ ਕਹਿ ਰਹੀ ਹੈ ਕਿ ਕਿਸੇ ਵੀ ਕਾਰਜ਼ ਦੇ ਸਿੱਟੇ ਦੀ ਭਵਿਖਵਾਣੀ ਨਹੀਂ ਹੋ ਸਕਦੀ ਕਿਉਂਕਿ ਇੱਕ ਤੋਂ ਜ਼ਿਆਦਾ ਸਿੱਟਿਆਂ ਦੀ ਸੰਭਾਵਨਾ ਹੈ। ਪਰ ਜੋ ਵੀ ਸਿੱਟਾ ਨਿਕਲਦਾ ਹੈ ਉਹ ਪਹਿਲਾਂ ਤੋ ਹੀ ਨਿਰਧਾਰਿਤ ਕਾਰਣਾ ਕਰਕੇ ਹੀ ਘਟਦਾ ਹੈ। ਸੰਖੇਪ ਵਿੱਚ ਕਹਿਣਾ ਹੋਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਕੁਦਰਤ ਦਾ ਭੇਤ ਸਾਇੰਸ ਵੀ ਨਹੀਂ ਪਾ ਸਕੀ। ਸਾਇੰਸ ਇਸ ਤੱਥ ਨੂੰ ਮੰਨਦੀ ਵੀ ਹੈ ਪਰ ਨਾਲ ਹੀ ਕੁਦਰਤ ਦੇ ਭੇਤ ਜਾਨਣ ਲਈ ਨਿਰੰਤਰ ਕੋਸ਼ਿਸ ਵੀ ਕਰ ਰਹੀ ਹੈ। ਕੁਦਰਤ ਦਾ ਭੇਤ ਪਾਉਣ ਦੀ ਕੋਸ਼ਿਸ਼ ਕੁਦਰਤ ਦੇ ਜਾਂ ਕਾਦਰ ਦੇ ਖਿਲਾਫ ਜਾਣਾ ਨਹੀਂ ਕਿਹਾ ਜਾ ਸਕਦਾ।

ਨਿਰਧਾਰਿਤਵਾਦ ਅਤੇ ਖੁਦਮੁਖਤਿਆਰੀ ਦੀ ਬਹਿਸ ਵਿੱਚ ਵਿਗਿਆਨ ਦਾ ਸੱਭ ਤੋਂ ਵੱਧ ਚਰਚਾ ਵਾਲਾ ਯੋਗਦਾਨ ਬੈਂਜਮਿਨ ਲਿਬਿਟ (10) ਦਾ ਤਜ਼ਰਬਾ ਹੈ। ਲਿਬਿਟ, ਜੋ ਕਿ ਕੈਲੀਫੋਰਨੀਆ ਯੁਨੀਵਰਸਟੀ ਵਿੱਚ ਨਿਉਰੋਲੋਜਿਸਟ ਜਾਂ ਫਿਜਿਔਲਜਿਸਟ ਸੀ, ਨੇ ਪਿਛਲੀ ਸਦੀ ਦੇ ਅੱਸੀਵੇਂ ਦਹਾਕੇ ਵਿੱਚ ਤਜ਼ਰਬੇ ਕਰਕੇ ਸਿੱਧ ਕੀਤਾ ਕਿ ਬੰਦਾ ਕੋਈ ਕਾਰਜ ਕਰਨ ਲਈ ਜਦੋ ਚੇਤਨ ਤੋਰ ਤੇ ਫੈਸਲਾ ਕਰਦਾ ਹੈ ਉਸਦਾ ਦਿਮਾਗ ਜਾਂ ਅਚੇਤ ਮਨ ਇਹ ਫੈਸਲਾ ਉਸਤੋਂ ਕਰੀਬ ਅੱਧਾ ਸਕਿੰਡ ਪਹਿਲਾਂ ਹੀ ਕਰ ਚੁੱਕਾ ਹੁੰਦਾ ਹੈ। ਇਸ ਨਾਲ ਇਹ ਸਿੱਧ ਹੁੰਦਾ ਹੈ ਕਿ ਬੰਦੇ ਦੀ ਕੋਈ ਵੀ ਕਾਰਜ਼ ਕਰਨ ਵਿੱਚ ਕਿਸੇ ਕਿਸਮ ਦੀ ਕੋਈ ਮਰਜ਼ੀ ਨਹੀਂ ਹੈ। ਉਸਦਾ ਦਿਮਾਗ ਸਾਰੇ ਫੈਸਲੇ ਉਸਦੀ ਚੇਤਨਤਾ ਤੋਂ ਪਹਿਲਾਂ ਹੀ ਕਰ ਚੁੱਕਾ ਹੁੰਦਾ ਹੈ। ਜਦੋਂ ਕੋਈ ਇਹ ਫੈਸਲਾ ਕਰਦਾ ਹੈ ਕਿ ਹੁਣ ਖੱਬੇ ਮੁੜਨਾ ਹੈ। ਇਹ ਫੈਸਲਾ ਉਸ ਨੇ ਖੁਦ ਕੀਤਾ ਇਹ ਮਹਿਜ਼ ਇੱਕ ਭਰਮ ਹੈ ਕਿਉਂਕਿ ਉਸਦਾ ਦਿਮਾਗ ਤਾਂ ਇਹ ਫੈਸਲਾ ਪਹਿਲਾਂ ਹੀ ਕਰ ਚੁਕਾ ਸੀ। ਲਿਬਿਟ ਦੇ ਵਕਤ ਕੋਈ ਬਹੁਤ ਵਧੀਆ ਮਸ਼ੀਨਾ ਨਹੀਂ ਸਨ ਪਰ ਉਸ ਨੇ ਜੋ ਸਿੱਟਾ ਕੱਢਿਆ ਉਸ ਨੂੰ ਅਜਕਲ ਦੀਆਂ ਅਤੀ ਆਧੁਨਿਕ ਮਸ਼ੀਨਾ ਨੇ ਵੀ ਸਹੀ ਸਾਬਤ ਕੀਤਾ ਹੈ। ਸਾਇੰਸ ਅਗੇ ਕਿਸੇ ਦਾ ਜ਼ੋਰ ਨਹੀਂ ਚਲਦਾ। ਇਸ ਲਈ ਇਸ ਖੋਜ਼ ਨੇ ਖੁਦਮੁਖਤਿਆਰੀ ਦੇ ਸਮਰਥਕਾਂ ਨੂੰ ਕਾਫੀ ਪਰੇਸ਼ਾਨ ਕੀਤਾ ਹੈ। ਪਰ ਲਿਬਿਟ ਦਾ ਇਹ ਵੀ ਮੰਨਣਾ ਸੀ ਕਿ ਤਰਕ ਕਰਕੇ ਬੰਦਾ ਦਿਮਾਗ ਦੇ ਫੈਸਲੇ ਵੀਟੋ ਵੀ ਕਰ ਸਕਦਾ ਹੈ। ਉਸਦੀ ਇਸ ਧਾਰਨਾ ਨਾਲ ਬਾਕੀ ਕਈ ਵਿਗਿਆਨੀ ਅਸਹਿਮਤ ਵੀ ਹਨ।

ਬੰਦੇ ਦਾ ਦਿਮਾਗ ਕੋਈ ਸੌ ਕੁ ਟ੍ਰਿਲੀਅਨ ਸੈਲਾਂ ਦਾ ਬਣਿਆ ਹੋਇਆ ਦੱਸਦੇ ਨੇ। ਇਹ ਸਾਰੇ ਸੈੱਲ ਫਿਜ਼ਿਕਸ ਦੇ ਕਨੂੰਨ ਮੁਤਾਬਿਕ ਹੀ ਚਲ ਰਹੇ ਨੇ ਜਿਸ ਤੇ ਬੰਦੇ ਦਾ ਕੋਈ ਜ਼ੋਰ ਨਹੀਂ ਚਲਦਾ। ਇਹ ਬੰਦੇ ਨੂੰ ਹੁਕਮ ਕਰਦੇ ਨੇ ਉਸਦਾ ਹੁਕਮ ਨਹੀ ਮੰਨਦੇ। ਇਸ ਸਬੰਧ ਵਿੱਚ ਦੋ ਘਟਨਾਵਾਂ ਦਾ ਅਕਸਰ ਜ਼ਿਕਰ ਕੀਤਾ ਜਾਂਦਾ ਹੈ।

  1. ਅਮਰੀਕਾ ਵਿੱਚ ਸੰਨ 2000 ਵਿੱਚ ਇੱਕ ਵਿਅਕਤੀ ਨੂੰ ਆਪਣੀ ਨਾਬਾਲਗ ਮਤਰੇਈ ਬੱਚੀ ਨਾਲ ਅਸ਼ਲੀਲ਼ ਹਰਕਤਾਂ ਕਰਨ ਕਰਕੇ ਗ੍ਰਿਫਤਾਰ ਕੀਤਾ ਗਿਆ। ਪਹਿਲਾਂ ਉਹ ਬਿਲਕੁਲ ਤੰਦਰੁਸਤ ਸੋਚ ਦਾ ਧਾਰਨੀ ਸੀ ਪਰ ਅਚਾਨਿਕ ਉਸ ਦੀ ਵਿਰਤੀ ਇਸ ਤਰ੍ਹਾਂ ਦੀ ਹੋ ਗਈ। ਮੁਕੱਦਮੇ ਦੌਰਾਨ ਉਸ ਨੂੰ ਭਿਆਨਿਕ ਸਿਰ ਪੀੜ ਹੋਣ ਲਗ ਪਈ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਪਤਾ ਚਲਿਆ ਕਿ ੳਸੁ ਦੇ ਦਿਮਾਗ ਵਿੱਚ ਮਗਰੌੜੀ ਜਾਂ ਰਸੌਲੀ ਹੈ ਜਿਸ ਨੂੰ ਕੱਢਣ ਨਾਲ ਉਸ ਦੀ ਵਿਰਤੀ ਮੁੜ ਤੰਦਰੁਸਤ ਹੋ ਗਈ। ਸਾਲ ਬਾਅਦ ਉਹ ਫਿਰ ਉਹੀ ਹਰਕਤਾ ਕਰਨ ਲਗ ਪਿਆ। ਚੈਕ ਕਰਨ ਤੇ ਪਤਾ ਲਗਾ ਕਿ ਉਸਦੇ ਦਿਮਾਗ ਦੀ ਰਸੌਲੀ ਫਿਰ ਉਂਗਰ ਪਈ ਹੈ ਜਿਸ ਨੂੰ ਚੰਗੀ ਤਰ੍ਹਾਂ ਹਟਾਉਣ ਨਾਲ ਉਹ ਹਮੇਸ਼ਾਂ ਲਈ ਸਹੀ ਸੋਚ ਦਾ ਧਾਰਨੀ ਬਣ ਗਿਆ। (11) ਇਥੇ ਸੋਚਣ ਵਾਲੀ ਗਲ ਇਹ ਹੈ ਕਿ ਕੀ ਉਹ ਵਿਅਕਤੀ ਆਪਣੀ ਮਰਜ਼ੀ ਮੁਤਾਬਿਕ ਚਲ ਰਿਹਾ ਸੀ ਜਾਂ ਉਹਦੇ ਕਾਰਜ਼ ਬਸੋਂ ਬਾਹਰੇ ਕਾਰਨ ਨਿਰਧਾਰਿਤ ਕਰ ਰਹੇ ਹਨ।
  2. ਇਸੇ ਤਰ੍ਹਾਂ 1966 ਵਿੱਚ ਚਾਰਲਸ ਵਿਟਮੈਨ (12) ਦੁਆਰਾ ਕੀਤੇ ਗਏ ਸਮੂਹਿਕ ਕਤਲ ਦੀ ਵਾਰਦਾਤ ਦਾ ਜ਼ਿਕਰ ਵੀ ਅਕਸਰ ਕੀਤਾ ਜਾਂਦਾ ਹੈ। ਚਾਰਲਸ ਛੋਟਾ ਹੁੰਦਾ ਬੜ੍ਹਾ ਹੀ ਬੀਬਾ ਮੁੰਡਾ ਹੁੰਦਾ ਸੀ ਅਤੇ ਪੜ੍ਹਨ ਵਿੱਚ ਵੀ ਹੁਸ਼ਿਆਰ ਸੀ। ਉਸ ਦਾ ਆਈ ਕਿਉ ਵੀ 139 ਦਸਦੇ ਹਨ ਜੋ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ। ਪਰ ਇਸ ਬੀਬੇ ਜਿਹੇ ਮੁੰਡੇ ਨੇ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ ਅਤੇ ਫਿਰ ਆਪਣੀ ਘਰਵਾਲੀ ਦਾ ਖੂਨ ਕੀਤਾ। ਇਹ ਕਤਲ ਕਰਦਿਆ ਹੀ ਉਸਨੇ ਇੱਕ ਨੋਟ ਲਿਖਿਆ ਜਿਸ ਵਿੱਚ ਉਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਉਸ ਨੂੰ ਕੀ ਹੋ ਗਿਆ ਹੈ ਜੋ ਉਸ ਨੂੰ ਇਹ ਸਭ ਕੁੱਝ ਕਰਨ ਲਈ ਮਜਬੂਰ ਕਰ ਰਿਹਾ ਹੈ। ਇਸ ਲਈ ਉਸ ਨੇ ਉਸ ਦੀ ਮੋਤ ਤੋਂ ਬਾਅਦ ਆਪਣੀ ਡਾਕਟਰੀ ਜਾਂਚ ਕਰਨ ਦੀ ਗੁਜ਼ਾਰਿਸ਼ ਕੀਤੀ। ਨੋਟ ਲਿਖ ਕੇ ਉਹ ਟੈਕਸਾਸ ਯੁਨੀਵਰਸਟੀ ਚਲਾ ਗਿਆ ਅਤੇ ਇੱਕ ਟਾਵਰ ਤੇ ਚੜ੍ਹ ਕੇ ਅੰਧਾਧੁੰਦ ਗੋਲੀਆਂ ਚਲਾ 17 ਬੰਦੇ ਮਾਰਤੇ ਅਤੇ 31 ਜ਼ਖਮੀ ਕੀਤੇ। ਉਸ ਦੀ ਮੌਤ ਤੋਂ ਬਾਅਦ ਉਸਦੀ ਜਾਂਚ ਕਰਨ ਤੇ ਪਾਇਆ ਗਿਆ ਕੇ ਉਸਦੇ ਦਿਮਾਗ ਵਿੱਚ ਮਗਰੌਲੀ ਸੀ ਜੋ ੳਸੁ ਨੂੰ ਇਸ ਸਭ ਕਰਨ ਲਈ ਮਜ਼ਬੂਰ ਕਰ ਰਹੀ ਸੀ। ਹੁਣ ਇਸ ਸਭ ਜਾਨਣ ਤੋਂ ਬਾਅਦ ਕੀ ਅਸੀ ਚਾਰਲਸ ਨੂੰ ਉਸਦੇ ਘ੍ਰਿਣਤ ਕਾਰਨਾਮੇ ਲਈ ਜੁੰਮੇਵਾਰ ਠਹਿਰਾਵਾਂਗੇ?

    ਹੇਠਾਂ ਮੈ ਦੋ ਹੋਰ ਤਾਜ਼ਾ ਘਟਨਾਵਾਂ ਪੰਜਾਬ ਦੀ ਅੰਗਰੇਜ਼ੀ ਅਖਬਾਰ ਟ੍ਰਿਬਿਊਨ ਵਿਚੋਂ ਦੇ ਰਿਹਾਂ ਹਾਂ।

  3. 19 ਜੂਨ ਦੀ ਟ੍ਰਿਬਿਊਨ ਵਿੱਚ ਇੱਕ ਖਬਰ ਛਪੀ ਹੋਈ ਹੈ ਕਿ ਹਰਿਆਣੇ ਦੇ ਮਹਿੰਦਰਗੜ ਸ਼ਹਿਰ ਵਿੱਚ ਸੰਤ ਲਾਲ ਨਾਮ ਦਾ ਇੱਕ ਵਿਅਕਤੀ ਰਹਿੰਦਾ ਹੈ ਜਿਸ ਨੂੰ ਗਰਮੀ ਵਿੱਚ ਸਰਦੀ ਲਗਦੀ ਹੈ ਅਤੇ ਸਰਦੀ ਵਿੱਚ ਗਰਮੀ ਲਗਦੀ ਹੈ। (13) ਡਾਕਟਰਾਂ ਦਾ ਕਹਿਣਾ ਹੈ ਕਿ ਉਸਦੇ ਦਿਮਾਗ ਵਿੱਚ ਗਰਮੀ ਸਰਦੀ ਦੇ ਸਿਗਨਲ ਵਿੱਚ ਗੜਬੜ ਹੈ। ਇਸ ਤੋਂ ਕੀ ਇਹ ਸਾਬਤ ਨਹੀਂ ਹੁੰਦਾ ਕਿ ਸਾਡਾ ਦਿਮਾਗ ਹੀ ਸਾਰਾ ਕੁੱਝ ਕੰਟਰੋਲ ਕਰ ਰਿਹਾ ਹੈ।
  4. ਟ੍ਰਿਬਿਊਨ ਦੀ ਹੀ 2 ਜੁਲਾਈ ਦੀ ਖਬਰ ਹੈ ਬਠਿੰਡਾ ਦੀ ਇੱਕ ਮਾਂ ਨੇ ਆਪਣੇ 6 ਸਾਲ ਦੇ ਮਸੂਮ ਬੱਚੇ ਦੀ ਉਸ ਨੂੰ ਨਹਾਉਂਦੇ ਹੋਏ ਛੁਰਾ ਮਾਰ ਕੇ ਜਾਨ ਲੈ ਲਈ। (14) ਉਸਦੇ ਘਰ ਵਾਲਿਆਂ ਦਾ ਕਹਿਣਾ ਸੀ ਉਹ ਆਪਣੇ ਬੱਚੇ ਤੇ ਜਾਨ ਲੁਟਾਉਣ ਵਾਲੀ ਮਾਂ ਸੀ ਅਤੇ ਉਸ ਦਾ ਹਰ ਵਕਤ ਖਿਆਲ ਰੱਖਦੀ ਸੀ। ਉਹ ਮਾਂ ਜੋ ਕਿ ਖਾਸਾ ਪੜ੍ਹੀ ਲਿਖੀ ਔਰਤ ਵੀ ਹੈ ਦਾ ਵੀ ਬਿਆਨ ਸੀ ਕਿ ਉਸ ਨੂੰ ਵੀ ਨਹੀਂ ਪਤਾ ਉਸ ਨੇ ਇਹ ਕਾਰਾ ਕਿਉਂ ਕੀਤਾ। ਸੋਚਣ ਵਾਲੀ ਗੱਲ ਹੈ ਫਿਰ ਪਤਾ ਕਿਸਨੂੰ ਸੀ। ਕੀ ਇਹ ਘ੍ਰਿਣਤ ਕਾਰਨਾਮਾ ਉਸਦੀ ਮਰਜ਼ੀ ਸੀ।

ਉਪਰ ਬਿਆਨ ਕੀਤੀਆ ਘਟਨਾਵਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਬੰਦਾ ਆਪਣੇ ਦਿਮਾਗ ਦਾ ਗੁਲਾਮ ਹੈ। ਅਗਰ ਉਸ ਵਿੱਚ ਕੋਈ ਗੜਬੜ ਹੋ ਗਈ ਤਾਂ ਉਹ ਨ ਚਾਹੰਦਾ ਹੋਇਆ ਵੀ ਉਹ ਕੰਮ ਕਰੇਗਾ ਜੋ ਉਸ ਨੂੰ ਨਹੀਂ ਕਰਨੇ ਚਾਹੀਦੇ। ਪੰਜਾਬੀ ਆਮ ਗਲਬਾਤ ਵਿੱਚ ਇਹ ਕਹਿੰਦੇ ਅਕਸਰ ਸੁਣੇ ਜਾ ਸਕਦੇ ਨੇ ਕਿ ਫਲਾਣੇ ਆਦਮੀ ਦੇ ਦਿਮਾਗ ਵਿੱਚ ਕੀੜਾ ਬੜ ਗਿਆ ਹੈ ਜਾਂ ਉਸ ਦਾ ਦਿਮਾਗ ਖਰਾਬ ਹੋ ਗਿਆ ਹੈ ਕਿਉਂਕਿ ਹੁਣ ਉਸਦਾ ਵਰਤਾਅ ਠੀਕ ਨਹੀਂ ਰਿਹਾ। ਇਹ ਲੋਕਾਂ ਦੀ ਪੁਸ਼ਤਾਂ ਦੇ ਤਜ਼ਰਬੇ ਤੋ ਬਣੀ ਸੋਚ ਹੈ ਜੋ ਸੱਚ ਦੇ ਬਹੁਤ ਨੇੜੇ ਹੈ।

ਚਲਦਾ ---।

ਜਰਨੈਲ਼ ਸਿੰਘ

ਸਿਡਨੀ, ਅਸਟ੍ਰੇਲੀਆ




.