.

ਸਭ ਮਹਿ ਸਚਾ ਏਕੋ ਸੋਈ

ਬਾਣੀ ਦੀ ਇਹ ਤੁਕ ਰੱਬ ਦੀ ਸਰਬ ਵਿਆਪਕਤਾ ਦੀ ਗੱਲ ਕਰਦੀ ਹੈ। ਆਮ ਤੌਰ ਤੇ ਅਰਦਾਸ ਵਿੱਚ ਸਿੱਖ ਦਾ ਮਨ ਨੀਵਾਂ ਅਤੇ ਮਤਿ ਉੱਚੀ ਦੀ ਗੱਲ ਜ਼ਰੂਰ ਕੀਤੀ ਜਾਂਦੀ ਹੈ। ਪਰ ਮਤਿ ਉਚੀ ਆਪਣੇ ਆਪ ਨਹੀਂ ਹੋ ਜਾਣੀ। ਇਸਨੂੰ ਉਚੀ ਕਰਨ ਲਈ ਹੋਰ ਸਭ ਗੱਲਾਂ ਦਾ ਤਿਆਗ ਕਰਕੇ ਬਾਣੀ ਦੀ ਸਿੱਖਿਆ ਨੂੰ ਬੁੱਝ ਕੇ ਉਸਤੇ ਚੱਲਣਾ ਪੈਣਾ ਹੈ।

ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ-2

ਜਪੁ ਬਾਣੀ ਦੀ ਪੰਜਵੀਂ ਅਤੇ ਛੇਵੀਂ ਪੌੜੀ ਵਿੱਚ ਦੱਸਿਆ ਹੈ ਕਿ ਮਤਿ ਉਚੀ ਕਰਨ ਲਈ ਸਭ ਤੋਂ ਪਹਿਲਾਂ ਕਿਹੜਾ ਕੰਮ ਕਰਨਾ ਜ਼ਰੂਰੀ ਹੈ-

ਗੁਰਾ ਇੱਕ ਦੇਇ ਬੁਝਾਈ।

ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ-2

ਇੱਥੇ ਗੁਰੂ ਅੱਗੇ ਬੇਨਤੀ ਹੈ ਕਿ ਮੈਨੂੰ ਇਹ ਇੱਕ ਸਮਝ ਦੇਹ ਕਿ ਜਿਹੜਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕ ਰੱਬ ਹੈ ਉਸਨੂੰ ਮੈਂ ਭੁਲਾ ਨਾ ਦਿਆਂ। ਇਸ ਤੁਕ ਦੇ ਅੱਧੇ ਅਰਥ ਸਮਝ ਕੇ ਰੱਬ ਤੋਂ ਹਰ ਤਰਾਂ ਦੀਆਂ ਮੰਗਾਂ ਤਾਂ ਮੰਗਣਾ ਸ਼ੁਰੂ ਕਰ ਦਿੱਤਾ ਪਰ ਇਸ ਤੇ ਧਿਆਨ ਹੀ ਨਹੀਂ ਦਿੱਤਾ ਕਿ ਉਹ ਸਭਨਾਂ ਦਾ ਹੈ। ਸਭ ਉਸ ਤੋਂ ਪੈਦਾ ਹੋਣ ਕਰਕੇ ਉਸ ਦੇ ਹੀ ਬੱਚੇ ਹਨ। ਉਸ ਇੱਕ ਤੋਂ ਬਿਨਾ ਦੂਜੇ ਦਾ ਖਿਆਲ ਕਰਨਾ ਭੀ ਝੂਠਾ ਕੰਮ ਹੈ ਕਿਉਂਕਿ ਦੂਜਾ ਕੋਈ ਹੈ ਹੀ ਨਹੀਂ-

ਤੂੰ ਸਾਂਝਾ ਸਾਹਿਬੁ ਬਾਪੁ ਹਮਾਰਾ-97

ਤੁਝੁ ਬਿਨੁ ਅਵਰੁ ਨ ਕੋਈ ਬੀਆ … ਤੂੰ ਸਭਨਾ ਕਾ ਸਭੁ ਕੋ ਤੇਰਾ-1079

ਏਕਸੁ ਤੇ ਸਭੁ ਦੂਜਾ ਹੂਆ। ਏਕੋ ਵਰਤੈ ਅਵਰੁ ਨ ਬੀਆ-842

ਜਲਿ ਥਲਿ ਮਹੀਅਲਿ ਸੁਆਮੀ ਸੋਈ।

ਅਵਰੁ ਨ ਕਹੀਐ ਦੂਜਾ ਕੋਈ-1079

ਜੇ ਇਹ ਮਤਿ ਅੰਦਰ ਪੱਕੀ ਹੋ ਜਾਂਦੀ ਤਾਂ ਫਿਰ ਸੰਸਾਰ ਇੱਕ ਵੱਡਾ ਪਰਿਵਾਰ ਬਣ ਜਾਣਾ ਸੀ। ਸਭ ਆਪਣੇ ਭੈਣ ਭਾਈ ਲੱਗਣੇ ਸਨ। ਇਸ ਕਰਕੇ ਕਿਸੇ ਨੂੰ ਭੀ ਪਤਿਤ ਨੀਚ ਜਾਂ ਅਛੂਤ ਕਹਿਣ ਲਈ ਜ਼ੁਬਾਨ ਹੀ ਨਹੀਂ ਖੁੱਲਣੀ ਸੀ। ਫਿਰ ਕਿਸੇ ਤੇ ਜ਼ੁਲਮ ਕਰਨ ਦਾ ਜਾਂ ਰੋਹਬ ਪਾਕੇ ਆਪਣੇ ਥੱਲੇ ਲਾਉਣ ਦਾ, ਆਪਣੀ ਈਨ ਮੰਨਵਾਉਣ ਦਾ ਕੋਈ ਭੀ ਗ਼ਲਤ ਕੰਮ ਕਦੇ ਭੀ ਨਹੀਂ ਹੋਣਾ ਸੀ। ਬਾਣੀ ਵਿੱਚ ਚਿਤਰਿਆ ਬੇਗ਼ਮਪੁਰ ਸ਼ਹਿਰ ਇਸੇ ਹੀ ਰੂਪ ਵਾਲਾ ਹੈ-

ਬੇਗਮਪੁਰਾ ਸਹਰ ਕੋ ਨਾਉ। ਦੂਖੁ ਅੰਦੋਹੁ ਨਹੀ ਤਿਹਿ ਠਾਉ।

ਨਾਂ ਤਸਵੀਸ ਖਿਰਾਜੁ ਨ ਮਾਲੁ। ਖਉਫੁ ਨ ਖਤਾ ਨ ਤਰਸੁ ਜਵਾਲੁ-345

ਉਸ ਸ਼ਹਿਰ ਦੀ ਇਸ ਅਵਸਥਾ ਦਾ ਮੁੱਖ ਕਾਰਨ ਇਹ ਹੈ ਕਿ ਉੱਥੇ ਕਿਸੇ ਨੂੰ ਦੂਜੇ ਤੀਜੇ ਦਰਜੇ ਦਾ ਬਿਲਕੁਲ ਨਹੀਂ ਮਿੱਥਿਆ ਜਾਂਦਾ ਬਲਕਿ ਸਭ ਇੱਕ ਸਮਾਨ ਹਨ। ਜੇ ਰੱਬ ਸਰਬ ਵਿਆਪਕ ਹੈ ਤਾਂ ਸਮਾਨਤਾ ਹੋਣੀ ਤਾਂ ਜ਼ਰੂਰੀ ਹੋਵੇਗੀ ਹੀ-

ਦੋਮ ਨ ਸੇਮ ਏਕ ਸੋ ਆਹੀ-345

ਪ੍ਰਭੂ ਦੀ ਸਰਬ ਵਿਆਪਕਤਾ ਨੂੰ ਮੰਨਣ ਨਾਲ ਊਚ ਨੀਚ ਪੈਦਾ ਕਰਨ ਵਾਲਾ ਹਰ ਢੰਗ ਤਿਆਗਣਾ ਆਪਣੇ ਆਪ ਹੀ ਜ਼ਰੂਰੀ ਬਣ ਜਾਂਦਾ ਹੈ। ਊਚ ਨੀਚ ਪੈਦਾ ਕਰਨਾ ਸੱਚ ਤੋਂ ਉਲਟ ਹੋਣ ਕਰਕੇ ਕੂੜੀ ਅਤੇ ਝੂਠੀ ਕਾਰਵਾਈ ਹੈ। ਸੱਚ ਤਾਂ ਇਹ ਹੈ-

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ-1349

ਇਸ ਸਰਬ ਵਿਆਪਕਤਾ ਤੋਂ ਮੁਨਕਰ ਹੋਣ ਵਾਲਾ ਭਰਮ ਦੇ ਵਿੱਚ ਹੈ। ਬਾਣੀ ਇਸੇ ਹੀ ਭਰਮ `ਚੋਂ ਕੱਢਦੀ ਹੈ। ਗੁਰੂ ਗਿਆਨ ਦਾ ਸੁਰਮਾ ਅੱਖਾਂ ਵਿੱਚ ਪਾ ਕੇ ਇੱਕ ਤੋਂ ਬਿਨਾ ਕਿਸੇ ਦੂਜੇ ਦੇ ਹੋਣ ਦਾ ਸਾਰਾ ਭਰਮ ਦੂਰ ਕਰ ਦਿੰਦਾ ਹੈ। ਇਸ ਕਰਕੇ ਸੱਚੇ ਧਰਮ ਦਾ ਪਹਿਲਾ ਅਸੂਲ ਹੀ ਵਿਤਕਰੇ ਪੈਦਾ ਕਰਨ ਦੀ ਮੰਦੀ ਭਾਵਨਾ ਦਾ ਤਿਆਗ ਕਰਨਾ ਹੈ-

ਗੁਰ ਗਿਆਨ ਅੰਜਨਿ ਕਾਟਿਓ ਭ੍ਰਮੁ ਸਗਲਾ,

ਅਵਰੁ ਨ ਦੀਸੈ ਏਕ ਬਿਨਾ-1079

ਲੋਗਾ ਭਰਮਿ ਨ ਭੂਲਹੁ ਭਾਈ।

ਖਾਲਿਕੁ ਖਲਕ, ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਭ ਠਾਂਈ-1349

ਸਰਬ ਵਿਆਪਕਤਾ ਤੋਂ ਟੁੱਟੇ ਜੀਵ ਨੂੰ ਬਾਣੀ ਇਨਸਾਨ ਹੀ ਨਹੀਂ ਗਿਣਦੀ ਕਿਉਂਕਿ ਇਹ ਕੰਮ ਹੀ ਬਹੁਤ ਗ਼ਲਤ ਅਤੇ ਅਗਿਆਨਤਾ ਵਾਲਾ ਹੈ-

ਸਭ ਮਹਿ ਸਚਾ ਏਕੋ ਸੋਈ। ਤਿਸਕਾ ਕੀਆ ਸਭੁ ਕਛੁ ਹੋਈ।

ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ-1350

ਬਾਣੀ ਦੀ ਸਿੱਖਿਆ ਨਾਲ ਜੁੜ ਕੇ ਜੇ ਰੱਬ ਦੀ ਸਰਬ ਵਿਆਪਕਤਾ ਦੀ ਹੀ ਸਮਝ ਨਾ ਲੱਗੀ ਤਾਂ ਜੀਵ ਸ਼ੱਕ ਅਤੇ ਦੁਬਿਧਾ ਦੇ ਵਿੱਚ ਜੀਵੇਗਾ। ਬਾਣੀ ਦੀ ਸਿੱਖਿਆ ਲਈ ਹੈ ਜਾਂ ਨਹੀਂ ਉਸ ਦੀ ਪਰਖ ਦਾ ਸਭ ਤੋਂ ਵੱਡਾ ਪਹਿਲੂ ਹੀ ਇਹ ਹੈ ਕਿ ਉਹ ਸਭਨਾ ਦੇ ਵਿੱਚ ਵਸਦਾ ਨਜ਼ਰ ਆ ਗਿਆ ਹੈ ਕਿ ਨਹੀਂ। ਸਫਲ ਧਰਮੀ ਕਿਸੇ ਦੁਬਿਧਾ ਦੇ ਵਿੱਚ ਨਹੀਂ ਰਹਿੰਦਾ ਕਿਉਂਕਿ ਰੱਬ ਦੀ ਸਰਬ ਵਿਆਪਕਤਾ ਦਾ ਅਸੂਲ ਉਸ ਦੇ ਧੁਰ ਅੰਦਰ ਪੱਕਾ ਹੋ ਗਿਆ ਹੁੰਦਾ ਹੈ-

ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ-1350

ਅਨੰਦੁ ਬਾਣੀ ਪੜ੍ਹਨ ਦਾ ਭੀ ਹਰ ਮੌਕੇ ਤੇ ਅਤੇ ਹਰੇਕ ਥਾਂ ਪੱਕਾ ਅਸੂਲ ਹੈ। ਇਸ ਨੂੰ ਪੂਰਾ ਪੜ੍ਹਿਆ ਜਾਵੇ ਜਾਂ ਕੁੱਝ ਪੌੜੀਆਂ ਪੜ੍ਹੀਆਂ ਜਾਣ ਇਸ ਤਰਾਂ ਦੇ ਵਿਸ਼ਿਆਂ ਤੇ ਤਾਂ ਬਹੁਤ ਬਹਿਸਾਂ ਹੁੰਦੀਆਂ ਹਨ। ਪਰ ਕੀ ਇਸ ਬਾਣੀ ਦੀ ਸਿੱਖਿਆ ਅਨੁਸਾਰ ਸਾਡੀਆਂ ਅੱਖਾਂ ਵਿੱਚ ਚਾਨਣ ਹੈ ਕਿ ਨਹੀਂ ਇਸ ਉੱਤੇ ਕਦੇ ਭੀ ਧਿਆਨ ਨਹੀਂ ਜਾਂਦਾ। ਇਸ ਦੀ 36ਵੀਂ ਪੌੜੀ ਕਹਿ ਰਹੀ ਹੈ-

ਏ ਨੇਤ੍ਰਹੋ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰ ਨ ਦੇਖਹੁ ਕੋਈ

ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ-922

ਪਰ ਬੇਅੰਤ ਨਜ਼ਰ ਆਉਂਦੀ ਭਿੰਨਤਾ ਵਿੱਚ ਇੱਕ ਦੀ ਸੋਝੀ ਹੋਣੀ ਬਹੁਤ ਔਖੀ ਹੈ। ਇਸੇ ਹੀ ਕਰਕੇ ਜੀਵਾਂ ਦੇ ਅੰਦਰੋਂ ਵਿਤਕਰੇ ਪੈਦਾ ਕਰਨ ਦੀ ਰੁਚੀ ਹਟਦੀ ਨਹੀਂ। ਉਹ ਵਿਤਕਰਾ ਪਾਉਣ ਦਾ ਇੱਕ ਢੰਗ ਛੱਡਕੇ ਕੋਈ ਹੋਰ ਘੜ ਲੈਂਦੇ ਹਨ ਪਰ ਆਦਤ ਨਹੀਂ ਛੱਡਦੇ। ਰੱਬ ਦੀ ਸਰਬ ਵਿਆਪਕਤਾ ਅੰਦਰ ਪੱਕੀ ਹੋਣਾ ਹੀ ਗੁਰੂ ਦੀ ਮਿਹਰ ਹੈ। ਵਿਤਕਰੇ ਪੈਦਾ ਕਰਨ ਵਾਲੀਆਂ ਅੱਖਾਂ ਨੂੰ ਬਾਣੀ ਅੰਨੀਆਂ ਮੰਨਦੀ ਹੈ। ਬਾਣੀ ਦਾ ਗਿਆਨ ਲੈਣ ਨਾਲ ਇਹ ਸੁਜਾਖੀਆਂ ਹੋ ਜਾਂਦੀਆਂ ਹਨ-

ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ।

ਕਹੈ ਨਾਨਕੁ ਇਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ-922

ਇਸ ਪੌੜੀ ਦੇ ਅਰਥ ਕਰਦੇ ਪ੍ਰੋ: ਸਾਹਿਬ ਸਿੰਘ ਜੀ ਨੇ ਭਾਵ ਦਰਸਾਉਣ ਲਈ ਵੱਖਰਾ ਨੋਟ ਦਿੱਤਾ ਹੈ ਅਤੇ ਕਿਹਾ ਹੈ, "ਜਿਤਨਾ ਚਿਰ ਮਨੁੱਖ ਜਗਤ ਵਿੱਚ ਕਿਸੇ ਨੂੰ ਵੈਰ ਭਾਵ ਨਾਲ ਦੇਖਦਾ ਹੈ, ਕਿਸੇ ਨੂੰ ਮਿੱਤ੍ਰਤਾ ਦੇ ਭਾਵ ਨਾਲ, ਉਤਨਾ ਚਿਰ ਇਸ ਦੇ ਅੰਦਰ ਮੇਰ ਤੇਰ ਹੈ। ਜਿੱਥੇ ਮੇਰ ਤੇਰ ਹੈ ਉਥੇ ਆਤਮਕ ਆਨੰਦ ਨਹੀਂ ਹੋ ਸਕਦਾ। ਗੁਰੂ ਨੂੰ ਮਿਲ ਕੇ ਮਨੁੱਖ ਦੀਆਂ ਅੱਖਾਂ ਖੁੱਲਦੀਆਂ ਹਨ, ਫਿਰ ਇਸ ਨੂੰ ਹਰ ਥਾਂ ਪਰਮਾਤਮਾ ਹੀ ਪਰਮਾਤਮਾ ਦਿਸਦਾ ਹੈ। ਇਹੀ ਦੀਦਾਰ ਆਨੰਦ ਦਾ ਮੂਲ ਹੈ"।

ਕਿਸੇ ਨੂੰ ਦੇਖਦੇ ਸਾਰ ਹੀ ਪਤਿਤ, ਨੀਚ ਆਦਿ ਦਰਜਾ ਦੇ ਦੇਣਾ ਉਸ ਨਾਲ ਵੱਡਾ ਵੈਰ ਕਮਾਉਣਾ ਹੈ। ਇੰਝ ਕਰਨਾ ਸੱਚੇ ਧਰਮੀ ਦਾ ਕੰਮ ਕਦੇ ਭੀ ਨਹੀਂ ਹੋ ਸਕਦਾ। ਬਹੁਤ ਸਾਰੀਆਂ ਬਾਣੀਆਂ ਨੂੰ ਜ਼ੁਬਾਨੀ ਯਾਦ ਕਰ ਲੈਣ ਨਾਲ, ਬਹੁਤ ਸਾਰੀ ਬਾਣੀ ਦੇ ਪਾਠ ਦੇ ਰੋਜ਼ਾਨਾ ਨੇਮ ਨਾਲ, ਮਿੱਠੀ ਆਵਾਜ ਵਿੱਚ ਅਤੇ ਪੂਰੇ ਸਾਜ਼ਾਂ ਨਾਲ ਬਾਣੀ ਦਾ ਗਾਇਨ ਕਰਨ ਨਾਲ ਜੇ ਰੱਬ ਦੀ ਸਰਬ ਵਿਆਪਕਤਾ ਦਾ ਮੁੱਢਲਾ ਤੇ ਜ਼ਰੂਰੀ ਅਸੂਲ ਹੀ ਪਤਾ ਨਾ ਲੱਗਾ ਤਾਂ ਸਾਰੀ ਮਿਹਨਤ ਅਸਫਲ ਹੈ। ਇਸ ਅਸੂਲ ਤੋਂ ਦੂਰੀ ਹੀ ਵੈਰ ਭਾਵ, ਘਿਰਨਾ, ਵਿਤਕਰੇ ਅਤੇ ਝਗੜੇ ਪੈਦਾ ਕਰਦੀ ਹੈ। ਇਸ ਅਸੂਲ ਦੇ ਨਾਲ ਜੁੜਦਿਆਂ ਹੀ ਸਭੇ ਸਾਂਝੀਵਾਲ ਨਜ਼ਰ ਆਉਣ ਲੱਗਦੇ ਹਨ। ਇਸ ਦਾ ਨਤੀਜਾ ਫਿਰ ਅਨੰਦ ਹੀ ਅਨੰਦ ਹੈ। ਉਨਾ ਲਈ ਫਿਰ ਕੋਈ ਭੀ ਦੁਸ਼ਮਨ ਤੇ ਵੈਰੀ ਨਹੀਂ ਰਹਿੰਦਾ। ਸਭਨਾਂ ਵਿੱਚ ਰੱਬੀ ਨਿਵਾਸ ਦੇ ਸੱਚ ਨੂੰ ਸਮਝਣ ਨਾਲ ਸਭ ਨੂੰ ਦੇਖਕੇ ਖੁਸ਼ੀ ਹੋਣਾ ਸੁਭਾਵਿਕ ਹੋ ਜਾਂਦਾ ਹੈ।

ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ।

ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ।

ਸਭ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ।

…. ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ-671

ਸਭਿ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ-1299

ਰੱਬ ਦੀ ਸਰਬ ਵਿਆਪਕਤਾ ਦੀ ਗੱਲ ਕਰਦੀ ਗੁਰਬਾਣੀ ਥੱਕਦੀ ਹੀ ਨਹੀਂ।

ਇਸੇ ਕਰਕੇ ਹੈਰਾਨੀ ਹੁੰਦੀ ਹੈ ਕਿ ਆਪਣੇ ਆਪ ਨੂੰ ਇਸਦੇ ਪੱਕੇ ਸ਼ਰਧਾਲੂ ਸਮਝਣ ਵਾਲਿਆਂ ਨੂੰ ਇਹ ਮੁੱਢਲਾ ਅਸੂਲ ਕਿਉਂ ਓਪਰਾ ਲੱਗਦਾ ਹੈ-

ਤਿਸ ਤੇ ਪਰੈ ਨਾਹੀ ਕਿਛੁ ਕੋਇ

ਸਰਬ ਨਿਰੰਤਰਿ ਏਕੋ ਸੋਇ-283

ਹਰਿ ਬਿਨੁ ਦੂਜਾ ਨਾਹੀ ਕੋਇ

ਸਰਬ ਨਿਰੰਤਰਿ ਏਕੋ ਸੋਇ-287

ਪਰ ਗੁਰਬਾਣੀ ਆਪ ਹੀ ਇਸ ਅਸੂਲ ਦੇ ਓਪਰਾ ਲੱਗਣ ਦਾ ਕਾਰਨ ਭੀ ਦੱਸਦੀ ਹੈ-

ਸਰਬ ਨਿਰੰਤਰਿ ਏਕੋ ਦੇਖੁ।

ਕਹੁ ਨਾਨਕ ਜਾ ਕੈ ਮਸਤਕਿ ਲੇਖੁ-289

ਜੇ ਗੁਰਬਾਣੀ ਦੀ ਸਿੱਖਿਆ ਜੀਵ ਦੀ ਸੋਚ ਦਾ ਪੱਕਾ ਹਿੱਸਾ ਨਾ ਬਣੇ ਤਾਂ ਇਸ ਦੇ ਅਸੂਲਾਂ ਦੀ ਉਲੰਘਣਾ ਤਾਂ ਹੋਵੇਗੀ ਹੀ। ਗੁਰਬਾਣੀ ਦਾ ਨੀਯਤ ਕੀਤਾ ਸਦੀਵੀ ਅਨੰਦ ਤਾਂ ਹੀ ਪ੍ਰਾਪਤ ਹੋਵੇਗਾ ਜੇ ਸਾਡੇ ਬਾਦ ਵਿਵਾਦ ਖ਼ਤਮ ਹੋਣਗੇ। ਬਾਦਾਂ ਵਿਵਾਦਾਂ ਦਾ ਖ਼ਾਤਮਾ ਤਾਂ ਹੀ ਹੋਵੇਗਾ ਜੇ ਪ੍ਰਭੂ ਦੀ ਸਰਬ ਵਿਆਪਕਤਾ ਵਿੱਚ ਸਾਡਾ ਯਕੀਨ ਬਣੇ ਅਤੇ ਸਾਡਾ ਵਰਤਣ ਵਿਹਾਰ ਇਸ ਅਸੂਲ ਦੇ ਅਨੁਸਾਰੀ ਹੋਵੇ-

ਸਰਭ ਭੂਤ ਏਕੇ ਕਰਿ ਜਾਨਿਆ ਚੂਕੇ ਬਾਦ ਬਿਬਾਦਾ-483

ਕਿਤੇ ਪਰਮਾਤਮਾ ਦੀ ਮਿਹਰ ਸਾਡੇ ਤੇ ਹੋ ਜਾਵੇ ਅਤੇ ਗੁਰਬਾਣੀ ਸਿੱਖਿਆ ਨਾਲ ਜੁੜਨ ਨੂੰ ਅਸੀਂ ਆਪਣੇ ਧਰਮੀ ਜੀਵਨ ਦਾ ਪਹਿਲਾ ਅਤੇ ਇੱਕੋ ਇੱਕ ਮੰਤਵ ਬਣਾ ਲਈਏ ਤਾਂ ਹੀ ਦਸਾਂ ਪਾਤਿਸ਼ਾਹੀਆਂ ਦੀ ਮਿਹਨਤ ਆਪਣਾ ਅਸਲੀ ਰੰਗ ਦਿਖਾ ਸਕੇਗੀ। ਇਹ ਹੋਣ ਦਾ ਯਕੀਨ ਤਾਂ ਨਹੀਂ ਪਰ ਇੱਕ ਮੱਠੀ ਜਿਹੀ ਆਸ ਜ਼ਰੂਰ ਹੈ।

ਨਿਮਰਤਾ ਸਹਿਤ---ਮਨੋਹਰ ਸਿੰਘ ਪੁਰੇਵਾਲ




.