. |
|
ਮੂਲ ਮੰਤਰ
ਸਤਿੰਦਰਜੀਤ ਸਿੰਘ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ
ਸੈਭੰ ਗੁਰ ਪ੍ਰਸਾਦਿ ॥
' ਮੂਲ'
ਦਾ ਅਰਥ ਮੁਢਲਾ, ਜੜੵ,
ਸ਼ੁਰੂਆਤੀ ਅਤੇ 'ਮੰਤਰ'
ਦਾ ਅਰਥ ਸਲਾਹ, ਮਸ਼ਵਰਾ
'ਮੰਤਰ' ਸ਼ਬਦ, ਸ਼ਬਦ 'ਮੰਤਰੀ' ਤੋਂ ਹੋਂਦ ਵਿੱਚ ਆਇਆ 'ਮੰਤਰੀ' ਦਾ ਅਰਥ ਸਲਾਹਕਾਰ ਅਤੇ 'ਮੰਤਰ'
ਦਾ ਮਤਲਬ ਸਲਾਹ...!!!
ਗੁਰੂ ਨਾਨਕ ਸਾਹਿਬ ਜੋ ਸਾਨੂੰ ਮੁਢਲੀ ਸਲਾਹ ਦੇ ਰਹੇ ਹਨ ਉਹ ਹੈ:
' ੴ'
ਭਾਵ ਕਿ ‘ਉਹ ਇੱਕ ਹੈ’
'ਤੇ ਅਸੀਂ ਵੀ ਉਸ ਵਾਂਗ ਇੱਕ ਹੋਣਾ ਹੈ, ਅੰਦਰੋਂ ਅਤੇ ਬਾਹਰੋਂ, ਜੋ ਸਾਡੇ ਮੁੱਖ ‘ਤੇ ਹੈ, ਉਹੀ ਮਨ
ਵਿੱਚ ਹੋਵੇ, ਸਿਰਫ ਦਿਖਾਵੇ ਲਈ ਧਾਰਮਿਕ ਰਸਮਾਂ ਕਰਨੀਆਂ, ਪਹਿਰਾਵਾ ਪਾਉਣਾ ਕਾਫੀ ਨਹੀਂ, ਮਨ
ਵਿੱਚੋਂ ਵੀ ਵਿਕਾਰਾਂ ਨੂੰ ਕੱਢਣਾ ਹੈ, ਨਿਮਰਤਾ ਅਤੇ ਗੁਣਾਂ ਨੂੰ ਅਪਨਾਉਣਾ ਹੈ।
' ਸਤਿ ਨਾਮੁ'
ਭਾਵ ਕਿ ‘ਉਹ ਸੱਚਾ ਹੈ’
ਉਸਦੇ ਸਾਰੇ ਨਿਯਮ ਹਮੇਸ਼ਾ ਸੱਚ ਹਨ, ‘ਤੇ ਅਸੀਂ ਵੀ ਉਸ ਵਾਂਗ ਸੱਚੇ ਹੋਣਾ ਹੈ, ਅੰਦਰੋਂ ਅਤੇ ਬਾਹਰੋਂ
ਸੱਚੇ।
' ਕਰਤਾ ਪੁਰਖੁ'
ਭਾਵ ਕਿ ਇੱਕ ਰਸ ਵਿਆਪਕ, ਸਭ
ਥਾਂ ਇੱਕ ਸਮਾਨ ਅਤੇ ਅਸੀਂ ਵੀ ਉਸ ਵਾਂਗ ਇੱਕ
ਸਮਾਨ ਹੋਣਾ ਹੈ, ਹਰ ਸਮੇਂ ਅਤੇ ਹਰ ਜੀਵ ਲਈ ਚੰਗੀ ਸੋਚ ਰੱਖਣੀ ਹੈ, ਜੋ ਸੋਚ ਆਪਣੇ ਲਈ ਹੈ, ਉਹੀ
ਸੋਚ ਦੂਸਰਿਆਂ ਲਈ ਰੱਖਣੀ ਹੈ, ਜਿਵੇਂ ਆਪਣੀ ਸਫਲਤਾ ‘ਤੇ ਖੁਸ਼ੀ ਮਨਾਉਂਦੇ ਹਾਂ, ਇਹੀ ਖੁਸ਼ੀ ਦੂਸਰੇ
ਦੀ ਸਫਲਤਾ ‘ਤੇ ਵੀ ਮਨਾਉਣੀ ਹੈ, ‘ਸਰਬੱਤ ਦਾ ਭਲਾ’ ਦਾ ਸਿਧਾਂਤ ਹਰ ਵਕਤ ਸੋਚ ਵਿੱਚ ਰੱਖਣਾ ਹੈ।
' ਨਿਰਭਉ'
ਭਾਵ ਕਿ ਉਸਨੂੰ ਕਿਸੇ ਦਾ ਡਰ
ਨਹੀਂ ਕਿਉਂਕਿ ਉਸਦੇ ਨਿਯਮ, ਕਾਨੂੰਨ ਸੱਚੇ ਅਤੇ
ਵਿਕਾਰ ਰਹਿਤ ਹੈ ਅਤੇ ਅਸੀਂ ਵੀ ਉਸ ਵਾਂਗ ਵਿਕਾਰ ਰਹਿਤ ਹੋ ਕੇ ਡਰ ਤੋਂ ਮੁਕਤ ਹੋਣਾ ਹੈ, ਕਿਉਂਕਿ
ਜੇ ਮਨ ਵਿੱਚ ਗਲਤ ਵਿਚਾਰ ਹੋਣਗੇ ਤਾਂ ਡਰ ਪੈਦਾ ਹੋਵੇਗਾ ਅਤੇ ਜੇ ਮਨ ਵਿੱਚ ਪਵਿੱਤਰਤਾ ਹੈ, ਸੱਚ ਹੈ
ਤਾਂ ਡਰਨ ਦੀ ਜ਼ਰੂਰਤ ਨਹੀਂ ਪਵੇਗੀ।
' ਨਿਰਵੈਰੁ'
ਭਾਵ ਕਿ ਉਹ ਵੈਰ ਰਹਿਤ ਹੈ,
ਉਸਦਾ ਕਿਸੇ ਨਾਲ ਵੈਰ, ਵਿਰੋਧ, ਦੁਸ਼ਮਣੀ ਨਹੀਂ
‘ਤੇ ਅਸੀਂ ਵੀ ਉਸ ਵਾਂਗ ਨਿਰਵੈਰ ਹੋ ਕੇ 'ਸਭ
ਕੋ ਮੀਤ ਹਮ ਆਪਨ ਕੀਨਾ' ਦੇ ਧਾਰਨੀ ਹੋਣਾ ਹੈ,
ਵੈਰ-ਵਿਰੋਧ, ਈਰਖਾਂ ਆਦਿ ਵਿਕਾਰਾਂ ਨੂੰ ਛੱਡ ਕੇ ਗੁਣਾਂ ਨਾਲ ਸਾਂਝ ਪਾਉਣੀ ਹੈ।
' ਅਕਾਲ ਮੂਰਤਿ'
ਭਾਵ ਕਿ ਉਸਦਾ ਸਰੂਪ (ਮੂਰਤਿ)
ਕਾਲ ਤੋਂ ਪਰ੍ਹੇ (ਅਕਾਲ) ਹੈ ਮਤਲਬ ਜੋ ਭੂਤ ਕਾਲ
ਵਿੱਚ ਵੀ ਸੀ, ਵਰਤਮਾਨ ਵਿੱਚ ਵੀ ਹੈ ਅਤੇ ਭਵਿੱਖ ਵਿੱਚ ਵੀ ਹੋਵੇਗਾ ਅਤੇ ਉਸਨੂੰ ਹੀ ਅਸੀਂ ਮੰਨਣਾ
ਹੈ।
' ਅਜੂਨੀ'
ਉਹ ਜੂਨਾਂ ਤੋਂ ਰਹਿਤ ਹੈ
ਭਾਵ ਕਿ ਉਹ ਹਮੇਸ਼ਾ ਸੱਚਾ ਹੈ, ਅਥਾਹ ਗੁਣਾਂ ਦਾ ਮਾਲਕ ਹੈ, ਵਿਕਾਰਾਂ ਦੀਆਂ ਜੂਨਾਂ ਵਿੱਚ
ਜੰਮਦਾ-ਮਰਦਾ ਨਹੀਂ, ਹਮੇਸ਼ਾ ਆਪਣੇ ਅਸਲ ਸਰੂਪ ਚ ਮੌਜੂਦ ਹੈ।
' ਸੈਭੰ'
ਭਾਵ ਉਹ ਆਪਣੇ ਆਪ ਤੋਂ ਹੀ
ਹੋਂਦ ਵਿੱਚ ਆਇਆ ਹੈ, ਕਿਸੇ ਨੇ ਉਸਨੂੰ ਬਣਾਇਆ
ਨਹੀਂ, ਉਸ ਸੱਚ ਦਾ ਰੂਪ ਆਪਣੇ-ਆਪ ਹੋਂਦ ਵਿੱਚ ਆਇਆ ਹੈ, ਉਸ ਸੱਚ ਨੂੰ ਹੀ ਅਸੀਂ ਆਪਣੇ ਜੀਵਨ ਵਿੱਚ
ਧਾਰਨ ਕਰਨਾ ਹੈ।
' ਗੁਰ ਪ੍ਰਸਾਦਿ'
ਭਾਵ ਕਿ ਉਹ ਸੱਚ, ਗੁਰੂ ਦੀ
ਕਿਰਪਾ ਨਾਲ ਮਿਲਦਾ ਹੈ।
ਅਤੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ
ਗੁਰੂ ਕੌਣ ਹੈ....???
ਤਾਂ ਗੁਰੂ ਨਾਨਕ ਸਾਹਿਬ ਦੱਸ ਰਹੇ ਹਨ ਕਿ 'ਸ਼ਬਦੁ
ਗੁਰੂ' ਅਤੇ ਆਪਣੀ ਸੁਰਤ ਨੂੰ, ਮਨ ਨੂੰ ਉਸਦਾ
ਚੇਲਾ ਬਣਾਉਣ ਦੀ ਗੱਲ ਕਰਦੇ ਹਨ 'ਸੁਰਤਿ
ਧੁਨਿ ਚੇਲਾ'....!!!!
{ ਨੋਟ:
‘ਜਪੁ ਜੀ’ ਸਾਹਿਬ ਦੇ ਇਹ ਅਰਥ, ਆਪਣੀ ਸਮਝ ਅਨੁਸਾਰ ਕੀਤੇ
ਗਏ ਹਨ, ਕੋਈ ਆਖਰੀ ਨਿਰਣਾ ਨਹੀਂ, ਸਾਰੇ ਪਾਠਕਾਂ ਦੇ ਸੁਝਾਵਾਂ ਦਾ ਸੁਆਗਤ ਹੈ}
|
. |