ਭੰਡੁ, ਭੰਡਿ
** ਭੰਡੁ, ਭੰਡਿ = ਸਰੀਰ, ਪਾਤਰ (ਭਾਂਡਾ), ਮਸਖਰਾ, ਭੱਟ, ਇਸਤਰੀ।
** ‘ਸਬਦ ਗੁਰੁ ਗਰੰਥ ਸਾਹਿਬ ਜੀ’ ਦੇ ਪੰਨਾ ਨੰਬਰ 473 ਉੱਪਰ ਆਸਾ ਰਾਗ
ਵਿੱਚ ਲਫਜ (ਭੰਡੁ, ਭੰਡਿ) ਦੀ ਵਰਤੋਂ ਗੁਰੂ ਨਾਨਕ ਬਾਹਿਬ ਜੀ ਵਲੋਂ ਉਚਾਰਨ ਕੀਤੀ ਵਾਰ ਦੀ 19 ਪਉੜੀ
ਤੋਂ ਪਹਿਲਾਂ ਲਿਖੇ ਦੋ ਸਲੋਕਾਂ ਵਿਚੋਂ ਸਲੋਕ ਨੰਬਰ 2 ਵਿੱਚ ਕੀਤੀ ਹੈ।
** ਸਲੋਕ ਮ 1॥ ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ॥ ਸੁਚੇ ਅਗੈ ਰਖਿੳਨੁ
ਕੋਇ ਨ ਭਿਟਿੳ ਜਾਇ॥ ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ॥ ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ
ਦੋਖੁ॥ ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ॥ ਤਾ ਹੋਆ ਪਾਕੁ
ਪਵਿਤੁ॥ ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ॥ ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ
ਖਾਹਿ॥ ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ॥ 1॥
** ਮ 1॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ
ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ
ਸੋਇ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥ 2॥
. . ਸਲੋਕ ਨੰਬਰ 1 ਵਿੱਚ ਸ਼ਰਾਰਤੀ ਚਾਲਾਕ ਬ੍ਰਾਹਮਣ/ਪਾਂਡੇ ਵਲੋਂ ਅਪਨਾਈ
ਉਸਦੀ ਮਨਾਉਤ ‘ਸੁੱਚਮ-ਜੂਠ’ ਦਾ ਪ੍ਰਸੰਗ ਹੈ। ਕਿਵੇਂ ਬ੍ਰਾਹਮਣ/ਪਾਂਡਾ ਆਪਣਾ ਆਪ ਨੂੰ ‘ਸੁੱਚਾ’
ਕਰਦਾ ਹੈ, ਰੱਖਦਾ ਹੈ। ਇਥੋਂ ਤੱਕ ਕਿ ਖਾਂਦਾ ਬਾਹਰੋਂ ਲੋਕਾਂ ਦੇ ਘਰੌਂ ਹੈ, ਪਰ ਬਾਹਰਲੇ ਲੋਕਾਂ ਦੇ
ਘਰਾਂ ਚੋਂ ਖਾਣ-ਪੀਣ ਵਾਲੀਆਂ ਵਸਤਾਂ ਨੂੰ ਵੀ ਅਪਵਿੱਤਰ ਸਮਝਦਾ ਹੈ, ਪਰੋਸੇ ਭੋਜਨ ਨੂੰ ਵੀ ਚੰਗੀ
ਤਰਾਂ ਪਵਿੱਤਰ ਕਰਕੇ ਖਾਂਦਾ ਪੀਂਦਾ ਹੈ, ਤਾ ਕੇ ਉਸਦਾ ‘ਸਰੀਰ’ ਭਿੱਟਿਆ ਨਾ ਜਾਏ।
. . ਬਿਪਰ/ਪਾਂਡਾ ਬਾਕੀ ਲੋਕਾਂ ਨੂੰ ਘਟੀਆ, ਅਪਵਿੱਤਰ, ਸ਼ੂਦਰ ਮੰਨਦਾ ਹੈ।
ਘਟੀਆ, ਅਪਵਿੱਤਰ, ਸੂਦਰ ਮੰਨਣ ਦੇ ਬਾਵਯੂਦ ਬਿਪਰ/ਪਾਂਡਾ ਇਹਨਾਂ ਹੀ ਲੋਕਾਂ ਦੇ ਘਰੋਂ, ਮੁਫ਼ਤ ਦੇ
ਤਰਾਂ ਤਰਾਂ ਦੇ ਭੋਜਨ ਖਾਂਦਾ ਹੈ ਅਤੇ ਆਪਣੇ ਪਾਖੰਡ ਕਰਦਾ ਹੈ।
. . ਉਹਨਾਂ ਲੋਕਾਂ ਦੇ ਸਾਹਮਣੇ ਹੀ ਉਹਨਾਂ ਲੋਕਾਂ ਦੁਆਰਾ ਬਣਾਏ ਖਾਣਾ ਨੂੰ
ਅਪਵਿੱਤਰ ਮੰਨਕੇ/ਕਹਿਕੇ ਆਪਣੀਆਂ ਪਾਖੰਡੀ ਮਨਾਉਤਾਂ ਨਾਲ ਪਵਿੱਤਰ ਕਰਦਾ ਹੈ, ਤਾਂਕਿ ਉਸਦਾ ਸਰੀਰ ਨਾ
ਅਪਵਿੱਤਰ ਨਾ ਹੋ ਜਾਵੇ।
. . ਗੁਰੂ ਸਾਹਿਬ ਜੀ ਨੇ ਪੂਰੇ ਸਲੋਕ ਵਿੱਚ ਬਿਪਰ/ਪਾਂਡੇ ਨੂੰ ਅਸਲ ਸਚਾਈ
ਨਾਲ ਰੂਬਰੂ ਕਰਵਾਇਆ ਅਤੇ ਦੱਸਿਆ ਕਿ ‘ਸੱਚਾ-ਸੁੱਚਾ’ ਸਰੀਰ ਅਤੇ ‘ਸੁੱਚਾ’ ਮੁੱਖ ਕਿਹੜਾ ਹੈ।
. . ਰੇ ਬਿਪਰ/ਪਾਂਡੇ … ‘ਨਾਮ’ ਰੱਬੀ ਹੋਂਦ ਦੀ ਯਾਦ ਦੇ ਬਿਨਾਂ ਅਪਵਿੱਤਰ
ਸਰੀਰਾਂ/ਮੁੱਖਾਂ ਉੱਪਰ ਥੁੱਕਾਂ ਹੀ ਪੈਦੀਆਂ ਹਨ।
. . ਸਲੋਕ ਨੰਬਰ 1 ਵਿੱਚ ਵਿਸ਼ਾ-ਵਸਤੂ ਸਰੀਰ ਦੀ ‘ਸੁੱਚਮ-ਜੂਠ’ ਦਾ ਹੈ, ਤਾਂ
ਤੇ ਦੂਜੇ ਸਲੋਕ ਦਾ ਨੰਬਰ 2 ਹੈ। ਇਸ ਪਹਿਲੇ ਸਲੋਕ ਦਾ ਸੰਬੰਧ ਸਰੀਰਿੱਕ ਪਵਿੱਤਰਤਾ, ਸੁੱਚਮ/ਜੂਠ
ਨਾਲ ਹੈ, ਦੂਜਾ ਸਲੋਕ ਵੀ ਪਹਿਲੇ ਸਲੋਕ ਦੇ ਵਿਸ਼ੇ ਵਸਤੂ ਨਾਲ ਸੰਬੰਧਤ ਹੈ, ਤਾਂ ਹੀ ਦੂਜੇ ਸਲੋਕ
ਵਿਸ਼ਾ ਲਗਾਤਾਰ ਉਹੀ ਚੱਲ ਰਿਹਾ ਹੈ।
. . ਆਮ ਸਿੱਖ ਸਮਾਜ ਵਿੱਚ ਪ੍ਰਚੱਲਤ ਗੁਰਬਾਣੀ ਅਰਥਾਂ ਵਿੱਚ ਲਫ਼ਜ਼ (ਭੰਡ,
ਭੰਡਿ, ਭੰਡੁ) ਦੇ ਅਰਥ ਇਸਤਰੀ ਕੀਤੇ ਜਾਂਦੇ ਹਨ।
. . ਦੂਜੇ ਸਲੋਕ ਵਿੱਚ ਗੁਰੁ ਸਾਹਿਬ ਜੀ ਦਾ ਇਸ਼ਾਰਾ ਕਿਸੇ ਇੱਕ ਜੈਂਡਰ ਨਰ
ਜਾਂ ਮਾਦਾ ਵੱਲ ਨਹੀਂ ਹੈ। ਬਲਕਿ ਮਨੁੱਖਾ ਸਰੀਰ ਵੱਲ ਹੈ।
. . ਅਗਰ ਇਸ ਦੂਜੇ ਸਲੋਕ ਵਿੱਚ ਲਫਜ ‘ਭੰਡਿ’ ਨੂੰ ‘ਸਰੀਰ/ਪਾਤਰ’ ਮੰਨ ਕੇ
ਅਰਥ ਕਰਨਾ ਕਰੀਏ ਤਾਂ ਤੁਹਾਨੂੰ ਲਫਜ ‘ਭੰਡਿ’ ਦੇ ਅਰਥ ‘ਸਰੀਰ/ਪਾਤਰ’ ਹੀ ਸਹੀ ਲੱਗਣਗੇ।
. . ਗੁਰੂ ਨਾਨਕ ਸਾਹਿਬ ਜੀ ਦਾ ਇਸ਼ਾਰਾ ਵੀ ਮਨੁੱਖਾ ‘ਸਰੀਰ’ ਵੱਲ ਹੀ ਹੈ,
ਨਾ ਕੇ ਕਿਸੇ ਔਰਤ ਦੇ ਸਰੀਰ ਵੱਲ।
** ਦੂਜੇ ਸਲੋਕ ਵਿੱਚ ਲਫਜ … ਨਿੰਮੀਐ, ਜੰਮੀਐ, ਵੀਆਹੁ, ਬੰਧਾਨੁ, ਦੋਸਤੀ.
. ਦੀ ਵਰਤੋਂ ਹੋਣ ਕਰਕੇ ਸਨਾਤਨ ਮੱਤੀ ਬੁੱਧੀ ਵਾਲੇ ਨਿਰਮਲੇ ਸਾਧੜਿਆਂ, ਡੇਰੇਦਾਰਾਂ ਨੇ ਲਫਜ਼
‘ਭੰਡਿ’ ਅਰਥ ਇਸਤਰੀ ਕੀਤੇ ਹਨ।
. . ਮਨੁੱਖਾ ਸਰੀਰ ਹੀ, … ਮਨੁੱਖਾ ਸਰੀਰਾਂ ਤੋਂ ਨਿੰਮਦੇ, ਜੰਮਦੇ ਹਨ।
. . ਮਨੁੱਖਾ ਸਰੀਰਾਂ ਦਾ, … ਮਨੁੱਖਾ ਸਰੀਰਾਂ ਨਾਲ ਵਿਆਹ/ਰਿਸ਼ਤਾ ਹੁੰਦਾ
ਹੈ।
. . ਮਨੁੱਖਾ ਸਰੀਰਾਂ ਦੇ, … ਮਨੁੱਖਾ ਸਰੀਰਾਂ ਨਾਲ ‘ਬੰਧਨ/ਸੰਬੰਧ/ਦੋਸਤੀ’
ਬਣਦੇ ਹਨ।
*** ਸਿੱਖ ਸਮਾਜ ਵਿੱਚ ਜਦ ਤੋਂ ਇਹ ਬ੍ਰਾਹਮਣ/ਬਿਪਰ/ਪਾਂਡੇ ਦੀ ਟਰੈਨਿੰਗ ਦੇ
ਤਹਿਤ ਸੰਪਰਦਾਈ ਸੰਪਰਦਾਵਾਂ, ਨਿਰਮਲੇ ਸਾਧਾਂ ਦੇ ਕੀਤੇ ਅਰਥ ਪ੍ਰਚੱਲਤ ਹੋਏ ਹਨ, ਤੱਦ ਤੋਂ ਹੀ ਸਿੱਖ
ਸਮਾਜ ਵਿੱਚ ਬ੍ਰਾਹਮਣੀ ਰੰਗਤ ਤੇਜ਼ ਹੋਈ ਜਾ ਰਹੀ ਹੈ। ਸਿੱਖਾਂ ਦਾ ਭਗਵਾਕਰਨ ਕੀਤਾ ਜਾ ਰਿਹਾ ਹੈ।
**** ‘ਗੁਰਬਾਣੀ’ ਨੂੰ ਗੁਰੁ ਨਾਨਕ ਦੇ ਨਜ਼ਰੀਏ ਨਾਲ ਪੜ੍ਹਨਾ, ਸੁਨਣਾ,
ਮੰਨਣਾ, ਸਮਝਣਾ ਕਰੀਏ ਤਾਂ ਪੂਰੇ ‘ਸਬਦ ਗੁਰੁ ਗਰੰਥ ਸਾਹਿਬ ਜੀ’ ਵਿੱਚ
ਬਿਪਰ/ਬ੍ਰਾਹਮਣ/ਪੂਜਾਰੀ/ਪਾਂਡੇ ਦੀਆਂ ਧੱਜੀਆਂ ਉਧੇੜੀਆਂ ਹੋਈਆਂ ਹਨ। ਬ੍ਰਾਹਮਣ ਦੀਆਂ ਸਾਰੀਆਂ
ਕਰਤੂਤਾਂ ਦੀਆਂ ਪੋਲਾਂ ਖੋਲੀਆਂ ਹੋਈਆਂ ਹਨ।
. . 35 ਮਹਾਂ-ਪੁਰਸ਼ਾਂ ਨੇ ਉਸ ਸਮੇਂ ਦੇ ਚਾਲਾਕ ਬਿਰਤੀ ਵਾਲਿਆਂ
ਬ੍ਰਾਹਮਣ/ਪੂਜਾਰੀਆਂ ਨੂੰ ਦਲੀਲ਼, ਤਰਕ ਅਤੇ ਸੁਆਲ ਕੀਤੇ ਹਨ। ਜਿਹਨਾਂ ਨੂੰ ਆਪਣੇ ਗੁਰਸਿੱਖ
ਬਜ਼ੁੱਰਗਾਂ, ਡੇਰੇਦਾਰਾਂ, ਸਾਧੜਿਆਂ ਨੇ ਸਿੱਖ ਸਮਾਜ ਵਿੱਚ ਸਹੀ ਅਰਥਾਉਣਾ ਨਹੀਂ ਕੀਤਾ। ਸਿੱਖ ਸਮਾਜ
ਰਾਹੋਂ ਕੁਰਾਹੇ ਪੈ ਗਿਆ, ਪਿਆ ਹੋਇਆ ਹੈ।
. . ਅੱਗੇ ਦੋਨਾਂ ਸਲੋਕਾਂ ਦੇ ਅਰਥਾਂ ਲਈ ਵੀਰ ਸੁਖਵਿੰਦਰ ਸਿੰਘ ਤੇਜਾ ਨਾਲ
ਸਾਂਝ ਬਣੀ।
*ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ॥*
ਪਾਂਡਾ ਸੁੱਚ ਭਿੱਟ ਦੇ ਚੱਕਰ ਵਿੱਚ ਆਪਣੇ ਭੰਡ (ਸ਼ਰੀਰ) ਨੂੰ ਪਵਿੱਤਰ ਤੇ
ਅਪਵਿੱਤਰ ਮੰਨਣ ਦਾ ਵਹਿਮ ਭਰਮ ਬਹੁਤ ਪਾਲਦਾ ਹੈ। ਇਹ ਜਦੋਂ ਵੀ ਸ਼ਰਧਾਲੂਆਂ ਦੇ ਘਰੇ ਲੰਗਰ, ਭੰਡਾਰਾ,
ਪ੍ਰਸ਼ਾਦਾ ਛਕਣ ਜਾਏਗਾ ਤਾਂ ਬਹੁਤ ਸੁੱਚਮਤਾ ਨਾਲ ਜਾਏਗਾ। ਨਹਾ ਧੋ ਕੇ ਆਪਣੇ ਆਪ ਨੂੰ ਬਹੁਤ ਜ਼ਿਆਦਾ
ਸੁੱਚਾ ਕਰੇਗਾ। ਬੈਠਣ ਲਈ ਚੌਂਕਾ ਵੀ ਇਹਨੂੰ ਇਕਦਮ ਸੁੱਚਾ ਚਾਹੀਦਾ ਹੈ।
*ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ॥*
ਉਹ ਭੋਜਨ ਦਾ ਥਾਲ, ਜਿਹੜਾ ਹਾਲੇ ਕਿਸੇ ਨੇ ਭਿੱਟਿਆ ਨਹੀਂ ਯਾਨੀ ਛੂਹਿਆ ਤੱਕ
ਨਹੀਂ, ਘਰਦਿਆਂ ਨੇ ਲਿਆ ਕੇ ਸੁੱਚੇ ਪੁਜਾਰੀ ਦੇ ਅੱਗੇ ਰੱਖ ਦਿੱਤਾ ਹੈ।
*ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ॥*
ਹੁਣ ਇਹ ਦੁਬਾਰਾ ਫੇਰ ਆਪਣੇ ਭੰਡ 'ਤੇ ਜਲ ਦੇ ਛਿੱਟੇ ਮਾਰ ਕੇ ਖੁੱਦ ਨੂੰ
ਸੁੱਚਾ ਕਰੇਗਾ। ਕਿਉਂਕਿ ਇਹ ਆਪਣੇ ਭੰਡ (ਮਿੱਟੀ ਦੇ ਭਾਂਡੇ ਯਾਨੀ ਸ਼ਰੀਰ) ਨੂੰ ਬਹੁਤ ਮਾੜਾ ਸਮਝੀ
ਬੈਠਾ ਹੈ, ਜੋ ਕਿ ਇਤਨੀ ਛੇਤੀ ਅਪਵਿੱਤਰ ਵੀ ਹੋ ਜਾਂਦਾ ਹੈ। ਮੁੜਕੇ ਸ਼ਰਧਾਲੂਆਂ ਦੇ ਘਰ ਦਾ ਅੰਨ
ਪਾਣੀ ਛਕਣ ਤੋਂ ਪਹਿਲਾਂ ਭੋਜਨ ਨੂੰ ਹੋਰ ਸੁੱਚਾ ਕਰਨ ਲਈ ਇਹ ਮੰਤਰਾਂ ਦੇ ਸਲੋਕ ਵੀ ਪੜ੍ਹਨ ਲੱਗ
ਪੈਂਦਾ ਹੈ।
( ((ਜਿਵੇਂ ਆਪਣੇ ਵਾਲੇ ਪੰਜ ਪੁਜਾਰੀ ਤੁਰ ਪੈਂਦੇ ਹਨ ਸਿੱਖ ਸੰਗਤਾਂ ਦੇ
ਘਰੇ ਲੰਗਰ ਪ੍ਰਸ਼ਾਦਾ ਛਕਣ ਲਈ। ਉੱਥੇ ਜਾ ਕੇ ਇਹ ਲੋਕ ਵੀ ਓਦਾਂ ਹੀ ਲੰਗਰ ਛਕਣ ਤੋਂ ਪਹਿਲਾਂ ਪਾਂਡੇ
ਦੇ ਮੰਤਰਾਂ ਦੀ ਤਰਜ਼ਮਾਨੀ ਕਰਦੇ ਹੋਏ ਗੁਰਬਾਣੀ ਦਾ ਸਲੋਕ ਪੜ੍ਹਨਗੇ।)))
*ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ॥* *ਜਿਨੀ ਗੁਰੂ ਮਨਾਇਆ ਰਜਿ ਰਜਿ
ਸੇਈ ਖਾਹਿ॥੩॥*
( ((ਜਦਕਿ ਇਨ੍ਹਾਂ ਪੰਕਤੀਆਂ ਦਾ ਸੰਬੰਧ ਕਿਸੇ ਭੌਤਿਕ ਪਦਾਰਥਾਂ ਦੇ ਖਾਣ
ਪੀਣ ਨਾਲ ਹੈ ਹੀ ਨਹੀਂ।)))
*ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ॥*
ਲੇਕਿਨ ਪਾਂਡੇ ਦੁਆਰਾ ਮੰਤਰਾਂ ਦੇ ਸਲੋਕ ਪੜ੍ਹ ਕੇ ਪਵਿੱਤਰ ਭੋਜਨ ਤਾਂ ਹੁਣ
ਗੰਦੀ ਥਾਂ (ਢਿੱਡ) ਵਿੱਚ ਜਾ ਕੇ ਡਿੱਗ ਪਿਆ, ਜੀਹਦੇ ਉੱਪਰ ਹੁਣ ਥੁੱਕਾਂ ਦੇ ਢੇਰ ਲੱਗ ਰਹੇ ਹਨ।
ਦੱਸੋ ਫੇਰ ਇਹਦੇ ਚ ਦੋਸ਼ ਕੀਹਦਾ ਹੋਇਆ?
ਪੁਜਾਰੀ ਦਾ ਜਾਂ ਫਿਰ ਸ਼ਰਧਾਲੂਆਂ ਦਾ ??????????
*ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ॥*
ਅੰਨ ਦੇਵਤਾ, ਜਲ ਦੇਵਤਾ, ਅਗਨ ਦੇਵਤਾ, ਲੂਣ ਤੇ ਪੰਜਵਾਂ ਪਦਾਰਥ ਘਿਓ।
ਇਹਨਾਂ ਸਾਰੇ ਪਵਿੱਤਰ ਪਦਾਰਥਾਂ ਦਾ ਆਪਸ ਵਿੱਚ ਮਿਲ ਜਾਣਾ ਯਾਨੀ ਇਕ
ਸਵਾਦਿਸ਼ਟ ਭੋਜਨ ਬਣ ਜਾਣਾ।
*ਤਾ ਹੋਆ ਪਾਕੁ ਪਵਿਤੁ॥*
ਹੁਣ ਇਹ ਸਭ ਪਦਾਰਥ ਆਪਸ ਵਿੱਚ ਮਿਲ ਕੇ ਇਕ ਪਾਕ ਤੇ ਪਵਿੱਤਰ ਭੋਜਨ ਬਣ ਗਿਆ
ਹੈ, ਜੋ ਕਿ ਸਿਰਫ਼ ਸੁੱਚਮਤਾ ਰੱਖਣ ਵਾਲੇ ਪੰਡਤ ਜੀ ਵਾਸਤੇ ਹੈ।
*ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ॥*
ਪਰ ਇੰਨਾ ਪਾਕ ਤੇ ਪਵਿੱਤਰ ਭੋਜਨ ਤਾਂ ਸਗੋਂ ਪਾਪੀ ਸ਼ਰੀਰ ਨਾਲ ਜਾ ਕੇ ਰਲ
ਗਿਆ। ਹੁਣ ਇਨ੍ਹਾਂ ਉੱਪਰ ਭਰ ਭਰ ਕੇ ਥੁੱਕਾਂ ਵੀ ਪੈ ਰਹੀਆਂ ਹਨ।
ਪੰਡਤ ਜੀ! ਤੁਹਾਡੇ ਮੁਤਾਬਕ ਇਹਨਾਂ ਦੇਵਤਾ ਰੂਪੀ ਪਾਕ ਤੇ ਪਵਿੱਤਰ ਪਦਾਰਥਾਂ
ਦਾ ਕੀ ਹੁਣ ਅਪਮਾਨ ਨੀ ਹੋ ਰਿਹਾ?
ਜੇ ਅਪਮਾਨ ਹੋ ਰਿਹਾ ਹੈ ਤਾਂ ਫਿਰ ਤੁਸੀਂ ਇਹਨਾਂ ਪਵਿੱਤਰ ਪਦਾਰਥਾਂ ਨੂੰ
ਗੰਦੇ ਢਿੱਡ ਵਿੱਚ ਸੁੱਟਿਆ ਹੀ ਕਿਉਂ?
ਜੇ ਅਪਮਾਨ ਨਹੀਂ ਹੋ ਰਿਹਾ ਤਾਂ ਫਿਰ ਮੰਨੋ ਕਿ ਜੋ ਕੁੱਝ ਤੁਸੀਂ ਕੀਤਾ, ਉਹ
ਸਭ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਧਰਮ ਦੇ ਨਾਂਅ 'ਤੇ ਕੀਤਾ ਗਿਆ ਇਕ ਦਿਖਾਵਾ, ਡਰਾਮਾ ਤੇ ਪਖੰਡ
ਸੀ ਬਸ ਹੋਰ ਕੁੱਝ ਨਹੀਂ।
*ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ॥*
ਪੰਡਤ ਜੀ! ਜਿਨ੍ਹਾਂ ਲੋਕਾਂ ਦੇ ਮੁੱਖੋਂ ਕਦੇ ਸੱਚ ਨਹੀਂ ਨਿਕਲਿਆ। ਜਿਨ੍ਹਾਂ
ਨੇ ਕਰਤਾਰ ਦੇ ਗੁਣਾਂ ਨੂੰ ਕਦੇ ਅਪਣਾਇਆ ਹੀ ਨਹੀਂ। ਬਗੈਰ ਆਪਣੀ ਸੁਰਤਿ ਨੂੰ ਖੋਜੇ ਹੀ ਜਿਨ੍ਹਾਂ ਨੇ
ਛੱਤੀ ਪ੍ਰਕਾਰ ਦੇ ਛੱਪਨ ਭੋਗ ਤੇ ਮੇਵੇ ਪਕਵਾਨ ਖਾਧੇ।
*ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ॥੧॥*
ਇਹ ਦਾਸ ਨਾਨਕ ਕਹਿੰਦਾ ਹੈ ਕਿ ਉਹਨਾਂ ਲੋਕਾਂ ਦਾ ਹਾਲ ਤੁਹਾਡੇ ਉਸ ਭੋਜਨ
ਵਰਗਾ ਹੈ, ਜਿਹੜਾ ਹੁਣੇ ਗੰਦੀ ਥਾਂ 'ਤੇ ਡਿੱਗਿਆ ਸੀ ਤੇ ਜੀਹਦੇ 'ਤੇ ਭਰ ਭਰ ਕੇ ਥੁੱਕਾਂ ਪੈ ਰਹੀਆਂ
ਸਨ।
*ਮਃ ੧॥*
*ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥*
ਅਰੇ ਪੰਡਤ ਜੀ! ਤੁਸੀਂ ਇਸ ਸ਼ਰੀਰ ਨੂੰ ਇੰਨਾ ਨੀਵਾਂ ਕਿਉਂ ਸਮਝੀ ਬੈਠੇ ਹੋ?
ਇਹ ਮਿੱਟੀ ਇੰਨੀ ਵੀ ਨੀਵੀਂ ਨਹੀਂ, ਜਿਹੜਾ ਘੜੀ ਮੁੜੀ ਤੁਸੀਂ ਨਕਲੀ ਸ਼ੁੱਧੀਕਰਣ ਕਰਕੇ ਇਹਦਾ ਅਪਮਾਨ
ਕਰਦੇ ਫਿਰਦੇ ਹੋ। ਇਸ ਸ਼ਰੀਰ ਨਾਲ ਹੀ ਤਾਂ ਸ਼ਰੀਰ ਜੰਮਦਾ ਹੈ, ਤਾਂ ਫਿਰ ਦੱਸੋ ਇਹ ਅਪਵਿੱਤਰ ਕਿੱਦਾਂ
ਹੋਇਆ? ਇਸ ਸ਼ਰੀਰ ਦੇ ਰਾਹੀਂ ਤਾਂ ਮਰਦ ਅਤੇ ਔਰਤ ਦੇ ਆਪਸ ਵਿੱਚ ਸੰਜੋਗ ਕਰਕੇ ਗ੍ਰਹਿਸਥ ਨਿੰਮਿਆ
ਜਾਂਦਾ ਹੈ। ਮੁੜਕੇ ਇਸ ਸ਼ਰੀਰ ਵਿੱਚੋਂ ਹੀ ਇਕ ਹੋਰ ਸ਼ਰੀਰ ਨਿਕਲਦਾ ਹੈ।
ਜਦੋਂ ਉਹ ਸ਼ਰੀਰ ਆਪਣੀ ਅਵਸਥਾ ਤੱਕ ਪਹੁੰਚ ਕੇ ਜਵਾਨ ਹੋ ਜਾਂਦਾ ਹੈ ਤਾਂ ਫਿਰ
ਉਹਦਾ ਵਿਆਹ ਕਰਨ ਲਈ ਵੀ ਤਾਂ ਆਖਿਰ ਇਕ ਸ਼ਰੀਰ ਹੀ ਲੱਭਿਆ ਜਾਂਦਾ ਹੈ।
*ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥*
ਸ਼ਰੀਰ ਨਾਲ ਹੀ ਤਾਂ ਯਾਰੀ ਦੋਸਤੀ ਅਤੇ ਸਾਂਝ ਪੈਂਦੀ ਹੈ। ਸ਼ਰੀਰ ਨਾਲ ਹੀ ਤਾਂ
ਸਗੋਂ ਰਾਹ ਸੰਸਾਰ ਚੱਲਦਾ ਹੈ।
*ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥*
ਪਤੀ ਪਤਨੀ ਦੋਵਾਂ ਚੋਂ ਜਦੋਂ ਕੋਈ ਇਕ ਮਰ ਜਾਵੇ ਤਾਂ ਫਿਰ ਸੰਸਾਰ ਵਿੱਚ ਉਹ
ਕੱਲਾ ਰਹਿ ਗਿਆ ਜਾਂ ਰਹਿ ਗਈ। ਤਾਂ ਫਿਰ ਦੂਜਾ ਜੀਵਨ ਸਾਥੀ ਲੱਭ ਲਿਆ ਜਾਂਦਾ ਹੈ। ਸ਼ਰੀਰ ਮਰਿਆ ਸ਼ਰੀਰ
ਲੱਭ ਲਿਆ। ਸ਼ਰੀਰ ਨਾਲ ਹੀ ਤਾਂ ਸਗੋਂ ਆਪਸੀ ਤਾਲਮੇਲ ਬਿਠਾ ਕੇ ਜਜ਼ਬਾਤੀ ਪਿਆਰ ਮੁਹੱਬਤ ਦੀ ਗੱਠ
ਬੰਨ੍ਹੀ ਰਹਿੰਦੀ ਹੈ।
*ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥*
ਪੰਡਤ ਜੀ! ਤੁਸੀਂ ਪਵਿੱਤਰ ਤੇ ਅਪਵਿੱਤਰ ਦੇ ਭਰਮ ਭੁਲੇਖੇ ਚ ਪੈ ਕੇ ਇਸ
ਸ਼ਰੀਰ ਨੂੰ ਇੰਨਾ ਮਾੜਾ ਕਿਉਂ ਆਖਦੇ ਹੋ? ਇਸ ਸ਼ਰੀਰ ਤੋਂ ਹੀ ਤਾਂ ਸ਼ਰੀਰ ਦੇ ਰੂਪ ਚ ਵੱਡੇ ਵੱਡੇ ਰਾਜੇ
ਮਹਾਰਾਜੇ, ਖਾਨ ਸੁਲਤਾਨ ਤੇ ਬਾਦਸ਼ਾਹ ਹੁਰੀਂ ਜਨਮ ਲੈਂਦੇ ਹਨ।
*ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥*
ਜੇ ਤੁਹਾਡੇ ਮੁਤਾਬਕ ਇਹ ਸ਼ਰੀਰ ਅਪਵਿੱਤਰ ਹੈ ਤਾਂ ਫਿਰ ਸ਼ਰੀਰ ਤੋਂ ਹੀ ਤਾਂ
ਸ਼ਰੀਰ ਜੰਮਦੇ ਹਨ। ਇਸ ਸ਼ਰੀਰ ਤੋਂ ਰਹਿਤ ਤਾਂ ਕੋਈ ਹੈ ਹੀ ਨਹੀਂ। ਇਹਦਾ ਮਤਲਬ ਅੰਦਰ ਤੋਂ ਲੈ ਬਾਹਰ
ਤੱਕ ਤੁਸੀਂ ਤਾਂ ਅਪਵਿੱਤਰ ਹੀ ਅਪਵਿੱਤਰ ਹੋ ਫਿਰ ਤਾਂ।
*ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥*
ਹਾਂ! ਬਸ ਇਕ ਪਰਮੇਸ਼ਵਰ ਹੀ ਐਸਾ ਹੈ, ਜਿਹੜਾ ਇਸ ਸ਼ਰੀਰ ਤੋਂ ਰਹਿਤ ਹੈ। ਜੋ
ਕਦੇ ਨਾ ਜੰਮਦਾ ਹੈ ਨਾ ਮਰਦਾ ਹੈ।
*ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥*
ਭਾਗਾਂ ਦੀਆਂ ਚਾਰ ਰਤੀਆਂ ਕਿਹੜੀਆਂ ਹਨ?
ਚਾਰ ਤਰ੍ਹਾਂ ਦੇ ਮਨੁੱਖ ਹੁੰਦੇ ਹਨ।
1. ਔਰਤ।
2. ਮਰਦ।
3. ਖੁਸਰੀ।
4. ਖੁਸਰਾ।
ਇਹ ਚਾਰੇ ਹੀ ਮਾਲਕ ਦੇ ਹੁਕਮ ਨੂੰ ਬੁੱਝ ਸਕਦੇ ਹਨ। ਭਾਗਾਂ ਦੀ ਮਣੀ ਇਨ੍ਹਾਂ
ਦੇ ਮਸਤਕ (ਧੁਰ ਲਿਖਿਆ ਲੇਖ) 'ਤੇ ਮੌਜੂਦ ਹੈ। ਇਹ ਚਾਰੋ ਕੈਟਾਗਿਰੀ ਪਰਮੇਸ਼ਵਰ ਨਾਲ ਅਭੇਦ ਹੋਣ ਦੇ
ਲਾਇਕ ਹੈ। ਇਹ ਸਭ ਲੋਕ ਪਰਮੇਸ਼ਵਰ ਵਿੱਚ ਸਮਾ ਸਕਦੇ ਹਨ। ਇੱਥੇ ਲਿੰਗ
(Gender)
ਅਤੇ ਜਾਤ (ਭੰਡ, ਸ਼ਰੀਰ) ਦਾ ਕਿਸੇ ਨਾਲ ਕੋਈ ਵਿਤਕਰਾ ਨਹੀਂ।
*ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰੁ॥੨॥*
ਜੇਕਰ ਉਪਰੋਕਤ ਕੈਟਾਗਿਰੀ ਦੇ ਲੋਕਾਂ ਚੋਂ ਕੋਈ ਆਪਣੇ ਆਪ ਨੂੰ ਪਛਾਣ ਕੇ
ਯਾਨੀ ਮਨ ਖੋਜ ਕੇ ਆਪਣਾ ਅਸਲ ਤੇ ਸੁਚੱਜਾ ਜੀਵਨ ਜਾਚ ਵਾਲਾ ਮਾਰਗ ਬਣਾ ਲੈਂਦਾ ਹੈ ਤਾਂ ਫਿਰ ਉਹ
ਸੱਚੇ ਦਰਬਾਰ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਯਾਨੀ ਉਹ ਜਿਊਂਦੇ ਜੀਅ ਪਰਮੇਸ਼ਵਰ ਨਾਲ ਅਭੇਦ ਹੋ ਜਾਂਦਾ
ਹੈ। ਸੰਸਾਰ ਵਿੱਚ ਉਹਦਾ ਰੁਤਬਾ ਸਭ ਤੋਂ ਅੱਵਲ ਦਰਜ਼ੇ ਦਾ ਬਣ ਜਾਂਦਾ ਹੈ।
ਤਾਂ ਫਿਰ ਪੰਡਤ ਜੀ! ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਸ਼ਰੀਰ ਘੜੀ ਮੁੜੀ
ਅਪਵਿੱਤਰ ਹੋ ਜਾਂਦਾ ਹੈ ਜਾਂ ਮਾੜਾ ਹੋ ਜਾਂਦਾ ਹੈ? ਪਵਿੱਤਰਤਾ ਜਾਂ ਅਪਵਿੱਤਰਤਾ ਹੋਰ ਕਿਤੇ ਨਹੀਂ,
ਬਲਕਿ ਮਨੁੱਖ ਦੀ ਸੁਰਤਿ ਵਿੱਚ ਹੋਇਆ ਕਰਦੀ ਹੈ।
*ਨੋਟ:- ਨਾਨਕ ਪਾਤਸ਼ਾਹ ਜੀ ਨੇ ਇੱਥੇ ਖਾਸ ਤੌਰ 'ਤੇ ਕਿਸੇ ਇਕ
Gender
ਦੀ ਗੱਲ ਨਹੀਂ ਕੀਤੀ।*
*ਉਹਨਾਂ ਲਈ ਤਾਂ ਸਗੋਂ ਔਰਤ ਮਰਦ ਸਭ ਬਰਾਬਰ ਹਨ।*
*ਪਰ ਇੱਥੇ ਭੰਡ ਨੂੰ ਇਸਤਰੀ ਦਾ ਰੂਪ ਦੇ ਕੇ ਚਲਾਕ ਪਾਂਡਾ ਆਪ ਬਰੀ ਹੋ
ਗਿਆ।* (ਧੰਨਵਾਧ ਵੀਰ ਸੁਖਵਿੰਦਰ ਸਿੰਘ ਤੇਜਾ ਜੀ।)
*** ਅੱਜ ਤੱਕ ਸਨਾਤਨੀ ਮੱਤ ਨਾਲ ਸਾਂਝ ਵਾਲੀਆਂ ਸੰਪਰਦਾਵਾਂ ਨੇ ਗੁਰਬਾਣੀ
ਦੇ ਜੋ ਅਰਥ ਕੀਤੇ ਹਨ, ਉਹ ਸਾਰੇ ਦੇ ਸਾਰੇ ਬ੍ਰਾਹਮਣੀ/ਪੂਜਾਰੀ ਵਾਲੀ ਰੰਗਤ ਵਿੱਚ ਰੰਗੇ ਹੋਏ ਹਨ।
. . ਲਗਾਤਾਰ ਪਿਛਲੇ ਤਕਰੀਬਨ 250 ਸਾਲ ਤੋਂ ਹੀ ਸਿੱਖ ਸਮਾਜ ਵਿੱਚ ਸਨਾਤਨ
ਮੱਤੀ ਅਰਥਾਂ ਨਾਲ ਹੀ ਸੰਪਰਦਾਈ ਸੰਪਰਦਾਵਾਂ ਨੇ ਪ੍ਰਚਾਰ-ਪ੍ਰਸਾਰ ਕੀਤਾ ਹੈ। ਸਿੱਖ ਸਮਾਜ ਦੇ ਹੋਰ
ਵੀ ਕਈ ਗ੍ਰੰਥ ਹਨ (ਸੂਰਜ-ਪ੍ਰਕਾਸ਼, ਗੁਰ-ਬਿਲਾਸ ਪਾਤਸਾਹੀ 6, ਸਰਬਲੋਹ ਗਰੰਥ ਆਦਿ ਹੋਰ ਕਈ), ਜੋ
ਸਿੱਖਾਂ ਨੂੰ ਸਹੀ ‘ਗੁਰਮੱਤ’ ਗਿਆਨ ਵਿਚਾਰ ਨਾਲ ਨਹੀਂ ਜੋੜਦੇ। ਸਗੋਂ ਬਿਪਰਨ ਦੇ ਰੰਗ ਵਿੱਚ ਰੰਗੀਆਂ
ਕਥਾ-ਕਹਾਣੀਆਂ, ਸਾਖੀਆਂ ਅਤੇ ਗੁਰੁ ਸਾਹਿਬਾਨਾਂ ਨੂੰ ਵੀ ਇਸੇ ਬ੍ਰਾਹਮਨੀ ਰੰਗਤ ਵਿੱਚ ਰੰਗਿਆ ਹੋਇਆ
ਵਿਖਾਉਂਦੇ ਹਨ, ਦਰਸਾਉਂਦੇ ਹਨ।
. . ਇਹ ਸਾਰਾ ਕੁੱਝ ਇਤਨਾ ਦੁਬਿੱਧਾ ਭਰਿਆ ਹੈ ਕਿ ਅੱਜ ਦੇ ਸਿੱਖ ਦੇ
ਸਾਹਮਣੇ ਸੁਆਲ ਖੜੇ ਹੋ ਜਾਂਦੇ ਹਨ, ਕਿ ਸਾਡੇ ਗੁਰੂ ਸਾਹਿਬਾਨਾਂ ਦੀ ਬਾਣੀ ਦਾ ਸੰਦੇਸ਼ ਸੁਨੇਹਾ ਇੱਕ
ਅਕਾਲ-ਪੁਰਖ ਨਾਲ ਜੁੜਨ ਦੀ ਗੱਲ ਕਰਦਾ ਹੈ,
. . ਪਰ ਇਹ ਮੰਨਮੱਤਾਂ ਨਾਲ ਭਰੇ ਗਰੰਥ ਸਿੱਖ ਸਮਾਜ ਨੂੰ ਕਿਹੜੇ ਪਾਸੇ ਦੀ
ਕਥਾ ਸੁਣਾ ਰਹੇ ਹਨ, ਕਿਸ ਪਾਸੇ ਵੱਲ ਲੈਕੇ ਜਾ ਰਹੇ ਹਨ? ? ? ?
… ਇਹਨਾਂ ਮੰਨਮੱਤੀ ਗਰੰਥਾਂ ਦੀ ਕਥਾ ਵੀ ਸ਼ਰੇਆਮ ਸਿੱਖ ਸਮਾਜ ਦੇ
ਗੁਰਦੁਆਰਿਆਂ ਅਤੇ ਸਾਰੇ ਸੰਪਰਦਾਈ ਅਸਥਾਨਾਂ ਵਿੱਚ ਹਰ ਰੋਜ਼ ਆਮ ਹੀ ਹੁੰਦੀ ਰਹਿੰਦੀ ਹੈ। ਇਸੇ ਕਰਕੇ
ਸਿੱਖ ਸਮਾਜ ਅੰਦਰ ਲੋਕਾਂ ਵਿੱਚ ‘ਗੁਰਬਾਣੀ’ ਗਿਆਨ ਵਿਚਾਰ ਅਨੁਸਾਰੀ ਜਾਗਰਤੀ ਨਹੀਂ ਆ ਰਹੀ। ਕਿਉਕਿ
ਲੋਕ ਹਰ ਰੋਜ਼ ਤਾਂ ਮੰਨਮੱਤੀ ਕਥਾ- ਕਹਾਣੀਆਂ ਸੁਣਦੇ ਹਨ, ਜੋ ਲੋਕਾਂ ਦੇ ਦਿਲੋ-ਦਿਮਾਗ਼ ਵਿੱਚ ਫਿੱਟ
ਬੈਠ ਜਾਂਦੀਆਂ ਹਨ, ਅਤੇ ਲੋਕਾਂ ਦੇ ਕਰਮਾਂ ਵਿਚੋਂ ਵੀ ਇਹਨਾਂ ਮੰਨਮੱਤਾਂ, ਵਹਿਮਾਂ, ਭਰਮਾਂ,
ਪਾਖੰਡਾਂ, ਕਰਮਕਾਂਡਾਂ ਦੀਆਂ ਝਲ਼ਕਾਂ ਦੇਖੀਆਂ ਜਾ ਸਕਦੀਆਂ ਹਨ।
, , ‘ਗੁਰਬਾਣੀ’ ਅਰਥਾਂ ਦੇ ਟੀਕੇ, ਬਾਜ਼ਾਰ ਵਿੱਚ ਆਮ ਹੀ ਮਿਲਦੇ ਹਨ। ਕੋਈ
ਵੀ ਟੀਕਾ ਇੱਕ ਦੂਸਰੇ ਨਾਲ ਮੇਲ ਨਹੀਂ ਖਾਂਦਾ। ਹਰ ‘ਗੁਰਬਾਣੀ’ ਟੀਕੇ ਦੇ ਅਰਥਾਂ ਵਿੱਚ ਭਿੰਨਤਾ ਹੈ।
ਜਿਆਦਾ ਤਰ ਇਹ ਟੀਕੇ ਬ੍ਰਾਹਮਣੀ ਰੰਗਤ ਵਿੱਚ ਰੰਗੇ ਹੋਏ ਲਿਖਾਰੀਆਂ ਦੇ ਲਿਖੇ ਹੋਏ ਹਨ, ਕੁੱਝ ਇੱਕ,
ਦੋ ਨੂੰ ਛੱਡ ਕੇ।
. . ਸਿੱਖ ਸਮਾਜ ਵਿੱਚ ‘ਗੁਰਬਾਣੀ’ ਪ੍ਰਤੀ ਵਿਚਾਰਾਂ ਦੀ ਭਿੰਨਤਾ ਹੋ ਸਕਦੀ
ਹੈ। ਪਰ ‘ਗੁਰਬਾਣੀ-ਸਿਧਾਂਤ, ਗੁਰਬਾਣੀ ਫਲਸ਼ਫੇ’ ਦਾ ਗਿਆਨ ਅਤੇ ਅਰਥ-ਬੋਧ ਤਾਂ ‘ਗੁਰਬਾਣੀ’ ਵਿਚੋਂ
ਹੀ ਲੱਭਿਆ ਜਾ ਸਕਦਾ ਹੈ।
. . ਬਰਾਹਮਣੀ ਤਰਜ਼ਾਂ/ਲੀਹਾਂ ਦੀ ਰੀਸ ਕਰਦਿਆਂ ਇਹਨਾਂ ਮੰਨਮੱਤੀਏ ਲਿਖਾਰੀਆਂ
ਨੇ ਆਪਣੇ ਗਰੰਥਾਂ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੂੰ ਵੀ ਕਰਾਮਤੀ, ਚਮਤਕਾਰੀ, ਦੈਵੀ ਸ਼ਕਤੀਆਂ ਵਾਲੇ
ਵਿਖਾਇਆ ਹੈ। ਇਸੇ ਕਰਕੇ ਹੀ ਸਿੱਖ ਸਮਾਜ ਵਿੱਚ ‘ਗੁਰਬਾਣੀ’ ਦੇ ਗੁਰਮੱਤ-ਫਲਸ਼ਫੇ/ਆਸ਼ੇ ਵਾਲੇ
‘ਗੁਰਬਾਣੀ-ਅਰਥ’ ਸਿੱਖ ਸਮਾਜ ਵਿੱਚ ਬਹੁਤਿਆਂ ਦੇ ਹਜ਼ਮ ਨਹੀਂ ਹੋ ਰਹੇ, ਬਹੁਤਿਆਂ ਨੂੰ ਚੰਗੇ ਨਹੀਂ
ਲੱਗ ਰਹੇ।
. . ਸਾਡੇ ਸਿੱਖ ਸਮਾਜ ਵਿੱਚ ਗਪੌੜੀ ਬਾਬੇ ਵੀ ਬਹੁਤ ਹਨ, ਜਿਹਨਾਂ ਦੀ ਗਪੌੜ
ਕਥਾਂ-ਕਹਾਣੀਆਂ ਸੁਣ ਸੁਣ ਕੇ ਲੋਕ ਰਾਹੋਂ ਕੁਰਾਹੇ ਪੈ ਰਹੇ ਹਨ। ਪਰ ਇਹਨਾਂ ਬੇਸ਼ਰਮਾਂ ਨੂੰ ਕੋਈ ਸ਼ਰਮ
ਨਹੀਂ ਕਿ ਸਾਡੀਆਂ ਗਪੌੜ ਕਥਾ-ਕਹਾਣੀਆਂ ਸੁਣ ਸੁਣ ਕੇ ਅੱਜ ਕੱਲ ਦੇ ਜਾਗਰੂਕ ਨੌਜਵਾਨ ਸਿੱਖ ਬੱਚੇ
ਇਹਨਾਂ ਦਾ ਮਜ਼ਾਕ ਉਡਾਉਂਦੇ ਹਨ।
. . ਪਰ ਇਹ ਲੋਕ ਤਾਂ ਸ਼ਰਮ ਪਰੂਫ ਹਨ। ਇਹਨਾਂ ਨੂੰ ਪਤਾ ਹੈ ਅੱਜ ਵੀ ਇਹਨਾਂ
ਗਪੌੜੀਆਂ ਨੂੰ ਸੁਨਣ ਲਈ ਬਹੁਤ ਸਾਰੀਆਂ ਭੇਡਾਂ ਹਨ, ਜੋ ਸਿਰ ਸੁੱਟ ਕਿ ਇਹਨਾਂ ਪਿਛੇ ਜਾਣ ਨੂੰ ਤਿਆਰ
ਹਨ।
** ਵੀਰੋ ਭੈਣੋਂ! ! ਹਰ ਇਨਸਾਨ ਨੇ ਆਪਣੇ ਮਨੁੱਖਾ ਜੀਵਨ ਬਾਰੇ ਆਪ ਹੀ
ਦੇਖਭਾਲ ਕਰਨੀ ਹੈ।
. . ਕੋਈ ਹੋਰ ਦੂਜਾ, ਤੀਜਾ, ਚੌਥਾ ਮਨੁੱਖ,
. . ਤੁਹਾਨੂੰ ਸਾਲਾਹ ਦੇ ਸਕਦਾ ਹੈ,
. . ਗਾਈਡ ਕਰ ਸਕਦਾ ਹੈ,
. . ਰਾਹ ਵਿਖਾਅ ਸਕਦਾ ਹੈ,
. . ਆਖੀਰ ਵਿੱਚ ਫੈਸਲਾ ਤੁਹਾਡਾ ਆਪਣਾ ਹੀ ਹੋਣਾ ਹੈ ਕਿ:
. . ਮੈਂ ਕਿਸ ਬੇੜੀ ਤੇ ਸਵਾਰ ਹੋਣਾ ਹੈ?
. . ਕਿਹੜੇ ਰਸਤੇ ਦਾ ਪਾਂਧੀ ਬਨਣਾ ਹੈ?
. . ਕਿਹੜਾ ਰਾਹ, ਪੱਗਡੰਡੀ, ਸੜਕ, ਮੈਂਨੂੰ ਮੇਰੀ ਮੰਜ਼ਿਲ ਤੱਕ ਪਹੁੰਚਾ
ਸਕਦੀ ਹੈ?
. . ਕਿਹੜੇ ਬਾਬੇ ਦੀ ਜੀ ਹਜ਼ੂਰੀ ਕਰਨੀ ਹੈ?
. . ਕਿਹੜੇ ਭਾਈ/ਪੂਜਾਰੀ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਨਾਲ ਆਪਣੇ ਆਪ
ਨੂੰ ਬੇਵਕੂਫ਼ ਬਨਾਉਣਾ ਹੈ?
. . ਕਿਹੜੇ ਗਰੰਥ ਦੀ ਸਾਲਾਹ ਨਾਲ ਮੇਰੇ ਮਨੁੱਖਾ ਜੀਵਨ ਵਿੱਚ ਚੜ੍ਹਦੀ ਕਲਾ
ਆ ਸਕਦੀ ਹੈ?
** ਫੈਸਲਾ ਸੱਭ ਦਾ ਆਪੋ ਆਪਣਾ ਹੈ।
*** ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥ ਕਬੀਰ ਜੀ॥ 727॥
ਧੰਨਵਾਧ।
. . ਕਿਸੇ ਭੁੱਲ ਲਈ ਮੁਆਫ਼ ਕਰਨਾ।
( ( (ਵਿਚਾਰ ਹਰ ਮਨੁੱਖ ਦੇ ਆਪਣੇ-ਆਪਣੇ ਹਨ, ਜੋ ਜਿਆਦਾਤਰ ਬਹੁਤਾਤ ਵਿੱਚ
ਅਲੱਗ ਅਲੱਗ ਹੀ ਹੁੰਦੇ ਹਨ, ਕਿਉਂਕਿ ਹਰ ਮਨੁੱਖ ਨੇ ਆਪਣੇ ਜੀਵਨ ਕਾਲ ਵਿੱਚ ਜੋ-ਜੋ ਜਾਣਕਾਰੀ ਇਕੱਠੀ
ਕੀਤੀ ਹੁੰਦੀ ਹੈ, ਉਸੇ ਜਾਣਕਾਰੀ ਵਿਚੋਂ ਉਸਦੇ ਆਪਣੇ ਪੈਮਾਨੇ/ਫੈਸਲੇ ਬਣਦੇ ਹਨ, ਤਹਿ ਹੁੰਦੇ ਹਨ।
ਇਸੇ ਕਰਕੇ ਆਮ ਮਨੁੱਖਾ ਦੇ ਵਿਚਾਰਾਂ ਦਾ ਆਪਸ ਵਿੱਚ ਮੇਲ ਨਹੀਂ ਹੁੰਦਾ, ਇੱਕ ਦੂਜੇ ਨਾਲ ਵਿਚਾਰਾਂ
ਦਾ ਟਕਰਾਅ ਹੋ ਜਾਣਾ ਬੜਾ ਸੁਭਾਵਿੱਕ ਹੈ। ‘ਗੁਰਬਾਣੀ’ ਗਿਆਨ-ਗੁਰੁ ਆਪਾਂ ਸਾਰਿਆਂ ਲਈ ਇਕੋ ਹੀ ਹੈ।
ਇਸ ਗੁਰਮੱਤ ਗਿਆਨ ਨਾਲ ਆਪਾਂ ਸੱਭ ਨੇ, ਸਾਰਿਆਂ ਨੇ ਆਪਣੇ ਆਪ ਨੁੰ ਜਾਨਣਾ ਕਰਨਾ ਹੈ, ਤਾਂ ਜੋ ਅਸੀਂ
ਆਪਣਾ ਮਨੁੱਖਾ ਜੀਵਨ ਗੁਰਬਾਣੀ ਆਸ਼ੇ ਦੇ ਅਨੁਸਾਰੀ ਬਣਾ ਸਕੀਏ।)))
** ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ ਮ5॥
12॥
ਇੰਜ ਦਰਸਨ ਸਿੰਘ ਖਾਲਸਾ
ਸਿੱਡਨੀ ਅਸਟਰੇਲੀਆ
17 ਅਗਸਤ 2018