.

ਸੁਣਿ ਪੰਡਿਤ ਕਰਮਾਕਾਰੀ॥

ਇਤਿਹਾਸ ਗਵਾਹ ਹੈ ਕਿ ਬਾਬਾ ਆਦਮ ਦੇ ਸਮੇਂ ਤੋਂ ਹੀ ਮਾਇਆਮੂਠਾ ਪੁਜਾਰੀ ਰੱਬ ਦੀ ਅਗਿਆਨਮਤੀ ਰਿਆਇਆ ਨੂੰ ਰੱਬ ਦੇ ਹੀ ਨਾਂ `ਤੇ ਛਲ-ਕਪਟ ਨਾਲ ਠੱਗ ਠੱਗ ਕੇ ਆਪ ਮਾਇਕ ਮੌਜਾਂ ਮਾਣ ਰਿਹਾ ਹੈ। ਮੱਧਕਾਲ ਵਿੱਚ ਵਿਚਰੇ ਮਾਨਵ-ਹਿਤੈਸ਼ੀ ਮਹਾਂਪੁਰਖਾਂ ਤੋਂ ਪੁਜਾਰੀਆਂ ਦਾ ਇਨਸਾਨੀਅਤ ਤੋਂ ਗਿਰਿਆ ਹੋਇਆ ਇਹ ਕਾਰਾ ਬਰਦਾਸ਼ਤ ਨਹੀਂ ਹੋਇਆ; ਸੋ, ਉਨ੍ਹਾ ਨੇ ਗੁਰਬਾਣੀ ਰਾਹੀਂ ਹੱਡਰੱਖ ਛਲੀਏ ਪੁਜਾਰੀਆਂ ਨੂੰ ਠੱਗੀ ਦਾ ਅਮਾਨਵੀ ਰਾਹ ਤਿਆਗ ਕੇ ਪ੍ਰਭੂ ਦੇ ਲੜ ਲੱਗਣ ਦੀ ਪ੍ਰੇਰਣਾ ਦਿੱਤੀ। ਦੂਜਾ, ਉਨ੍ਹਾਂ ਨੇ, ਸੱਚ ਦਾ ਗਿਆਨ ਬਿਖੇਰਦੀ ਰੱਬੀ ਬਾਣੀ ਦੇ ਇਲਾਹੀ ਚਾਨਣ ਨਾਲ, ਧਰਮ ਦੇ ਨਾਮ `ਤੇ ਠੱਗੇ ਜਾ ਰਹੇ ਮਾਸੂਮ ਲੋਕਾਂ ਨੂੰ ਵੀ ਅਗਿਆਨਤਾ ਦੀ ਘਾਤਿਕ ਖਾਈ ਵਿੱਚੋਂ ਕੱਢਣ ਤੇ ਪੁਜਾਰੀਆਂ ਦੇ ਚੁੰਗਲ ਵਿੱਚੋਂ ਛੁੜਾਉਣ ਲਈ ਨਿਸ਼ਕਾਮ ਤੇ ਪਰਮਾਰਥੀ ਉਪਰਾਲਾ ਕੀਤਾ। ਗੁਰਬਾਣੀ ਅਧਿਐਨ ਤੋਂ ਇਹ ਸੱਚ ਵੀ ਸਪਸ਼ਟ ਹੁੰਦਾ ਹੈ ਕਿ ਬਹੁਤੀ ਬਾਣੀ ਮਾਇਆ ਦੇ ਮੁਰੀਦ ਪਾਖੰਡੀ ਪੁਜਾਰੀਆਂ ਦੇ ਲੋਟੂ ਟੋਲੇ ਨੂੰ ਸੰਬੋਧਿਤ ਹੋ ਕੇ ਹੀ ਲਿਖੀ ਗਈ ਹੈ। ਇਸੇ ਪ੍ਰਸੰਗ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੀ ਪੰਡਿਤ/ਪੁਜਾਰੀ ਨੂੰ ਸੰਬੋਧਿਤ ਹੋ ਕੇ ਰਾਗੁ ਸੋਰਠਿ ਵਿੱਚ ਰਚੀ ਇੱਕ ਅਸਟਪਦੀ ਦੀ ਵਿਚਾਰ ਕਰਦੇ ਹਾਂ।

ਸੋਰਠਿ ਮ: ੧ ਤਿਤੁਕੀ॥

ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ॥

ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ॥

ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ॥ ੧॥

(ਤਿਤੁਕੀ: ਤ੍ਰਿਤੁਕੀ: ਉਹ ਸ਼ਬਦ ਜਿਸ ਦੇ ਹਰ ਬੰਦ ਵਿੱਚ ਤਿੰਨ ਤੁਕਾਂ ਹੋਣ।)

ਸ਼ਬਦ ਅਰਥ:- ਆਸਾ: ਮਾਇਕ/ਪਦਾਰਥਕ ਪ੍ਰਾਪਤੀ ਦੀ ਖ਼ਾਹਸ਼। ਮਨਸਾ: ਮਨੋਕਾਮਨਾ, ਮਨ ਦੀ ਇੱਛਾ। ਬੰਧਨੀ: ਬੰਨ੍ਹਣ ਵਾਲੇ। ਭਾਈ: ਮੰਦਰਾਂ ਵਿੱਚ ਲੋਕਾਂ ਸਾਹਮਨੇ ਧਰਮ-ਗ੍ਰੰਥਾਂ ਦਾ ਵਖਿਆਨ ਕਰਨ ਵਾਲਾ ਪੰਡਿਤ/ਪੁਜਾਰੀ। ਕਰਮ ਧਰਮ: (ਪੁਜਾਰੀਆਂ ਦੁਆਰਾ ਨਿਰਧਾਰਤ) ਧਰਮ-ਕਰਮ, ਕਰਮਕਾਂਡ, ਸੰਸਾਰਕ ਸੰਸਕਾਰ। ਬੰਧਕਾਰੀ: ਬੰਨ੍ਹਣ ਵਾਲੇ। ਪਾਪ: ਕੁਕਰਮ, ਅਨੈਤਿਕ ਬੁਰੇ ਕੰਮ। ਪੁੰਨ: ਨੇਕੀ ਦੇ ਕੰਮ। ਜਗੁ: ਜਗਤ, ਜੀਵ, ਲੋਕ। ਬਿਨਸੈ: ਵਿਨਾਸ਼ ਹੁੰਦਾ ਹੈ। ਵੇਕਾਰੀ: ਬੇਅਰਥ, ਬੇਕਾਰ। ੧।

ਭਾਵ ਅਰਥ:-ਪਦਾਰਥਕ ਪ੍ਰਾਪਤੀਆਂ ਦੀ ਇੱਛਾ ਤੇ ਮਨੋਕਾਮਨਾਵਾਂ ਮਨੁੱਖ ਵਾਸਤੇ (ਮਾਇਆ ਦੇ) ਬੰਧਨ ਹਨ। (ਅਤੇ, ਪਦਾਰਥਕ ਪ੍ਰਾਪਤੀਆਂ ਤੇ ਮਾਇਕ ਮਨੋਕਾਮਨਾਵਾਂ ਦੀ ਪ੍ਰਾਪਤੀ ਲਈ ਕੀਤੇ/ਕਰਾਏ ਜਾਂਦੇ ਨਿਰਧਾਰਤ) ਧਰਮ-ਕਰਮ/ਕਰਮਕਾਂਡ ਵੀ ਮਾਇਆ ਦਾ ਜੰਜਾਲ ਹੀ ਹਨ। ਹੇ ਭਾਈ ਪੰਡਿਤ! ਕੀਤੇ ਹੋਏ ਪਾਪ ਤੇ ਪੁੰਨ ਕਰਮਾਂ ਅਨੁਸਾਰ ਜੀਵ/ਮਨੁੱਖ ਜਗਤ ਵਿੱਚ ਜਨਮਦਾ ਹੈ, ਅਤੇ ਜੀਵਨ ਵਿੱਚ ਵਿਚਰਦਿਆਂ ਨਾਮ ਵਿਸਾਰ ਕੇ ਆਤਮਿਕ ਮੌਤੇ ਮਰ ਜਾਂਦਾ ਹੈ। ਇਹ ਮਾਇਆ (ਜਿਸ ਦੀ ਖ਼ਾਤਿਰ ਮਨੁੱਖ ਨਾਮ ਵਿਸਾਰਦਾ ਹੈ) ਲੋਕਾਂ ਨੂੰ ਆਪਣੇ ਮੋਹ ਵਿੱਚ ਫਸਾ ਕੇ ਰੱਖਦੀ ਹੈ। ਹੇ ਪੰਡਿਤ! (ਮਾਇਆ ਲਈ ਕੀਤੇ ਤੇਰੇ) ਸਾਰੇ ਕਰਮਕਾਂਡ ਬੇਅਰਥ/ਨਿਸ਼ਫ਼ਲ ਹੀ ਸਾਬਤ ਹੁੰਦੇ ਹਨ। ੧।

ਸੁਣਿ ਪੰਡਿਤ ਕਰਮਾਕਾਰੀ॥

ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ॥ ਰਹਾਉ॥

ਸ਼ਬਦ ਅਰਥ:- ਪੰਡਿਤ: ਭਾਈ, ਪੁਜਾਰੀ, ਪਾਂਡਾ, ਪੰਡੀਆ, ਪਾਧਾ, ਗਿਆਨੀ ਕਰਮਾਕਾਰੀ: ਕਰਮਕਾਂਡੀ, ਮਿਥੇ ਹੋਏ ਧਰਮ-ਕਰਮ ਕਰਨ/ਕਰਵਾਉਣ ਵਾਲਾ। ਜਿਤੁ: ਜਿਸ ਕਰਕੇ। ਸੁ: ਉਹ। ਆਤਮ ਤਤੁ: ਆਤਮਾ ਦਾ ਮੂਲ ਤੱਤ, ਪਰਮਾਤਮਾ। ਬੀਚਾਰੀ: ਵਿਚਾਰ ਕੇ, ਵਿਚਾਰਵਾਨ। ਰਹਾਉ।

ਭਾਵ ਅਰਥ:- ਦਿਖਾਵੇ ਦੇ ਧਰਮ-ਕਰਮ ਕਰਨ ਵਾਲੇ ਭਾਈ/ਪੰਡਿਤ! ਇਸ ਸੱਚ ਨੂੰ ਧਿਆਨ ਨਾਲ ਸੁਣ-ਵਿਚਾਰ: ਜਿਸ ਧਰਮ-ਕਰਮ ਰਾਹੀਂ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਉਹ ਹੈ, ਜੀਵ-ਆਤਮਾ ਦੇ ਮੂਲ ਪਰਮ ਤੱਤ ਪਰਮਾਤਮਾ ਦੇ ਦੈਵੀ ਗੁਣਾਂ ਦੀ ਵਿਚਾਰ/ਚਿੰਤਨ ਕਰਨਾ। ਰਹਾਉ।

ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ॥

ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ॥

ਇਨ ਬਿਧਿ ਡੂਬੀ ਮਾਕੁਰੀ ਭਾਈ ਊਂਡੀ ਸਿਰ ਕੈ ਭਾਰੀ॥ ੨॥

ਸ਼ਬਦ ਅਰਥ:- ਸਾਸਤੁ: ਸ਼ਾਸਤ੍ਰ: ਗ੍ਰੰਥ ਜਿਸ ਵਿੱਚ ਲਿਖੇ ਹੁਕਮਾਂ ਉੱਤੇ ਚੱਲਣਾ ਚਾਹੀਏ, ਧਰਮ-ਗ੍ਰੰਥ। ਬੇਦੁ: ਹਿੰਦੂ ਮਤਿ ਦੇ ਗ੍ਰੰਥ (ਰਿਗ, ਯਜੁਰ, ਸਾਮ ਤੇ ਅਥਰਵ), ਅਧਿਆਤਮਿਕ ਗਿਆਨ, ਇਲਾਹੀ ਇਲਮ। ਬਕ: ਬਗੁਲਾ; ਬਕਣਾ/ਬਕ ਬਕ ਕਰਨਾ: ਬਗੁਲੇ ਵਾਂਙ ਰੌਲਾ ਪਾਉਣਾ ਜਿਸ ਦੀ ਸੁਣਨ ਵਾਲਿਆਂ ਨੂੰ ਕੋਈ ਸਮਝ ਨਹੀਂ ਆਉਂਦੀ ਅਤੇ ਨਾ ਹੀ ਕੋਈ ਫ਼ਾਇਦਾ ਹੁੰਦਾ ਹੈ; ਬਕੈ: ਬੇਅਰਥ ਬਕ-ਬਕ/ਬਕਬਾਦ ਕਰਦਾ ਹੈਂ। ਸੰਸਾਰੀ: ਦੁਨਿਆਵੀ, ਜਿਨ੍ਹਾਂ ਦਾ ਆਤਮਗਿਆਨ ਨਾਲ ਕੋਈ ਸੰਬੰਧ ਨਹੀਂ। ਅੰਤਰਿ: ਮਨ/ਹਿਰਦੇ/ਅੰਤਹਕਰਣ ਵਿੱਚ। ਮੈਲੁ ਵਿਕਾਰੀ: ਵਿਕਾਰਾਂ ਦੀ ਮੈਲ/ਗੰਦਗੀ। ੂਕਈ: ਖ਼ਤਮ ਨਹੀਂ ਹੁੰਦੀ। ਬਿਧਿ: ਤਰੀਕਾ, ਜੁਗਤ। ਮਾਕੁਰੀ: ਮੱਕੜੀ। ਊਂਡੀ: ਉਲਟੀ, ਪੁੱਠੀ। ੨।

ਭਾਵ ਅਰਥ:- ਹੇ ਪੰਡਿਤ! ਲੋਕਾਂ ਸਾਹਮਣੇ ਖੜੋ ਕੇ ਤਾਂ ਤੂੰ ਧਰਮ-ਗ੍ਰੰਥ ਤੇ ਵੇਦਾਂ ਦਾ ਉਚਾਰਣ ਕਰਦਾ ਹੈਂ (ਜੋ ਬਗੁਲੇ ਦੀ ਬਕ-ਬਕ ਤੋਂ ਵੱਧ ਕੁੱਝ ਨਹੀਂ ਹੁੰਦਾ; ਕਿਉਂਕਿ, ਤੇਰੀ ਇਸ ਬਕਬਾਦ ਸੁਣਨ ਵਾਲਿਆਂ ਨੂੰ ਕੋਈ ਸਮਝ ਨਹੀਂ ਆਉਂਦੀ ਅਤੇ ਨਾ ਹੀ ਕੋਈ ਫ਼ਾਇਦਾ ਹੁੰਦਾ ਹੈ।) ਪਰੰਤੂ ਤੇਰੇ ਆਪਣੇ ਕਰਮ ਸੰਸਾਰੀਆਂ ਵਾਲੇ ਹੀ ਹਨ। ਅਰੇ ਪੰਡਿਤ! (ਇਸ ਤਰ੍ਹਾਂ ਪਾਖੰਡ ਕਰਨ ਨਾਲ) ਤੇਰੇ ਅੰਦਰ ਦੀ ਵਿਕਾਰਾਂ ਦੀ ਮੈਲ ਖ਼ਤਮ ਨਹੀਂ ਹੁੰਦੀ। ਤੇਰੇ ਵਾਲੀ (ਦੂਜਿਆਂ ਨੂੰ ਛਲ-ਕਪਟ ਨਾਲ ਫਾਹ ਕੇ ਖਾਣ ਵਾਲੀ) ਇਸ ਜੁਗਤ ਕਾਰਣ ਹੀ ਮੱਕੜੀ ਆਪਣੇ ਹੀ ਉਣੇ ਜਾਲ ਵਿੱਚ ਉਲਝ ਕੇ ਸਿਰ ਭਾਰ ਡਿਗ ਕੇ ਮਰਦੀ ਹੈ। (ਹੇ ਪੰਡਿਤ! ਤੂੰ ਵੀ ਮਾਇਆ-ਜਾਲ ਵਿੱਚ ਉਲਝ ਕੇ ਆਤਮਿਕ ਮੌਤੇ ਮਰ ਰਿਹਾ ਹੈਂ।)। ੨।

ਦੁਰਮਤਿ ਘਣੀ ਵਿਗੂਤੀ ਭਾਈ ਦੂਜੈ ਭਾਇ ਖੁਆਈ॥

ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ ਬਿਨੁ ਨਾਮੈ ਭਰਮੁ ਨ ਜਾਈ॥

ਸਤਿਗੁਰੁ ਸੇਵੇ ਤਾ ਸੁਖੁ ਪਾਏ ਭਾਈ ਆਵਣੁ ਜਾਣੁ ਰਹਾਈ॥ ੩॥

ਸ਼ਬਦ ਅਰਥ:- ਦੁਰਮਤਿ: ਬੁਰੀ ਮਤਿ, ਗੁਰਮਤਿ ਦੇ ਉਲਟ ਮੂਰਖਾਂ ਵਾਲੀ ਮਨਮਤਿ। ਘਣੀ: ਬਹੁਤੀ। ਵਿਗੂਤੀ: ਵਿਗਤ: ਤਬਾਹ, ਨਸ਼ਟ, ਬਰਬਾਦ; ਵਿਗੂਤੀ: ਬਰਬਾਦ ਹੋਈ, ਨਸ਼ਟ ਹੋਈ। ਦੂਜੈ ਭਾਇ: ਦਵੈਤ ਭਾਵ, ਇਸ਼ਟ (ਪ੍ਰਭੂ) ਤੋਂ ਬਿਨਾਂ ਹੋਰ ਦੂਜੇ (ਮਾਇਆ) ਦੇ ਮੋਹ ਵਿੱਚ। ਖੁਆਈ: ਖੁੰਝਣਾ, ਭਟਕਣਾ। ਭਰਮੁ: ਭੁਲੇਖਾ, ਝੂਠਾ ਗਿਆਨ। ਸਤਿਗੁਰੁ: ਆਤਮਗਿਆਨ ਦਾ ਸੱਚਾ ਸਦੀਵੀ ਸੋਮਾ ਪ੍ਰਭੂ। ਸੇਵੈ: ਉਪਾਸ਼ਨਾ-ਭਗਤੀ ਕਰਨ ਨਾਲ। ੩।

ਭਾਵ ਅਰਥ:- ਹੇ ਭਾਈ! ਬੁਰੀ ਮਤਿ ਕਾਰਣ ਲੋਕਾਈ ਮਾਇਆ-ਜਾਲ ਵਿੱਚ ਉਲਝ ਕੇ ਬਰਬਾਦ ਹੁੰਦੀ ਹੈ। ਮਾਇਆ-ਮੋਹ ਦੇ ਦਵੈਤ ਵਿੱਚ ਫਸ ਕੇ ਪੁਜਾਰੀ ਭਟਕਣ ਵਿੱਚ ਪਏ ਰਹਿੰਦੇ ਹਨ। ਗਿਆਨ-ਗੁਰੂ ਦੇ ਦੱਸੇ ਰਾਹ ਉੱਤੇ ਚੱਲੇ ਬਿਨਾਂ ਨਾਮ ਨਹੀਂ ਮਿਲਦਾ, ਅਤੇ ਨਾਮ-ਅਭਿਆਸ ਤੋਂ ਬਿਨਾਂ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ। ਸਤਿਗੁਰੂ ਦੇ ਦੱਸੇ ਰਾਹ ਉੱਤੇ ਚੱਲਣ ਨਾਲ ਹੀ ਆਤਮ-ਆਨੰਦ ਮਿਲਦਾ ਹੈ ਤੇ ਜੀਵ ਆਵਾ-ਗਵਨ ਦੇ ਚੱਕਰ ਤੋਂ ਵੀ ਮੁਕਤ ਹੋ ਜਾਂਦਾ ਹੈ। ੩।

ਸਾਚੁ ਸਹਿਜੁ ਗੁਰ ਤੇ ਊਪਜੈ ਭਾਈ ਮਨੁ ਨਿਰਮਲੁ ਸਾਚਿ ਸਮਾਈ॥

ਗੁਰੁ ਸੇਵੈ ਸੋ ਬੂਝੈ ਭਾਈ ਗੁਰ ਬਿਨੁ ਮਗੁ ਨ ਪਾਈ॥

ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ ਭਾਈ ਕੂੜੁ ਬੋਲਿ ਬਿਖੁ ਖਾਈ॥ ੪॥

ਸ਼ਬਦ ਅਰਥ:- ਸਾਚੁ ਸਹਿਜੁ: ਸਦਾ ਸਥਿਰ ਰਹਿਣ ਵਾਲੀ ਅਡੋਲ ਮਾਨਸਿਕ ਅਵਸਥਾ। ਗੁਰੁ ਸੇਵੈ: ਗੁਰੁ ਦੀ ਸਿੱਖਿਆ `ਤੇ ਚੱਲਣ ਨਾਲ। ਬੂਝੈ: ਬੁੱਝਣਾ: ਗਿਆਨ ਹੋਣਾ, ਸਮਝਣਾ; ਸਮਝਦਾ ਹੈ, ਗਿਆਨ ਹੁੰਦਾ ਹੈ। ਮਗ: (ਸਹੀ ਸੱਚਾ) ਰਸਤਾ, ਮਾਰਗ। ਲੋਭੁ: ਦੂਸਰੇ ਦੀ ਕਮਾਈ ਖਾਣ ਦੀ ਖ਼ਾਹਿਸ਼, ਲਾਲਚ। ਬਿਖੁ: (ਮਾਇਆ ਰੂਪੀ) ਜ਼ਹਿਰ, ਹਰਾਮ ਦੀ ਕਮਾਈ। ੪।

ਭਾਵ ਅਰਥ:- ਹੇ ਭਾਈ! ਸਦਾ ਸਥਿਰ ਰਹਿਣ ਵਾਲੀ ਅਡੋਲ ਮਾਨਸਿਕ ਅਵਸਥਾ ਗੁਰੂ ਦੀ ਸਿੱਖਿਆ ਉੱਤੇ ਚੱਲ ਕੇ ਹੀ ਪ੍ਰਾਪਤ ਹੁੰਦੀ ਹੈ। (ਇਸ ਅਡੋਲ ਅਵਸਥਾ ਵਿੱਚ) ਨਿਰਮਲ ਹੋਇਆ ਮਨ ਸੱਚੇ ਪ੍ਰਭੂ ਦੇ ਪਿਆਰ ਵਿੱਚ ਮਗਨ ਹੋ ਜਾਂਦਾ ਹੈ। ਜੋ ਗੁਰੂ ਦੀ ਸਿੱਖਿਆ `ਤੇ ਚੱਲਦਾ ਹੈ, ਉਹ (ਇਸ ਇਲਾਹੀ ਮਾਰਗ ਨੂੰ) ਸਮਝ ਲੈਂਦਾ ਹੈ; ਗੁਰੂ ਦੀ ਸਰਨ ਪਏ ਬਿਨਾਂ ਸੱਚ ਦਾ ਇਹ ਮਾਰਗ ਨਹੀਂ ਲੱਭਦਾ। ਹੇ ਭਾਈ ਪੰਡਿਤ! ਜਿਸ ਦੇ ਹਿਰਦੇ ਵਿੱਚ ਦੂਸਰੇ ਦੀ ਕਮਾਈ ਖਾਣ ਦੀ ਇੱਛਾ ਹੋਵੇ ਉਹ ਕਿਤਨੇ ਹੀ ਕਰਮਕਾਂਡ ਕਰ ਲਵੇ, ਉਹ ਤਾਂ, ਦਰਅਸਲ, ਛਲ-ਕਪਟ ਕਰਕੇ ਹਰਾਮ ਦੀ ਕਮਾਈ, ਜੋ ਜ਼ਹਿਰ ਦੇ ਸਮਾਨ ਹੈ, ਖਾ ਰਿਹਾ ਹੈ। ੪।

ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ॥

ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ॥

ਗੁਰ ਬਿਨੁ ਭਰਮਿ ਵਿਗੂਚੀਐ ਭਾਈ ਘਟਿ ਘਟਿ ਦੇਉ ਅਲਖੁ॥ ੫॥

ਸ਼ਬਦ ਅਰਥ:- ਵਿਲੋਈਐ: ਰਿੜਕੀਏ। ਤਥੁ: ਮੱਖਣ, (ਗਿਆਨ ਰੂਪੀ) ਕੀਮਤੀ ਪਦਾਰਥ। ਮਥੀਐ: ਮਥਨ ਕਰੀਏ, ਰਿੜਕੀਏ। ਵਥੁ: ਵਸਤੂ। ਵਿਗੂਚੀਐ: ਵਿਗੁਚਣਾ: ਭਟਕਣਾ। ਘਟਿ ਘਟਿ: ਹਰ ਹਿਰਦੇ ਵਿੱਚ। ਦੇਉ: ਪ੍ਰਭੂ, ਕਰਤਾਰ, ਪਾਰਬ੍ਰਹਮ। ਅਲਖੁ: ਲਕਸ਼ਣ ਰਹਿਤ ਅਦ੍ਰਿਸ਼ਟ, ਕਰਤਾਰ; ਦੇਉ ਅਲਖੁ: ਅਦ੍ਰਿਸ਼ਟ ਕਰਤਾਰ। ੫।

ਭਾਵ ਅਰਥ:- ਹੇ ਭਾਈ ਪੰਡਿਤ! ਜੇ ਦਹੀ ਰਿੜਕੀਏ ਤਾਂ ਵਿੱਚੋਂ ਮੱਖਣ ਜਿਹੀ ਗੁਣਕਾਰੀ ਵਸਤੂ ਨਿਕਲਦੀ ਹੈ। ਪਰੰਤੂ ਪਾਣੀ ਰਿੜਕਣ ਉਪਰੰਤ ਪਾਣੀ ਹੀ ਨਜ਼ਰ ਆਉਂਦਾ ਹੈ ਅਰਥਾਤ ਪਾਣੀ ਦਾ ਰਿੜਕਣਾ ਬੇਅਰਥ ਹੈ। ਇਸੇ ਤਰ੍ਹਾਂ ਮਾਇਆ-ਡੱਸੇ ਪੁਜਾਰੀ ਦਾ (ਨਾਮ-ਸਿਮਰਨ ਛੱਡ ਕੇ ਕਰਮਕਾਂਡ ਕਰਨਾ) ਪਾਣੀ ਰਿੜਕਣ ਵਾਂਙ ਬੇ- ਫ਼ਾਇਦਾ ਹੈ। ਹੇ ਭਾਈ ਪੰਡਿਤ! ਗਿਆਨ ਤੋਂ ਬਿਨਾਂ ਮਾਇਆ-ਮੋਹ ਵਿੱਚ ਭਟਕਦੇ ਰਹੀਦਾ ਹੈ ਅਤੇ ਹਰ ਹਿਰਦੇ ਵਿੱਚ ਵੱਸਦੇ ਅਦ੍ਰਿਸ਼ਟ ਪ੍ਰਭੂ ਤੋਂ ਵੀ ਵਿਛੜੇ ਰਹੀਦਾ ਹੈ। ੫।

ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ॥

ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ॥

ਇਹੁ ਜਗੁ ਭਰਮਿ ਭੁਲਾਇਆ ਭਾਈ ਕਹਣਾ ਕਿ ਨ ਜਾਇ॥ ੬॥

ਸ਼ਬਦ ਅਰਥ:- ਤਾਗੋ: ਧਾਗਾ। ਤਾਗੋ ਸੂਤ ਕੋ: ਸੂਤ ਵਾਂਙ ਕੱਚਾ ਧਾਗਾ, ਨਾਸ਼ਮਾਨ। ਦਹ ਦਿਸ: ਦੱਸਾਂ ਦਿਸ਼ਾਵਾਂ ਵਿੱਚ, ਸੱਭ ਪਾਸੇ। ਬਾਧੋ: ਬੰਨ੍ਹਿਆ ਹੋਇਆ। ਮਾਇ: ਮਾਇਆ, ਅਗਿਆਨਤਾ। ਗਾਠਿ ਨ ਛੂਟਈ: ਮਾਇਆ ਦੇ ਬੰਧਨ ਤੋਂ ਛੁਟਕਾਰਾ ਨਹੀਂ ਮਿਲਣਾ। ਥਾਕੇ: ਥੱਕ-ਹਾਰ ਗਏ। ਕਰਮ ਕਮਾਇ: ਧਰਮ-ਕਰਮ/ਕਰਮਕਾਂਡ ਕਰ ਕਰ ਕੇ। ਜਗੁ: ਲੋਕ। ੬।

ਭਾਵ ਅਰਥ:- ਹੇ ਭਾਈ (ਪੰਡਿਤ)! ਇਹ ਜਗਤ ਤੇ ਜਗਤ ਦੇ ਲੋਕ ਸੂਤ ਦੇ ਧਾਗੇ ਦੀ ਤਰ੍ਹਾਂ ਨਾਸ਼ਮਾਨ ਹਨ। ਸੱਭ ਪਾਸੇ ਲੋਕ (ਨਾਮ ਵਿਸਾਰ ਕੇ) ਮੋਹ-ਮਾਇਆ ਦੇ ਬੰਧਨ ਵਿੱਚ ਬੰਨ੍ਹੇ ਹੋਏ ਹਨ। ਹੇ ਭਾਈ! ਮਾਇਆ-ਮੂਠੇ ਪੁਜਾਰੀ ਕਰਮਕਾਂਡ ਕਰ ਕਰ ਕੇ ਹਾਰ ਗਏ (ਪਰ ਕਿਸੇ ਦਾ ਵੀ ਉੱਧਾਰ ਨਹੀਂ ਹੋਇਆ ਕਿਉਂਕਿ) ਆਤਮ-ਗਿਆਨ ਤੋਂ ਬਿਨਾਂ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਨਹੀਂ ਮਿਲ ਸਕਦਾ। ਹੇ ਪੰਡਿਤ! (ਕਰਮਕਾਂਡੀ ਪੁਜਾਰੀ) ਤੂੰ ਮਾਇਆ ਦੇ ਮੋਹ ਕਾਰਣ ਕਰਮਕਾਂਡਾਂ ਵਿੱਚ ਇਤਨਾ ਭਟਕ ਗਿਆ ਹੈਂ ਕਿ ਬਿਆਨ ਨਹੀਂ ਕੀਤਾ ਜਾ ਸਕਦਾ। ੬।

ਗੁਰ ਮਿਲਿਐ ਭਉ ਮਨਿ ਵਸੈ ਭਾਈ ਭੈ ਮਰਣਾ ਸਚੁ ਲੇਖੁ॥

ਮਜਨੁ ਦਾਨੁ ਚੰਗਿਆਈਆ ਭਾਈ ਦਰਗਹ ਨਾਮੁ ਵਿਸੇਖੁ॥

ਗੁਰੁ ਅੰਕੁਸੁ ਜਿਨਿ ਨਾਮੁ ਦ੍ਰਿੜਾਇਆ ਭਾਈ ਮਨਿ ਵਸਿਆ ਚੂਕਾ ਭੇਖੁ॥ ੭॥

ਸ਼ਬਦ ਅਰਥ:- ਭਉ: ਡਰ-ਭੈ। ਭੈ ਮਰਣਾ: ਪ੍ਰਭੂ ਦੇ ਡਰ-ਭੈ ਵਿੱਚ ਰਹਿੰਦਿਆਂ ਮਨ ਨੂੰ ਵਿਕਾਰਾਂ ਵੱਲੋਂ ਮਾਰਨਾ। ਸਚੁ ਲੇਖ: ਪਵਿੱਤਰ ਨੇਕ ਕਰਮ। ਮਜਨੁ: ਤੀਰਥ-ਇਸ਼ਨਾਨ, ਤੀਰਥਾਂ ਦੇ ਪਾਣੀਆਂ ਵਿੱਚ ਡੁਬਕੀਆਂ ਲਾਉਣਾ। ਦਾਨੁ: ਧਰਮ ਦੇ ਨਾਮ `ਤੇ ਦੇਣਾ। ਚੰਗਿਆਈਆ: ਨੇਕੀ ਦੇ ਕੰਮ, ਚੰਗੇ ਸਮਝੇ ਜਾਂਦੇ ਦਿਖਾਵੇ ਦੇ ਕੰਮ। ਦਰਗਹ: ਰੱਬ ਦਾ ਦਰਬਾਰ, ਸਤਿਸੰਗ। ਵਿਸੇਖੁ: ਖ਼ਾਸ, ਚੰਗਾ। ਅੰਕੁਸੁ: ਹਾਥੀ ਨੂੰ ਕਾਬੂ ਵਿੱਚ ਰੱਖਣ ਵਾਲਾ ਸੂਆ। ਜਿਨਿ: ਜਿਨ੍ਹਾਂ/ਜਿਸ ਨੇ। ਦ੍ਰਿੜਾਇਆ: ਪੱਕਾ ਵਿਸ਼ਵਾਸ ਕੀਤਾ। ਚੂਕਾ ਭੇਖੁ: ਦਿਖਾਵੇ ਦੇ ਧਾਰਮਿਕ ਭੇਖਾਂ ਦੀ ਲੋੜ ਨਹੀਂ ਰਹਿੰਦੀ। ੭।

ਭਾਵ ਅਰਥ:- ਹੇ ਭਾਈ! ਜਿਸ ਨੂੰ ਗਿਆਨ-ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਦੇ ਮਨ ਵਿੱਚ ਰੱਬ ਦਾ ਡਰ ਵੱਸ ਜਾਂਦਾ ਹੈ। ਇਸ ਰੱਬੀ ਡਰ ਸਦਕਾ ਮਨੁੱਖ ਦਾ ਮਨ ਵਿਕਾਰਾਂ ਵੱਲੋਂ ਮਰ ਜਾਂਦਾ ਹੈ ਤੇ ਉਹ ਪੁੰਨ ਕਰਮ ਕਰਦਾ ਹੈ। ਹੇ ਭਾਈ! (ਦਿਖਾਵੇ ਦੇ) ਤੀਰਥ-ਇਸ਼ਨਾਨ, ਇਸ਼ਟ ਦੇ ਨਾਮ `ਤੇ ਦਾਨ ਅਤੇ ਚੰਗੇ ਸਮਝੇ ਜਾਂਦੇ ਦਿਖਾਵੇ ਦੇ ਕਰਮ ਕਿਸੇ ਅਰਥ ਨਹੀਂ ਹਨ। ਰੱਬ ਦੇ ਦਰਬਾਰ ਵਿੱਚ ਪ੍ਰਵਾਨ ਹੋਣ ਲਈ ਸਿਰਫ਼ ਨਾਮ ਹੀ ਸਾਰਥਕ ਸਾਧਨ ਹੈ। ਹੇ ਭਾਈ! ਜਿਸ ਨੇ ਗਿਆਨ-ਗੁਰੂ ਦੇ ਸੂਏ (ਅੰਕੁਸ਼) ਨਾਲ ਆਪਣੇ ਮਨ-ਹਾਥੀ ਨੂੰ ਕਾਬੂ ਕਰ ਕੇ ਨਾਮ ਵਿੱਚ ਪੱਕਾ ਯਕੀਨ ਬਣਾ ਲਿਆ, ਉਸ ਦੇ ਹਿਰਦੇ ਘਰ ਵਿੱਚ ਪ੍ਰਭੂ ਆ ਵੱਸਦਾ ਹੈ ਤੇ ਉਸ ਨੂੰ ਦਿਖਾਵੇ ਦੇ ਬਾਹਰੀ ਭੇਖਾਂ ਦੀ ਲੋੜ ਨਹੀਂ ਰਹਿੰਦੀ। ੭।

ਇਹੁ ਤਨੁ ਹਾਟੁ ਸਰਾਫ ਕੋ ਭਾਈ ਵਖਰੁ ਨਾਮੁ ਅਪਾਰੁ॥

ਇਹੁ ਵਖਰੁ ਵਾਪਾਰੀ ਸੋ ਦ੍ਰਿੜੈ ਭਾਈ ਗੁਰ ਸਬਦਿ ਕਰੇ ਵੀਚਾਰੁ॥

ਧਨੁ ਵਾਪਾਰੀ ਨਾਨਕਾ ਭਾਈ ਮੇਲਿ ਕਰੇ ਵਾਪਾਰੁ॥ ੮॥

ਸ਼ਬਦ ਅਰਥ:- ਹਾਟੁ: ਦੁਕਾਨ, ਹੱਟੀਸਰਾਫ: ਕਰਤਾਰ, ਸਿਰਜਨਹਾਰ। ਵਖਰੁ: ਹੱਟੀ ਉੱਤੇ ਖ਼ਰੀਦ ਓ ਫ਼ਰੋਖ਼ਤ ਕੀਤਾ ਜਾਂਦਾ ਸਮਾਨ/ਸੌਦਾ। ਅਪਾਰੁ: ਬੇਅੰਤ, ਅਸੀਮ। ਦ੍ਰਿੜੈ: ਯਕੀਨ/ਨਿਸ਼ਚਾ ਕਰਨਾ/ਕਰਾਉਣਾ। ਗੁਰ ਸਬਦਿ ਕਰੇ ਵੀਚਾਰੁ॥ : ਗਿਆਨ-ਗੁਰੂ ਦੀ ਸਿੱਖਿਆ ਨੂੰ ਵਿਚਾਰ ਕੇ ਉਸ ਦੀ ਪਾਲਣਾ ਕਰਦਾ ਹੈ। ਧਨੁ: ਮੁਬਾਰਿਕ, ਸਲਾਹੁਨਯੋਗ। ਮੇਲਿ: ਸ਼੍ਰੱਧਾਲੂਆਂ ਦੇ ਇਕੱਠ ਵਿੱਚ, ਸਤਿਸੰਗ ਵਿੱਚ। ੮।

ਭਾਵ ਅਰਥ:- ਹੇ ਭਾਈ! ਇਹ ਮਨੁੱਖਾ ਸਰੀਰ ਸਿਰਜਨਹਾਰ ਪ੍ਰਭੂ ਦੀ ਬਖ਼ਸ਼ੀ ਹੋਈ ਹੱਟੀ ਹੈ ਜਿਸ ਵਿੱਚ ਮਨੁੱਖ ਨੇ ਬੇਅੰਤ ਕਰਤਾਰ ਦੇ ਨਾਮ ਦਾ ਵਪਾਰ ਹੀ ਕਰਨਾ ਹੈ। ਨਾਮ ਰੂਪੀ ਸੌਦੇ ਦਾ ਵਪਾਰ ਉਹ ਮਨੁੱਖ ਹੀ ਦ੍ਰਿੜ ਨਿਸ਼ਚੇ ਨਾਲ ਕਰਦਾ ਹੈ ਜਿਹੜਾ ਗਿਆਨ-ਗੁਰੂ ਦੀ ਸਿੱਖਿਆ ਨੂੰ ਬਿਬੇਕ ਨਾਲ ਬਿਚਾਰ ਕੇ ਉਸ ਦਾ ਪਾਲਣ ਕਰਦਾ ਹੈ। ਹੇ ਭਾਈ! ਉਹ ਵਣਜਾਰਾ ਭਾਗਾਂ ਵਾਲਾ ਹੈ ਜਿਹੜਾ ਸਤਿਸੰਗ ਵਿੱਚ ਬੈਠ ਕੇ ਹਰਿਨਾਮ ਦਾ ਵਣਜ ਕਰਦਾ ਹੈ। ੮।

ਉਪਰ ਵਿਚਾਰਿਆ ਸ਼ਬਦ ਭਾਵੇਂ ਮੰਦਰ ਦੇ ਪੰਡਿਤ/ਭਾਈ/ਪੁਜਾਰੀ ਨੂੰ ਸੰਬੋਧਿਤ ਹੋ ਕੇ ਲਿਖਿਆ ਗਿਆ ਹੈ, ਪਰ ਇਸ ਵਿੱਚ ਦਿੱਤੀ ਗਈ ਅਧਿਆਤਮਿਕ ਸਿੱਖਿਆ ਹਰ ਸੰਪਰਦਾਈ ਧਰਮ ਦੇ ਪਾਖੰਡੀ ਪੁਜਾਰੀ ਉੱਤੇ ਲਾਗੂ ਹੁੰਦੀ ਹੈ। ਪਾਠਕ ਸੱਜਨੋਂ! ‘ਸਿੱਖ ਫ਼ਿਰਕੇ’ ਦੇ ਧਰਮ (ਜਿਸ ਨੂੰ ਅੱਜ ਕੱਲ ਸਿੱਖੀ, ਸਿੱਖ ਧਰਮ ਜਾਂ ਖ਼ਾਲਸਾ ਧਰਮ ਕਿਹਾ ਜਾਂਦਾ ਹੈ) ਦੇ ਧਰਮ-ਸਥਾਨਾਂ ਦੇ ਭਾਈ/ਪੁਜਾਰੀ ਨੂੰ ਇਸ ਸ਼ਬਦ ਵਿੱਚ ਦ੍ਰਿੜਾਏ ਗਏ ਪਵਿੱਤਰ ਸਿੱਧਾਂਤਾਂ ਦੀ ਕਸੌਟੀ ਉੱਤੇ ਪਰਖਿਆਂ, ਇਕ-ਅੱਧੇ ਨੂੰ ਛੱਡ ਕੇ, ਸ਼ਾਇਦ ਹੀ ਕੋਈ ਗੁਰਮਤਿ ਪ੍ਰਤਿ ਸੁਹਿਰਦ ਸਾਬਤ ਹੋਵੇ!

(ਨੋਟ:- ਭਾਈ: ਪੁਰਾਣੇ ਸਮਿਆਂ ਵਿੱਚ ਧਰਮਸ਼ਾਲਾ (ਜਿਸ ਨੂੰ ਹੁਣ ਗੁਰੂਦਵਾਰੇ ਦਾ ਨਾਮ ਦੇ ਦਿੱਤਾ ਗਿਆ ਹੈ) ਵਿੱਚ ਗੁਰੂ ਗ੍ਰੰਥ ਦਾ ਸੱਚੀ ਸ਼੍ਰੱਧਾ ਤੇ ਸਮਝ ਨਾਲ ਪਾਠ ਕਰਨ, ਗੁਰਬਾਣੀ ਦੇ ਆਧਾਰ `ਤੇ ਗੁਰੁਬਾਣੀ ਦਾ ਸੱਚਾ ਵਖਿਆਨ ਕਰਨ ਅਤੇ ਧਰਮਸ਼ਾਲਾ ਦੀ ਸਾਫ਼-ਸਫ਼ਾਈ ਦੀ ਹੱਥੀਂ ਸੇਵਾ ਨਿਭਾਉਣ ਵਾਲੇ ਗਿਆਨਵਾਨ, ਨਿਸ਼ਕਾਮ ਤੇ ਸੱਚੇ ਸਤਿਕਾਰ ਦੇ ਹੱਕਦਾਰ ਭੱਦਰ ਪੁਰਸ਼ ਨੂੰ ਧਰਮਸ਼ਾਲੀਆ ਜਾਂ ਭਾਈ ਕਿਹਾ ਜਾਂਦਾ ਸੀ। ਨਿਮਨ ਲਿਖਿਤ ਸਤਰਾਂ ਵਿੱਚ, ਗਿਆਨਵਾਨ ਹੋਣ ਦਾ ਭ੍ਰਮ ਪਾਲੀ ਬੈਠੇ ਅੱਜਕਲ ਦੇ ਮਾਇਆਧਾਰੀ, ਕਾਮਚੋਰ ਚੁੰਚਗਿਆਨੀ ਭਾਈਆਂ ਦੀ ਗੁਰਮਤਿ-ਵਿਰੋਧੀ ਕਰਣੀ ਤੇ ਕਿਰਦਾਰ ਉੱਤੇ ਟਿੱਪਣੀ ਕੀਤੀ ਗਈ ਹੈ। ਅੱਜ ਕੱਲ ਦੇ ਭਾਈ, ਪੁਜਾਰੀ, ਗ੍ਰੰਥੀ, ਪਾਠੀ, ਰਾਗੀ, ਕਥਾਵਾਚਕ, ਅਰਦਾਸੀਏ ਤੇ ਪ੍ਰਚਾਰਕ ਆਦਿਕ ਸਾਰਿਆਂ ਦਾ, ਕੁੱਝ ਇੱਕ ਨੂੰ ਛੱਡ ਕੇ, ਇੱਕੋ ਹੀ ਕਿਰਦਾਰ ਤੇ ਕਰਣੀ ਹੈ।)

ਗੁਰੁਸਿੱਧਾਂਤ: ਮਾਇਆ, ਮਾਇਆ ਦਾ ਮੋਹ, ਇਸ ਮੋਹ ਦੇ ਪ੍ਰਭਾਵ ਹੇਠ ਉਪਜੀਆਂ ਮਨੋਕਾਮਨਾਵਾਂ ਅਤੇ ਇਨ੍ਹਾਂ ਕਾਮਨਾਵਾਂ ਦੀ ਪੂਰਤੀ ਵਾਸਤੇ ਕੀਤੇ/ਕਰਵਾਏ ਜਾਂਦੇ ਦਿਖਾਵੇ ਦੇ ਧਰਮ-ਕਰਮ ਅਥਵਾ ਕਰਮਕਾਂਡ ਸੱਭ ਨਿਸ਼ਫਲ ਹਨ।

ਭਾਈ/ਪੁਜਾਰੀ: ਮਾਇਆਧਾਰੀ ਭਾਈ/ਪੁਜਾਰੀ ਸ਼੍ਰੱਧਾਲੂਆਂ ਨੂੰ ਮਾਇਆ ਦਾ ਲਾਲਚ ਦੇ ਕੇ ਉਨ੍ਹਾਂ ਅੰਦਰ ਮਨੋਕਾਮਨਾਵਾਂ ਉਤੇਜਤ ਕਰਦਾ ਹੈ ਤੇ ਫੇਰ ਮਨੋਕਾਮਨਾਵਾਂ ਦੀ ਪੂਰਤੀ ਲਈ ਉਨ੍ਹਾਂ ਨੂੰ, ਗੁਰੂ ਵੱਲੋਂ ਬੇਮੁਖ ਕਰਕੇ, ਕਰਮਕਾਂਡ ਦੇ ਰਾਹ ਤੋਰਦਾ ਤੇ ਲੁੱਟਦਾ ਹੈ। ਲੋਕਾਂ ਤੋਂ ਮਾਇਆ ਬਟੋਰਨ ਲਈ ਬਗੁਲੇ ਵਾਂਙ ਅੱਖਾਂ ਮੀਟ ਕੇ ਕਰਮਕਾਂਡੀ ਅਰਦਾਸ ਕਰਦਿਆਂ ਉਹ ਕਹਿੰਦਾ ਹੈ, "ਮਨ ਦੀਆਂ ਮੁਰਾਦਾਂ ਪੂਰੀਆਂ ਹੋਣ…, ਖਜਾਨੇ ਭਰਪੂਰ ਹੋਣ…, ਕਾਰੋਬਾਰ ਵਿੱਚ ਵਾਧਾ ਹੋਵੇ…"।

ਗੁਰੁਸਿੱਧਾਂਤ: ਲੋਭ-ਲਾਲਚ ਦੇ ਪ੍ਰਭਾਵ ਹੇਠ, ਝੂਠ ਬੋਲ ਕੇ ਤੇ ਦੰਭ-ਕਪਟ ਕਰਕੇ ਸ਼੍ਰੱਧਾਲੂਆਂ ਤੋਂ ਠੱਗੀ ਮਾਇਆ ਹਰਾਮ ਖਾਣ (ਦੂਜਿਆਂ ਦਾ ਖ਼ੂਨ ਪੀਣ) ਦੇ ਬਰਾਬਰ ਹੈ।

ਭਾਈ/ਪੁਜਾਰੀ: ਕਿਰਤ ਤੋਂ ਭਗੌੜਾ ਹੋ ਚੁੱਕੇ "ਧਾਣਕ ਰੂਪਿ" ਪੁਜਾਰੀ ਦਾ ਮਨ-ਭਾਉਂਦਾ ਖਾਜਾ ਹੀ ਮੁਰਦਾਰ (ਹਰਮ ਦੀ ਕਮਾਈ) ਹੈ; ਖ਼ੂਨ-ਪਸੀਨੇ ਦੀ ਕਮਾਈ ਉਸ ਨੂੰ ਕੌੜੀ ਲੱਗਦੀ ਹੈ।

ਗੁਰੁਸਿੱਧਾਂਤ: ਨਾਮ ਵਿਸਾਰ ਕੇ ਪਾਖੰਡ ਤੇ ਕਪਟ ਨਾਲ ਮਾਇਆ ਠੱਗਣ ਲਈ ਲੋਕਾਂ ਸਾਹਮਨੇ ਕੀਤੇ ਗਏ ਗ੍ਰੰਥਾਂ ਦੇ ਵਖਿਆਨ ਬਗੁਲੇ ਦੀ ਬਕ-ਬਕ ਤੋਂ ਵੱਧ ਕੁੱਛ ਨਹੀਂ। ਮਾਇਆ ਦੀ ਖ਼ਾਤਿਰ ਛਲ-ਕਪਟ ਕਰਨ ਨਾਲ ਮਨ ਉੱਤੇ ਚੜ੍ਹੀ ਵਿਕਾਰਾਂ ਦੀ ਮੈਲ ਨਹੀਂ ਉਤਰਦੀ।

ਭਾਈ/ਪੁਜਾਰੀ: ਮਾਇਆ-ਮੂਠੇ ਵਿਕਾਰ-ਗ੍ਰਸਤ ਭ੍ਰਮਗਿਆਨੀ ਭਾਈ ਦਾ ਮਨੋਰਥ ਮਨ ਦੀ ਮੈਲ ਉਤਾਰਨਾ ਨਹੀਂ ਸਗੋਂ, ਬਗੁਲੇ ਵਾਂਙ ਬਕਬਾਦ ਕਰਕੇ ਲੋਕਾਂ ਨੂੰ ਛਲ-ਕਪਟ ਨਾਲ ਠੱਗਣਾ ਹੈ।

ਗੁਰੁਸਿੱਧਾਂਤ: ਹਰਿਨਾਮ-ਸਿਮਰਨ ਦੀ ਬਰਕਤ ਵਿੱਚ ਪੱਕਾ ਨਿਸ਼ਚਾ ਰੱਖਣ ਵਾਲੇ ਭਾਈ/ਪੁਜਾਰੀ ਨੂੰ ਕਿਸੇ ਬਾਹਰੀ ਭੇਖ ਦੀ ਲੋੜ ਨਹੀਂ ਰਹਿੰਦੀ। ਭੇਖ ਸਿਰਫ਼ ਤੇ ਸਿਰਫ਼ ਨਾਮ-ਵਿਹੂਣੇ ਕੂੜਿਆਰ ਪਾਖੰਡੀ ਹੀ ਕਰਦੇ ਹਨ!

ਭਾਈ/ਪੁਜਾਰੀ: ਸੱਚੀ ਪ੍ਰਭੂ-ਭਗਤੀ ਤਿਆਗ ਕੇ ਉਹ ਭੇਖਾਂ, ਚਿੰਨ੍ਹਾਂ ਤੇ ਰੰਗਾਂ-ਰੂਪਾਂ ਆਦਿ ਦਾ ਕੱਟੜ ਉਪਾਸ਼ਕ ਬਣ ਚੁੱਕਿਆ ਹੈ। ਪੂਜਾ ਦਾ ਧਾਨ ਖਾ ਖਾ ਕੇ ਪਾਲੇ, ਰੰਗ-ਬਰੰਗੇ ਭੇਖਾਂ ਤੇ ਚਿੰਨ੍ਹਾਂ ਨਾਲ ਸ਼ਿੰਗਾਰੇ ਆਪਣੇ ਭੱਦੇ ਸਰੀਰ ਦੀ ਭ੍ਰਮਾਊ ਦਿੱਖ ਨਾਲ ‘ਸੰਗਤਾਂ’ ਨੂੰ ਮੁਗਧ ਕਰ ਕੇ ਠੱਗਣਾ ਹੀ ਉਸ ਦੇ ਜੀਵਨ ਦਾ ਇੱਕੋ ਇੱਕ ਮਕਸਦ ਹੈ।

ਗੁਰੁਸਿੱਧਾਂਤ: ਤੀਰਥਾਂ ਦੇ ਅੰਮ੍ਰਿਤ ਕਹੇ ਜਾਂਦੇ ਪਾਣੀਆਂ ਵਿੱਚ ਡੁਬਕੀਆਂ ਲਾਉਣ, ਰੱਬ, ਗੁਰੂ ਜਾਂ ਧਰਮ ਦੇ ਨਾਮ `ਤੇ ਦਾਨ ਦੇਣ/ਲੈਣ ਅਤੇ ਦਿਖਾਵੇ ਦੇ ਹੋਰ ਚੰਗੇ ਕੰਮ ਕਰਨ ਦਾ ਮਨ/ਆਤਮਾ ਨੂੰ ਕੋਈ ਲਾਭ ਨਹੀਂ ਹੁੰਦਾ।

ਭਾਈ/ਪੁਜਾਰੀ: "ਹਰਿ ਅੰਮ੍ਰਿਤ" ਪ੍ਰਤਿ ਅਰੁਚੀ ਰੱਖਣ ਵਾਲੇ ਭਾਈ ਨੇ ‘ਗੁਰੂ ਕੀਆਂ ਸੰਗਤਾਂ’ ਨੂੰ ਵੀ "ਨਾਮ ਅੰਮ੍ਰਿਤ" ਨਾਲੋਂ ਵੱਖ ਕਰਕੇ ‘ਤੀਰਥਾਂ’ ਦੇ ਅੰਮ੍ਰਿਤ ਕਹੇ ਜਾਂਦੇ ਪਾਣੀਆਂ ਵਿੱਚ ਡੱਡੂ ਡੁਬਕੀਆਂ ਲਾਉਣ, ਧਰਮ ਦੇ ਨਾਮ `ਤੇ ਦਾਨ ਦੇਣ ਅਤੇ ਹਉਮੈਂ ਦਾ ਵਿਕਾਰ ਪੈਦਾ ਕਰਨ ਵਾਲੇ ਦਿਖਾਵੇ ਦੇ ਧਰਮ-ਕਰਮ ਕਰਨ ਦੇ ਅਧਾਰਮਿਕ ਰਾਹ `ਤੇ ਤੋਰ ਰੱਖਿਆ ਹੈ।

ਗੁਰੁਸਿੱਧਾਂਤ: ਸਦੀਵੀ ਸੁੱਖ ਗਿਆਨ-ਗੁਰੂ ਦੀ ਸਿੱਖਿਆ `ਤੇ ਚਲਦਿਆਂ ਕਰਤਾਰ ਦੇ ਦੈਵੀ ਗੁਣ ਵਿਚਾਰ ਕੇ ਉਨ੍ਹਾਂ ਗੁਣਾਂ ਨੂੰ ਧਾਰਨ ਕਰਨ ਨਾਲ ਹੀ ਮਿਲਦਾ ਹੈ। ਨਾਮ ਵਿਹੂਣੇ ਆਤਮਿਕ ਮੌਤੇ ਮਰਦੇ ਹਨ।

ਭਾਈ/ਪੁਜਾਰੀ: ਗਿਆਨ ਦੇ ਸੋਮੇਂ ਗੁਰੂ (ਗ੍ਰੰਥ) ਦੀ, ਮੂਰਤੀ ਵਾਂਙ, ਸਿਰਫ਼ ਪੂਜਾ ਹੀ ਕਰਦਾ ਹੈ, ਰੱਬ ਦਾ ਕੋਈ ਡਰ ਨਹੀਂ ਅਤੇ ਆਤਮਿਕ ਮੌਤ ਦਾ ਕੋਈ ਅੰਦੇਸ਼ਾ ਨਹੀਂ, ਇਸ ਲਈ ਦੈਵੀ ਗੁਣਾਂ ਦੇ ਵਿਚਾਰਨ ਦੀ ਲੋੜ ਮਹਿਸੂਸ ਹੀ ਨਹੀਂ ਕੀਤੀ ਜਾਂਦੀ। ਅਤੇ ਆਤਮਿਕ ਮੌਤੇ ਮਰ ਚੁੱਕੇ, ਸੰਸਾਰਕ ਤੇ ਸਰੀਰਕ ਸੁੱਖਾਂ ਵਿੱਚ ਮਸਤ ਪੁਜਾਰੀ ਨੂੰ ਆਤਮਿਕ ਸੁੱਖ ਦੀ ਲੋੜ ਹੀ ਨਹੀਂ ਰਹੀ!

ਗੁਰੁਸਿੱਧਾਂਤ: ਸਿਰਜਨਹਾਰ ਕਰਤਾਰ ਨੇ ਮਨੁੱਖਾ ਸਰੀਰ ਹਰਿਨਾਮ ਦਾ ਵਣਜ ਕਰਨ ਲਈ ਘੜਿਆ ਹੈ। ਨਾਮ ਦਾ ਵਾਪਾਰ ਕਰਨ ਲਈ ਸੱਚੀ ਸੰਗਤ ਵਿੱਚ ਬੈਠ ਕੇ ਕੇਵਲ ਗੁਰੁਸਬਦੁ ਦੀ ਵਿਚਾਰ ਹੀ ਕਰਨੀ ਹੈ।

ਭਾਈ/ਪੁਜਾਰੀ: ਮਾਇਆ ਦਾ ਵਣਜ ਕਰਨ ਵਿੱਚ ਇਤਨਾ ਮਗਨ ਹੈ ਕਿ ਉਸ ਨੂੰ ਹਰਿਨਾਮ ਦਾ ਵਣਜ ਕਰਨ ਦੀ ਨਾ ਤਾਂ ਰੁਚੀ ਰਹੀ ਹੈ ਅਤੇ ਨਾ ਹੀ ਵਿਹਲ! ਮਾਇਆ-ਦਾਸ ਪੁਜਾਰੀ ਦੇ ਮਗਰ ਲੱਗੀਆਂ ‘ਸੰਗਤਾਂ’ ਦਾ ਵੀ ਇਹੋ ਹਾਲ ਹੈ।

ਉਕਤ ਤੱਥਾਂ ਤੋਂ, ਨਿਰਸੰਦੇਹ, ਸਪਸ਼ਟ ਹੁੰਦਾ ਹੈ ਕਿ ਸਿੱਖ ਫ਼ਿਰਕੇ ਦੇ ਧਰਮ-ਸਥਾਨਾਂ ਦੇ ਸਾਕਤ ਬਣ ਚੁੱਕੇ ਭਾਈ/ਪੁਜਾਰੀ ਗੁਰੂ (ਗ੍ਰੰਥ), ਗੁਰਬਾਣੀ ਤੇ ਗੁਰਮਤਿ ਦੇ ਪਵਿੱਤਰ ਸਿੱਧਾਂਤਾਂ ਨੂੰ ਟਿੱਚ ਸਮਝਦੇ ਹਨ ਅਤੇ ਓਹੀ ਕੁੱਝ ਕਰਦੇ ਹਨ ਜਿਸ ਨਾਲ ਉਹ ਵੱਧ ਤੋਂ ਵੱਧ ਮਾਇਆ ਠੱਗ ਸਕਣ।

ਗੁਰਇੰਦਰ ਸਿੰਘ ਪਾਲ

ਅਗਸਤ 19, 2018.




.