ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਤਾਏ ਨੇ ਸ਼ਹਿਰੀ ਗੁਰਦੁਆਰੇ ਦੇਖੇ
ਦੇਖਿਆ ਜਾਏ ਤਾਂ ਸਾਰਾ ਸਿੱਖ ਜਗਤ
ਆਪਣੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਜ਼ਰੂਰ ਕਰਦਾ ਹੈ। ਛਿੰਦੇ ਦਾ ਪਿਛੋਕੜ ਮਾਝੇ ਦਾ ਹੈ
ਪਰ ਨੌਕਰੀ ਮਾਲਵੇ ਵਿੱਚ ਕਰਨ ਲਈ ਆਇਆ ਹੋਇਆ ਹੈ। ਹੁਣ ਜਦੋਂ ਤਾਇਆ ਛਿੰਦੇ ਨੂੰ ਮਿਲਣ ਲਈ ਸ਼ਹਿਰ ਆਇਆ
ਤਾਂ ਛਿੰਦੇ ਦੀ ਭਾਵਨਾ ਬਣੀ ਕਿ ਤਾਇਆ ਮੇਰੇ ਕੋਲੋਂ ਪੂਰਾ ਖੁਸ਼ ਹੋ ਕੇ ਜਾਵੇ। ਤਾਇਆ ਸਾਰੇ ਪਿੰਡ
ਨੂੰ ਸ਼ਹਿਰ ਦੀਆਂ ਗੱਲਾਂ ਦੱਸੇ।
ਸ਼ਨੀਚਰਵਾਰ ਹੋਣ ਕਰਕੇ ਅੱਜ ਛਿੰਦਾ ਜ਼ਰਾ ਪਹਿਲਾਂ ਹੀ ਆ ਗਿਆ ਤੇ ਕਹਿੰਦਾ, “ਚੱਲ ਤਾਇਆ ਮੈਂ
ਤੈਨੂੰ ਸ਼ਹਿਰ ਦੇ ਕੁੱਝ ਗੁਰਦੁਆਰਿਆਂ ਦੇ ਦਰਸ਼ਨ ਕਰਾ ਦਿਆਂ”। ਤਾਇਆ ਸਵੇਰ ਦਾ ਅਖਬਾਰਾਂ ਪੜ੍ਹਨ
ਵਿੱਚ ਪੂਰਾ ਮਸਤ ਸੀ। ਗੁਰਦੁਆਰਿਆਂ ਦਾ ਨਾਂ ਸੁਣ ਕੇ ਤਾਏ ਨੂੰ ਚਾਅ ਜੇਹਾ ਚੜ੍ਹ ਗਿਆ। ਤਾਇਆ ਸਭ
ਤੋਂ ਪਹਿਲਾਂ ਮਾਡਲ ਟਉਨ ਦੀ ਵੱਧੀ ਹੋਈ ਹੱਦ ਵਾਲੇ ਗੁਰਦੁਆਰੇ ਦੇ ਦਰਸ਼ਨ ਕਰਨ ਲਈ ਚੱਲ ਪਿਆ। ਜਨੀ ਕਿ
ਮੋਡਲ ਟਉਨ ਏਕਸਟੈਨਸ਼ਨ ਗੁਰਦੁਆਰੇ ਆ ਗਏ। ਤਾਇਆ ਕੀ ਦੇਖਦਾ ਹੈ ਕਿ ਏੱਥੇ ਤਾਂ ਚੌਂਕ ਵਿੱਚ ਬਹੁਤ
ਵਧੀਆ ਸਟੀਲ ਦਾ ਖੰਡਾ ਲਗਾਇਆ ਹੋਇਆ ਹੈ। ਦੋ ਗੁਰਦੁਆਰੇ ਬਣੇ ਹੋਏ ਹਨ ਇੱਕ ਗੁਰਦੁਆਰਾ ਬਹੁਤ ਛੋਟਾ
ਜੇਹਾ ਹੈ ਪਰ ਤਿੰਨ ਕੁ ਮੰਜ਼ਿਲਾਂ ਵੀ ਬਣੀਆਂ ਹੋਈਆ ਹਨ। ਏੱਥੇ ਬਹੁਤ ਜ਼ਿਆਦਾ ਭੀੜ ਅੰਦਰ ਬਾਹਰ ਤੁਰੀ
ਫਿਰ ਰਹੀ ਹੈ। ਦੂਜੇ ਪਾਸੇ ਬਹੁਤ ਵੱਡਾ ਗੁਰਦੁਆਰਾ ਬਣਿਆ ਹੋਇਆ ਹੈ। ਤਾਏ ਨੇ ਸੁਭਾਵਕ ਆਪਣੇ ਭਤੀਜੇ
ਛਿੰਦੇ ਕੋਲੋਂ ਪੁੱਛ ਲਿਆ ਕਿ “ਛਿੰਦਿਆ ਆ ਕੀ ਗੱਲ ਕਿ ਆਹਮਣੇ ਸਾਹਮਣੇ ਦੋ ਗੁਰਦੁਆਰੇ ਬਣੇ ਹੋਏ
ਹਨ”। ਛਿੰਦਾ ਕਹਿੰਦਾ, “ਤਾਇਆ ਦੋ ਨਹੀਂ ਏੱਥੇ ਤਿੰਨ ਗੁਰਦੁਆਰੇ ਬਣੇ ਹੋਏ ਹਨ ਤੇ ਇਨ੍ਹਾਂ ਦੀ
ਕਹਾਣੀ ਵੀ ਵੱਖਰੀ ਵੱਖਰੀ ਹੈ”। ਛਿੰਦੇ ਨੇ ਇਨ੍ਹਾਂ ਤਿੰਨਾਂ ਗੁਰਦੁਆਰਿਆਂ ਦਾ ਇਤਿਹਾਸ ਸੁਣਾਇਆ ਤਾਂ
ਤਾਇਆ ਕਿਸੇ ਡੂੰਘੀ ਸੋਚ ਵਿੱਚ ਚਲਾ ਗਿਆ। ਛਿੰਦਾ ਕਹਿੰਦਾ “ਤਾਇਆ ਆ ਜਿਹੜਾ ਵੱਡੀ ਇਮਾਰਤ ਵਾਲਾ
ਗੁਰਦੁਆਰਾ ਈ ਇਸ ਦਾ ਨਾਂ ਹੈ ਸ੍ਰੀ ਗੁਰੂ ਸਿੰਘ ਸਭਾ ਤੇ ਦੂਜੇ ਗੁਰਦੁਆਰੇ ਦਾ ਨਾਂ ਹੈ ਬਾਬਾ ਦੀਪ
ਸਿੰਘ ਗੁਰਦੁਆਰਾ ਤੇ ਤੀਜਾ ਸ੍ਰੀ ਗੁਰੂ ਸਿੰਘ ਸਭਾ ਦੀ ਇਮਾਰਤ ਵਿੱਚ ਹੀ ਇੱਕ ਹੋਰ ਬਾਬਾ ਦੀਪ ਸਿੰਘ
ਗੁਰਦੁਆਰਾ ਬਣਿਆ ਹੋਇਆ ਹੈ”।
ਛਿੰਦੇ ਨੇ ਵਿਸਥਾਰ ਪੂਰਵਕ ਜਿੰਨੀ ਕੁ ਜਾਣਕਾਰੀ ਸੀ ਉਹ ਸਾਰੀ ਤਾਏ ਨੂੰ ਦੱਸ ਦਿੱਤੀ ਕਿ ਤਾਇਆ, “ਆ
ਜਿਹੜਾ ਸਿੰਘ ਸਭਾ ਗੁਰਦੁਆਰਾ ਹੈ ਇਹ ਓਦੋਂ ਹੀ ਤਿਆਰ ਕਰਨਾ ਸ਼ੂਰੂ ਕਰ ਦਿੱਤਾ ਸੀ ਜਦੋਂ ਮੋਡਲ ਟਉਨ
ਦੀਆਂ ਹੱਦਾਂ ਨੂੰ ਵਧਾਇਆ ਗਿਆ ਸੀ। ਓਦੋਂ ਇੱਕ ਛੋਟਾ ਜੇਹਾ ਕਮਰਾ ਹੁੰਦਾ ਸੀ। ਹੌਲ਼ੀ ਹੌਲ਼ੀ ਇਲਾਕੇ
ਦੀ ਸੰਗਤ ਵਲੋਂ ਇਸ ਗੁਰਦੁਆਰਾ ਦੀ ਇਮਾਰਤ ਨੂੰ ਤਿਆਰ ਕੀਤਾ ਗਿਆ ਹੈ”। ਛਿੰਦਾ ਤਾਏ ਨੂੰ ਦਸਦਾ ਹੈ,
ਕਿ “ਅਕਾਲੀ ਦਲ ਦਾ ਸਪਰੀਮੋ ਇੱਕ ਤੀਰ ਨਾਲ ਕਈ ਨਿਸ਼ਾਨੇ ਲਗਾਉਣ ਵਿੱਚ ਮਾਹਰ ਹੈ ਇਸ ਲਈ ਕਈਆਂ ਦੀ
ਤਾਕਤ ਘਟਾਉਣ ਲਈ ਤੇ ਕਈਆਂ ਦੀ ਤਾਕਤ ਵਧਾਉਣ ਲਈ ਇਸ ਗੁਰਦੁਆਰੇ ਦੇ ਪ੍ਰਧਾਨ ਨੂੰ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ”।
ਇਸ ਪ੍ਰਧਾਨ ਜੀ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਦਾ ਪੂਰੇ ਦਸ ਸਾਲ ਪ੍ਰਧਾਨਗੀ ਕਰਨ ਦਾ ਮੌਕਾ
ਮਿਲਿਆ। ਤਾਇਆ ਕਹਿੰਦਾ, “ਤਾਂ ਤੇ ਛਿੰਦਿਆ ਪੰਜਾਬ ਵਿੱਚ ਇਹ ਅਜੇਹਾ ਗੁਰਦੁਆਰਾ ਹੋਣਾ ਏਂ ਜਿੱਥੇ
ਰਹਿਤ ਮਰਯਾਦਾ ਪੂਰੀ ਤਰ੍ਹਾਂ ਲਾਗੂ ਹੋਏਗੀ, ਕਿਉਂਕਿ ਇੱਥੌਂ ਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ
ਪ੍ਰਧਾਨ ਜੁ ਹੋਇਆ”। ਛਿੰਦਾ ਕਹਿੰਦਾ, “ਤਾਇਆ ਡੁੱਬੀ ਤਾਂ ਜੇ ਸਾਹ ਨਾ ਆਇਆ”। ਤਾਇਆ ਮੇਰੀ ਸਮਝ
ਵਿੱਚ ਆਉਂਦਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਹੋਣ ਕਰਕੇ ਰਹਿਤ ਮਰਯਾਦਾ
ਲਾਗੂ ਹੋ ਜਾਏਗੀ ਜਾਂ ਬਿੱਪਰੀ ਕਰਮਕਾਂਡ ਖਤਮ ਹੋ ਜਾਣਗੇ। ਛਿੰਦੇ ਨੇ ਦੱਸਿਆ ਕਿ ਤਾਇਆ ਇਸ ਕਮੇਟੀ
ਵਿੱਚ ਪਾਟਕ ਪੈ ਗਿਆ ਸੀ ਤੇ ਇਸ ਕਮੇਟੀ ਦੇ ਕੁੱਝ ਸਿਰਕੱਢਤਾ ਮੈਂਬਰਾਂ ਨੇ ਇਸ ਗੁਰਦੁਆਰੇ ਦਾ ਇੱਕ
ਸ਼੍ਰੀਕਾ ਹੋਰ ਪੈਦਾ ਕਰ ਦਿੱਤਾ। ਇਨ੍ਹਾਂ ਮੈਂਬਰਾਂ ਨੂੰ ਸਰਕਾਰੀ ਸਰਪ੍ਰਸਤੀ ਵੀ ਹਾਸਲ ਸੀ।
ਇਹ ਗੁਰਦੁਆਰਾ ਸਿੱਖੀ ਦੇ ਪ੍ਰਚਾਰ ਲਈ ਨਹੀਂ ਸਗੋਂ ਸਿੱਖੀ ਸਿਧਾਂਤ ਦੀ ਜੜ੍ਹੀਂ ਤੇਲ ਦੇਣ ਲਈ ਬਣਿਆ
ਹੋਇਆ ਜਾਪਦਾ ਹੈ। ਇਸ ਕਮੇਟੀ ਦੇ ਰੁੱਸੇ ਮੈਂਬਰਾਂ ਨੇ ਇਸ ਗੁਰਦੁਆਰਾ ਦੇ ਸਾਹਮਣੇ ਛੋਟਾ ਜੇਹਾ ਦੁੱਧ
ਦਾ ਬੂਥ ਹੂੰਦਾ ਸੀ ਤੇ ਲੋਕ ਆਮ ਕਰਕੇ ਕੂੜਾ ਨੇੜੇ ਸੁੱਟ ਜਾਂਦੇ ਸੀ। ਸਰਕਾਰੀ ਥਾਂ `ਤੇ ਨਿਸ਼ਾਨ
ਸਾਹਿਬ ਗੱਡ ਕੇ ਇੱਕ ਛੋਟਾ ਜੇਹਾ ਕਮਰਾ ਬਣਾ ਦਿੱਤਾ। ਪਰ ਹੁਣ ਦਾ ਮੈਨੂੰ ਪਤਾ ਨਹੀਂ ਕਿ ਜ਼ਮੀਨ
ਕੀਦ੍ਹੇ ਨਾਂ `ਤੇ ਹੈ। ਅੰਮ੍ਰਿਤਸਰ ਦਾ ਇੱਕ ਕਚ ਕਰੜ ਵਪਾਰੀ ਕਿਸਮ ਦਾ ਰਾਗੀ ਬੇਥ੍ਹਵੀਆਂ ਬੇਜੋੜ
ਸਾਖੀਆਂ ਸੁਣਾਉਣ ਵਾਲਾ ਆਪਣੇ ਲਾਹੂ ਲਸ਼ਕਰ ਨਾਲ ਦੁਪਹਿਰੇ ਤੇ ਚੁਪਹਿਰੇ ਕਟਾਉਣ ਲਈ ਆ ਪੁੱਜਦਾ ਸੀ।
ਅੱਜ ਕਲ੍ਹ ਉਹ ਹੱਟ ਗਿਆ ਹੈ ਜਾਪਦਾ ਹੈ ਓਦ੍ਹੀ ਅਣ-ਬਣ ਹੋ ਗਈ ਲਗਦੀ ਏ। ਏੱਥੇ ਕੇਲਿਆਂ ਦਾ ਪ੍ਰਸ਼ਾਦ
ਬਹੁਤ ਮਸ਼ਹੂਰ ਹੈ। ਕੇਲਿਆਂ ਦੀ ਰੇੜੀ ਵਾਲਾ ਵੀ ਪ੍ਰਧਾਨ ਦਾ ਆਪਣਾ ਆਦਮੀ ਹੁੰਦਾ ਹੈ ਹੋਰ ਕਿਸੇ ਦੂਜੇ
ਨੂੰ ਕੇਲੇ ਨਹੀਂ ਵੇਚਣ ਦੇਂਦੇ। ਦੇਖਣ ਨੂੰ ਬਹੁਤ ਧਰਮੀ ਲਗਦੇ ਹਨ ਪਰ ਅੰਦਰੋਂ ਪੂਰੇ ਰਾਜਨੀਤਕ ਹਨ।
ਬੜੀ ਡੂੰਘੀ ਸਿਆਸਤ ਨਾਲ ਚਲਦੇ ਹਨ।
ਔਹ ਸਾਹਮਣੇ ਵਾਲੇ ਵੱਡੇ ਗੁਰਦੁਆਰੇ ਨੂੰ ਛੋਟਾ ਦਿਖਾਉਣ ਲਈ ਬਾਬਾ ਦੀਪ ਸਿੰਘ ਜੀ ਦਾ ਨਾਂ ਵਰਤ ਕੇ
ਜੋਤਾਂ ਜਗਾਉਣ ਨੂੰ ਪਹਿਲ ਦੇਣੀ ਅਰੰਭ ਕਰ ਦਿੱਤੀ ਹੈ। ਆਮ ਲੋਕ ਏੱਥੇ ਸੁਖਣਾ ਸੁੱਖਣ ਲੱਗ ਪਏ ਹਨ।
ਕੀਰਤਨੀਏ ਆਉਣ ਲੱਗ ਪਏ ਹਨ। ਉਨ੍ਹਾਂ ਨੂੰ ਭੇਟਾ ਚਾਹੀਦੀ ਏ ਸਿਧਾਂਤ ਭਾਂਵੇ ਢੱਠੇ ਖੂਹ ਵਿੱਚ ਜਾਏ
ਉਹਨਾਂ ਨੇ ਸਿਧਾਂਤ ਤੋਂ ਕੀ ਕਰਾਉਣਾ ਏਂ। ਗੁਰਬਾਣੀ ਪਾਠ ਜਾਂ ਵਿਚਾਰ ਨਾਲੋਂ ਦੇਸੀ ਘਿਓ ਦੇ ਜਗ੍ਹ
ਰਹੇ ਦੀਵੇ ਨੂੰ ਜਗਦੀ ਜੋਤ ਆਖ ਕੇ ਪਹਿਲ ਦੇਂਦੇ ਹਨ। ਲੋਕ ਗੁਰਬਾਣੀ ਪਾਠ ਜਾਂ ਕੀਰਤਨ ਵਲ ਘੱਟ ਹੀ
ਤਵੱਜੋਂ ਦੇਂਦੇ ਹਨ ਬਸ ਆਵਾਜਾਈ ਲੱਗੀ ਹੋਈ ਹੈ ਬਾਹਰੋਂ ਕੇਲੇ ਖਰੀਦ ਕੇ ਏੱਥੇ ਵੰਡੀ ਜਾਂਦੇ ਹਨ।
ਕੇਲੇ ਜ਼ਰੂਰ ਖਾਂਦੇ ਹਨ ਪਰ ਇੱਕ ਦੂਜੇ ਦੇ ਚੜ੍ਹਾਏ ਹੋਏ ਜਨੀ ਕਿ ਵਟਾ ਵਟਾ ਕਿ ਕੇਲੇ ਖਾਂਦੇ ਹਨ।
ਦੁੱਖਦੀ ਗੱਲ ਇਹ ਹੈ ਕਿ ਗੁਰਬਾਣੀ ਦੇ ਕੋਲ ਹੀ ਜਗ ਰਹੇ ਦੀਵੇ ਦੇ ਧੂੰਏਂ ਨੂੰ ਬੁੱਕ ਭਰ ਭਰ ਕੇ
ਆਪਣੇ ਮੂੰਹ `ਤੇ ਮਲ਼ੀ ਜਾਂਦੇ ਹਨ ਪਰ ਕੀ ਮਿਜਾਲ ਹੈ ਕਿ ਇਹ ਸ਼ਬਦ ਦੀ ਵਿਚਾਰ ਵੀ ਸੁਣ ਲੈਣ।
ਤਾਏ ਨੇ ਛਿੰਦੇ ਨੂੰ ਪੁੱਛਿਆ, ਕਿ “ਛਿੰਦਿਆ ਆ ਵੱਡੇ ਵੱਡੇ ਬੋਰਡ ਸਾਰੇ ਰਾਗੀਆਂ ਦੀਆਂ ਤਸਵੀਰਾਂ
ਨਾਲ ਹੀ ਭਰੇ ਪਏ ਹਨ ਕੀ ਏੱਥੇ ਕਦੇ ਸ਼ਬਦ ਦੀ ਵਿਚਾਰ ਨਹੀਂ ਹੋਈ? ਕੀ ਕਦੇ ਕੋਈ ਢਾਡੀ ਦਰਬਾਰ ਜਾਂ
ਕਵੀ ਦਰਬਾਰ ਵੀ ਹੁੰਦੇ ਹਨ? ਕੀ ਸ਼ਹਿਰੀਏ ਕੇਵਲ ਕੀਰਤਨ ਹੀ ਸੁਣਦੇ ਹਨ” ? ਅਜੇਹੇ ਕਈ ਸਵਾਲ ਤਾਏ ਨੇ
ਨਿੱਕੇ ਨਿੱਕੇ ਫਿਕਰਿਆਂ ਵਿੱਚ ਪੁੱਛ ਲਏ ਸਨ। ਛਿੰਦੇ ਨੇ ਦੱਸਿਆ ਕਿ ਤਾਇਆ ਅੱਜ ਕਲ੍ਹ ਸ਼ਹਿਰੀਏ ਕੇਵਲ
ਕੀਰਤਨ ਹੀ ਸੁਣਦੇ ਹਨ। ਢਾਡੀ ਜਾਂ ਕਵੀਸ਼ਰ ਇਹ ਨਹੀਂ ਸੁਣਦੇ। ਹਾਂ ਕਦੇ ਕਦੇ ਕਵੀ ਦਰਬਾਰ ਜ਼ਰੂਰ ਕਰਾ
ਲੈਂਦੇ ਹਨ। ਤਾਇਆ, “ਸ਼ਹਿਰੀਆਂ ਨੇ ਇਹ ਸਮਝ ਲਿਆ ਹੋਇਆ ਹੈ ਕਿ ਕੇਵਲ ਕੀਰਤਨ ਸੁਣਨ ਨਾਲ ਹੀ ਸਾਡੇ
ਸਾਰੇ ਪਾਰ ਉਤਾਰੇ ਹੋ ਜਾਣੇ ਹਨ”। ਛਿੰਦੇ ਨੇ ਪਤੇ ਦੀ ਗੱਲ ਕਰਦਿਆਂ ਦੱਸਿਆ, ਕਿ “ਤਾਇਆ ਹੁਣ ਕਈ
ਰਾਗੀ ਕੀਰਤਨ ਕੋਈ ਨਹੀਂ ਕਰਦੇ ਸਗੋਂ ਰੰਗ-ਬ-ਰੰਗੀਆਂ ਅਵਾਜ਼ਾਂ ਕੱਢ ਕੇ ਸਿਮਰਨ ਕਰਾਉਂਦੇ ਹਨ ਤੇ ਕਈ
ਰਾਗੀ ਵੈਗੁਰੂ ਵੈਗੁਰੂ ਸ਼ਬਦ ਨੂੰ ਲਾਈਟਾਂ ਬੰਦ ਕਰਕੇ ਜਾਂ ਅੱਖਾਂ ਮੀਚ ਕੇ ਸਿਮਰਣ ਕਰਾਉਂਦੇ ਹਨ”।
ਤਾਏ ਨੇ ਇੱਕ ਗੱਲ ਕਹੀ, “ਛਿੰਦਿਆ ਮੈਨੂੰ ਤਾਂ ਇੰਜ ਲਗਦਾ ਹੈ ਕਿ ਇਹ ਸ਼ਹਿਰੀ ਸਾਰਾ ਕੁੱਝ ਫੰਨ ਕਰਨ
ਵਾਸਤੇ ਹੀ ਕਰ ਰਹੇ ਹਨ”। ਇੱਕ ਰਾਗੀ ਉਠਦਾ ਹੈ ਤੇ ਦੂਜਾ ਲੱਗ ਜਾਂਦਾ ਹੈ ਉਨ੍ਹਾਂ ਦੀ ਜ਼ੰਜੀਰ ਏਦਾਂ
ਦੀ ਬਣੀ ਹੋਈ ਹੈ ਕਿ ਉਹ ਇੱਕ ਰਾਤ ਵਿੱਚ ਤਿੰਨ ਚਾਰ ਜਗ੍ਹਾ ਕੀਰਤਨ ਕਰ ਜਾਂਦੇ ਹਨ। ਇਸ ਕੀਰਤਨ ਦੀ
ਸਮਝ ਦੁਆਰਾ ਸੁਭਾਅ ਵਿੱਚ ਬਦਲਾ ਆਉਣਾ ਚਾਹੀਦਾ ਸੀ ਜੋ ਨਹੀਂ ਆਇਆ। ਚਾਹੀਦਾ ਤਾਂ ਇਹ ਸੀ ਕਿ ਏਦਾਂ
ਦਿਆਂ ਦੀਵਾਨਾਂ ਵਿੱਚ ਸ਼ਬਦ ਦੀਆਂ ਵਿਚਾਰਾਂ ਨੂੰ ਪਹਿਲ ਦੇਂਦੇ ਤਾਂ ਕਿ ਸਿੱਖ ਸਿਧਾਂਤ ਦੀ ਸਮਝ ਆ
ਸਕੇ ਪਰ ਹੋਇਆ ਸਾਰਾ ਕੁੱਝ ਉਲਟ ਹੀ ਹੈ।
ਛਿੰਦੇ ਨੇ ਗੱਲ ਜਾਰੀ ਰੱਖਦਿਆਂ ਅੱਗੇ ਦੱਸਿਆ, ਕਿ “ਤਾਇਆ ਸਿੰਘ ਸਭਾ ਗੁਰਦੁਆਰੇ ਦੀ ਰੌਣਕ ਬਹੁਤ
ਘੱਟ ਗਈ ਹੁਣ ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਆਪਣੇ ਨਜ਼ਦੀਕੀਆਂ ਨਾਲ ਸਲਾਹ
ਕਰਕੇ ਗੁਰਦੁਆਰੇ ਦੇ ਅੰਦਰ ਹੀ ਇੱਕ ਹੋਰ ਹਾਲ ਬਣਾ ਕੇ ਬਾਬਾ ਦੀਪ ਸਿੰਘ ਗੁਰਦੁਆਰਾ ਨਵਾਂ ਬਣਾ ਲਿਆ
ਹੈ। ਜਗ੍ਹੋਂ ਤੇਹਰਵੀਂ ਕਰਦਿਆਂ ਇਸ ਪ੍ਰਧਾਨ ਨੇ ਜੋਤ ਜਗਦੀ ਰੱਖਣ ਨਾਲ ਬਲਦੀ ਜੋਤ ਅੰਮ੍ਰਿਤਸਰ ਤੋਂ
ਲਿਆਂਦੀ ਤਾਂ ਕਿ ਸੰਗਤ ਨੂੰ ਭੁਲੇਖਾ ਪੈ ਜਾਏ ਅਸਲੀ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਇਹੀ ਹੈ। ਤਾਇਆ
ਹੁਣ ਏੱਥੇ ਤਿੰਨ ਗੁਰਦੁਆਰੇ ਬਣ ਗਏ ਹਨ। ਤਾਏ ਨੇ ਤਿੰਨਾਂ ਗੁਰਦੁਆਰਿਆਂ ਦੇ ਬੜੀ ਨੀਜ਼ ਤੇ ਸ਼ਰਧਾ ਨਾਲ
ਦਰਸ਼ਨ ਕੀਤੇ। ਕੇਲਿਆਂ ਦਾ ਪ੍ਰਸ਼ਾਦ ਵੀ ਛੱਕਿਆ।
ਤਾਏ ਨੇ ਹੌਕਾ ਜੇਹਾ ਲੈ ਕੇ ਛਿੰਦੇ ਨੂੰ ਦੱਸਿਆ, ਕਿ “ਛਿੰਦਿਆ ਆ ਜਿਹੜੇ ਦੀਵੇ ਜਗ੍ਹ ਰਹੇ ਹਨ ਇਸ
ਨੂੰ ਇਹ ਜੋਤ ਆਖਦੇ ਹਨ ਪਰ ਸਿੱਖ ਰਹਿਤ ਮਰਯਾਦਾ ਵਿੱਚ ਤਾਂ ਦੀਵੇ (ਜੋਤ) ਜਗਾਉਣ ਨੂੰ ਮਨਮਤ ਲਿਖਿਆ
ਹੋਇਆ ਹੈ”। ਸਭ ਤੋਂ ਅਚੰਭਾ ਗੱਲ ਤਾਏ ਨੂੰ ਇਹ ਲੱਗੀ ਕਿ ਕੁੱਝ ਧਰਮੀ ਪੁਰਸ਼ ਜੋੜਾ ਘਰ ਵਿੱਚ ਖੜੇ ਸਨ
ਤੇ ਕਹਿ ਰਹੇ ਸਨ ਕਿ ਭਾਈ ਜਰਾਬਾਂ ਲਾਹ ਕੇ ਗੁਰਦੁਆਰੇ ਜਾਓ ਭਾਈ ਜੁਰਾਬਾਂ ਲਾਹ ਕੇ ਗੁਰਦੁਆਰੇ ਜਾਓ।
ਤਾਏ ਨੇ ਵੇਖਿਆ ਕਿ ਜਿਹੜਾ ਵੀ ਮੱਥ ਟੇਕ ਕੇ ਬਾਹਰ ਆ ਰਿਹਾ ਹੈ ਉਹ ਕਿਸੇ ਨਾਲ ਫਤਹ ਸਾਂਝੀ ਨਹੀਂ
ਕਰਦਾ। ਤਾਏ ਨੇ ਇੱਕ ਦੂੰ ਨੂੰ ਜ਼ੋਰ ਨਾਲ ਫਤਹ ਬਲਾਉਣ ਦਾ ਯਤਨ ਕੀਤਾ ਪਰ ਸ਼ਹਿਰੀਏ ਤਾਏ ਨੂੰ ਓਪਰਾ
ਜੇਹਾ ਦੇਖ ਕੇ ਪਿੱਛੇ ਹੱਟ ਜਾਂਦੇ ਸਨ। ਇਹ ਜ਼ਰੂਰ ਪੇਂਡੂ ਹੋਣਾ ਏਂ ਕਈ ਤਾਂ ਨੱਕ ਜੇਹਾ ਚੜ੍ਹਾ ਕਿ
ਤੁਰਦੇ ਬਣਦੇ ਸਨ। ਤਾਏ ਨੇ ਮਹਿਸੂਸ ਕਰਦਿਆਂ ਛਿੰਦੇ ਨੂੰ ਕਹਿ ਹੀ ਦਿੱਤਾ, ਕਿ “ਛਿੰਦਿਆ ਇਹ ਮੱਥਾ
ਟੇਕ ਕੇ ਆਏ ਹਨ ਕਿ ਨਿੰਮ ਪੀ ਕੇ ਆ ਰਹੇ ਹਨ”।
ਇਕ ਦੋ ਹੋਰ ਗੁਰਦੁਆਰੇ ਤਾਏ ਨੂੰ ਛਿੰਦੇ ਨੇ ਦਿਖਾਏ। ਸ਼ਹਿਰ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਜਿਹੜਾ
ਕਿਸੇ ਸਮੇਂ ਸਿੱਖ ਸਿਧਾਂਤ ਦੀਆਂ ਸਰਗਰਮੀਆਂ ਦਾ ਕੇਂਦਰ ਹੁੰਦਾ ਸੀ ਅੱਜ ਉਸ ਗੁਰਦੁਆਰੇ ਦੇ ਜੋੜੇ ਘਰ
ਵਿਖੇ ਚਰਣ ਧੂੜ ਵਾਲੀ ਮਿੱਟੀ ਨੂੰ ਇਕੱਠੀ ਕਰਕੇ ਪੁੱੜੀਆਂ ਬੰਨ੍ਹੀਆਂ ਹੋਈਆਂ ਸਨ। ਅੱਖੇ ਜੀ ਇਹ ਚਰਨ
ਧੂੜ ਹੈ ਤੇ ਇਸ ਦੀ ਵਰਤੋਂ ਕਰਨ ਨਾਲ ਕਈ ਪ੍ਰਕਾਰ ਦੇ ਰੋਗ ਦੂਰ ਹੁੰਦੇ ਹਨ। ਜਦੋਂ ਤਾਏ ਨੂੰ ਛਿੰਦੇ
ਨੇ ਇਸ ਚਰਨ ਧੂੜ ਬਾਰੇ ਵਿਸਥਾਰ ਨਾਲ ਦੱਸਿਆ ਤਾਂ ਤਾਏ ਨੂੰ ਕਚਹਿਣ ਜੇਹੀ ਆ ਗਈ। ਤਾਇਆ ਕਹਿੰਦਾ,
“ਬੱਸ ਕਰ ਛਿੰਦਿਆ ਮੇਰੇ ਕੋਲੋਂ ਹੋਰ ਨਹੀਂ ਸੁਣਿਆ ਜਾਣਾ। ਚੱਲ ਕਿਸੇ ਹੋਰ ਅਸਥਾਨ ਦੇ ਦਰਸ਼ਨ ਕਰੀਏ”।
ਛਿੰਦਾ ਸੋਚਦਾ ਸੀ ਹੁਣ ਘਰੋਂ ਤਾਂ ਨਿਕਲੇ ਹੋਏ ਹੀ ਹਾਂ ਨਾਲ ਲਗਦਾ ਉਹ ਗੁਰਦੁਆਰਾ ਵੀ ਦਿਖਾ ਜਾਵਾਂ
ਜਿਸ ਬਾਰੇ ਤਾਏ ਨੇ ਬਹੁਤ ਸੁਣਿਆ ਸੀ ਏੱਥੇ ਸੰਗਤ ਬਹੁਤ ਆਉਂਦੀ ਹੈ। ਗੱਲਾਂ ਕਰਦਿਆਂ ਛਿੰਦਾ ਤਾਏ
ਨੂੰ ਨਾਲ ਲੈ ਕੇ ਉਸ ਗੁਰਦੁਆਰੇ ਵੀ ਆ ਗਿਆ ਜਿੱਥੇ ਸੰਗਤਾਂ ਵਾਕਿਆ ਬਹੁਤ ਆ ਜਾ ਰਹੀਆਂ ਸਨ। ਇੱਕ
ਪਾਸੇ ਪੰਜ ਸਤ ਜਣੇ ਚੜ੍ਹਾਵੇ ਦੀ ਭਾਨ ਤਥਾ ਗੋਲਕ ਗਿਣ ਰਹੇ ਸਨ। ਰਾਗੀ ਸਿੰਘ ਕੀਰਤਨ ਕਰੀ ਜਾ ਰਹੇ
ਸਨ ਪਰ ਜ਼ਿਆਦਾਤਰ ਲੋਕ ਆਪੋ ਆਪਣੇ ਗੁਟਕੇ ਲੈ ਕੇ ਜਿੱਥੇ ਜਗ੍ਹਾ ਸੂਤ ਬੈਠਦੀ ਸੀ ਓੱਥੇ ਹੀ ਆਪਣਾ
ਆਪਣਾ ਪਾਠ ਕਰੀ ਜਾ ਰਹੇ ਸਨ।
ਤਾਏ ਨੂੰ ਜ਼ਿਆਦਾ ਜੇ ਨਹੀਂ ਤਾਂ ਇਹ ਜ਼ਰੂਰ ਪਤਾ ਸੀ ਕਿ ਰਹਿਤ ਮਰਯਾਦਾ ਅਨੁਸਾਰ ਗੁਰਦੁਆਰਾ ਸਾਹਿਬ
ਇੱਕ ਸਮੇਂ ਇੱਕ ਹੀ ਕੀਰਤਨ, ਕਥਾ ਜਾਂ ਪਾਠ ਹੋ ਸਕਦਾ ਹੈ। ਇਸ ਗੁਰਦੁਆਰੇ ਦੀ ਵਿੱਖਣਤਾ ਹੋਰ ਜਾਪੀ
ਕਿ ਏੱਥੇ ਜ਼ਿਆਦਾਤਰ ਨੌਜਵਾਨ ਆਪਣੀ ਮੰਨਤਾ ਪੂਰੀ ਕਰਨ ਵਾਸਤੇ ਵੀ ਆਉਂਦੇ ਹਨ। ਤਾਏ ਨੇ ਇਹ ਵੀ ਸੁਣਿਆ
ਕਿ ਏੱਥੇ ਕਈ ਲੋਕ ਚਲੀਹੇ ਵੀ ਕੱਟਣ ਆਉਂਦੇ ਹਨ। ਏੱਥੇ ਵੀ ਇੱਕ ਅੰਮ੍ਰਿਤਸਰ ਤੋਂ ਐਸਾ ਰਾਗੀ ਆਉਂਦਾ
ਹੈ ਜਿਹੜਾ ਪੂਰੀ ਪੂਰੀ ਮਨਮਤ ਸੰਗਤਾਂ ਨੂੰ ਸਣਾਉਂਦਾ ਹੈ। ਤਾਇਆ ਵਾਗੁਰੂ ਵਾਗੁਰੂ ਕਰਦਾ ਹੋਇਆ ਅਗਲਾ
ਗੁਰਦੁਆਰਾ ਦੇਖਣ ਦੀ ਤਾਂਘ ਰੱਖਦਾ ਹੋਇਆ ਘਰ ਵਾਪਸ ਆ ਗਿਆ।
ਛਿੰਦੇ ਨੇ ਤਾਏ ਨੂੰ ਸ਼ਹਿਰ ਦਾ ਇੱਕ ਉਹ ਗੁਰਦੁਆਰਾ ਦਿਖਾਇਆ ਜਿੱਥੋਂ ਕਦੇ ਅਕਾਲੀ ਦਲ ਦੇ ਪੰਥਕ
ਹਿੱਤਾਂ ਲਈ ਮੋਰਚੇ ਲਗਦੇ ਹੁੰਦੇ ਸਨ। ਸਾਰੇ ਸ਼ਹਿਰ ਦੀ ਇਹ ਸਭ ਤੋਂ ਵੱਡੀ ਸਟੇਜ ਮੰਨੀ ਜਾਂਦੀ ਰਹੀ
ਹੈ। ਪੰਥ ਦੇ ਉੱਚ ਕੋਟੀ ਦੇ ਵਿਦਵਾਨ ਸ਼ਾਮਿਲ ਹੁੰਦੇ ਸਨ। ਅੱਜ ਉਸ ਗੁਰਦੁਆਰਾ ਵਿੱਚ ਚਰਨ ਧੂੜ ਭਾਵ
ਜੋੜਿਆਂ ਨਾਲ ਲੱਗੀ ਹੋਈ ਮਿੱਟੀ ਨੂੰ ਚਰਨ ਧੂੜ ਦੱਸ ਕੇ ਉਸ ਦੀਆਂ ਪੂੜੀਆਂ ਬੰਨ੍ਹ ਬੰਨ੍ਹ ਕੇ
ਸੰਗਤਾਂ ਨੂੰ ਆਮ ਦਿੱਤੀਆਂ ਜਾ ਰਹੀਆਂ ਹਨ। ਤਾਏ ਨੇ ਕਿਹਾ ਛਿੰਦਿਆਂ ਆ ਤਾਂ ਕੋਈ ਸਿੱਖ ਸਿਧਾਂਤ
ਨਹੀਂ ਹੈ ਚਰਨ ਧੂੜ ਤਾਂ ਗੁਰਬਾਣੀ ਦੀ ਲੈਣੀ ਸੀ ਪਰ ਇਹ ਜੁੱਤੀਆਂ ਵਾਲੀ ਮਿੱਟੀ ਨੂੰ ਹੀ ਚਰਨ ਧੂੜ
ਸਮਝੀ ਬੈਠੇ ਹਨ। ਤਾਇਆ ਕਹਿੰਦਾ “ਛਿੰਦਿਆ ਏਦੇ ਨਾਲੋਂ ਤਾਂ ਅਸੀਂ ਫਿਰ ਬਹੁਤ ਅੱਗੇ ਹਾਂ, ਪਰ ਆ ਤਾਂ
ਸ਼ਰਧਾ ਦੇ ਨਾਂ `ਤੇ ਕੌਮ ਨਾਲ ਧ੍ਰੋਅ ਕਮਾ ਰਹੇ ਹਨ”।
ਲੁਧਿਆਣਾ ਸ਼ਹਿਰ ਤੋਂ ਕੋਈ ਦਸ ਕੁ ਮੀਲ ਦੀ ਦੂਰੀ `ਤੇ ਆਲਮਗੀਰ ਪਿੰਡ ਵਿਖੇ ਇੱਕ ਇਤਿਹਾਸਕ ਗੁਰਦੁਆਰਾ
ਦੇਖਣ ਲਈ ਤਾਏ ਨੇ ਆਪਣੇ ਭਤੀਜ ਛਿੰਦੇ ਨੂੰ ਉਚੇਚੇ ਤੌਰ `ਤੇ ਕਹਿਆ। ਛਿੰਦੇ ਦਾ ਤਾਏ ਨਾਲ ਮੋਹ ਹੀ
ਐਸਾ ਸੀ ਕਿ ਛਿੰਦਾ ਕਦੇ ਵੀ ਤਾਏ ਨੂੰ ਨਾਂਹ ਨਹੀਂ ਕਰ ਸਕਦਾ ਸੀ। ਛਿੰਦੇ ਨੇ ਆਪਣੀ ਛੋਟੀ ਜੇਹੀ
ਗੱਡੀ ਉਸ ਇਤਿਹਾਸਕ ਗੁਰਦੁਆਰੇ ਵਲ ਨੂੰ ਲੈ ਤੁਰਿਆ। ਅੱਜ ਐਤਵਾਰ ਹੋਣ ਕਰਕੇ ਇਸ ਇਤਿਹਾਸਕ ਗੁਰਦੁਆਰਾ
ਸਾਹਿਬ ਬਹੁਤ ਜ਼ਿਆਦਾ ਸੰਗਤਾਂ ਆ ਰਹੀਆਂ ਤੇ ਜਾ ਰਹੀਆਂ ਸਨ। ਹਰ ਪਾਸੇ ਭੀੜ ਹੀ ਭੀੜ ਸੀ। ਤਾਏ ਨੇ
ਬੜੀ ਸ਼ਰਧਾ ਨਾਲ ਆਪਣਾ ਸੀਸ ਨਿਵਾਇਆ ਤੇ ਦੀਵਾਨ ਹਾਲ ਵਿੱਚ ਬੈਠ ਗਏ। ਤਾਏ ਨੇ ਥੋੜਾ ਚਿਰ ਦੀਵਾਨ ਦੀ
ਹਾਜ਼ਰੀ ਭਰੀ `ਤੇ ਫਿਰ ਗੁਰਦੁਆਰੇ ਦੇ ਹੋਰ ਦੀਦਾਰੇ ਕਰਨ ਲਈ ਉੱਠ ਬੈਠੇ। ਤਾਏ ਨੇ ਇਸ ਗੁਰਦੁਆਰੇ ਦੀ
ਇੱਕ ਅਨੌਖੀ ਗੱਲ ਦੇਖੀ ਕਿ ਗੁਰਦੁਆਰੇ ਦੇ ਬਾਹਰ ਆਮ ਦੁਕਾਨਾਂ `ਤੇ ਛੋਟੇ ਵੱਡੇ ਘੋੜੇ ਵਿਕ ਰਹੇ ਸਨ।
ਦਰਬਾਰ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਘੋੜੇ ਸ਼ਰੇਆਮ ਚੜ੍ਹਾਏ ਜਾ ਰਹੇ ਸਨ। ਦੰਦ ਕਥਾ
ਹੈ ਕਿ ਜਿਹੜਾ ਏੱਥੇ ਘੋੜਾ ਚੜ੍ਹਾਉਂਦਾ ਹੈ ਉਸ ਦੀ ਮੰਨਤਾ ਪੂਰੀ ਹੋ ਜਾਂਦੀ ਹੈ। ਤਾਏ ਨੇ ਏਦਾਂ
ਗੁਰੂ ਗ੍ਰੰਥ ਸਾਹਿਬ ਜੀ ਅੱਗੇ ਘੋੜੇ ਚੜ੍ਹਾਏ ਜਾਂਦੇ ਪਹਿਲੀ ਵਾਰ ਦੇਖੇ ਸਨ। ਤਾਏ ਨੇ ਅਜੇਹਾ
ਵਰਤਾਰਾ ਦੇਖ ਕੇ ਸੁਭਾਵਕ ਕਹਿਆ ਵਾਹ ਕਲਗੀਆਂ ਵਾਲਿਆ ਤੁਸੀ ਆਪਣੇ ਸਰਬੰਸ ਵਾਰ ਕੇ ਮਨੁੱਖਤ ਨੂੰ
ਅਜ਼ਾਦੀ ਦਵਾਈ ਸੀ ਤੇ ਅੱਜ ਤੇਰੀ ਦੂਲਾ ਕੌਮ ਪੱਥਰ, ਲਕੜ ਤੇ ਪਲਾਸਟਕ ਦੇ ਘੋੜਿਆਂ `ਤੇ ਅਟਕ ਗਈ ਹੈ।
ਤਾਏ ਨੂੰ ਸੁਣ ਕੇ ਹੋਰ ਵੀ ਹੈਰਾਨੀ ਹੋਈ ਕਿ ਇਹ ਗੁਰਦੁਆਰਾ ਵੀ ਸ਼੍ਰੋਮਣੀ ਕਮੇਟੀ ਦੇ ਅਧੀਨ ਹੈ। ਪਰ
ਕੀ ਮਜ਼ਾਲ ਹੈ ਕਿ ਅਜੇਹੀ ਮਨਮਤ ਸਬੰਧੀ ਕੋਈ ਵਿਦਾਵਾਨ ਕਹਿਣ ਦੀ ਹਿੰਮਤ ਕਰੇ, ਸਭ ਚੁੱਪ ਰਹਿਣ ਵਿੱਚ
ਹੀ ਆਪਣਾ ਭਲਾ ਸਮਝ ਰਹੇ ਹਨ।
ਛਿੰਦੇ ਨੇ ਤਾਏ ਨੂੰ ਇੱਕ ਹੋਰ ਗੱਲ ਦੱਸੀ ਕਿ ਤਾਇਆ, “ਪੰਜਾਬ ਵਿੱਚ ਇੱਕ ਹੋਰ ਗੁਰਦੁਆਰਾ ਹੈ ਜਿੱਥੇ
ਨਿੱਕੇ ਵੱਡੇ ਹਵਾਈ ਜਾਹਜ਼ ਚੜ੍ਹਾਏ ਜਾਂਦੇ ਹਨ ਅੱਖੇ ਇੰਝ ਕਰਨ ਨਾਲ ਵਿਦੇਸ ਦਾ ਵੀਜ਼ਾ ਜਲਦੀ ਲੱਗ
ਜਾਂਦਾ ਹੈ ਤੇ ਅੜਿੱਕਾ ਵੀ ਨਹੀਂ ਲਗਦਾ”। ਤਾਏ ਨੇ ਪਤੇ ਦੀ ਗੱਲ ਕਰਦਿਆਂ ਕਹਿਆ ਕਿ ਛਿੰਦਿਆ
ਗੁਰਬਾਣੀ ਦਾ ਵਾਕ ਹੈ—
ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ ਏਤੁ ਦੁਆਰੈ ਧੋਇ ਹਛਾ ਹੋਇਸੀ॥
ਗੁਰਦੁਆਰਿਆਂ ਵਿਚੋਂ ਆਤਮਕ ਸੂਝ, ਸਮਾਜਕ ਭਾਈਚਾਰਕ ਸਾਂਝ, ਸਵੈ ਪੜਚੋਲ਼, ਗਰੀਬ ਦਾ ਮੂੰਹ ਗੁਰੂ ਕੀ
ਗੋਲਕ, ਹਸਪਤਾਲ ਅਤੇ ਵਿਦਿਆ ਵਰਗੇ ਦੇਵੀ ਗੁਣਾਂ ਨਾਲ ਸਾਂਝ ਪਉਣੀ ਸੀ। ਗੁਰਬਾਣੀ ਵਿਚਾਰ ਵਿਚੋਂ
ਡੂੰਘੀਆਂ ਧਾਰਮਕ ਰਮਜ਼ਾ ਸਮਝਣੀਆਂ ਸਨ ਪਰ ਅੱਜ ਬਹੁਤੇ ਗੁਰਦੁਆਰੇ ਵਿਖਾਵੇ ਤੇ ਕਰਮ ਕਾਂਡਾਂ ਦੀ
ਪੂਰਤੀ ਕਰਦੇ ਦਿਖਾਈ ਦੇ ਰਹੇ ਹਨ।