.

ਸ਼ਬਦ-ਜੋੜ ਨਿਰਨਾ

ਭਾਗ ੨

ਹਰਜਿੰਦਰ ਸਿੰਘ ‘ਘੜਸਾਣਾ’

ਭੂਮਿਕਾ:

ਪਿਛਲੇਰੇ ਭਾਗ ਲੇਖ ‘ਸ਼ਬਦ-ਜੋੜ ਨਿਰਨਾ’ ਅਤੇ ਇਸ ਭਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪ੍ਰਯੋਗ ਹੋਏ ਸ਼ਬਦ-ਜੋੜਾਂ ਨੂੰ ਸਾਂਝੇ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਵਿਦਵਾਨਾਂ ਵਿੱਚ ਪ੍ਰਸਪਰ ਸ਼ਬਦ-ਜੋੜਾਂ ਸੰਬੰਧੀ ਮਤ-ਭੇਦ ਹਨ। ਐਪਰ ਗੁਰਬਾਣੀ ਦੀ ਲਿਖਤ-ਨਿਯਮਾਂਵਲੀ, ਭਾਸ਼ਾਈ-ਸੰਦ, ਕਾਵਿਕ-ਨੇਮਾਂ ਤੁਫ਼ੈਲ ਕਿਸੇ ਨਿਰਨੇ ‘ਤੇ ਅੱਪੜਿਆ ਜਾ ਸਕਦਾ ਹੈ। ਇਸ ਵੇਦਨਾ ਨੂੰ ਮਹਿਸੂਸ ਕਰਦਿਆਂ, ਉਕਤ ਯਤਨ ਆਰੰਭੇ ਹਨ। ਇਹ ਕਿਨ੍ਹੇ ‘ਕੁ ਸਾਰਥਿਕ ਹਨ, ਪ੍ਰਬੁੱਧ ਅਤੇ ਪ੍ਰਬੀਨ ਸੱਜਣਾਂ ਦੇ ਸਨਮੁਖ ਹੈ।

ਸ਼ਬਦ-ਜੋੜ-ਵੀਚਾਰ :

ਗੁਰੂ ਗ੍ਰੰਥ ਸਾਹਿਬ ਦੇ ਪੰਨਾਂ ੪੦੬ ‘ਤੇ ਰਾਗ ਆਸਾ ਵਿੱਚ ਘਰ ਤੇਰਵ੍ਹੇਂ ਦੇ ੧੪੩ ਵੇਂ ਸ਼ਬਦ ਵਿੱਚ ਇਕ ਪੰਗਤੀ ਵਿਦਮਾਨ ਹੈ, ਜੋ ਸ਼ਬਦ-ਜੋੜ ਵੀਚਾਰ ਨਾਲ ਸੰਬੰਧਿਤ ਹੈ:

ਰਾਜ ਨ ਭਾਗ ਨ ਹੁਕਮ ਨ ਸਾਦਨ॥ ਕਿਛੁ ਕਿਛੁ ਨ ਚਾਹੀ॥ {ਪੰ.੪੦੬}

ਉਪਰੋਕਤ ਪੰਗਤੀ ਵਿੱਚ ਪ੍ਰਯੋਗ ਹੋਏ ਲਫ਼ਜ਼ਾਂ ਸੰਬੰਧੀ ਵਿਦਵਾਨ ਸੱਜਣਾਂ ਵਿੱਚ ਪਦ-ਛੇਦ ਸੰਬੰਧਤ ਪ੍ਰਸਪਰ ਵਿਖਰੇਵਾਂ ਹੈ। ਬਹੁਤਾਤ ਵਿੱਚ ਵਿਦਵਾਨ ਸੱਜਣ ਉਪਰੋਕਤ ਪਦ-ਵੰਡ ਨਾਲ ਹੀ ਸਹਿਮਤੀ ਪ੍ਰਗਟਾਉਂਦੇ ਹਨ। ਐਪਰ ਸ਼ਬਦ ਦੀ ਲੈਅ ਵੱਲ ਧਿਆਨ-ਗੋਚਰ ਹੋਇਆਂ,ਉੱਪਰ ਕੀਤੀ ਹੋਈ ਪੰਦ-ਵੰਡ ਰਵਾਨੀ ਵਿੱਚ ਬਿਘਨ ਪਾਉਂਦੀ ਹੈ। ਉਪਰੋਕਤ ਪਦ-ਵੰਡ ਗੁਰਬਾਣੀ ਦੀ ਲਗ-ਮਾਤ੍ਰੀ ਨਿਯਮਾਂਵਲੀ ਅਤੇ ਅਲੰਕਾਰਿਕ ਤੌਰ ‘ਤੇ ਭੀ ਦਰੁਸਤ ਨਹੀਂ ਜਾਪ ਰਹੀ।

ਗੁਰਬਾਣੀ-ਲਿਖਤ-ਸ਼ੈਲੀ ਮੂਜਬ :

ਗੁਰਬਾਣੀ ਦੀ ਲਿਖਤ-ਸ਼ੈਲੀ ਅਨੁਸਾਰ ਆਮੂਮਨ ਪੁਲਿੰਗ ਨਾਂਵ ਦੀ ਸ਼੍ਰੇਣੀ ਦੇ ਇਕਵਚਨੀ ਲਫ਼ਜ਼ ਨੂੰ ਉਕਾਰਾਂਤ(ਅੰਤ-ਔਂਕੜ) ਹੁੰਦਾ ਹੈ। ਜੇਕਰ ਉਪਰੋਕਤ ਰੂਪ ਦੀ ਵੰਡ ਨੂੰ ਦਰੁਸਤ ਮੰਨਦੇ ਹਾਂ, ਤਾਂ ‘ਰਾਜ, ਭਾਗ, ਹੁਕਮ’ ਨੂੰ ਉਕਾਰਾਂਤ ਚਾਹੀਦਾ ਹੈ, ਜੋ ਕਿ ਨਹੀਂ ਹੈ।

ਗੁਰਬਾਣੀ ਦੀ ਲਿਖਣ-ਸ਼ੈਲੀ ਮੂਜਬ ਨਾਂਵ ਸ਼੍ਰੇਣੀ ਨੂੰ ਬਹੁਵਚਨ ਬਨਾਉਣ ਦੇ ਦੋ ਕਾਇਦੇ ਨਜਰੀਂ ਪੈਂਦੇ ਹਨ: ਲਫ਼ਜ਼ ਨੂੰ ਅਕਾਰਾਂਤ (ਅੰਤ-ਮੁਕਤਾ) ਅਤੇ ਕਿਤੇ-ਕਿਤੇ ਖਾਸ ਇਲਾਕਈ-ਪ੍ਰਭਾਵ ਅੰਤ ‘ਨ’ ਲਗਾਈਦਾ ਹੈ। ਉਕਤ ਪੰਗਤੀ ਵਿੱਚ ਆਏ ਲਫ਼ਜ਼ਾਂ ਨੂੰ ਜੇਕਰ ‘ਰਾਜਨ, ਭਾਗਨ, ਹੁਕਮਨ’ ਬਣਾ ਲੈਂਦੇ ਹਾਂ, ਤਾਂ ਗੁਰਬਾਣੀ ਦੀ ਲਿਖਣ-ਸ਼ੈਲੀ ਅਨੁਸਾਰ ਇਹ ਲਫ਼ਜ਼ ਬਹੁਵਚਨ ਬਣ ਕੇ ਅਰਥ-ਪ੍ਰਸੰਗ ਨੂੰ ਵਧੇਰੇ ਪ੍ਰਗਟ ਕਰਦੇ ਹਨ। ਸਮੱਗਰ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਅੰਤ-‘ਨ’ ਲਗਾ ਕੇ ਬਹੁਵਚਨ ਦਾ ਨੇਮ ਬਹੁਤਾਤ ‘ਚ ਮਿਲਦਾ ਹੈ। ਇਸ ਪੰਗਤੀ ਤੋਂ ਅਗਲੇਰੀ ਤੁਕ ਦੀ ਸ਼ੈਲੀ ਉਪਰੋਕਤ ਵੀਚਾਰ ਨੂੰ ਦਰੁਸਤ ਸਿੱਧ ਕਰਦੀ ਹੈ:

"ਚਰਨਨ ਸਰਨਨ ਸੰਤਨ ਬੰਦਨ॥ਸੁਖੋ ਸੁਖੁ ਪਾਹੀ॥" {ਪੰ.੪੦੭}

ਗੁਰਬਾਣੀ ਵਿੱਚ ‘ਰਾਜਨ,ਹੁਕਮਨ’ ਆਦਿ ਲਫ਼ਜ਼ ਬਹੁਵਚਨ ‘ਚ ਪ੍ਰਯੋਗ ਹੋਏ ਪ੍ਰਾਪਤ ਹੁੰਦੇ ਹਨ।

ਅਲੰਕਾਰਿਕ ਮੂਜਬ :

ਸ਼ਬਦ ਦੇ ਦਰਸ਼ਨ-ਗੋਚਰ ਤੋਂ ਸਮੁੱਚੀਆਂ ਪੰਗਤੀ ਦੇ ਵਰਨਾਂ ਦੇ ਵੱਜਨ ਅਤੇ ਤੋਲ ਦੁਆਰਾ ਸਪਸ਼ਟ ਹੁੰਦਾ ਹੈ ਕਿ, ਅਨੁਪ੍ਰਾਸ ਅਲੰਕਾਰ ਦੀ ਵ੍ਰਿਤੀਯ ਕਿਸਮ ਪ੍ਰਯੋਗ ਕੀਤੀ ਗਈ ਹੈ। ਵੀਚਾਰ-ਅਧੀਨ ਪੰਗਤੀ ਵਿੱਚ ਭੀ ਜੇਕਰ ‘ਰਾਜਨ, ਭਾਗਨ, ਹੁਕਮਨ’ ਲਫ਼ਜ਼ ਤਕਸੀਮ ਕੀਤੇ ਜਾਂਦੇ ਹਨ, ਤਾਂ ਵ੍ਰਿਤਿਯਾ ਅਨੁਪ੍ਰਾਸ ਅਲੰਕਾਰ ਮੰਨਿਆ ਜਾ ਸਕਦਾ ਹੈ। ਸੋ, ਅਲੰਕਾਰਿਕ ਤੌਰ ‘ਤੇ ਭੀ ਵਜਨ, ਤੋਲ, ਲੈਅ ਦੇ ਅੰਤਰਗਤ ਪ੍ਰਚਲਤ ਪੰਦ-ਵੰਡ ਦਰੁਸਤ ਨਹੀਂ ਹੈ। ਅਲੰਕਾਰ ਨੂੰ ਬੋਧ ਵਿੱਚ ਰੱਖ ਕੇ ‘ਰਾਜਨ ਭਾਗਨ ਹੁਕਮਨ ਸਾਦਨ’ ਪਾਠ ਸ਼ੁੱਧ ਹੈ।

ਸਾਰੰਸ਼:

ਸਮੱਗਰ ਸਾਂਝੀ ਵੀਚਾਰ ਤੋਂ ਸਿੱਧ ਹੁੰਦਾ ਹੈ ਕਿ, ਉਪਰੋਕਤ ਪੰਗਤੀ ਦਾ ਪਾਠ, ਸ਼ਬਦ-ਜੋੜਾਂ ਦੀ ਬਣਤਰ ਇਸ ਪ੍ਰਕਾਰ ਹੋਣੀ ਚਾਹੀਦੀ ਹੈ :

ਰਾਜਨ ਭਾਗਨ ਹੁਕਮਨ ਸਾਦਨ॥ ਕਿਛੁ ਕਿਛੁ ਨ ਚਾਹੀ॥੨॥ {ਪੰ.੪੦੬}

ਇਹ ਸ਼ਬਦ-ਰੂਪ, ਗੁਰਬਾਣੀ ਦੀ ਲਿਖਣ-ਸ਼ੈਲੀ, ਅਲੰਕਾਰਿਕ-ਬਿਧ ਅਤੇ ਸਮੁਚੇ ਸ਼ਬਦ ਦੀ ਰਬਾਨੀ ਮੂਜਬ ਦਰੁਸਤ ਹੈ। ‘ਕਿਛੁ ਕਿਛੁ ਨ ਚਾਹੀ॥’ ਤੁਕ ਭੀ ਸਪਸ਼ਟ ਕਰਦੀ ਹੈ ਕਿ ‘ਨ’ ਨੂੰ ਨਾਹਵਾਚੀ ਅਰਥ ਅਰਥਾਉਣ ਲਈ ਵੱਖਰਾ ਕਰਨ ਦੀ ਜਰੂਰਤ ਨਹੀਂ ਹੈ। ਸੋ, ਇਹ ਰੂਪ ਹੀ ਯੁਕਤੀ-ਸੰਗਤ ਹੈ।

ਵੀਚਾਰ-ਅਧੀਨ ਪੰਗਤੀ ਦੇ ਅਰਥ :

ਰਾਜਨ- {ਬਹੁਵਚਨ ਨਾਂਵ} ਰਾਜ। ਭਾਗਨ-ਧੰਨ, ਪਦਾਰਥ। ਸਾਦਨ-ਮਹੱਲ, ਮਕਾਨ,ਘਰ।

"ਹੇ ਭਾਈ! ਰਾਜ, ਭਾਗ, ਹੁਕਮ ਅਤੇ ਮਹੱਲ-ਮਕਾਨ (ਆਦਿ ਵਿੱਚੋਂ) ਕੁੱਝ ਭੀ ਨਹੀਂ ਚਾਹੀਦਾ; ਚੁੰਕਿ, ਮੈਨੂੰ ਤਾਂ ਉਸ ਪਿਆਰੇ ਦਾ ਪ੍ਰੇਮ ਹੀ ਚਾਹੀਦਾ ਹੈ।

‘ਸਾਦਨ’ਲਫ਼ਜ਼ ਦਾ ਮਾਅਨਾ:

‘ਸਾਦਨ’ ਲਫ਼ਜ਼ ਦਾ ਅਰਥ ਗੁਰੂ ਗ੍ਰੰਥ ਸਾਹਿਬ ਦਰਪਨ ‘ਸੁਆਦਲੇ ਖਾਣੇ’ ਅਤੇ ਮਹਾਨ ਕੋਸ਼ ‘ਰੱਥ ਦਾ ਸਵਾਰ’ ਕਰਦਾ ਹੈ। ਐਪਰ ਇਹ ਅਰਥ ਭਾਸ਼ਾਈ ਤੌਰ ‘ਤੇ ਦਰੁਸਤ ਨਹੀਂ। ਸੰਸਕ੍ਰਿਤ ਦਾ ਧਾਤੂ ‘सद्’ ਦਾ ਅਰਥ ਹੈ: ‘ਬੈਠਣਾ’। ਇਸ ਧਾਤੂ ਤੋਂ ਚਾਰ ਲਫ਼ਜ਼ ਵਿਉਤਪਤ ਹੋਏ ਹਨ :साद:, सादनम्, सादिन्, सादि:’। ਇਹਨਾਂ ਵਿੱਚੋਂ ‘ਸਾਦਨਮ’ ਦਾ ਵਿਕਸਿਤ ਰੂਪ ‘ਸਾਦਨ’ ਉਕਤ ਪੰਗਤੀ ਵਿੱਚ ਵਰਤਿਆ ਗਿਆ ਹੈ। ਜਿਸ ਦੀ ਵਿਉਤਪਤੀ ‘सद्+णिच्+ल्युट्’(ਬੈਠਣ ਵਾਲਾ, ਸਥਿਤ, ਮਹੱਲ) ਹੈ। ਸੋ, ਇਸ ਦਾ ਅਰਥ ‘ਮਹਲ-ਮਕਾਨ’ ਹੈ। ਸ਼ਬਦਾਰਥ ਅਰਥ ‘ਮਹੱਲ’ ਕਰਦਾ ਹੈ। ਮਹਾਨ ਕੋਸ਼ ਦੇ ਅਰਥ ‘ਰੱਥ ਦਾ ਸਵਾਰ’ ਲਈ ਲਫ਼ਜ਼ ‘सादिन्’ (ਸਾਦਿਨ) ਹੈ,’सादन्’(ਸਾਦਨ) ਨਹੀਂ।

ਨੋਟ: ਵੀਚਾਰ-ਅਧੀਨ ਪੰਗਤੀ ਦੀ ਸ਼ਬਦ-ਜੋੜ ਅਤੇ ਅਰਥ ਵੀਚਾਰ ਇਸ ਲਿੰਕ ‘ਤੇ ਜਾ ਕੇ ਵੀ ਸੁਣੀ ਜਾ ਸਕਦੀ ਹੈ :

https://www.youtube.com/watch?v=87khxO2AtEA&t=1077s

ਭੁੱਲ-ਚੁਕ ਦੀ ਖਿਮਾਂ

[email protected]




.