ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਬਾਣੀ, ਬਾਣਾ ਤੇ ਕਿਰਦਾਰ
ਮਹਾਨ ਕੋਸ਼ ਅਨੁਸਾਰ
ਬਾਣੀ
ਦੇ ਅਰਥ ਹਨ--ਬਣੀ ਹੋਈ ਰਚਿਤ, "ਅਗਨਿ ਬਿੰਬ ਪਵਣੈ ਕੀ
ਬਾਣੀ ਤੀਨਿ ਨਾਮ ਕੇ ਦਾਸਾ` ਪ੍ਰਭਾਤੀ ਮਹਲਾ ੧ ਅਗਨਿ ਬਿੰਬ (ਜਲ) ਅਤੇ ਪਵਣ ਦੀ ਰਚਨਾ ਜਗਤ ਹੈ।
ਤਿੰਨ ਨਾਮ—ਤਾਮਸ, ਸਾਤਵਕ ਅਤੇ ਰਾਜਸ ਦੇ ਜੀਵ ਹਨ। ੨ ਬਾਣੀ ਦੀ ਸੰਗਿਆ ਰਚਨਾ ਤੇ ਬਨਾਵਟ ਲਈ ਵਰਤਿਆ
ਗਿਆ ਹੈ "ਬਰ ਖਸਿ ਬਾਣੀ ਬੁਦਬੁਦਾ ਹੇਰ ਬਸੰਤ ਮਹਲਾ ੧ ਵਰਖਾ ਵਿੱਚ ਜਿਵੇਂ ਬੁਲਬੁਲੇ ਦੀ ਰਚਨਾ ਹੈ।
ਭਾਈ ਕਾਹਨ ਸਿੰਘ ਜੀ ਨਾਭਾ ਅੱਗੇ ਲਿਖਦੇ ਹਨ—ਬਾਣਾ ਕਰਕੇ ਤੀਰਾਂ ਨਾਲ, ਹਰਿ ਪ੍ਰੇਮ ਬਾਣੀ ਮਨ ਮਾਰਿਆ
ਅਣੀਆਲੇ ਅਣੀਆ ਰਾਮ ਰਾਜੇ ਆਸਾ ਛੰਤ ਮਹਲਾ ੪ ਭਾਂਵੇ ਬਾਣੀ ਸ਼ਬਦ ਵੱਖੋ ਵੱਖਰੇ ਅਰਥਾਂ ਵਿੱਚ ਆਇਆ ਹੈ
ਪਰ ਏੱਥੇ ਬਾਣੀ ਗੁਰੂ ਗ੍ਰੰਥ ਸਾਹਿਬ ਵਿਚਲੀ ਰਚਨਾ ਲਈ ਵਰਤਿਆ ਗਿਆ ਹੈ ਜਿਵੇਂ ਕਿ "ਗੁਰਬਾਣੀ ਇਸ ਜਗ
ਮਹਿ ਚਾਨਣ" ਤੇ ਨਾਲ ਹੀ ਤਾਗੀਦ ਵੀ ਕੀਤੀ ਗਈ ਹੈ ਕਿ "ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ
ਬਾਣੀ"
ਸਮੁੱਚੇ ਤੌਰ `ਤੇ ਅਟੱਲ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਗੁਰਬਾਣੀ
ਕੇਵਲ ਸਿੱਖਾਂ ਲਈ ਹੀ ਨਹੀਂ ਹੈ ਸਗੋਂ ਸਮੁੱਚੀ ਮਾਨਵਤਾ ਦਾ ਅਧਿਆਤਕ ਜੀਵਨ ਨਿਰਧਾਰਤ ਕਰਦੀ ਹੈ। ਭਾਈ
ਗੁਰਦਾਸ ਜੀ ਦਾ ਵਾਕ ਹੈ।
"ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ"
ਦੁਜਾ ਸ਼ਬਦ
ਬਾਣਾ
ਆਉਂਦਾ ਹੈ- ਇਸ ਦੇ ਅਰਥ ਹਨ ਭੇਸ, ਲਿਬਾਸ, ਵ੍ਰਣ "ਕਲਿਜੁਗ
ਹੋਸੀ ਨੀਲਾ ਬਾਣਾ" (ਰਹਤ) ਸਰੀਰ `ਤੇ ਪਹਿਨੇ ਬਾਹਰਲੇ ਪਹਿਰਾਵੇ ਨੂੰ ਬਾਣਾ ਆਖਿਆ ਜਾਂਦਾ ਹੈ। ਭਾਈ
ਕਾਹਨ ਸਿੰਘ ਜੀ ਨਾਭਾ ਗੁਰਮਤ ਮਾਰਤੰਡ ਦੇ ਪੰਨਾ ੮੦੭ `ਤੇ ਲਿਖਦੇ ਹਨ ਕਿ "ਕਿਸੇ ਖਾਸ ਫ਼ਰਜ਼ (ਡਿਉਟੀ)
ਦੇ ਨਿਰਬਾਹ ਲਈ ਜੋ ਸਮਾਜ ਵਲੋਂ ਨਿਯਤ ਕੀਤਾ ਜਾਵੇ, ਉਸ ਦਾ ਪਹਿਰਣਾ ਨਿੰਦਤ ਨਹੀਂ। ਪਰ ਆਮ ਤੌਰ `ਤੇ
ਜੋ ਅਨੇ ਸਿੱਖ ਭਾਈਆਂ ਨੇ ਸਵਤੰਤਰ ਹੋ ਕੇ ਸੰਤ ਲਿਬਾਸ ਥਾਪ ਲਿਆ ਹੈ, ਅਰਥਾਤ ਛੋਟੀ ਪੱਗ, ਲੰਮਾ
ਕੁੜਤਾ ਜਾਂ ਚੋਲ਼ਾ, ਚਾਦਰ ਦੀ ਗਿਲ੍ਹਤੀ, ਕੰਬਲ਼ ਦਾ ਪਹਿਰਣਾ ਅਤੇ ਪਜਾਮੇ ਅਰ ਕੋਟ ਦਾ ਤਿਆਗ, ਜੁੱਤੀ
ਦੀ ਥਾਂ ਖੜਾਵਾਂ, ਇਸ ਦਾ ਸ਼ੁਮਾਰ ਭੇਖ ਵਿੱਚ ਹੈ"।
ਤੀਜਾ ਸ਼ਬਦ
ਕਿਰਦਾਰ
ਦਾ ਆਉਂਦਾ ਹੈ- ੧ ਇਸ ਦੀ ਸੰਗਿਆ ਕਰਮ ਹੈ- ੨ ਅਮਲ ਅਭਿਆਸ
"ਕਾਇਆ ਕਿਰਦਾਰ" (ਮਾਰੂ ਸੋਹਲੇ ਮ: ੪) ਦੇਹ ਨੂੰ ਅਮਲਾਂ ਵਾਲੀ ਕਰੋ-
ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਹਰ ਸਿੱਖ ਲਗਦੇ ਚਾਰੇ ਗੁਰਮੁਖੀ
ਅੱਖਰ ਸਿੱਖੇ ਤੇ ਆਪਣਾ ਸਹਿਜ ਪਾਠ ਜਾਰੀ ਰੱਖੇ। ਹਰ ਸਿੱਖ ਨੂੰ ਬਾਣੀ ਪੜ੍ਹਨ ਦਾ ਅਭਿਆਸ ਕਰਨਾ
ਚਾਹੀਦਾ ਹੈ।
ਦੂਜਾ ਪੰਥਕ ਰਹਿਤ ਮਰਯਾਦਾ ਅਨੁਸਾਰ ਕਕਾਰਾਂ ਦੀ ਰਹਿਤ ਦਾ ਧਾਰਨੀ ਹੋਣਾ
ਚਾਹੀਦਾ ਹੈ ਤੇ ਤੀਜਾ ਸਿੱਖ ਦਾ ਕਿਰਦਾਰ ਸੇਵਾ-ਭਾਵਨਾ, ਸਬਰ–ਸਿਦਕ, ਸੰਤੋਖ ਤੇ ਸੇਵਾ ਭਾਵਨਾ ਵਾਲੀ
ਬਿਰਤੀ ਦਾ ਧਾਰਨੀ ਹੋਵੇ ਤੇ ਲਾਲਚ-ਲੋਭ, ਪਰਵਾਰ ਵਾਦ, ਵਿਕਾਰੀ ਬਿਰਤੀ ਤੇ ਕਰਮ ਕਾਂਡਾਂ ਦਾ ਤਿਆਗੀ
ਹੋਵੇ।
ਵਿਚਾਰ ਚਰਚਾ—
ਚਾਹੀਦਾ ਤਾਂ ਇਹ ਸੀ ਕਿ ਹਰ ਸਿੱਖ ਬਾਣੀ ਦਾ ਅਭਿਆਸ ਕਰਦਾ ਤੇ ਕਰਮ ਕਾਂਡਾਂ
ਨੂੰ ਤਿਆਗਦਾ ਤੇ ਆਪਣੇ ਜੀਵਨ ਵਿੱਚ ਸਾਦਗੀ ਰੱਖਦਾ। ਆਪ ਬਾਣੀ ਪੜ੍ਹਨ ਵਿਚਾਰਨ ਵਾਲੇ ਸਿਧਾਂਤ ਦੀ
ਥਾਂ `ਤੇ ਹੁਣ ਅਸੀਂ ਜ਼ਿਆਦਾਤਰ ਦਿਖਾਵੇ ਦੇ ਅਖੰਡਪਾਠ ਜਾਂ ਸੁਖਣਾ ਦੀ ਪੂਰਤੀ ਲਈ ਕੇਵਲ ਸੁਖਮਨੀ
ਸਾਹਿਬ ਦੇ ਪਾਠਾਂ ਤੀਕ ਸੀਮਤ ਹੋ ਕੇ ਰਹਿ ਗਏ ਹਾਂ। ਬਾਣੀ ਪੜ੍ਹਨ ਵਾਲੀ ਅਵਸਥਾ ਹੁਣ ਸੰਪਟ ਪਾਠਾਂ
ਨੇ ਲੈ ਲਈ ਹੈ। ਦੇਸ–ਵਿਦੇਸ ਦੇ ਗੁਰਦੁਆਰਿਆਂ ਵਿੱਚ ਰਸਮੀ ਅਖੰਡਪਾਠ ਰਹਿ ਗਏ ਹਨ। ਕਈ ਥਾਂਈਂ
ਹੁਕਮਨਾਮੇ ਡਾਕ ਰਾਂਹੀ ਘਰਾਂ ਵਿੱਚ ਹੀ ਆ ਜਾਂਦੇ ਹਨ। ਗੁਰਬਾਣੀ ਵਾਕ ਹੈ—
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ।।
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ।।
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ।।
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ।।
ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ।। ੧।।
ਰਾਗ ਆਸਾ ਸਲੋਕ ਮ: ੧ ਪੰਨਾ ੪੬੭
ਅੱਖਰੀਂ ਅਰਥ
:
—ਜੇ ਇਤਨੀਆਂ ਪੋਥੀਆਂ ਪੜ੍ਹ
ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ;
ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇੱਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ
ਸਕਣ; ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ ਪੜ੍ਹ ਕੇ (ਸਾਲ ਦੇ) ਸਾਰੇ
ਮਹੀਨੇ ਬਿਤਾ ਦਿੱਤੇ ਜਾਣ; ਜੇ ਪੁਸਤਕਾਂ ਪੜ੍ਹ ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ
ਪੜ੍ਹ ਕੇ ਉਮਰ ਦੇ ਸਾਰੇ ਸੁਆਸ ਬਿਤਾਏ ਜਾਣ (ਤਾਂ ਭੀ ਰੱਬ ਦੀ ਦਰਗਾਹ ਵਿੱਚ ਇਸ ਵਿਚੋਂ ਕੁੱਝ ਭੀ
ਪਰਵਾਨ ਨਹੀਂ ਹੁੰਦਾ)।
ਬਾਣੇ ਦੇ ਅਰਥਾਂ ਨੂੰ ਅਸੀਂ ਇੰਝ ਸਮਝ ਲਿਆ ਹੈ ਕਿ ਕੋਈ ਖਾਸ ਕਿਸਮ ਦਾ
ਪਹਿਰਾਵਾ ਪਹਿਨਣ ਵਾਲਾ ਹੀ ਅਸਲ ਸਿੱਖ ਹੈ। ਇੰਜ ਅਸੀਂ ਬਾਹਰਲੇ ਪਹਿਰਾਵੇ ਨੂੰ ਹੀ ਬਾਣਾ ਸਮਝਿਆ
ਹੋਇਆ ਹੈ। ਬਾਹਰਲਾ ਪਹਿਰਾਵਾ ਤਨ ਢੱਕਣ ਲਈ ਹੈ ਗੁਰਬਾਣੀ ਵਾਕ ਹੈ—
ਭੇਖ ਅਨੇਕ ਅਗਨਿ ਨਹੀ ਬੁਝੈ।।
ਕੋਟਿ ਉਪਾਵ ਦਰਗਹ ਨਹੀ ਸਿਝੈ।।
ਗਉੜੀ ਸੁਖਮਨੀ ਮਹਲਾ ੫ ਪੰਨਾ ੨੬੬
ਅੱਖਰੀਂ ਅਰਥ--ਅਨੇਕਾਂ (ਧਾਰਮਿਕ) ਭੇਖ ਕੀਤਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ
ਬੁੱਝਦੀ, (ਇਹੋ ਜਿਹੇ) ਕ੍ਰੋੜਾਂ ਤਰੀਕੇ (ਵਰਤਿਆਂ ਭੀ ਪ੍ਰਭੂ ਦੀ) ਦਰਗਾਹ ਵਿੱਚ ਸੁਰਖ਼ਰੂ ਨਹੀਂ
ਹੋਈਦਾ।
ਗੁਰਦੇਵ ਪਿਤਾ ਹੀ ਇੱਕ ਹੋਰ ਵਾਕ ਸਾਡੇ ਸਾਹਮਣੇ ਰੱਖਦੇ ਹਨ—
ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ।।
ਬਿਨੁ ਸਬਦੈ ਕਿਨੈ ਨ ਪਾਇਓ ਦੁਖੀਏ ਚਲੇ ਰੋਇ।।
ਸਲੋਕ ਮ: ੩ ਪੰਨਾ ੧੨੪੦
ਅੱਖਰੀਂ ਅਰਥ--
ਮੁਨੀ
ਲੋਕ ਤੇ ਪੰਡਿਤ (ਧਾਰਮਿਕ ਪੁਸਤਕਾਂ) ਪੜ੍ਹ ਪੜ੍ਹ ਕੇ ਹਾਰ ਗਏ, ਭੇਖਾਂ ਵਾਲੇ ਸਾਧੂ ਤੀਰਥਾਂ ਉਤੇ
ਇਸ਼ਨਾਨ ਕਰ ਕਰ ਕੇ ਥੱਕ ਗਏ, ਪਰ ਸਿਫ਼ਤਿ-ਸਾਲਾਹ ਦੀ ਬਾਣੀ ਤੋਂ ਬਿਨਾ ਕਿਸੇ ਨੂੰ ਭੀ ਖਸਮ ਪ੍ਰਭੂ
ਨਹੀਂ ਮਿਲਿਆ, ਸਭ ਦੁਖੀ ਹੋ ਕੇ ਰੋ ਕੇ ਹੀ ਇਥੋਂ ਗਏ।
ਤੀਜਾ ਅੰਗ ਕਿਰਦਾਰ ਦਾ ਆਉਂਦਾ ਹੈ। ਸਾਡਾ ਕਿਰਦਾਰ ਕਿਹੋ ਜੇਹਾ ਹੈ ਇ ਸਬੰਧੀ
ਗੁਰਬਾਣੀ ਵਾਕ ਹੈ—
ਲਬੁ ਕੁਤਾ, ਕੂੜੁ ਚੂਹੜਾ, ਠਗਿ ਖਾਧਾ ਮੁਰਦਾਰੁ।।
ਪਰ ਨਿੰਦਾ ਪਰ ਮਲੁ ਮੁਖਿ ਸੁਧੀ, ਅਗਨਿ ਕ੍ਰੋਧੁ ਚੰਡਾਲੁ।।
ਰਸ ਕਸ ਆਪੁ ਸਲਾਹਣਾ, ਏ ਕਰਮ ਮੇਰੇ ਕਰਤਾਰ।। ੧।।
ਅਰਥ
:
—ਹੇ ਮੇਰੇ ਕਰਤਾਰ! ਮੇਰੀਆਂ
ਤਾਂ ਇਹ ਕਰਤੂਤਾਂ ਹਨ—ਖਾਣ ਦਾ ਲਾਲਚ (ਮੇਰੇ ਅੰਦਰ) ਕੁੱਤਾ ਹੈ (ਜੋ ਹਰ ਵੇਲੇ ਖਾਣ ਨੂੰ ਮੰਗਦਾ ਹੈ
ਭੌਂਕਦਾ ਹੈ), ਝੂਠ (ਬੋਲਣ ਦੀ ਵਾਦੀ ਮੇਰੇ ਅੰਦਰ) ਚੂਹੜਾ ਹੈ (ਜਿਸ ਨੇ ਮੈਨੂੰ ਬਹੁਤ ਨੀਵਾਂ ਕਰ
ਦਿੱਤਾ ਹੈ), (ਦੂਜਿਆਂ ਨੂੰ) ਠੱਗ ਕੇ ਖਾਣਾ (ਮੇਰੇ ਅੰਦਰ) ਮੁਰਦਾਰ ਹੈ (ਜੋ ਸੁਆਰਥ ਦੀ ਬਦਬੂ ਵਧਾ
ਰਿਹਾ ਹੈ), ਪਰਾਈ ਨਿੰਦਿਆ ਮੇਰੇ ਮੂੰਹ ਵਿੱਚ ਸਮੂਲਚੀ ਪਰਾਈ ਮੈਲ ਹੈ, ਕ੍ਰੋਧ-ਅੱਗ (ਮੇਰੇ ਅੰਦਰ)
ਚੰਡਾਲ (ਬਣੀ ਪਈ ਹੈ), ਮੈਨੂੰ ਕਈ ਚਸਕੇ ਹਨ, ਮੈਂ ਆਪਣੇ ਆਪ ਨੂੰ ਵਡਿਆਉਂਦਾ ਹਾਂ। ੧।
ਗੁਰਬਾਣੀ ਦਾ ਅਖੰਡਪਾਠ ਕਰਾਉਣਾ ਜਾਂ ਆਪ ਕਰਨਾ ਕੋਈ ਅਵੱਗਿਆ ਨਹੀਂ ਹੈ ਪਰ
ਬਾਣੀ ਦੇ ਨਾਂ `ਤੇ ਬਹੁਤੀ ਥਾਂਈਂ ਧੰਦਾ ਬਣ ਕੇ ਰਹਿ ਗਿਆ ਹੈ ਜੋ ਵਿਚਾਰਨ ਵਾਲਾ ਵਿਸ਼ਾ ਹੈ।
ਚੋਲ਼ਾ ਜਾਂ ਦੁਮਾਲਾ ਸਜਾਉਣਾ ਕੋਈ ਮਨਮਤ ਨਹੀਂ ਹੈ ਸਗੋਂ ਅਠਾਹਰਵੀਂ ਸਦੀ ਦਾ
ਪਹਿਰਾਵਾ ਹੈ। ਅੱਜ ਦੇ ਬੱਚੇ ਬੜੇ ਸ਼ੌਂਕ ਨਾਲ ਇਸ ਪਹਿਰਾਵੇ ਨੂੰ ਪਹਿਨਦੇ ਹਨ ਇਸ ਵਿੱਚ ਕਿਸੇ ਨੂੰ
ਕੋਈ ਉਜਰਦਾਰੀ ਨਹੀਂ ਹੈ। ਦੇਖਣ ਨੂੰ ਇਹ ਪਹਿਰਾਵਾ ਬੜਾ ਸੋਹਣਾ ਲੱਗਦਾ ਹੈ। ਪੁਰਾਣੇ ਗੁਰਸਿੱਖਾਂ ਦੀ
ਝਲਕ ਦਿਸਦੀ ਹੈ। ਇਸ ਲਿਬਾਸ ਨਾਲ ਜਦੋਂ ਸਾਡੇ ਬੱਚੇ ਗਤਕਾ ਖੇਡਦੇ ਹਨ ਤਾਂ ਦੁਨੀਆਂ ਦੇਖ ਕੇ ਅੱਸ਼
ਅੱਸ਼ ਕਰ ਉਠਦੀ ਹੈ। ਹੁਣ ਕਈ ਥਾਈਂ ਗਤਕੇ ਦੇ ਨਾਂ `ਤੇ ਵੀ ਸਟੰਟਬਾਜ਼ੀ ਸ਼ੁਰੂ ਹੋ ਗਈ ਹੈ। ਲਿਬਾਸ
ਸਿੱਖੀ ਵਾਲਾ ਹੋਣ ਕਰਕੇ ਗਤਕੇ ਦੇ ਨਾਂ ਥੱਲੇ ਕੀਤੀ ਜਾ ਰਹੀ ਸਟੰਟਬਾਜੀ ਵਿਚਾਰਨ ਵਾਲਾ ਵਿਸ਼ਾ ਹੈ।
ਇਹ ਬਾਣਾ ਦੇਖ ਕੇ ਲੋਕ ਕਹਿੰਦੇ ਸਨ ਕਿ ਮੋੜੀ ਬਾਬਾ ਕੱਛ ਵਾਲਿਆ ਰੰਨ ਗਈ
ਬਸਰੇ ਨੂੰ ਤੇ ਏਦਾਂ ਦਾ ਲਿਬਾਸ ਦੇਖ ਕੇ ਲੋਕ ਫੱਟ ਕਹਿ ਦੇਂਦੇ ਸਨ ਆਏ ਨੀ ਨਿਹੰਗ ਕੁੰਡਾ ਖੌਲ੍ਹ ਦੇ
ਨਿਸੰਗ। ਜਦੋਂ ਗੁਰੁ ਗੋਬਿੰਦ ਸਿੰਘ ਜੀ ਨੇ ਅਨੰਦ ਪੁਰ ਦਾ ਕਿਲ੍ਹਾ ਛੱਡਿਆ ਸੀ ਤਾਂ ਮਲਕਪੁਰ ਰੰਗੜਾ
ਵਿਖੇ ਇੱਕ ਝੜਪ ਵਿੱਚ ਭਾਈ ਬਚਿੱਤਰ ਸਿੰਘ ਜੀ ਬਹੁਤ ਜ਼ਿਆਦਾ ਜ਼ਖ਼ਮੀ ਹੋ ਗਏ ਸਨ। ਸਾਹਿਬਜ਼ਾਦਾ ਅਜੀਤ
ਸਿੰਘ ਤੇ ਆਪਣੇ ਸਾਥੀ ਮਦਨ ਸਿੰਘ ਤੇ ਹੋਰ ਸਿੰਘਾਂ ਦੀ ਸਹਾਇਤਾ ਨਾਲ ਭਾਈ ਬਚਿੱਤਰ ਸਿੰਘ ਜੀ ਨੂੰ
ਚੁੱਕ ਕੇ ਪਿੰਡ ਕੋਟਲਾ ਵਾਲੇ ਭਾਈ ਨਿਹੰਗ ਖਾਂ ਦੇ ਘਰ ਲੈ ਆਏ ਸਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ
ਪਹਿਲਾਂ ਹੀ ਮੌਜੂਦ ਸਨ। ਕੋਟਲੇ ਦੇ ਰਹਿਣ ਵਾਲੇ ਭਾਈ ਨਿਹੰਗ ਖਾਂ ਤੇ ਉਸ ਦੀ ਘਰਵਾਲੀ ਜ਼ੈਨਾ ਨੇ
ਜਿਹੜੀ ਸੇਵਾ ਕੀਤੀ ਡਾਕਟਰ ਹਰਜਿੰਦਰ ਸਿੰਘ ਜੀ ਦਿਲਗੀਰ ਹੁਰਾਂ ਬਾ ਕਮਾਲ ਦੀ ਲਿਖੀ ਹੈ। ਸਵੇਰੇ ਹੋਣ
ਤੋਂ ਪਹਿਲਾਂ ਹੀ ਗੁਰਦੇਵ ਪਿਤਾ ਜੀ ਅਗਾਂਹ ਚਾਲੇ ਪਾ ਗਏ ਸਨ ਤੇ ਸਰਕਾਰੀ ਅਹਿਲਕਾਰ ਤੇ ਫੌਜ ਗੁਰੁ
ਜੀ ਦੀ ਭਾਲ ਵਿੱਚ ਕੋਟਲਾ ਨਿਹੰਗ ਖਾਂ ਦੇ ਘਰ ਛਾਪਾ ਮਾਰ ਕੇ ਸਾਰਾ ਘਰ ਫੋਲ੍ਹ ਮਾਰਿਆ ਪਰ ਸਰਕਾਰੀ
ਫੌਜਦਾਰ ਨੂੰ ਓੱਥੋਂ ਕੁੱਝ ਵੀ ਪ੍ਰਾਪਤ ਨਾ ਹੋਇਆ। ਅਖੀਰ ਇੱਕ ਕਮਰਾ ਰਹਿ ਗਿਆ, ਫੋਜਦਾਰ ਉਸ ਕਮਰੇ
ਨੂੰ ਖੋਲਣ ਵਾਸਤੇ ਕਹਿਣ ਲੱਗਾ ਤਾਂ ਅੱਗੋਂ ਨਿਹੰਗ ਖਾਂ ਕਹਿਣ ਲੱਗਾ ਕਿ ਮੇਰਾ ਧੀ ਜੁਆਈ ਕਮਰੇ ਵਿੱਚ
ਅਰਾਮ ਕਰ ਰਹੇ ਹਨ। ਭਾਈ ਨਿਹੰਗ ਖਾਂ ਦੀ ਇਹ ਗੱਲ ਸੁਣ ਕੇ ਫੌਜਦਾਰ ਓੱਥੋਂ ਚਲਾ ਗਿਆ। ਇਹ ਦੋ ਗੁਰੂ
ਦੇ ਸਿੱਖ ਹਨ ਦੋਹਾਂ ਦਾ ਧਰਮ ਵੱਖੋ ਵੱਖਰਾ ਹੈ ਪਰ ਕਿਰਦਾਰ ਗੁਰੂ ਦੀ ਗੁਰਬਾਣੀ ਵਾਲਾ ਹੈ। ਗੁਰੂ ਦੇ
ਨਾਂ ਤੋਂ ਇੱਕ ਦੂਜੇ ਤੋਂ ਮਰ ਮਿਟਣ ਲਈ ਹੈ। ਇੱਕ ਦੂਜੇ ਤੇ ਕਿੰਨਾ ਭਰੋਸਾ ਹੈ। ਵਾਹ ਕਲਗੀਆਂ ਵਾਲਿਆ
ਕਿੰਨੀ ਰੂਹਾਨੀਅਤ ਇਹਨਾਂ ਵਿੱਚ ਭਰੀ ਆ ਪਈ। ਇਹ ਸਿੱਖੀ ਦੇ ਉਹ ਕਿਰਦਾਰ ਹੈ ਜਿਹੜਾ ਬਿਆਨ ਨਹੀਂ
ਕੀਤਾ ਜਾ ਸਕਦਾ।
ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ।।
ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ।। ੧।।
ਬਿਲਾਵਲ ਮਹਲਾ ੩ ਪੰਨਾ ੭੯੭
ਅੱਖਰੀਂ ਅਰਥ
:
—ਹੇ ਭਾਈ! ਜਿਸ ਮਨੁੱਖ ਨੂੰ
ਗੁਰੂ ਦੀ ਸਿੱਖਿਆ ਉਤੇ ਯਕੀਨ ਆ ਜਾਂਦਾ ਹੈ, ਉਹ ਮਨੁੱਖ ਗੁਰੂ (ਦੇ ਉਪਦੇਸ਼) ਵਿੱਚ ਲੀਨ ਰਹਿੰਦਾ ਹੈ।
ਜੇਹੜਾ ਮਨੁੱਖ ਗੁਰੂ ਦੀ ਇਸ ਬਾਣੀ ਨਾਲ ਦਿਲੋਂ ਸਾਂਝ ਪਾ ਲੈਂਦਾ ਹੈ, ਉਸ ਦੇ ਅੰਦਰ ਪਰਮਾਤਮਾ ਦਾ
ਨਾਮ ਸਦਾ ਟਿਕਿਆ ਰਹਿੰਦਾ ਹੈ। ੧। ਰਹਾਉ।
ਬੀਬੀ ਜ਼ੈਨਾ ਜੀ ਭਾਈ ਨਿਹੰਗ ਖਾਂ ਜੀ ਤੇ ਉਹਨਾਂ ਦੀ ਬੇਟੀ ਬੀਬੀ ਮੁਮਤਾਜ
ਦੂਜੇ ਪਾਸੇ ਭਾਈ ਬਚਿੱਤਰ ਸਿੰਘ ਕਿੱਡਾ ਵੱਡਾ ਭਰੋਸਾ ਗੁਰੂ ਤੇ ਹੈ। ਭਾਈ ਨਿਹੰਗ ਖਾਂ ਦਾ ਕਿਰਦਾਰ
ਅੱਖਰਾਂ ਦੀ ਬੰਦਸ਼ ਵਿੱਚ ਨਹੀਂ ਆਉਂਦਾ। ਉਸ ਦੀ ਰੂਹਾਨੀਅਤ ਤੋਲੀ ਨਾਪੀ ਨਹੀਂ ਜਾ ਸਕਦੀ।
ਕਈ ਵਾਰੀ ਸਚੀਦਾ ਹੈ ਕਿ
ਜੇ ਖੇਤ ਵਿੱਚ ਕੁੱਝ ਵੀ ਨਾ ਬਜਿਆ ਹੋਵੇ ਤੇ ਉਸ ਦੇ ਬਾਹਰ ਵਾੜ ਕੀਤੀ ਹੋਵੇ ਤਾਂ ਕੀ ਉਸ ਵਾੜ ਦਾ
ਕੋਈ ਲਾਭ ਹੈ। ਏਸੇ ਤਰ੍ਹਾਂ ਜੇ ਸਾਡੇ ਜੀਵਨ ਵਿੱਚ ਗੁਰਬਾਣੀ ਸਿਧਾਂਤ ਨਹੀਂ ਹੈ ਤਾਂ ਕੀ ਨਿਰਾ
ਅਠਰਾਵੀਂ ਸਦੀ ਵਾਲਾ ਪਹਿਰਾਵਾ ਪਾ ਕੇ ਅਸੀਂ ਸਿੱਖ ਬਣ ਸਕਦੇ ਹਾਂ?
ਗੁਰਬਾਣੀ ਸੁਣਨ ਨਾਲ ਮਨ ਵਿਚੋਂ ਹੰਕਾਰ ਦੂਰ ਹੁੰਦਾ ਹੈ ਤੇ ਮਨ ਵਿੱਚ
ਨਿੰਮ੍ਰਤਾ ਆਉਂਦੀ ਹੈ—
ਗੁਰਬਾਣੀ ਸੁਨਤ ਮੇਰਾ ਮਨੁ ਦ੍ਰਵਿਆ ਮਨੁ ਭੀਨਾ ਨਿਜ ਘਰਿ ਆਵੈਗੋ।।
ਤਹ ਅਨਹਤ ਧੁਨੀ ਬਾਜਹਿ ਨਿਤ ਬਾਜੇ ਨੀਝਰ ਧਾਰ ਚੁਆਵੈਗੋ।। ੩।।
ਕਾਨੜਾ ਮਹਲਾ ੪ ਪੰਨਾ ੧੩੦੮
ਅੱਖਰੀਂ ਅਰਥ--ਹੇ ਮਨ! ਗੁਰੂ ਦੀ ਮਤਿ ਦੀ ਬਰਕਤਿ ਨਾਲ (ਭਗਤ ਨੂੰ) ਪਰਮਾਤਮਾ
ਦਾ ਨਾਮ ਪਿਆਰਾ ਲੱਗਣ ਲਗ ਪੈਂਦਾ ਹੈ, ਗੁਰੂ (ਉਸ ਦੇ ਮੂੰਹੋਂ ਸਿਫ਼ਤਿ-ਸਾਲਾਹ ਦੇ) ਮਿੱਠੇ ਬਚਨ (ਹੀ)
ਕਢਾਂਦਾ ਹੈ। ਗੁਰੂ ਦੀ ਬਾਣੀ ਦੀ ਰਾਹੀਂ (ਭਗਤ) ਸ੍ਰੇਸ਼ਟ ਪੁਰਖ ਪਰਮਾਤਮਾ ਨੂੰ (ਮਿਲ ਪੈਂਦਾ ਹੈ, ਇਸ
ਵਾਸਤੇ ਭਗਤ ਸਦਾ) ਗੁਰੂ ਦੀ ਬਾਣੀ ਨਾਲ (ਆਪਣਾ) ਚਿੱਤ ਪੱਘਰ ਜਾਂਦਾ ਹੈ; ਮੇਰਾ ਮਨ (ਨਾਮ-ਰਸ ਨਾਲ)
ਭਿੱਜ ਜਾਂਦਾ ਹੈ, (ਬਾਹਰ ਭਟਕਣ ਦੇ ਥਾਂ) ਆਪਣੇ ਅਸਲ ਸਰੂਪ ਵਿੱਚ ਟਿਕਿਆ ਰਹਿੰਦਾ ਹੈ। ਹਿਰਦੇ ਵਿੱਚ
ਇਉਂ ਆਨੰਦ ਬਣਿਆ ਰਹਿੰਦਾ ਹੈ, (ਮਾਨੋ) ਉਸ ਹਿਰਦੇ ਵਿੱਚ ਇਕ-ਰਸ ਸੁਰ ਨਾਲ ਵਾਜੇ ਵੱਜਦੇ ਰਹਿੰਦੇ
ਹਨ, (ਮਾਨੋ) ਚਸ਼ਮੇ (ਦੇ ਪਾਣੀ) ਦੀ ਧਾਰ ਚਲਦੀ ਰਹਿੰਦੀ ਹੈ। ੩।
ਜਿੱਥੇ ਸਰੀਰ ਤੇ ਤਲ਼ `ਤੇ ਤਨ ਢੱਕਣ ਲਈ ਕਪੜਿਆਂ ਦਾ ਪਹਿਰਾਵਾ ਹੈ, ਓੱਥੇ
ਗੁਰਬਾਣੀ ਦੁਆਰਾ ਢਲ਼ੀ ਅੰਤਰ ਆਤਮਾ ਦਾ ਵੀ ਇੱਕ ਪਹਿਰਾਵਾ ਹੈ ਜਿਹੜਾ ਸਾਡੇ ਸੁਭਾਓ ਵਿਚੋਂ ਪ੍ਰਗਟ
ਹੋਣਾ ਹੈ। ਰੋਜ਼ਮਰਾ ਦੇ ਜੀਵਨ ਵਿਚੋਂ ਲੋਕਾਂ ਸਾਹਮਣੇ ਆਉਣਾ ਹੈ। ਜਦੋਂ ਬਾਣੀ ਦੀ ਗੱਲ ਕੀਤੀ ਜਾਂਦੀ
ਹੈ ਤਾਂ ਨਾਲ ਹੀ ਗੁਰਬਾਣੀ ਦੁਆਰਾ ਢੱਲ਼ੇ ਹੋਏ ਸੁਭਾਓ ਰੂਪੀ ਪਹਿਰਾਵੇ ਨੂੰ ਬਾਣਾ ਕਿਹਾ ਗਿਆ ਹੈ।
ਗੁਰਬਾਣੀ ਦੁਆਰਾ ਬਾਣਾ ਅਸਲ ਵਿੱਚ ਅੰਦਰਲੇ ਪਹਿਰਾਵੇ ਦਾ ਨਾਂ ਹੈ ਜੇਹਾ ਕਿ ਫਰੀਦ ਸਾਹਿਬ ਜੀ
ਫਰਮਾਉਂਦੇ ਹਨ—
ਨਿਵਣੁ ਸੁ ਅਖਰੁ, ਖਵਣੁ ਗੁਣੁ, ਜਿਹਬਾ ਮਣੀਆ ਮੰਤੁ।।
ਏ ਤ੍ਰੈ ਭੈਣੇ ਵੇਸ ਕਰਿ, ਤਾਂ ਵਸਿ ਆਵੀ ਕੰਤੁ।। ੧੨੭।।
ਸਲੋਕ ਸੇਖ ਫਰੀਦ ਜੀ ਪੰਨਾ ੧੩੮੪
ਅੱਖਰੀਂ ਅਰਥ-—
ਹੇ ਭੈਣ! ਨਿਊਣਾ ਅੱਖਰ ਹੈ, ਸਹਾਰਨਾ ਗੁਣ ਹੈ, ਮਿੱਠਾ ਬੋਲਣਾ ਸ਼ਿਰੋਮਣੀ ਮੰਤਰ ਹੈ। ਜੇ ਇਹ ਤਿੰਨ
ਵੇਸ ਕਰ ਲਏਂ ਤਾਂ (ਮੇਰਾ) ਖਸਮ (ਤੇਰੇ) ਵੱਸ ਵਿੱਚ ਆ ਜਾਇਗਾ। ੧੨੭।
ਗੁਰਬਾਣੀ ਨੂੰ ਪੜ੍ਹਿਆ ਤੇ ਵਿਚਾਰਦਿਆਂ ਜੀਵਨ ਦੇ ਅਸਲੀ ਮਹੱਤਵ ਦਾ ਪਤਾ
ਚੱਲਦਾ ਹੈ। ਗੁਰਬਾਣੀ ਇੱਕ ਕਿਰਦਾਰ ਨਿਰਧਾਰਤ ਕਰਦੀ ਹੈ ਜਿਸ ਬਾਬਾ ਫਰੀਦ ਜੀ ਆਪਣੇ ਸ਼ਬਦਾਂ ਵਿੱਚ
ਫਰਮਾਉਂਦੇ ਹਨ—
ਮਤਿ ਹੋਦੀ ਹੋਇ ਇਆਣਾ।। ਤਾਣ ਹੋਦੇ ਹੋਇ ਨਿਤਾਣਾ।।
ਅਣਹੋਦੇ ਆਪੁ ਵੰਡਾਏ।। ਕੋਈ ਐਸਾ ਭਗਤੁ ਸਦਾਏ।। ੧੨੮।।
ਸ਼ਲੋਕ ਸ਼ੇਖ਼ ਫ਼ਰੀਦ ਜੀ ਦੇ ਪੰਨਾ ਪੰਨਾ ੧੩੮੪
ਅਰਥ: — (
ਜੋ
ਮਨੁੱਖ) ਅਕਲ ਹੁੰਦਿਆਂ ਭੀ ਅੰਞਾਣਾ ਬਣੇ (ਭਾਵ, ਅਕਲ ਦੇ ਤ੍ਰਾਣ ਦੂਜਿਆਂ ਤੇ ਕੋਈ ਦਬਾਉ ਨ ਪਾਏ),
ਜ਼ੋਰ ਹੁੰਦਿਆਂ ਕਮਜ਼ੋਰਾਂ ਵਾਂਗ ਜੀਵੇ (ਭਾਵ, ਕਿਸੇ ਉਤੇ ਧੱਕਾ ਨਾ ਕਰੇ), ਜਦੋਂ ਕੁੱਝ ਭੀ ਦੇਣ-ਜੋਗਾ
ਨਾਹ ਹੋਵੇ, ਤਦੋਂ ਆਪਣਾ ਆਪ (ਭਾਵ, ਆਪਣਾ ਹਿੱਸਾ) ਵੰਡ ਦੇਵੇ, ਕਿਸੇ ਅਜੇਹੇ ਮਨੁੱਖ ਨੂੰ (ਹੀ) ਭਗਤ
ਆਖਣਾ ਚਾਹੀਦਾ ਹੈ। ੧੨੮।
ਸਿੱਖ ਇਤਿਹਾਸ ਅਜੇਹੇ ਸੂਰਬਰਿ ਯੋਧਿਆਂ ਨਾਲ ਭਰਿਆ ਹੋਇਆ ਹੈ ਜਿੰਨ੍ਹਾਂ ਨੇ
ਸੱਚ `ਤੇ ਜ਼ਿਉਂਦਿਆਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸ਼ਹਾਦਤ ਦੇ ਦਿੱਤੀ। ਬਾਬਾ ਬੰਦਾ ਸਿੰਘ ਜੀ
ਬਹਾਦਰ ਦਾ ਜੀਵਨ ਜਦੋਂ ਦੇਖਦੇ ਹਾਂ ਪੱਟਾਂ `ਤੇ ਸਾਢੇ ਚਾਰ ਸਾਲ ਦਾ ਬੱਚਾ ਰੱਖਿਆ ਹੋਇਆ ਹੈ। ਦਿੱਲੀ
ਦਰਬਾਰ ਵਲੋਂ ਨਿਰਧਾਰਤ ਕਾਜ਼ੀ ਅਤੇ ਹੋਰ ਸਰਕਾਰੀ ਅਫ਼ਸਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਪੁੱਤਰ
ਸ਼ਹੀਦ ਕਰਨ ਲਈ ਆਖਦੇ ਹਨ। ਬਾਬਾ ਜੀ ਅੱਗੋਂ ਉੱਤਰ ਦੇਂਦੇ ਹਨ ਕਿ "ਮੁਲਕ ਦੇ ਅਖੋਤੀ ਹਾਕਮੋ ਇਹ ਤੇ
ਮੇਰਾ ਬੇਟਾ ਹੈ ਜੇ ਤੁਹਾਡਾ ਬੇਟਾ ਵੀ ਹੋਏ ਤਾਂ ਮੈਂ ਉਸ ਨੂੰ ਵੀ ਮਾਰਨ ਲਈ ਤਿਆਰ ਨਹੀਂ ਹਾਂ
ਕਿਉਂਕਿ ਬੱਚੇ ਸਭ ਤੇ ਸਾਂਝੇ ਹੁੰਦੇ ਹਨ"। ਅਜੇਹਾ ਉੱਤਰ ਸੁਣ ਕੇ ਕਾਜ਼ੀ ਦੀ ਰੂਹ ਕੰਬ ਗਈ ਤੇ ਉਸ ਨੇ
ਬਾਬਾ ਜੀ ਦੀ ਜ਼ਬਾਨ ਟੱਕਣ ਦਾ ਫਤਵਾ ਦੇ ਦਿੱਤਾ। ਜ਼ਾਲਮ ਹਕੂਮਤ ਦੇ ਹੁਕਮ ਨਾਲ ਬਾਬਾ ਜੀ ਦੇ ਬੱਚੇ
ਨੂੰ ਜ਼ਿਬਾ ਕੀਤਾ ਗਿਆ ਤੇ ਉਸ ਦਾ ਦਿੱਲ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਇਆ। ਬਾਬਾ ਜੀ
ਦੀਆਂ ਅੱਖਾਂ ਵਿਚੋਂ ਅਣਖ਼ ਗੈਰਤ ਡੁੱਲ੍ਹ ਡੁੱਲ੍ਹ ਪੈਂਦੀ ਸਰਾਕਰੀ ਕਰੰਦਿਆਂ ਤੋਂ ਬਰਦਾਸ਼ਤ ਨਾ ਹੋਈ
ਤੇ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਹੀ ਕੱਢ ਦਿੱਤੀਆਂ। ਸਰੀਰਕ ਹਰਕਤ ਨੇ ਮੁਗਲੀਆ
ਦਰਬਾਰ ਨੂੰ ਲਲਕਾਰਿਆ ਤਾਂ ਬਾਬਾ ਜੀ ਦਾ ਸਾਰਾ ਸਰੀਰ ਨੂੰ ਜਬੂੰਰਾਂ ਨਾਲ ਨੋਚ ਨੋਚ ਕੇ ਉਧੇੜ ਦਿੱਤਾ
ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਨਾਨਕਈ ਫਲਸਫੇ ਨੂੰ ਕਾਇਮ ਰੱਖਦਿਆਂ ਸ਼ਹੀਦੀ ਦੀ ਉਹ ਮਿਸਾਲ ਕਾਇਮ
ਕੀਤੀ ਜਿਹੜੀ ਰਹਿੰਦੀ ਦੁਨੀਆਂ ਤੀਕ ਕਾਇਮ ਰਹੇਗੀ।
ਇਹ ਉਹ ਕਿਰਦਾਰ ਹੈ ਜਿਹੜਾ ਗੁਰਬਾਣੀ ਅਨੁਸਾਰ ਘੜਿਆ ਗਿਆ ਹੈ ਜਿਸ ਨੂੰ ਦਿੱਲ
ਦੀ ਗਹਿਰਾਈ ਨਾਲ ਧੁਰ ਅੰਦਰ ਉੱਤਰ ਕੇ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਕਾਗ਼ਜ਼ਾਂ ਤੇ ਲਿਖਿਆ ਨਹੀਂ ਜਾ
ਸਕਦਾ। ਬਾਬਾ ਬੰਦਾ ਸਿੰਘ ਨੂੰ ਐਵੇਂ ਨਹੀਂ ਬਹਾਦਰ ਕਿਹਾ ਗਿਆ। ਬਾਬਾ ਜੀ ਆਪਣੀ ਅਣੋਖ਼ੀ ਸ਼ਹਾਦਤ ਦੇ
ਕੇ ਸਿੱਖੀ ਸੰਘਰਸ਼ੀ ਕਿਰਦਾਰ ਦਾ ਇੱਕ ਨਵਾਂ ਅਧਿਆਏ ਲਿਖ ਗਏ ਹਨ।
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ।।
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ।। ੧।।
ਧਨਾਸਰੀ ਮਹਲਾ ੫ ਪੰਨਾ ੬੭੯
ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤ ਮਾਰਤੰਡ ਦੇ ਪੰਨਾ ੮੦੭ `ਤੇ ਲਿਖਦੇ ਹਨ
ਕਿ ਕਿਸੇ ਕਛਹਿਰੇ ਤੇ ਦਸਤਾਰ ਤੋਂ ਛੁੱਟ ਕਿਸੇ ਪਰਕਾਰ ਦਾ ਲਿਬਾਸ ਪਹਿਨਿਆ ਜਾਏ ਕਿਸੇ ਦਾ ਕੋਈ ਤਰਕ
ਨਹੀਂ ਹੋ ਸਕਦਾ। ਸੋ ਬਾਣੀ ਸੱਚਾ ਗਿਆਨ, ਬਾਣਾ-ਵਰਤੋਂ ਵਿਹਾਰ ਜਿਸ ਦੁਆਰਾ ਕਿਰਦਾਰ ਘੜਿਆ ਜਾਂਦਾ
ਹੈ।