ਸਤਿੰਦਰਜੀਤ
ਸਿੰਘ
ਪਉੜੀ-4
ਸਾਚਾ ਸਾਹਿਬੁ ਸਾਚੁ ਨਾਇ
ਭਾਖਿਆ ਭਾਉ ਅਪਾਰੁ॥
ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਉਹ ਪ੍ਰਮਾਤਮਾ (ਸਾਹਿਬੁ) ਹਮੇਸ਼ਾ ਸੱਚ ਹੈ, ਉਸਦੀ ਹੋਂਦ
ਹਮੇਸ਼ਾ ਲਈ (ਸਾਚਾ) ਹੈ ਅਤੇ ਉਸਦੇ ਗੁਣ, ਨਿਯਮ (ਨਾਇ) ਵੀ ਹਮੇਸ਼ਾ ਸੱਚ ਅਤੇ ਸਦਾ ਲਈ ਰਹਿਣ ਵਾਲੇ
ਹਨ, ਉਸਦੀ ਬੋਲੀ (ਭਾਖਿਆ) ਵਿੱਚ ਬੇਅੰਤ (ਅਪਾਰੁ) ਪਿਆਰ (ਭਾਉ) ਅਤੇ ਮਿਠਾਸ ਹੈ ਭਾਵ ਕਿ ਪ੍ਰਮਾਤਮਾ
ਦੇ ਗੁਣ ਹਮੇਸ਼ਾ ਲਈ ਰਹਿਣ ਵਾਲੇ ਹਨ ਜੋ ਵੀ ਇਹਨਾਂ ਗੁਣਾਂ ਨੂੰ ਅਪਣਾ ਲੈਂਦਾ ਹੈ, ਉਸਦੀ ਬੋਲੀ
ਵਿੱਚ ਨਿਮਰਤਾ ਅਤੇ ਮਿਠਾਸ ਆ ਜਾਂਦੀ ਹੈ
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ॥
ਜਿਹੜਾ ਵੀ ਕੋਈ ਇਸ ਨਿਮਰਤਾ ਅਤੇ ਮਿਠਸ ਵਾਲੇ ਜੀਵਨ ਦੀ ਇੱਛਾ ਕਰਦਾ ਹੈ, ਮੰਗ ਕਰਦਾ ਹੈ
ਤਾਂ ਪ੍ਰਮਾਤਮਾ ਉਸਨੂੰ ਇਹ ਦਾਤ ਬਖਸ਼ਦਾ ਹੈ ਭਾਵ ਜਿਹੜਾ ਵੀ ਮਨੁੱਖ ਗੁਣਾਂ ਨਾਲ ਸਾਂਝ ਪਾ ਲੈਂਦਾ
ਹੈ, ਉਸਦਾ ਜੀਵਨ ਸਚਿਆਰਾ, ਨਿਮਰਤਾ ਅਤੇ ਮਿੱਠੇ ਸੁਭਾਅ ਵਾਲਾ ਹੋ ਜਾਂਦਾ ਹੈ।
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ॥
ਗੁਰੂ ਸਾਹਿਬ ਆਖ ਰਹੇ ਹਨ ਕਿ ਜੇਕਰ ਸੰਸਾਰ ਦਾ ਸਾਰਾ ਸੁੱਖ,ਸੰਤੁਸ਼ਟੀ, ਖੁਸ਼ੀ ਆਦਿ ਸਭ ਉਸ
ਪ੍ਰਮਾਤਮਾ ਦੇ ਗੁਣਾਂ ਅਤੇ ਸੱਚ ਦੇ ਉਪਦੇਸ਼ ਨੂੰ ਜੀਵਨ ਵਿੱਚ ਧਾਰ ਕੇ ਹੀ ਮਿਲ ਸਕਦਾ ਹੈ ਤਾਂ ਫਿਰ
ਇਹਨਾਂ ਸਭ ਅੱਗੇ ਹੋਰ ਕੀ (ਕਿ) ਰੱਖ ਸਕਦੇ ਹਾਂ ਕਿ ਸਭ ਕੁੱਝ ਮਿਲ ਜਾਵੇ..? ਭਾਵ ਕਿ ਪ੍ਰਮਾਤਮਾ ਦੇ
ਗੁਣਾਂ ਅਤੇ ਚੰਗਿਆਈ ਤੋਂ ਉੱਪਰ ਕੁੱਝ ਵੀ ਨਹੀਂ ਹੈ ਜਿਸ ਨਾਲ ਮਾਨਸਿਕ ਸੰਤੁਸ਼ਟੀ ਅਤੇ ਖੁਸ਼ੀ ਮਿਲ
ਸਕੇ
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ॥
ਐਸਾ ਕਿਹੜਾ (ਕਿ) ਬੋਲ ਮੂੰਹ ਚੋਂ ਬੋਲੀਏ ਕਿ ਜਿਸਨੂੰ ਸੁਣ ਕੇ ਸੁਨਣ ਵਾਲੇ ਮਨ ਵਿੱਚ ਮਾਣ-ਸਤਿਕਾਰ
ਅਤੇ ਪਿਆਰ, ਇੱਜਤ ਪੈਦਾ ਹੋਵੇ, ਇਹ ਗੁਣ ਉਸਦੇ ਅੰਦਰ ਟਿਕ (ਧਰੇ) ਜਾਣ ? ਭਾਵ ਕਿ ਪ੍ਰਮਾਤਮਾ ਦੀ
ਵਡਿਆਈ ਅਤੇ ਸੱਚ ਦੀ ਬੋਲੀ, ਪਿਆਰ ਅਤੇ ਨਿਮਰਤਾ ਨਾਲ ਭਰੀ ਬੋਲੀ ਤੋਂ ਉੱਪਰ ਕੁੱਝ ਨਹੀਂ ਜਿਸ ਨਾਲ
ਸੰਸਾਰ ਵਿੱਚ ਸੋਭਾ, ਵਡਿਆਈ ਮਿਲ ਸਕੇ।
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥
ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਕੋਈ ਵਿਰਲਾ ਹੀ ਹੈ ਜੋ ਸਵੇਰ ਦੇ ਟਿਕਾਉ ਵੇਲੇ, ਅੰਮ੍ਰਿਤ
ਵੇਲੇ, ਉਸ ਪ੍ਰਮਾਤਮਾ ਦੇ ਗੁਣਾਂ (ਸਚੁ ਨਾਉ) ਦੀ ਸਿਫਤ ਸਲਾਹ ਕਰਦਾ ਹੈ, ਉਸਦੇ ਗੁਣ ਗਾਉਂਦਾ ਹੈ
ਅਤੇ ਸਚਿਆਰਾ ਮਨੁੱਖ ਬਣਨ ਦਾ ਉੱਦਮ ਕਰਦਾ ਹੈ
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥
ਮਨੁੱਖ ਨੂੰ ਉਸਦੇ ਉੱਦਮ (ਕਰਮੀ) ਨਾਲ ਹੀ ਵਿਕਾਰਾਂ ਤੋਂ ਖਲਾਸੀ, ਮੁਕਤੀ (ਮੋਖੁ) ਮਿਲਦੀ
ਹੈ ਅਤੇ ਗੁਣਾਂ ਦਾ ਘਰ (ਦੁਆਰੁ) ਦਿਸਦਾ ਹੈ ਭਾਵ ਕਿ ਮਨੁੱਖ ਦੇ ਦਿਨ ਦੀ ਸ਼ੁਰੂਆਤ ਤੋਂ ਲੈ ਕੇ
ਕੀਤੇ ਚੰਗੇ ਕੰਮ, ਉਸਨੂੰ ਵਿਕਾਰਾਂ ਤੋਂ ਗੁਣਾਂ ਵੱਲ ਲੈ ਜਾਂਦੇ ਹਨ ਅਤੇ ਉਸਦਾ ਜੀਵਨ ਗੁਣਾਂ ਨਾਲ
ਭਰਪੂਰ ਹੋ ਜਾਂਦਾ ਹੈ, ਨਿਮਰਤਾ ਵਾਲਾ ਹੋ ਜਾਂਦਾ ਹੈ, ਇਸ ਤਰ੍ਹਾਂ ਪ੍ਰਮਾਤਮਾ ਦੇ ਗੁਣ, ਮਨੁੱਖ ਦੇ
ਵਿਕਾਰਾਂ ਤੇ ਪਰਦਾ (ਕਪੜਾ) ਪਾ ਦਿੰਦੇ ਹਨ ਭਾਵ ਕਿ ਵਿਕਾਰਾਂ ਨੂੰ ਢਕ ਲੈਂਦੇ ਹਨ
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥੪॥
ਨਾਨਕ (ਭਾਵ ਕਿ ਮਨੁੱਖ) ਨੇ ਇਸ ਤਰ੍ਹਾਂ ਸਮਝ (ਜਾਣੀਐ) ਲਿਆ ਹੈ ਕਿ ਗੁਣਾਂ ਨੂੰ ਧਾਰ ਕੇ
ਸਭ ਜੀਵ ਸਚਿਆਰੇ ਜੀਵਨ ਵਾਲੇ ਬਣ ਸਕਦੇ ਹਨ, ਪ੍ਰਮਾਤਮਾ ਦੇ ਗੁਣਾਂ ਨੂੰ ਧਾਰ ਕਿ ਜੀਵਨ ਵਿੱਚ
ਨਿਮਰਤਾ ਅਤੇ ਮਿੱਠਾ ਬੋਲਣ ਵਾਲਾ ਸੁਭਾਅ ਹੋ ਜਾਂਦਾ ਹੈ ॥4॥
{ਨੋਟ: ‘ਜਪੁ ਜੀ’ ਸਾਹਿਬ ਦੇ ਇਹ ਅਰਥ,
ਆਪਣੀ ਸਮਝ ਅਨੁਸਾਰ ਕੀਤੇ ਗਏ ਹਨ, ਕੋਈ ਆਖਰੀ ਨਿਰਣਾ ਨਹੀਂ, ਸਾਰੇ ਪਾਠਕਾਂ ਦੇ ਸੁਝਾਵਾਂ ਦਾ ਸੁਆਗਤ
ਹੈ}