.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਉਨੱਤੀਵਾਂ ਸਲੋਕ

ਵੀਰ ਭੁਪਿੰਦਰ ਸਿੰਘ

29. ਉਨੱਤੀਵਾਂ ਸਲੋਕ -

ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥

ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥29॥

ਜਿਹੜਾ ਮਨੁੱਖ ਇਸ ਸੱਚ ਨੂੰ ਸਮਝ ਜਾਂਦਾ ਹੈ ਤੇ ਇਸ ਸੱਚ ਉੱਤੇ ਦਿਨ ਰਾਤ ਮਿਹਨਤ ਕਰਨੀ ਸ਼ੁਰੂ ਕਰ ਦੇਂਦਾ ਹੈ, ‘ਨਿਸਿ ਦਿਨੁ’ ਦਾ ਅਰਥ ਹੋ ਗਿਆ ਦਿਨ ਰਾਤ ਦ੍ਰਿੜ ਕਰ ਲੈਂਦਾ ਹੈ ਕਿ ਮੈਂ ਇਵੇ ਜਿਊਣਾ ਹੈ। ਆਪਣੇ ਹਿਰਦੇ ਰੂਪੀ ਘਰ ਦਾ ਕੰਮ ਸੰਵਾਰਨਾ ਹੈ। ਉਸਨੂੰ ਰੱਬ ਦਾ ਰੂਪ ਸਮਝ। ਇਹ ਲੋਕਾਂ ਨੂੰ ਨਹੀਂ ਕਹਿ ਰਹੇ ਕਿ ਤੁਸੀਂ ਉਸਨੂੰ ਰੱਬ ਦਾ ਰੂਪ ਸਮਝੋ। ਆਪਣੇ ਮਨ ਨੂੰ ਕਹਿ ਰਹੇ ਹਨ। ਸੋ ਅਸੀਂ ਸਿੱਖਣਾ ਹੈ ਕਿ ਮੈਂ ਰਾਮ ਰੂਪ ਬਣਨਾ ਹੈ।

ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥ (1372) ਉਸ ਮਨੁੱਖ ਅਤੇ ਰੱਬ ਵਿਚਕਾਰ ਕੋਈ ਦੂਰੀ ਨਹੀਂ ਹੁੰਦੀ। ਅੰਤਰ ਨਹੀਂ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਦੋਨਾਂ ਵਿਚ ਕੋਈ ਫਰਕ ਨਹੀਂ ਹੈ। ਇਸ ਦਾ ਅਰਥ ਹੈ ਕਿ ਰੱਬ ਅਤੇ ਉਸ ਵਿਚਕਾਰ ਇੱਕਮਿਕਤਾ ਮਹਿਸੂਸ ਹੁੰਦੀ ਹੈ। ਮੇਰੇ ਮਨ ਇਹ ਇਕਮਿਕਤਾ ਪ੍ਰਾਪਤ ਕਰ। ਉਹ ਦੂਰ ਨਹੀਂ ਹੈ। ਰੱਬ ਨੂੰ ਮਿਲਣ ਲਈ ਇੱਕ ਸੈਂਟੀਮੀਟਰ ਜਾਂ ਇੱਕ ਮਿਲੀਮੀਟਰ ਵੀ ਸਫਰ ਤਹਿ ਨਹੀਂ ਕਰਨਾ ਪੈਂਦਾ। ਇਸੇ ਲਈ ਗੁਰਮਤ ਤੀਰਥ ਨੂੰ ਨਹੀਂ ਮੰਨਦੀ ਹੈ। ਕੇਵਲ ਅੰਦਰ ਜਾਣਾ ਪੈਂਦਾ ਹੈ। ਆਪਣੇ ਅੰਦਰ ਦਾ ਕਾਰਜ ਸੰਵਾਰ ਲਿਆ ਉੱਥੇ ਰੱਬ ਜੀ ਬੈਠੇ ਹਨ। ‘ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥’ ਇਸ ਨੂੰ ਸੱਚ ਮੰਨ ਲੈ।

ਅਸੀਂ ਇੱਥੋਂ ਤਕ ਸਮਝ ਚੁਕੇ ਸੀ ਕਿ ਇਹ ‘ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥’ (1366) ਇਸਨੂੰ ਬਾਰ-ਬਾਰ ਪ੍ਰਾਪਤ ਨਹੀਂ ਕਰਨਾ ਪੈਂਦਾ ਇੱਕ ਵਾਰੀ ਜੇ ਇਸਨੂੰ ਪ੍ਰਾਪਤ ਕਰ ਲਈਏ। ਉਹ ਹੈ ਆਤਮਕ ਕਾਜ ਸੰਵਾਰ ਲੈਣਾ। ਇਹ ਦੁਲੰਭ ਹੈ, ਭਾਵ ਇਸਨੂੰ ਹਾਸਲ ਕਰਨ ਲਈ ਮਿਹਨਤ ਕਰਨੀ ਪਏਗੀ। ਮਿਹਨਤ ਕਰੋ ਤਾਂ ਪ੍ਰਾਪਤ ਹੋ ਜਾਏਗਾ। ਕਿਸ ਤਰ੍ਹਾਂ ਪ੍ਰਾਪਤ ਹੋਣ ਵਾਲਾ ਹੈ ਗੁਰੂ ਸਾਹਿਬ ਕਹਿੰਦੇ ਹਨ, ਇਸਨੂੰ ਕਮਾਉਣਾ ਪਵੇਗਾ। ਗੁਰ ਕਾ ਸ਼ਬਦ ‘ਗੁਰ ਕਾ ਸਬਦੁ ਕਮਾਇ’ ਕਰਨਾ ਪਵੇਗਾ। ਧਾਰਮਕ ਜੀਵਨ ਕਮਾਉਣਾ ਪੈਂਦਾ ਹੈ।

ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥ (922) ਤੂੰ ਕੀ ਕਰਮ ਕਮਾਇਆ ਹੈ। ਪੈਸੇ ਕਮਾਏ ਹਨ, ਉਸ ਨਾਲ ਤੇ ਸਰੀਰ ਪਾਲੇਂਗਾ। ਮਨ ਦਾ ਕਾਰਜ ਸੰਵਾਰਨ ਲਈ ‘ਕਿਆ ਤੁਧੁ ਕਰਮ ਕਮਾਇਆ’। ਓਏ ਮਨ ਤੂੰ ਸਮਝ। ਤੂੰ ਆਪਣੇ ਮਨ ਦਾ ਕਾਰਜ ਤੇ ਸੰਵਾਰਿਆ ਨਹੀਂ, ਤਾਂ ਤੂੰ ਦੁਖੀ-ਦੁਖੀ ਹੈਂ।




.