.

ਰੱਬੀ ਮਿਲਨ ਦੀ ਬਾਣੀ

ਸਲੋਕ ਮ: ੯

ਦੀ ਵਿਚਾਰ

ਵੀਰ ਭੁਪਿੰਦਰ ਸਿੰਘ

ਤੀਹਵਾਂ ਸਲੋਕ

30. ਤੀਹਵਾਂ ਸਲੋਕ -

ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮੁ ॥

ਕਹੁ ਨਾਨਕ ਬਿਨੁ ਹਰਿ ਭਜਨ ਜੀਵਨ ਕਉਨੇ ਕਾਮ ॥30॥

‘ਮਨੁ ਮਾਇਆ ਮੈ ਫਧਿ ਰਹਿਓ’ ਪੈਸਾ, ਸੋਨਾ, ਹੀਰੇ ਜਵਾਹਰਾਤ ਦੀ ਗਲ ਨਹੀਂ ਚਲ ਰਹੀ ਬਲਕਿ ਇਨ੍ਹਾਂ ਰਾਹੀਂ ਹੋਏ ਹੰਕਾਰ ਦੀ ਗਲ ਬਾਰੇ ਸੁਚੇਤ ਕਰਵਾ ਰਹੇ ਹਨ ਕਿ ਅਸੀਂ ਇਸਦੇ ਹੰਕਾਰ ਤੋਂ ਬੱਚਣਾ ਸੀ। ਫੋਕਾ ਹੰਕਾਰ ਮਾਣਨ ਲਈ ਅਸੀਂ ਜਿਹੜੀਆਂ ਪ੍ਰਾਪਤੀਆਂ ਕਰਦੇ ਰਹਿੰਦੇ ਹਾਂ, ਉਸ ਹੰਕਾਰ ਤੋਂ ਬਚਣਾ ਸੀ, ਪਰ ਉਸ ਹੰਕਾਰ ਤੋਂ ਨਹੀਂ ਬਚੇ ਬਲਕਿ ਧਾਰਮਕ ਸਥਾਨਾਂ ਤੇ, ਤੀਰਥਾਂ ਤੇ ਜਾਕੇ ਉਹੀ ਦੁਨੀਆਵੀ ਚੀਜ਼ਾਂ ਦੀ ਮੰਗ ਕਰਨ ਲਗ ਪਏ।

ਤੀਰਥਿ ਜਾਉ ਤ ਹਉ ਹਉ ਕਰਤੇ ॥ ਪੰਡਿਤ ਪੂਛਉ ਤ ਮਾਇਆ ਰਾਤੇ ॥ (385) ਦੁਨੀਆਂ ਦੇ ਕਿਸੇ ਵੀ ਧਾਰਮਕ ਸਥਾਨ ਤੇ, ਜੇ ਅਖੌਤੀ ਧਾਰਮਕ ਸਥਾਨ ਬਣਾਕੇ ਉਸ ਵਿਚ ਵਿਚੋਲਾ ਬੈਠਾ ਹੈ, ਉਹ ਮਾਇਆ ਰਾਤੇ ਹੈ। ਉਹੀ ਕਹੇਗਾ ਕਿ ਇਸ ਤਰ੍ਹਾਂ ਕਰੋ ਮਾਇਆ ਆ ਜਾਏ ਗੀ, ਇਵੇਂ ਕਰੋ ਤੇ ਕੰਮ ਕਾਰ ਵਿਚ ਵਾਧਾ ਹੋਵੇਗਾ, ਮਾਇਆ ਰਾਤੇ ਆਪ ਹੈ ਇਸ ਲਈ ਮਾਇਆ ਰਾਤੇ ਵਾਲੇ ਕੰਮ ਸਿਖਾਉਂਦਾ ਹੈ।

‘ਮਨੁ ਮਾਇਆ ਮੈ ਫਧਿ ਰਹਿਓ’, ਇਸ ਤੋਂ ਬਚਣਾ ਸੀ। ਜੇਕਰ ਤੂੰ ਬਾਹਰਲੀ ਮਾਇਆ ਦੇ ਹੰਕਾਰ ਤੋਂ ਬਚਣਾ ਚਾਹੁੰਦਾ ਹੈ, ਤੇ ਬਾਹਰਲੇ ਖਜ਼ਾਨੇ ਦੇ ਬਦਲੇ ਅੰਦਰਲਾ ਖਜ਼ਾਨਾ ਕਮਾ ਲੈ। ਮਨ ਦਾ ਖਜ਼ਾਨਾ ਕਮਾ ਲਏਂਗਾ ਤਾਂ ਕੀ ਹੋਵੇਗਾ?

ਇਹ ਵੱਧਦਾ ਹੀ ਜਾਂਦਾ ਹੈ। ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ ਵਧਦੋ ਜਾਈ ॥ (186) ਜਿਤਨਾ ਤੁਸੀਂ ਕਿਸੇ ਨਾਲ ਮਿੱਠਾ ਬੋਲੋ ਤੁਹਾਡੇ ਨਾਲ ਦੂਜੇ ਮਿੱਠਾ ਬੋਲਦੇ ਹਨ। ਪਰ ਦਿਲੋਂ ਪਿਆਰ ਨਾਲ, ਹਮਦਰਦੀ ਵਾਲਾ ਮਿੱਠਾ ਬੋਲਣਾ, ਠੱਗੀ ਵਾਲਾ ਨਹੀਂ। ਫੋਕਾ ਮਿੱਠਾ ਬੋਲਕੇ ਠੱਗ ਲਵੋ, ਹੇਰਾਫੇਰੀ ਕਰ ਲਵੋ, ਪੈਸੇ ਲੈਕੇ ਨਾ ਦਿਉ। ਫੋਕਾ ਮਿੱਠਾ ਬੋਲਕੇ ਕਿਸੇ ਬਾਹਰ ਵਾਲੇ ਨੂੰ ਮੂਰਖ ਬਣਾ ਸਕਦੇ ਹੋ, ਬਾਹਰਲੇ ਫਾਇਦੇ ਹੋ ਸਕਦੇ ਹਨ ਪਰ ਅੰਦਰ ਦਾ ਖਜ਼ਾਨਾ ਖਾਲੀ ਰਹੇਗਾ। ਅੰਦਰ ਤੇ ਦਿਵਾਲੀਆ ਨਿਕਲਿਆ ਰਹੇਗਾ।

ਜਿਹੜਾ ਇਨਸਾਨ ਦਿਨੋ ਦਿਨ ਅਮੀਰ ਹੁੰਦਾ ਜਾਏਗਾ ਉਹ ਦਿਨੋ ਦਿਨ ਕੰਜੂਸ ਹੁੰਦਾ ਜਾਏਗਾ, ਉਸਦੀ ਪਕੜ ਵਧਦੀ ਜਾਏਗੀ। ਕਿਉਂਕਿ ਫਿਰ ਧਾਰਣਾ ਬਣ ਜਾਂਦੀ ਹੈ ਕਿ ਮੈਂ ਮਿਹਨਤ ਕਰਕੇ ਪੈਸੇ ਕਮਾਏ ਹਨ ਮੈਂ ਕਿਉਂ ਵੰਡ ਛੱਕਾਂ। ਨਾ ਵੰਡ ਛੱਕਣ ਵਾਲਾ ਸਦਗੁਣੀ ਜੀਵਨ ਨਹੀਂ ਜਿਊਂਦਾ। ਪਰ ਜਿਸ ਕੋਲ ਅੰਤਰ ਦਾ ਖਜ਼ਾਨਾ ਹੈ, ਉਹ ਜਿਤਨਾ ਵੰਡੇਗਾ ਉਤਨਾ ਵਧੇਗਾ। ਇਹ ਹੀ ਇਸਦੀ ਖੇਡ ਹੈ।

ਕਲ ਅਸੀਂ ਸਮਝੇ ਸੀ ਕਿ ਮਨ ਦਾ ਆਧਾਰ ਸਤਿਗੁਰ ਦੀ ਮਤ ਨੂੰ ਬਣਾਉਣਾ ਹੈ। ਸਤਿਗੁਰ ਦੀ ਮਤ ਅਨੁਸਾਰ ਸਦਗੁਣੀ ਜੀਵਨ ਜਿਊਣਾ, ‘ਭਜਨਾ’ ਕਹਿਲਾਂਦਾ ਹੈ। ਭਜਨਾ ਹੁੰਦਾ ਹੈ ਖਾਉਣਾ। ਰੱਬੀ ਗੁਣ ਖਾ ਲੈ ਭਾਵ ਦ੍ਰਿੜ ਕਰ ਲੈ। ਅੰਦਰ ਦਾ ਖਜ਼ਾਨਾ ਉਸ ਨਾਲ ਕਮਾਉਣਾ ਹੈ। ਹੁਣ ਇਸਦਾ ਫੈਸਲਾ ਅਸੀਂ ਆਪ ਕਰਨਾ ਹੈ ਕਿ ਆਪਣੇ ਅੰਦਰ ਦਾ ਖਜ਼ਾਨਾ ਕਮਾਉਣਾ ਹੈ ਜਾਂ ਮੰਦੇ ਖਿਆਲਾਂ ਰੂਪੀ ਮਾਇਆ ਵਿਚ ਉਲਝ ਕੇ ਸਮਾ ਜ਼ਾਇਆ ਕਰਨਾ ਹੈ।

ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥ (1352) ਕਾਜ ਹੁੰਦਾ ਹੈ ਚੰਗਾ ਕੰਮ ਅਤੇ ਅਕਾਜ ਹੁੰਦਾ ਹੈ ਨਿਕੰਮਾ ਕੰਮ। ਨਿਕੰਮਾ ਕੰਮ ਕਾਰੋਬਾਰ ਕਰਨਾ, ਵਹੁਟੀ ਬੱਚੇ ਪਾਲਨਾ, ਨੌਕਰੀ ਤੇ ਜਾਣਾ ਆਦਿ ਨਹੀਂ ਹਨ। ਇਹ ਸਾਰੇ ਕੰਮ ਕਰਦੇ ਹੋਏ ਮਨੁੱਖ ਇਤਨਾ ਮਹਿਫੂਜ਼ ਹੋ ਜਾਂਦਾ ਹੈ ਕਿ ਆਪਣੇ ਅੰਦਰ ਦਾ ਕੰਮ ਨਹੀਂ ਕਰਦਾ ਹੈ, ਆਪਣੇ ਮਨ ਨੂੰ ਸਤਿਗੁਰ ਦੀ ਮੱਤ ਦਾ ਅਧਾਰ ਦੇਣ ਵਾਲਾ ਕੰਮ ਨਹੀਂ ਕਰਦਾ, ਇਸਨੂੰ ਨਿਕੰਮਾ ਕੰਮ ਕਹਿੰਦੇ ਹਨ। ਜਿਹੜਾ ਮਨੁੱਖ ਕਾਰੋਬਾਰ ਨਾ ਕਰੇ, ਪੜ੍ਹਾਈ ਵੀ ਨਾ ਕਰੇ, ਵਿਆਹ ਵੀ ਨਾ ਕਰਵਾਏ, ਕੇਵਲ ਪੇੜ ਥੱਲੇ ਹੀ ਬੈਠਾ ਰਹੇ ਪਰ ਉਸਦਾ ਵੀ ਜਨਮ ਜ਼ਾਇਆ ਜਾ ਰਿਹਾ ਹੈ, ਜੇ ਅੰਦਰ ਦਾ ਕਾਜ ਨਹੀਂ ਸੰਵਾਰਿਆ। ਬਾਹਰਲੇ ਕੰਮਾਂ ਦੀ ਗਲ ਨਹੀਂ ਚਲ ਰਹੀ। ਇਨ੍ਹਾਂ ਦੁਨੀਆਵੀ ਕੰਮਾਂ ਦੀ ਨਿਖੇਦੀ ਨਹੀਂ ਕੀਤੀ ਜਾ ਰਹੀ। ਧਾਰਮਕ ਦੁਨੀਆ ਵਿਚ ਇਨ੍ਹਾਂ ਨੂੰ ਨਿਖਿੱਧ ਕੀਤਾ ਜਾਂਦਾ ਹੈ। ਇਹੀ ਤੇ ਕਾਰਨ ਹੈ ਕਿ ਅਖੌਤੀ ਸੰਤ ਇਨ੍ਹਾਂ ਦੀ ਨਿਖੇਦੀ ਕਰਨਗੇ ਸਾਨੂੰ ਪਾਪੀ, ਮਨਮੁੱਖ ਕਰਾਰ ਕਰਕੇ ਸਾਡੇ ਕੋਲੋਂ ਦਾਨ ਲੈ ਲੈਂਦੇ ਹਨ। ਆਪਣੇ ਆਪ ਨੂੰ ਬਿਮਾਰ ਅਤੇ ਲੰਗੜਾ ਸਮਝੋ ਤਾਂ ਹੀ ਤੇ ਉਹ ਬੈਸਾਖੀ ਦੇਣ ਆਏਗਾ। ਸੋ ਇਹ ਖੇਡ ਐਸੀ ਰਚੀ ਗਈ ਹੈ। ਇਕ ਵਿਅੰਗ ਯਾਦ ਆਇਆ, ਸਵੇਰੇ-ਸਵੇਰੇ ਦੋ ਭਰਾ ਕੰਮ ਤੇ ਨਿਕਲੇ। ਇਕ ਕਹਿੰਦਾ ਹੈ ਕਿ ਪਹਿਲੇ ਮੈਂ ਜਾਂਦਾ ਹਾਂ ਫਿਰ ਤੂੰ ਆਈਂ। ਜਿਹੜਾ ਭਰਾ ਪਹਿਲਾਂ ਜਾਂਦਾ ਸੀ ਉਹ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਤੇ ਤਾਰਕੋਲ ਸੁੱਟ ਆਉਂਦਾ ਸੀ। ਲੋਕੀ ਸੁੱਤੇ ਹੁੰਦੇ ਸੀ, ਕਿਸੇ ਨੂੰ ਕੁਝ ਪਤਾ ਨਹੀਂ ਸੀ ਲਗਦਾ। ਦਿਨ ਚੜ੍ਹਨ ਤੇ ਦੂਜਾ ਭਰਾ ਆਉਂਦਾ ਹੈ ਤੇ ਕਹਿੰਦਾ ਹੈ ਤਾਰਕੋਲ ਸਾਫ ਕਰਵਾ ਲਵੋ! ਤਾਰਕੋਲ ਸਾਫ ਕਰਨ ਦੇ ਪੈਸੇ ਵੀ ਲੈ ਲਏ। ਇਸੇ ਤਰ੍ਹਾਂ ਪਹਿਲਾਂ ਸਾਨੂੰ ਕਸੂਰਵਾਰ ਮਹਿਸੂਸ ਕਰਵਾਇਆ ਜਾਂਦਾ ਹੈ। ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਸਾਰਾ ਦਿਨ ਕੰਮ ਕਰਦੇ ਰਹਿੰਦੇ ਹੋ, ਵਹੁਟੀ-ਬੱਚੇ ਪਾਲਦੇ ਰਹਿੰਦੇ ਹੋ, ਪਾਪੀ ਹੋ ਟੈਕਸ ਦੀ ਹੇਰਾਫੇਰੀ ਕਰਦੇ ਹੋ। ਤੁਸੀਂ ਨਿਕੰਮੇ ਹੋ ਨਰਕਾਂ ਨੂੰ ਜਾਉਗੇ। ਇਸ ਤਰ੍ਹਾਂ ਕਹਿੰਦੇ ਰਹਿੰਦੇ ਹਨ। ਜਦੋਂ ਸਾਨੂੰ ਉਹ ਇਸ ਤਰ੍ਹਾਂ ਕਹਿੰਦੇ ਹਨ ਫਿਰ ਉਹੀ ਦੂਜੇ ਭਰਾ ਵਾਂਗੂੰ ਵਿਚੋਲੇ ਵਿਚ ਆ ਜਾਂਦੇ ਹਨ ਕਹਿੰਦੇ ਹਨ ਸਾਡਾ ਨਾਮ ਲੈ ਲਵੋ, ਅਸੀਂ ਜਮਾਂ ਤੋਂ ਛੁੜਾ ਦਿਆਂਗੇ, ਸ੍ਵਰਗ ਵਿਚ ਨਿਵਾਸਾ ਲੈ ਦਿਆਂਗੇ।

ਇਹ ਹੀ ਖੇਡ ਸਮਝਣੀ ਹੈ ਕਿ ਮੇਰਾ ਜਨਮ ਜ਼ਾਇਆ ਨਾ ਜਾਏ। ਮੈਂ ਆਪਣੇ ਬਾਰੇ ਸੋਚਣਾ ਹੈ।

ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮੁ ॥ ਕਹੁ ਨਾਨਕ ਬਿਨੁ ਹਰਿ ਭਜਨ ਜੀਵਨ ਕਉਨੇ ਕਾਮ ॥30॥

ਅਸੀਂ ਆਪਣਾ ਸਰੀਰ ਪਾਲਣਾ ਹੈ ਅਤੇ ਵਹੁਟੀ ਬੱਚਿਆਂ ਨੂੰ ਪਾਲਨਾ ਹੈ, ਇਸ ਲਈ ਨੌਕਰੀ, ਦੁਕਾਨ, ਕਾਰੋਬਾਰ ਅਤੇ ਪੜ੍ਹਾਈਆਂ ਤੇ ਕਰਨੀਆਂ ਹਨ। ਲੇਕਿਨ ਇਹ ਜੀਵਨ ਇਸ ਲਈ ਮਿਲਿਆ ਹੈ ਕਿ ਇਹ ਸਾਰਾ ਕੁਝ ਕਰਦੇ-ਕਰਦੇ ‘ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥’ ਸਾਰੇ ਕੰਮ ਕਾਜ ਕਰਦੇ ਹੋਏ ਰੱਬੀ ਗੁਣਾਂ ਨਾਲ ਜੁੜਿਆ ਰਹਿ। ਆਪਣੇ ਜੀਵਨ ਦਾ ਕਾਜ ਐਸਾ ਬਣਾ ਲੈ। ਆਪਣਾ ਜੀਵਨ ਸੰਵਾਰ ਲੈ, ਇਸਨੂੰ ਪਹਿਲ ਦੇ ਵਰਨਾ ਤੇਰਾ ਜੀਵਨ ਕਿਸ ਕੰਮ। ਕੋਈ ਬੱਚਾ ਹਰ-ਰੋਜ਼ ਸਕੂਲ ਜਾਏ ਪਰ ਫਿਰ ਵੀ ਪੜ੍ਹਾਈ ਵਿਚ ਚੰਗੇ ਨੰਬਰ ਨਾ ਲਿਆ ਸਕੇ, ਇੱਕ ਸਾਲ, ਦੋ ਸਾਲ, 4 ਸਾਲ ਜੇ ਉਸਦੀ ਰਿਪੋਰਟ ਕਾਰਡ ਵਿਚ ਜ਼ੀਰੋ ਹੀ ਆਏ ਤਾਂ ਉਸਦੀ ਪੜ੍ਹਾਈ ਕਿਸ ਕੰਮ। ‘ਜੀਵਨ ਕਉਨੇ ਕਾਮ’ ਸਾਨੂੰ ਇਹ ਹੀ ਸਮਝਾ ਰਹੇ ਹਨ ਕਿ ਤੂੰ, ਨਿਰੰਤਰ ਪਾਠ ਵੀ ਕਰਦਾ ਹੈਂ, ਨਿਰੰਤਰ ਗੁਰਦੁਆਰੇ ਵੀ ਜਾਂਦਾ ਹੈਂ, ਮੰਦਰ-ਮਸਜ਼ਿਦ ਵੀ ਜਾਂਦਾ ਹੈਂ, ਇੱਕ ਰੱਬੀ ਨਾਮ ਦਾ ਲਫਜ਼ੀ ਰਟਨ ਵੀ ਕਰਦਾ ਹੈਂ ਪਰ ਜੇ ਤੇਰੇ ਜੀਵਨ ਵਿਚ ਬੇਚੈਨੀ ਹੈ, ਮਨ ਡਕੇ-ਡੋਲੇ ਖਾਂਦਾ ਹੈ। ਮਨ ਵਿਚ ਦੂਜਿਆਂ ਬਾਰੇ ਈਰਖਾ ਅਤੇ ਨਫਰਤ ਹੈ ਤਾਂ ਮਨ ਦਾ ਕਾਜ ਨਹੀਂ ਸੰਵਰਿਆ ਇਸ ਬਾਰੇ ਸੋਚ, ਇਸਨੂੰ ਸਮਝ।




.