ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਦੀਵਾਲੀ ਤੇ ਬੰਦੀ ਛੋੜ ਦੀ ਅਸਲੀਅਤ
ਭਾਗ ਤੀਜਾ
ਗੁਰਬਾਣੀ ਆਨੁਸਾਰ ਦੀਵਾ ਕਿਹੜਾ ਜਗਾਉਣਾ ਹੈ—
ਗੁਰੂ ਨਾਨਕ ਸਾਹਿਬ ਜੀ ਆਸਾ ਰਾਗ ਅੰਦਰ ਵਿੱਚ ਅੰਦਰਲੇ ਤਲ਼ `ਤੇ ਦੀਵਾ ਜਗਾਉਣ
ਦੀ ਤਾਗੀਦ ਕਰਦੇ ਹਨ--
ਦੀਵਾ
ਮੇਰਾ ਏਕੁ ਨਾਮੁ, ਦੁਖੁ ਵਿਚਿ ਪਾਇਆ ਤੇਲ।।
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ।। ੧।।
ਆਸਾ ਮਹਲਾ ੧ ਪੰਨਾ ੩੫੮
ਅੱਖਰੀਂ ਅਰਥ
-—ਮੇਰੇ
ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿੱਚ ਆਤਮਕ ਰੌਸ਼ਨੀ ਕਰਦਾ ਹੈ)
ਉਸ ਦੀਵੇ ਵਿੱਚ ਮੈਂ (ਦੁਨੀਆ ਵਿੱਚ ਵਿਆਪਣ ਵਾਲਾ) ਦੁੱਖ (-ਰੂਪ) ਤੇਲ ਪਾਇਆ ਹੋਇਆ ਹੈ। ਉਸ (ਆਤਮਕ)
ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ
{ਨੋਟ : —ਸੰਬੰਧਕ ‘ਵਿਚਿ` ਦਾ ਸੰਬੰਧ ਲਫ਼ਜ਼ ‘ਦੁਖੁ` ਨਾਲ ਨਹੀਂ ਹੈ। "ਦੀਵੇ ਵਿਚਿ ਦੁਖੁ ਤੇਲੁ
ਪਾਇਆ" —ਇਉਂ ਅਰਥ ਕਰਨਾ ਹੈ} ਏਸੇ ਤਰ੍ਹਾਂ ਗੁਰੂ
ਨਾਨਕ ਸਾਹਿਬ ਜੀ ਰਾਮਕਲੀ ਰਾਗ ਅੰਦਰ ਬੜਾ ਪਿਆਰਾ ਸੁਨੇਹਾਂ ਦੇਂਦੇ ਹਨ—
ਐਸਾ ਦੀਵਾ ਨੀਰਿ ਤਰਾਇ।। ਜਿਤੁ ਦੀਵੈ ਸਭ ਸੋਝੀ ਪਾਇ।। ੧।।
ਰਾਮਕਲੀ ਮਹਲਾ ੧ ਪੰਨਾ ੮੭੮
ਅੱਖਰੀਂ ਅਰਥ : — (
ਹੇ
ਭਾਈ!) ਤੂੰ ਪਾਣੀ ਉਤੇ ਇਹੋ ਜੇਹਾ ਦੀਵਾ ਤਾਰ ਜਿਸ ਦੀਵੇ ਦੀ ਰਾਹੀਂ (ਜਿਸ ਦੀਵੇ ਦੇ ਚਾਨਣ ਨਾਲ)
ਤੈਨੂੰ ਜੀਵਨ-ਸਫ਼ਰ ਦੀਆਂ ਸਾਰੀਆਂ ਗੁੰਝਲਾਂ ਦੀ ਸਮਝ ਪੈ ਜਾਏ। ੧। ਰਹਾਉ।
ਸਿਰੀ ਰਾਗ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਦੀਵੇ ਸਬੰਧੀ ਹੋਰ ਵਾਕ ਵੀ ਆਇਆ
ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਗੁਰੂ ਦੇ ਗਿਆਨ ਰੂਪੀ ਤੇਲ ਤੋਂ ਬਿਨਾ ਆਤਮਕ ਦੀਵਾ ਨਹੀਂ
ਜਗ੍ਹ ਸਕਦਾ ਤੇ ਇਸ ਦੀਵੇ ਨੂੰ ਸੱਚ ਦੀ ਤੀਲੀ ਨਾਲ ਜਗਾਇਆ ਜਾ ਸਕਦਾ ਹੈ—
ਬਿਨੁ ਤੇਲੁ ਦੀਵਾ ਕਿਉ ਜਲੈ।। ੧।। ਰਹਾਉ।।
ਪੋਥੀ ਪੁਰਾਣ ਕਮਾਈਐ।। ਭਉ ਵਟੀ ਇਤੁ ਤਨਿ ਪਾਈਐ।।
ਸਚੁ ਬੂਝਣੁ ਆਣਿ ਜਨਾਣੀਐ।। ੨।।
ਇਹੁ ਤੇਲੁ ਦੀਵਾ ਇਉ ਜਲੈ।।
ਕਰਿ ਚਾਨਣੁ ਸਾਹਿਬੁ ਤਉ ਮਿਲੈ।। ੧।।
ਅੱਖਰੀਂ ਅਰਥ -— (
ਸਿਮਰਨ
ਦੇ) ਤੇਲ ਤੋਂ ਬਿਨਾ (ਆਤਮਕ ਜੀਵਨ ਦਾ) ਦੀਵਾ ਕਿਵੇਂ ਟਹਕਦਾ ਰਹਿ ਸਕੇ? (ਮਾਇਆ- ਮੋਹ ਦੀ ਹਨੇਰੀ ਦੇ
ਝੋਂਕੇ ਜਿੰਦ ਨੂੰ ਅਡੋਲ ਨਹੀਂ ਰਹਿਣ ਦੇਂਦੇ)। ੧। ਰਹਾਉ। ਧਰਮ ਪੁਸਤਕਾਂ ਅਨੁਸਾਰ ਜੀਵਨ ਬਣਾਈਏ
(-ਇਹ ਹੋਵੇ ਤੇਲ), ਪਰਮਾਤਮਾ ਦਾ ਡਰ—ਇਹ ਸਰੀਰ (-ਦੀਵੇ) ਵਿੱਚ ਵੱਟੀ ਪਾ ਦੇਈਏ, ਪਰਮਾਤਮਾ ਨਾਲ
ਡੂੰਘੀ ਸਾਂਝ (-ਇਹ ਅੱਗ) ਲਿਆ ਕੇ ਬਾਲੀਏ। ੨।
ਇਹ ਨਾਮ-ਤੇਲ ਹੋਵੇ, ਤਾਹੀਏਂ ਇਹ ਜੀਵਨ ਦਾ ਦੀਵਾ ਟਹਕਦਾ ਹੈ। (ਹੇ ਭਾਈ!)
ਪ੍ਰਭੂ ਦੇ ਨਾਮ ਦਾ ਚਾਨਣ ਕਰ, ਤਦੋਂ ਹੀ ਮਾਲਕ-ਪ੍ਰਭੂ ਦਾ ਦਰਸ਼ਨ ਹੁੰਦਾ ਹੈ। ੧। ਰਹਾਉ।
ਅਸੀਂ ਆਪਣੇ ਮਨ ਵਿੱਚ ਦੀਵਾ ਜਗਾਇਆ ਨਹੀਂ ਹੈ ਪਰ ਮੜ੍ਹੀਆਂ ਆਦ ਥਾਂਵਾਂ `ਤੇ
ਦੀਵੇ ਜ਼ਰੂਰ ਜਗ੍ਹਾ ਰਹੇ ਹੁੰਦੇ ਹਾਂ। ਜਦੋਂ ਸਾਡਿਆਂ ਮਨਾਂ ਵਿੱਚ ਅਨਮਤਾਂ ਦੀਆਂ ਭਾਵਨਾਵਾਂ ਬੈਠੀਆਂ
ਹੋਈਆਂ ਹਨ ਤਾਂ ਸਾਨੂੰ ਸਾਰੀ ਜ਼ਿੰਦਗੀ ਆਤਮਕ ਸੂਝ ਨਹੀਂ ਆ ਸਕਦੀ। ਹੋਰ ਤਾਂ ਹੋਰ ਆਪਣਿਆਂ ਪਿੰਡਾਂ
ਵਿੱਚ ਦੀਵਾਲੀ ਵਾਲੇ ਦਿਨ ਮੜ੍ਹੀਆਂ-ਕਬਰਾਂ, ਰੂੜੀਆਂ, ਚੁਰਾਹਿਆਂ ਜਨੀ ਕਿ ਕੋਈ ਥਾਂ ਖਾਲੀ ਛੱਡਦੇ
ਨਹੀਂ ਹਾਂ, ਜਿੱਥੇ ਕਿਤੇ ਦੀਵਾ ਨਾ ਜਜਗਾਇਆ ਹੋਵੇ। ਭਲਾ ਹੁਣ ਇਹ ਦੱਸੋ ਖਾਂ ਭਈ ਬੰਦੀ ਛੋੜ ਦਿਵਸ
ਜਾਂ ਦੀਵਾਲੀ ਦਾ ਮੜੀਆਂ ਰੂੜੀਆਂ `ਤੇ ਦੀਵੇ ਜਗਾਉਣ ਦਾ ਕੀ ਅਰਥ ਹੈ? ਗੁਰਦੁਆਰੇ ਦੀ ਚਾਰ ਦੀਵਾਰੀ
ਜਾਂ ਨਿਸ਼ਾਨ ਸਾਹਿਬ ਦੇ ਥੜ੍ਹੇ `ਤੇ ਅਣਗਿਣਤ ਮੋਮਬੱਤੀਆਂ ਜਗ੍ਹਾ ਜਗ੍ਹਾ ਕੇ ਰੱਖੀਆਂ ਹੁੰਦੀਆਂ ਹਨ।
ਏਦਾਂ ਆਖੀਏ ਕਿ ਗੁਰਬਾਣੀ ਦੇ ਸ਼ਬਦ ਰੂਪੀ ਦੀਵੇ ਦੀ ਸਾਰ ਤਾਂ ਅਸੀਂ ਲਈ ਨਹੀਂ ਹੈ। ਦੇਖਾ ਦੇਖਾ ਅਸੀਂ
ਵੀ ਦੀਵਾਲੀ ਨੂੰ ਧੜਾ ਧੜ ਦੀਵੇ ਬਾਲੀ ਜਾ ਰਹੇ ਹਾਂ ਪਰ ਆਪਣੇ ਹਿਰਦੇ ਵਿੱਚ ਸ਼ਬਦ ਦੇ ਗਿਆਨ ਦਾ ਦੀਵਾ
ਜਗਾਇਆ ਨਹੀਂ ਹੈ। ਮਲਾਰ ਰਾਗ ਦੀ ਇੱਕ ਪਉੜੀ ਵਿੱਚ ਗੁਰਦੇਵ ਪਿਤਾ ਜੀ ਸ਼ਬਦ ਰੂਪੀ ਦੀਵਾ ਜਗਾਉਣ ਲਈ
ਸਮਝਉਂਦੇ ਹਨ--
ਪੋਹਿ ਨ ਸਕੈ ਜਮਕਾਲੁ ਸਚਾ ਰਖਵਾਲਿਆ।।
ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ।।
ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ।।
ਪਸੂ, ਮਾਣਸ ਚੰਮਿ ਪਲੇਟੇ, ਅੰਦਰਹੁ ਕਾਲਿਆ।।
ਪਉੜੀ ਪੰਨਾ ੧੨੮੪
ਅੱਖਰੀਂ ਅਰਥ—ਸੱਚਾ ਪ੍ਰਭੂ ਉਹਨਾਂ ਦੇ ਸਿਰ ਉਤੇ ਰਾਖਾ ਹੁੰਦਾ ਹੈ, ਇਸ ਲਈ
ਮੌਤ ਦਾ ਡਰ ਉਹਨਾਂ ਨੂੰ ਪੋਹ ਨਹੀਂ ਸਕਦਾ, ਗੁਰੂ ਦੀ ਬਾਣੀ-ਰੂਪ ਜੋਤਿ (ਉਹਨਾਂ ਆਪਣੇ ਅੰਦਰ) ਜਗਾਈ
ਹੋਈ ਹੈ, ਬਾਣੀ-ਰੂਪ ਦੀਵਾ ਬਾਲਿਆ ਹੋਇਆ ਹੈ।
ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਪ੍ਰਭੂ ਦੇ ਨਾਮ ਤੋਂ
ਵਾਂਜੇ ਹੋਏ ਹਨ ਤੇ ਕੂੜ ਦੇ ਵਪਾਰੀ ਹਨ, ਬੇ-ਥਵ੍ਹੇ ਭਟਕਦੇ ਫਿਰਦੇ ਹਨ; ਉਹ (ਅਸਲ ਵਿਚ) ਪਸ਼ੂ ਹਨ
ਅੰਦਰੋਂ ਕਾਲੇ ਹਨ (ਵੇਖਣ ਨੂੰ) ਮਨੁੱਖਾ ਚੰਮ ਨਾਲ ਵਲ੍ਹੇਟੇ ਹੋਏ ਹਨ (ਭਾਵ, ਵੇਖਣ ਨੂੰ ਮਨੁੱਖ
ਦਿੱਸਦੇ ਹਨ)।
ਆਪਣੇ ਹਿਰਦੇ ਵਿੱਚ ਗੁਰਬਾਣੀ ਗਿਆਨ ਦਾ ਦੀਵਾ ਜਗਾਉਣ ਦੀ ਥਾਂ `ਤੇ ਬਾਹਰਲੇ
ਦੀਵੇ ਜਗ੍ਹਾ ਰਹੇ ਹਾਂ ਜਿਸ ਨੂੰ ਗੁਰਬਾਣੀ ਨੇ ਨਿਕਾਰਿਆ ਹੈ। ਜਿੰਨੇ ਦੀਵੇ ਦੀਵਾਲੀ ਤੇ ਜਗਾਉਂਦੇ
ਹਾਂ ਜੇ ਸਾਰਾ ਪਿੰਡ ਏਕਤਾ ਕਰਕੇ ਇਹ ਫੈਸਲਾ ਲਏ ਕਿ ਇਸ ਵਾਰੀ ਸਾਰੇ ਪਿੰਡ ਨੇ ਦੀਵੇ ਨਹੀਂ ਜਗਾਉਣੇ
ਸਗੋਂ ਦੀਵਾਲੀ `ਤੇ ਹੋਣ ਵਾਲੇ ਖਰਚੇ ਨੂੰ ਬਚਾ ਕਿ ਆਪਣੇ ਪਿੰਡ ਵਿੱਚ ਸੂਰਜ ਵਾਲੀਆਂ ਬੱਤੀਆਂ
ਲਵਾਉਣੀਆਂ ਹਨ ਅਸੀਂ ਸਮਝਦੇ ਹਾਂ ਇਹ ਸਭ ਤੋਂ ਵੱਡੀ ਦੀਵਾਲੀ ਮਨਾਈ ਹੋਏਗੀ।
ਗੁਰਬਾਣੀ ਦੁਆਰਾ ਬੰਦੀ ਛੋੜ ਕੀ ਹੈ—
ਗੁਰਬਾਣੀ ਵਿੱਚ ਬੜਾ ਪਿਆਰਾ ਵਾਕ ਹੈ ਕਿ ਜਦੋਂ ਭਰਮ ਦਾ ਆਂਡਾ ਫੁੱਟ ਗਿਆ ਹੈ
ਮੇਰੇ ਸਾਰੇ ਭਰਮ ਖਤਮ ਹੋ ਗਏ ਹਨ —
ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ।।
ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ।। ੧।।
ਆਵਣ ਜਾਣੁ ਰਹਿਓ।।
ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ।। ੧।।
ਮਾਰੂ ਮਹਲਾ ੫ ਪੰਨਾ ੧੦੦੨
ਅੱਖਰੀਂ ਅਰਥ-- ਹੇ ਭਾਈ! ਗੁਰੂ ਨੇ ਜਿਸ ਮਨੁੱਖ ਦੇ ਪੈਰਾਂ ਤੋਂ (ਮੋਹ
ਦੀਆਂ) ਬੇੜੀਆਂ ਕੱਟ ਦਿੱਤੀਆਂ, ਜਿਸ ਨੂੰ ਮੋਹ ਦੀ ਕੈਦ ਤੋਂ ਛੁਟਕਾਰਾ ਦੇ ਦਿੱਤਾ, ਉਸ ਦੇ ਮਨ ਵਿੱਚ
ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ, ਉਸ ਦਾ ਭਰਮ (ਭਟਕਣ) ਦਾ ਆਂਡਾ ਫੁੱਟ ਗਿਆ (ਉਸ ਦਾ ਮਨ ਆਤਮਕ
ਉਡਾਰੀ ਲਾਣ-ਜੋਗਾ ਹੋ ਗਿਆ, ਜਿਵੇਂ ਆਂਡੇ ਦੇ ਖ਼ੋਲ ਦੇ ਫੁੱਟ ਜਾਣ ਪਿੱਛੋਂ ਉਸ ਦੇ ਅੰਦਰ ਦਾ ਪੰਛੀ
ਉਡਾਰੀਆਂ ਲਾਣ ਜੋਗਾ ਹੋ ਜਾਂਦਾ ਹੈ)
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਆਤਮਕ ਠੰਢ ਦੇਣ ਵਾਲਾ ਹਰਿ-ਨਾਮ ਦੇ
ਦਿੱਤਾ, ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਦਾ ਭਾਂਬੜ ਬੁੱਝ ਗਿਆ, ਉਸ ਦੀ (ਮਾਇਆ ਦੀ ਖ਼ਾਤਰ) ਭਟਕਣਾ
ਮੁੱਕ ਗਈ । ੧। ਰਹਾਉ।
ਸਿੱਖ ਦੇ ਪਾਸ ਗੁਰਬਾਣਣੀ ਦਾ ਅਥਾਹ ਸਮੁੰਦਰ ਹੈ। ਜੇ ਅਸੀਂ ਗੁਰਬਾਣੀ
ਸਿਧਾਂਤ ਨੂੰ ਸਮਝਣ ਦਾ ਯਤਨ ਕਰਾਂਗੇ ਤਾਂ ਨਿਸਚੇ ਹੀ ਅਸੀਂ ਭਰਮਾਂ ਵਿਚੋਂ ਬਾਹਰ ਆ ਜਾਂਵਾਂਗੇ।
ਗਲਤ ਪਿਰਤ ਨੂੰ ਵੀ ਸਹੀ ਠੀਹਰਾਉਣ ਲਈ ਚਲਾਕ ਲੋਕ ਗੁਰਬਾਣੀ ਦੇ ਪ੍ਰਮਾਣ
ਦੇਂਦੇ ਹਨ ਜਿਸ ਤਰ੍ਹਾਂ ਹੇਮ ਕੁੰਟ ਨੂੰ ਜਾਣ ਵਾਲਿਆਂ ਨੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ
ਸੁਖਮਨੀ ਬਾਣੀ ਦੀਆਂ ਇਨ੍ਹਾਂ ਤੁਕਾਂ
ਚਰਨ "ਚਲਉ ਮਾਰਗਿ ਗੋਬਿੰਦ।। ਮਿਟਹਿ
ਪਾਪ ਜਪੀਐ ਹਰਿ ਬਿੰਦ"।। ਦੀ ਵਰਤੋਂ ਕਰਦੇ ਹਨ।
ਇਹਨਾਂ ਤੁਕਾਂ ਦਾ ਅਰਥ ਬਣਦਾ ਹੈ ਮੈਂ ਆਪਣਿਆਂ ਪੈਰਾਂ ਨਾਲ ਰੱਬ ਦੇ ਰਾਹ ਤੇ ਤੁਰਾਂ ਭਾਵ ਗੁਰੂ
ਸਾਹਿਬ ਜੀ ਦੇ ਦਰਸਾਏ ਹੋਏ ਮਾਰਗ `ਤੇ ਚਲਾਂ ਏਦਾਂ ਚਲਣ ਨਾਲ ਮੇਰੇ ਅੰਦਰਲੀਆਂ ਭੈੜੀਆਂ ਸੋਚਾਂ ਮਰ
ਜਾਣਗੀਆਂ। ਹੇਮ ਕੁੰਟ ਜਾਣ ਵਾਲੇ ਤਾਂ ਇਹ ਤੁਕਾਂ ਇਸ ਲਈ ਪੜ੍ਹਦੇ ਹਨ ਕਿ ਅਸੀਂ ਗੁਰੂ ਗੋਬਿੰਦ ਸਿੰਘ
ਜੀ ਮਿਲਣ ਲਈ ਜਾ ਰਹੇ ਹਾਂ। ਅਜੇਹਾ ਕਰਕੇ ਸਿੱਖ ਸਿਧਾਂਤ ਨਾਲ ਦਿਨ ਦੀਵੀਂ ਖਿਲਵਾੜ ਕਰ ਰਹੇ ਹੁੰਦੇ
ਹਾਂ।
ਕੁਝ ਏਸੇ ਤਰ੍ਹਾਂ ਹੀ ਦੀਵਾਲੀ ਨੂੰ ਗੁਰਦੁਆਰਿਆਂ ਵਿੱਚ ਬੰਦੀ ਛੋੜ ਦੇ ਸ਼ਬਦ
ਦਾ ਗਾਇਨ ਕਰਕੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾਂਦਾ ਹੈ ਕਿ ਦੇਖੋ ਜੀ ਬੰਦੀ ਛੋੜ ਗੁਰਬਾਣੀ ਵਿੱਚ
ਵੀ ਆਇਆ ਹੈ ਜਦ ਕਿ ਇਸ ਸ਼ਬਦ ਦਾ ਸਬੰਧ ਗੁਰੂ ਹਰਿ ਗੋਬਿੰਦ ਸਾਹਿਬ ਜੀ ਨਾਲ ਨਹੀਂ ਸਗੋਂ ਇਹ ਅੰਦਰਲੇ
ਵਿਕਾਰਾਂ ਤੋਂ ਸਾਨੂੰ ਮੁਕਤ ਕਰਾਉਂਦਾ ਹੈ।
ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਗੁਰਬਾਣੀ ਦੇ ਸ਼ਬਦਾਂ ਦਾ ਆਸਰਾ ਲਿਆ ਹੈ।
ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ।।
ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ।।
ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ।। ੧।।
ਹਰਿ ਜੀਉ ਨਿਮਾਣਿਆ ਤੂ ਮਾਣੁ।।
ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ।। ਰਹਾਉ।।
ਸੋਰਠਿ ਮਹਲਾ ੫ ਪੰਨਾ ੬੨੪
ਅੱਖਰੀਂ ਅਰਥ--ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ
(ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ,
ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿੱਚ ਢਾਰਸ ਦੇਣ ਵਾਲਾ
ਹੈਂ। ਹੇ ਪ੍ਰਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿੱਚ ਫਸਿਆ
ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿੱਚ ਗ੍ਰਸਿਆ ਰਹਿੰਦਾ ਹਾਂ। ਪਰ ਹੇ ਪ੍ਰਭੂ! ਮੇਰਾ ਨਾਮ
‘ਗੋਬਿੰਦ ਦਾ ਭਗਤ` ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ। ੧। ਹੇ ਪ੍ਰਭੂ ਜੀ!
ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ, ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ। ਮੈਂ ਤੇਰੀ
ਤਾਕਤ ਤੋਂ ਸਦਕੇ ਤੋਂ ਜਾਂਦਾ ਹਾਂ। ਹੇ ਭਾਈ! ਮੇਰਾ ਗੋਬਿੰਦ ਨਕਾਰਿਆਂ ਨੂੰ ਭੀ ਆਦਰ-ਜੋਗ ਬਣਾ
ਦੇਂਦਾ ਹੈ। ਰਹਾਉ।
ਗੁਰੂ ਨਾਨਕ ਸਾਹਿਬ ਜੀ ਇੱਕ ਸੁੰਦਰ ਖਿਆਲ ਦੇਂਦੇ ਹਨ ਕਿ ਜੱਗ `ਤੇ ਉਹ ਹੀ
ਜੀਵਨ ਵਿੱਚ ਮੁਕਤਾ ਹੈ ਜਿਸ ਨੇ ਗੁਰੂ ਦੇ ਗਿਆਨ ਦੁਆਰਾ ਹੰਕਾਰ ਨੂੰ ਮਾਰ ਲਿਆ—
ਜਗੁ ਬੰਦੀ ਮੁਕਤੇ ਹਉ ਮਾਰੀ।।
ਜਗਿ ਗਿਆਨੀ ਵਿਰਲਾ ਆਚਾਰੀ।।
ਜਗਿ ਪੰਡਿਤੁ ਵਿਰਲਾ ਵੀਚਾਰੀ।।
ਬਿਨੁ ਸਤਿਗੁਰੁ ਭੇਟੇ ਸਭ ਫਿਰੈ ਅਹੰਕਾਰੀ।। ੬।।
ਆਸਾ ਮਹਲਾ ੧ ਪੰਨਾ ੪੧੩
ਅੱਖਰੀਂ ਅਰਥ— (ਹੇ ਭਾਈ! ਉਸ ਸਦਾ-ਥਿਰ ਪ੍ਰਭੂ ਨੂੰ ਵਿਸਾਰ ਕੇ) ਜਗਤ (ਹਉਮੈ
ਦੀ) ਕੈਦ ਵਿੱਚ ਹੈ, ਇਸ ਕੈਦ ਵਿਚੋਂ ਆਜ਼ਾਦ ਉਹੀ ਹਨ (ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਇਸ) ਹਉਮੈ
ਨੂੰ ਮਾਰਿਆ ਹੈ। ਜਗਤ ਵਿੱਚ ਗਿਆਨਵਾਨ ਕੋਈ ਵਿਰਲਾ ਉਹੀ ਹੈ, ਜਿਸ ਦਾ ਨਿੱਤ-ਆਚਰਨ ਉਸ ਗਿਆਨ ਦੇ
ਅਨੁਸਾਰ ਹੈ, ਜਗਤ ਵਿੱਚ ਪੰਡਿਤ ਭੀ ਕੋਈ ਵਿਰਲਾ ਹੀ ਹੈ ਜੇਹੜਾ (ਵਿੱਦਿਆ ਦੇ ਅਨੁਸਾਰ ਹੀ)
ਵਿਚਾਰਵਾਨ ਭੀ ਹੈ, (ਪਰ) ਇਹ ਉੱਚਾ ਆਚਰਨ ਤੇ ਉੱਚੀ ਵਿਚਾਰ ਗੁਰੂ ਤੋਂ ਹੀ ਮਿਲਦੇ ਹਨ। ਗੁਰੂ ਨੂੰ
ਮਿਲਣ ਤੋਂ ਬਿਨਾ ਸਾਰੀ ਸ੍ਰਿਸ਼ਟੀ ਅਹੰਕਾਰ ਵਿੱਚ ਭਟਕਦੀ ਫਿਰਦੀ ਹੈ। ੬।
ਫ਼ਜ਼ੂਲ ਖਰਚ ਤੇ ਵਾਤਾਵਰਣ ਵਿੱਚ ਗੰਦਗੀ ਖਿਲਾਰਨ ਦਾ ਦੂਜਾ ਨਾਂ ਦੀਵਾਲੀ ਹੈ—
੧ ਹਰ ਸਾਲ ਦੀਵਾਲੀ ਆਉਂਦੀ ਹੈ ਤੇ ਹਰ ਸਾਲ ਲੋਕ ਬੇ-ਫ਼ਜ਼ੂਲ ਤੇ ਬਿਨਾ ਲੋੜ ਦੇ
ਖਰੀਦੋ-ਫ਼ਰੋਖਤ ਕਰਦੇ ਹਨ। ਕਈਆਂ ਦਾ ਤਾਂ ਸਾਰਾ ਬਜਟ ਹੀ ਹਿੱਲ ਜਾਂਦਾ ਹੈ। ਵਪਾਰੀ ਹੀ ਵਪਾਰੀ ਨਾਲ
ਰਲ਼ ਕੇ ਕਮਾਉਂਦਾ ਹੈ ਤੇ ਲੋਕਾਂ ਨੂੰ ਲੁੱਟਦਾ ਹੈ। ਇੱਕ ਵਪਾਰੀ ਬੋਨਸ ਦੇਂਦਾ ਤਾਂ ਦੂਜਾ ਵਪਾਰੀ ਉਸ
ਤੋਂ ਕਈ ਗੁਣਾ ਵੱਧ ਗਰੀਬ ਦਾ ਬੋਨਸ ਨਿਚੋੜ ਵੀ ਲੈਂਦਾ ਹੈ।
੨ ਘਟੀਆ ਤੋਂ ਘਟੀਆਂ ਮਠਿਆਈ ਖਰੀਦੀ ਜਾਂਦੀ ਹੈ। ਦੁਕਾਨਦਾਰ ਉਹ ਹੀ ਕੰਮ
ਕਰੇਗਾ ਜਿਸ ਵਿਚੋਂ ਉਸ ਨੂੰ ਲਾਭ ਜ਼ਿਆਦਾ ਹੋਵੇ। ਮੇਰਾ ਇੱਕ ਮਠਿਆਈ ਦੀ ਦੁਕਾਨ ਵਾਲਾ ਵਾਕਫ ਹੈ ਉਹ
ਦਸਦਾ ਹੈ ਕਿ ਭਾਅ ਜੀ ਦੀਵਾਲੀ `ਤੇ ਸਾਨੂੰ ਹਰ ਅਫ਼ਸਰ ਦਾ ਖਿਆਲ ਰੱਖਣਾ ਪੈਂਦਾ ਹੈ ਨਹੀਂ ਇਹ ਛਾਪੇ
ਮਾਰ ਕੇ ਉਸ ਤੋਂ ਕਈ ਗੁਣਾਂ ਜ਼ਿਆਦਾ ਲੈ ਜਾਂਦੇ ਹੈ; ਵੱਡੇ ਤੋਂ ਵੱਡ ਅਫ਼ਸਰ ਵੀ ਦੀਵਾਲੀ `ਤੇ ਲੇਂਝ੍ਹ
ਹੀ ਜਾਪਦੇ ਹੈ। ਇਸ ਤੋਂ ਇਲਾਵਾ ਸਾਨੂੰ ਸੌ ਸੌ ਡੱਬਾ ਸੇਵਾ ਵਿੱਚ ਵੀ ਦੇਣਾ ਪੈਂਦਾ। ਉਂਝ ਦੀਵਾਲੀ
ਨੂੰ ਸਾਰਾ ਕੁੱਝ ਹੀ ਵਿੱਕ ਜਾਂਦਾ ਹੈ। ਕਿਹਾ ਜਾ ਸਕਦਾ ਹੈ ਕਿ ਦਵਾਈ ਨੂੰ ਘਟੀਆਂ ਤੋਂ ਘਟੀਆ ਮਠਿਆਈ
ਵੀ ਵਿਕ ਜਾਂਦੀ ਹੈ ਜਿਸ ਨਾਲ ਲੋਕ ਬਿਮਾਰ ਹੀ ਹੁੰਦੇ ਹਨ।
੩ ਆਤਸ਼ਬਾਜ਼ੀ ਤੇ ਹੋਰ ਨਿੱਕ ਸੁਕ ਨਾਲ ਸਾੜ ਕੇ ਅਸੀਂ ਧੂੰਆਂ ਏੰਨਾ ਜ਼ਿਆਦਾ ਕਰ
ਦੇਂਦੇ ਹਾਂ ਜਿਸ ਨਾਲ ਕਈ ਵਾਰੀ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਕਈ ਪਟਾਕੇ ਚਲਾਉਂਦਿਆਂ ਹਾਦਸੇ
ਵੀ ਵਾਪਰ ਜਾਂਦੇ ਹਨ। ਆਪਣੀ ਜ਼ਿੰਦਗੀ ਵਿੱਚ ਅੱਖੀਂ ਦੇਖਿਆ ਹਾਦਸਾ ਅੱਜ ਵੀ ਮੈਨੂੰ ਯਾਦ ਆ ਜਾਂਏ ਤਾਂ
ਮੇਰੇ ਲੂੰ ਕੰਡੇ ਖੜੇ ਹੋ ਜਾਂਦੇ ਹਨ। ਨੌ ਜਵਾਨ ਨੇੜੇ ਹੋ ਪਟਾਕਾ ਚਲਾਉਣ ਲੱਗਿਆ ਤਾਂ ਉਸ ਦੀਆਂ
ਅੱਖਾਂ ਵਿੱਚ ਪਟਾਕਾ ਚੱਲ ਗਿਆ। ਬਚਾ ਤਾਂ ਹੋ ਗਿਆ ਪਰ ਉਸ ਵਾਕਿਆ ਯਾਦ ਕਰਕੇ ਮੈਂ ਅੱਜ ਵੀ ਧੁਰ
ਅੰਦਰ ਤੀਕ ਕੰਬ ਜਾਂਦਾ ਹਾਂ। ਜਿੱਥੇ ਕੁਦਰਤੀ ਵਾਤਾਵਰਣ ਵਿੱਚ ਅਸੀਂ ਗੰਦਗੀ ਘੋਲ਼ ਰਹੇ ਹਾਂ ਓੱਥੇ
ਅਸੀਂ ਬਹੁਤ ਸਾਰੇ ਹਾਦਸਿਆਂ ਤਾਂ ਵੀ ਸ਼ਿਕਾਰ ਹੁੰਦੇ ਹਾਂ।
੪ ਮਿੰਟਾਂ ਵਿੱਚ ਕਰੋੜਾਂ ਰੁਪਇਆਂ ਅਸੀਂ ਫੂਕ ਕੇ ਰੱਖ ਦੇਂਦੇ ਹਾਂ।
ਪਟਾਕਿਆਂ ਵਾਲੀਆਂ ਦੁਕਾਨਾਂ ਨੂੰ ਅੱਗਾਂ ਲਗਦੀਆਂ ਹਨ ਜਿਸ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪੈਂਦਾ
ਹੈ। ਮਾਲੀ ਤੇ ਜਾਨੀ ਨੁਕਸਾਨ ਸਮਾਜ ਨੂੰ ਹਿਲਾ ਕੇ ਰੱਖ ਦੇਂਦਾ ਹੈ।
੫ ਗੁਰਦੁਆਰਿਆਂ ਵਾਲੇ ਗੁਰੂ ਦੀ ਗੋਲਕ ਵਿਚੋਂ ਬੇ-ਦਰਦੀ ਨਾਲ ਆਤਸ਼ਬਾਜ਼ੀ ਦੇ
ਪੈਸਾ ਫੂਕਦੇ ਹਨ ਪਰ ਕੋਈ ਵੀ ਪੁੱਛਣ ਵਾਲਾ ਨਹੀਂ ਹੈ।
ਦੀਵਾਲੀ `ਤੇ ਭਾਈ ਮਨੀ ਸਿੰਘ ਜੀ ਨੂੰ ਯਾਦ ਕਰਨਾ ਚਾਹੀਦਾ ਹੈ—
ਦੀਵਾਲੀ ਤੇ ਵਿਸਾਖੀ ਦੋ ਅਜੇਹੀਆਂ ਤਰੀਕਾਂ ਹਨ ਜੋ ਲਗ-ਪਗ ਸਾਰਿਆਂ ਲੋਕਾਂ
ਨੂੰ ਯਾਦ ਹੁੰਦੀਆਂ ਹਨ। ਇਹਨਾਂ ਤਰੀਕਾਂ ਨੂੰ ਸਿੱਖ ਅਕਸਰ ਅਕਾਲ ਤੱਖਤ `ਤੇ ਗੁਰਮਤੇ ਕਰਨ ਲਈ `ਤੇ
ਭਵਿੱਖ ਦੀ ਰਣਨੀਤੀ ਤਹਿ ਕਰਨ ਕਈ ਇਕੱਠੇ ਹੁੰਦੇ ਸਨ ਨਾ ਕਿ ਦੀਵਾਲੀ ਮਨਾਉਣ ਲਈ ਇਕੱਠੇ ਹੁੰਦੇ ਸਨ।
ਸਾਰੇ ਜੱਥਿਆਂ ਦੇ ਬੁੰਗੇ ਹੁੰਦੇ ਸਨ ਜਿਸ ਨੂੰ ਦੂਤਾਵਾਸ (ਅੰਬੈਸੀ) ਕਿਹਾ ਜਾ ਸਕਦਾ ਹੈ। ਸਿਖਾਂ ਦੇ
ਜੱਥੇ ਸਾਲ ਵਿੱਚ ਦੋ ਵਾਰੀ ਅੰਮ੍ਰਿਤਸਰ ਇਕੱਠੇ ਹੁੰਦੇ ਸਨ। ਕਸੂਰ ਦੇ ਹਾਕਮ ਪਾਸੋਂ ਇੱਕ ਹਿੰਦੂ ਵੀਰ
ਦੀ ਘਰਵਾਲੀ ਛੁਡਵਾ ਕੇ ਸਿੰਘ ਲਿਆਏ ਸਨ ਓਦੋਂ ਵੈਸਾਖੀ `ਤੇ ਸਿੰਘ ਇਕੱਠੇ ਹੋਏ ਸਨ।
ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਉਪਰੰਤ ਸਿੱਖਾਂ ਨੂੰ ਅੰਮ੍ਰਿਸਰ
ਇਕੱਠੇ ਹੋਣ ਮੌਕਾ ਘੱਟ ਮਿਲਿਆ। ਜਦੋਂ ਭਾਈ ਮਨੀ ਸਿੰਘ ਜੀ ਨੇ ਦਰਬਾਰ ਸਾਹਿਬ ਦੀ ਸੇਵਾ ਸੰਭਾਲ਼ ਕੀਤੀ
ਤਾਂ ਉਹਨਾਂ ਭਵਿਖਤ ਦੀਆਂ ਨੀਤੀਆਂ ਤਹਿ ਕਰਨ ਲਈ ਤੇ ਪੰਜਾਬ ਵਿੱਚ ਆਪਣਾ ਰਾਜ ਭਾਗ ਕਾਇਮ ਕਰਨ ਲਈ
ਦੀਵਾਲੀ `ਤੇ ਇਖੱਠੇ ਹੋਣ ਲਈ ਸੱਦਿਆ ਗਿਆ। ਜਿਸ ਤਰ੍ਹਾਂ ਅੱਜ ਕਲ੍ਹ ਕੋਈ ਇਕੱਠ ਜਾਂ ਕੋਈ ਸਮਾਗਮ
ਕਰਨਾ ਹੋਵੇ ਤਾਂ ਸਰਕਾਰ ਕੋਲੋਂ ਅਗਾਉਂ ਆਗਿਆ ਲੈਣੀ ਪੈਂਦੀ ਹੈ। ਕੁੱਝ ਏਸੇ ਤਰ੍ਹਾਂ ਹੀ ਭਾਈ ਮਨੀ
ਸਿੰਘ ਜੀ ਨੇ ਸੂਬਾ ਲਾਹੌਰ ਤੋਂ ਦੀਵਾਲੀ `ਤੇ ਸਿੱਖਾਂ ਨੂੰ ਇਕੱਠੇ ਹੋਣ ਦੀ ਆਗਿਆ ਲੈਣ ਲਈ ਪੰਜ
ਹਜ਼ਾਰ ਟੈਕਸ ਭਰਨ ਦੀ ਹਾਮੀ ਭਰੀ ਪਰ ਕਈਆਂ ਲਿਖਤਾਂ ਵਿੱਚ ਦਸ ਹਜ਼ਾਰ ਦਾ ਵੀ ਜ਼ਿਕਰ ਆਉਂਦਾ ਹੈ।
ਦੀਵਾਲੀ `ਤੇ ਸਿੱਖਾਂ ਨੂੰ ਇਕੱਠੇ ਹੋਣ ਨੂੰ ਹਾਕਮ ਧਿਰ ਨੇ ਆਗਿਆਂ ਤਾਂ ਦੇ
ਦਿੱਤੀ ਪਰ ਹਾਕਮ ਧਿਰ ਦੇ ਅੰਦਰ ਬਦਨੀਅਤੀ ਕੰਮ ਕਰ ਰਹੀ ਸੀ। ਇੱਕ ਪਾਸੇ ਹਾਕਮਾਂ ਨੇ ਹਾਂ ਕਰ ਦਿੱਤੀ
ਪਰ ਦੂਜੇ ਪਾਸੇ ਸਿੱਖਾਂ ਦੇ ਇਸ ਇਕੱਠ ਨੂੰ ਸਦਾ ਲਈ ਖਤਮ ਕਰਨ ਦੀਆਂ ਵਿਉਂਤਾਂ ਵੀ ਬਣਾ ਲਈਆਂ ਸਨ।
ਭਾਈ ਮਨੀ ਸਿੰਘ ਜੀ ਨੂੰ ਹਾਕਮ ਧਿਰ ਦੀ ਸਾਰੀ ਬਦਨੀਅਤ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਸਿੱਖ
ਜਰਨੈਲਾਂ ਨੂੰ ਸੁਨੇਹੇ ਭੇਜੇ ਕਿ ਦੀਵਾਲੀ `ਤੇ ਹੋਣ ਵਾਲ ਇਕੱਠ ਰੱਦ ਕਰ ਦਿੱਤਾ ਗਿਆ ਹੈ, ਕਿਉਂ ਕਿ
ਸਰਾਕਰ ਦੀ ਨੀਤ ਬੇਈਮਾਨ ਹੋ ਗਈ ਹੈ। ਇਸ ਇਕੱਠ ਵਿੱਚ ਕੁੱਝ ਸਿੰਘ ਆਏ ਤਾਂ ਸੂਬਾ ਲਾਹੌਰ ਨੇ ਹਮਲਾ
ਕਰਕੇ ਆਪਣੀ ਬੇਈਮਾਨੀ ਵਾਲੀ ਨੀਅਤ ਪ੍ਰਗਟ ਕਰ ਦਿੱਤੀ। ਹੁਣ ਜਦੋਂ ਸਿੱਖਾਂ ਦਾ ਇਕੱਠ ਨਹੀਂ ਹੋਇਆ ਤੇ
ਕੋਈ ਚੜ੍ਹਤ ਵੀ ਨਹੀਂ ਹੋਈ ਤਾਂ ਟੈਕਸ ਕਿਸ ਗੱਲ ਦਾ ਦਿੱਤਾ ਜਾਏ? ਸੂਬੇ ਹਾਕਮਾਂ ਨੇ ਭਾਈ ਮਨੀ ਸਿੰਘ
ਨੂੰ ਕਿਹਾ ਕੇ ਮੇਲੇ ਦਾ ਟੈਕਸ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਇਆ ਜਾਏ। ਅੱਗੋਂ ਭਾਈ ਮਨੀ ਸਿੰਘ
ਜੀ ਕਹਿਣ ਲੱਗੇ ਜਦ ਇਕੱਠ ਹੀ ਨਹੀਂ ਹੋਇਆ ਤਾਂ ਟੈਕਸ ਕਿਉਂ ਦਈਏ? ਹਕੂਮਤ ਨੂੰ ਬਹਾਨਾ ਚਾਹੀਦਾ ਸੀ।
ਭਾਈ ਮਨੀ ਸਿੰਘ ਜੀ ਨੂੰ ਲਾਹੌਰ ਤਲਬ ਕਰ ਲਿਆ। ਉਹਨਾਂ ਅੱਗੇ ਮੁਸਲਮਾਨ ਧਰਮ ਨੂੰ ਧਾਰਨ ਜਾਂ ਟੈਕਸ
ਦੇਣ ਵਰਗੀਆਂ ਸ਼ਰਤਾਂ ਰੱਖੀਆਂ ਗਈਆਂ, ਪਰ ਭਾਈ ਮਨੀ ਸਿੰਘ ਜੀ ਨੇ ਸਰਕਾਰੀ ਸ਼ਰਤਾਂ ਮਮਨਣ ਤੋਂ ਇਨਕਾਰ
ਕਰ ਦਿੱਤਾ। ਏਸੇ ਆੜ ਵਿੱਚ ਵਿੱਚ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕਰ ਕੱਟ ਕੇ ਸ਼ਹੀਦ ਕੀਤਾ ਗਿਆ।
ਦੀਵਾਲੀ `ਤੇ ਵਾਪਰੇ ਇਸ ਮਹਾਨ ਸ਼ਹੀਦੀ ਦਿਵਸ ਨੂੰ ਅਸੀਂ ਅਣਗੌਲਿਆ ਹੀ ਕੀਤਾ ਹੋਇਆ ਹੈ।
ਸਿੱਖਾਂ ਦੀ ਕਾਹਦੀ ਦੀਵਾਲੀ ਹੈ- ਕਾਹਦੀ ਖੁਸੀ ਹੈ-
ਭਾਰਤ ਅਜ਼ਾਦ ਹੋਇਆ ਤਾਂ ਸਭ ਤੋਂ ਵੱਧ ਕੁਰਬਾਨੀ ਸਿੱਖ ਕੌਮ ਨੇ ਦਿੱਤੀ ਹੈ।
ਘੱਟ ਜ਼ਮੀਨਾਂ ਤੇ ਸਬਰ ਕੀਤਾ ਘਰਬਾਰ ਛੱਡੇ, ਮਾਲ-ਹਵੇਲੀਆਂ, ਉਜਾਊ ਜ਼ਮੀਨਾਂ ਛੱਡੀਆਂ ਕੇਵਲ ਤਨ ਦੇ
ਕਪੜਿਆਂ ਨਾਲ ਭਾਰਤ ਨਾਲ ਸਾਂਝ ਪਾਈ ਤੇ ਏੱਥੇ ਆਉਂਦਿਆਂ ਹੀ ਜ਼ਰਾਇਮ ਪੇਸ਼ਾ ਵਰਗੇ ਸ਼ਬਦਾਂ ਨਾਲ ਸਿੱਖ
ਕੌਮ ਦਾ ਸਵਾਗਤ ਕੀਤਾ ਗਿਆ।
ਸਭ ਤੋਂ ਵੱਧ ਪਾਕਿਸਾਤਨ ਬਣਨ ਨਾਲ ਸਿੱਖ ਕੌਮ ਨੂੰ ਨੁਕਸਾਨ ਹੋਇਆ ਜਿਸ ਦੀ
ਭਰਪਾਈ ਕਿਸੇ ਕੀਮਤ `ਤੇ ਨਹੀਂ ਹੋ ਸਕਦੀ। ਸਾਡੇ ਗੁਰਦੁਆਰੇ ਪਾਕਿਸਤਾਨ ਵਿੱਚ ਰਹਿ ਗਏ ਬਜ਼ੁਰਗਾਂ ਦੇ
ਹੌਕੇ ਦੱਸਦੇ ਹਨ ਇਹਨਾਂ ਸੰਤਾਲ਼ੀ ਵਿੱਚ ਕਿੰਨਾ ਸੰਤਾਪ ਭੋਗਿਆ ਹੈ। ਧੀਆਂ ਨੂੰ ਬੇ-ਪਤ ਕੀਤਾ ਵਹਿਸ਼ੀ
ਤਰੀਕੇ ਨਾਲ ਮੌਤ ਦਾ ਨੰਗਾ ਨਾਚ ਹੋਇਆ। ਬਾਕੀ ਦੇ ਸੂਬੇ ਬੌਲੀਆਂ ਦੇ ਅਧਾਰ `ਤੇ ਬਣ ਗਏ ਪਰ ਪੰਜਾਬ
ਬੋਲ਼ੀ ਦੇ ਅਧਾਰ ਤੇ ਨਹੀਂ ਬਣਾਇਆ। ਮੋਰਚੇ ਲੱਗੇ ਸ਼ਹੀਦੀਆਂ ਹੋਈਆਂ। ਲੰਗੜੀ ਜੇਹੀ ਪੰਜਾਬੀ ਸੂਬੀ ਦੇ
ਰੋਂਦੇ ਨਿਆਣੇ ਨੂੰ ਛਣਕਣਾ ਦੇ ਕੇ ਚੁੱਪ ਕਰਾ ਦਿੱਤਾ। ਆਪਣੀ ਸਰਕਾਰ ਨੇ ਹੀ ਦਰਬਾਰ ਸਾਹਿਬ ਦੇ ਹਮਲਾ
ਕਰਕੇ ਦਿਨ ਦੀਵੀਂ ਚਿੱਟੀ ਧੁੱਪ ਵਾਂਗ ਬੇਗਾਨਗੀ ਦਾ ਅਹਿਸਾਸ ਕਰਾ ਦਿੱਤਾ।
ਸਿੱਖਾ ਤੇਰੀ ਕਾਹਦੀ ਦੀਵਾਲੀ ਹੈ? ੧੯੮੪ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ
ਤੇਰੇ ਗਲ਼ਾਂ ਵਿੱਚ ਬਲ਼ਦੇ ਟੈਰ ਪਾ ਮੰਡ੍ਹੀਰ ਭੰਗੜਾ ਪਾ ਰਹੀ ਹੈ। ਧੀਆਂ ਨਾਲ ਗੈਂਗ-ਬਲਾਤਕਾਰ ਹੋਏ
ਘਰਾਂ ਦੇ ਘਰ ਤਬਾਹ ਕੀਤੇ ਗਏ। ਸਿੱਖਾਂ ਦਾ ਚੁਣ ਚੁਣ ਕੇ ਸ਼ਿਕਾਰ ਕੀਤਾ ਗਿਆ।
੧੯੭੮ ਤੋਂ ਲੈ ਕੇ ੧੯੯੪ ਤੀਕ ਕਰੀਬ ਢਾਈ ਲੱਖ ਤੋਂ ਊਪਰ ਸਿਖ ਨੌਜਵਨਾਂ ਨੂੰ
ਕੋਹ ਕੋਹ ਕੇ ਮਾਰਿਆ ਗਿਆ। ਪਰ ਗੁਰਦੁਆਰਿਆਂ ਵਿੱਚ ਲੱਖਾਂ ਰੁਪਇਆਂ ਦੀ ਆਤਸ਼ਬਾਜ਼ੀ ਫੂਕ ਕੇ ਖੁਸ਼ ਹੋ
ਰਿਹਾ ਏਂ? ਅਜੇ ਤੱਕ ਤਾਂ ਇਹ ਪਤਾ ਨਹੀਂ ਲੱਗ ਸਕਿਆ ਦੀਵਾਲੀ ਨੂੰ ਸਿੱਖਾਂ ਦੀ ਕਾਹਦੀ ਖੁਸ਼ੀ ਚੜ੍ਹੀ
ਹੋਈ ਆ।
ਕੀ ਅਸੀਂ ਦੂਜਿਆਂ ਦੇ ਤਿਉਹਾਰ ਮਨਾ ਕੇ ਨਿਆਰੇ ਸਿੱਖ ਅਖਵਾਉਣ ਦੇ ਹੱਕਦਾਰ
ਰਹਿ ਜਾਂਦੇ ਹਾਂ। ਅੱਜ ਦੀਵਾਲੀ ਤਾਂ ਨਹੀਂ ਲੱਗਦੀ ਪਰ ਦਵਾਲਾ ਜ਼ਰੂਰ ਨਿਕਲਿਆ ਲਗਦਾ ਹੈ। ਗੁਰੂ ਹਰਿ
ਗੋਬਿੰਦ ਸਾਹਿਬ ਜੀ ਬੰਦੀ ਛੌੜ ਦਾਤੇ ਸਨ ਪਰ ਅਸੀਂ ਖ਼ੁਦ ਬੰਦੀ ਖਾਨੇ ਵਿੱਚ ਪਏ ਹੋਏ ਹਾਂ। ਸਿੱਖਾ
ਦੇਖ ਤੈਨੂੰ ਗੁਰਬਾਣੀ ਸਮਝਾ ਰਹੀ ਹੈ---
ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ।।
ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰ।।
(ਪੰਨਾ ੧੪੧੦)
ਅੱਖਰੀਂ ਅਰਥ: —
ਹੇ ਸੁੰਦਰ ਨੇਤ੍ਰਾਂ ਵਾਲੀਏ ਭੋਲੀਏ
ਜੁਆਨ ਕੁੜੀਏ! (ਹੇ ਜਗਤ-ਰਚਨਾ ਵਿਚੋਂ ਸੋਹਣੀ ਜੀਵ-ਇਸਤ੍ਰੀਏ!) ਮੇਰੀ ਇੱਕ ਬਹੁਤ ਡੂੰਘੀ ਭੇਤ ਦੀ
ਗੱਲ ਸੁਣ। (ਜਦੋਂ ਕੋਈ ਚੀਜ਼ ਖ਼ਰੀਦਣ ਲੱਗੀਏ, ਤਾਂ) ਪਹਿਲਾਂ (ਉਸ) ਚੀਜ਼ ਨੂੰ ਪਰਖ ਕੇ ਤਦੋਂ ਉਸ ਦਾ
ਵਪਾਰ ਕਰਨਾ ਚਾਹੀਦਾ ਹੈ (ਤਦੋਂ ਉਹ ਖ਼ਰੀਦਣੀ ਚਾਹੀਦੀ ਹੈ)।
ਅਤੇ ਗੁਰੂ ਨਾਨਾਕ ਸਾਹਿਬ ਜੀ ਦੇ ਇੱਕ ਹੋਰ ਉਦੇਸ਼ ਨੂਮ ਆਪਣੇ ਧਿਆਨ ਵਿੱਚ ਲੈ
ਕੇ ਆਉਣ ਦਾ ਯਤਨ ਕਰ।
ਸਬਦੈ
ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ।।
ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ।।
ਨਾਨਕ ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰੁ।। ੨।।
ਸਲੋਕ ਮ: ੧ {ਪੰਨਾ ੭੯੧}
ਅਰਥ : —
ਜਿਸ
ਮਨੁੱਖ ਨੂੰ (ਕਦੇ) ਗੁਰ-ਸਬਦ ਦਾ ਰਸ ਨਹੀਂ ਆਇਆ, ਜਿਸ ਦਾ (ਕਦੇ) ਪ੍ਰਭੂ ਦੇ ਨਾਮ ਵਿੱਚ ਪਿਆਰ ਨਹੀਂ
ਬਣਿਆ, ਉਹ ਜੀਭ ਨਾਲ ਫਿੱਕੇ ਬਚਨ ਬੋਲਦਾ ਹੈ ਤੇ ਸਦਾ ਹੀ ਖ਼ੁਆਰ ਹੁੰਦਾ ਰਹਿੰਦਾ ਹੈ।
(ਪਰ), ਹੇ ਨਾਨਕ ! (ਉਸ ਦੇ ਵੱਸ ਭੀ ਕੀਹ ?) (ਹਰੇਕ ਜੀਵ) ਆਪਣੇ (ਹੁਣ ਤਕ
ਦੇ) ਕੀਤੇ ਕਰਮਾਂ ਦੇ ਇਕੱਠੇ ਹੋਏ ਹੋਏ ਸੰਸਕਾਰਾਂ ਅਨੁਸਾਰ ਕੰਮ ਕਰਦਾ ਹੈ, ਕੋਈ ਬੰਦਾ ਇਸ ਬਣੇ ਹੋਏ
ਗੇੜ ਨੂੰ ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ। ੨।
ਚਾਹੀਦਾ ਤਾਂ ਇਹ ਸੀ ਕਿ ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਬਣਦੀ
ਜ਼ਿੰਮੇਵਾਰੀ ਨਿਰਪੱਖਤਾ ਨਾਲ ਨਿਭਾਉਂਦੀ। ਸਿੱਖ ਮੁਦਿਆਂ ਦੀ ਗੱਲ ਕਰਨ ਲਈ ਤੇ ਸਿੱਖੀ ਵਿੱਚ ਪਏ ਹੋਏ
ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਸਿੱਖ ਵਿਦਵਾਨਾਂ ਦਾ ਸੋਚਣ ਵਾਲਾ ਇੱਕ ਢਾਂਚਾ ਖੜਾ ਕਰੇ। ਗੁਰੂ
ਗ੍ਰੰਥ ਸਾਹਿਬ ਜੀ ਦੀ ਸਿਰਮੋਰਤਾ ਨੂੰ ਮੁੱਖ ਰੱਖਦਿਆਂ ਕੋਮ ਨੂੰ ਜੱਥੇਬੰਦ ਕੀਤਾ ਜਾਂਦਾ। ਸਾਰੇ
ਗੁਰਪੁਰਬਾਂ ਦੀਆਂ ਸਾਰੀਆਂ ਤਰੀਕਾਂ ਨਿਰਧਾਰਤ ਕੀਤੀਆਂ ਜਾਂਦੀਆਂ। ਅੱਜ ਕੌਮ ਵਿੱਚ ਬਹੁਤ ਵੱਡੇ ਭੰਬਲ਼
ਭੂਸ ਬਣੇ ਹੋਏ ਹਨ।
ਅੱਜ ਸਿੱਖ ਵਿਦਵਾਨਾਂ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ
ਚਾਹੀਦਾ ਹੈ ਤਾਂ ਕਿ ਸਿੱਖੀ ਦੇ ਨਿਆਰੇ ਪਨ ਨੂੰ ਕਾਇਮ ਰੱਖਿਆ ਜਾ ਸਕੇ।