ਸਤਿੰਦਰਜੀਤ
ਸਿੰਘ
ਪਉੜੀ-6
ਤੀਰਥਿ ਨਾਵਾ
ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥
ਉਸ ਪ੍ਰਮਾਤਮਾ ਦੇ ਉਪਦੇਸ਼,
ਸਿੱਖਿਆ ਦੇ ਸਰੋਵਰ (ਤੀਰਥਿ) ਵਿੱਚ ਇਸ਼ਨਾਨ ਤਾਂ ਹੀ ਹੋ ਸਕਦਾ ਹੈ ਜੇ ਆਪਣੇ-ਆਪ ਨੂੰ ਉਸ ਦੇ ਕਾਬਲ
(ਭਾਵਾ) ਬਣਾ ਲਈਏ, ਜੀਵਨ ਵਿੱਚ ਵਿਕਾਰਾਂ ਨੂੰ ਛੱਡ ਕੇ ਗੁਣਾਂ ਵੱਲ ਚੱਲਣ ਦਾ ਇਰਾਦਾ ਕਰ ਲਈਏ, ਗੁਣ
ਧਾਰਨ ਕਰ ਲਈਏ, ਬਿਨ੍ਹਾਂ ਗੁਣਾਂ ਤੋਂ ਉਸਦੀ ਸਿੱਖਿਆ ਤੇ ਨਹੀਂ ਚੱਲਿਆ ਜਾ ਸਕਦਾ, ਗੁਣਾਂ ਤੋਂ
ਬਿਨ੍ਹਾਂ ਮਨੁੱਖ ਉਸ ਬੇਅੰਤ ਗੁਣਾਂ ਵਾਲੇ ਪ੍ਰਮਾਤਮਾ ਦੇ ਕਾਬਲ ਨਹੀਂ ਹੋ ਸਕਦਾ
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥
ਪ੍ਰਮਾਤਮਾ ਦੇ ਇਸ (ਜੇਤੀ) ਗੁਣਾਂ ਰੂਪੀ ਸੰਸਾਰ (ਸਿਰਠਿ) ਵਿੱਚ ਜੇ ਵਸਣਾ ਹੋਵੇ, ਭਾਵ ਕਿ
ਜੇ ਗੁਣਾਂ ਨੂੰ ਜੀਵਨ ਵਿੱਚ ਅਪਨਾਉਣਾ ਹੋਵੇ ਤਾਂ ਮਨ ਕਰ ਕੇ ਉੱਦਮ ਕੀਤਿਆਂ ਹੀ ਇਸ ਸੰਸਾਰ ਦੀ
ਪ੍ਰਾਪਤੀ ਸੰਭਵ ਹੈ, ਬਿਨ੍ਹਾਂ ਉੱਦਮ (ਕਰਮਾ) ਤੋਂ ਭਲਾ ਕੀ (ਕਿ) ਮਿਲਦਾ ਹੈ? ਭਾਵ ਕਿ ਜੇ ਜੀਵਨ
ਨੂੰ ਵਿਕਾਰਾਂ ਤੋਂ ਬਚਾਉਣਾ ਹੈ ਤਾਂ ਗੁਣਾਂ ਨੂੰ ਧਾਰਨ ਕਰਨ ਦਾ ਯਤਨ, ਉੱਦਮ ਕਰਨਾ ਪੈਣਾ ਹੈ
ਕਿਉਂਕਿ ਉੱਦਮ ਤੋਂ ਬਿਨ੍ਹਾਂ ਕਿਸੇ ਨੂੰ ਕੁੱਝ ਨਹੀਂ ਮਿਲਦਾ।
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥
ਜੇ ਮਨੁੱਖ ਉਸ ਪ੍ਰਮਾਤਮਾ ਦੀ ਇੱਕ ਸਿੱਖਿਆ ਨੂੰ ਵੀ ਮੰਨ ਲਵੇ ਤਾਂ ਮਨੁੱਖ ਦੀ ਸੋਚ (ਮਤਿ)
ਵਿੱਚ ਗੁਣਾਂ ਅਤੇ ਨਿਮਰਤਾ ਰੂਪੀ ਰਤਨ-ਜਵਾਹਰ ਅਤੇ ਮਾਣਕ ਮੋਤੀ ਪੈਦਾ ਹੋ ਜਾਣਗੇ ਭਾਵ ਕਿ ਮਨੁੱਖ
ਵਿਕਾਰਾਂ ਤੋਂ ਦੂਰ ਹੋ ਕੇ ਸਚਿਆਰਾ ਬਣ ਜਾਵੇਗਾ
ਗੁਰਾ ਇਕ ਦੇਹਿ ਬੁਝਾਈ॥
ਸਤਿਗੁਰੂ, ਉਸ ਪ੍ਰਮਾਤਮਾ ਨੇ ਇਹ ਗੱਲ ਮੈਨੂੰ ਸਮਝਾ (ਬੁਝਾਈ) ਦਿੱਤੀ ਹੈ (ਦੇਹੁ) ਕਿ
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ ੬॥
ਸਾਰੇ ਜੀਵਾਂ ਨੂੰ ਵਡਿਆਈ ਦੇ ਪਾਤਰ ਬਣਾਉਣ ਵਾਲੇ ਗੁਣਾਂ ਦੀ ਬਖਸ਼ਿਸ਼ ਕਰਨ ਵਾਲਾ ਉਹ
ਪ੍ਰਮਾਤਮਾ ਹੀ ਹੈ, ਉਸਦੇ ਗੁਣਾਂ ਨੂੰ ਭੁੱਲਣਾ ਨਹੀਂ ਚਹੀਦਾ ॥6॥
{ਨੋਟ: ‘ਜਪੁ ਜੀ’ ਸਾਹਿਬ ਦੇ ਇਹ ਅਰਥ,
ਆਪਣੀ ਸਮਝ ਅਨੁਸਾਰ ਕੀਤੇ ਗਏ ਹਨ, ਕੋਈ ਆਖਰੀ ਨਿਰਣਾ ਨਹੀਂ, ਸਾਰੇ ਪਾਠਕਾਂ ਦੇ ਸੁਝਾਵਾਂ ਦਾ ਸੁਆਗਤ
ਹੈ}