ਜਿੰਦਗੀ ਮੌਤ ਦੀ ਚਣੌਤੀ
ਮੈਂ ਆਪਣੇ ਪਿਛਲੇ ਲੇਖ ਵਿੱਚ ਜੋ ਕਿ ਅਕਤੂਬਰ 28, 2018 ਨੂੰ ਛਪਿਆ ਸੀ, ਉਸ ਵਿੱਚ ਆਪਣੀ
ਕੱਟੜਤਾ ਦੀ ਗੱਲ ਕੀਤੀ ਸੀ। ਅੱਜ ਆਪਾਂ ਕੁੱਝ ਅਣਹੋਣੀਆਂ ਕਰਾਮਾਤਾਂ ਬਾਰੇ ਗੱਲ ਕਰਾਂਗੇ ਤਾਂ ਜੋ
ਗੱਲ ਇੱਕ ਪਾਸੇ ਹੋ ਸਕੇ। ਸਿੱਖ ਧਰਮ ਵਿੱਚ ਜਿਤਨੇ ਵੀ ਕਥਿਤ ਮਹਾਂਪੁਰਸ਼ ਹੋਏ ਹਨ, ਤਕਰੀਬਨ ਉਹਨਾ
ਸਾਰਿਆਂ ਨਾਲ ਹੀ ਕੋਈ ਨਾ ਕੋਈ ਕਰਾਮਾਤ ਜਰੂਰ ਜੁੜੀ ਹੋਈ ਹੈ ਜਾਂ ਜੋੜੀ ਗਈ ਹੈ। ਕਈਆਂ ਨੇ ਤਾਂ ਖੁਦ
ਹੀ ਇਹਨਾ ਦਾ ਜ਼ਿਕਰ ਕੀਤਾ ਹੈ ਅਤੇ ਕਈ ਉਹਨਾ ਦੇ ਸ਼ਰਧਾਲੂਆਂ ਨੇ ਜੋੜੀਆਂ ਹੋਈਆਂ ਹਨ। ਅਸੀਂ ਜ਼ਿਕਰ
ਤਾਂ ਸਾਰਿਆਂ ਦਾ ਹੀ ਕਰਾਂਗੇ ਪਰ ਮੇਨ ਫੋਕਸ ਦੋ ਵੱਡੀਆਂ ਜਥੇਬੰਦੀਆਂ ਤੇ ਹੀ ਰੱਖਾਂਗੇ। ਇਹ ਦੋ ਹਨ
ਟਕਸਾਲੀ ਅਤੇ ਅਖੰਡ ਕੀਰਤਨੀਏ। ਕਿਉਂਕਿ ਭਾਈ ਰਣਧੀਰ ਸਿੰਘ ਨੇ ਅਤੇ ਗਿ: ਗੁਰਬਚਨ ਸਿੰਘ ਨੇ ਖੁਦ ਆਪ
ਇਹਨਾ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਦੋਹਾਂ ਦੀਆਂ ਆਪਣੀਆਂ ਲਿਖਤਾਂ ਛਪੀਆਂ ਹੋਈਆਂ ਆਮ ਮਿਲਦੀਆਂ ਹਨ।
ਇਹਨਾ ਤੋਂ ਬਿਨਾ ਹੋਰ ਜਿਹੜੇ ਵੀ ਕਥਿਤ ਕਰਾਮਾਤੀ ਸਾਧ ਸੰਤ ਹੋਏ ਹਨ ਉਹਨਾ ਦਾ ਜ਼ਿਕਰ ਵੀ ਕਰਾਂਗੇ ਪਰ
ਕਿਉਂਕਿ ਉਹਨਾ ਦੀਆਂ ਆਪਣੀਆਂ ਲਿਖੀਆਂ ਹੋਈਆਂ ਲਿਖਤਾਂ ਬਹੁਤ ਘੱਟ ਮਿਲਦੀਆਂ ਹਨ ਇਸ ਲਈ ਉਹਨਾ ਦੇ
ਲਿਖਤੀ ਪਰੂਫ ਸਾਰਿਆਂ ਦੇ ਸਾਹਮਣੇ ਰੱਖਣੇ ਬਹੁਤੇ ਆਸਾਨ ਨਹੀਂ ਹਨ।
ਪਹਿਲੇ ਪਹਿਲ ਜਦੋਂ ਮੈਂ ਸਿੱਖੀ ਧਾਰਨ ਕੀਤੀ ਸੀ ਤਾਂ ਮੈਂ ਇਹਨਾ ਸਾਰੀਆਂ ਅਣਹੋਣੀਆਂ ਕਰਾਮਾਤਾਂ
ਵਿੱਚ ਪੂਰਨ ਵਿਸ਼ਵਾਸ਼ ਰੱਖਦਾ ਸੀ। ਮੇਰੇ ਮਨ ਵਿੱਚ ਇਹ ਵਿਸ਼ਵਾਸ਼ ਸੀ ਕਿ ਸਿੱਖ, ਖਾਸ ਕਰਕੇ ਨਾਮ ਜਪਣ
ਵਾਲੇ ਝੂਠ ਨਹੀਂ ਬੋਲ ਸਕਦੇ। ਜੋ ਉਹਨਾ ਨੇ ਲਿਖਿਆ ਹੋਵੇਗਾ ਉਹ ਪੂਰਨ ਸੱਚ ਅਤੇ ਪੱਥਰ ਤੇ ਲੀਕ ਸਮਾਨ
ਹੋਵੇਗਾ। ਮੈਨੂੰ ਇਹ ਕਰਾਮਾਤੀ ਕਹਾਣੀਆਂ ਬਹੁਤ ਚੰਗੀਆਂ ਲੱਗਦੀਆਂ ਸਨ। ਸਭ ਤੋਂ ਪਹਿਲਾਂ ਮੈਂ ਭਾਈ
ਰਣਧੀਰ ਸਿੰਘ ਦੀਆਂ ਲਿਖੀਆਂ ਤਕਰੀਬਨ ਸਾਰੀਆਂ ਹੀ ਕਿਤਾਬਾਂ ਪੜ੍ਹੀਆਂ ਸਨ। ਉਹਨਾ ਦੀਆਂ ਦੋ
ਕਿਤਾਬਾਂ, ਜੇਲ ਚਿੱਠੀਆਂ ਅਤੇ ਰੰਗਲੇ ਸੱਜਣ ਕਾਫੀ ਮਸ਼ਹੂਰ ਹਨ। ਇਹਨਾ ਦੋਹਾਂ ਕਿਤਾਬਾਂ ਵਿੱਚ ਬਹੁਤ
ਸਾਰੀਆਂ ਅਲੌਕਿਕ ਕਹਾਣੀਆਂ ਲਿਖੀਆਂ ਹੋਈਆਂ ਹਨ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਕਿਤਾਬਾਂ ਪੜ੍ਹੀਆਂ
ਹਨ। ਜਿਵੇਂ ਕਿ ਸੰਤ ਅਤਰ ਸਿੰਘ ਦਾ ਜੀਵਨ, ਸੰਤ ਨਿਹਾਲ ਸਿੰਘ ਦਾ ਜੀਵਨ ਜਿਹੜੇ ਕਿ ਕਾਫੀ ਦੇਰ
ਪਹਿਲਾਂ ਹੋ ਚੁੱਕੇ ਹਨ ਇਹ ਇਕੋ ਸਮੇ ਦੋ ਥਾਵਾਂ ਤੇ ਹਾਜ਼ਰ ਹੋ ਜਾਂਦੇ ਸਨ, ਪੰਜ ਸੁੱਚੇ ਮੋਤੀ, ਜਿਸ
ਵਿੱਚ ਬਾਬਾ ਮਿੱਤ ਸਿੰਘ ਸਮੇਤ ਪੰਜ ਕਥਿਤ ਮਹਾਂਪੁਰਸ਼ਾਂ ਦੇ ਜੀਵਨ ਸਨ, ਇਹ ਅਤੇ ਇਸ ਤਰ੍ਹਾਂ ਦੀਆਂ
ਹੋਰ ਵੀ ਕਈ ਪੜ੍ਹੀਆਂ ਸਨ। ਇਹ ਸਾਰੀਆਂ ਮੇਰੀ ਲਾਇਬ੍ਰੇਰੀ ਵਿੱਚ ਮੌਜੂਦ ਸਨ ਪਰ ਹੁਣ ਸਾਰੀਆਂ ਲੱਭ
ਨਹੀਂ ਰਹੀਆਂ। ਪਤਾ ਨਹੀਂ ਤਾਂ ਕਿਸੇ ਨੇ ਪੜ੍ਹਨ ਲਈ ਲਿਜਾ ਕੇ ਮੋੜੀਆਂ ਨਹੀਂ ਅਤੇ ਜਾਂ ਫਿਰ ਘਰ ਦੀ
ਰੈਨੋਵੇਸ਼ਨ ਸਮੇਂ ਡੱਬਿਆਂ/ਬੌਕਸਾਂ ਵਿੱਚ ਭਰਨ ਸਮੇਂ ਕਿਤੇ ਇਧਰ-ਉਧਰ ਹੋ ਗਈਆਂ ਸਨ।
ਇਕ ਛੋਟਾ ਜਿਹਾ ਟ੍ਰੈਕਟ ਹੇਮਕੁੱਟ ਬਾਰੇ ਸੀ ਜਿਸ ਵਿੱਚ ਦਸਵੇਂ ਗੁਰੂ ਅਤੇ ਚਾਰ ਸਾਹਿਬਜ਼ਾਦਿਆਂ
ਦੇ ਦਰਸ਼ਨ ਹੋਣ ਦੀ ਗੱਲ ਲਿਖੀ ਗਈ ਸੀ। ਇਹ ਸ਼ਾਇਦ ਤਾਰਾ ਸਿੰਘ ਨਿਰੋਤਮ ਦਾ ਲਿਖਿਆ ਹੋਇਆ ਸੀ। ਜੇ ਕਰ
ਮੈਂ ਗਲਤ ਨਾ ਹੋਵਾਂ ਤਾਂ ਪੰਜ ਸੁੱਚੇ ਮੋਤੀ ਵੀ ਇਸੇ ਦੀ ਲਿਖੀ ਹੋਈ ਸੀ। ਜਦੋਂ ਮੈਂ ਪਹਿਲੀ ਵਾਰੀ
ਇਹ ਹੇਮਕੁੰਟ ਦਾ ਟ੍ਰੈਕਟ ਪੜ੍ਹਿਆ ਸੀ ਤਾਂ ਮਨ ਵਿੱਚ ਇੱਕ ਦਮ ਐਸੀ ਤਾਂਘ ਆਈ ਕਿ ਸਾਧਾਂ ਦੀ ਧਾਰਨਾ
ਮਨ ਵਿੱਚ ਆਪ ਮੁਹਾਰੇ ਚੇਤੇ ਆਉਣ ਲੱਗ ਪਈ। ਉਹ ਧਰਨਾ ਸੀ, ‘ਉਡ ਕੇ ਗੁਰਾਂ ਨੂੰ ਮਿਲ ਲਾਂ, ਜੇ
ਖੰਭ ਵਿਕਦੇ ਹੋਣ ਬਜਾਰੀਂ’। ਉਸ ਸਮੇਂ ਮਨ ਵਿੱਚ ਸਦਾ ਇਹੀ ਰਹਿੰਦਾ ਸੀ ਕਿ ਜਦੋਂ ਵੀ ਇੰਡੀਆ ਗਏ
ਤਾਂ ਹੇਮਕੁੰਟ ਜਾ ਕੇ ਦਸਮੇਂ ਗੁਰੂ ਅਤੇ ਸਾਹਿਬਜ਼ਾਦਿਆਂ ਦੇ ਦਰਸ਼ਨ ਜਰੂਰ ਕਰਨੇ ਹਨ। ਸਾਡੇ ਸ਼ਹਿਰ ਦਾ
ਰਹਿਣ ਵਾਲਾ ਇੱਕ ਵਿਆਕਤੀ ਉਥੇ ਜਾ ਕੇ ਆਇਆ ਸੀ। ਉਹ ਕਹਿੰਦਾ ਸੀ ਕਿ ਮੈਨੂੰ ਤਾਂ ਦਰਸ਼ਨ ਨਹੀਂ ਹੋਏ
ਪਰ ਕਈਆਂ ਨੂੰ ਹੋ ਜਾਂਦੇ ਹਨ। ਜਿਹਨਾ ਨੇ ਨਾਮ ਦੀ ਕਮਾਈ ਜ਼ਿਆਦਾ ਕੀਤੀ ਹੋਈ ਹੁੰਦੀ ਹੈ ਉਹਨਾ ਨੰ
ਛੇਤੀਂ ਹੋ ਜਾਂਦੇ ਹਨ।
ਖੈਰ! ਸਮਾ ਬੀਤਦਾ ਗਿਆ ਅਤੇ ਸਮੇ ਨਾਲ ਗੁਰਮਤਿ ਦੀ ਸੋਝੀ ਵੀ ਆਉਂਦੀ ਗਈ। ਪੜ੍ਹੇ ਲਿਖੇ ਗੁਰਮਤਿ
ਦੇ ਜਾਣੂ ਸੱਜਣਾ ਨਾਲ ਇਸ ਤਰ੍ਹਾਂ ਦੀਆਂ ਅਣਹੋਣੀਆਂ ਗੱਲਾਂ ਬਾਰੇ ਵਿਚਾਰ ਚਰਚਾ ਕਰਦਾ ਰਿਹਾ ਤਾਂ
ਇੱਕ ਸੱਜਣ ਨੇ ਇੱਕ ਬੜੀ ਦਿਲਚਸਪ ਕਹਾਣੀ ਸੁਣਾਈ। ਇਹ ਤਾਂ ਮੈਨੂੰ ਹੁਣ ਚੰਗੀ ਤਰ੍ਹਾਂ ਯਾਦ ਨਹੀਂ ਕਿ
ਉਸ ਦੀ ਇਹ ਆਪ ਬੀਤੀ ਸੀ ਜਾਂ ਕਿਸੇ ਹੋਰ ਸੱਜਣ ਨਾਲ ਬੀਤੀ ਸੁਣਾਈ ਸੀ। ਹੇਮਕੁੰਟ ਤੇ ਜਾ ਕੇ
ਜਾਣਕਾਰੀ ਲੈਣ ਲਈ ਉਹ ਸੱਜਣ ਉਥੇ ਆਮ ਸੰਗਤਾਂ ਵਿੱਚ ਵਿਚਰ ਰਿਹਾ ਸੀ। ਜਦੋਂ ਸ਼ਾਮ ਨੂੰ ਸੂਰਜ ਛਿਪਣ
ਲੱਗਾ ਤਾਂ ਇੱਕ ਦਮ ਉਚੀ-ਉਚੀ ਰੌਲ੍ਹਾ ਪੈਣਾ ਸ਼ੁਰੂ ਹੋ ਗਿਆ ਕਿ ਔਹ ਦੇਖੌ ਗੁਰੂ ਜੀ ਘੋੜੇ ਤੇ ਜਾ
ਰਹੇ ਹਨ, ਆਹ ਇਧਰ ਦੀ ਹੁਣੇ ਹੀ ਚਾਰੇ ਸਾਹਿਬਜ਼ਾਦੇ ਲੰਘ ਕੇ ਗਏ ਹਨ। ਸ਼ਰਧਾਲੂ ਬੜੇ ਉਕਸਤ ਹੋ ਕੇ
ਇਧਰ-ਉਧਰ ਦੇਖ ਰਹੇ ਸਨ ਕਿ ਚੰਗੇ ਭਾਗਾਂ ਨੂੰ ਕਿਤੇ ਸਾਨੂੰ ਵੀ ਦਰਸ਼ਨ ਹੋ ਜਾਣ। ਜਦੋਂ ਇਹ ਸਾਰਾ
ਕੁੱਝ ਹੋ ਰਿਹਾ ਸੀ ਤਾਂ ਉਸ ਸੱਜਣ ਨੇ ਉਚੀ-ਉਚੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਸੰਗਤ ਜੀ ਇਹ ਸਾਰਾ
ਕੁੱਝ ਫਰਾਡ ਹੈ। ਦਰਅਸਲ ਗੱਲ ਇਹ ਸੀ ਕਿ ਸੰਗਤਾਂ ਨੂੰ ਬੁੱਧੂ ਬਣਾਉਣ ਲਈ ਨਿਸ਼ਾਨ ਸਾਹਿਬ ਦੇ ਖੰਡੇ
ਉਪਰ ਫੋਟੋਆਂ ਉਕਰੀਆਂ ਹੋਈਆ ਸਨ। ਜਦੋਂ ਸੂਰਜ ਛਿਪਣ ਲੱਗਦਾ ਸੀ ਤਾਂ ਸੂਰਜ ਦੀਆਂ ਕਿਰਨਾ ਖੰਡੇ ਉਪਰ
ਪੈ ਕੇ ਲਿਸ਼ਕਾਰਾ ਪੈਂਦਾ ਸੀ ਜਿਸ ਨਾਲ ਇਹ ਕਥਿਤ ਦਰਸ਼ਨ ਹੋਣ ਦੀ ਗੱਲ ਜੁੜੀ ਹੋਈ ਸੀ। ਇਹ ਗੱਲ ਕਿਤਨੀ
ਕੁ ਠੀਕ ਜਾਂ ਗਲਤ ਹੈ ਇਸ ਬਾਰੇ ਮੈਂ ਕੁੱਝ ਨਹੀਂ ਕਹਿ ਸਕਦਾ ਕਿਉਂਕਿ ਸੁਣੀ ਸੁਣਾਈ ਗੱਲ ਲਿਖੀ ਹੈ।
ਇਹ ਗੱਲ ਤਾਂ ਐਵੇਂ ਹੀ ਲਿਖਦੇ ਨੂੰ ਵਿੱਚ ਚੇਤੇ ਆ ਗਈ ਪਰ ਇਹ ਮੇਰੇ ਲੇਖ ਦਾ ਵਿਸ਼ਾ ਨਹੀਂ ਹੈ।
ਆਓ ਹੁਣ ਅਸਲੀ ਗੱਲ ਵੱਲ ਆਉਂਦੇ ਹਾਂ। ਆਪਾਂ ਚਾਰ ਅਣਹੋਣੀਆਂ ਕਰਾਮਾਤਾਂ ਬਾਰੇ ਗੱਲ ਕਰਾਂਗੇ।
ਇਹਨਾ ਵਿਚੋਂ ਦੋ ਦਾ ਸੰਬੰਧ ਅਖੰਡ ਕੀਰਤਨੀ ਜਥੇ ਨਾਲ ਹੈ ਅਤੇ ਦੋ ਦਾ ਟਕਸਾਲ ਨਾਲ। ਇਹ ਦੋਨੋਂ ਇਹਨਾ
ਦੇ ਸਭ ਤੋਂ ਵੱਡੇ ਕਥਿਤ ਮਹਾਂਪੁਰਸ਼ਾਂ ਦੀਆਂ ਆਪਣੀਆਂ ਲਿਖੀਆਂ ਲਿਖਤਾਂ ਵਿਚੋਂ ਲਈਆਂ ਗਈਆਂ ਹਨ।
ਪਹਿਲਾਂ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਲਿਖਤ ਦੀ ਗੱਲ ਕਰਦੇ ਹਾਂ। ਪੁਸਤਕ ਰੰਗਲੇ ਸੱਜਣ ਦੇ
ਪੰਨਾ 74 ਤੇ ਡਾ: ਬਸੰਤ ਸਿੰਘ ਜੀ ਦੀ ਜੀਵਨੀ ਬਾਰੇ ਭਾਈ ਰਣਧੀਰ ਸਿੰਘ ਜੀ ਲਿਖਦੇ ਹਨ ਕਿ ਉਹਨਾ ਨੂੰ
ਛੇਵੇਂ ਪਾਤਸ਼ਾਹ ਨੇ ਪ੍ਰਗਟ ਹੋ ਕੇ ਦਰਸ਼ਨ ਦਿੱਤੇ ਅਤੇ ਹੀਰੇ, ਜਵਾਹਰ, ਮੋਤੀ ਅਤੇ ਲਾਲ ਆਦਿਕ ਗੁਪਤ
ਖਜਾਨਿਆਂ ਬਾਰੇ ਦੱਸਿਆ। ਭਗਤੀ ਕਰਦੇ ਸਮੇ ਇੱਕ ਬੱਬਰ ਸ਼ੇਰ ਆਇਆ ਤਾਂ “ਚਉਗਿਰਦ ਹਮਾਰੇ ਰਾਮ ਕਾਰ”
ਵਾਲਾ ਸ਼ਬਦ ਉਚਾਰਨ ਕਰਨ ਤੇ ਚਾਰ ਚੁਫੇਰੇ ਲੋਹੇ ਦੀਆਂ ਕੰਧਾਂ ਉਸਰ ਗਈਆਂ। ਵਧੇਰੇ ਜਾਣਕਾਰੀ ਲਈ
ਹੇਠਾਂ ਕਿਤਾਬ ਵਿਚੋਂ ਦਿੱਤੀ ਫੋਟੋ ਕਾਪੀ ਦੇਖੋ।
ਭਾਈ ਰਣਧੀਰ ਸਿੰਘ ਦੀਆਂ ਕਿਤਾਬਾਂ ਵਿੱਚ ਅਨੇਕਾਂ ਹੀ ਕਰਾਮਾਤੀਂ ਕਹਾਣੀਆਂ ਲਿਖੀਆਂ ਹੋਈਆਂ ਹਨ।
ਜੇਲ ਚਿੱਠੀਆਂ ਦੇ ਪੰਨਾ 165 ਤੇ ਤਾਂਬੇ ਤੋਂ ਰਸਾਇਣ ਵਿਧੀ ਰਾਹੀਂ ਸੋਨਾ ਬਣਾਉਣ ਦੇ ਨੁਸਖੇ ਬਾਰੇ
ਲਿਖਿਆ ਹੋਇਆ ਹੈ। ਉਪਰ ਦਿੱਤੇ ਪੁਸਤਕ ਰੰਗਲੇ ਸੱਜਣ ਦੇ ਪੰਨੇ ਤੇ ਕਈ ਗੱਲਾਂ ਆਪਾ ਵਿਰੋਧੀ ਲਿਖੀਆਂ
ਹੋਈਆਂ ਹਨ। ਇੱਕ ਪਾਸੇ ਤਾਂ ਗੁਰੂਆਂ ਦੇ ਰਾਹੀਂ ਗੁਪਤ ਖਜਾਨੇ ਦੱਸਣ ਅਤੇ ਵਰਤਣ ਦੀ ਗੱਲ ਆਖੀ ਗਈ ਹੈ
ਅਤੇ ਦੂਸਰੇ ਪਾਸੇ ਇਹਨਾ ਨੂੰ ਕੂੜਾਵੀ ਦੌਲਤ ਦੇ ਕੂੜੇ ਖਜਾਨੇ ਲਿਖਿਆ ਹੈ। ਭਾਵ ਕਿ ਗੁਰੂ ਜੀ
ਇਨ੍ਹਾਂ ਨੂੰ ਕੂੜ ਦੀ ਗੱਲ ਦੱਸ ਕੇ ਗਏ ਸਨ। ਮੈਂ ਅਖੰਡ ਕੀਰਤਨੀਆਂ ਦੇ ਬਹੁਤ ਨੇੜੇ ਰਹਿ ਕੇ ਦੇਖਿਆ
ਹੈ। ਉਸ ਬੰਦੇ ਦੇ ਵੀ ਜਿਹੜਾ ਕਿ ਭਾਈ ਰਣਧੀਰ ਸਿੰਘ ਨਾਲ ਕਈ ਦਹਾਕੇ ਕੀਰਤਨ ਕਰਦਾ ਰਿਹਾ ਸੀ। ਇਹਨਾ
ਵਿਚੋਂ ਕੋਈ ਵੀ ਮਾਇਆ ਤੋਂ ਨਿਰਲੇਪ ਨਹੀਂ ਸੀ ਸਾਰੇ ਆਮ ਬੰਦਿਆਂ ਵਰਗੇ ਹੀ ਸਨ/ਹਨ ਪਰ ਸੁੱਚ-ਭਿੱਟ
ਤੇ ਕਰਮਕਾਂਡੀ ਸਭ ਤੋਂ ਵੱਧ ਸਨ/ਹਨ।
ਗਿ: ਗੁਰਬਚਨ ਸਿੰਘ ਭਿੰਡਰਾਂਵਾਲੇ ਨੇ ਗੁਰਬਾਣੀ ਪਾਠ ਦਰਪਣ ਦੇ ਪੰਨਾ 24 ਤੇ ਤੀਸਰੇ ਪਾਤਸ਼ਾਹ
ਦੇ ਮੂੰਹੋਂ ਇਹ ਗੱਲ ਅਖਵਾਈ ਹੈ ਕਿ ਇੱਕ ਪਤੀਬ੍ਰਤਾ ਬੀਬੀ ਨੇ ਸੂਰਜ ਨਹੀਂ ਸੀ ਚੜ੍ਹਨ ਦਿੱਤਾ ਫੇਰ
ਦੇਵਤਿਆਂ ਨੇ ਉਸ ਦਾ ਪਤੀ ਜੀਉਂਦਾ ਕੀਤਾ ਸੀ ਤਾਂ ਜਾ ਫਿਰ ਸੂਰਜ ਚੜ੍ਹ ਸਕਿਆ ਸੀ। ਇਸੇ ਤਰ੍ਹਾਂ
ਪੰਨਾ 57 ਤੇ ਪੰਜਵੇਂ ਗੁਰੂ ਜੀ ਦੇ ਮੂਂਹੋਂ ਇਹ ਗੱਲ ਅਖਵਾਈ ਹੈ ਕਿ ਕੀਰਤਨ ਸੋਹਿਲੇ ਦੇ ਪਾਠ ਕਰਨ
ਨਾਲ ਲੋਹੇ ਦਾ ਕਿਲ੍ਹਾ ਉਸਾਰ ਕੇ ਇੱਕ ਸੁਦਾਗਰ ਸਿੱਖ ਦੀ ਰੱਖਿਆ ਕੀਤੀ ਸੀ। ਇਨ੍ਹਾਂ ਦੋਹਾਂ ਗੱਲਾਂ
ਦਾ ਭਾਵ ਇਹੀ ਹੈ ਕਿ ਇੱਕ ਪਤੀਬ੍ਰਤਾ ਬੀਬੀ ਦਾ ਪਤੀ ਜੇ ਕਰ ਅਕਾਲ ਚਲਾਣਾ ਕਰ ਜਾਵੇ ਤਾਂ ਜੇ ਕਰ ਉਹ
ਚਾਹਵੇ ਤਾਂ ਸੂਰਜ ਨੂੰ ਚੜ੍ਹਨ ਤੋਂ ਰੋਕ ਸਕਦੀ ਹੈ ਅਤੇ ਕੀਰਤਨ ਸਹਿਲੇ ਦੇ ਪਾਠ ਨਾਲ ਲੋਹੇ ਦਾ
ਕਿਲ੍ਹਾ ਉਸਰ ਸਕਦਾ ਹੈ। ਲੋਹੇ ਦਾ ਕਿਲ੍ਹਾ ਜਾਂ ਲੋਹੇ ਦੀਆਂ ਕੰਧਾਂ ਉਸਰਨ ਦੀ ਗੱਲ ਭਾਈ ਰਣਧੀਰ
ਸਿੰਘ ਅਤੇ ਗਿ: ਗੁਰਬਚਨ ਸਿੰਘ ਦੀ ਰਲਦੀ ਮਿਲਦੀ ਹੈ।
ਭਾਈ ਰਣਧੀਰ ਸਿੰਘ ਅਤੇ ਗਿ: ਗੁਰਬਚਨ ਸਿੰਘ ਦੀਆਂ ਕਿਤਾਬਾਂ ਵਿੱਚ ਸੈਂਕੜੇ ਹੀ ਇਸ ਤਰ੍ਹਾਂ ਦੀਆਂ
ਕਰਾਮਾਤਾਂ ਕਹਾਣੀਆਂ ਦਾ ਜ਼ਿਕਰ ਹੈ। ਮੈਂ ਇਹਨਾ ਦੋਹਾਂ ਜਥੇਬੰਦੀਆਂ ਦੇ ਸਿੰਘਾਂ/ਸ਼ਰਧਾਲੂਆਂ ਨੂੰ
ਦੋ-ਦੋ ਗੱਲਾਂ ਸਾਰੀ ਪਬਲਿਕ ਦੇ ਸਾਹਮਣੇ ਸਿੱਧ ਕਰ ਕੇ ਦਿਖਾਉਣ ਦੀ ਚਣੌਤੀ ਦਿੰਦਾ ਹਾਂ। ਕਿਉਂਕਿ
ਸਿੱਖ ਧਰਮ ਨੂੰ ਮੰਨਣ ਵਾਲਿਆਂ ਵਿੱਚ ਇਹ ਦੋ ਵੱਡੀਆਂ ਜਥੇਬੰਦੀਆਂ ਹਨ। ਮੈਂ ਕਨੇਡਾ ਵਿੱਚ ਹੀ
ਰਹਿੰਦਾ ਹਾਂ ਅਤੇ ਕਨੇਡਾ ਵਿੱਚ ਸਿੱਖਾਂ ਦੀ ਵਧੇਰੇ ਵਸੋਂ ਵੈਨਕੂਵਰ ਅਤੇ ਟੋਰਾਂਟੋ ਦੇ ਆਸ ਪਾਸ
ਰਹਿੰਦੀ ਹੈ। ਇਨ੍ਹਾਂ ਦੋਵਾਂ ਥਾਵਾਂ ਤੋਂ ਤੁਸੀਂ ਕੋਈ ਵੀ ਇੱਕ ਥਾਂ ਚੁਣ ਸਕਦੇ ਹੋ ਜਿੱਥੇ ਕਿ
ਤੁਸੀਂ ਆਪਣੀਆਂ ਇਹ ਕਰਾਮਾਤਾਂ ਸਿੱਧ ਕਰਕੇ ਦਿਖਾਉਂਗੇ। ਅਖੰਡ ਕੀਰਤਨੀ ਜਥੇ ਵਾਲੇ ਤਾਂਬੇ ਦਾ ਸੋਨਾ
ਬਣਾ ਕੇ ਦਿਖਾਲਣਗੇ ਅਤੇ ਲੋਹੇ ਦਾ ਕਿਲ੍ਹਾ। ਟਕਸਾਲ ਵਾਲੇ ਲੋਹੇ ਦਾ ਕਿਲ੍ਹਾ ਅਤੇ ਸੂਰਜ ਨੂੰ ਚੜ੍ਹਨ
ਤੋਂ ਰੋਕ ਦੇਣਗੇ ਭਾਵ ਕਿ ਧਰਤੀ ਨੂੰ ਖੜੀ ਕਰ ਦੇਣਗੇ ਕਿਉਂਕਿ ਉਸ ਵਿਚਾਰੀ ਨੂੰ ਤਾਂ ਅਰਾਮ ਕੀਤੇ
ਨੂੰ ਪਤਾ ਨਹੀਂ ਕਿਤਨਾ ਚਿਰ ਹੋ ਗਿਆ ਹੋਵੇਗਾ, ਜਦੋਂ ਦੀ ਬਣੀ ਹੈ ਘੁੰਮੀ ਹੀ ਜਾਂਦੀ ਹੈ, ਹਾਂ
ਤੀਸਰੇ ਪਾਤਸ਼ਾਹ ਦੇ ਮੂੰਹੋਂ ਤੁਹਾਡੇ ਗੁਰਬਚਨ ਸਿੰਘ ਨੇ ਜਰੂਰ ਅਖਵਾਇਆ ਸੀ ਕਿ ਸੂਰਜ ਨਹੀਂ ਸੀ
ਚੜ੍ਹਨ ਦਿੱਤਾ ਭਾਵ ਕਿ ਧਰਤੀ ਖੜੀ ਕੀਤੀ ਸੀ। ਘੱਟੋ-ਘੱਟ ਦੋ ਕੁ ਦਿਨ ਅਰਾਮ ਜ਼ਰੂਰ ਦਿਵਾ ਦਿਓ।
ਜਿਸ ਦਿਨ ਤੁਸੀਂ ਧਰਤੀ ਖੜੀ ਕਰ ਦਿੱਤੀ ਅਤੇ ਸੂਰਜ ਨੁੰ ਚੜ੍ਹਨ
ਤੋਂ ਰੋਕ ਦਿੱਤਾ ਉਸੇ ਦਿਨ ਮੈਨੂੰ ਸਾਰਿਆਂ ਦੇ ਸਾਹਮਣੇ ਫਾਂਸੀ ਤੇ ਲਟਕਾ ਦਿਓ ਅਤੇ ਜਾਂ ਫਿਰ ਪੱਥਰ
ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿਓ।
ਜੇ ਇਹ ਚਣੌਤੀ ਮਨਜੂਰ ਹੈ ਤਾਂ ਦਿਨ, ਤਾਰੀਕ ਅਤੇ ਕੁੱਝ ਸ਼ਰਤਾਂ ਤਹਿ ਕਰ ਲਓ। ਆਪਣੀ ਮਰਜੀ ਦੇ
ਪੰਜ ਸੱਤ ਗੁਰਦੁਆਰੇ ਵੈਨਕੂਵਰ ਜਾਂ ਟੋਰਾਂਟੋ ਦੇ ਆਸ-ਪਾਸ ਦੇ ਚੁਣ ਲਓ ਜਿਹੜੇ ਕਿ ਇਸ ਦੀ
ਜਿੰਮੇਵਾਰੀ ਲੈ ਕੇ ਸਾਰੀ ਪਬਲਿਕ ਦੇ ਸਾਹਮਣੇ ਇਹ ਸਾਰਾ ਕੁੱਝ ਕਰਵਾਉਣਗੇ। ਪੰਜਾਬੀ ਅਤੇ ਅੰਗ੍ਰੇਜ਼ੀ
ਮੀਡੀਏ ਵਿੱਚ ਇਸ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਸਾਰੀਆਂ ਸ਼ਰਤਾਂ ਲਿਖਤੀ ਤੌਰ ਤੇ ਤਹਿ ਕੀਤੀਆਂ
ਜਾਣਗੀਆਂ। ਸਿੱਖ ਮਾਰਗ ਦੇ ਪਾਠਕ/ਲੇਖਕ ਜਾਂ ਹੋਰ ਕੋਈ ਵੀ ਨਿਰਪੱਖ ਸੱਜਣ, ਜੇ ਕਰ ਕੋਈ ਹੋਰ ਚੰਗੀ
ਸਲਾਹ ਇਹ ਸ਼ਰਤਾਂ ਤਹਿ ਕਰਨ ਵਿੱਚ ਦੇ ਸਕਦੇ ਹਨ ਤਾਂ ਉਸ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।
ਮੇਰੀ ਇਹ ਚਣੌਤੀ ਜਿੰਦਗੀ ਦੇ ਅਖੀਰਲੇ ਸਾਹ ਤੱਕ ਤੁਹਾਨੂੰ ਇਸੇ ਤਰ੍ਹਾਂ ਰਹੇਗੀ। ਐਸ ਵੇਲੇ ਮੇਰੀ
ਉਮਰ 62 ਸਾਲਾਂ ਦੀ ਹੈ। ਇਹ ਕਿਸੇ ਨੂੰ ਕੋਈ ਪਤਾ ਨਹੀਂ ਕਿ ਕਿਸ ਨੇ ਕਿੰਨਾ ਚਿਰ ਜੀਣਾ ਹੈ। ਇਸ ਲਈ
ਇਹ ਸ਼ੁੱਭ ਕੰਮ ਜਿੰਨੀ ਛੇਤੀਂ ਹੋ ਸਕੇ ਕਰ ਲਓ। ਜੇ ਕਰ ਇਹ ਸਾਰਾ ਕੁੱਝ ਕਰਨ ਲਈ ਕਈ ਸਾਲਾਂ ਦੇ
ਜਪ-ਤਪ ਦੀ ਲੋੜ ਹੈ ਤਾਂ ਜਿੰਨੀ ਛੇਤੀਂ ਹੋ ਸਕੇ ਉਹ ਵੀ ਸ਼ੁਰੂ ਕਰ ਲਓ। ਜੇ ਕਰ ਉਸ ਸਮੇ ਤੱਕ ਮੈਂ ਨਾ
ਵੀ ਰਿਹਾ ਤਾਂ ਹੋਰ ਕੋਈ ਨਾ ਕੋਈ ਸ਼ਾਇਦ ਅੱਗੇ ਆ ਹੀ ਜਾਵੇ। ਜੇ ਕਰ ਨਾ ਵੀ ਆਇਆ ਤਦ ਵੀ ਸਾਰੀ
ਦੁਨੀਆਂ ਤੇ ਤੁਹਾਡੀ ਧਾਂਕ ਤੇ ਜੰਮ ਜਾਣੀ ਹੈ। ਜਦੋਂ ਧਰਤੀ ਖੜੀ ਹੋ ਗਈ ਤਾਂ ਸਾਰੀ ਦੁਨੀਆ ਦੇ
ਸਾਇੰਸਦਾਨਾ ਨੇ ਹੈਰਾਨ ਪਰੇਸ਼ਾਨ ਹੋ ਕੇ ਤੁਹਾਡੇ ਪੈਰਾਂ ਤੇ ਡਿਗ ਪੈਣਾ ਹੈ। ਫਿਰ ਇਸ ਅਦਭੁਤ ਅਤੇ
ਅਲੌਕਿਕ ਕੰਮ ਦੀ ਇਤਨੀ ਦੇਰੀ ਕਿਉਂ ਕਰਦੇ ਹੋ?
ਆਪਣੇ ਸਾਰੇ ਬ੍ਰਹਮ ਗਿਆਨੀਆਂ ਨੂੰ ਸਵਰਗ ਜਾਂ ਸੱਚ ਖੰਡ ਵਿਚੋਂ ਸੱਦ ਕੇ ਸਲਾਹ ਕਰ ਲਓ ਕਿ ਕਿਵੇਂ
ਕਰਨੀ ਹੈ। ਉਂਜ ਤੁਸੀਂ ਤੀਸਰੇ ਪਾਤਸ਼ਾਹ ਨੂੰ ਸੱਦ ਕੇ ਵੀ ਸਲਾਹ ਲੈ ਸਕਦੇ ਹੋ ਕਿ ਜਿਸ ਬੀਬੀ ਦਾ
ਜ਼ਿਕਰ ਤੁਸੀਂ ਕੀਤਾ ਸੀ ਉਦੋਂ ਕਿੰਨਾ ਚਿਰ ਸੂਰਜ ਚੜ੍ਹਨੋ ਰੋਕਿਆ ਸੀ ਅਤੇ ਕਿਵੇਂ ਰੋਕਿਆ ਸੀ? ਜੇ ਕਰ
ਗੁਰਦੁਆਰੇ ਢੁਆਉਣ ਵਾਲੇ, ਉਥੇ ਲੁਕ ਕੇ ਬੈਠੇ ਸਾਧ ਨਾਲ ਤੁਸੀਂ ਗੁਰੂਆਂ ਦੀਆਂ 6-6 ਮਹੀਨੇ
ਮੀਟਿੰਗਾਂ ਕਰਵਾ ਸਕਦੇ ਹੋ ਤਾਂ ਇਹ ਕੰਮ ਤਾਂ ਤੁਹਾਡੇ ਲਈ ਬਹੁਤਾ ਔਖਾ ਨਹੀਂ ਹੋਣਾ ਚਾਹੀਦਾ।
ਗੁਰਬਾਣੀ ਵਿੱਚ ਆਈਆਂ ਇਹ ਪੰਗਤੀਆਂ, “ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ” ਦੇ
ਅਰਥ ਵੀ ਤੁਸੀਂ ਸ਼ਾਇਦ ਇਹੀ ਕਰਦੇ ਹੋਵੋਂਗੇ ਕਿ ਭਗਤੀ ਵਾਲੀਆਂ ਰੂਹਾਂ ਜਿਵੇਂ ਕਿ ਤੁਹਾਡੇ ਕਥਿਤ
ਮਹਾਂਪੁਰਸ਼ ਜਨਮ ਮਰਣ ਤੋਂ ਰਹਿਤ ਹੁੰਦੇ ਹਨ ਉਹ ਤਾਂ ਆਪਣੀ ਮੌਜ ਨਾਲ ਪਰਉਪਕਾਰ ਕਰਨ ਲਈ ਇਸ ਸੰਸਾਰ
ਤੇ ਆਉਂਦੇ ਹਨ ਅਤੇ ਚਲੇ ਜਾਂਦੇ ਹਨ। ਤੁਹਾਡੇ ਕੋਲ ਤਾਂ 20-20 ਫੁੱਟੇ ਸ਼ਹੀਦ ਵੀ ਬਥੇਰੇ ਹਨ ਉਹਨਾ
ਦੀ ਸਲਾਹ ਵੀ ਲਈ ਜਾ ਸਕਦੀ ਹੈ। ਹਾਂ, ਸੱਚ ਨਾਮਦੇਵ ਜੀ ਨੂੰ ਸੱਚਖੰਡ ਵਿਚੋਂ ਬੁਲਾ ਕੇ ਪੁੱਛਿਆ ਜਾ
ਸਕਦਾ ਹੈ ਕਿਉਂਕਿ ਉਨ੍ਹਾਂ ਦੀ ਬਾਣੀ ਵਿੱਚ ਕੁੱਝ ਇਸ ਤਰ੍ਹਾਂ ਦੀਆਂ ਪੰਗਤੀਆਂ ਆਉਂਦੀਆਂ ਹਨ
ਜਿਨ੍ਹਾਂ ਦੇ ਅਰਥ ਸ਼ਾਇਦ ਤੁਸੀਂ ਆਪਣੇ ਅਨੁਸਾਰ ਇਸੇ ਤਰ੍ਹਾਂ ਦੇ ਹੀ ਕੱਢਦੇ ਹੋਵੋਂਗੇ। ਉਹ ਪੰਗਤੀਆਂ
ਹਨ:
ਕਹਹਿ ਤਾ ਧਰਣਿ ਇਕੋਡੀ ਕਰਉ॥ ਕਹਹਿ ਤ ਲੇ ਕਰਿ ਊਪਰਿ
ਧਰਉ॥ ਪੰਨਾ 1166॥
ਸਿੱਖ ਧਰਮ ਨਾਲ ਸੰਬੰਧਿਤ ਜੇ ਕਰ ਹਜਾਰਾਂ ਨਹੀਂ ਤਾਂ ਸੈਂਕੜੇ ਤਾਂ ਕਰਾਮਾਤੀਂ ਸਾਧ ਬਾਬੇ ਅਥਵਾ
ਪਹਾਂਪੁਰਸ਼ ਅਤੇ ਉਹਨਾ ਦੇ ਸ਼ਰਧਾਲੂ ਜਰੂਰ ਹਨ ਜਿਹੜੇ ਕਿ ਅਲੌਕਿਕ ਕਹਾਣੀਆਂ ਨੂੰ ਆਪਣੇ ਆਪਣੇ
ਮਹਾਂਪੁਰਸ਼ਾਂ ਨਾਲ ਜੋੜਦੇ ਹਨ। ਕੋਈ ਭੂਤਾਂ ਦਾ ਉਧਾਰ ਕਰਦਾ ਹੈ, ਕੋਈ ਕਿਸੇ ਦੀ ਬਿਮਾਰੀ ਠੀਕ ਕਰ
ਦਿੰਦਾ ਹੈ, ਕੋਈ ਕਿਸੇ ਨੂੰ ਔਲਾਦ ਖਾਸ ਕਰਕੇ ਮੁੰਡਿਆਂ ਦੀ ਬਖਸ਼ਿਸ਼ ਕਰ ਦਿੰਦਾ ਹੈ, ਕੋਈ ਕੁੱਝ ਤੇ
ਕੋਈ ਕੁੱਝ ਜਰੂਰ ਅਣਹੋਣੀ ਗੱਲ ਕਰਕੇ ਦਿਖਾਉਂਦਾ ਹੈ। ਇਹ ਤਕਰੀਬਨ ਸਾਰੇ ਹੀ ਨਰਕ-ਸੁਰਗ,
ਚ੍ਰਿਤ-ਗੁਪਤ, ਧਰਮ-ਰਾਜ, ਭੂਤ-ਪ੍ਰੇਤ, ਗੈਬੀ ਰੂਹਾਂ ਅਤੇ ਅਗਲੇ ਪਿਛਲੇ ਜਨਮ ਦੀਆਂ ਅਨੇਕਾਂ
ਕਹਾਣੀਆਂ ਸੁਣਾਉਂਦੇ ਹਨ। ਜੇ ਕਰ ਕੋਈ ਇਹਨਾ ਗੱਲਾਂ ਨੂੰ ਨਾ ਮੰਨੇ ਤਾਂ ਉਸ ਨੂੰ ਧਰਮ ਵਿਰੋਧੀ ਅਤੇ
ਨਾਸਤਕ ਦੱਸਦੇ ਹਨ। ਇਹਨਾ ਦੇ ਕਹਿਣ ਮੁਤਾਬਕ ਅਧਿਆਤਮਕ ਗੱਲਾਂ ਅਧਿਆਤਮਕ ਵਿਆਕਤੀ ਹੀ ਸਮਝ ਸਕਦੇ ਹਨ
ਆਮ ਨਹੀਂ। ਅਗਲੇ ਪਿਛਲੇ ਜਨਮਾ ਦੀਆਂ ਅਤੇ ਨਰਕਾਂ ਸੁਰਗਾਂ ਦੀਆਂ ਗੱਲਾਂ, ਮੰਨਣ ਵਾਲੇ ਅਤੇ ਨਾ ਮੰਨਣ
ਵਾਲੇ ਸਾਰਿਆਂ ਦੇ ਸਾਹਮਣੇ ਆਪਣੀ ਗੱਲ ਪਰਤੱਖ ਰੂਪ ਵਿੱਚ ਸਿੱਧ ਨਹੀਂ ਕਰ ਸਕਦੇ ਇਸ ਲਈ ਇਹ ਗੱਲਾਂ
ਦੀ ਬਹਿਸ ਕਦੀ ਵੀ ਮੁੱਕ ਨਹੀਂ ਸਕਦੀ। ਪਰ ਜਿਹੜੀਆਂ ਗੱਲਾਂ ਸਾਰਿਆਂ ਦੇ ਸਾਹਮਣੇ ਪਰਤੱਖ ਰੂਪ ਵਿੱਚ
ਕਰਕੇ ਦਿਖਾਈਆਂ ਜਾ ਸਕਦੀਆਂ ਹਨ ਉਹਨਾ ਨੂੰ ਸਿੱਧ ਕਰਨ ਲਈ ਤਾਂ ਇਹਨਾ ਨੂੰ ਅਵੱਸ਼ ਹੀ ਅੱਗੇ ਆਉਣਾ
ਚਾਹੀਦਾ ਹੈ ਤਾਂ ਕਿ ਇਹ ਰੋਜ਼ ਦੀ ਘੈਂਸ ਘੈਂਸ ਕੁੱਝ ਖਤਮ ਤਾਂ ਹੋਵੇ।
ਕਿਉਂ ਬਈ ਕਲੇਰਾਂ ਵਾਲਿਓ, ਨਾਨਕ ਸਰੀਓ, ਰਾੜੇ ਵਾਲਿਓ, ਹਰਖੌ ਵਾਲਿਓ, ਮਸਤੂਆਣੇ ਵਾਲਿਓ ਅਤੇ
ਹੋਰ ਸਾਰੇ ਕਥਿਤ ਮਹਾਂਪੁਰਸ਼ਾਂ ਦੇ ਸ਼ਰਧਾਲੂਓ ਤੁਸੀਂ ਵੀ ਆਪਣੇ ਜਪ ਤਪ, ਸੰਪਟ ਪਾਠਾਂ ਅਤੇ ਕੋਤਰੀਆਂ
ਆਦਿਕ ਕਰਕੇ ਇਹਨਾ ਦੇ ਕੰਮ ਵਿੱਚ ਕੋਈ ਸਹਾਇਤਾ ਕਰੋਂਗੇ ਕਿ ਨਹੀਂ? ਕਿਉਂਕਿ ਇਸ ਤਰ੍ਹਾਂ ਦੀਆਂ
ਗੱਲਾਂ ਤੁਹਾਡੇ ਤੇ ਵੀ ਢੁਕਦੀਆਂ ਹਨ ਇਸ ਲਈ ਮੇਰਾ ਖਿਆਲ ਹੈ ਕਿ ਤੁਹਾਨੂੰ ਜਰੂਰ ਹੀ ਕੋਈ ਨਾ ਕੋਈ
ਸਹਾਇਤਾ ਤਾਂ ਕਰਨੀ ਹੀ ਚਾਹੀਦੀ ਹੈ। ਅਖੰਡ ਕੀਰਤਨੀ ਜਥੇ ਵਾਲਿਓ ਪਹਿਲਾਂ ਤਾਂ ਤੁਸੀਂ ਉਸ ਗੁਪਤ
ਖਜਾਨੇ ਵਿਚੋਂ ਕੁੱਝ ਹਿੱਸਾ ਕੱਢ ਕਿ ਲਿਆਓ ਜਿਹੜਾ ਕੇ ਗੁਰੂ ਜੀ ਤੁਹਾਨੂੰ ਹੀਰੇ ਜਵਾਹਰ ਆਦਿਕ ਦਾ
ਦੱਸ ਕੇ ਗਏ ਸਨ। ਪੰਜਾਬ ਦੇ ਕਿਸਾਨ ਕਰਜ਼ੇ ਥੱਲੇ ਦਬੇ ਹੋਏ ਖੁਦਕਸ਼ੀਆਂ ਕਰ ਰਹੇ ਹਨ ਕਿਰਪਾ ਕਰਕੇ ਉਸ
ਖਜ਼ਾਨੇ ਨਾਲ ਉਹਨਾਂ ਦੀ ਮਦਦ ਜਰੂਰ ਕਰੋ ਜੀ। ਫਿਰ ਸਾਰਿਆਂ ਦੇ ਸਾਹਮਣੇ 50 ਕੁ ਕੁਇੰਟਲ ਸੋਨਾ ਬਣਾ
ਦਿਓ ਜਿਸ ਨੂੰ ਵੇਚ ਕੇ ਸਾਰੇ ਪੰਜਾਬ ਖਾਸ ਕਰਕੇ ਸਿੱਖਾਂ ਦੀਆਂ ਲਹਿਰਾਂ ਬਹਿਰਾਂ ਹੋ ਜਾਣਗੀਆਂ। ਉਸ
ਤੋਂ ਬਾਅਦ ਫਿਰ ਪਾਠ ਕਰਕੇ ਲੋਹੇ ਦਾ ਕਿਲ੍ਹਾ ਉਸਾਰ ਕੇ ਦਿਖਾ ਦਿਓ। ਉਂਜ ਇਹ ਕੰਮ ਤੁਸੀਂ ਟਕਸਾਲੀਆਂ
ਨਾਲ ਮਿਲ ਕੇ ਵੀ ਕਰ ਸਕਦੇ ਹੋ ਕਿਉਂਕਿ ਉਨ੍ਹਾਂ ਦੇ ਮਹਾਂਪੁਰਸ਼ ਵੀ ਇਸੇ ਤਰ੍ਹਾਂ ਹੋਣ ਬਾਰੇ ਲਿਖ ਕੇ
ਗਏ ਹਨ। ਇਹ ਕੰਮ ਤਾਂ ਤੁਹਾਡੇ ਭਾਈ ਸਾਹਿਬ ਰਣਧੀਰ ਸਿੰਘ ਨੂੰ ਉਦੋਂ ਕਰਨਾ ਚਾਹੀਦਾ ਸੀ ਜਦੋਂ ਜੇਲ
ਵਿੱਚ ਉਨ੍ਹਾਂ ਨੂੰ ਜਬਰੀ ਖੁਰਾਕ ਦੇਣ ਸਮੇ ਦੰਦ ਤੋੜੇ ਗਏ ਸਨ। ਉਸ ਵੇਲੇ ਆਪਣੇ ਸੁਆਸ ਦਸਵੇਂ ਦੁਆਰ
ਚੜਾਉਣ ਦੀ ਥਾਂ ਤੇ ਪਾਠ ਕਰਕੇ ਲੋਹੇ ਦਾ ਕਿਲ੍ਹਾ ਬਣਾਉਣਾ ਚਾਹੀਦਾ ਸੀ ਜੋ ਕਿ ਪਤਾ ਨਹੀਂ ਕਿਉਂ
ਨਹੀਂ ਬਣਾਇਆ। ਚਲੋ ਕੋਈ ਗੱਲ ਨਹੀਂ ਤੁਸੀਂ ਹੁਣ ਵੀ ਬਣਾ ਕੇ ਦਿਖਾ ਸਕਦੇ ਹੋ।
ਕਿਉਂ ਬਈ ਪਟਿਆਲੇ ਵਾਲੇ ਗੱਪੀ ਠਾਕਰ ਸਿੰਘ ਜੀ ਅਥਵਾ ਟਕਸਾਲੀਆਂ ਦੇ ਮਹਾਂਪੁਰਸ਼ ਜੀ। ਮੈਂਨੂੰ
ਤਾਂ ਇਹ ਪਤਾ ਹੈ ਕਿ ਤੁਸੀਂ ਸਾਰੀ ਜਿੰਦਗੀ ਗੱਪਾਂ ਹੀ ਮਾਰੀਆਂ ਹਨ ਜਿਸ ਨੂੰ ਕਿ ਟਕਸਾਲੀ ਗੁਰਮਤਿ
ਅਤੇ ਸ਼ਰਧਾ ਵਾਲੀ ਸਿੱਖੀ ਕਹਿੰਦੇ ਹਨ। ਮੈਂ ਤੁਹਾਡੀਆਂ ਗੱਪਾਂ ਸੁਣਨ ਵਿੱਚ ਆਪਣਾ ਸਮਾ ਬਰਬਾਦ ਨਹੀਂ
ਕਰਦਾ ਪਰ ਆਹ ਜਿਹੜੀ ਸਿਰੇ ਦੀ ਗੱਪਾਂ ਸਿਰ ਗੱਪ ਮਾਰੀ ਸੀ ਕਿ ਗੁਰੂ ਜੀ 6 ਮਹੀਨੇ ਭਿੰਡਰਾਂਵਾਲੇ
ਸਾਧ ਨਾਲ ਅਕਾਲ ਤਖ਼ਤ ਤੇ ਮੀਟਿੰਗਾਂ ਕਰਦੇ ਰਹੇ ਸਨ, ਇਹ ਜਰੂਰ ਸੁਣੀ ਸੀ। ਹੁਣ ਤੁਸੀਂ ਇਹ ਦੱਸੋ
ਕਿ ਤੁਸੀਂ ਆਪਣੇ ਬ੍ਰਹਮ ਕਵਚ ਦੇ ਪਾਠ ਨਾਲ ਸੂਰਜ ਚੜ੍ਹਨੋਂ ਕਦੋਂ ਰੋਕਣਾ ਹੈ ਭਾਵ ਕਿ ਧਰਤੀ ਨੂੰ
ਆਪਣੇ ਧੁਰੇ ਦੁਆਲੇ ਘੁੰਮਦੀ ਨੂੰ ਕਦੋਂ ਰੋਕਣਾ ਹੈ? ਤੁਸੀਂ ਕਹਿੰਦੇ ਹੋ ਕਿ ਵਿਧੀ ਪੂਰਬਕ ਪਾਠ
ਕੀਤਿਆਂ ਜਾਂ ਭਗਤੀ ਕੀਤਿਆਂ ਕੀ ਕੁੱਝ ਨਹੀਂ ਹੋ ਸਕਦਾ? ਸਾਰਾ ਕੁੱਝ ਹੋ ਸਕਦਾ ਹੈ। ਕਿਰਪਾ ਕਰਕੇ
ਬੇਨਤੀ ਮੰਨ ਕੇ ਆਪਣੇ ਜੀਂਅਦੇ ਜੀਅ ਆਹ ਦੋ ਕੰਮ ਕਰਕੇ ਜਰੂਰ ਦਿਖਾ ਦਿਓ ਜੀ। ਇੱਕ ਤਾਂ ਲੋਹੇ ਦਾ
ਕਿਲ੍ਹਾ ਬਣਾ ਕੇ ਦਿਖਾ ਦਿਓ ਅਤੇ ਦੂਸਰਾ ਸੂਰਜ ਚੜ੍ਹਨੋਂ ਰੋਕ ਦਿਓ ਤਾਂ ਕਿ ਮੇਰੇ ਵਰਗਾ ਇੱਕ ਸ਼ੰਕਾ
ਵਰਦੀ ਮੂਰਖ ਜਿਹਾ ਬੰਦਾ ਅਗਾਂਹ ਨੂੰ ਕੋਈ ਵੀ ਤੁਹਾਡੇ ਵਰਗੇ ਮਹਾਂਪੁਰਸ਼ਾਂ ਅਥਵਾ ਮਹਾਂ ਝੂਠਿਆਂ ਤੇ
ਉਂਗਲ ਨਾ ਉਠਾ ਸਕੇ। ਕਿਉਂਕਿ ਤੁਹਾਡੇ ਸਭ ਤੋਂ ਵੱਡੇ ਮਹਾਂਪੁਰਸ਼ ਅਥਵਾ ਸਭ ਤੋਂ ਵੱਡੇ ਗੱਪੀ ਜੀ ਵੀ
ਆਪਣੀ ਕਿਤਾਬ ਵਿੱਚ ਇਸ ਤਰ੍ਹਾਂ ਹੋਣ ਬਾਰੇ ਲਿਖ ਗਏ ਸਨ ਅਤੇ ਤੁਸੀਂ ਵੀ ਕਹਿੰਦੇ ਹੋ ਕਿ ਸਾਰਾ ਕੁੱਝ
ਹੋ ਸਕਦਾ ਹੈ।
ਅੰਤ ਵਿੱਚ ਮੈਂ ਸਾਰੇ ਕਥਿਤ ਸਾਰੇ ਮਹਾਂਪੁਰਸ਼ਾਂ ਨੂੰ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਨੂੰ ਬੇਨਤੀ
ਕਰਦਾ ਹਾਂ ਕਿ ਦੱਸੋ ਤੁਸੀਂ ਇਹ ਕੰਮ ਕਦੋਂ ਕਰੋਂਗੇ ਅਤੇ ਮੇਰੇ ਵਰਗੇ ਸ਼ੰਕਾ ਵਰਦੀਆਂ ਦੇ ਸ਼ੰਕੇ ਕਦੋਂ
ਨਿਵਿਤ ਕਰੋਂਗੇ? ਧਰਤੀ ਖੜੀ ਕਰਕੇ ਕਦੋਂ ਸਾਰੀ ਦੁਨੀਆ ਨੂੰ ਆਪਣੇ ਪੈਰਾਂ ਤੇ ਡਿਗਣ ਲਈ ਮਜਬੂਰ ਕਰਕੇ
ਹਰ ਪਾਸੇ ਆਪਣੀ ਜੈ ਜੈ ਕਾਰ ਕਰਵਾਉਂਗੇ? ਐਵੇ ਹੀ ਕਿਉਂ ਹੋਰ ਪੁੱਠੇ ਜਿਹੇ ਕੰਮਾ ਵਿੱਚ ਪਏ ਹੋਏ ਹੋ
ਇਹ ਕੰਮ ਛੇਤੀਂ ਤੋਂ ਛੇਤੀਂ ਕਰੋ ਜੀ ਤਾਂ ਕਿ ਸਾਰੀ ਦੁਨੀਆ ਤੁਹਾਡਾ ਲੋਹਾ ਮੰਨ ਸਕੇ।
ਇਸ ਲੇਖ ਵਿੱਚ ਦਿੱਤੀ ਚਣੌਤੀ ਮੈਂ ਫਿਰ ਦੁਹਰਾ ਰਿਹਾ ਹਾਂ। ਜੇ ਕਰ
ਤੁਸੀਂ ਲੋਹੇ ਦਾ ਕਿਲ੍ਹਾ ਬਣਾ ਕੇ ਧਰਤੀ ਖੜੀ ਕਰ ਦਿੱਤੀ ਅਥਵਾ ਸੂਰਜ ਚੜ੍ਹਨੋਂ ਰੋਕ ਦਿੱਤਾ ਤਾਂ
ਮੈਂ ਸਾਰਿਆਂ ਦੇ ਸਾਹਮਣੇ ਮੌਤ ਕਬੂਲਣ ਲਈ ਤਿਆਰ ਹਾਂ। ਜੇ ਕਰ ਤੁਸੀਂ ਇਹ ਚਣੌਤੀ ਕਬੂਲ ਕੇ ਇਸ
ਤਰ੍ਹਾਂ ਨਹੀਂ ਕਰ ਸਕਦੇ ਤਾਂ ਇਹ ਮੰਨ ਲਓ ਕਿ ਤੁਸੀਂ ਅਤੇ ਤੁਹਾਡੇ ਸਾਰੇ ਮਹਾਂਪੁਰਸ਼ ਸਿਰੇ ਦੇ ਝੂਠੇ
ਅਤੇ ਗੱਪੀ ਸਨ। ਉਨ੍ਹਾਂ ਨੇ ਧਰਮ ਦੇ ਨਾਮ ਤੇ ਸਾਰੀ ਉਮਰ ਗੱਪਾਂ ਮਾਰ ਕੇ ਲੋਕਾਈ ਦਾ ਮਾਨਸਿਕ ਸ਼ੋਸ਼ਣ
ਕੀਤਾ ਹੈ। ਜੇ ਕਰ ਕੁੱਝ ਵੀ ਨਹੀਂ ਕਰ ਸਕਦੇ ਤਾਂ ਪਸ਼ੂਆਂ ਵਾਲੇ ਕੰਮ ਛੱਡ ਕੇ ਬੰਦਿਆਂ ਵਾਲੇ
ਕੰਮ ਕਰੋ। ਜਿਸ ਤਰ੍ਹਾਂ ਕਈ ਪਸ਼ੂਆਂ ਨੂੰ ਆਦਤ ਹੁੰਦੀ ਹੈ ਕਿ ਐਵੇਂ ਹੀ ਇਧਰ-ਉਧਰ ਸਿੰਗ ਮਾਰਦੇ
ਰਹਿੰਦੇ ਹਨ। ਇਹੀ ਕੰਮ ਤੁਹਾਡਾ ਹੈ। ਕਿਤਨੇ ਚਿਰ ਤੋਂ ਤੁਸੀਂ ਆਪਣੇ ਤੋਂ ਵੱਖਰੇ ਵਿਚਾਰਾਂ ਵਾਲਿਆਂ
ਨਾਲ ਗੁਰਦੁਆਰਿਆਂ ਵਿੱਚ ਲੜਾਈ ਝਗੜੇ ਕਰ ਰਹੇ ਹੋ? ਇਹ ਸਾਰਾ ਕੁੱਝ ਬੰਦ ਕਰੋ। ਬੰਦਿਆਂ ਵਾਂਗ ਜੀਓ
ਅਤੇ ਬਾਕੀਆਂ ਨੂੰ ਵੀ ਜਿਉਣ ਦਿਓ। ਆਪਣੇ ਆਪ ਹੀ ਧਰਮ ਦੇ ਵੱਡੇ ਠੇਕੇਦਾਰ ਬਣਨ ਦੀ ਕੋਸ਼ਿਸ਼ ਨਾ ਕਰੋ।
ਜੇ ਤੁਹਾਡੇ ਤੇ ਕਿਸੇ ਵੀ ਕਿਸਮ ਦਾ ਕੋਈ ਅਸਰ ਨਹੀਂ ਹੈ ਤਾਂ ਤੁਸੀਂ ਬੇਸ਼ਰਮ ਅਤੇ ਢੀਠ ਕਿਸਮ ਦੇ ਲੋਕ
ਹੋ।
ਮੱਖਣ ਸਿੰਘ ਪੁਰੇਵਾਲ,
ਨਵੰਬਰ 04, 2018.