ਬਾਹਰਲੇ ਤੇ ਹੁੰਦੇ ਹੀ ਹਨ ਪਰ ਅੰਦਰਲੇ ਵੀ ਹੁੰਦੇ ਹਨ। ਜੇ
ਇਨ੍ਹਾਂ ਵਿਕਾਰਾਂ ਨੂੰ ਖੁਆਂਦਾ ਰਹਿੰਦਾ ਹੈਂ, ਸੱਪਾਂ ਨੂੰ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ)
ਦੁਧ ਪਿਲਾਉਂਦਾ ਰਹਿੰਦਾ ਹੈਂ। ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਾ ਨ ਮਾਰੇ ਘੁੰਮਿ ॥ ਆਪਨੜੈ
ਘਰਿ ਜਾਈਐ ਪੈਰ ਤਿਨ੍ਾ ਦੇ ਚੁੰਮਿ ॥ (1378) ਇਸਦੇ ਅਰਥ ਕੀਤੇ ਜਾਂਦੇ ਹਨ ਕਿ ਜੋ ਤੈਨੂੰ
ਮੁੱਕੀਆਂ ਮਾਰਦੇ ਹਨ ਉਨ੍ਹਾਂ ਨੂੰ ਤੂੰ ਨਾ ਮਾਰ। ਪਰ ਅਸੀਂ ਸੋਚਿਆ ਕਿ ਜੇ ਹੁਕਮੀ ਲਹਿਜ਼ੇ ਵਿਚ
ਹੁੰਦਾ ਤਾਂ ‘ਮਾਰੇ’ ਨਾ ਹੁੰਦਾ ਮਾਰੀਂ ਹੁੰਦਾ। ਅੱਗੇ ਕਹਿੰਦੇ ਹਨ - ‘ਆਪਨੜੈ ਘਰਿ ਜਾਈਐ ਪੈਰ
ਤਿਨ੍ਾ ਦੇ ਚੁੰਮਿ’ ਹੁਣ ਇਹ ਅਸੀਂ ਆਪਣੇ ਜੀਵਨ ਵਿਚ ਅਮਲ ਨਹੀਂ ਕਰ ਸਕਦੇ, ਕਿ ਜਿਹੜਾ ਸਾਨੂੰ ਮੁੱਕਾ
ਮਾਰੇ ਉਸਨੂੰ ਪਰਤਕੇ ਮਾਰਨਾ ਵੀ ਨਹੀਂ ਹੈ ਅਤੇ ਫਿਰ ਉਸਦੇ ਘਰ ਜਾਕੇ ਉਸਦੇ ਪੈਰ ਵੀ ਚੁੰਮਣੇ ਹਨ। ਇਹ
ਅਸੀਂ ਵਰਤੋਂ ਵਿਹਾਰ ਵਿਚ ਜੇ ਨਹੀਂ ਲਿਆ ਸਕਦੇ ਪਰ ਗੁਰਬਾਣੀ ਸੱਚ ਹੈ ਅਤੇ ਇਸਨੂੰ ਵੀ ਵਰਤੋਂ ਵਿਹਾਰ
ਵਿਚ ਲਿਆਇਆ ਜਾ ਸਕਦਾ ਹੈ। ਜਦੋਂ ਇਸ ਦੇ ਅਗਲੇ ਪਿਛਲੇ ਸਲੋਕ ਵੇਖੇ ਤਾਂ ਪਤਾ ਲਗਿਆ ਕਿ ਵਿਕਾਰਾਂ
ਬਾਰੇ ਗਲ ਚਲ ਰਹੀ ਹੈ।
ਦਰਅਸਲ ਇਸ ਸਲੋਕ ਵਿਚ ਫਰੀਦ ਜੀ ਕਹਿੰਦੇ ਹਨ ਕਿ ਜਿਹੜੇ ਵਿਕਾਰ ਤੈਨੂੰ
ਅੰਦਰੋਂ ਮੁੱਕੀਆਂ ਮਾਰਦੇ ਹਨ ਉਨ੍ਹਾਂ ਨੂੰ ਤੂੰ ਪਰਤ ਕੇ ਕੁਝ ਵੀ ਨਹੀਂ ਕਹਿੰਦਾ। ਜੇ ਕਾਮ ਸਤਾਏ
ਤਾਂ ਉਸ ਵਿਚ ਖੱਚਿਤ ਹੋ ਜਾਂਦਾ ਹੈਂ, ਜੇ ਕ੍ਰੋਧ ਸਤਾਏ ਤਾਂ ਕ੍ਰੋਧ ਵਿਚ ਖੱਚਿਤ ਹੋ ਜਾਂਦਾ ਹੈਂ,
ਲੋਭ ਸਤਾਏ ਤਾਂ ਲੋਭ ਵਿਚ ਖੱਚਿਤ ਹੋ ਜਾਂਦਾ ਹੈਂ। ਇਹ ਵਿਕਾਰ ਨਿਤ ਤੈਨੂੰ ਦੁਖੀ ਕਰਦੇ ਹਨ। ਇਸ ਤੋਂ
ਵਧ ਹੋਰ ਇਹ ਗਲਤੀ ਕਰਦਾਂ ਹੈਂ ਕਿ ‘ਆਪਨੜੈ ਘਰਿ ਜਾਈਐ ਪੈਰ ਤਿਨ੍ਾ ਦੇ ਚੁੰਮਿ’। ਹੋਰ ਤੂੰ ਇਨ੍ਹਾਂ
ਸੱਪਾਂ ਨੂੰ ਦੁੱਧ ਪਿਆਈ ਜਾਂਦਾ ਹੈਂ।
ਅਸੀਂ ਤੇ ਕਾਮ, ਕ੍ਰੋਧ ਆਦਿ ਵਿਕਾਰਾਂ ਨੂੰ ਹੋਰ ਹਵਾ ਦੇਈ ਜਾ ਰਹੇ ਹਾਂ।
ਜਿਹੜੇ ਵਿਕਾਰ ਤੈਨੂੰ ਖੁਆਰ ਕਰ ਰਹੇ ਹਨ ਉਨ੍ਹਾਂ ਨੂੰ ਤੂੰ ਠੀਕ ਰਾਹ ਤੇ ਚਲਾ ਨਹੀਂ ਪਾ ਰਿਹਾ। ਉਹ
ਤੇਰੇ ਪਲ ਭਰ ਦੇ ਸੁਖਾ ਦੇ ਸੰਗੀ ਬਣੇ ਹੋਏ ਹਨ। ‘ਸੁਖ ਮੈ ਬਹੁ ਸੰਗੀ ਭਏ’ ਇਹ ਵਿਕਾਰ ਤੇਰੇ ਸੁਖ ਦੇ
ਸੰਗੀ ਬਣੇ ਹੋਏ ਹਨ। ਦੁਖ ਮੈ ਸੰਗਿ ਨ ਕੋਇ ॥ ਜੇ ਇਨ੍ਹਾਂ ਵਿਕਾਰਾਂ ਨੂੰ ਤੂੰ ਕਾਬੂ ਕਰ ਲਵੇਂ ਤਾਂ
ਤੇਰਾ ਇਹ ਸਾਥ ਨਹੀਂ ਦੇਂਦੇ ਹਨ ਪਰ ਜੇ ਤੂੰ ਗੁਰੂ ਦੀ ਮਤ ਅਨੁਸਾਰ -
ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥
ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥
ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥ (647)
‘ਸਭੁ ਰਾਜੁ ਸ੍ਰਿਸਟਿ ਕਾ ਲੇਇ’ ਇੱਥੇ ‘ਸ੍ਰਿਸਟਿ’ ਤੋਂ ਭਾਵ ਹੈ ਮੇਰਾ ਤਨ,
ਮਨ ਅਤੇ ਮੇਰੇ ਖਿਆਲਾਂ ਦੀ ਸ੍ਰਿਸ਼ਟੀ ਦਾ ਰਾਜ਼ ਮੈਨੂੰ ਸਮਝ ਆ ਗਿਆ। ਫਿਰ ਅਸੀਂ ਇਸਨੂੰ ਕਾਬੂ ਕਰ
ਸਕਦੇ ਹਾਂ।
ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥
ਸਾਡੇ ਬਾਹਰਲੇ ਜਿਤਨੇ ਵੀ ਰਿਸ਼ਤੇਦਾਰ ਹਨ ਸਾਨੂੰ ਸਾਡੇ ਔਗੁਣਾਂ ਕਾਰਨ ਹੋਈ
ਆਤਮਕ ਖੁਆਰੀ ਤੋਂ ਬਚਾ ਨਹੀਂ ਸਕਦੇ ਹਨ। ਇਹ ਕੇਵਲ ਬਾਹਰਲੇ ਸੁਖਾਂ ਵਿਚ ਹੀ ਸਾਥ ਦੇਂਦੇ ਹਨ। ਪਰ
ਜਦੋਂ ਮੈਨੂੰ ਕ੍ਰੋਧ ਅਤੇ ਹੰਕਾਰ ਦਾ ਫੰਧਾ ਪੈਂਦਾ ਹੈ ਤਾਂ ਇਹ ਮੇਰਾ ਸਾਥ ਨਹੀਂ ਦੇਂਦੇ ਹਨ, ਨਾ ਹੀ
ਦੇ ਸਕਦੇ ਹਨ। ਜੇ ਮੇਰੀ ਮਾਂ ਮੇਰੇ ਕੋਲ ਹੋਵੇ ਅਤੇ ਮੈਨੂੰ ਅੱਗ ਦਾ ਸੇਕ ਪਹੁੰਚ ਰਿਹਾ ਹੋਵੇ ਤਾਂ
ਉਹ ਚਾਹੇਗੀ ਕਿ ਮੇਰੇ ਪੁੱਤਰ ਨੂੰ ਸੇਕ ਨਾ ਪਹੁੰਚੇ। ਪਰ ਜਿਹੜਾ ਮੇਰੇ ਅੰਦਰ - ਤੀਨੇ ਤਾਪ ਦਾ ਸੇਕ
ਮੈਨੂੰ ਪਹੁੰਚ ਰਿਹਾ ਹੈ, ਜਿਹੜਾ ਮੇਰੇ ਅੰਦਰ ਮੈਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਸਤਾ
ਰਹੇ ਹਨ, ਮੇਰੀ ਸੱਕੀ ਮਾਂ ਮੇਰੇ ਕੋਲ਼ ਖੜੀ ਹੋ ਕੇ ਵੀ ਮੇਰੀ ਸਹਾਇਤਾ ਨਹੀਂ ਕਰ ਸਕਦੀ, ਬਾਹਰਲੇ
ਰਿਸ਼ਤੇਦਾਰ ਵੀ ਸਹਾਇਤਾ ਨਹੀਂ ਕਰ ਸਕਦੇ ਹਨ। ਇਸੇ ਤਰ੍ਹਾਂ ਇਹ ਸਾਡੇ ਅੰਦਰ ਦੇ ਵਿਕਾਰ ਜੋ ਕਿ ਸਾਡੇ
ਰਿਸ਼ਤੇਦਾਰ ਬਣੇ ਹੋਏ ਹਨ, ਇਹ ਜਮ ਫੰਧ ਤੋਂ ਸਾਨੂੰ ਛੁੜਾ ਨਹੀਂ ਸਕਦੇ ਹਨ। ਸੋ ਦੁਖ ਦੀ ਪਰਿਭਾਸ਼ਾ ਬਣ
ਗਈ ਕਿ ਜਦੋਂ ਅਸੀਂ (ਜਿਊਂਦੇ ਜੀ) ਜਮਾਂ ਵਸ ਪੈਂਦੇ ਹਾਂ। ਸਾਨੂੰ ਪਤਾ ਹੀ ਨਹੀਂ ਚਲਦਾ ਕਿ ਜਮ ਫੰਧਾ
ਸਾਡੇ ਲਈ ਦੁਖ ਬਣ ਜਾਂਦਾ ਹੈ। ਇਸ ਦੁਖ ਨੂੰ ਕਟਣ ਲਈ ਗੁਰੂ ਪਾਤਸ਼ਾਹ ਹਉਮੈ ਦਾ ਦੁਖ ਕਟਣਾ ਚਾਹੁੰਦੇ
ਹਨ। ਇਹੀ ਸਭ ਤੋਂ ਵੱਡਾ ਦੁਖ ਹੈ। ਇਸ ਦੇ ਦੂਜੇ ਪਾਸੇ ਹਉਮੈ ਤੋਂ ਖਲਾਸੀ ਪ੍ਰਾਪਤ ਕਰ ਲੈਣੀ ਹੀ ਸਭ
ਤੋਂ ਵਡਾ ਸੁਖ ਹੈ। ਇਸੇ ਲਈ ਕਿਹਾ ਹੈ ‘ਸਭ ਸੁਖ ਦਾਤਾ ਰਾਮੁ ਹੈ’।
ਆਮ ਕਹਾਵਤ ਹੈ ਕਿ "ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ"। ਇਹ ਮਾਇਕੀ
ਪਦਾਰਥ ਹਾਸਲ ਕਰਨ ਲਈ ਕਹਾਵਤ ਬਣਾਈ ਗਈ ਹੈ। ਲੇਕਿਨ ਰੱਬ ਦੇ ਘਰ ਬਿਲਕੁਲ ਦੇਰੀ ਨਹੀਂ ਹੈ।
‘ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ
ਕਿਸੈ ਥਾਇ ॥’ (406)
ਇੱਕਦਮ, ਝੱਟ ਉਸੇ ਵੇਲੇ ਹੀ ਫੈਂਸਲਾ ਹੋ ਜਾਂਦਾ ਹੈ। ਭੈੜਾ ਸੋਚਿਆ ਤਾਂ
ਫੰਧਾ ਪੈ ਗਿਆ। ਜੇ ਮੈਂ ਕਿਸੇ ਮਨੁੱਖ ਦਾ ਭੈੜ ਕਰਨਾ ਚਾਹੁੰਦਾ ਹਾਂ, ਉਸਨੂੰ ਮਾਰਨਾ ਚਾਹੁੰਦਾ ਹਾਂ
ਜਾਂ ਉਸਨੂੰ ਧੋਖਾ ਦੇਣਾ ਚਾਹੁੰਦਾ ਹਾਂ, ਕੁਝ ਵੀ ਮਾੜਾ ਕੰਮ ਜੇਕਰ ਮੈਂ ਕਰਨਾ ਚਾਹੁੰਦਾ ਹਾਂ। ਪਰ
ਜਿਸ ਨਾਲ ਮੈਂ ਇਹ ਮਾੜ ਕਰਨਾ ਚਾਹੁੰਦਾ ਹਾਂ ਉਸਨੂੰ ਪਤਾ ਹੀ ਨਹੀਂ। ਪਰ ਜਿਉਂ ਹੀ ਮੈਂ ਮਾੜਾ ਸੋਚਿਆ
ਤਾਂ ਮੈਨੂੰ ਉਸੇ ਵੇਲੇ ਜਮਾਂ ਦਾ ਫੰਧਾ ਪੈ ਗਿਆ। ਹੁਣ ਦਿਨ ਰਾਤ ਮੈਂ ਆਪਣੇ ਮਾੜੇ ਖਿਆਲਾਂ ਨੂੰ
ਅੰਜਾਮ ਦੇਣ ਲਈ ਯੋਜਨਾ ਬਣਾ ਰਿਹਾ ਹਾਂ। ਜਿਹੜੀ ਮੈਂ ਇਹ ਯੋਜਨਾ ਬਣਾ ਰਿਹਾ ਹਾਂ ਇਹ ਹੀ ਤਾਂ ਮੈਂ
ਫਸ ਗਿਆ। ਇਹ ਜੋ ਮੈਂ ਫਸ ਗਿਆ ਹਾਂ ਇਸ ਬਾਰੇ ਕੋਈ ਨਹੀਂ ਜਾਣਦਾ। ਕੇਵਲ ਅੰਦਰ ਵਾਲਾ ਰੱਬ ਹੀ ਜਾਣਦਾ
ਹੈ। ਇਹ ਫੈਸਲਾਂ ਅੰਦਰ ਉਸੇ ਵੇਲੇ ਹੀ ਹੋ ਜਾਂਦਾ ਹੈ ਕਿ ‘ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ
॥’ (8)
ਜਿਉਂ ਹੀ ਅਸੀਂ ਮਾੜਾ ਸੋਚਿਆ ਅਸੀਂ ਰੱਬ ਤੋਂ ਦੂਰ ਹੋ ਗਏ। ਜਿਉਂ ਹੀ ਸਾਡੇ
ਅੰਦਰ ਵਾਇਰਸ ਆਉਂਦਾ ਹੈ ਸਾਡਾ ਸਰੀਰ ਬਿਮਾਰ ਹੋ ਜਾਦਾਂ ਹੈ। ਇਸੇ ਤਰ੍ਹਾਂ ਭੈੜੇ ਖਿਆਲਾਂ ਦੀ
ਬਿਮਾਰੀ ਸਾਡੇ ਅੰਦਰ ਆ ਜਾਂਦੀ ਹੈ। ਇਸ ਦੀ ਸਜ਼ਾ ਉਸੇ ਵੇਲੇ ਹੀ ਹੈ। ਜਿਸ ਮਨੁੱਖ ਨੂੰ ਇਹ ਸਮਝ ਆ
ਜਾਂਦਾ ਹੈ ਉਹ ਫਿਰ ਕਹਿੰਦਾ ਹੈ ਕਿ ਮੈਂ ਨਿੰਦਾ ਨਹੀਂ ਕਰਨੀ। ਦੂਜੇ ਦਾ ਕੁਝ ਵਿਗਾੜ ਸਕਾਂ ਜਾਂ ਨਾ
ਪਰ ਮੇਰਾ ਵਿਗੜ ਜਾਏਗਾ। ਮੈਂ ਕਿਸੇ ਬਾਰੇ ਬੁਰਾ ਸੋਚਿਆ ਮੇਰੀ ਮਤ ਮੈਲੀ ਹੋ ਜਾਏਗੀ। ਇਸ ਲਈ ਮੈਂ
ਨਹੀਂ ਚਾਹੁੰਦਾ ਕਿ ਮੈਂ ਆਪਣੇ ਦਿਮਾਗ ਨੂੰ ਗੰਦਾ ਕਰਾਂ। ਮੈਂ ਆਪਣੀ ਅਕਲ, ਬੁਧੀ ਨੂੰ ਗੰਦਾ ਨਹੀਂ
ਕਰਨਾ ਚਾਹੁੰਦਾ। ਮੈਨੂੰ ਕੋਈ ਲੋੜ੍ਹ ਨਹੀਂ ਹੈ।
ਤੁਹਾਨੂੰ ਜੇ ਕੋਈ ਕਿਸੇ ਦਾ ਭੈੜ ਜਾਂ ਨਿੰਦਾ ਸੁਣਾਵੇ ਤਾਂ ਉਸਨੂੰ ਕਹੋ ਕਿ
ਮੇਰੇ ਦਿਮਾਗ ਦੇ ਕੰਮਪਿਉਟਰ ਵਿਚ ਥਾਂ ਘਟ ਹੈ ਅਤੇ ਉਸ ਵਿਚ ਗੰਦ ਨਹੀਂ ਪਾਉਣਾ ਚਾਹੁੰਦਾ, ਇਸ ਲਈ
ਮੈਨੂੰ ਨਾ ਸੁਣਾਓ। ਕੋਈ ਸ਼ਬਦ ਵਿਚਾਰ ਸੁਣਾਓ। ਲੋਕੀ ਸਮਾ ਕੱਢ-ਕੱਢਕੇ ਨਿੰਦਾ ਲਈ ਬੈਠਦੇ ਹਨ। ਕਦੀ
ਛੁਟੀ ਹੋਵੇ ਤਾਂ ਕਹਿੰਦੇ ਹਨ ਕਿ ਆਓ ਬੈਠਾਂਗੇ ਨਿੰਦਾ ਕਰਾਂਗੇ, ਸਾਰੇ ਸ਼ਹਿਰ ਦੀਆਂ ਕਿਤਾਬਾਂ
ਖੋਲ੍ਹਾਂਗੇ। ਇਹ ਵਿਹਲੇ ਬੰਦਿਆਂ ਦਾ ਕੰਮ ਹੁੰਦਾ ਹੈ।
ਜਿਸਨੇ ਆਪਣਾ ਕਾਰਜ ਸੰਵਾਰਨਾ ਹੈ ਉਹ ਇਨ੍ਹਾਂ ਚਕਰਾਂ ਵਿਚ ਨਹੀਂ ਪੈਂਦਾ।
ਕਿਉਂਕਿ ਉਸਨੂੰ ਪਤਾ ਹੈ ਕਿ ਇਸ ਨਾਲ ਮੇਰਾ ਮਨ ਅਤੇ ਤਨ ਭੰਗ ਹੋ ਜਾਂਦਾ ਹੈ। ਇਸ ਲਈ ਮੈਂ ਸਤਿਗੁਰ
ਦੀ ਮਤ ਦਾ ਐਂਟੀ ਵਾਇਰਸ ਲਗਾ ਦਿੱਤਾ ਹੈ, ਮੈਂ ਕੁਝ ਵੀ ਅੰਦਰ ਨਹੀਂ ਆਉਣ ਦੇਂਦਾ। ਜੇ ਇਹ ਐਂਟੀ
ਵਾਇਰਸ ਨਾ ਲਗਾਇਆ ਤਾਂ ਜਿਊਣਾਂ ਨਹੀਂ ਆਏਗਾ, ਇਹੀ ਦੁਖ ਹੈ। ਸੋ ਰੱਬ ਦੇ ਘਰ ਦੇਰ ਬਿਲਕੁਲ ਵੀ ਨਹੀਂ
ਹੈ। ਉਸੇ ਵੇਲੇ ਬਿਨਾ ਪੱਖ-ਪਾਤ ਤੋਂ ਨਿਬੇੜਾ ਹੋ ਜਾਂਦਾ ਹੈ। ਜਿਸਨੂੰ ਇਹ ਖੇਡ ਸਮਝ ਆ ਜਾਂਦੀ ਹੈ
ਉਹ ਫਿਰ ਇਹ ਮਾੜਾ ਕੰਮ ਨਹੀਂ ਕਰ ਸਕਦਾ। ਜਿਹੜਾ ਦੇਰੀ ਕਰਨਾ ਚਾਹੁੰਦਾ ਹੈ, ਫਿਰ ਉਹ ਸੋਚਦਾ ਹੈ ਕਿ
ਮਰਨ ਮਗਰੋਂ ਇੰਜ ਕਰ ਲਵਾਂਗਾ। ਜਿਹੜਾ ਅੱਜ ਅੰਦਰ ਦਾ ਬਰਬਾਦ ਹੋ ਰਿਹਾ ਹੈ ਉਸਦੀ ਤਾਂ ਪਰਵਾਹ ਹੀ
ਨਹੀਂ ਹੈ। ਜਦੋਂ ਅਸੀਂ ਜਮਾਂ ਦੇ ਵਸ ਪੈ ਜਾਂਦੇ ਹਾਂ, ਮਾੜੀ ਸੋਚ ਦਾ ਫੁਰਨਾ ਵੀ ਫੁਰਿਆ ਤਾਂ ਉਸਨੂੰ
ਗੁਰਬਾਣੀ ਵਿਚ ਅੰਤਕਾਲ ਕਹਿੰਦੇ ਹਨ। ਜਦੋਂ ਤੈਨੂੰ ਜਮਾਂ ਨੇ ਫੜਿਆ ਅੰਤਕਾਲ ਹੋ ਗਿਆ। ਕਦੀ ਇੰਜ
ਕਰਕੇ ਵੇਖਣਾ ਕਿ ਜਦੋਂ ਘਰ ਵਾਲੇ ਸਾਡੀ ਮਰਜ਼ੀ ਅਨੁਸਾਰ ਨਾ ਚਲਣ, ਕਦੀ ਵਹੁਟੀ ਪਾਣੀ ਨਾ ਪੁੱਛੇ,
ਰੋਟੀ ਨਾ ਪੁੱਛੇ, ਧੀਆਂ-ਪੁੱਤਰ ਸਲਾਮ ਨਾ ਕਰਨ, ਹਾਲ-ਚਾਲ ਨਾ ਪੁੱਛਣ, ਸਾਡੀ ਮਰਜ਼ੀ ਦੇ ਉਲਟ ਹੋਵੇ,
ਅਸੀਂ ਕੋਈ ਹੋਰ ਟੀ.ਵੀ ਪ੍ਰੋਗਰਾਮ ਵੇਖਣਾ ਚਾਹੁੰਦੇ ਹਾਂ ਤਾਂ ਧੀਆਂ-ਪੁੱਤਰ ਆ ਕੇ ਕੋਈ ਹੋਰ ਚੈਨਲ
ਲਗਾ ਲੈਣ, ਭਾਵ ਇਹ ਕਿ ਸਾਡੀ ਮਰਜ਼ੀ ਤੋਂ ਜ਼ਰਾ ਜਿਨ੍ਹਾਂ ਵੀ ਉਲਟ ਹੋ ਜਾਏ ਤਾਂ ਉਸੀ ਵੇਲੇ ਸਾਨੂੰ
ਹੰਕਾਰ ਦਾ, ਕ੍ਰੋਧ ਦਾ ਜਮ ਆ ਕੇ ਫੜ ਲੈਂਦਾ ਹੈ। ਇਹ ਅੰਤਕਾਲ ਵਾਪਰ ਗਿਆ। ਬਸ ਇਸੇ ਦੀ ਸੰਭਾਲ ਕਰਨੀ
ਹੈ। ਕੋਈ ਦੂਰ ਗਲਤ ਕਾਰ ਚਲਾ ਰਿਹਾ ਹੋਵੇ, ਸਾਡੀ ਗੱਡੀ ਤੇ ਕੋਈ ਅਸਰ ਵੀ ਨਹੀਂ ਪਿਆ, ਅਸੀਂ ਆਪਣੀ
ਗੱਡੀ ਦੇ ਵਿਚ ਏ.ਸੀ ਚਲਾਕੇ ਬੈਠੇ ਹਾਂ, ਫਿਰ ਵੀ ਅੱਗ ਵਰਗੇ ਤੱਪਦੇ ਹਾਂ ਤਾਂ ਮਾਨੋ ਅੰਤਕਾਲ ਹੋ
ਗਿਆ। ਕਰਤੂਤ ਕੋਈ ਕਰਦਾ ਹੈ, ਤੂੰ ਆਪਣੇ ਆਪਨੂੰ ਸਾੜ ਲੈਂਦਾ ਹੈਂ। ਜੇ ਤੂੰ ਇਹ ਸੋਚ ਲਵੇਂ ਕਿ ਤੇਰੀ
ਕਰਤੂਤ ਹੈ ਹਰਜ਼ਾਨਾ ਮੈਂ ਨਹੀਂ ਭਰਾਂਗਾ। ਦੂਜਿਆਂ ਦੇ ਕਸੂਰ ਦੀ ਸਜ਼ਾ ਆਪਣੇ ਆਪ ਨੂੰ ਦੇਣੀ ਇਹੀ
ਅੰਤਕਾਲ ਹੈ।
ਹੁਣ ਕਹਿੰਦੇ ਹਨ -