. |
|
ਸ੍ਰੀ ਸੁਲਤਾਨਪੁਰ ਦਾ ‘ਅਟੱਲ ਸੁਲਤਾਨ` ਗੁਰੂ ਬਾਬਾ ਨਾਨਕ
‘ ਸੁਲਤਾਨਪੁਰ ਲੋਧੀ`,
ਨਾਂ ਦਾ ਪ੍ਰਸਿੱਧ ਨਗਰ ਗਿਆਰਵੀਂ ਸਦੀ ਦੇ ਸੁਲਤਾਨ ਮਹਿਮੂਦ ਗਜ਼ਨਵੀ ਦੇ ਫ਼ੌਜਦਾਰ ‘ਸੁਲਤਾਨ ਖ਼ਾਨ` ਨੇ
ਕਪੂਰਥਲਾ ਰਿਆਸਤ ਵਿੱਚ ਆਪਣੇ ਨਾਂ `ਤੇ ਵਸਾਇਆ ਸੀ। ਤਲਵੰਡੀ (ਸ਼ੇਖੂਪੁਰਾ) ਦੇ ਚੌਧਰੀ ਸ੍ਰੀ ਰਾਇ
ਬੁਲਾਰ ਦੇ ਦਮਾਦ ਅਤੇ ਲਹੌਰ ਦੇ ਨਵਾਬ ਦੌਲਤਖਾਂ ਲੋਧੀ ਨੂੰ ਤਾਂ ਇਹ ਨਗਰ ਆਪਣੇ ਪਿਉ ਉਮਰ ਬੇਗ ਦੀ
ਜਗੀਰ ਹੋਣ ਨਾਤੇ ਵਿਰਾਸਤੀ ਤੋਹਫ਼ੇ ਵਜੋਂ ਹੀ ਮਿਲਿਆ ਸੀ। ਦੌਲਤ ਖਾਂ ਦਾ ਸਹੁਰਾ ਸੀ ਰਾਇ ਭੋਇ ਦੀ
ਤਲਵੰਡੀ (ਸੀ ਨਨਕਾਣਾ ਸਾਹਿਬ) ਦਾ ਅਮੀਰ ਚੌਧਰੀ ਰਾਇ ਬੁਲਾਰ, ਜਿਸ ਦੀ ਖੇਤੀ ਬਾੜੀ ਦਾ ਮੁਖੀ
ਅਹੁਦੇਦਾਰ ਸੀ, ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਪੂਜ ਪਿਤਾ ਮਹਿਤਾ ਸ੍ਰੀ ਕਲਿਆਣ ਦਾਸ ਜੀ। ਐਸੀ
ਨਿਕਟਤਾ ਕਾਰਨ ਹਜ਼ੂਰ ਬਾਬਾ ਨਾਨਕ, ਬਚਪਨ ਤੋਂ ਹੀ ਚੌਧਰੀ ਰਾਇ ਬੁਲਾਰ ਦੀ ਨਿਗ੍ਹਾ ਚੜ੍ਹ ਗਏ ਤੇ
ਆਪਣੇ ਖ਼ਦਾਈ ਵਰਤਾਰੇ ਕਾਰਨ ਉਸ ਨੂੰ ਸਦਾ ਹੀ ਖ਼ੁਦਾ ਦਾ ਰੂਪ ਨਜ਼ਰੀ ਪੈਂਦੇ ਰਹੇ। ਸੁਲਤਾਨਪੁਰ ਦਾ
ਜੈਰਾਮ ਖਤ੍ਰੀ, ਜਿਹੜਾ ਹਜ਼ੂਰ ਸਤਿਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਦਾ ਪਤੀ ਸੀ, ਉਹ ਨਵਾਬ
ਦੌਲਤ ਖਾਂ ਦਾ ਇੱਕ ਆਦਰਯੋਗ ਆਮਿਲ ਕਰਮਚਾਰੀ (ਫਾਈਨਸ ਸਕਤਰ) ਸੀ। ਅਜਿਹੇ ਰੁਹਾਨੀ, ਸਮਾਜਿਕ ਤੇ
ਪ੍ਰਸ਼ਾਸ਼ਨਿਕ ਸਬੰਧਾਂ ਅਤੇ ਆਪਣੀ ਉੱਚੀ ਵਿਦਿਅਕ ਯੋਗਤਾ ਦੀ ਬਦੌਲਤ ਹਜ਼ੂਰ ਬਾਬਾ ਨਾਨਕ ਸੰਨ ੧੫੦੧
ਵਿੱਚ ਨਵਾਬ ਦੌਲਤ ਖ਼ਾਂ ਦੇ ਸੁਲਤਾਨਪੁਰੀ ਖ਼ੁਰਾਕ ਮਹਿਕਮੇ ਦੇ ਮੁਖੀ ਵਜੋਂ ਮੋਦੀ ਨਿਯੁਕਤ ਹੋ ਗਏ। ਇਹ
ਮਾਲੀ ਅਹੁਦਾ ਉਸ ਵੇਲੇ ਦੀ ਵਜ਼ੀਰੀ ਦੇ ਬਰਾਬਰ ਸੀ।
ਹਜ਼ੂਰ ਨੇ ਪ੍ਰਵਾਰ ਸਮੇਤ ਭੈਣ ਬੇਬੇ ਨਾਨਕੀ ਜੀ ਦੇ ਘਰ ਰਹਿ ਕੇ ਸੰਨ ੧੫੦੧
ਤਕ ਉਪਰੋਕਤ ਸਰਕਾਰੀ ਜ਼ਿਮੇਵਾਰੀ ਮਾਨਵਤਾ ਦੀ ਸੇਵਾ ਸਮਝ ਕੇ ਨਿਭਾਈ। ਰਸਦਾਂ ਦੀ ਵੰਡ ਤੇ ਤੋਲਾਈ
ਵੇਲੇ ਲੋਕਾਈ ਨੂੰ ਸਦਾ `ਤੇਰਹ` `ਤੇਰਹ` (ਨਾਨਕ ਤੇਰਾ, ਸਭ ਕਿਛ ਤੇਰਾ) ਦੀ ਅਨਾਹਦ ਧੁਨੀ ਹੀ ਸੁਣਾਈ
ਦਿੰਦੀ ਰਹੀ। ਸਿੱਟੇ ਵਜੋਂ ਸੁਲਤਾਨਪੁਰ ਇੱਕ ਰੂਹਾਨੀ ਸੰਗਤ ਦੀ ਸਥਾਪਨਾ ਹੋ ਗਈ ਅਤੇ ਸਥਾਨਕ ਲੋਕਾਂ
ਦੀ ਗ਼ਰੀਬੀ, ਭੁੱਖ-ਨੰਗ ਤੇ ਦੁੱਖ ਦਲਿਦਰ ਉਥੋਂ ਕੂਚ ਕਰ ਗਏ। ਭਾਈ ਸੰਤੋਖ ਦੀ ਦਿਸ਼੍ਰਟੀ ਵਿੱਚ ਲੋਕਾਂ
ਨੂੰ ਇਉਂ ਪ੍ਰਤੀਤ ਹੋਇਆ "ਮਾਨੋ ਪੁੰਨ ਤਨ ਧਾਰ ਨਿਜ, ਕੀਨੀ ਆਨਿ ਦੁਕਾਨ। ਦਾਰਿਦ ਛੁਧਾ ਜੋ ਨਗਨਤਾ,
ਤਜਿ ਗਏ ਪੁਰਿ ਸੁਲਤਾਨ"। {ਸ੍ਰੀ ਗੁਰੂ ਨਾਨਕ ਪ੍ਰਕਾਸ਼} ਇਉਂ ਵੀ ਕਹਿ ਸਕਦੇ ਹਾਂ ਕਿ
"ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ
ਕਰਿ ਕੰਮੁ।। "।। {ਪੰ. ੫੯੫} ਦੇ ਉਪਦੇਸ਼ਕ
ਸਤਿਗੁਰੂ ਨੇ ਉਪਰੋਕਤ ਢੰਗ ਨਾਲ ਇਥੇ ਕਿਰਤ ਤੇ ਕੀਰਤੀ ਦੇ ਸੁਮੇਲ ਕਰ ਵਖਾਇਆ। ਖ਼ਾਨ ਸਾਹਿਬ ਦੀ
ਨੌਕਰੀ ਦੇ ਨਾਲ ਨਾਲ ਸੱਚੇ ਸਾਹਿਬ ਪ੍ਰਭੂ ਜੀ ਦੀ ਉਪਕਾਰੀ ਚਾਕਰੀ ਵੀ ਨਿਭਾਈ। ਮਲਸੀਹਾਂ ਦਾ
ਕਾਲੀ-ਪੂਜਕ ਚੌਧਰੀ ਭਗੀਰਥ ਇਥੇ ਹੀ ਗੁਰੂ-ਬਾਬੇ ਦੀ ਸੰਗਤ ਕਰਕੇ ਅਕਾਲਪੁਰਖ ਦਾ ਪੁਜਾਰੀ ਬਣਿਆ।
ਲਹੌਰ ਦੇ ਵਪਾਰੀ ਮਨਸੁਖ ਨੇ ਇਥੋਂ ਹੀ ਗੁਰੂ ਜੀ ਪਾਸੋਂ ਮਨ ਦਾ ਸੱਚਾ ਸੁਖ ਪ੍ਰਾਪਤ ਕਰਕੇ ਆਪਣੇ ਨਾਮ
ਨੂੰ ਸਫਲਾਇਆ ਤੇ ਵਪਾਰਕ ਖੇਤਰ ਵਿੱਚ ਵਿਚਰਦਿਆ ਉਸ ਨੇ ਲੰਕਾ-ਪਤੀ ਰਾਜਾ ਸ਼ਿਵਨਾਭ ਵਰਗਿਆਂ ਨੂੰ
ਸੁਖਦਾਤੇ ਸਤਿਗੁਰੂ ਦੇ ਲੜ ਲਾਇਆ।
ਇਹੀ ਕਾਰਣ ਹੈ ਕਿ
"ਜਿਥੇ ਜਾਇ ਬਹੈ ਮੇਰਾ ਸਤਿਗੁਰੂ, ਸੋ
ਥਾਨੁ ਸੋਹਾਵਾ ਰਾਮ ਰਾਜੇ।। {ਪੰ. ੫੪੦} ਗੁਰਵਾਕ
ਦੇ ਚਾਨਣ ਵਿਖੇ ਜੇ ਗੁਰਸਿੱਖਾਂ ਦੀ ਦ੍ਰਿਸ਼ਟੀ ਵਿੱਚ ‘ਸ੍ਰੀ ਨਨਕਾਣਾ ਸਾਹਿਬ` (ਰਾਇ ਭੋਇ ਦੀ
ਤਲਵੰਡੀ, ਸ਼ੇਖੂਪੁਰਾ ਪਾਕਿਸਤਾਨ) ਦਾ ਇਸ ਲਈ ਵਿਸ਼ੇਸ਼ ਮਹੱਤਵ ਹੈ ਕਿ ਉਹ ਗੁਰੂ ਬਾਬੇ ਨਾਨਕ ਦਾ ਜਨਮ
ਸਥਾਨ ਹੈ। ਉਥੇ ਉਨ੍ਹਾਂ ਪੂਜ ਬਾਬਾ ਕਲਿਆਣ ਦਾਸ (ਕਾਲੂ) ਜੀ ਦੇ ਗ੍ਰਿਹ ਵਿਖੇ ਧੰਨਤਾਯੋਗ ਮਾਤਾ
ਤ੍ਰਿਪਤਾ ਜੀ ਕੁਖੋਂ ਅਪ੍ਰੈਲ (ਵੈਸਾਖ) ਸੰਨ ੧੪੬੯ ਨੂੰ ਜਨਮ ਲਿਆ ਸੀ। ਤਾਂ, ‘ਸ੍ਰੀ ਸੁਲਤਾਨਪੁਰ
ਸਾਹਿਬ` ਸਤਿਗੁਰੂ ਜੀ ਦਾ ਉਹ ਪ੍ਰਗਟ ਸਥਾਨ ਹੈ, ਜਿਥੋਂ ਉਹ ਜਗਤ ਦਾ ਗ਼ਮਖ਼ਾਰ ਗੁਰਮੁਖ ਹਾਇ! ਹਾਇ!
ਕਰਦੀ ‘ਧਰਤਿ ਲੋਕਾਈ` ਦੇ ਸੁਧਾਰ ਹਿੱਤ ਸੂਰਜ ਵਾਂਗੂ ਪ੍ਰਗਟਿਆ ਤੇ ਸਿੰਘ (ਸ਼ੇਰ) ਵਾਂਗੂ ਬੁੱਕਿਆ
ਸੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹ ਕੇ ਤਾਂ ਇਉਂ ਜਾਪਦਾ ਹੈ ਕਿ ਉਨ੍ਹਾਂ ਦੀ ਦਿਸ਼੍ਰਟੀ ਵਿੱਚ
ਜਨਮ-ਸਥਾਨ ਦੀ ਬਜਾਇ ਪ੍ਰਗਟ-ਸਥਾਨ ਦਾ ਮਹੱਤਵ ਵਧੇਰੇ ਸੀ, ਕਿਉਂਕਿ ਉਨ੍ਹਾ ਨੇ ਗੁਰੂ-ਬਾਬੇ ਦੀ
ਕਾਵਿਕ ਸਾਖੀ ਦਾ ਅਰੰਭ ਸ੍ਰੀ ਸੁਲਤਾਨਪੁਰ ਵਿਖੇ ਗੁਰੂ ਜੀ ਦੇ ਪੈਗੰਬਰੀ ਰੂਪ ਵਿੱਚ ਪ੍ਰਗਟ ਹੋਣ ਅਤੇ
ਧਰਤਿ ਲੋਕਾਈ ਦੇ ਸੁਧਾਰ ਹਿੱਤ ਚਾਲੇ ਪਉਣ ਤੋਂ ਕੀਤਾ ਹੈ, ਨਾ ਕਿ ਰਾਇ ਭੋਇ ਦੀ ਤਲਵੰਡੀ ਦੇ ਜਨਮ
ਸਥਾਨ ਤੋਂ, ਜਿਥੇ ਉਨ੍ਹਾਂ ਜ਼ਿੰਦਗੀ ਦੇ ਮੁੱਢਲੇ ੩੨ ਸਾਲ (ਸੰਨ ੧੪੬੯ ਤੋਂ ੧੫੦੦ ਤਕ} ਗੁਜ਼ਾਰੇ ਸਨ।
ਸ੍ਰੀ ਸੁਲਤਾਨਪੁਰ ਤਾਂ ਉਹ ਮਾਨਵ-ਹਿਤਕਾਰੀ ਬਾਬਾ ਕੇਵਲ ਸਾਡੇ ਚਾਰ ਕੁ ਸਾਲ ਦੇ ਲਗਭਗ ਹੀ ਟਿਕ ਸਕਿਆ
ਸੀ; ਕਿਉਂਕਿ ‘ਜਲ਼ਤੀ ਸਭ ਪ੍ਰਿਥਵੀ` ਉਸ ਦੇ ਧਿਆਨ ਵਿੱਚ ਆ ਗਈ। ਗੁਰਮੁਖ ਗੁਰੂ ਬਾਝੋਂ ਅਗਿਆਨਤਾ
ਦੀਆਂ ਚੋਟਾਂ ਖਾ ਕੇ ਹਾਇ! ਹਾਇ! ਕਰਦੀ ਲੁਕਾਈ ਦੀਆਂ ਦੁੱਖ ਭਰੀਆਂ ਸਿਸਕੀਆਂ ਉਸ ਨੂੰ ਸੁਣਾਈ ਦੇ
ਗਈਆਂ।
ਮਹਾਨਕੋਸ਼ ਮੁਤਾਬਿਕ ‘ਸੁਲਤ਼ਾਨ` ਅਰਬੀ ਭਾਸ਼ਾ ਦਾ ਲਫ਼ਜ਼ ਹੈ ਅਤੇ ਇਸ ਦਾ ਇੱਕ
ਵਿਸ਼ੇਸ਼ ਅਰਥ ਹੈ: ਸਲਤ਼ਨਤ ਦਾ ਮਾਲਕ, ਯਾਨੀ ‘ਬਾਦਸ਼ਾਹ`। ਅਕਾਲ ਰੂਪ ਗੁਰੂ-ਬਾਬੇ ਨੂੰ ਸ੍ਰੀ
ਸੁਲਤਾਨਪੁਰ ਦਾ ‘ਸੁਲਤਾਨ` ਕਹਿਣਾ ਤਾਂ ਇਉਂ ਜਾਪਦਾ ਹੈ, ਜਿਵੇਂ ਕਿਸੇ ਬਾਦਸ਼ਾਹ ਨੂੰ ਮੀਆਂ ਜੀ ਕਹਿ
ਕੇ ਬੁਲਾਇਆ ਜਾਵੇ। ਐਸਾ ਕਥਨ ਕੋਈ ਵਡਿਆਈ ਨਹੀਂ ਹੁੰਦਾ।
"ਤੂ ਸੁਲਤਾਨ, ਕਹਾ ਹਉ ਮੀਆ; ਤੇਰੀ
ਕਵਨ ਵਡਾਈ।। " {ਪੰ. ੭੯੫} ਗੁਰਵਾਕ ਰਾਹੀਂ
ਸਤਿਗੁਰੂ ਜੀ ਨੇ ਆਪ ਹੀ ਉਪਰੋਕਤ ਸਚਾਈ ਬਿਆਨ ਕਰ ਗਏ ਹਨ। ਇਸ ਲਈ
"ਤੁਮ ਨਿਧਾਨ, ਅਟਲ ਸੁਲਿਤਾਨ; ਜੀਅ
ਜੰਤ ਸਭਿ ਜਾਚੈ।। " {ਪੰ. ੬੧੩} ਗੁਰਵਾਕ ਦੇ
ਚਾਨਣੇ ਅਬਿਨਾਸੀ ਰਾਜ ਦੇ ਮਾਲਕ ਅਕਾਲਰੂਪ ਬਾਬੇ ਨੂੰ ਉਪਰੋਕਤ ਸਿਰਲੇਖ ਵਿੱਚ ‘ਅਟੱਲ ਸੁਲਤਾਨ` ਦੇ
ਰੱਬੀ ਵਿਸ਼ੇਸ਼ਣ ਨਾਲ ਸਤਿਕਾਰਿਆ ਗਿਆ ਹੈ, ਕਿਉਂਕਿ ਉੱਸ ਦੀ ਸਲਤਨਤ (ਹਕੂਮਤ) ਸਦੀਵੀ ਤੇ ਹੱਦਬੰਦੀ
ਤੋਂ ਰਹਿਤ ਹੈ। "ਰਾਜਾ ਸਗਲੀ
ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ।। " {ਪੰ. ੭੦੭}
ਗੁਰਵਾਕ
ਮੁਤਾਬਿਕ ਉਹ ਸਾਰੀ ਸ੍ਰਿਸ਼ਟੀ ਦਾ ਸੁਲਤਾਨ ਸੀ। ਉਹ ਕੇਵਲ
ਖ਼ੁਦਾਈ ਪੀਰ (ਗੁਰੂ ਪੈਗੰਬਰ) ਹੀ ਨਹੀਂ, ਰੂਹਾਨੀ ਮੀਰ (ਬਾਦਸ਼ਾਹ) ਵੀ ਸੀ।
"ਰਾਜ ਮਹਿ ਰਾਜੁ, ਜੋਗ ਮਹਿ ਜੋਗੀ।।
ਤਪ ਮਹਿ ਤਪੀਸਰੁ, ਗ੍ਰਿਹਸਤ ਮਹਿ ਭੋਗੀ" {ਪੰ. ੨੮੪}
ਦਾ ਰੱਬੀ ਸੱਚ ਉਨ੍ਹਾਂ ਦੀ ਬੇਬਾਕੀ, ਬੇਮੁਥਾਜੀ ਤੇ
ਬੇਪਰਵਾਹੀ ਤੋਂ ਸੁਭਾਵਿਕ ਹੀ ਪ੍ਰਗਟ ਹੁੰਦਾ ਸੀ। ਭੱਟ-ਜਨਾਂ ਨੇ ਵੀ ਗਵਾਹੀ ਭਰੀ ਹੈ ਕਿ ਨਿਰਭਉ
ਨਿਰਵੈਰ ਪ੍ਰਭੂ ਨੂੰ ਹਿਰਦੇ ਵਿੱਚ ਵਸਉਣ ਦੀ ਬਦੌਲਤ ਗੁਰੂ ਨਾਨਕ ਨੇ ਰਾਜ ਵੀ ਮਾਣਿਆ ਤੇ ਜੋਗ ਵੀ।
ਇੱਕ ਰਸ ਨਾਮ ਜਪ ਕੇ ਉਹ ਆਪ ਵੀ ਤਰਿਆ ਤੇ ਬਾਕੀ ਸ੍ਰਿਸ਼ਟੀ ਨੂੰ ਵੀ ਪਾਰ ਉਤਾਰਿਆ:
ਰਾਜੁ ਜੋਗੁ ਮਾਣਿਓ, ਬਸਿਓ ਨਿਰਵੈਰੁ ਰਿਦੰਤਰਿ।।
ਸ੍ਰਿਸਟਿ ਸਗਲ ਉਧਰੀ ਨਾਮਿ, ਲੇ ਤਰਿਓ ਨਿਰੰਤਰਿ।। {ਪੰਨਾ ੧੩੯੦}
ਗੁਰਇਤਿਹਾਸ ਵੀ ਸਾਖੀ ਹੈ ਕਿ ਸੰਨ ੧੫੨੧ ਵਿੱਚ ਏਮਨਾਬਾਦ (ਗੁਜਰਾਂਵਾਲਾ,
ਪਾਕਿਸਤਾਨ) ਦੀ ਕਤਲਾਮ ਪਿੱਛੋਂ ਖ਼ੂਨ ਕੇ ਸੋਹਿਲੇ ਗਉਂਦਿਆਂ ਗੁਰੂ-ਬਾਬੇ ਨੇ ‘ਸਚ ਕੀ ਬਾਣੀ` ਦੁਆਰਾ
ਜਦੋਂ ਬਾਬਰ ਦੀ ਜਾਬਰ ਸੈਨਾ ਨੂੰ ‘ਪਾਪ ਕੀ ਜੰਝ` ਐਲਾਨ ਕੇ ਵਿਰੋਧ ਪ੍ਰਗਟ ਕੀਤਾ ਤਾਂ ਉਸ ਨੇ ਹਜ਼ੂਰ
ਨੂੰ ਵੀ ਬਾਕੀ ਲੋਕਾਂ ਵਾਂਗ ਬੰਦੀ (ਕੈਦੀ) ਬਣਾ ਲਿਆ। ਪਰ ਇਹ ਕਿਵੇਂ ਮੁਮਕਿਨ ਸੀ ਕਿ ਜਗਤ ਦੀ
ਬੰਦਖ਼ਲਾਸੀ ਕਰਨ ਵਾਲੇ ਬਾਬੇ ਨੂੰ ਬਾਬਰ ਆਪਣਾ ਬੰਦੀ ਬਣਾ ਕੇ ਰੱਖ ਸਕਦਾ? ਕਹਿੰਦੇ ਹਨ ਕਿ ਜਦੋਂ ਉਸ
ਨੇ ਆਪਣੇ ਦਰੋਗੇ ਕਰਮਚਾਰੀਆਂ ਪਾਸੋਂ ਹਜ਼ੂਰ ਦੀ ਬੇਬਾਕੀ ਤੇ ਬੇਪਰਵਾਹੀ ਦੀਆਂ ਖ਼ਬਰਾਂ ਸੁਣੀਆਂ ਤਾਂ
ਉਹ ਬਾਬੇ ਨਾਲ ਮੁਲਾਕਾਤ ਕਰਨ ਲਈ ਤਿਆਰ ਹੋ ਗਿਆ। ਉਸ ਨੇ ਬਾਬੇ ਦੇ ਮੁਰੀਦ ਨਵਾਬ ਦੌਲਤ ਖਾਂ ਨੂੰ
ਪੁੱਛਿਆ ਕਿ ਤੁਹਾਡੇ ਖ਼ੁਦਾਈ ਫ਼ਕੀਰ ਨਾਨਕ ਨੂੰ ਮਿਲਣ ਵੇਲੇ ਭੇਟਾ ਕੀ ਕਰਾਂ? ਬਾਬੇ ਦੀ ਬੇਪਰਵਾਹੀ ਦੇ
ਜਾਣੂ ਖ਼ਾਨ ਨੇ ਵੀ ਅੱਗੋਂ ਬੇਬਾਕੀ ਸਹਿਤ ਉੱਤਰ ਦਿੱਤਾ "ਬਾਦਸ਼ਾਹ ਸਲਾਮਤ! ਤੇਰੇ ਪਾਸ ਉਹਨੂੰ ਦੇਣ ਲਈ
ਹੈ ਵੀ ਕੀ? ਜਿਹੜਾ ਉਹਦੇ ਕੋਲ ਨਹੀਂ। ਜਦੋਂ ਤੁਸੀਂ ਨੇੜੇ ਜਾਓਗੇ ਤੇ ਦੀਦਾਰ ਪਾਓਗੇ ਤਾਂ ਆਪ ਹੀ
ਜਾਣ ਲਓਗੇ ਕਿ ਉਨ੍ਹਾਂ ਪਾਸ ‘ਮੀਰੀ` ਵੀ ਹੈ ਤੇ ‘ਪੀਰੀ` ਵੀ:
ਮੀਰੀ ਪੀਰੀ ਇਨ ਦੋਨੋ ਪਾਹਿ। ਦੇਖੋਗੇ ਤੁਮ ਨੇੜੇ ਜਾਹਿ। {ਪ੍ਰਾਚੀਨ ਪੰਥ
ਪ੍ਰਕਾਸ਼}
ਬੇਬਾਕੀ ਤੇ ਬੇਪ੍ਰਵਾਹੀ ਦੀ ਹੱਦ ਇਹ ਸੀ ਕਿ ਵੇਈਂ ਨਦੀ ਦੇ ਪ੍ਰਵੇਸ਼ ਮੌਕੇ
ਰੱਬੀ ਹੁਕਮ ਅਧੀਨ ਸੰਸਾਰ ਦੇ ਉਧਾਰ ਦਾ ਸਾਰਾ ਖ਼ਾਕਾ ਤਿਆਰ ਕਰਨ ਉਪਰੰਤ ਚੌਥੇ ਦਿਨ ਜਦੋਂ ਭਾਈ
ਮਰਦਾਨਾ ਜੀ ਦੇ ਨਾਲ ਨਗਰੀ ਵਿੱਚ ਆਏ ਤਾਂ ਖਫ਼ਨੀ ਪਾ ਕੇ ਪਹਿਲਾ ਇਨਕਲਾਬੀ ਐਲਾਨ ਕੀਤਾ "ਨ ਕੋ
ਹਿੰਦੂ ਨਾ ਮੁਸਲਮਾਨ"। ਉਸ ਮੌਕੇ ਦੇ ਇਸਲਾਮੀ ਰਾਜ ਵਿੱਚ ਅਜਿਹੀ ਕੌੜਾ ਸੱਚ ਬੋਲਣਾ ਤਾਂ ਸਿਰ
ਨੂੰ ਤਲੀ `ਤੇ ਧਰ ਕੇ ਤੁਰਨ ਵਾਲੀ ਗੱਲ ਸੀ, ਕਿਉਂਕਿ ਸਕੰਦਰ ਲੋਧੀ ਦੀ ਹਕੂਮਤ ਵੇਲੇ ਲਖਨਊ ਨੇੜੇ ਦੇ
ਇੱਕ ‘ਬੋਧਣ` ਨਾਂ ਦੇ ਬ੍ਰਾਹਮਣ ਨੇ ਕੇਵਲ ਇਤਨਾ ਹੀ ਆਖਿਆ ਸੀ ਕਿ ‘ਇਸਲਾਮ ਵੀ ਚੰਗਾ ਹੈ ਤੇ ਹਿੰਦੂ
ਧਰਮ ਵੀ ਮਾੜਾ ਨਹੀਂ "। ਇਤਿਹਾਸਕਾਰ ‘ਫ਼ਰਿਸ਼ਤੇ` ਮੁਤਾਬਿਕ ਉਪਰੋਕਤ ਬ੍ਰਾਹਮਣ ਨੂੰ ਸਿਰ ਵੱਢਣ ਦੀ
ਸਜ਼ਾ ਸੁਣਾਈ ਗਈ ਸੀ। ਬਾਬੇ ਦੀ ਬੇਬਾਕੀ ਤੇ ਬੇਪ੍ਰਵਾਹੀ ਦੀ ਗੱਲ ਇਥੇ ਹੀ ਨਹੀਂ ਮੁੱਕ ਜਾਂਦੀ। ਜੇ
ਨਵਾਬ ਨੇ ਬਾਬੇ ਨੂੰ ਉਪਰੋਕਤ ਮਸਤਾਨੀ ਹਾਲਤ ਵਿੱਚ ਆਪਣੇ ਪਾਸ ਬਲਾਉਣ ਲਈ ਪਿਆਦੇ ਭੇਜੇ ਤਾਂ
‘ਪੁਰਾਤਨ ਜਨਕ ਸਾਖੀ` ਮੁਤਾਬਿਕ ਖ਼ਾਨ ਦਾ ਸੰਦੇਸ਼ਾ ਦੇਣ ਵਾਲੇ ਨੂੰ ‘ਤਬ ਨਾਨਕ ਕਹਿਆ "ਮੈ ਤੇਰੇ ਖਾਨ
ਕੀ ਕਿਆ ਪ੍ਰਵਾਹਿ ਪੜੀ ਹੈ"।। " {ਪੁਰਾਤਨ ਜਨਮ ਸਾਖੀ} ਪਰ ਜਦੋਂ ਨਵਾਬ ਦਾ ਦੁਬਾਰਾ ਸੁਨੇਹਾ ਮਿਲਿਆ
"ਅਜ ਬਰਾ ਖੁਦਾਇ ਦੀਦਾਰੁ ਦੇਹਿ।। ਮੇਰਾ ਜੀਉ ਤੇਰੇ ਦੀਦਾਰ ਕਉ ਬਹੁਤੁ ਲੋਚਦਾ ਹੈ"।। …ਤਬ ਨਾਨਕ
ਉਠਿ ਚਲਿਆ।। ਆਖਿਓਸੁ "ਮੇਰੇ ਸਾਹਿਬ ਕਾ ਸਦਾ ਆਇਆ ਹੈ ਮੈ ਜਾਵਾਗਾ।। " (ਬਾਬੇ ਦੇ ਮਿਲਣ ਉਪਰੰਤ)
ਖਾਨਿ ਕਹਿਆ ਨਾਨਕ ਮੇਰੀ ਕਮਬਖਤੀ ਹੈ ਜੋ ਤੋਹਿ ਜੇਹਾ ਵਜੀਰੁ ਫਕੀਰੁ ਹੋਵੈ। …ਤਬ ਕਾਜੀ ਕਹਿਆ ਨਾਨਕ
ਜੀ! ਤੂ ਜੋ ਕਹਿਦਾ ਹੈ ਜੋ ਕੋਈ ਨ ਹਿਂਦੂ ਹੈ ਨ ਕੋਈ ਮੁਸਲਮਾਨੁ ਹੈ।। ਸੋ ਤਉ ਕਿਆ ਪਾਇਆ ਹੈ।। ਤਾ
ਬਾਬੇ ਨਾਨਕ ਹਿਕ ਸਲੋਕੁ ਕਹਿਆ।। ਮੁਸਲਮਾਣੁ ਕਹਾਵਣੁ ਮੁਸਕਲੁ, ਜਾ ਹੋਇ ਤਾ ਮੁਸਲਮਾਣੁ ਕਹਾਵੈ।। …
(ਮਸਜਿਦ ਵਿੱਚ ਨਿਮਾਜ ਅਦਾ ਕਰਨ ਮੌਕੇ ਬਾਬੇ ਦੇ ਹੱਸਣ `ਤੇ ਕਾਜੀ ਨੇ ਇਤਰਾਜ਼ ਜਤਾਇਆ ਤਾਂ) ਖਾਨਿ
ਕਹਿਆ ਨਾਨਕ ਜੀ ਕਾਜੀ ਕਿਆ ਕਹਿਂਦਾ ਹੈ।। ਤਬ ਬਾਬੇ ਕਹਿਆ ਖਾਨ ਜੀ ਕਾਜੀ ਕੀ ਕਿਆ ਪਰਵਾਹ ਪਈ ਹੈ।।
ਤਬ ਕਾਜੀ ਕੀ ਨਿਵਾਜਿ ਕਬੂਲੁ ਨਾਹੀ ਪਈ।। ਮੈ ਇਸ ਵਾਸਤੇ ਹਸਦਾ ਥਾ।। {ਸਾਖੀ ਮਹਲੁ ਪਹਿਲੇ ਕੀ -ਪੰ.
੧੮੯-੯੦}
ਤਵਾਰੀਖ਼ ਕਹਿੰਦੀ ਹੈ ਕਿ ਸੁਲਤਾਨਪੁਰ ਦਾ ਵਿਰਾਸਤੀ ਮਾਲਕ ਦੌਲਤ ਖ਼ਾਂ ਨੇ
ਹਜ਼ੂਰ ਦਾ ਮੁਰੀਦ ਬਣ ਕੇ ਉਨ੍ਹਾਂ ਨੂੰ ਆਪਣਾ ਸਾਹਿਬ (ਮਾਲਕ) ਪ੍ਰਵਾਨ ਕਰ ਲਿਆ ਸੀ। ਭਾਈ ਗੁਰਦਾਸ ਜੀ
ਮੁਤਾਬਿਕ ‘ਦੌਲਤ ਖ਼ਾਂ` ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅਜਿਹਾ ਸ੍ਰੇਸ਼ਟ (ਭਲਾ) ਸਿੱਖ ਸੀ, ਜਿਹੜਾ
ਗੁਰੂ ਜੀ ਦੀ ਸੰਗਤ ਸਦਕਾ ਖ਼੍ਵਾਜਾਖਿਜ਼ਰ (ਜਿੰਦਪੀਰੁ) ਦੀ ਇਸਲਾਮਿਕ ਉਪਾਸ਼ਨਾ ਛੱਡ ਕੇ ਗੁਰਮਤਿ
ਮੁਤਾਬਿਕ ਅਬਿਨਾਸ਼ੀ ਪ੍ਰਭੂ ਜੀ ਦਾ ਉਪਾਸ਼ਕ ਹੋ ਗਿਆ ਸੀ। "ਦੌਲਤ ਖਾਂ ਲੋਧੀ ਭਲਾ, ਹੋਆ ਜਿੰਦਪੀਰੁ
ਅਬਿਨਾਸੀ।। " {ਵਾਰ ੧੧ /੧੩} ‘ਸ੍ਰੀ ਗੁਰੂ ਨਾਨਕ ਪ੍ਰਕਾਸ਼` ਮੁਤਾਬਿਕ ਦੁਨਿਆਵੀ ਦੌਲਤ ਦੇ
ਰਾਈਸ (ਖ਼ਾਨ) ਨਵਾਬ ਨੂੰ ਸਿੱਖੀ ਦੀ ਸੱਚੀ ਦੌਲਤ ਉਦੋਂ ਬਖ਼ਸ਼ਸ ਹੋਈ, ਜਦੋਂ ਉਪਰੋਕਤ ਕਿਸਮ ਦੇ
ਇਨਕਲਾਬੀ ਬਚਨ ਸੁਣਨ ਤੇ ਵਿਸਮਾਦ-ਜਨਕ ਘਟਨਾਵਾਂ ਵੇਖਣ ਉਪਰੰਤ ਉਸ ਨੇ ਗੁਰੂ-ਬਾਬੇ ਦੇ ਸਨਮੁਖ ਹੱਥ
ਜੋੜਦਿਆਂ ਘਗਿਆਕੇ ਇਉਂ ਬੇਨਤੀ ਕੀਤੀ:
ਤੁਮ ਖ਼ੁਦਾ ਕਾ ਰੂਪ ਹੋ, ਅੰਤਰਜਾਮੀ ਸਰਬ।। ਮੈਂ ਅਤਿ ਮੂਢ ਨਾ ਲਖ ਸਕਿਓ,
ਨਿਜ ਐਸ਼ਵਰਯ ਗਰਬ।।
ਗੋਲਾ ਅਪਣਾ ਜਾਣ ਕੇ, ਛੂਛ (ਖਾਲੀ) ਨਾ ਛੋਰਉ ਆਪਿ।। ਬੇਬਸ ਮਨ ਕੋ ਬਸ ਕਰੋ,
ਹਰੀਐ ਤੀਨੋ ਤਾਪ।।
ਮਹਿਮਾ ਪ੍ਰਕਾਸ਼ ਲਿਖਦਾ ਹੈ: ਸ਼ਬਦ ਸੁਨਾ ਜਬ ਖ਼ਾਨ, ਸੋਇਆ ਮਨ ਜਾਗਾ ਤਬੀ। ਹੋਇ
ਰਹਾ ਹੈਰਾਨ, ਭਈ ਮੁਹੱਬਤ ਰੱਬ ਕੀ।
ਇਹੀ ਕੁੱਝ ਮੁੱਖ ਕਾਰਣ ਹਨ, ਉਪਰੋਕਤ ਸਿਰਲੇਖ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ
ਨੂੰ ‘ਸੁਲਤਾਨਪੁਰ ਦਾ ਅਟੱਲ ਸੁਲਤਾਨ` ਕਹਿਣ ਤੇ ਲਿਖਣ ਦੇ। ਹੁਣ ਜਦੋਂ ਸਿੱਖਾਂ ਦੀ ਸਿਰਮੌਰ ਸੰਸਥਾ
ਸ਼੍ਰੋ. ਗੁ. ਪ੍ਰ. ਕਮੇਟੀ ਸ੍ਰੀ ਅੰਮ੍ਰਿਤਸਰ ਉਨ੍ਹਾਂ ਦੇ ੫੫੦ ਸਾਲਾ ਆਗਮਨ ਪੁਰਬ ਦੇ ਸਮਾਗਮਾਂ ਦਾ
ਆਰੰਭ ਸ੍ਰੀ ਸੁਲਤਾਨਪੁਰ ਤੋਂ ਕਰ ਰਹੀ ਹੈ, ਤਾਂ ਹਰੇਕ ਗੁਰਸਿੱਖ ਲਈ ਲੋੜੀਂਦਾ ਹੈ ਕਿ ਜੇ
‘ਗੁਰਦੁਆਰਾ ਹੱਟ ਸਾਹਿਬ` ਜਾਵੇ, ਤਾਂ ਉਸ ਦੇ ਹਿਰਦੇ ਵਿੱਚ ਖ਼ਿਆਲ ਉਪਜੇ ‘ਸਾਧਸੰਗਤਿ ਗੁਰ ਹਟ ਹੈ. .
`। ‘ਗੁ. ਸੰਤ ਘਾਟ` ਪਹੁੰਚੇ ਤਾਂ ਨਿਸਚਾ ਬਣੇ ਕਿ ਗੁਰਮੁਖ ਸੰਤ-ਜਨਾਂ ਨਾਲ ਮਿਲ ਕੇ ਜੇ ਗੁਰੂ ਦੀ
ਹੱਟ ਤੋਂ ਨਾਮ ਰੂਪ ਸੌਦਾ ਵਿਹਾਝ ਲਵਾਂ, ਤਾਂ ਫਿਰ ਮੈਂ ‘. . ਜਾਉਂ ਨਾ ਜਮ ਕੈ ਘਾਟਿ`। {ਪੰ.
੧੨੯੬} ‘ਗੁ. ਕੋਠੜੀ ਸਾਹਿਬ` ਜਾਵੇ ਤਾਂ ਆਤਮਿਕ ਪ੍ਰੇਰਨਾ ਉੱਠੇ ‘. . ਪਰਮ ਕੋਠੀ ਬੀਚਾਰਿ। {ਪੰ.
੯੭੦} ਗੁ. ਬਾਗ ਸਾਹਿਬ ਦੇ ਦਰਸ਼ਨ ਹੋਣ ਤਾਂ ਇਉਂ ਮਹਿਸੂਸ ਹੋਵੇ ਕਿ ‘. . ਮਨੁ ਖਿੜਿਆ ਹਰਿਆ ਬਾਗੁ।।
{ਪੰ. ੮੪੯} ਆਉ! ਸਰਬੱਤ ਦੇ ਭਲੇ ਲਈ ਬਾਬੇ ਵਾਂਗ ਉਦਮ ਕਰੀਏ ਕਿ ਅਜਿਹੀ ਖੇੜੇ ਵਾਲੀ ਅਵਸਥਾ ਸਾਰੀ
ਮਨੁੱਖਤਾ ਨੂੰ ਪ੍ਰਾਪਤ ਹੋ ਸਕੇ। ਨਗਰ ਕੀਰਤਨਾਂ ਤੇ ਜਲੂਸਾਂ ਆਦਿਕ `ਤੇ ਜ਼ੋਰ ਦੇਣ ਦੀ ਬਜਾਇ ਬਾਬੇ
ਦੇ ਸਰਬਸਾਂਝੇ ਉਪਦੇਸ਼ ਨੂੰ ਸਾਰੀਆਂ ਭਾਸ਼ਾਵਾਂ ਵਿੱਚ ਪ੍ਰਕਾਸ਼ਤ ਕਰਕੇ ਵੰਡੀਏ। ਅਜੋਕੇ ਇਲਕਟ੍ਰੌਨਿਕ
ਸਾਧਨਾ ਦੀ ਵਰਤੋਂ ਕਰਦਿਆਂ ‘ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ, ਮੈਲਬੌਰਨ` ਵਾਂਗ ‘ਗੁਰਬਾਣੀ
ਦਰਪਣ` ਵਰਗੀਆਂ ਫੋਨ ਐਪਸ ਬਣਾ ਕੇ ਬਾਬੇ ਦੀ ਬਾਣੀ ਨੂੰ ਘਰ ਘਰ ਪਹੁੰਚਾਈਏ ਤੇ ਅਕਾਲਪੁਰਖ
ਸਾਹਿਬ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ।
ਗੁਰੂ ਤੇ ਪੰਥ ਦਾ ਚਾਕਰ: ਜਗਤਾਰ ਸਿੰਘ ਜਾਚਕ,
ਨਿਊਯਾਰਕ, ਅਕਤੂਬਰ ੨੦੧੮, ਨਿਊਯਾਰਕ
|
. |